ਪੰਜਾਬ ਸਰਕਾਰ ਡੱਲੇਵਾਲ ਨੂੰ ਮਨਾਉਣ ਵਿੱਚ ਨਾਕਾਮ
ਪੰਜਾਬ ਸਰਕਾਰ ਦੀ ਤਕਰੀਬਨ ਅੱੱਧੀ ਕੈਬਨਿਟ ਨੇ ਅੱਜ ਵਫ਼ਦ ਦੇ ਰੂਪ &rsquoਚ ਢਾਬੀਗੁੱਜਰਾਂ ਬਾਰਡਰ ਪਹੁੰਚ ਕੇ ਪਿਛਲੇ 30 ਦਿਨਾਂ ਤੋਂ ਮਰਨ ਵਰਤ ਉੱਤੇ ਬੈਠੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨਾਲ ਮੁਲਾਕਾਤ ਕੀਤੀ। ਵਫਦ ਦੀ ਅਗਵਾਈ ਕਰ ਰਹੇ &lsquoਆਪ&rsquo ਦੇ ਸੂਬਾਈ ਪ੍ਰਧਾਨ ਤੇ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਡੱਲੇਵਾਲ ਦੇ ਸੰਘਰਸ਼ ਨੂੰ ਜਾਇਜ਼ ਦੱਸਦਿਆਂ ਕਿਹਾ ਕਿ ਸੰਘਰਸ਼ ਦੀ ਮਜ਼ਬੂਤੀ ਲਈ ਪੰਜਾਬ ਸਰਕਾਰ ਉਨ੍ਹਾਂ ਦੇ ਨਾਲ ਖੜ੍ਹੀ ਹੈ ਤੇ ਹਰ ਸੰਭਵ ਮਦਦ ਲਈ ਤਿਆਰ ਹੈ। ਕੈਬਨਿਟ ਮੰਤਰੀ ਹਾਲਾਂਕਿ ਡੱਲੇਵਾਲ ਨੂੰ ਮਰਨ ਵਰਤ ਛੱਡਣ ਲਈ ਮਨਾਉਣ ਵਿਚ ਨਾਕਾਮ ਰਹੇ। ਡੱਲੇਵਾਲ ਨੇ ਕੈਬਨਿਟ ਮੰਤਰੀਆਂ ਦੀ ਇਸ ਪੇਸ਼ਕਸ਼ ਨੂੰ ਕੋਰੀ ਨਾਂਹ ਕਰ ਦਿੱਤੀ।
ਅਮਨ ਅਰੋੜਾ ਨੇ ਦੱਸਿਆ ਕਿ ਕਿਸਾਨੀ ਮੰਗਾਂ ਦੀ ਪੂਰਤੀ ਲਈ ਮੁੱਖ ਮੰਤਰੀ ਭਗਵੰਤ ਮਾਨ ਨੇ ਕੇਂਦਰ ਸਰਕਾਰ ਨਾਲ ਲਗਾਤਾਰ ਰਾਬਤਾ ਬਣਾਇਆ ਹੋਇਆ ਹੈ, ਪਰ ਅਜਿਹੇ ਗੰਭੀਰ ਮੌਕੇ &rsquoਤੇ ਵੀ ਕੇਂਦਰ ਸਰਕਾਰ ਦਾ ਅੜੀਅਲ ਰਵੱਈਆ ਨਿੰਦਣਯੋਗ ਹੈ। ਉਨ੍ਹਾਂ ਦੱਸਿਆ ਕਿ ਵਫ਼ਦ ਨੇ ਡੱਲੇਵਾਲ਼ ਨੂੰ ਬੇਨਤੀ ਕੀਤੀ ਹੈ ਕਿ ਉਹ ਭੁੱਖ ਹੜਤਾਲ਼ ਭਾਵੇਂ ਜਾਰੀ ਰੱਖਣ, ਪਰ ਡਾਕਟਰਾਂ ਨੂੰ ਇਲਾਜ ਦੀ ਆਗਿਆ ਦੇਣ, ਤਾਂ ਜੋ ਉਨ੍ਹਾਂ ਦੀ ਕੀਮਤੀ ਜਾਨ ਬਚਾਈ ਜਾ ਸਕੇ। ਉਨ੍ਹਾਂ ਸਾਫ਼ ਕਰ ਦਿੱਤਾ ਕਿ ਪੰਜਾਬ ਸਰਕਾਰ ਦਾ ਡੱਲੇਵਾਲ ਨੂੰ ਧਰਨੇ ਵਾਲੀ ਥਾਂ ਤੋਂ ਜਬਰੀ ਚੁੱਕ ਕੇ ਲਿਜਾਣ ਦਾ ਕੋਈ ਪ੍ਰੋਗਰਾਮ ਨਹੀਂ ਹੈ। ਉਨ੍ਹਾਂ ਤਰਕ ਦਿੱਤਾ ਕਿ ਪੰਜਾਬ ਸਰਕਾਰ ਡੱਲੇਵਾਲ ਦੀ ਜਾਨ ਬਚਾਉਣਾ ਚਾਹੁੰਦੀ ਹੈ, ਜਿਸ ਕਰਕੇ ਉਹ ਅੱਜ ਉਨ੍ਹਾਂ ਨੂੰ ਮਰਨ ਵਰਤ ਤਿਆਗਣ ਸਬੰਧੀ ਬੇਨਤੀ ਕਰਨ ਲਈ ਆਏ ਹਨ।
ਬਲਾਤਕਾਰੀਆਂ ਅਤੇ ਕਾਤਲਾਂ ਨੂੰ ਮੌਤ ਦੀ ਸਜ਼ਾ ਜਾਰੀ ਰਹੇਗੀ : ਟਰੰਪ
ਵਾਸਿ਼ੰਗਟਨ : ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਨੇ ਸੋਮਵਾਰ ਨੂੰ 37 ਲੋਕਾਂ ਦੀ ਮੌਤ ਦੀ ਸਜ਼ਾ ਨੂੰ ਉਮਰ ਕੈਦ ਵਿੱਚ ਬਦਲ ਦਿੱਤਾ। ਡੋਨਾਲਡ ਟਰੰਪ ਨੂੰ ਉਨ੍ਹਾਂ ਦਾ ਇਹ ਫੈਸਲਾ ਪਸੰਦ ਨਹੀਂ ਆਇਆ। ਉਨ੍ਹਾਂ ਨੇ ਇਸ ਫੈਸਲੇ ਦਾ ਵਿਰੋਧ ਕਰਦਿਆਂ ਕਿਹਾ ਕਿ ਮੈਂ ਸਹੁੰ ਚੁੱਕਦਿਆਂ ਹੀ ਨਿਆਂ ਵਿਭਾਗ ਨੂੰ ਹੁਕਮ ਦੇਵਾਂਗਾ ਕਿ ਉਹ ਅਮਰੀਕੀ ਪਰਿਵਾਰਾਂ ਨੂੰ ਬਲਾਤਕਾਰੀਆਂ, ਕਾਤਲਾਂ ਅਤੇ ਜ਼ਾਲਮਾਂ ਤੋਂ ਬਚਾਉਣ ਲਈ ਮੌਤ ਦੀ ਸਜ਼ਾ ਦੇਣਾ ਜਾਰੀ ਰੱਖੇ। ਅਸੀਂ ਦੇਸ਼ ਵਿੱਚ ਫਿਰ ਤੋਂ ਕਾਨੂੰਨ ਵਿਵਸਥਾ ਨੂੰ ਮਜ਼ਬੂਤ ਕਰਾਂਗੇ।
ਦੱਸ ਦੇਈਏ ਕਿ ਰਾਸ਼ਟਰਪਤੀ ਜੋਅ ਬਾਇਡਨ ਨੇ ਮੌਤ ਦੀ ਸਜ਼ਾ &lsquoਤੇ ਰੋਕ ਲਗਾ ਦਿੱਤੀ ਸੀ। ਹਾਲਾਂਕਿ ਟਰੰਪ ਨੇ ਕਿਹਾ ਹੈ ਕਿ ਇਹ ਸਜ਼ਾ ਫਿਰ ਤੋਂ ਸ਼ੁਰੂ ਕੀਤੀ ਜਾਵੇਗੀ।
ਅਮਰੀਕਾ ਵਿੱਚ, ਰਾਸ਼ਟਰਪਤੀ ਅਕਸਰ ਆਪਣੇ ਕਾਰਜਕਾਲ ਦੇ ਅੰਤ ਤੋਂ ਪਹਿਲਾਂ ਕੁਝ ਲੋਕਾਂ ਦੀ ਸਜ਼ਾ ਨੂੰ ਘਟਾਉਣ ਜਾਂ ਮੁਆਫ ਕਰਨ ਲਈ ਵਿਸ਼ੇਸ਼ ਸ਼ਕਤੀ ਦੀ ਵਰਤੋਂ ਕਰਦੇ ਹਨ। ਬਾਇਡਨ ਨੇ ਇਨ੍ਹਾਂ ਸ਼ਕਤੀਆਂ ਦੀ ਵਰਤੋਂ 37 ਲੋਕਾਂ ਦੀ ਸਜ਼ਾ ਘਟਾਉਣ ਲਈ ਵੀ ਕੀਤੀ ਸੀ। ਇੱਕ ਵਾਰ ਰਾਸ਼ਟਰਪਤੀ ਕਿਸੇ ਦੀ ਸਜ਼ਾ ਨੂੰ ਘਟਾ ਦਿੰਦਾ ਹੈ ਜਾਂ ਮੁਆਫ਼ ਕਰ ਦਿੰਦਾ ਹੈ, ਇਸ ਨੂੰ ਬਦਲਿਆ ਨਹੀਂ ਜਾ ਸਕਦਾ।
ਟਰੰਪ ਨੇ ਸੋਸ਼ਲ ਮੀਡੀਆ ਪਲੇਟਫਾਰਮ &lsquoਤੇ ਲਿਖਿਆ ਕਿ ਇਨ੍ਹਾਂ ਦੋਸ਼ੀਆਂ ਦੇ ਕਾਰਨਾਮੇ ਸੁਣਨ ਤੋਂ ਬਾਅਦ ਵਿਸ਼ਵਾਸ ਨਹੀਂ ਕੀਤਾ ਜਾਵੇਗਾ ਕਿ ਉਨ੍ਹਾਂ ਨੇ ਅਜਿਹਾ ਕੀਤਾ ਹੈ। ਬਾਇਡਨ ਪ੍ਰਸ਼ਾਸਨ ਦੇ ਇਸ ਫੈਸਲੇ ਤੋਂ ਮ੍ਰਿਤਕਾਂ ਦੇ ਪਰਿਵਾਰ ਦੁਖੀ ਹਨ। ਉਹ ਇਸ &lsquoਤੇ ਵਿਸ਼ਵਾਸ ਨਹੀਂ ਕਰ ਸਕਦੇ।
ਵ੍ਹਾਈਟ ਹਾਊਸ ਨੇ ਇਸ ਮਾਮਲੇ ਨੂੰ ਲੈ ਕੇ ਕਿਹਾ ਸੀ ਕਿ ਰਾਸ਼ਟਰਪਤੀ ਬਾਇਡਨ ਸਿਰਫ ਅੱਤਵਾਦ ਅਤੇ ਨਫਰਤ ਨਾਲ ਜੁੜੇ ਸਮੂਹਿਕ ਕਤਲ ਲਈ ਮੌਤ ਦੀ ਸਜ਼ਾ ਦਾ ਸਮਰਥਨ ਕਰਦੇ ਹਨ। ਬਾਇਡਨ ਵੱਲੋਂ ਜਾਰੀ ਬਿਆਨ &lsquoਚ ਇਹ ਵੀ ਕਿਹਾ ਗਿਆ ਕਿ ਅਸੀਂ ਨੁਕਸਾਨ ਝੱਲਣ ਵਾਲੇ ਪੀੜਤ ਪਰਿਵਾਰਾਂ ਦੇ ਪ੍ਰਤੀ ਸੰਵੇਦਨਾ ਪ੍ਰਗਟ ਕਰਦੇ ਹਾਂ ਪਰ ਹੁਣ ਅਸੀਂ ਇਸ ਫੈਸਲੇ ਤੋਂ ਪਿੱਛੇ ਨਹੀਂ ਹਟ ਸਕਦੇ।
ਅਮਰੀਕਾ ਯੂਕਰੇਨ ਨੂੰ ਹਥਿਆਰਾਂ ਦੀ ਸਪਲਾਈ ਵਧਾਏਗਾ
ਕੀਵ : ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਨੇ ਬੁੱਧਵਾਰ ਨੂੰ ਯੂਕਰੇਨ &lsquoਤੇ ਰੂਸੀ ਮਿਜ਼ਾਈਲ ਅਤੇ ਡਰੋਨ ਹਮਲੇ ਦੀ ਨਿੰਦਾ ਕੀਤੀ ਹੈ। ਬਾਇਡਨ ਨੇ ਦੋਸ਼ ਲਾਇਆ ਕਿ ਰੂਸ ਨੇ ਮਿਜ਼ਾਈਲ ਅਤੇ ਡਰੋਨ ਹਮਲਿਆਂ ਰਾਹੀਂ ਯੂਕਰੇਨ ਦੇ ਊਰਜਾ ਗਰਿੱਡ ਨੂੰ ਨਿਸ਼ਾਨਾ ਬਣਾਇਆ ਹੈ। ਇਸ ਦੇ ਜ਼ਰੀਏ ਰੂਸ ਸਰਦੀਆਂ &lsquoਚ ਯੂਕਰੇਨ ਦੇ ਲੋਕਾਂ ਦੀ ਬਿਜਲੀ ਸਪਲਾਈ ਨੂੰ ਕੱਟਣਾ ਚਾਹੁੰਦਾ ਹੈ।
ਬਾਇਡਨ ਨੇ ਵੀ ਯੂਕਰੇਨ ਦੀ ਮਦਦ ਲਈ ਆਪਣਾ ਸਮਰਥਨ ਦੁਹਰਾਇਆ। ਬਾਇਡਨ ਮੁਤਾਬਕ ਅਮਰੀਕਾ ਨੇ ਪਿਛਲੇ ਕੁਝ ਮਹੀਨਿਆਂ &lsquoਚ ਯੂਕਰੇਨ ਨੂੰ ਸੈਂਕੜੇ ਮਿਜ਼ਾਈਲਾਂ ਦਿੱਤੀਆਂ ਹਨ। ਉਨ੍ਹਾਂ ਕਿਹਾ ਕਿ ਅਮਰੀਕਾ ਯੂਕਰੇਨ ਨੂੰ ਹਥਿਆਰਾਂ ਦੀ ਸਪਲਾਈ ਵਧਾਏਗਾ। ਯੂਕਰੇਨ ਨੂੰ ਜਲਦੀ ਹੀ ਮਿਜ਼ਾਈਲਾਂ ਦਾ ਨਵਾਂ ਬੈਚ ਦਿੱਤਾ ਜਾਵੇਗਾ। ਇਸ ਲਈ ਅਮਰੀਕੀ ਰੱਖਿਆ ਵਿਭਾਗ ਨੂੰ ਮਿਜ਼ਾਈਲਾਂ ਦੀ ਸਪਲਾਈ ਤੇਜ਼ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ।
ਉਨ੍ਹਾਂ ਨੇ ਦੁਨੀਆਂ ਦੇ ਹੋਰ ਦੇਸ਼ਾਂ ਨੂੰ ਵੀ ਯੂਕਰੇਨ ਦੀ ਮਦਦ ਕਰਨ ਲਈ ਕਿਹਾ। ਅਮਰੀਕੀ ਰਾਸ਼ਟਰਪਤੀ ਨੇ ਕਿਹਾ ਕਿ ਯੂਕਰੇਨ ਦੇ ਲੋਕਾਂ ਨੂੰ ਸ਼ਾਂਤੀ ਅਤੇ ਸੁਰੱਖਿਆ ਨਾਲ ਰਹਿਣ ਦਾ ਅਧਿਕਾਰ ਹੈ। ਬਾਇਡਨ ਨੇ ਕਿਹਾ ਕਿ ਅਸੀਂ ਯੂਕਰੇਨ ਦਾ ਸਮਰਥਨ ਉਦੋਂ ਤੱਕ ਜਾਰੀ ਰੱਖਾਂਗੇ ਜਦੋਂ ਤੱਕ ਉਹ ਰੂਸ ਖਿਲਾਫ ਨਹੀਂ ਜਿੱਤਦਾ।
ਰੂਸ ਨੇ ਆਪਣੇ ਹਮਲੇ ਵਿੱਚ ਯੂਕਰੇਨ ਦੇ ਕਈ ਸ਼ਹਿਰਾਂ ਨੂੰ ਨਿਸ਼ਾਨਾ ਬਣਾਇਆ ਸੀ। ਯੂਕਰੇਨ ਦੀ ਹਵਾਈ ਸੈਨਾ ਮੁਤਾਬਕ ਰੂਸ ਨੇ ਹਮਲੇ ਲਈ 78 ਮਿਜ਼ਾਈਲਾਂ ਅਤੇ 106 ਡਰੋਨਾਂ ਦੀ ਵਰਤੋਂ ਕੀਤੀ। ਇਸ ਹਮਲੇ &lsquoਚ ਇਕ ਵਿਅਕਤੀ ਦੀ ਮੌਤ ਹੋ ਗਈ, ਜਦਕਿ 21 ਲੋਕ ਜ਼ਖਮੀ ਹੋ ਗਏ।
ਯੂਕਰੇਨ ਦੇ ਮੀਡੀਆ ਮੁਤਾਬਕ ਸਭ ਤੋਂ ਵੱਡਾ ਹਮਲਾ ਖਾਰਕੀਵ ਸ਼ਹਿਰ &lsquoਤੇ ਕੀਤਾ ਗਿਆ। ਇਸ ਤੋਂ ਇਲਾਵਾ ਡਨਿਪਰੋ, ਕ੍ਰੇਮੇਨਚੁਕ, ਕ੍ਰੀਵੀ ਰਿਹ ਅਤੇ ਇਵਾਨੋ-ਫ੍ਰੈਂਕਿਵਸਕ &lsquoਤੇ ਵੀ ਹਮਲੇ ਕੀਤੇ ਗਏ। ਇੱਥੇ ਊਰਜਾ ਦੇ ਬੁਨਿਆਦੀ ਢਾਂਚੇ ਸਮੇਤ ਰਿਹਾਇਸ਼ੀ ਖੇਤਰਾਂ ਨੂੰ ਨਿਸ਼ਾਨਾ ਬਣਾਇਆ ਗਿਆ।
ਕੈਨੇਡਾ ਦਾ ਸਟੱਡੀ ਵੀਜ਼ਾ ਬਣ ਰਿਹਾ ਅਮਰੀਕਾ ਵਿਚ ਨਾਜਾਇਜ਼ ਪ੍ਰਵਾਸ ਦਾ ਵੱਡਾ ਕਾਰਨ
ਟੋਰਾਂਟੋ : ਅਮਰੀਕਾ ਦਾ ਸਿੱਧਾ ਵੀਜ਼ਾ ਮਿਲਦਾ ਨਹੀਂ ਅਤੇ ਮੈਕਸੀਕੋ ਦੇ ਰਸਤੇ ਜਾਣ ਵਾਲਿਆਂ ਨੂੰ ਡਿਪੋਰਟ ਕੀਤਾ ਜਾ ਰਿਹਾ ਹੈ ਜਿਸ ਨੂੰ ਵੇਖਦਿਆਂ ਟਰੈਵਲ ਏਜੰਟਾਂ ਵੱਲੋਂ ਕੈਨੇਡਾ ਦੇ ਸਟੱਡੀ ਵੀਜ਼ਾ ਨੂੰ ਹਥਿਆਰ ਬਣਾ ਕੇ ਵੱਡੇ ਪੱਧਰ &rsquoਤੇ ਮਨੁੱਖੀ ਤਸਕਰੀ ਕੀਤੀ ਗਈ। ਇਥੋਂ ਤੱਕ ਕਿ ਕਈ ਕੈਨੇਡੀਅਨ ਕਾਲਜਾਂ ਨੇ ਵੀ ਮਨੁੱਖੀ ਤਸਕਰਾਂ ਨਾਲ ਹੱਥ ਮਿਲਾ ਲਿਆ ਅਤੇ ਇਹ ਧੰਦਾ ਵੱਡੇ ਪੱਧਰ &rsquoਤੇ ਚੱਲਣ ਲੱਗਾ। ਭਾਰਤ ਦੇ ਐਨਫੋਰਸਮੈਂਟ ਡਾਇਰੈਕਟੋਰੇਟ ਵੱਲੋਂ ਮਾਮਲੇ ਦੀ ਡੂੰਘਾਈ ਨਾਲ ਪੜਤਾਲ ਕੀਤੀ ਜਾ ਰਹੀ ਹੈ। ਕੈਨੇਡੀਅਨ ਕਾਲਜਾਂ ਦੇ ਮਨੁੱਖੀ ਤਸਕਰੀ ਵਿਚ ਸ਼ਾਮਲ ਹੋਣ ਦਾ ਸ਼ੱਕ ਐਨਫ਼ੋਰਸਮੈਂਟ ਡਾਇਰੈਕਟੋਰੇਟ ਨੇ ਦੋਸ਼ ਲਾਇਆ ਕਿ ਕਈ ਮਾਮਲਿਆਂ ਵਿਚ ਸਟੱਡੀ ਵੀਜ਼ਾ ਮਿਲਣ ਮਗਰੋਂ ਟਿਊਸ਼ਨ ਫੀਸ ਸਬੰਧਤ ਲੋਕਾਂ ਦੇ ਖਾਤੇ ਵਿਚ ਵਾਪਸ ਕਰ ਦਿਤੀ ਗਈ ਜਿਸ ਨਾਲ ਸ਼ੱਕ ਹੋਰ ਡੂੰਘਾ ਹੋ ਜਾਂਦਾ ਹੈ। ਈ.ਡੀ. ਮੁਤਬਕ ਅਮਰੀਕਾ ਪਹੁੰਚਾਉਣ ਲਈ ਏਜੰਟਾਂ ਵੱਲੋਂ 55 ਲੱਖ ਤੋਂ 60 ਲੱਖ ਰੁਪਏ ਦਰਮਿਆਨ ਸੌਦੇਬਾਜ਼ੀ ਕੀਤੀ ਜਾਂਦੀ ਹੈ ਅਤੇ ਸਾਢੇ ਤਿੰਨ ਹਜ਼ਾਰ ਤੋਂ ਵੱਧ ਏਜੰਟ ਇਸ ਧੰਦੇ ਵਿਚ ਸ਼ਾਮਲ ਹੋਣ ਦਾ ਸ਼ੱਕ ਹੈ ਜਿਨ੍ਹਾਂ ਵਿਚੋਂ ਤਕਰੀਬਨ 800 ਸਰਗਰਮੀ ਨਾਲ ਕੰਮ ਕਰ ਰਹੇ ਹਨ। ਦੂਜੇ ਪਾਸੇ 262 ਕੈਨੇਡੀਅਨ ਕਾਲਜ ਵੀ ਪੜਤਾਲ ਦੇ ਘੇਰੇ ਵਿਚ ਹਨ ਜਿਨ੍ਹਾਂ ਵਿਚੋਂ ਕਈਆਂ ਦਾ ਕੈਂਪਸ ਅਮਰੀਕਾ ਦੇ ਨਾਲ ਲਗਦੇ ਇਲਾਕਿਆਂ ਵਿਚ ਹੈ। ਈ.ਡੀ. ਵੱਲੋਂ 10 ਦਸੰਬਰ ਅਤੇ 19 ਦਸੰਬਰ ਨੂੰ ਮੁੰਬਈ, ਨਾਗਪੁਰ, ਗਾਂਧੀਨਗਰ ਅਤੇ ਵਡੋਦਰਾ ਵਿਖੇ ਅੱਠ ਟਿਕਾਣਿਆਂ &rsquoਤੇ ਛਾਪੇ ਮਾਰੇ ਗਏ ਅਤੇ ਜਾਂਚ ਏਜੰਸੀ ਦਾ ਮੰਨਣਾ ਹੈ ਕਿ 25 ਹਜ਼ਾਰ ਵਿਦਿਆਰਥੀ ਨੂੰ ਇਕ ਧਿਰ ਵਜੋਂ ਰੈਫ਼ਰ ਕੀਤਾ ਗਿਆ ਹੈ ਜਿਸ ਦਾ ਕੈਨੇਡਾ ਦੇ 112 ਕਾਲਜਾਂ ਨਾਲ ਸਮਝੌਤਾ ਦੱਸਿਆ ਜਾ ਰਿਹਾ ਹੈ ਜਦਕਿ 10 ਹਜ਼ਾਰ ਵਿਦਿਆਰਥੀਆਂ ਨੂੰ ਦੂਜੀ ਧਿਰ ਨੇ ਰੈਫ਼ਰ ਕੀਤਾ ਜਿਸ ਦਾ 150 ਤੋਂ ਵੱਧ ਕੈਨੇਡੀਅਨ ਕਾਲਜਾਂ ਨਾਲ ਸਮਝੌਤਾ ਦੱਸਿਆ ਜਾ ਰਿਹਾ ਹੈ।
ਅਮਰੀਕਾ ਦੀ ਵਸੋਂ 34 ਕਰੋੜ ਤੋਂ ਟੱਪੀ, ਦੋ ਦਹਾਕੇ ਦਾ ਸਭ ਤੋਂ ਤੇਜ਼ ਵਾਧਾ
ਨਿਊ ਯਾਰਕ : ਅਮਰੀਕਾ ਦੀ ਆਬਾਦੀ ਵਿਚ ਮੌਜੂਦਾ ਵਰ੍ਹੇ ਦੌਰਾਨ 33 ਲੱਖ ਦਾ ਵਾਧਾ ਹੋਇਆ ਜਿਨ੍ਹਾਂ ਵਿਚੋਂ ਤਕਰੀਬਨ 28 ਲੱਖ ਵਿਦੇਸ਼ਾਂ ਤੋਂ ਪੁੱਜੇ। ਦੂਜੇ ਪਾਸੇ ਮੁਲਕ ਵਿਚ ਹੋਈਆਂ ਮੌਤਾਂ ਦੇ ਮੁਕਾਬਲੇ ਜੰਮਣ ਵਾਲਿਆਂ ਦੀ ਗਿਣਤੀ 5 ਲੱਖ 19 ਹਜ਼ਾਰ ਵੱਧ ਦਰਜ ਕੀਤੀ ਗਈ ਜੋ 2021 ਵਿਚ ਸਿਰਫ 1 ਲੱਖ 41 ਹਜ਼ਾਰ ਰਹਿ ਗਈ ਸੀ। ਮਰਦਮਸ਼ੁਮਾਰੀ ਵਿਭਾਗ ਦੇ ਅੰਕੜਿਆਂ ਮੁਤਾਬਕ ਮੁਲਕ ਦੀ ਆਬਾਦੀ 34 ਕਰੋੜ ਤੋਂ ਟੱਪ ਚੁੱਕੀ ਹੈ ਪਰ ਵਰਮੌਂਟ, ਵੈਸਟ ਵਰਜੀਨੀਆ ਅਤੇ ਮਿਸੀਸਿਪੀ ਵਰਗੇ ਰਾਜਾਂ ਦੀ ਵਸੋਂ ਵਿਚ ਕਮੀ ਦਰਜ ਕੀਤੀ ਗਈ। ਕੈਲੇਫੋਰਨੀਆ ਨੂੰ ਵੀ 2 ਲੱਖ 40 ਹਜ਼ਾਰ ਲੋਕਾਂ ਦਾ ਘਾਟਾ ਬਰਦਾਸ਼ਤ ਕਰਨਾ ਪਿਆ ਕਿਉਂਕਿ ਅੰਦਰੂਨੀ ਪ੍ਰਵਾਸ ਦੌਰਾਨ ਵੱਡੀ ਗਿਣਤੀ ਵਿਚ ਲੋਕਾਂ ਨੇ ਅਮਰੀਕਾ ਦੇ ਹੋਰਨਾਂ ਰਾਜਾਂ ਵਿਚ ਵਸਣ ਨੂੰ ਤਰਜੀਹ ਦਿਤੀ ਪਰ ਕੌਮਾਂਤਰੀ ਪ੍ਰਵਾਸ ਸਦਕਾ 3 ਲੱਖ 61 ਹਜ਼ਾਰ ਤੋਂ ਵੱਧ ਲੋਕ ਸੂਬੇ ਵਿਚ ਆ ਕੇ ਵਸੇ। ਅਮਰੀਕਾ ਦੀ ਆਬਾਦੀ ਵਿਚ 2024 ਦੌਰਾਨ ਹੋਇਆ ਵਾਧਾ ਪਿਛਲੇ 23 ਸਾਲ ਵਿਚ ਸਭ ਤੋਂ ਵੱਧ ਮੰਨਿਆ ਜਾ ਰਿਹਾ ਹੈ। 2023 ਦੌਰਾਨ ਮੁਲਕ ਦੀ ਆਬਾਦੀ ਵਿਚ 23 ਲੱਖ ਦਾ ਵਾਧਾ ਹੋਇਆ ਜਦਕਿ 2022 ਵਿਚ ਇਹ ਅੰਕੜਾ 17 ਲੱਖ ਦਰਜ ਕੀਤਾ ਗਿਆ। ਇਸ ਤੋਂ ਪਹਿਲਾਂ ਸਾਲ 2001 ਵਿਚ ਮੁਲਕ ਦੀ ਕੁਲ ਆਬਾਦੀ ਦਾ ਇਕ ਫ਼ੀ ਸਦੀ ਦੇ ਬਰਾਬਰ ਵਸੋਂ ਵਿਚ ਵਾਧਾ ਦਰਜ ਕੀਤਾ ਗਿਆ ਸੀ। ਅਮਰੀਕਾ ਦੇ ਦੱਖਣੀ ਰਾਜਾਂ ਵਿਚ ਤਕਰੀਬਨ 13 ਕਰੋੜ 27 ਲੱਖ ਲੋਕ ਵਸਦੇ ਹਨ ਅਤੇ ਪਿਛਲੇ ਸਾਲ ਦੇ ਮੁਕਾਬਲੇ ਵਸੋਂ ਵਿਚ 1.4 ਫੀ ਸਦੀ ਵਾਧਾ ਹੋਇਆ ਹੈ। ਮਰਦਮਸ਼ੁਮਾਰੀ ਬਿਊਰੋ ਦੀ ਡੈਮੋਗ੍ਰਾਫ਼ਰ ਕ੍ਰਿਸਟੀ ਵਾਇਲਡਰ ਨੇ ਦੱਸਿਆ ਕਿ ਪਿਛਲੇ ਪੰਜ ਸਾਲ ਦੌਰਾਨ ਅਮਰੀਕਾ ਦੀ ਵਸੋਂ ਵਿਚ ਕੁਦਰਤੀ ਵਾਧਾ ਓਨਾ ਨਹੀਂ ਰਿਹਾ ਜਿੰਨਾ ਹੋਣਾ ਚਾਹੀਦਾ ਸੀ ਪਰ ਕੌਮਾਂਤਰੀ ਪ੍ਰਵਾਸ ਨੇ ਆਬਾਦੀ ਵਧਾਉਣ ਵਿਚ ਵੱਡਾ ਯੋਗਦਾਨ ਪਾਇਆ।
ਸੀਰੀਆ ਦੇ ਸਾਬਕਾ ਰਾਸ਼ਟਰਪਤੀ ਦੀ ਪਤਨੀ ਨੂੰ ਬਲੱਡ ਕੈਂਸਰ ਹੋਣ ਦਾ ਦਾਅਵਾ
ਮਾਸਕੋ : ਸੀਰੀਆ ਦੇ ਸਾਬਕਾ ਰਾਸ਼ਟਰਪਤੀ ਬਸ਼ਰ ਅਲ-ਅਸਦ ਦੀ ਪਤਨੀ ਅਸਮਾ ਅਲ-ਅਸਦ ਗੰਭੀਰ ਬੀਮਾਰੀ ਤੋਂ ਪੀੜਤ ਹਨ। ਦਿ ਟੈਲੀਗ੍ਰਾਫ ਮੁਤਾਬਕ ਅਸਮਾ ਨੂੰ ਬਲੱਡ ਕੈਂਸਰ ਯਾਨੀ ਲਿਊਕੇਮੀਆ ਹੈ। ਡਾਕਟਰਾਂ ਨੇ ਕਿਹਾ ਹੈ ਕਿ ਉਨ੍ਹਾਂ ਦੇ ਬਚਣ ਦੀ ਸੰਭਾਵਨਾ ਸਿਰਫ 50% ਹੈ।
ਬ੍ਰਿਟਿਸ਼ ਵਿੱਚ ਜਨਮੀ ਅਸਮਾ ਅਲ-ਅਸਦ ਨੂੰ 2019 ਵਿੱਚ ਛਾਤੀ ਦੇ ਕੈਂਸਰ ਦਾ ਪਤਾ ਲੱਗਿਆ ਸੀ। ਇਲਾਜ ਤੋਂ ਬਾਅਦ ਉਨ੍ਹਾਂ ਨੇ ਆਪਣੇ ਆਪ ਨੂੰ ਕੈਂਸਰ ਮੁਕਤ ਐਲਾਨ ਦਿੱਤਾ। ਫਿਲਹਾਲ ਉਸ ਨੂੰ ਆਈਸੋਲੇਸ਼ਨ &lsquoਚ ਰੱਖ ਕੇ ਇਲਾਜ ਕੀਤਾ ਜਾ ਰਿਹਾ ਹੈ। ਅਸਮਾ ਨੇ ਦਸੰਬਰ 2000 ਵਿੱਚ ਅਸਦ ਨਾਲ ਵਿਆਹ ਕੀਤਾ ਸੀ। ਅਸਮਾ ਅਤੇ ਅਸਦ ਦੇ ਤਿੰਨ ਬੱਚੇ ਹਨ, ਜਿਨ੍ਹਾਂ ਦਾ ਨਾਂ ਹਾਫਿਜ਼, ਜੀਨ ਅਤੇ ਕਰੀਮ ਹੈ।
ਆਸਮਾ ਦਾ ਜਨਮ ਲੰਡਨ ਵਿੱਚ 1975 ਵਿੱਚ ਸੀਰੀਆਈ ਮਾਪਿਆਂ ਦੇ ਘਰ ਹੋਇਆ ਸੀ। ਉਸ ਕੋਲ ਬ੍ਰਿਟੇਨ ਅਤੇ ਸੀਰੀਆ ਦੀ ਦੋਹਰੀ ਨਾਗਰਿਕਤਾ ਹੈ।
ਸੀਰੀਆ &lsquoਚ 2011 &lsquoਚ ਸ਼ੁਰੂ ਹੋਏ ਘਰੇਲੂ ਯੁੱਧ ਅਤੇ ਵਿਦਰੋਹ ਤੋਂ ਬਾਅਦ ਸਥਿਤੀ ਵਿਗੜ ਗਈ। ਬਾਗੀ ਸਮੂਹ ਹਯਾਤ ਤਹਿਰੀਰ ਅਲ-ਸ਼ਾਮ ਦੁਆਰਾ 11 ਦਿਨਾਂ ਦੇ ਹਮਲੇ ਤੋਂ ਬਾਅਦ ਬਸ਼ਰ ਅਲ-ਅਸਦ ਅਤੇ ਉਨ੍ਹਾਂ ਦਾ ਪਰਿਵਾਰ ਹਾਲ ਹੀ ਵਿੱਚ ਸੀਰੀਆ ਤੋਂ ਰੂਸ ਭੱਜ ਗਿਆ ਸੀ। ਹੁਣ ਉਹ ਮਾਸਕੋ ਵਿੱਚ ਸ਼ਰਨ ਲੈ ਕੇ ਰਹਿ ਰਹੇ ਹਨ।
ਜਿ਼ਕਰਯੋਗ ਹੈ ਕਿ ਰੂਸ ਨੇ ਅਸਦ ਨੂੰ ਸਖ਼ਤ ਸ਼ਰਤਾਂ ਨਾਲ ਸ਼ਰਨ ਦਿੱਤੀ ਹੈ। ਉਹ ਮਾਸਕੋ ਛੱਡ ਨਹੀਂ ਸਕਦੇ ਹਨ ਅਤੇ ਕਿਸੇ ਵੀ ਰਾਜਨੀਤਿਕ ਗਤੀਵਿਧੀ ਵਿੱਚ ਹਿੱਸਾ ਲੈਣ &lsquoਤੇ ਪਾਬੰਦੀ ਹੈ। ਇਸ ਤੋਂ ਇਲਾਵਾ ਉਸ ਦੀਆਂ ਜਾਇਦਾਦਾਂ ਨੂੰ ਵੀ ਫਰੀਜ਼ ਕਰ ਦਿੱਤਾ ਗਿਆ ਹੈ।
ਜਾਪਾਨ ਏਅਰਲਾਈਨਜ਼ &lsquoਤੇ ਸਾਈਬਰ ਹਮਲਾ
ਜਾਪਾਨ ਦੀ ਪ੍ਰਮੁੱਖ ਏਅਰਲਾਈਨ Japan Airlines (JAL) ਨੂੰ ਸਾਈਬਰ ਹਮਲੇ ਦਾ ਸਾਹਮਣਾ ਕਰਨਾ ਪਿਆ ਹੈ। ਇਹ ਹਮਲਾ ਸਵੇਰੇ 7:24 ਵਜੇ ਦਰਜ ਕੀਤਾ ਗਿਆ, ਜਿਸ ਨਾਲ ਕੰਪਨੀ ਦੇ ਨੈੱਟਵਰਕ ਉਪਕਰਣਾਂ ਵਿੱਚ ਖਰਾਬੀ ਆ ਗਈ। ਇਸ ਹਮਲੇ ਦਾ ਪ੍ਰਭਾਵ ਘਰੇਲੂ ਅਤੇ ਅੰਤਰਰਾਸ਼ਟਰੀ ਉਡਾਣਾਂ &lsquoਤੇ ਪਇਆ, ਅਤੇ ਯਾਤਰੀਆਂ ਲਈ ਟਿਕਟਾਂ ਦੀ ਵਿਕਰੀ ਰੋਕਣੀ ਪਈ। ਟਵਿੱਟਰ &lsquoਤੇ ਜਾਰੀ ਇਕ ਬਿਆਨ &lsquoਚ ਏਅਰਲਾਈਨ ਨੇ ਕਿਹਾ ਕਿ ਕੰਪਨੀ ਅਤੇ ਇਸ ਦੇ ਗਾਹਕਾਂ ਨੂੰ ਜੋੜਨ ਵਾਲੇ ਨੈੱਟਵਰਕ ਉਪਕਰਣ &lsquoਚ ਅੱਜ ਸਵੇਰੇ 7:24 ਵਜੇ ਤੋਂ ਖਰਾਬੀ ਆ ਰਹੀ ਹੈ। ਇਸ ਨਾਲ ਘਰੇਲੂ ਅਤੇ ਅੰਤਰਰਾਸ਼ਟਰੀ ਉਡਾਣਾਂ ਪ੍ਰਭਾਵਿਤ ਹੋਣ ਦੀ ਸੰਭਾਵਨਾ ਹੈ। ਇੱਕ ਹੋਰ ਪੋਸਟ ਵਿੱਚ, ਜਾਪਾਨ ਏਅਰਲਾਈਨਜ਼ ਨੇ ਕਿਹਾ ਕਿ ਉਸਨੇ ਸਵੇਰੇ 8:56 ਵਜੇ ਸਮੱਸਿਆ ਦੇ ਕਾਰਨ ਦੀ ਪਛਾਣ ਕੀਤੀ ਅਤੇ ਕਾਰਵਾਈ ਕੀਤੀ। ਅਸੀਂ ਸਿਸਟਮ ਰਿਕਵਰੀ ਸਥਿਤੀ ਦੀ ਜਾਂਚ ਕਰ ਰਹੇ ਹਾਂ। ਪੋਸਟ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਅੱਜ ਰਵਾਨਾ ਹੋਣ ਵਾਲੀਆਂ ਘਰੇਲੂ ਅਤੇa ਅੰਤਰਰਾਸ਼ਟਰੀ ਉਡਾਣਾਂ ਲਈ ਟਿਕਟਾਂ ਦੀ ਵਿਕਰੀ ਰੋਕ ਦਿੱਤੀ ਗਈ ਹੈ। ਏਅਰਲਾਈਨਜ਼ ਨੇ ਆਪਣੇ ਯਾਤਰੀਆਂ ਤੋਂ ਮੁਆਫੀ ਮੰਗੀ ਅਤੇ ਕਿਹਾ ਕਿ ਉਹ ਕਿਸੇ ਵੀ ਅਸੁਵਿਧਾ ਲਈ ਮੁਆਫੀ ਚਾਹੁੰਦੇ ਹਨ।
ਕੈਨੇਡਾ &lsquoਚ ਨੌਕਰੀ ਲੈਣ ਦੇ ਚਾਹਵਾਨਾਂ ਨੂੰ ਵੱਡਾ ਝਟਕਾ, ਐਕਸਪ੍ਰੈਸ ਇਮੀਗ੍ਰੇਸ਼ਨ ਪ੍ਰਣਾਲੀ &lsquoਚ ਤਬਦੀਲੀ ਦਾ ਐਲਾਨ
ਕੈਨੇਡਾ ਸਰਕਾਰ ਨੇ ਵੱਡਾ ਝਟਕਾ ਦਿੰਦੇ ਹੋਏ ਐਲਾਨ ਕੀਤਾ ਹੈ ਕਿ 2025 ਤੋਂ ਐਕਸਪ੍ਰੈਸ ਐਂਟਰੀ ਤਹਿਤ ਸਥਾਈ ਨਿਵਾਸ (ਪੀਆਰ) ਲਈ ਅਪਲਾਈ ਕਰਨ ਵਾਲਿਆਂ ਨੂੰ ਨੌਕਰੀ ਦੇ ਆਫਰ &lsquoਤੇ ਮਿਲਣ ਵਾਲੇ ਵਾਧੂ 50 ਅੰਕਾਂ ਤੋਂ ਲੈ ਕੇ 200 ਅੰਕ ਦਾ ਫਾਇਦਾ ਨਹੀਂ ਮਿਲੇਗਾ। ਇਹ ਬਦਲਾਅ ਸਿਸਟਮ ਵਿਚ ਹੋ ਰਹੀ ਧੋਖਾਦੇਹੀ ਨੂੰ ਰੋਕਣ ਲਈ ਕੀਤਾ ਗਿਆ ਹੈ।
ਇਸ ਦਾ ਵੱਡਾ ਝਟਕਾ ਪੰਜਾਬੀ ਮੂਲ ਦੇ ਨੌਜਵਾਨਾਂ ਨੂੰ ਲੱਗਣ ਜਾ ਰਿਹਾ ਹੈ ਜਿਨ੍ਹਾਂ ਨੇ ਜੌਬ ਆਫਰ ਲਗਾ ਕੇ ਪੀਆਰ ਲਈ ਅਪਲਾਈ ਕੀਤਾ ਹੋਇਆ ਹੈ। ਕੈਨੇਡਾ ਇਮੀਗ੍ਰੇਸ਼ਨ ਵਿਭਾਗ ਨੇ ਕਿਹਾ ਕਿ ਇਹ ਕਦਮ ਉਨ੍ਹਾਂ ਉਮੀਦਵਾਰਾਂ &lsquoਤੇ ਲਾਗੂ ਹੋਵੇਗਾਜੋ ਐਕਸਪ੍ਰੈਸ ਐਂਟਰੀ ਜ਼ਰੀਏ ਪੀਆਰ ਪਾਉਣ ਦੀ ਯੋਜਨਾ ਬਣਾ ਰਹੇ ਹਨ।
ਮਾਹਿਰਾਂ ਨੇ ਇਸ ਕਦਮ ਨੂੰ ਧੋਖਾਦੇਹੀ ਵਿਚ ਕਾਰਗਰ ਦੱਸਿਆ ਨਾਲ ਹੀ ਕਿਹਾ ਕਿ ਇਸ ਨਾਲ ਕੁਸ਼ਲਤਾ ਵਾਲੇ ਬਿਨੈਕਾਰਾਂ ਨੂੰ ਨੁਕਸਾਨ ਹੋ ਸਕਦਾ ਹੈ। ਉਨ੍ਹਾਂ ਨੇ ਸੁਝਾਅ ਦਿੱਤਾ ਕਿ ਸਰਕਾਰ ਨੂੰ ਬੇਹਤਰ ਸਕਰੀਨਿੰਗ ਪ੍ਰਕਿਰਿਆ ਅਪਨਾਉਣੀ ਚਾਹੀਦੀ ਹੈ ਨਾ ਕਿ ਸਿੱਧਾ ਜੌਬ ਆਫਰ ਵਾਲਿਆਂ ਦੇ ਨੰਬਰ ਖਤਮ ਕਰਨੇ ਚਾਹੀਦੇ ਹਨ। ਮੌਜੂਦਾ ਸਮੇਂ 1 ਲੱਖ 35 ਹਜ਼ਾਰ ਦੇ ਲਗਭਗ ਪੀਆਰ ਦੀਆਂ ਅਰਜ਼ੀਆਂ ਹਨ ਜਿਨ੍ਹਾਂ ਵਿਚ ਜੌਬ ਆਫਰ ਲੱਗੀ ਹੋਈ ਹੈ।