image caption: -ਰਜਿੰਦਰ ਸਿੰਘ ਪੁਰੇਵਾਲ

ਅਕਾਲੀ ਦਲ ਤੇ ਅਕਾਲ ਤਖਤ ਸਾਹਿਬ ਦਰਮਿਆਨ ਸੁਤੁੰਲਿਤ ਵਿਚਾਰ ਤੇ ਏਕਤਾ ਦੀ ਲੋੜ

ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਨੂੰ ਦੋ ਟੁਕ ਆਪਣਾ ਫੈਸਲਾ ਸੁਣਾਉਂਦਿਆਂ ਸਿੱਧੇ ਤੌਰ &rsquoਤੇ 2 ਦਸੰਬਰ 2024 ਦੇ ਹੋਏ ਆਦੇਸ਼ਾਂ ਨੂੰ ਤੁਰੰਤ ਬਿਨਾਂ ਆਨਾਕਾਨੀ ਤੋਂ ਲਾਗੂ ਕਰਨ ਸਬੰਧੀ ਖ਼ਬਰਾਂ ਰਾਹੀਂ ਸੁਨੇਹਾ ਭੇਜਿਆ ਗਿਆ ਸੀ ਜਿਸ ਦੇ ਫਲਸਰੂਪ ਅਕਾਲੀ ਦਲ ਵਿਚ ਹਲਚਲ ਪੈਦਾ ਹੋ ਗਈ ਹੈ| ਸ਼੍ਰੋਮਣੀ ਅਕਾਲੀ ਦਲ ਦੇ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਭੂੰਦੜ ਤੇ ਡਾਕਟਰ ਦਲਜੀਤ ਸਿੰਘ ਚੀਮਾ ਉਨ੍ਹਾਂ ਨਾਲ ਮੁਲਾਕਾਤ ਕਰਨਗੇ ਤਾਂ ਜੋ ਟਕਰਾਅ ਵਾਲੀ ਹਾਲਤ ਪੈਦਾ ਨਾ ਹੋਵੇ|
ਚਰਚਾਵਾਂ ਹਨ ਕਿ ਜਥੇਦਾਰ ਨੂੰ ਇਹ ਆਗੂ ਕਿਸੇ ਨਾ ਕਿਸੇ ਤਰੀਕੇ ਨਾਲ ਮਨਾ ਕੇ ਉਪਰੋਕਤ ਹੋਏ ਫੈਸਲੇ ਨੂੰ ਬਦਲਾਉਣ ਦੀਆਂ ਵੱਖ ਵੱਖ ਦਲੀਲਾਂ ਅਕਾਲੀ ਦਲ ਦੇ ਰਿਹਾ ਹੈ| ਇੱਥੋਂ ਤੱਕ ਕਿ ਪਹਿਲਾਂ ਵੀ ਐਡਵੋਕੇਟ ਜਨਰਲ ਪਾਸੋਂ ਇੱਕ ਵੱਡੀ ਰਿਪੋਰਟ ਤਿਆਰ ਕਰਵਾ ਕੇ ਪਾਰਟੀ ਦੇ ਸੰਵਿਧਾਨ ਦੇ ਨਾਲ ਸਬੰਧਤ ਜਥੇਦਾਰ ਨੂੰ ਪਿਛਲੇ ਦਿਨੀਂ ਸੌਂਪੀ ਗਈ ਸੀ, ਪਰ ਜਥੇਦਾਰ 2 ਦਸੰਬਰ ਨੂੰ ਹੋਏ ਫੈਸਲੇ ਨੂੰ ਲਾਗੂ ਕਰਵਾਉਣ ਲਈ ਆਪਣੀ ਅੜੀ ਤੇ ਹੈ| 2 ਦਸੰਬਰ ਨੂੰ ਸ਼੍ਰੋਮਣੀ ਅਕਾਲੀ ਦਲ ਸਬੰਧੀ ਹੋਏ ਫੈਸਲੇ ਵਿਚ ਵਰਕਿੰਗ ਕਮੇਟੀ ਨੂੰ ਆਦੇਸ਼ ਕੀਤਾ ਸੀ ਕਿ ਪ੍ਰਧਾਨ ਸਮੇਤ ਜਿਨ੍ਹਾਂ ਨੇ ਅਸਤੀਫੇ ਦਿੱਤੇ ਹਨ, ਉਹ ਤਿੰਨ ਦਿਨਾਂ ਦੇ ਅੰਦਰ-ਅੰਦਰ ਪ੍ਰਵਾਨ ਕਰਕੇ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਜਾਣਕਾਰੀ ਭੇਜੀ ਜਾਵੇ| ਵੱਖ ਹੋਏ ਧੜੇ ਨੂੰ ਚੁੱਲ੍ਹਾ ਸਮੇਟ ਕੇ ਸ਼੍ਰੋਮਣੀ ਅਕਾਲੀ ਦਲ ਦੀ ਮਜ਼ਬੂਤੀ ਲਈ ਕੰਮ ਕਰਨ ਦਾ ਆਦੇਸ਼ ਸੀ, ਜਿਨ੍ਹਾਂ ਨੇ ਆਪਣੀ ਸੁਧਾਰ ਲਹਿਰ ਨੂੰ ਸਮੇਟ ਦਿੱਤਾ ਸੀ| ਸਾਰਿਆਂ ਨੂੰ ਅਹੁਦੇਦਾਰੀਆਂ ਭੰਗ ਕਰਨ ਦਾ ਆਦੇਸ਼ ਸੀ| ਵੱਖਰਾ ਸੁਰ ਮੀਡੀਆ ਵਿਚ ਨਾ ਦਿਖਣਾ ਦਾ ਵੀ ਆਦੇਸ਼ ਸੀ, ਪਰ ਵਖਰਾ ਸੁਰ ਬੰਦ ਨਹੀਂ ਹੋਇਆ| ਦੋਵਾਂ ਧਿਰਾਂ ਨੂੰ ਆਪਣੀ ਹਉਮੈ ਅਤੇ ਈਰਖ਼ਾ ਦਾ ਤਿਆਗ ਕਰਕੇ ਇਕੱਠੇ ਹੋ ਕੇ ਚੱਲਣ ਦਾ ਆਦੇਸ਼ ਸੀ, ਜੋ ਹੁਣ ਤੱਕ ਵੱਖ-ਵੱਖ ਧੜਿਆਂ ਵਿਚ ਹੀ ਚੱਲ ਰਹੇ ਹਨ| ਸ਼੍ਰੋਮਣੀ ਅਕਾਲੀ ਦਲ ਦੀ ਭਰਤੀ ਲਈ 7 ਮੈਂਬਰੀ ਕਮੇਟੀ ਗਠਿਤ ਕੀਤੀ ਸੀ, ਜਿਸ ਨੇ 6 ਮਹਿਨੇ ਵਿਚ ਡੈਲੀਗੇਟ ਸਿਸਟਮ ਨਾਲ 6 ਮਹੀਨਿਆਂ ਵਿਚ ਮੁੱੜ ਅਹੁਦੇਦਾਰਾਂ ਦੀ ਚੋਣ ਕਰਵਾਉਂਣੀ ਸੀ, ਇਕ ਮਹੀਨੇ ਤੋਂ ਵੱਧ ਸਮਾਂ ਬੀਤ ਜਾਣ ਤੇ ਵੀ ਇਸ ਕਮੇਟੀ ਦੀ ਕੋਈ ਹਲਚਲ ਨਹੀਂ ਹੋਈ| ਇਹਨਾਂ ਫੈਸਲਿਆਂ ਨੂੰ ਮੰਨਣ ਲਈ ਅਕਾਲੀ ਦਲ ਆਨਾਕਾਨੀ ਕਰ ਰਿਹਾ ਹੈ| ਇਸੇ ਸੰਦਰਭ ਚ ਪਹਿਲਾਂ ਜਥੇਦਾਰ ਨੂੰ ਲਗਾਈ ਗਈ ਤਨਖਾਹ ਭੁਗਤ ਕੇ ਕੋਰ ਕਮੇਟੀ ਦੀ ਮੀਟਿੰਗ ਦਾ ਹਵਾਲਾ ਦੇ ਕੇ 20 ਦਿਨ ਦਾ ਸਮਾਂ ਲਿਆ ਗਿਆ ਸੀ| ਜਿਸ ਤੋਂ ਬਾਅਦ ਸ਼ਹੀਦੀ ਪੰਦੜਵਾੜਾ ਬੀਤ ਜਾਣ ਤੋਂ ਬਾਅਦ ਮੀਟਿੰਗ ਕਰਨ ਦਾ ਹਵਾਲਾ ਦਿੱਤਾ ਗਿਆ ਅਤੇ ਸਮਾਂ ਟਪਾਇਆ ਗਿਆ| 
ਇਸੇ ਦਰਮਿਆਨ ਹੀ ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਤੇ ਲੱਗੇ ਦੋਸ਼ਾਂ ਨੂੰ 19 ਦਸੰਬਰ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਅੰਤ੍ਰਿੰਗ ਕਮੇਟੀ ਦੀ ਹੰਗਾਮੀ ਇਕੱਤਰਤਾ ਸੱਦ ਕੇ ਜਾਂਚ ਕਰਨ ਲਈ ਤਿੰਨ ਮੈਂਬਰੀ ਬਣਾ ਕੇ ਕੰਮਕਾਜ ਤੇ ਰੋਕ ਲਗਾ ਦਿੱਤੀ ਸੀ| ਇਹ ਰੋਕ 31 ਦਸੰਬਰ ਨੂੰ ਹੋਈ ਅੰਤ੍ਰਿਗ ਕਮੇਟੀ ਦੀ ਇਕੱਤਰਤਾ ਵਿਚ ਜਾਂਚ ਦਾ ਹਵਾਲਾ ਦਿੰਦੇ ਇਕ ਮਹੀਨਾ ਅਗਾਂਹ ਵਧਾ ਦਿੱਤੀ| ਗਿਆਨੀ ਰਘਬੀਰ ਸਿੰਘ ਨੇ ਬੀਤੇ ਦਿਨੀਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਜਿੱਥੇ ਅਕਾਲੀ ਦਲ ਨੂੰ ਦੋ ਟੁੱਕ ਆਪਣਾ ਫੈਸਲਾ ਸੁਣਾਉਂਦਿਆਂ ਇਹ ਕਿਹਾ ਕਿ 2 ਦਸੰਬਰ ਨੂੰ ਹੋਏ ਫੈਸਲਿਆਂ ਨੂੰ ਇੰਨ-ਬਿੰਨ ਲਾਗੂ ਕੀਤਾ ਜਾਵੇ| ਉਨ੍ਹਾਂ ਨੇ ਗਿਆਨੀ ਹਰਪ੍ਰੀਤ ਸਿੰਘ ਦੇ ਮਾਮਲੇ ਦੀ ਕੀਤੀ ਜਾ ਰਹੀ ਜਾਂਚ ਦੇ ਸ਼੍ਰੋਮਣੀ ਕਮੇਟੀ ਦੇ ਫੈਸਲੇ ਨੂੰ ਵੀ ਮੁੱਢੋ ਰੱਦ ਕਰ ਦਿੱਤਾ| ਜਿਸ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਵਿਚ ਹਲਚਲ ਪੈਦਾ ਹੋ ਗਈ ਹੈ ਅਤੇ ਜਥੇਦਾਰ ਨੂੰ ਕਿਸੇ ਢੰਗ ਨਾਲ ਮਨਾਉਣ ਦੇ ਯਤਨ ਕੀਤੇ ਜਾ ਰਹੇ ਹਨ| ਚਰਚਾ ਹੈ ਕਿ ਜਥੇਦਾਰ ਨੂੰ ਇਸ ਫੈਸਲੇ ਤੇ ਮੁੜ ਵਿਚਾਰ ਕਰਨ ਲਈ ਪੰਜ ਸਿੰਘ ਸਾਹਿਬਾਨ ਵਿਚ ਇਹ ਮਾਮਲਾ ਵਿਚਾਰਨ ਲਈ ਵੀ ਕਿਹਾ ਜਾ ਸਕਦਾ ਹੈ|
ਪਰ ਅਜਿਹਾ ਸੰਭਵ ਦਿਖਾਈ ਨਹੀਂ ਦੇ ਰਿਹਾ| ਸ੍ਰੋਮਣੀ ਅਕਾਲੀ ਦਲ ਦੀ ਵਰਕਿੰਗ ਕਮੇਟੀ ਨੂੰ ਅਕਾਲ ਤਖਤ ਸਾਹਿਬ ਵਲੋਂ ਬਣਾਈ ਕਮੇਟੀ ਆਪ ਸੁਤੰਤਰ ਤੌਰ ਉਪਰ ਅਪਨਾ ਲੈਣੀ ਚਾਹੀਦੀ ਹੈ| ਫਿਰ ਕਿਸੇ ਤਰ੍ਹਾਂ ਸੰਵਿਧਾਨਕ ਸੰਕਟ ਪੈਦਾ ਨਹੀਂ ਹੁੰਦਾ| ਅਕਾਲੀ ਦਲ ਤੇ ਅਕਾਲ ਤਖਤ ਸਾਹਿਬ ਦੇ ਟਕਰਾਅ ਵਿਚ ਨੁਕਸਾਨ ਅਕਾਲੀ ਦਲ ਦਾ ਹੋਵੇਗਾ|
ਅਕਾਲੀ ਦਲ ਦੇਸ਼ ਦੀ ਪੁਰਾਣੀ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਜਿਸ ਦਾ ਆਜ਼ਾਦੀ ਤੋਂ ਪਹਿਲਾਂ ਅਤੇ ਆਜ਼ਾਦੀ ਤੋਂ ਬਾਅਦ ਦੇਸ਼ ਦੀ ਧਾਰਮਿਕ ਤੇ ਰਾਜਨੀਤਕ ਸਿਆਸਤ ਵਿਚ ਅਹਿਮ ਰੋਲ ਰਿਹਾ ਹੈ ਅਤੇ ਜੋ ਕਿ 1920 ਵਿਚ ਆਪਣੇ ਹੋਂਦ ਵਿਚ ਆਉਣ ਦੇ ਸਮੇਂ ਤੋਂ ਹੀ ਪੰਥ ਅਤੇ ਪੰਜਾਬ ਦੇ ਹੱਕਾਂ-ਹਿਤਾਂ ਲਈ ਸੰਘਰਸ਼ ਕਰਦੀ ਰਹੀ ਹੈ, ਅੱਜ ਗੰਭੀਰ ਸੰਕਟ ਵਿਚੋਂ ਗੁਜ਼ਰਦੀ ਨਜ਼ਰ ਆ ਰਹੀ ਹੈ| 2017 ਤੋਂ ਬਾਅਦ ਇਹ ਪੰਜਾਬ ਵਿਚ ਹੋਣ ਵਾਲੀਆਂ ਲੋਕ ਸਭਾ ਅਤੇ ਵਿਧਾਨ ਸਭਾ ਦੀਆਂ ਚੋਣਾਂ ਵਿਚ ਬੁਰੀ ਤਰ੍ਹਾਂ ਹਾਰਦੀ ਰਹੀ ਹੈ| ਇਸ ਤੋਂ ਇਲਾਵਾ ਪੰਚਾਇਤਾਂ ਅਤੇ ਮਿਊਂਸੀਪਲ ਅਦਾਰਿਆਂ, ਜਿਨ੍ਹਾਂ ਨੂੰ ਸਥਾਨਕ ਸਰਕਾਰਾਂ ਵੀ ਕਿਹਾ ਜਾਂਦਾ ਹੈ, ਦੀਆਂ ਚੋਣਾਂ ਵਿਚ ਵੀ ਇਸ ਦੀ ਕਾਰਗੁਜ਼ਾਰੀ ਬੇਹੱਦ ਕਮਜ਼ੋਰ ਰਹੀ ਹੈ| ਇਸ ਸਮੇਂ ਇਸ ਦੇ ਵੱਖ-ਵੱਖ ਧੜਿਆਂ ਦਾ ਜੋ ਵਤੀਰਾ ਨਜ਼ਰ ਆ ਰਿਹਾ ਹੈ, ਉਸ ਨੂੰ ਮੁੱਖ ਰੱਖਦਿਆਂ ਇਸ ਗੱਲ ਦਾ ਵੀ ਕੋਈ ਭਰੋਸਾ ਨਹੀਂ ਕਿ ਆਉਣ ਵਾਲੇ ਸਾਲਾਂ ਵਿਚ ਵੀ ਇਸ ਦਾ ਮੁੜ ਉਭਾਰ ਹੋ ਸਕੇਗਾ|
ਸ਼੍ਰੋਮਣੀ ਅਕਾਲੀ ਦਲ ਦੇ ਮੁੱਖ ਧੜੇ ਜਿਸ ਨੂੰ ਸ਼੍ਰੋਮਣੀ ਅਕਾਲੀ ਦਲ (ਬਾਦਲ) ਵੀ ਆਖਿਆ ਜਾਂਦਾ ਹੈ, ਦੇ ਲੀਡਰਾਂ ਅਤੇ ਇਸੇ ਦਲ ਵਿਚੋਂ ਨਿਕਲੇ ਹੋਏ ਕੁਝ ਹੋਰ ਅਕਾਲੀ ਆਗੂਆਂ ਦੀਆਂ ਪਿਛਲੀਆਂ ਗ਼ਲਤੀਆਂ ਨੂੰ ਮੁੱਖ ਰੱਖ ਕੇ ਉਨ੍ਹਾਂ ਦੀ ਜਵਾਬਦੇਹੀ ਕਰਨ ਅਤੇ ਭਵਿੱਖ ਵਿਚ ਸ਼੍ਰੋਮਣੀ ਅਕਾਲੀ ਦਲ ਦੀ ਮਜ਼ਬੂਤੀ ਅਤੇ ਇਕਮੁੱਠਤਾ ਲਈ ਪਿਛਲੇ ਸਾਲ 2 ਦਸੰਬਰ ਨੂੰ ਸਿੰਘ ਸਾਹਿਬਾਨ ਨੇ ਸ੍ਰੀ ਅਕਾਲ ਤਖ਼ਤ ਦੀ ਫ਼ਸੀਲ ਤੋਂ, ਜਿਥੇ ਉਨ੍ਹਾਂ ਨੂੰ ਧਾਰਮਿਕ ਸਜ਼ਾ ਸੁਣਾਈ ਸੀ, ਉਥੇ ਉਨ੍ਹਾਂ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੀ ਅਗਵਾਈ ਵਿਚ ਇਕ 7 ਮੈਂਬਰੀ ਕਮੇਟੀ ਬਣਾ ਕੇ ਅਕਾਲੀ ਦਲ ਦਾ ਮੁੜ ਤੋਂ ਪੁਨਰਗਠਨ ਕਰਨ ਦਾ ਆਦੇਸ਼ ਵੀ ਦਿੱਤਾ ਸੀ| ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਆਗੂਆਂ ਅਤੇ ਇਸੇ ਧੜੇ ਦੇ ਹੋਰ ਬਾਗੀ ਆਗੂਆਂ ਨੇ ਸਿੰਘ ਸਾਹਿਬਾਨ ਦੇ ਆਦੇਸ਼ਾਂ ਦੇ ਮੁਤਾਬਕ ਆਪਣੀਆਂ ਧਾਰਮਿਕ ਸਜ਼ਾਵਾਂ ਤਾਂ ਪੂਰੀਆਂ ਕਰ ਲਈਆਂ ਹਨ, ਪਰ ਸ਼੍ਰੋਮਣੀ ਅਕਾਲੀ ਦਲ ਦੇ ਪੁਨਰਗਠਨ ਬਾਰੇ ਸਿੰਘ ਸਾਹਿਬਾਨ ਨੇ ਜੋ ਆਦੇਸ਼ ਦਿੱਤੇ ਹਨ, ਉਨ੍ਹਾਂ ਦੀ ਪੂਰਤੀ ਕਰਨ ਸੰਬੰਧੀ ਅਕਾਲੀ ਆਗੂਆਂ ਵਿਚ ਇਕਸੁਰਤਾ ਨਜ਼ਰ ਨਹੀਂ ਆ ਰਹੀ| ਜਦ ਕਿ ਇਸ ਦੀ ਬੇਹਦ ਲੋੜ ਹੈ| ਸ਼੍ਰੋਮਣੀ ਅਕਾਲੀ ਦਲ ਦਾ ਕਮਜ਼ੋਰ ਹੋਣਾ ਨੁਕਸਾਨ ਵਾਲੀ ਗੱਲ ਹੈ| ਦੁੱਖ ਵਾਲੀ ਗੱਲ ਇਹ ਵੀ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੀ ਅਜੋਕੀ ਲੀਡਰਸ਼ਿਪ ਪਿਛਲੇ ਲੰਮੇ ਸਮੇਂ ਤੋਂ ਇਨ੍ਹਾਂ ਕੌਮੀ ਮਸਲਿਆਂ ਸੰਬੰਧੀ ਕਿਸੇ ਵੀ ਤਰ੍ਹਾਂ ਦੀ ਚਿੰਤਾ ਪ੍ਰਗਟ ਕਰਦੀ ਹੋਈ ਵੀ ਘੱਟ ਹੀ ਨਜ਼ਰ ਆਈ ਹੈ|
ਇਸ ਸਾਰੇ ਘਟਨਾਕ੍ਰਮ ਦੇ ਸੰਦਰਭ ਵਿਚ ਸਾਡੀ ਇਹ ਸਪੱਸ਼ਟ ਰਾਇ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੇ ਵੱਖ-ਵੱਖ ਧੜਿਆਂ ਨੂੰ ਪੰਥ ਤੇ ਪੰਜਾਬ ਦੇ ਹੱਕਾਂ, ਹਿਤਾਂ ਦੀ ਰਾਖੀ ਲਈ ਅਤੇ ਦੇਸ਼ ਵਿਚ ਜਮਹੂਰੀਅਤ, ਧਰਮ ਨਿਰਪੱਖਤਾ (ਸਰਬੱਤ ਦਾ ਭਲਾ) ਅਤੇ ਸੰਘੀ ਢਾਂਚੇ ਦੀ ਮਜ਼ਬੂਤੀ ਲਈ ਆਪਸੀ ਮਤਭੇਦ ਭੁਲਾ ਕੇ ਏਕਤਾ ਕਰਨੀ ਚਾਹੀਦੀ ਹੈ ਅਤੇ ਸ਼੍ਰੋਮਣੀ ਅਕਾਲੀ ਦਲ ਨੂੰ ਮੁੜ ਤੋਂ ਇਕ ਮਜ਼ਬੂਤ ਸੰਗਠਨ ਬਣਾ ਕੇ ਦੇਸ਼ ਦੀਆਂ ਅਜੋਕੀਆਂ ਧਾਰਮਿਕ ਅਤੇ ਰਾਜਨੀਤਕ ਚੁਣੌਤੀਆਂ ਦਾ ਦ੍ਰਿੜਤਾ ਤੇ ਦੂਰਅੰਦੇਸ਼ੀ ਨਾਲ ਸਾਹਮਣਾ ਕਰਨਾ ਚਾਹੀਦਾ ਹੈ|
-ਰਜਿੰਦਰ ਸਿੰਘ ਪੁਰੇਵਾਲ