image caption:

ਬੰਦੀ ਸਿੱਖਾਂ ਲਈ ਲੜਨ ਵਾਲੇ ਬਾਪੂ ਸੂਰਤ ਸਿੰਘ ਖਾਲਸਾ ਦਾ ਦੇਹਾਂਤ

ਬੰਦੀ ਸਿੱਖਾਂ ਲਈ ਸੰਘਰਸ਼ ਲੜਨ ਵਾਲੇ ਬਾਪੂ ਸੂਰਤ ਸਿੰਘ ਖਾਲਸਾ ਦਾ ਬੁੱਧਵਾਰ ਨੂੰ 91 ਸਾਲ ਦੀ ਉਮਰ ਵਿੱਚ ਦੇਹਾਂਤ ਹੋ ਗਿਆ ਹੈ। ਬਾਪੂ ਸੂਰਤ ਸਿੰਘ ਖਾਲਸਾ ਨੇ 16 ਜਨਵਰੀ, 2015 ਨੂੰ 82 ਸਾਲ ਦੀ ਉਮਰ ਵਿੱਚ ਬੰਦੀ ਸਿੱਖਾਂ ਦੀ ਰਿਹਾਈ ਦੀ ਮੰਗ ਕਰਦਿਆਂ ਆਪਣੀ ਭੁੱਖ ਹੜਤਾਲ ਸ਼ੁਰੂ ਕੀਤੀ ਸੀ। ਉਨ੍ਹਾਂ ਦੀ ਮੰਗ ਸੀ ਕਿ ਉਨ੍ਹਾਂ ਸਿੱਖ ਕੈਦੀਆਂ ਨੂੰ ਰਿਹਾਅ ਕੀਤਾ ਜਾਵੇ ਜੋ ਆਪਣੀਆਂ ਸਜ਼ਾਵਾਂ ਪੂਰੀਆਂ ਕਰਨ ਦੇ ਬਾਵਜੂਦ ਜੇਲ੍ਹਾਂ ਵਿੱਚ ਬੰਦ ਹਨ। ਉਨ੍ਹਾਂ ਦੀ ਭੁੱਖ ਹੜਤਾਲ 14 ਜਨਵਰੀ, 2023 ਤੱਕ ਚੱਲੀ। ਇਸ ਤਰ੍ਹਾਂ ਉਨ੍ਹਾਂ ਦੇ ਅੰਦੋਲਨ ਨੂੰ ਪੰਜਾਬ ਦੇ ਇਤਿਹਾਸ ਵਿੱਚ ਸਭ ਤੋਂ ਲੰਬੇ ਅਤੇ ਸਭ ਤੋਂ ਮਹੱਤਵਪੂਰਨ ਅਹਿੰਸਕ ਵਿਰੋਧ ਪ੍ਰਦਰਸ਼ਨਾਂ ਵਿੱਚ ਸ਼ੁਮਾਰ ਕੀਤਾ ਜਾਂਦਾ ਹੈ। ਉਹ ਲੁਧਿਆਣਾ ਦੇ ਫਿਰੋਜ਼ਪੁਰ ਰੋਡ &lsquoਤੇ ਪਿੰਡ ਹਸਨਪੁਰ ਦੇ ਵਸਨੀਕ ਸਨ।

ਸੁਪਰੀਮ ਕੋਰਟ ਨੇ ਡੱਲੇਵਾਲ ਦੀਆਂ ਸਾਰੀਆਂ ਮੈਡੀਕਲ ਰਿਪੋਰਟਾਂ ਮੰਗੀਆਂ
ਪਟਿਆਲਾ : ਸੁਪਰੀਮ ਕੋਰਟ ਵਿੱਚ ਕਿਸਾਨ ਆਗੂ ਜਗਜੀਤ ਡੱਲੇਵਾਲ ਦੇ ਮਰਨ ਵਰਤ ਮਾਮਲੇ ਦੀ ਸੁਣਵਾਈ ਵਿਚ ਵੱਡੇ ਫੈਸਲੇ ਕੀਤੇ ਗਏ ਹਨ। ਕੋਰਟ ਨੇ ਪੰਜਾਬ ਸਰਕਾਰ ਤੋਂ ਡੱਲੇਵਾਲ ਦੀ ਸਿਹਤ ਸੰਬੰਧੀ ਪਿਛਲੀਆਂ ਅਤੇ ਮੌਜੂਦਾ ਮੈਡੀਕਲ ਰਿਪੋਰਟਾਂ ਤਲਬ ਕੀਤੀਆਂ ਹਨ।

ਪੁਲੀਸ ਵੱਲੋਂ ਡੱਲੇਵਾਲ ਨੂੰ ਚੁੱਕਣ ਦੀ ਤਿਆਰੀ?
ਪਾਤੜਾਂ- ਢਾਬੀ ਗੁੱਜਰਾਂ (ਖਨੌਰੀ) ਬਾਰਡਰ &rsquoਤੇ 51 ਦਿਨਾਂ ਤੋਂ ਮਰਨ ਵਰਤ &rsquoਤੇ ਬੈਠੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੂੰ ਇਲਾਜ ਲਈ ਚੁੱਕਣ ਵਾਸਤੇ ਪੁਲੀਸ ਵੱਲੋਂ ਕਿਸੇ ਵੀ ਸਮੇਂ ਕਾਰਵਾਈ ਨੂੰ ਅੰਜਾਮ ਦਿੱਤੇ ਜਾਣ ਦੀਆਂ ਚਰਚਾਵਾਂ ਸਿਖਰਾਂ &rsquoਤੇ ਚੱਲ ਰਹੀਆਂ ਹਨ। ਇਸ ਸਬੰਧ ਵਿਚ ਪ੍ਰਸ਼ਾਸਨ ਵੱਲੋਂ ਵੱਡੇ ਪੱਧਰ &rsquoਤੇ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਇਸ ਤਹਿਤ ਬੁਧਵਾਰ ਸਵੇਰ ਤੋਂ ਹੀ ਪੁਲੀਸ ਦਾ ਜਮਾਵੜਾ ਹੋਣਾ ਸ਼ੁਰੂ ਹੋ ਗਿਆ ਹੈ। ਢਾਬੀ ਗੁੱਜਰਾਂ ਬਾਰਡਰ ਅਤੇ ਹਰਿਆਣਾ ਦੇ ਬੈਰੀਕੇਡਿੰਗ ਵਿਚਾਲੇ ਹਰਿਆਣਾ ਦੀ ਖਾਲੀ ਪਈ ਥਾਂ ਉਤੇ ਹਰਿਆਣਾ ਪੁਲੀਸ ਵੱਲੋਂ ਹੋਰ ਸੁਰੱਖਿਆ ਬਲਾਂ ਤਾਇਨਾਤ ਕੀਤੇ ਗਏ ਹਨ।
ਦੂਜੇ ਪਾਸੇ ਇਸ ਦੇ ਟਾਕਰੇ ਲਈ ਕਿਸਾਨਾਂ ਆਗੂਆਂ ਵੱਲੋਂ ਵੀ ਕਿਸਾਨਾਂ ਤੇ ਆਮ ਲੋਕਾਂ ਨੂੰ ਇਕੱਠੇ ਹੋਣ ਦੀਆਂ ਅਪੀਲਾਂ ਕੀਤੀਆਂ ਜਾ ਰਹੀਆਂ ਹਨ। ਗ਼ੌਰਤਲਬ ਹੈ ਕਿ ਉਕਤ ਬਾਰਡਰ &lsquoਤੇ ਕਿਸਾਨਾਂ ਨੇ ਪਹਿਲਾਂ ਹੀ ਮਜ਼ਬੂਤ ਕਿਲ੍ਹੇਬੰਦੀ ਕਰਨ ਤੋਂ ਇਲਾਵਾ ਪਦਾਰਥ ਖੇੜਾ ਨੂੰ ਜਾਂਦੀ ਸੜਕ ਤੋਂ ਥੋੜ੍ਹਾ ਜਿਹਾ ਅੱਗੇ ਟਰਾਲੀਆਂ ਲਾ ਕੇ ਪੱਕੇ ਤੌਰ &lsquoਤੇ ਸਟੇਜ ਵੱਲ ਜਾਣ ਵਾਲੇ ਵਾਹਨ ਰੋਕ ਦਿੱਤੇ ਗਏ ਹਨ ਅਤੇ ਸਟੇਜ ਵੱਲ ਜਾਣ ਵਾਲੇ ਹਰ ਵਿਅਕਤੀ ਉੱਤੇ ਪੂਰੀ ਨਜ਼ਰ ਰੱਖੀ ਜਾ ਰਹੀ ਹੈ।

ਪੁਲੀਸ ਵੱਲੋਂ ਮੁੱਠਭੇੜ ਤੋਂ ਬਾਅਦ ਲਾਰੈਂਸ ਬਿਸ਼ਨੋਈ-ਗੋਲਡੀ ਬਰਾੜ ਗੈਂਗ ਦੇ ਦੋ ਮੈਂਬਰ ਕਾਬੂ
ਜਲੰਧਰ- ਜਲੰਧਰ ਕਮਿਸ਼ਨਰੇਟ ਪੁਲੀਸ ਨੇ ਵਡਾਲਾ ਚੌਕ ਨੇੜੇ ਬੁੱਧਵਾਰ ਸਵੇਰੇ ਹੋਈ ਮੁੱਠਭੇੜ ਦੌਰਾਨ ਲਾਰੈਂਸ ਬਿਸ਼ਨੋਈ-ਗੋਲਡੀ ਬਰਾੜ ਗੈਂਗ ਦੇ ਦੋ ਮੁੱਖ ਮੈਂਬਰਾਂ ਨੂੰ ਗ੍ਰਿਫਤਾਰ ਕੀਤਾ ਹੈ। ਮੁਲਜ਼ਮਾਂ ਨੂੰ ਚਾਰ ਨਾਜਾਇਜ਼ ਹਥਿਆਰਾਂ, ਜ਼ਿੰਦਾ ਕਾਰਤੂਸਾਂ ਅਤੇ ਇੱਕ ਗੱਡੀ ਸਮੇਤ ਕਾਬੂ ਕੀਤਾ ਗਿਆ ਹੈ। ਇਹ ਝੜਪ ਉਸ ਸਮੇਂ ਹੋਈ ਜਦੋਂ ਗੈਂਗ ਦੇ ਮੈਂਬਰ ਕਥਿਤ ਤੌਰ &lsquoਤੇ ਜਲੰਧਰ ਵਿੱਚ ਕਿਸੇ ਵੱਡੀ ਵਾਰਦਾਤ ਦੀ ਯੋਜਨਾ ਬਣਾ ਰਹੇ ਸਨ। ਇਸ ਦੌਰਾਨ ਪੁਲੀਸ ਉਨ੍ਹਾਂ ਨੂੰ ਗ੍ਰਿਫ਼ਤਾਰ ਕਰਨ ਪੁੱਜੀ ਤਾਂ ਉਨ੍ਹਾਂ ਪੁਲੀਸ ਟੀਮ &lsquoਤੇ ਗੋਲੀਆਂ ਚਲਾ ਦਿੱਤੀਆਂ। ਪੁਲੀਸ ਨੇ ਜਵਾਬੀ ਕਾਰਵਾਈ ਵਿਚ ਇੱਕ ਗੈਂਗਸਟਰ ਨੂੰ ਉਸ ਦੀ ਲੱਤ ਵਿੱਚ ਗੋਲੀ ਮਾਰ ਕੇ ਜ਼ਖ਼ਮੀ ਕਰ ਦਿੱਤਾ, ਜਦਕਿ ਦੂਜੇ ਨੂੰ ਵੀ ਭੱਜਣ ਦੀ ਕੋਸ਼ਿਸ਼ ਦੌਰਾਨ ਗ੍ਰਿਫਤਾਰ ਕਰ ਲਿਆ ਗਿਆ।ਜਲੰਧਰ ਦੇ ਪੁਲੀਸ ਕਮਿਸ਼ਨਰ ਸਵਪਨ ਸ਼ਰਮਾ ਨੇ ਗ੍ਰਿਫਤਾਰੀਆਂ ਦੀ ਪੁਸ਼ਟੀ ਕਰਦੇ ਹੋਏ ਕਿਹਾ, &ldquoਦੋਸ਼ੀ ਲਾਰੈਂਸ ਬਿਸ਼ਨੋਈ ਗੈਂਗ ਨਾਲ ਜੁੜੇ ਹੋਏ ਹਨ ਅਤੇ ਪਿਛਲੇ ਮਾਮਲਿਆਂ ਵਿੱਚ ਲੋੜੀਂਦੇ ਸਨ।

ਕੈਨੇਡਾ &rsquoਚ ਨੌਕਰੀ ਤੋਂ ਕੱਢੇ ਜਾਣਗੇ 10 ਲੱਖ ਪ੍ਰਵਾਸੀ!
ਟੋਰਾਂਟੋ, : ਕੈਨੇਡਾ ਵਿਚ 10 ਲੱਖ ਨੌਕਰੀਆਂ ਖਤਮ ਹੋਣ ਦਾ ਖਦਸ਼ਾ ਜ਼ਾਹਰ ਕੀਤਾ ਜਾ ਰਿਹਾ ਹੈ ਅਤੇ ਇਨ੍ਹਾਂ ਵਿਚੋਂ 5 ਲੱਖ ਨੌਕਰੀਆਂ ਇਕੱਲੇ ਉਨਟਾਰੀਓ ਵਿਚੋਂ ਖਤਮ ਹੋ ਸਕਦੀਆਂ ਹਨ। ਦੂਜਾ ਸਭ ਤੋਂ ਵੱਧ ਪ੍ਰਭਾਵਤ ਹੋਣ ਵਾਲਾ ਸੂਬਾ ਐਲਬਰਟਾ ਦੱਸਿਆ ਜਾ ਰਿਹਾ ਹੈ ਅਤੇ ਇਸ ਮਗਰੋਂ ਬੀ.ਸੀ. ਦਾ ਨੰਬਰ ਆਉਂਦਾ ਹੈ। ਡੌਨਲਡ ਟਰੰਪ ਦੇ ਸਹੁੰ ਚੁੱਕਣ ਮਗਰੋਂ ਲੱਗਣ ਵਾਲੇ ਟੈਕਸਾਂ ਦੇ ਅਸਰ ਦਾ ਜ਼ਿਕਰ ਕਰਦਿਆਂ ਉਨਟਾਰੀਓ ਦੇ ਪ੍ਰੀਮੀਅਰ ਡਗ ਫੋਰਡ ਨੇ ਕਿਹਾ ਕਿ ਫੈਡਰਲ ਸਰਕਾਰ ਨੂੰ ਤਕੜੇ ਹੋ ਕੇ ਮੋੜਵਾਂ ਜਵਾਬ ਦੇਣਾ ਹੋਵੇਗਾ। ਕੈਨੇਡਾ ਵਿਚ ਨੌਕਰੀਆਂ ਖਤਮ ਹੋਣ ਦਾ ਅੰਕੜਾ ਟੈਕਸਾਂ ਰਾਹੀਂ ਸਿੱਧੇ ਤੌਰ &rsquoਤੇ ਪ੍ਰਭਾਵਤ ਹੋਣ ਵਾਲੇ ਖੇਤਰਾਂ &rsquoਤੇ ਨਿਰਭਰ ਕਰੇਗਾ ਪਰ ਡਗ ਫ਼ੋਰਡ ਸਰਕਾਰ ਦਾ ਮੰਨਣਾ ਹੈ ਕਿ ਉਨਟਾਰੀਓ ਵਿਚ ਗਿਣਤੀ 4 ਲੱਖ 50 ਹਜ਼ਾਰ ਤੋਂ 5 ਲੱਖ ਦਰਮਿਆਨ ਹੋ ਸਕਦੀ ਹੈ।
ਲਿਬਰਲ ਸਿਆਸਤਦਾਨ ਟਰੰਪ ਦੇ ਟੈਕਸਾਂ ਦਾ ਸਭ ਤੋਂ ਵੱਡਾ ਅਸਰ ਉਨਟਾਰੀਓ &rsquoਤੇ ਕੈਨੇਡੀਅਨ ਰਾਜਾਂ ਅਤੇ ਟੈਰੇਟ੍ਰੀਜ਼ ਦੇ ਸਾਰੇ ਪ੍ਰੀਮੀਅਰ ਅੱਜ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨਾਲ ਮੁਲਾਕਾਤ ਕਰ ਰਹੇ ਹਨ ਜਿਸ ਦੌਰਾਨ ਜਵਾਬੀ ਕਾਰਵਾਈ ਦਾ ਖਰੜਾ ਤਿਆਰ ਕੀਤਾ ਜਾਵੇਗਾ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਡਗ ਫ਼ੋਰਡ ਨੇ ਸਪੱਸ਼ਟ ਲਫ਼ਜ਼ਾਂ ਵਿਚ ਕਿਹਾ ਕਿ ਸਾਨੂੰ ਸਭਨਾਂ ਨੂੰ ਟੀਮ ਕੈਨੇਡਾ ਵਜੋਂ ਕੰਮ ਕਰਨਾ ਹੋਵੇਗਾ ਅਤੇ ਇਕਸੁਰ ਆਵਾਜ਼ ਵਿਚ ਅਮਰੀਕੀ ਵਸਤਾਂ &rsquoਤੇ ਮੋੜਵੇਂ ਟੈਕਸਾਂ ਦੀ ਨੀਤੀ ਘੜਨੀ ਹੋਵੇਗੀ। ਇਥੇ ਦਸਣਾ ਬਣਦਾ ਹੈ ਕਿ ਐਲਬਰਟਾ ਦੀ ਪ੍ਰੀਮੀਅਰ ਇਸ ਮੁੱਦੇ &rsquoਤੇ ਵੱਖਰੀ ਸੁਰ ਅਲਾਪ ਰਹੇ ਹਨ ਜਿਨ੍ਹਾਂ ਵੱਲੋਂ ਹਾਲ ਹੀ ਫਲੋਰੀਡਾ ਜਾ ਕੇ ਡੌਨਲਡ ਟਰੰਪ ਨਾਲ ਮੁਲਾਕਾਤ ਕੀਤੀ ਗਈ। ਫੈਡਰਲ ਸਰਕਾਰ ਅਤੇ ਕਈ ਸੂਬਾ ਸਰਕਾਰਾਂ ਅਮਰੀਕਾ ਨੂੰ ਤੇਲ ਅਤੇ ਗੈਸ ਦੀ ਸਪਲਾਈ ਵਿਚ ਕਟੌਤੀ ਕੀਤੇ ਜਾਣ &rsquoਤੇ ਸਹਿਮਤ ਹਨ ਪਰ ਐਲਬਰਟਾ ਦੀ ਪ੍ਰੀਮੀਅਰ ਡੈਨੀਅਲ ਸਮਿੱਥ ਕੌਮੀ ਏਕਤਾ ਵਾਸਤੇ ਸੰਕਟ ਪੈਦਾ ਹੋਣ ਦੀ ਧਮਕੀ ਦੇ ਰਹੇ ਹਨ। ਸੈਂਟਰ ਫ਼ੌਰ ਫਿਊਚਰ ਵਰਕ ਦੇ ਡਾਇਰੈਕਟਰ ਅਤੇ ਆਰਥਿਕ ਮਾਹਰ ਜਿਮ ਸਟੈਨਫੋਰਡ ਦਾ ਕਹਿਣਾ ਸੀ ਕਿ ਅਮਰੀਕਾ ਵੱਲੋਂ ਲਾਏ ਜਾਣ ਵਾਲੇ ਟੈਕਸਾਂ ਦਾ ਅਸਰ ਬਾਰਡਰ ਦੇ ਇਕ ਪਾਸੇ ਨਹੀਂ ਸਗੋਂ ਦੋਵੇਂ ਪਾਸੇ ਵਸਦੇ ਲੋਕਾਂ ਨੂੰ ਭੁਗਤਣਾ ਹੋਵੇਗਾ। ਉਨ੍ਹਾਂ ਦੱਸਿਆ ਕਿ ਅਮਰੀਕਾ ਅਤੇ ਕੈਨੇਡਾ ਦਰਮਿਆਨ ਸਾਲਾਨਾ ਇਕ ਖਰਬ ਡਾਲਰ ਤੋਂ ਵੱਧ ਵਪਾਰ ਹੁੰਦਾ ਹੈ ਅਤੇ ਅਜਿਹੇ ਵਿਚ 25 ਫੀ ਸਦੀ ਟੈਕਸਾਂ ਦਾ ਮਤਲਬ 250 ਅਰਬ ਡਾਲਰ ਬਣਦਾ ਹੈ ਕਿਉਂਕਿ ਅਮਰੀਕੀ ਟੈਕਸਾਂ ਦੇ ਜਵਾਬ ਵਿਚ ਕੈਨੇਡਾ ਵੱਲੋਂ ਵੀ ਟੈਕਸ ਦਰਾਂ ਲਾਗੂ ਕੀਤੀਆਂ ਜਾਣਗੀਆਂ।


ਚੀਨੀ ਪੁਲਾੜ ਸਟੇਸ਼ਨ ਹਜ਼ਾਰ ਤੋਂ ਵੱਧ ਖੋਜ ਪ੍ਰਾਜੈਕਟਾਂ &rsquoਤੇ ਕਰੇਗਾ ਕੰਮ
ਚੀਨ ਦਾ ਪੁਲਾੜ ਸਟੇਸ਼ਨ ਵਿਗਿਆਨ ਨੂੰ ਉਤਸ਼ਾਹਿਤ ਕਰਨ ਅਤੇ ਕੌਮਾਂਤਰੀ ਸਹਿਯੋਗ ਨੂੰ ਵਧਾਉਣ ਲਈ ਅਗਲੇ 10-15 ਸਾਲਾਂ ਦੌਰਾਨ ਇੱਕ ਹਜ਼ਾਰ ਤੋਂ ਵੱਧ ਖੋਜ ਪ੍ਰਾਜੈਕਟਾਂ &rsquoਤੇ ਕੰਮ ਕਰੇਗਾ। ਚਾਈਨੀਜ਼ ਅਕੈਡਮੀ ਆਫ ਸਾਇੰਸਿਜ਼ ਅਧੀਨ ਟੈਕਨੋਲੋਜੀ ਐਂਡ ਇੰਜਨੀਅਰਿੰਗ ਸੈਂਟਰ ਫਾਰ ਸਪੇਸ ਯੂਟੀਲਾਈਜੇਸ਼ਨ ਨੇ ਇਹ ਜਾਣਕਾਰੀ ਦਿੱਤੀ। ਸ਼ਿਨਹੂਆਂ ਖ਼ਬਰ ਏਜੰਸੀ ਦੀ ਰਿਪੋਰਟ ਮੁਤਾਬਕ, ਟੈਕਨੋਲੋਜੀ ਐਂਡ ਇੰਜਨੀਅਰਿੰਗ ਸੈਂਟਰ ਫਾਰ ਸਪੇਸ ਯੂਟੀਲਾਈਜੇਸ਼ਨ ਦੇ ਐਪਲੀਕੇਸ਼ਨ ਐਂਡ ਡਿਵਲਪਮੈਂਟ ਡਿਵੀਜ਼ਨ ਦੇ ਡਿਪਟੀ ਡਾਇਰੈਕਟਰ ਬਾ ਜਿਨ ਨੇ ਦੱਸਿਆ ਕਿ ਇੱਕ ਕੌਮੀ ਪੁਲਾੜ ਪ੍ਰਯੋਗਸ਼ਾਲਾ ਵਜੋਂ ਕੰਮ ਕਰਦਿਆਂ ਚੀਨ ਦਾ ਪੁਲਾੜ ਸਟੇਸ਼ਨ ਅਗਲੇ ਦਹਾਕੇ ਦੌਰਾਨ ਡੂੰਘਾਈ ਨਾਲ ਅੰਤਰ-ਅਨੁਸ਼ਾਸਨੀ ਅਤੇ ਬਹੁ-ਅਨੁਸ਼ਾਸਨੀ ਖੋਜ ਸਹਿਯੋਗ ਕਰੇਗਾ, ਜਿਸਦਾ ਉਦੇਸ਼ ਅਹਿਮ ਵਿਗਿਆਨਕ ਤੇ ਤਕਨੀਕੀ ਉਪਲੱਬਧੀਆਂ ਹਾਸਲ ਕਰਨਾ ਹੈ।

ਸ਼ੇਖ ਹਸੀਨਾ ਦੀ ਭਤੀਜੀ ਨੇ ਬ੍ਰਿਟੇਨ ਸਰਕਾਰ &rsquoਚ ਮੰਤਰੀ ਦੇ ਅਹੁਦੇ ਤੋਂ ਦਿਤਾ ਅਸਤੀਫ਼ਾ
ਬ੍ਰਿਟੇਨ ਵਿਚ ਵਿੱਤੀ ਸੇਵਾਵਾਂ ਅਤੇ ਭ੍ਰਿਸ਼ਟਾਚਾਰ ਵਿਰੋਧੀ ਮਾਮਲਿਆਂ ਦੀ ਜ਼ਿੰਮੇਵਾਰੀ ਸੰਭਾਲਣ ਵਾਲੀ ਬ੍ਰਿਟਿਸ਼ ਮੰਤਰੀ ਟਿਊਲਿਪ ਸਿੱਦੀਕੀ ਨੇ ਅਸਤੀਫ਼ਾ ਦੇ ਦਿਤਾ ਹੈ। ਉਨ੍ਹਾਂ ਨੇ ਇਹ ਫ਼ੈਸਲਾ ਪਿਛਲੇ ਸਾਲ ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਦੇ ਅਹੁਦੇ ਤੋਂ ਹਟਾਈ ਗਈ ਅਪਣੀ ਚਾਚੀ ਸ਼ੇਖ ਹਸੀਨਾ ਨਾਲ ਅਪਣੇ ਵਿੱਤੀ ਸਬੰਧਾਂ ਨੂੰ ਲੈ ਕੇ ਉਠੇ ਸਵਾਲਾਂ ਦੇ ਬਾਅਦ ਇਹ ਫ਼ੈਸਲਾ ਲਿਆ।
ਟਿਊਲਿਪ ਸਿੱਦੀਕੀ (42) ਨੇ ਕਿਸੇ ਵੀ ਗ਼ਲਤ ਕੰਮ ਤੋਂ ਇਨਕਾਰ ਕੀਤਾ ਹੈ। ਬ੍ਰਿਟਿਸ਼ ਪ੍ਰਧਾਨ ਮੰਤਰੀ ਕੀਰ ਸਟਾਰਮਰ ਨੇ ਵੀ ਪਿਛਲੇ ਹਫ਼ਤੇ ਉਨ੍ਹਾਂ &rsquoਤੇ ਪੂਰਾ ਭਰੋਸਾ ਪ੍ਰਗਟਾਇਆ ਸੀ। ਹਾਲਾਂਕਿ, ਦੋ ਮਹੀਨਿਆਂ ਵਿਚ ਦੂਜੀ ਵਾਰ ਕਿਸੇ ਮੰਤਰੀ ਦਾ ਅਸਤੀਫ਼ਾ ਸਟਾਰਮਰ ਲਈ ਇਕ ਵੱਡਾ ਝਟਕਾ ਹੈ।
ਬ੍ਰਿਟੇਨ ਵਿਚ ਚੋਣਾਂ ਤੋਂ ਬਾਅਦ ਟਿਊਲਿਪ ਸਿੱਦੀਕੀ ਨੂੰ ਵਿੱਤੀ ਸੇਵਾਵਾਂ ਨੀਤੀ ਦਾ ਪੋਰਟਫੋਲੀਓ ਦਿਤਾ ਗਿਆ ਸੀ। ਇਸ ਵਿਚ ਮਨੀ ਲਾਂਡਰਿੰਗ ਵਿਰੁਧ ਉਪਾਵਾਂ ਦੀ ਜ਼ਿੰਮੇਵਾਰੀ ਵੀ ਸ਼ਾਮਲ ਹੈ। ਸਟਾਰਮਰ ਨੂੰ ਦਿਤੇ ਅਪਣੇ ਅਸਤੀਫ਼ੇ ਵਿਚ ਟਿਊਲਿਪ ਸਿੱਦੀਕੀ ਨੇ ਕਿਹਾ ਕਿ ਉਸ ਦਾ ਅਹੁਦਾ ਸਰਕਾਰ ਦੇ ਕੰਮਕਾਜ ਲਈ ਧਿਆਨ ਭਟਕਾਉਣ ਵਾਲਾ ਹੋ ਸਕਦਾ ਹੈ। ਉਨ੍ਹਾਂ ਨੇ ਸੋਸ਼ਲ ਮੀਡੀਆ ਪਲੇਟਫਾਰਮ &lsquoਐਕਸ&rsquo &rsquoਤੇ ਲਿਖਿਆ, &lsquo&lsquoਇਕ ਸੁਤੰਤਰ ਸਮੀਖਿਆ ਨੇ ਪੁਸ਼ਟੀ ਕੀਤੀ ਹੈ ਕਿ ਮੈਂ ਮੰਤਰੀ ਪੱਧਰ &rsquoਤੇ ਜ਼ਾਬਤੇ ਦੀ ਉਲੰਘਣਾ ਨਹੀਂ ਕੀਤੀ ਹੈ ਅਤੇ ਅਜਿਹਾ ਕੋਈ ਸਬੂਤ ਨਹੀਂ ਹੈ ਜੋ ਇਹ ਸਾਬਿਤ ਕਰੇ ਕਿ ਮੈਂ ਗ਼ਲਤ ਤਰੀਕੇ ਨਾਲ ਕੰਮ ਕੀਤਾ ਹੈ।&rsquo&rsquo ਦੂਜੇ ਪਾਸੇ ਸਟਾਰਮਰ ਨੇ ਟਿਊਲਿਪ ਦੀ ਥਾਂ ਐਮਾ ਰੇਨੋਲਡਜ਼ ਨੂੰ ਨਿਯੁਕਤ ਕੀਤਾ ਹੈ, ਹੁਣ ਤਕ ਐਮਾ ਸਰਕਾਰ ਵਿਚ ਪੈਨਸ਼ਨ ਮੰਤਰੀ ਦੀ ਜ਼ਿੰਮੇਵਾਰੀ ਸੰਭਾਲ ਰਹੀ ਸੀ। 

ਲਾਸ ਐਂਜਲਸ ਵਿੱਚ ਅੱਗ ਦਾ ਕਹਿਰ, ਹੁਣ ਤਕ 25 ਲੋਕਾਂ ਦੀ ਮੌਤ ਤੇ 30 ਲਾਪਤਾ
ਅਮਰੀਕਾ ਦੇ ਲਾਸ ਐਂਜਲਸ ਵਿੱਚ ਅੱਗ ਲੱਗਣ ਕਾਰਨ 25 ਲੋਕਾਂ ਦੀ ਮੌਤ ਹੋ ਗਈ ਹੈ, ਜਦੋਂ ਕਿ ਲਗਭਗ 30 ਲੋਕ ਲਾਪਤਾ ਹਨ। ਮਿਲੀ ਜਾਣਕਾਰੀ ਅਨੁਸਾਰ 90 ਹਜ਼ਾਰ ਲੋਕਾਂ ਨੂੰ ਐਮਰਜੈਂਸੀ ਐਗਜ਼ਿਟ ਅਲਰਟ (ਸ਼ਹਿਰ ਛੱਡਣ ਲਈ ਚੇਤਾਵਨੀ) ਦਿੱਤਾ ਗਿਆ ਹੈ। ਪੁਲਿਸ ਨੇ ਹੁਣ ਤਕ ਪ੍ਰਭਾਵਿਤ ਇਲਾਕਿਆਂ ਤੋਂ 50 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਨ੍ਹਾਂ ਲੋਕਾਂ 'ਤੇ ਲੁੱਟ-ਖੋਹ, ਅੱਗ ਪ੍ਰਭਾਵਿਤ ਇਲਾਕਿਆਂ ਵਿੱਚ ਡਰੋਨ ਉਡਾਉਣ ਅਤੇ ਕਰਫਿਊ ਦੀ ਉਲੰਘਣਾ ਸਮੇਤ ਕਈ ਦੋਸ਼ ਹਨ। ਮੰਗਲਵਾਰ ਨੂੰ ਹਵਾ ਦੀ ਗਤੀ ਅਨੁਮਾਨ ਨਾਲੋਂ ਘੱਟ ਸੀ, ਜਿਸ ਨਾਲ ਬਚਾਅ ਟੀਮਾਂ ਨੂੰ ਅੱਗ 'ਤੇ ਕਾਬੂ ਪਾਉਣ ਵਿੱਚ ਬਹੁਤ ਮਦਦ ਮਿਲੀ। ਇਸ ਵੇਲੇ, ਪੈਲੀਸੇਡਸ ਅਤੇ ਈਟਨ ਨੂੰ ਛੱਡ ਕੇ ਸਾਰੇ ਖੇਤਰਾਂ ਵਿੱਚ ਅੱਗ 'ਤੇ ਲਗਭਗ ਕਾਬੂ ਪਾ ਲਿਆ ਗਿਆ ਹੈ। ਹੁਣ ਤਕ ਅੱਗ ਨਾਲ 12,000 ਤੋਂ ਵੱਧ ਇਮਾਰਤਾਂ ਤਬਾਹ ਹੋ ਚੁੱਕੀਆਂ ਹਨ, ਜਦੋਂ ਕਿ 155 ਵਰਗ ਕਿਲੋਮੀਟਰ ਦਾ ਖੇਤਰ ਸੜ ਕੇ ਸੁਆਹ ਹੋ ਗਿਆ ਹੈ।ਰਾਸ਼ਟਰੀ ਮੌਸਮ ਸੇਵਾ ਨੇ ਸੋਸ਼ਲ ਮੀਡੀਆ 'ਤੇ ਇੱਕ ਪੋਸਟ ਵਿੱਚ ਕਿਹਾ - ਅਸੀਂ ਅਜੇ ਵੀ ਪੂਰੀ ਤਰ੍ਹਾਂ ਖ਼ਤਰੇ ਤੋਂ ਬਾਹਰ ਨਹੀਂ ਹਾਂ। ਹਾਲਾਂਕਿ, ਮੰਗਲਵਾਰ ਨੂੰ ਹਵਾ ਦੀ ਗਤੀ ਓਨੀ ਨਹੀਂ ਸੀ ਜਿੰਨੀ ਡਰ ਸੀ। ਬੁੱਧਵਾਰ ਨੂੰ ਸਥਿਤੀ ਵਿੱਚ ਹੋਰ ਸੁਧਾਰ ਹੋ ਸਕਦਾ ਹੈ।


ਮਾਰਕ ਜ਼ੁਕਰਬਰਗ ਦੀ ਪੋਸਟ 'ਤੇ ਮੇਟਾ ਨੇ ਮੰਗੀ ਮਾਫੀ
ਮਾਰਕ ਜ਼ੁਕਰਬਰਗ ਦੀ ਪੋਸਟ 'ਤੇ ਹੋਏ ਵਿਵਾਦ ਨੇ ਫੇਸਬੁੱਕ ਦੀ ਮਾਲਕ ਕੰਪਨੀ ਮੇਟਾ ਨੂੰ ਮਾਫੀ ਮੰਗਣ ਲਈ ਮਜਬੂਰ ਕੀਤਾ। ਜ਼ੁਕਰਬਰਗ ਦੀ ਪੋਸਟ ਵਿੱਚ ਗਲਤੀ ਨਾਲ ਕਿਹਾ ਗਿਆ ਸੀ ਕਿ ਕੋਰੋਨਾ ਮਹਾਮਾਰੀ ਦੇ ਬਾਅਦ ਹੋਈਆਂ ਚੋਣਾਂ ਵਿੱਚ ਭਾਰਤ ਸਮੇਤ ਅਨੇਕ ਦੇਸ਼ਾਂ ਦੀਆਂ ਸਰਕਾਰਾਂ ਨੇ ਸੱਤਾ ਗੁਆ ਦਿੱਤੀ ਹੈ। ਇਸ ਦਾਅਵੇ ਨੇ ਵਿਵਾਦ ਖੜ੍ਹਾ ਕਰ ਦਿੱਤਾ, ਕਿਉਂਕਿ 2024 ਦੀਆਂ ਲੋਕ ਸਭਾ ਚੋਣਾਂ ਵਿੱਚ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਐਨਡੀਏ ਸਰਕਾਰ ਨੇ 240 ਤੋਂ ਵੱਧ ਸੀਟਾਂ ਜਿੱਤ ਕੇ ਤੀਜੀ ਵਾਰ ਸਰਕਾਰ ਬਣਾਈ।

ਦੱਖਣੀ ਅਫਰੀਕਾ : ਸੋਨੇ ਦੀ ਖਾਨ 'ਚ ਜ਼ਿੰਦਾ ਦੱਬੇ 100 ਲੋਕ
ਦੱਖਣੀ ਅਫਰੀਕਾ 'ਚ ਸੋਨੇ ਦੀ ਖਾਨ 'ਚ ਫਸੇ 100 ਮਜ਼ਦੂਰਾਂ ਦੀ ਮੌਤ ਹੋ ਗਈ ਹੈ। ਖਾਣ ਵਿੱਚ ਅਜੇ ਵੀ ਕਈ ਮਜ਼ਦੂਰ ਫਸੇ ਹੋਏ ਹਨ, ਜਿਨ੍ਹਾਂ ਨੂੰ ਕੱਢਣ ਲਈ ਬਚਾਅ ਕਾਰਜ ਜਾਰੀ ਹੈ। ਲਾਸ਼ਾਂ ਦੇ ਨਾਲ-ਨਾਲ ਬਚੇ ਮਾਈਨਰਾਂ ਦਾ ਵੀ ਬੁਰਾ ਹਾਲ ਹੈ। ਉਨ੍ਹਾਂ ਨੂੰ ਨਾ ਤਾਂ ਭੋਜਨ ਮਿਲ ਰਿਹਾ ਹੈ ਅਤੇ ਨਾ ਹੀ ਪਾਣੀ। ਮਰਨ ਵਾਲੇ ਵੀ ਭੁੱਖ-ਪਿਆਸ ਨਾਲ ਤੜਫ ਕੇ ਮਰ ਗਏ। 18 ਲੋਕਾਂ ਦੀਆਂ ਲਾਸ਼ਾਂ ਕੱਢਣ ਲਈ ਗਏ ਹਨ। ਮਾਈਨਿੰਗ ਐਫ਼ੈਕਟਿਡ ਕਮਿਊਨਿਟੀਜ਼ ਯੂਨਾਈਟਿਡ ਇਨ ਐਕਸ਼ਨ ਗਰੁੱਪ ਦੇ ਬੁਲਾਰੇ ਸਬੇਲੋ ਮੁੰਗੁਨੀ ਨੇ ਇਸ ਮਾਮਲੇ ਦੀ ਪੁਸ਼ਟੀ ਕਰਦਿਆਂ ਕਿਹਾ ਕਿ 26 ਲੋਕਾਂ ਨੂੰ ਸੁਰੱਖਿਅਤ ਬਚਾ ਲਿਆ ਗਿਆ ਹੈ, ਜਿਨ੍ਹਾਂ ਦੇ ਅੰਦਰ ਦੀ ਸਥਿਤੀ ਦਾ ਪਤਾ ਵੀਡੀਓ ਰਾਹੀਂ ਸਾਹਮਣੇ ਆਇਆ ਹੈ। ਇਹ ਖੁਲਾਸਾ ਹੋਇਆ ਹੈ ਕਿ 500 ਦੇ ਕਰੀਬ ਖਣਿਜ ਸੋਨੇ ਦੀ ਖੁਦਾਈ ਕਰਨ ਲਈ ਖਾਨ ਵਿੱਚ ਦਾਖਲ ਹੋਏ ਸਨ ਅਤੇ ਉਹ ਗੈਰ-ਕਾਨੂੰਨੀ ਢੰਗ ਨਾਲ ਖੁਦਾਈ ਕਰ ਰਹੇ ਸਨ ਕਿਉਂਕਿ ਇਹ ਖਾਣ ਕਈ ਸਾਲਾਂ ਤੋਂ ਬੰਦ ਸੀ। ਪੁਲਿਸ ਬੁਲਾਰੇ ਬ੍ਰਿਗੇਡੀਅਰ ਸੇਬਾਟਾ ਮੋਕਗਵਾਬੋਨ ਨੇ ਦੱਸਿਆ ਕਿ ਇਹ ਹਾਦਸਾ ਸਟੀਲਫੋਂਟੇਨ ਕਸਬੇ ਦੇ ਨੇੜੇ ਬਫੇਲਫੋਂਟੇਨ ਵਿੱਚ ਸੋਨੇ ਦੀ ਖਾਨ ਵਿੱਚ ਵਾਪਰਿਆ। ਬਰਾਮਦ ਹੋਈਆਂ ਲਾਸ਼ਾਂ ਦੀ ਪੋਸਟਮਾਰਟਮ ਰਿਪੋਰਟ ਵਿੱਚ ਭੁੱਖ ਅਤੇ ਪਿਆਸ ਕਾਰਨ ਮੌਤ ਹੋਣ ਦੀ ਪੁਸ਼ਟੀ ਹੋਈ ਹੈ। ਖਾਣ 'ਚ ਮਜ਼ਦੂਰਾਂ ਦੀਆਂ ਲਾਸ਼ਾਂ ਪਲਾਸਟਿਕ ਦੀ ਲਪੇਟ 'ਚ ਪਈਆਂ ਹਨ। ਜ਼ਿੰਦਾ ਰਹਿਣ ਵਾਲੇ ਮਾਈਨਰਾਂ ਦੀ ਹਾਲਤ ਵੀ ਬਹੁਤ ਮਾੜੀ ਹੈ। ਮਾਈਨਰ ਨਵੰਬਰ ਤੋਂ ਅੰਦਰ ਫਸੇ ਹੋਏ ਹਨ ਅਤੇ 500 ਦੇ ਕਰੀਬ ਮਾਈਨਰ ਖੁਦਾਈ ਕਰਨ ਲਈ ਅੰਦਰ ਦਾਖਲ ਹੋਏ ਸਨ।