image caption:

ਸ੍ਰੀ ਅਕਾਲ ਤਖ਼ਤ ਤੋਂ ਭਗੌੜਾ ਗ੍ਰੋਹ ਨੇ ਹੁਕਮਨਾਮੇ ਦਾ ਕੀਤਾ ਚੀਰ ਹਰਨ : ਅਕਾਲੀ ਹਿਤੈਸ਼ੀ ਲੀਡਰਸ਼ਿਪ

 ਚੰਡੀਗੜ੍ਹ, (ਮਿਹਰਜੋਤ ਸਿੰਘ): ਸ਼੍ਰੋਮਣੀ ਅਕਾਲੀ ਦਲ ਦੀ ਹਿਤੈਸ਼ੀ ਲੀਡਰਸ਼ਿਪ ਨੇ ਸ਼ੁੱਕਰਵਾਰ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਮੁੱਖ ਦਫਤਰ ਵਿਚ ਵਰਕਿੰਗ ਕਮੇਟੀ ਦੀ ਮੀਟਿੰਗ ਦੌਰਾਨ ਹੋਏ ਫੈਸਲੇ ਨੂੰ ਪੰਥਕ ਜਮਾਤ ਦੇ ਸਿਰ ਮੜਿਆ ਵੱਡਾ ਪਾਪ ਕਰਾਰ ਦਿੱਤਾ ਹੈ।

ਜਾਰੀ ਬਿਆਨ ਵਿਚ ਸਾਬਕਾ ਵਿਧਾਇਕ ਜਥੇਦਾਰ ਗੁਰਪ੍ਰਤਾਪ ਸਿੰਘ ਵਡਾਲਾ, ਸਾਬਕਾ ਐਸਜੀਪੀਸੀ ਪ੍ਰਧਾਨ ਬੀਬੀ ਜਗੀਰ ਕੌਰ, ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ, ਸਾਬਕਾ ਮੰਤਰੀ ਪਰਮਿੰਦਰ ਸਿੰਘ ਢੀਂਡਸਾ, ਸਾਬਕਾ ਮੰਤਰੀ ਸੁਰਜੀਤ ਸਿੰਘ ਰੱਖੜਾ ਵੱਲੋਂ ਸਾਂਝੇ ਤੌਰ &lsquoਤੇ ਜਾਰੀ ਬਿਆਨ ਵਿਚ ਕਿਹਾ ਕਿ ਸੁਖਬੀਰ ਧੜਾ ਅਸਤੀਫੇ ਦੇ ਚੁੱਕੇ ਲੀਡਰਸ਼ਿਪ ਨੂੰ ਬਚਾਉਣ ਲਈ ਅਤੇ ਕਮੇਟੀ ਦੀ ਬਜਾਏ ਪੁਰਾਣੀ ਰਵਾਇਤ ਮੁਤਾਬਕ ਆਬਜ਼ਰਵਰ ਲਾ ਕੇ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਹੋਏ ਹੁਕਮਨਾਮੇ ਦਾ ਚੀਰ ਹਰਨ ਕਰਦਿਆਂ ਭਗੌੜੇ ਹੋ ਗਏ। ਜਿਸ ਲੀਡਰਸ਼ਿਪ ਦੀ ਅਗਵਾਈ ਹੇਠ ਲਗਾਤਾਰ ਪੰਜ ਵੱਡੀਆਂ ਹਾਰਾਂ ਦਾ ਸਾਹਮਣਾ ਕਰਨਾ ਪਿਆ, ਹੁਕਮਨਾਮੇ ਵਿਚ ਵੀ ਇਸ ਗੱਲ ਦਾ ਜ਼ਿਕਰ ਹੈ ਕਿ ਇਹ ਲੀਡਰਸ਼ਿਪ ਪੰਥਕ ਪਾਰਟੀ ਦੀ ਅਗਵਾਈ ਦਾ ਅਧਾਰ ਗੁਆ ਚੁੱਕੀ ਹੈ। ਆਗੂਆਂ ਨੇ ਹੁਕਮਨਾਮੇ ਤੋਂ ਭਗੌੜਾ ਹੋਈ ਲੀਡਰਸ਼ਿਪ ਨੂੰ ਸਵਾਲ ਕੀਤਾ ਕਿ, ਤਾਕੀਦ ਅਨੁਸਾਰ ਦਿੱਤੇ ਗਏ ਸਾਰੇ ਅਸਤੀਫ਼ੇ ਸਵੀਕਾਰ ਕਿਉਂ ਨਹੀਂ ਹੋਏ। ਮੈਂਬਰਸ਼ਿਪ ਭਰਤੀ ਕਮੇਟੀ ਨੂੰ ਧੜ ਅਤੇ ਸਿਰ ਤੋਂ ਵੱਖ ਕਰ ਕੇ ਭਗੌੜੇ ਹੋਣ ਦਾ ਸਬੂਤ ਦਿੱਤਾ ਗਿਆ ਹੈ। ਆਗੂਆਂ ਨੇ ਸਾਫ ਕਿਹਾ ਕਿ ਸੋਚਿਆ ਸਮਝਿਆ ਅਤੇ ਲਿਖਤੀ ਸਕਰਿਪਟ ਅਨੁਸਾਰ ਇਹ ਸਾਰਾ ਡਰਾਮਾ ਸੁਖਬੀਰ ਸਿੰਘ ਬਾਦਲ ਦੀ ਸਿਆਸਤ ਨੂੰ ਬਚਾਉਣ ਲਈ ਕੀਤਾ ਗਿਆ ਹੈ ਤਾਂ ਜੋ ਆਪਣੇ ਗ੍ਰੋਹ ਦੇ ਚੁਣਿਆ ਮੈਂਬਰਾਂ ਦੀ ਭਰਤੀ ਕਰਕੇ ਸੁਖਬੀਰ ਸਿੰਘ ਬਾਦਲ ਲਈ ਮੁੜ ਪ੍ਰਧਾਨਗੀ ਲਈ ਰਸਤਾ ਤਿਆਰ ਕੀਤਾ ਜਾ ਸਕੇ। ਅਕਾਲੀ ਦਲ ਦੇ ਹਿਤੈਸ਼ੀ ਆਗੂਆਂ ਨੇ ਸਮੁੱਚੇ ਸਿੱਖ ਪੰਥ ਨੂੰ ਅਪੀਲ ਕੀਤੀ ਕਿ ਇਸ ਭਗੌੜੇ ਗ੍ਰੋਹ ਖਿਲਾਫ ਗੁਰੂ ਦੀ ਫੌਜ ਬਣ ਕੇ ਖੜੀਏ ਤਾਂ ਜੋ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸੰਕਲਪ ਤੇ ਸਰਵਉਚਤਾ ਦੀ ਬਹਾਲੀ ਅਤੇ ਮਰਯਾਦਾ ਨੂੰ ਠੇਸ ਨਾ ਪਹੁੰਚੇ।