ਸਤਿਗੁਰੂ ਨਾਨਕ ਦੀ ਸਿੱਖੀ ਨੂੰ ਸਮਰਪਿਤ ਸਿੱਖ ਹੀ ਤਨ ਆਰੇ ਨਾਲ ਚਿਰਵਾ ਕੇ ਤੇ ਉਬਲਦੀ ਦੇਗ਼ ਵਿੱਚ ਬੈਠ ਕੇ ਸ਼ਹੀਦੀ ਪ੍ਰਾਪਤ ਕਰ ਸਕਦਾ ਹੈ
ਭਾਈ ਮਤੀ ਦਾਸ, ਭਾਈ ਸਤੀ ਦਾਸ, ਭਾਈ ਦਿਆਲਾ ਹਿੰਦੂ ਨਹੀਂ ਸਿੱਖ ਸਨ
ਦਾਸ ਨੇ ਹੱਥਲੇ ਲੇਖ ਨੂੰ ਤਿੰਨਾਂ ਹਿੱਸਿਆਂ ਵਿੱਚ ਵੰਡਿਆ ਹੈ :
(1) ਭਾਈ ਸਤੀ ਦਾਸ, ਭਾਈ ਮਤੀ ਦਾਸ ਤੇ ਭਾਈ ਦਿਆਲਾ ਜੀ ਨੂੰ ਹਿੰਦੂਆਂ ਵਜੋਂ ਪ੍ਰਚਾਰਨ ਦੀ ਯੋਜਨਾ, ਪ੍ਰਕਾਸ਼ ਸਿੰਘ ਬਾਦਲ ਤੇ ਆਰ।ਐੱਸ।ਐੱਸ। ਨੇ ਬ੍ਰਾਹਮਣ ਸਭਾ ਪੰਜਾਬ ਨਾਲ ਮਿਲ ਕੇ ਕਿਵੇਂ ਬਣਾਈ ?
(2) ਨਾਨਕ ਨਾਮ ਲੇਵਾ ਸਿੱਖਾਂ ਦੇ ਨਾਵਾਂ ਦੀ ਬਦਲੀ 1699 ਦੀ ਵੈਸਾਖੀ ਨੂੰ ਅਨੰਦਪੁਰ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਹੋਈ । ਜਦੋਂ ਦਸਮੇਸ਼ ਪਿਤਾ ਨੇ ਚਰਨ ਪਹੁਲ ਨੂੰ ਖੰਡੇ ਦੀ ਪਾਹੁਲ ਵਿੱਚ ਬਦਲ ਕੇ ਆਪਣੀ ਨਾਦੀ ਸੰਤਾਨ ਨੂੰ ਸਿੰਘ ਅਤੇ ਕੌਰ ਦਾ ਕੌਮੀ ਨਾਂਅ ਬਖ਼ਸ਼ਿਸ ਕੀਤਾ । ਗੁਰੂ ਨਾਨਕ ਦੀ ਚਰਨ ਪਾਹੁਲ ਲੈਣ ਤੋਂ ਬਾਅਦ ਹਰ ਕੋਈ ਨਾਨਕ ਨਾਮ ਲੇਵਾ ਸਿੱਖ ਸੀ ਪਰ ਉਸ ਦਾ ਨਾਂ ਨਹੀਂ ਸੀ ਬਦਲਿਆ ਜਾਂਦਾ । ਗੁਰੂ ਨਾਨਕ ਦੀ ਸੰਗਤ ਲਈ ਦਰਵਾਜੇ ਸਾਰਿਆਂ ਲਈ ਖੁੱਲੇ੍ਹ ਸਨ, ਪਰ ਇਹ ਚੌਖਟ ਨਹੀਂ ਸਨ, ਭਾਵ ਜਿਥੇ ਰੰਗ, ਨਸਲ, ਜਾਤ ਅਤੇ ਧਰਮ ਦਾ ਕੋਈ ਭੇਦਭਾਵ ਨਹੀਂ ਸੀ, ਉਥੇ ਸਿੱਖੀ ਦੀ ਵਿਚਾਰਧਾਰਾ, ਸੰਕਲਪ, ਸਰੂਪ ਤੇ ਸਿਧਾਂਤ ਵਿੱਚ ਕਿਸੇ ਨੂੰ ਕੋਈ ਛੋਟ ਨਹੀਂ ਸੀ ।
(3) ਭਾਈ ਮਤੀ ਦਾਸ, ਭਾਈ ਸਤੀ ਦਾਸ ਅਤੇ ਭਾਈ ਦਿਆਲਾ ਜੀ ਦਾ ਪਰਿਵਾਰਕ ਸਿੱਖੀ ਪਿਛੋਕੜ ਤੇ ਸ਼ਹਾਦਤ । 
1999 ਵਿੱਚ ਸਿੱਖ ਕੌਮ ਨੇ ਆਪਣਾ 300 ਸਾਲਾ ਦਿਹਾੜਾ ਮਨਾਉਣ ਦਾ ਟੀਚਾ ਮਿੱਥਿਆ । ਉਸ ਵੇਲੇ ਕੇਂਦਰ ਵਿੱਚ ਸਰਕਾਰ ਭਾਜਪਾ ਤੇ ਪੰਜਾਬ ਵਿੱਚ ਉਨ੍ਹਾਂ ਦੇ ਭਵੀਸ਼ਣ ਬਾਦਲ ਦੀ ਸੀ । ਸੈਂਟਰ ਸਰਕਾਰ ਨੇ 300 ਸਾਲਾ ਜਸ਼ਨਾਂ ਨੂੰ ਮਨਾਉਣ ਲਈ 100 ਕਰੋੜ ਰੁਪਏ ਦਿੱਤੇ । ਇਸ ਵਿੱਚੋਂ 50 ਕਰੋੜ ਰੁਪਏ ਆਰ।ਐੱਸ।ਐੱਸ। ਨੂੰ ਪਿੰਡਾਂ ਵਿੱਚ ਪ੍ਰਚਾਰ ਕਰਨ ਲਈ ਦਿੱਤੇ । ਸੈਂਟਰ ਤੋਂ ਭਾਜਪਾ ਨੇ ਪ੍ਰਕਾਸ਼ ਸਿੰਘ ਬਾਦਲ ਨੂੰ ਹਦਾਇਤ ਕਰ ਦਿੱਤੀ ਕਿ ਜੇ ਪੰਜ ਸਾਲ ਰਾਜ ਕਰਨਾ ਤਾਂ ਆਰ।ਐੱਸ।ਐੱਸ। ਨੂੰ ਪਿੰਡਾਂ ਵਿੱਚ ਪ੍ਰਚਾਰ ਕਰਨ ਤੋਂ ਰੋਕਣ ਦੀ ਹੀਆ ਨਾ ਕਰਨਾ । ਆਰ।ਐੱਸ।ਐੱਸ। ਨੇ ਪੰਜਾਹ ਕਰੋੜ ਰੁਪਏ ਤੇ ਮੁਰਲੀ ਮਨੋਹਰ ਜੋਸ਼ੀ ਦੀ ਐੱਚ।ਆਰ।ਡੀ। ਤੋਂ ਕਰੋੜਾਂ ਰੁਪਏ ਲੈ ਕੇ ਦੋ ਹਜ਼ਾਰ ਨਕਲੀ ਸਿੱਖ ਜਾ ਕੇ ਪਿੰਡਾਂ ਵਿੱਚ ਪ੍ਰਚਾਰ ਕਰਨ ਲੱਗੇ । ਇਹ ਨਕਲੀ ਸਿੱਖਾਂ ਦਾ ਪਿੰਡਾਂ ਵਿੱਚ ਜਾ ਕੇ ਜਿਥੇ ਇਹ ਪ੍ਰਚਾਰ ਕਰਨਾ ਸੀ ਕਿ ਸਿੱਖ ਹਿੰਦੂ ਹਨ, ਸੰਗਯ ਹੀ ਖ਼ਾਲਸਾ ਹੈ, ਖ਼ਾਲਸਾ ਹਿੰਦੂਆਂ ਦੀ ਰੱਖਿਆ ਲਈ ਸਾਜਿਆ ਗਿਆ, ਉਥੇ ਇਹ ਵੀ ਉਨ੍ਹਾਂ ਦੇ ਪ੍ਰਚਾਰ ਦਾ ਹਿੱਸਾ ਸੀ ਕਿ : ਛੋਟੇ ਸਾਹਿਬਜ਼ਾਦਿਆਂ ਨੂੰ ਸੂਬੇ ਸਰਹੰਦ ਵਜ਼ੀਦ ਖਾਂ ਦੇ ਹਵਾਲੇ ਕਰਕੇ ਸ਼ਹੀਦ ਕਰਵਾਉਣ ਵਾਲੇ ਗੰਗੂ ਬ੍ਰਾਹਮਣ ਦਾ ਨਾਂਅ ਬਦਲ ਕੇ ਗੰਗ-ਉਲ-ਹੱਕ ਦੇ ਨਾਂਅ ਵਜੋਂ ਪ੍ਰਚਾਰਿਆ ਜਾਵੇ । ਇਸੇ ਤਰ੍ਹਾਂ ਗੁਰੂ ਤੇਗ਼ ਬਹਾਦਰ ਸਾਹਿਬ ਨਾਲ ਸ਼ਹੀਦ ਹੋਣ ਵਾਲੇ ਭਾਈ ਮਤੀ ਦਾਸ, ਭਾਈ ਸਤੀ ਦਾਸ ਤੇ ਭਾਈ ਦਿਆਲਾ ਨੂੰ ਸ਼ਰਮਾ ਲਿਖ ਕੇ ਹਿੰਦੂ ਸਾਬਤ ਕੀਤਾ ਜਾਵੇ । (ਨੋਟ-ਨਵੰਬਰ 2006, ਸੈਲਾਬ ਮੈਗਜ਼ੀਨ ਦੇ ਪੰਨਾ 33 ਉੱਤੇ ਖਾਲਸਾ ਪੰਚਾਇਤ ਵੱਲੋਂ ਇਕ ਲੰਬਾ ਚੌੜਾ ਲੇਖ ਛਪਿਆ ਸੀ ਦਾਸ ਨੇ ਆਪਣੇ ਲੇਖ ਨਾਲ ਸੰਬੰਧਿਤ ਉਕਤ ਕੁਝ ਟੂਕਾਂ ਉਸ ਲੇਖ ਵਿੱਚੋਂ ਲਈਆਂ ਹਨ) ਇਸੇ ਹੀ ਵਿਸ਼ੇ ਨਾਲ ਸੰਬੰਧਿਤ 27-6-2013 ਪੰਜਾਬ ਟਾਈਮਜ਼ ਦੇ ਪੰਨਾ 73 ਉੱਤੇ ਡਾ: ਅਮਰਜੀਤ ਸਿੰਘ, ਵਾਸ਼ਿੰਗਟਨ ਦਾ ਇਕ ਲੇਖ ਇਸ ਸਿਰਲੇਖ ਹੇਠ ਛਪਿਆ ਸੀ : ਬਾਦਲ ਵੱਲੋਂ ਸਿੱਖ ਕੌਮ ਅਤੇ ਸਿੱਖ ਇਤਿਹਾਸ ਦਾ ਕੀਤਾ ਜਾ ਰਿਹੈ ਸਤਿਆਨਾਸ਼, ਮਹਾਨ ਸਿੱਖ ਸ਼ਹੀਦਾਂ ਭਾਈ ਮਤੀ ਦਾਸ, ਭਾਈ ਸਤੀ ਦਾਸ ਅਤੇ ਭਾਈ ਦਿਆਲਾ ਨੂੰ ਪੰਜਾਬ ਬ੍ਰਾਹਮਣ ਸਭਾ ਦੀ ਝੋਲੀ ਪਾਇਆ ।
ਲੇਖਕ ਨੇ ਇਸ ਲੇਖ ਵਿੱਚ ਜਾਗਰਣ ਅਖ਼ਬਾਰ ਵਿੱਚ ਛੱਪੀ ਇਕ ਖ਼ਬਰ ਅਤੇ ਜੰਮੂ-ਕਸ਼ਮੀਰ ਦੇ ਸਿੱਖਾਂ ਵੱਲੋਂ ਪ੍ਰਕਾਸ਼ ਸਿੰਘ ਬਾਦਲ ਦੇ ਇਸ ਬਿਆਨ ਦਾ ਵਿਰੋਧ ਕੀਤਾ ਗਿਆ ਜਿਸ ਵਿੱਚ ਬਾਦਲ ਨੇ ਕਿਹਾ ਕਿ ਭਾਈ ਮਤੀ ਦਾਸ, ਭਾਈ ਸਤੀ ਦਾਸ ਤੇ ਭਾਈ ਦਿਆਲਾ ਨੂੰ ਹਿੰਦੂ ਸਿੱਧ ਕਰਨ ਲਈ ਬ੍ਰਾਹਮਣ ਸਭਾ ਪੰਜਾਬ ਵੱਲੋਂ ਬਣਾਈ ਜਾ ਰਹੀ ਯਾਦਗਾਰ ਲਈ ਬਾਦਲ ਸਰਕਾਰ ਵੱਲੋਂ 50 ਲੱਖ ਰੁਪਏ ਦਿੱਤੇ ਜਾਣਗੇ ਦਾ ਹਵਾਲਾ ਦਿੱਤਾ ਹੈ । ਬਾਦਲ ਵੱਲੋਂ ਸਿੱਖ ਕੌਮ ਅਤੇ ਸਿੱਖ ਇਤਿਹਾਸ ਦਾ ਕੀਤਾ ਜਾ ਰਿਹੈ ਸਤਿਆਨਾਸ਼ ਲੇਖ ਦਾ ਸਾਰ ਅੰਸ਼ ਹੈ : ਪੰਜਾਬ ਦੇ ਮੁੱਖ ਮੰਤਰੀ (2013 ਵਿੱਚ) ਪ੍ਰਕਾਸ਼ ਸਿੰਘ ਬਾਦਲ ਨੇ ਕਿਸੇ ਹਿੰਦੂ ਮੰਦਿਰ ਵਿੱਚ ਜਾ ਕੇ ਇਹ ਸਹੁੰ ਖਾਧੀ ਜਾਪਦੀ ਹੈ ਕਿ ਉਹ ਨਿਵੇਕਲੇ ਸਿੱਖ ਧਰਮ, ਸਿੱਖ ਇਤਿਹਾਸ ਅਤੇ ਸਿੱਖ ਕੌਮ ਨੂੰ ਮਰਨ ਤੋਂ ਪਹਿਲਾਂ ਹਿੰਦੂਤਵ ਦੇ ਸਮੁੰਦਰ ਵਿੱਚ ਗਰਕ ਕਰਕੇ ਹੀ ਰਹੇਗਾ (ਨੋਟ-ਲੇਖਕ ਦੀ ਉਕਤ ਭਵਿੱਖਬਾਣੀ ਸੱਚ ਸਾਬਤ ਹੋਈ ਹੈ) ਪੰਜਾਬ ਵਿੱਚ ਇਸ ਵੇਲੇ ਕਾਫੀ ਪ੍ਰਸਿੱਧ ਅਖ਼ਬਾਰ ਜਾਗਰਣ ਵਿੱਚੋਂ ਇਕ ਖ਼ਬਰ ਹਿੰਦੂ ਧਰਮ ਦੀ ਰੱਖਿਆ ਲਈ ਸ਼ਹੀਦ ਹੋਣ ਵਾਲਿਆਂ ਦੀ ਬਣੇਗੀ ਯਾਦਗਾਰ ਦੇ ਸਿਰਲੇਖ ਹੇਠ ਪ੍ਰਕਾਸ਼ਤ ਹੋਈ ਹੈ । ਇਸ ਖ਼ਬਰ ਦਾ ਵੇਰਵਾ ਆਪਣੇ ਆਪ ਵਿੱਚ ਹੀ ਦਰਸਾ ਰਿਹਾ ਹੈ ਕਿ ਪੰਜਾਬ ਦਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਕਿਵੇਂ ਸਿੱਖ ਧਰਮ ਦੀ ਨਿਵੇਕਲੀ ਤੇ ਸੁਤੰਤਰ ਹੋਂਦ ਹਸਤੀ ਦਾ ਸਤਿਆਨਾਸ਼ ਕਰਨ &lsquoਤੇ ਤੁਲਿਆ ਹੋਇਆ ਹੈ । ਇਸ ਖ਼ਬਰ ਦੇ ਵੇਰਵੇ ਅਨੁਸਾਰ ਹਿੰਦੂ ਧਰਮ ਦੀ ਰੱਖਿਆ ਵਾਸਤੇ ਸਿੱਖਾਂ ਦੇ ਨੌਵੇਂ ਗੁਰੂ ਤੇਗ਼ ਬਹਾਦਰ ਸਾਹਿਬ ਜੀ ਨਾਲ ਸ਼ਹੀਦ ਹੋਣ ਵਾਲੇ ਭਾਈ ਮਤੀ ਦਾਸ, ਭਾਈ ਸਤੀ ਦਾਸ ਜੀ ਅਤੇ ਭਾਈ ਦਿਆਲਾ ਜੀ ਦੀ ਯਾਦਗਾਰ ਸ੍ਰੀ ਅਨੰਦਪੁਰ ਸਾਹਿਬ ਵਿਖੇ ਬਣਾਈ ਜਾਵੇਗੀ । ਇਹ ਜਾਣਕਾਰੀ ਅੱਜ ਪੰਜਾਬ ਦੇ ਮੁੱਖ ਮੰਤਰੀ ਬਾਦਲ ਨੇ ਪਿੰਡ ਖਾਟੀ ਵਿੱਚ ਬ੍ਰਾਹਮਣ ਸਭਾ ਪੰਜਾਬ ਵੱਲੋਂ ਭਗਵਾਨ ਪਰਸ਼ੂ ਰਾਮ ਜੀ ਦੇ ਤੱਪ ਅਸਥਾਨ ਵਿਖੇ ਸੂਬਾ ਪੱਧਰੀ ਮਹਾਂ ਸੰਮੇਲਨ ਨੂੰ ਸੰਬੋਧਨ ਕਰਦਿਆਂ ਦਿੱਤੀ । ਉਨ੍ਹਾਂ ਨੇ ਖਾਟੀ ਧਾਮ ਅਸਥਾਨ ਦੀ ਇਮਾਰਤ ਲਈ 50 ਲੱਖ ਰੁਪਏ ਦੇਣ ਦਾ ਐਲਾਨ ਵੀ ਕੀਤਾ । ਪ੍ਰਕਾਸ਼ ਸਿੰਘ ਬਾਦਲ ਵੱਲੋਂ ਪੰਜਾਬ ਬ੍ਰਾਹਮਣ ਸਭਾ ਦੇ ਪਰਸ਼ੂ ਰਾਮ ਸਮਾਗਮ ਵਿੱਚ ਜਾ ਕੇ ਭਾਈ ਮਤੀ ਦਾਸ, ਭਾਈ ਸਤੀ ਦਾਸ ਅਤੇ ਭਾਈ ਦਿਆਲਾ ਜੀ ਦੀ ਸ਼ਹੀਦੀ ਯਾਦਗਾਰ ਬਣਾਉਣ ਦਾ ਐਲਾਨ ਇਹ ਸਪੱਸ਼ਟ ਸੁਨੇਹਾ ਦੇਣਾ ਸੀ ਕਿ ਸਿੱਖ ਧਰਮ ਵਿੱਚ ਯਕੀਨ ਰੱਖਣ ਵਾਲੇ ਇਹ ਤਿੰਨੇ ਸ਼ਹੀਦ ਸਿੱਖ ਨਹੀਂ ਸਨ, ਬ੍ਰਾਹਮਣ ਸਨ ਜਿਨ੍ਹਾਂ ਨੇ ਹਿੰਦੂ ਧਰਮ ਦੀ ਰੱਖਿਆ ਲਈ ਸ਼ਹੀਦੀ ਦਿੱਤੀ (ਨੋਟ-ਭਾਈ ਮਤੀ ਦਾਸ, ਭਾਈ ਸਤੀ ਦਾਸ ਅਤੇ ਭਾਈ ਦਿਆਲਾ ਜੀ ਤਿੰਨੇ ਸਿੱਖ ਸ਼ਹੀਦਾਂ ਨੂੰ ਪੰਜਾਬ ਸਭਾ ਬ੍ਰਾਹਮਣ ਦੀ ਝੋਲੀ ਪਾਉਣ ਦੀ ਸਲਾਹ ਪ੍ਰਕਾਸ਼ ਸਿੰਘ ਬਾਦਲ ਨੂੰ ਸਾਬਕਾ ਕੌਮੀ ਘੱਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਤਰਲੋਚਨ ਸਿੰਘ ਨੇ ਦਿੱਤੀ ਸੀ) ਪ੍ਰਕਾਸ਼ ਸਿੰਘ ਬਾਦਲ ਦੇ ਉਕਤ ਬਿਆਨਾਂ ਦਾ ਖੰਡਨ ਜੰਮੂ-ਕਸ਼ਮੀਰ ਦੇ ਸਿੱਖਾਂ ਨੇ ਇਨ੍ਹਾਂ ਸ਼ਬਦਾਂ ਵਿੱਚ ਕੀਤਾ : ਸਿੱਖ ਧਰਮ ਵਿੱਚ ਪ੍ਰਵੇਸ਼ ਕਰਨ ਤੋਂ ਬਾਅਦ ਕਿਸੇ ਦੀ ਕੋਈ ਪਿਛਲੀ ਜਾਤ-ਪਾਤ ਨਹੀਂ ਰਹਿੰਦੀ, ਇਸ ਲਈ ਸਿੱਖ ਸ਼ਹੀਦਾਂ ਨੂੰ ਉਨ੍ਹਾਂ ਦੇ ਸਿੱਖੀ ਧਾਰਨ ਕਰਨ ਤੋਂ ਪਹਿਲਾਂ ਦੇ ਪਿਛੋਕੜ ਨਾਲ ਜੋੜਨਾ ਘੋਰ ਅਵੱਗਿਆ ਹੈ । ਗੁਰੂ ਨਾਨਕ ਸਾਹਿਬ ਨੇ ਨਵਾਂ ਮੱਤ (ਸਿੱਖ ਮੱਤ) ਤੇ ਨਵਾਂ ਪੰਥ ਚਲਾਇਆ । ਮੁਸਲਮਾਨ ਵੀ ਉਨ੍ਹਾਂ ਸਿੱਖ ਬਣਦੇ ਜਾਂਦੇ ਸਨ ਤੇ ਹਿੰਦੂ ਵੀ । ਬ੍ਰਾਹਮਣ ਵੀ ਉਨ੍ਹਾਂ ਦੇ ਸਿੱਖ ਸਨ ਤੇ ਸ਼ੂਦਰ ਵੀ । ਜਿਹੜਾ ਉਨ੍ਹਾਂ ਦਾ ਸਿੱਖ ਬਣਦਾ ਸੀ ਉਹ ਨਾ ਹਿੰਦੂ ਰਹਿੰਦਾ ਸੀ ਨਾ ਮੁਸਲਮਾਨ, ਉਹ ਗੁਰੂ ਨਾਨਕ ਦਾ ਸਿੱਖ ਅਖਵਾਂਦਾ ਸੀ । ਬਾਬੇ ਨਾਨਕ ਦੀ ਸਿੱਖੀ ਤੇ ਬਾਬੇ ਨਾਨਕ ਦੇ ਮਾਰਗ ਨੂੰ ਲੋਕ ਗੁਰੂ-ਮੱਤ ਆਖਣ ਲੱਗ ਪਏ ਅਤੇ ਬਾਬੇ ਨਾਨਕ ਦੇ ਪੰਥ ਨੂੰ ਨਿਰਮਲ ਪੰਥ ਤੇ ਸੱਚਾ ਪੰਥ ਆਖਣ ਲੱਗ ਪਏ (ਮਾਰਿਆ ਸਿੱਕਾ ਜਗਤ ਵਿਚਿ ਨਾਨਕ ਨਿਰਮਲ ਪੰਥ ਚਲਾਇਆ) ਇਉਂ ਗੁਰੂ ਨਾਨਕ ਨੇ ਨਵੇਂ ਧਰਮ ਅਤੇ ਨਵੇਂ ਪੰਥ ਦੀ ਨੀਂਹ ਰੱਖੀ । ਇਸ ਪੰਥ ਤੇ ਮੱਤ ਨੂੰ ਨਵੀਂ ਦੀਖਿਆ, ਸਿੱਖਿਆ ਦੀ ਰਸਮ ਦਿੱਤੀ । ਨਵੀਂ ਰਹਿਤ ਬਹਿਤ ਦਿੱਤੀ । ਨਵਾਂ ਅਧਿਆਤਮਕ ਤੇ ਸਮਾਜਿਕ ਸਿਧਾਂਤ ਦਿੱਤਾ । ਗੁਰੂ ਨਾਨਕ ਸਾਹਿਬ ਦੇ ਸ਼ਬਦ ਗੁਰੂ ਦਾ ਸਿਧਾਂਤ ਉਨ੍ਹਾਂ ਦਾ ਅੰਮ੍ਰਿਤ ਗਿਆਨ ਇਸ ਪੰਥ ਦਾ ਮੂਲ ਅਧਾਰ ਬਣਿਆ । ਹਿੰਦੂਆਂ ਮੁਸਲਮਾਨਾਂ ਦਰਮਿਆਨ, ਨੀਵੀਆਂ ਤੇ ਉੱਚੀਆਂ ਸ਼੍ਰੇਣੀਆਂ ਦਰਮਿਆਨ ਖੜ੍ਹੀਆਂ ਕੀਤੀਆਂ ਸਮਾਜ ਤੇ ਸੱਭਿਆਚਾਰ ਦੀਆਂ ਦੀਵਾਰਾਂ ਗੁਰੂ ਦੇ ਸਿੱਖੀ ਸਿਧਾਂਤਾਂ ਨੇ ਹੂੰਝ ਕੇ ਪਰੇ ਮਾਰੀਆਂ । ਇਨ੍ਹਾਂ ਦਿਨਾਂ ਵਿੱਚ ਹੀ ਉਨ੍ਹਾਂ ਨੇ ਆਪਣੇ ਨਵੇਂ ਗਿਆਨ ਦੀ ਦੀਖਿਆ ਦੇਣੀ ਅਰੰਭ ਕੀਤੀ । ਇਹ ਦੀਖਿਆ ਚਰਨ-ਪਾਹੁਲ ਦੇ ਕੇ ਨਾਮ ਦ੍ਰਿੜਾ ਕੇ ਦਿੱਤੀ ਜਾਂਦੀ ਸੀ । ਇਨ੍ਹਾਂ ਦਿਨਾਂ ਵਿੱਚ ਹੀ ਉਨ੍ਹਾਂ ਨੇ ਆਪਣੀ ਰਹਿਤ ਮਰਿਯਾਦਾ ਦੇ ਨਿਯਮ ਬਣਾਏ ਜੋ ਸਭ ਸਿੱਖਾਂ ਲਈ ਸਾਂਝੇ ਸਨ ਚਾਹੇ ਉਹ ਸਿੱਖ ਪਹਿਲਾਂ ਹਿੰਦੂ ਸਨ ਚਾਹੇ ਮੁਸਲਮਾਨ ਸਨ, ਚਾਹੇ ਪਹਿਲਾਂ ਅਛੂਤ ਸਨ ਉਨ੍ਹਾਂ ਲਈ ਉਪਦੇਸ਼ ਰਹਿਤ ਮਰਿਯਾਦਾ ਤੇ ਦੀਖਿਆ ਸਾਂਝੀ ਸੀ । ਆਪਣੀਆਂ ਉਦਾਸੀਆਂ ਦੌਰਾਨ ਕਈ ਸ੍ਰੇਸ਼ਟ ਸਿੱਖਾਂ ਨੂੰ ਚਰਨ-ਪਾਹੁਲ ਦਿੱਤੀ । ਜਦ ਮਰਦਾਨੇ ਨੂੰ ਦੀਖਿਆ ਮਿਲੀ ਤਾਂ ਉਸ ਨੂੰ ਵੀ ਇਹੀ ਰਹਿਤ ਮਰਿਯਾਦਾ ਦ੍ਰਿੜ ਕਰਵਾਈ ਗਈ ਸੀ । ਕੇਸ ਰੱਖਣੇ, ਪਿਛਲੀ ਰਾਤ ਸਤਿਨਾਮ ਦਾ ਜਾਪ ਜਪਣਾ, ਆਉਂਦੇ ਜਾਂਦੇ ਸਾਧ ਸੰਤ ਦੀ ਸੇਵਾ ਕਰਨੀ, ਲੋੜਵੰਦਾਂ ਦੀ ਮਦਦ ਕਰਨੀ । ਗੁਰੂ ਨਾਨਕ ਦੀ ਚਰਨ-ਪਾਹੁਲ ਲੈਣ ਤੋਂ ਬਾਅਦ ਹਰ ਕੋਈ ਨਾਨਕ ਨਾਮ ਲੇਵਾ ਸਿੱਖ ਸੀ । ਗੁਰੂ ਨਾਨਕ ਦੀ ਸੰਗਤ ਲਈ ਦਰਵਾਜ਼ੇ ਸਾਰਿਆਂ ਲਈ ਖੁੱਲੇ੍ਹ ਸਨ, ਪਰ ਇਹ ਚੌਖਟ ਨਹੀਂ ਸਨ । ਭਾਵ, ਜਿਥੇ ਰੰਗ ਨਸਲ ਜਾਤ ਅਤੇ ਧਰਮ ਦਾ ਕੋਈ ਭੇਦ-ਭਾਵ ਨਹੀਂ ਸੀ, ਉਥੇ ਸਿੱਖੀ ਦੀ ਵਿਚਾਰਧਾਰਾ, ਸੰਕਲਪ, ਸਰੂਪ ਤੇ ਸਿੱਖੀ ਸਿਧਾਂਤ ਵਿੱਚ ਕੋਈ ਛੋਟ ਨਹੀਂ ਸੀ । ਗੁਰੂ ਨਾਨਕ ਦੀ ਸਿੱਖੀ ਧਾਰਨ ਕਰਨ ਵਾਲੇ ਮਨੁੱਖ ਸਿੱਖ ਕਹਿਲਾਏ ।
ਭਾਈ ਮਤੀ ਦਾਸ ਅਤੇ ਸਤੀ ਦਾਸ ਦੇ ਵਡੇਰੇ ਭਾਈ ਗੌਤਮ ਜੀ ਨੇ ਸਭ ਤੋਂ ਪਹਿਲਾਂ ਸਿੱਖੀ ਧਾਰਨ ਕੀਤੀ ਤੇ ਉਨ੍ਹਾਂ ਦੀ ਪੀੜ੍ਹੀ ਨੇ ਸਾਰੇ ਗੁਰੂ ਸਾਹਿਬਾਨ ਦੀ ਸੇਵਾ ਵਿੱਚ ਰਹਿ ਕੇ ਸਿੱਖੀ ਦੀ ਚੜ੍ਹਦੀ ਕਲਾ ਵਾਸਤੇ ਖਾਸ ਯੋਗਦਾਨ ਪਾਇਆ । ਸਿੱਖ ਧਰਮ ਦੀ ਪ੍ਰਫੁੱਲਤਾ ਵਾਸਤੇ ਸ਼ੁਰੂਆਤੀ ਦਿਨਾਂ ਵਿੱਚ ਭਾਈ ਗੌਤਮ ਜੀ ਦੇ ਪਰਿਵਾਰ ਨੇ ਅਹਿਮ ਭੂਮਿਕਾ ਨਿਭਾਈ । ਭਾਈ ਗੌਤਮ ਜੀ ਦੇ ਪਰਿਵਾਰ ਵਿੱਚੋਂ ਜੋ ਸਿੱਖ ਧਰਮ ਵਿੱਚ ਆਏ ਉਹ ਮੀਰੀ-ਪੀਰੀ ਦੇ ਮਾਲਕ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸਮੇਂ ਅਕਾਲ ਤਖ਼ਤ ਦੀ ਸਿਰਜਨਾ ਤੋਂ ਬਾਅਦ ਬਣਾਈ ਅਕਾਲ ਫੌਜ ਵਿੱਚ ਸ਼ਾਮਿਲ ਹੋ ਕੇ ਚੰਗੇ ਸਾਹਸੀ ਯੋਧੇ ਬਣੇ । ਜਿਨ੍ਹਾਂ ਨੇ ਸਿੱਖ ਧਰਮ ਲਈ ਮਹਾਨ ਕੁਰਬਾਨੀਆਂ ਦਿੰਦੇ ਹੋਏ ਸ਼ਹੀਦੀਆਂ ਪ੍ਰਾਪਤ ਕੀਤੀਆਂ ਜਿਵੇਂ ਕਿ, ਭਾਈ ਪਰਾਗਾ ਜੀ ਤੇ ਭਾਈ ਬਾਲੂ ਗਉ ਜੀ । ਗੁਰੂ ਤੇਗ਼ ਬਹਾਦਰ ਸਾਹਿਬ ਨਾਲ ਚਾਂਦਨੀ ਚੌਂਕ ਵਿੱਚ ਸ਼ਹੀਦ ਹੋਣ ਵਾਲੇ ਦੋ ਸਕੇ ਭਰਾ ਮਤੀ ਦਾਸ ਅਤੇ ਭਾਈ ਸਤੀ ਦਾਸ ਗੁਰੂ ਤੇਗ਼ ਬਹਾਦਰ ਸਾਹਿਬ ਦੇ ਚੜ੍ਹਦੀ ਕਲਾ ਵਾਲੇ ਅਨਿਨ ਸਿੱਖ ਸਨ । ਇਨ੍ਹਾਂ ਦੋਵਾਂ ਭਰਾਵਾਂ ਨੂੰ ਗੁਰੂ ਤੇਗ਼ ਬਹਾਦਰ ਦੇ ਸਾਹਮਣੇ ਸ਼ਹੀਦ ਕੀਤਾ ਗਿਆ । ਭਾਈ ਮਤੀ ਦਾਸ ਨੂੰ ਆਰੇ ਨਾਲ ਚੀਰ ਕੇ ਸ਼ਹੀਦ ਕੀਤਾ ਗਿਆ ਅਤੇ ਭਾਈ ਸਤੀ ਦਾਸ ਦੇ ਸਰੀਰ ਦੁਆਲੇ ਰੂੰ ਲਪੇਟ ਕੇ ਅੱਗ ਲਗਾ ਦਿੱਤੀ ਜਿਸ ਨਾਲ ਉਹ ਸ਼ਹੀਦ ਹੋ ਗਏ । ਇਨ੍ਹਾਂ ਦੋਵਾਂ ਅਨਿਨ ਸਿੱਖਾਂ ਦੀ ਸ਼ਹਾਦਤ ਵੇਖਕੇ ਹੀ ਗੁਰੂ ਤੇਗ਼ ਬਹਾਦਰ ਸਾਹਿਬ ਨੇ ਆਪਣੇ ਪਾਵਨ ਪਵਿੱਤਰ ਮੁੱਖ ਤੋਂ ਉਚਾਰਨ ਕਰਕੇ ਕਿਹਾ ਸੀ ਧੰਨ ਸਿੱਖੀ, ਭਾਈ ਦਿਆਲਾ-ਭਾਈ ਦਿਆਲਾ ਜੀ 12 ਭਰਾ ਸਨ । ਭਾਈ ਦਿਆਲਾ ਜੀ ਦੇ ਪਿਤਾ ਭਾਈ ਮਾਈ ਦਾਸ ਤੇ ਦਾਦਾ ਭਾਈ ਬਲੂ ਰਾਮ ਜੀ ਸਨ । ਇਸ ਵੰਸ਼ ਦੀਆਂ ਤਿੰਨ ਪੀੜੀਆਂ ਵਿੱਚੋਂ 29 ਸਿੱਖ ਸ਼ਹੀਦ ਹੋਏ । ਭਾਈ ਦਿਆਲਾ ਜੀ ਸ਼ਹੀਦ ਭਾਈ ਮਨੀ ਸਿੰਘ ਦੇ ਸਕੇ ਭਰਾ ਸਨ । ਭਾਈ ਦਿਆਲਾ ਜੀ ਦੇ ਵੱਡ ਵਡੇਰੇ ਪੱਕੇ ਗੁਰਸਿੱਖ ਸਨ । ਉਨ੍ਹਾਂ ਦੇ ਦਾਦਾ ਭਾਈ ਬਲੂ ਜੀ ਗੁਰੂ ਹਰਗੋਬਿੰਦ ਸਾਹਿਬ ਜੀ ਤਰਫੋਂ ਅੰਮ੍ਰਿਤਸਰ ਦੀ ਜੰਗ ਵਿੱਚ ਲੜਿਆ ਅਤੇ ਅਨੇਕਾਂ ਮੁਗ਼ਲਾਂ ਨੂੰ ਮਾਰ ਕੇ ਸ਼ਹਾਦਤ ਪ੍ਰਾਪਤ ਕੀਤੀ । ਭਾਈ ਮਾਈਦਾਸ ਨੇ ਆਪਣੇ ਦੋਵਾਂ ਪੁੱਤਰਾਂ ਭਾਈ ਦਿਆਲਾ ਉਮਰ 15 ਸਾਲ ਅਤੇ ਭਾਈ ਮਨੀ ਰਾਮ (ਨੋਟ ਇਹੀ ਭਾਈ ਮਨੀ ਰਾਮ 1699 ਦੀ ਵੈਸਾਖੀ ਨੂੰ ਅੰਮ੍ਰਿਤ ਛੱਕ ਕੇ ਭਾਈ ਮਨੀ ਸਿੰਘ ਬਣਿਆ ਅਤੇ ਬੰਦ ਬੰਦ ਕਟਵਾ ਕੇ ਸ਼ਹਾਦਤ ਪ੍ਰਾਪਤ ਕੀਤੀ) ਉਮਰ 13 ਸਾਲ ਨੂੰ ਗੁਰੂ ਹਰਿ ਰਾਏ ਸਾਹਿਬ ਦੀ ਸੇਵਾ ਵਿੱਚ ਲਿਆਂਦਾ । ਬਾਅਦ ਵਿੱਚ ਗੁਰੂ ਤੇਗ਼ ਬਹਾਦਰ ਸਾਹਿਬ ਨੇ ਭਾਈ ਦਿਆਲਾ ਜੀ ਨੂੰ ਘਰ ਬਾਰੀ ਵਜ਼ੀਰ ਥਾਪਿਆ । ਭਾਈ ਦਿਆਲਾ ਜੀ ਵੀ ਭਾਈ ਮਤੀ, ਭਾਈ ਸਤੀ ਦਾਸ ਨਾਲ ਉਸ ਸਮੇਂ ਚਾਂਦਨੀ ਚੌਂਕ ਵਿੱਚ ਗੁਰੂ ਤੇਗ਼ ਬਹਾਦਰ ਸਾਹਿਬ ਦੇ ਨਾਲ ਸਨ ਜਦੋਂ ਉਨ੍ਹਾਂ ਦੀ ਸ਼ਹਾਦਤ ਹੋਈ । ਭਾਈ ਮਤੀ ਦਾਸ ਤੇ ਸਤੀ ਦਾਸ ਦੀ ਸ਼ਹਾਦਤ ਤੋਂ ਬਾਅਦ ਕਾਜੀ ਅਬਦੁੱਲ ਵਹੀਰ ਨੇ ਜਦੋਂ ਭਾਈ ਦਿਆਲਾ ਨੂੰ ਕਲਮਾਂ ਪੜ੍ਹਨ ਲਈ ਕਿਹਾ ਤਾਂ ਕਿਹਾ ਤੋਂ ਅੱਗੋਂ ਭਾਈ ਦਿਆਲਾ ਜੀ ਨੇ ਜੁਆਬ ਦਿੱਤਾ : ਅਸੀਂ ਸਿੱਖਾਂ ਨੇ ਗੁਰੂ ਸਾਹਿਬਾਨ ਤੋਂ ਅਲ-ਕਲਮਾ (ਧੁਰ ਕੀ ਬਾਣੀ) ਪੜ੍ਹ ਲਈ ਹੈ ਜੋ ਕਿ ਗੁਰਬਾਣੀ ਰੂਪ ਵਿੱਚ ਧੁਰ ਦਰਗਾਹੋਂ, ਸਤਿਗੁਰੂ ਨਾਨਕ ਦੇ ਹਿਰਦੇ ਰਾਹੀਂ ਇਸ ਧਰਤੀ &lsquoਤੇ ਪ੍ਰਕਾਸ਼ਮਾਨ ਹੋਈ ਹੈ । ਸਮੂਹ ਸ੍ਰਿਸ਼ਟੀ ਤੇ ਕਾਇਨਾਤ ਦਾ ਰਚਨਹਾਰ ਇਕੋ ਇਕ ਅਕਾਲ ਪੁਰਖ ਹੈ । ਅਸੀਂ ਸਿੱਖ ਅਕਾਲ ਪੁਰਖ ਵਾਚ (ਮੂਲ ਮੰਤਰ) ਦਾ ਹੀ ਜਾਪ ਕਰਦੇ ਹਾਂ । ਇਹ ਜੁਆਬ ਸੁਣ ਕੇ ਕਾਜੀ ਅਬਦੁੱਲ ਨੇ ਗੁੱਸੇ ਵਿੱਚ ਬੁਖਲਾਏ ਹੋਏ ਨੇ ਜਲਾਦਾਂ ਨੂੰ ਹੁਕਮ ਦਿੱਤਾ ਕਿ ਇਸ ਸਿੱਖੜੇ ਨੂੰ ਉਬਲਦੀ ਦੇਗ਼ ਵਿੱਚ ਬਿਠਾਲ ਕੇ ਸ਼ਹੀਦ ਕੀਤਾ ਜਾਵੇ । ਭਾਈ ਦਿਆਲਾ ਜੀ ਨੇ ਗੁਰੂ ਦੇ ਚਰਨਾਂ ਦਾ ਧਿਆਨ ਧਰਦੇ ਹੋਏ ਆਪ ਹੀ ਉਬਲਦੀ ਦੇਗ਼ ਵਿੱਚ ਪਹਿਲਾਂ ਸੱਜਾ ਪੈਰ ਪਾਇਆ ਫਿਰ ਖੱਬਾ ਪੈਰ ਦੇਗ਼ ਵਿੱਚ ਪਾ ਕੇ ਚੌਂਕੜਾ ਮਾਰ ਕੇ ਬੈਠ ਗਏ ਅਤੇ ਗੁਰਬਾਣੀ ਦਾ ਪਾਠ ਕਰਦਿਆਂ ਕਰਦਿਆਂ ਉਹ ਸ਼ਹੀਦ ਹੋ ਗਏ । ਨਵੰਬਰ 1675 ਈ: ਨੂੰ ਚਾਂਦਨੀ ਚੌਂਕ ਦਿੱਲੀ ਵਿਖੇ ਗੁਰੂ ਤੇਗ਼ ਬਹਾਦਰ ਸਾਹਿਬ ਨਾਲ ਸ਼ਹੀਦ ਹੋਣ ਵਾਲੇ ਭਾਈ ਮਤੀ ਦਾਸ, ਭਾਈ ਸਤੀ ਦਾਸ ਅਤੇ ਭਾਈ ਦਿਆਲਾ ਨਿਰਸੰਦੇਹ ਗੁਰੂ ਕੇ ਸਿੱਖ ਸਨ । ਸਤਿਗੁਰੂ ਨਾਨਕ ਦੀ ਸਿੱਖੀ ਨੂੰ ਸਮਰਪਿਤ ਸਿੱਖ ਹੀ ਤਨ ਆਰੇ ਨਾਲ ਚਿਰਵਾ ਕੇ ਅਤੇ ਉਬਲਦੀ ਦੇਗ਼ ਵਿੱਚ ਬੈਠ ਕੇ ਸ਼ਹੀਦੀ ਪ੍ਰਾਪਤ ਕਰ ਸਕਦਾ ਹੈ ।
ਗੁਰੂ ਪੰਥ ਦਾ ਦਾਸ
ਜਥੇਦਾਰ ਮਹਿੰਦਰ ਸਿੰਘ ਯੂ।ਕੇ।