image caption: -ਭਗਵਾਨ ਸਿੰਘ ਜੌਹਲ

17 ਜਨਵਰੀ ਲਈ ਜਨਮ ਦਿਨ ਤੇ ਵਿਸ਼ੇਸ਼ ਕੌਮੀ ਪਿਆਰ ਨਾਲ ਲਬਰੇਜ਼ ਸਨ - ਸ। ਕ੍ਰਿਪਾਲ ਸਿੰਘ ਚੀਫ਼ ਖ਼ਾਲਸਾ ਦੀਵਾਨ

ਜਦੋਂ ਵੀ ਪ੍ਰਬੰਧਕੀ ਪੱਖੋਂ ਯੋਗ ਕਿਸੇ ਆਗੂ ਦੀ ਗੱਲ ਚੱਲਦੀ ਹੈ ਤਾਂ ਆਪਣੇ ਸਮੇਂ ਚੀਫ਼ ਖ਼ਾਲਸਾ ਦੀਵਾਨ ਵਰਗੀ ਵੱਡੀ ਸਿੱਖ ਸੰਸਥਾ ਦੇ ਮੁੱਖ ਸੇਵਾਦਾਰ ਸ। ਕ੍ਰਿਪਾਲ ਸਿੰਘ ਦੀ ਯਾਦ ਆਉਂਦੀ ਹੈ । ਜੋ ਇਸ ਵਿੱਦਿਆ ਦੇ ਪ੍ਰਚਾਰ ਤੇ ਪ੍ਰਸਾਰ ਲਈ ਲਗਾਤਾਰ ਯਤਨਸ਼ੀਲ ਸੰਸਥਾ ਚੀਫ਼ ਖ਼ਾਲਸਾ ਦੀਵਾਨ ਦੇ ਲਗਾਤਾਰ 17 ਸਾਲ ਪ੍ਰਧਾਨ ਰਹੇ । ਸ। ਕ੍ਰਿਪਾਲ ਸਿੰਘ ਦੇ ਹਿਰਦੇ ਵਿੱਚ ਸਿੱਖ ਕੌਮ ਦੀ ਚੜ੍ਹਦੀ ਕਲਾ ਲਈ ਦਰਦ ਰਗ-ਰਗ ਵਿੱਚ ਸਮਾਇਆ ਹੋਇਆ ਸੀ । ਇਸੇ ਕਰਕੇ ਪੰਜਾਬ ਦੇ ਲੋਕ ਉਸ ਨੂੰ ਚਿੱਟੀ ਦਸਤਾਰ ਵਾਲਾ ਅਕਾਲੀ ਆਖਦੇ ਸਨ । ਸ। ਕ੍ਰਿਪਾਲ ਸਿੰਘ ਦਾ ਜਨਮ 17 ਜਨਵਰੀ, 1917 ਈ: ਨੂੰ ਸਿਆਲਕੋਟ ਜ਼ਿਲ੍ਹੇ ਦੀ ਤਹਿਸੀਲ ਨਾਰੋਵਾਲ ਦੇ ਪਿੰਡ ਸਨਖਤਰਾ (ਲਹਿੰਦਾ ਪੰਜਾਬ) ਵਿਖੇ ਸ। ਉੱਤਮ ਸਿੰਘ ਦੇ ਘਰ ਮਾਤਾ ਪ੍ਰੀਤਮ ਕੌਰ ਦੀ ਕੁੱਖ ਤੋਂ ਹੋਇਆ । ਬਚਪਨ ਵਿੱਚ ਹੀ ਇਨ੍ਹਾਂ ਦੇ ਮਾਤਾ-ਪਿਤਾ ਸਦੀਵੀ ਵਿਛੋੜਾ ਦੇ ਗਏ । ਪਾਲਣ-ਪੋਸ਼ਣ ਦੀ ਜ਼ਿੰਮੇਵਾਰੀ ਦਾਦੀ ਜੈ ਕੌਰ ਨੇ ਨਿਭਾਈ ।
ਛੋਟੀ ਉਮਰ ਵਿੱਚ ਸਕੂਲ ਵਿੱਚ ਪੜ੍ਹਦਿਆਂ ਹੀ ਗੁਲਾਮੀ ਦਾ ਜੂਲਾ ਗਲੋਂ ਲਾਹੁਣ ਲਈ ਆਪ ਦੀ ਰੁਚੀ ਸਿਆਸੀ ਕਾਰਜਾਂ ਤੇ ਸਮਾਜ ਸੇਵਾ ਵਿੱਚ ਲੱਗ ਗਈ । ਕੌਮੀ ਪਿਆਰ ਨਾਲ ਲਬਰੇਜ਼ ਸ। ਕ੍ਰਿਪਾਲ ਸਿੰਘ 18 ਵਰ੍ਹਿਆਂ ਦੀ ਭਰ ਜਵਾਨੀ ਦੀ ਉਮਰ ਵਿੱਚ ਕਾਂਗਰਸ ਪਾਰਟੀ ਦਾ ਮੈਂਬਰ ਬਣ ਗਿਆ । ਜਦੋਂ ਭਾਰਤ ਛੱਡੋ ਅੰਦੋਲਨ ਦੀ ਲਹਿਰ ਪੂਰੇ ਦੇਸ਼ ਵਿੱਚ ਚੱਲ ਰਹੀ ਸੀ, ਇਸ ਲਹਿਰ ਦਾ ਪ੍ਰਚਾਰ ਤੇ ਪ੍ਰਸਾਰ ਜ਼ੋਰ-ਸ਼ੋਰ ਨਾਲ ਕੀਤਾ, ਇਸ ਦੇ ਸਿੱਟੇ ਵਜੋਂ ਗ੍ਰਿਫਤਾਰ ਕਰ ਲਿਆ ਗਿਆ । ਛੇ ਮਹੀਨੇ ਦੀ ਕੈਦ ਕੱਟੀ । 1947 ਵਿੱਚ ਜਦੋਂ ਦੀ ਵੰਡ ਹੋਈ ਤਾਂ ਪੰਜਾਬ ਦੋ ਟੋਟਿਆਂ ਵਿੱਚ ਵੰਡਿਆ ਗਿਆ । ਸ। ਕ੍ਰਿਪਾਲ ਸਿੰਘ 30 ਕੁ ਵਰੇ੍ਹ ਦੇ ਜਵਾਨ ਉਮਰ ਦੇ ਨੌਜਵਾਨ ਸਨ, ਕੌਮੀ ਦਰਦ ਨਾਲ ਲਬਰੇਜ਼ ਇਸ ਨੌਜਵਾਨ ਦਾ ਹਿਰਦਾ ਵੀ ਵਲੂੰਧਰਿਆ ਗਿਆ । ਲਹਿੰਦੇ ਪੰਜਾਬ ਨੂੰ ਛੱਡ ਕੇ ਚੜ੍ਹਦੇ ਪੰਜਾਬ ਦੇ ਸ਼ਹਿਰ ਗੁਰੂ ਕੀ ਨਗਰੀ ਅੰਮ੍ਰਿਤਸਰ ਆ ਵਸੇ । ਪਾਕਿਸਤਾਨ ਤੋਂ ਰਿਫਿਊਜੀ ਬਣ ਕੇ ਆਏ, ਪਾਕਿਸਤਾਨ ਤੋਂ ਲੁੱਟੇ-ਪੁੱਟੇ ਅਤੇ ਬੇ-ਘਰੇ ਲੋਕਾਂ ਦੀ ਪੀੜਾ ਸਹਾਰੀ ਨਾ ਗਈ । ਅੰਮ੍ਰਿਤਸਰ ਪੁੱਜ ਕੇ ਇਕ ਮਸੀਹੇ ਦੀ ਤਰ੍ਹਾਂ ਇਨ੍ਹਾਂ ਬੇਘਰੇ ਲੋਕਾਂ ਨੂੰ ਮੁੜ ਵਸਾਉਣ ਲਈ ਦਿਨ ਰਾਤ ਇਕ ਕਰ ਦਿੱਤਾ । ਹੁਣ ਆਪਣੀ ਰਿਹਾਇਸ਼ ਵੀ ਸਥਾਈ ਤੌਰ ਤੇ ਅੰਮ੍ਰਿਤਸਰ ਵਿਖੇ ਹੀ ਕਰ ਲਈ । ਮਾਤਾ-ਪਿਤਾ ਤੋਂ ਵਾਂਝੇ ਇਸ ਨੌਜਵਾਨ ਨੂੰ ਬਚਪਨ ਤੋਂ ਹੁਣ ਤੱਕ ਹੰਢਾਏ ਦੁੱਖਾਂ ਦਾ ਭਲੀ-ਭਾਂਤ ਪਤਾ ਸੀ । ਉੱਜੜ-ਪੁੱਜੜ ਨੇ ਲੋਕਾਂ ਦੇ ਦਰਦ ਦਾ ਭਾਈਵਾਲ ਬਣਨ ਲਈ ਹੁਣ ਦਿਨ-ਰਾਤ ਲੋਕ ਸੇਵਾ ਵਿੱਚ ਜੁੱਟ ਗਏ । ਰਿਫਿਊਜੀ ਲੋਕਾਂ ਵੱਲੋਂ ਮਿਲਿਆ ਪਿਆਰ ਪੂਰਾ ਜੀਵਨ ਲੋਕ ਸੇਵਾ ਲਈ ਜੁੱਟ ਜਾਣ ਲਈ ਪ੍ਰੇਰਦਾ ਰਿਹਾ । 1948 ਤੋਂ ਇਸੇ ਲੋਕ ਪਿਆਰ ਦਾ ਸਿੱਟਾ ਅੰਮ੍ਰਿਤਸਰ ਸ਼ਹਿਰ ਦੀ ਮਿਊਂਸਿਪਲ ਕਮੇਟੀ ਦੇ ਬਿਨਾਂ ਮੁਕਾਬਲਾ ਮੈਂਬਰ ਬਣਦੇ ਰਹੇ । 1972 ਤੋਂ 1975 ਤੱਕ ਮਿਊਂਸਿਪਲ ਕਮੇਟੀ ਦੇ ਪ੍ਰਧਾਨ ਵੀ ਰਹੇ ।
1952 ਈ: ਵਿੱਚ ਜਦੋਂ ਇਨ੍ਹਾਂ ਕਾਂਗਰਸ ਪਾਰਟੀ ਵਿੱਚ ਸਿਧਾਂਤਕ ਵੱਖਰੇਵਾਂ ਵੇਖਿਆ ਤਾਂ ਪਾਰਟੀ ਛੱਡ ਕੇ ਸੋਸ਼ਲਿਸਟ ਪਾਰਟੀ ਵਿੱਚ ਸ਼ਾਮਿਲ ਹੋ ਗਏ । 1975 ਈ: ਵਿੱਚ ਇੰਦਰਾ ਗਾਂਧੀ ਵੱਲੋਂ ਲਗਾਈ ਐਮਰਜੈਂਸੀ ਦਾ ਜੈ ਪ੍ਰਕਾਸ਼ ਨਾਰਾਇਣ ਦੀ ਅਗਵਾਈ ਵਿੱਚ ਸਖ਼ਤ ਵਿਰੋਧ ਕੀਤਾ । ਇਸੇ ਵਿਰੋਧ ਕਰਕੇ 19 ਮਹੀਨੇ ਦੀ ਕੈਦ ਕੱਟੀ । 1969 ਈ: ਵਿੱਚ ਸੋਸ਼ਲਿਸਟ ਪਾਰਟੀ ਦੀ ਟਿਕਟ &lsquoਤੇ ਪੰਜਾਬ ਵਿਧਾਨ ਸਭਾ ਦੇ ਵਿਧਾਇਕ ਚੁਣੇ ਗਏ । 1977 ਅਤੇ 1985 ਈ: ਵਿੱਚ ਜਨਤਾ ਪਾਰਟੀ ਦੀ ਟਿਕਟ ਉੱਤੇ ਦੋ ਵਾਰ ਫਿਰ ਵਿਧਾਇਕ ਬਣੇ । 1989 ਦੀਆਂ ਲੋਕ ਸਭਾ ਚੋਣਾਂ ਸਮੇਂ ਅਜ਼ਾਦ ਉਮੀਦਵਾਰ ਵਜੋਂ ਲੋਕ ਸਭਾ ਦੇ ਮੈਂਬਰ ਪਾਰਲੀਮੈਂਟ ਬਣੇ । ਵਿਧਾਨ ਸਭਾ ਦੇ ਲੋਕ ਸਭਾ ਵਿੱਚ ਦੇਸ਼ ਦੀਆਂ ਅਨੇਕਾਂ ਸਮੱਸਿਆਵਾਂ ਬਾਰੇ ਇਕ ਸਫਲ ਬੁਲਾਰੇ ਤੇ ਸਮਾਜਿਕ ਵਿਗਿਆਨੀ ਵਜੋਂ ਯਾਦਗਾਰੀ ਤਕਰੀਰਾਂ ਕਰਕੇ ਸਮੁੱਚੇ ਦੇਸ਼ ਦੇ ਸਿਆਸੀ ਲੋਕਾਂ ਵਿੱਚ ਪਹਿਚਾਣ ਬਣ ਗਈ । ਹਰ ਭਾਸ਼ਨ ਸ਼ੇਅਰੋ-ਸ਼ਾਇਰੀ ਨਾਲ ਸ਼ਿੰਗਾਰਿਆ ਲੋਕ ਭਾਵਨਾਵਾਂ ਨੂੰ ਬਿਆਨ ਕਰਦਾ ਸੀ । ਸ। ਕ੍ਰਿਪਾਲ ਸਿੰਘ ਦੀ ਸਿੱਖਾਂ ਦੀਆਂ ਧਾਰਮਿਕ, ਸੱਭਿਆਚਾਰਕ, ਆਰਥਿਕ ਅਤੇ ਵਿੱਦਿਅਕ ਸਥਿਤੀ ਨੂੰ ਮਜ਼ਬੂਤ ਕਰਨ ਲਈ ਅਤੇ ਸਿੱਖਿਆ ਦੇ ਪ੍ਰਚਾਰ ਤੇ ਪ੍ਰਸਾਰ ਕਰਨ ਵਿੱਚ ਵਿਸ਼ੇਸ਼ ਰੁਚੀ ਸੀ । ਇਸੇ ਕਰਕੇ ਚੀਫ਼ ਖ਼ਾਲਸਾ ਦੀਵਾਨ ਦੇ 17 ਸਾਲ ਤੱਕ ਲਗਾਤਾਰ ਪ੍ਰਧਾਨ ਰਹੇ । ਉਨ੍ਹਾਂ ਨਾਲ ਚੀਫ਼ੀਆ ਵਿਸ਼ੇਸ਼ਣ ਸਥਾਈ ਤੌਰ &lsquoਤੇ ਜੁੜ ਗਿਆ । ਜੀਵਨ ਦੇ ਅਹਿਮ 17 ਵਰੇ੍ਹ ਚੀਫ਼ ਖ਼ਾਲਸਾ ਦੀਵਾਨ ਦੀਆਂ ਵਿੱਦਿਅਕ ਸੰਸਥਾਵਾਂ ਨੂੰ ਆਦਰਸ਼ ਸੰਸਥਾ ਵਿੱਚ ਬਦਲਣ ਵਿੱਚ ਵਿਸ਼ੇਸ਼ ਰੁਚੀ ਵਿਖਾਈ । ਇਨ੍ਹਾਂ ਸੰਸਥਾਵਾਂ ਨੂੰ ਮਾਇਕ ਤੌਰ &lsquoਤੇ ਮਜ਼ਬੂਤ ਕੀਤਾ, ਵੱਖ-ਵੱਖ ਥਾਵਾਂ &lsquoਤੇ ਵਿੱਦਿਅਕ-ਕਾਨਫਰੰਸਾਂ ਕਰਕੇ ਲੋਕ ਮਨਾਂ ਵਿੱਚ ਸਿੱਖਿਆ ਦੇ ਮਹੱਤਵ ਨੂੰ ਉਜਾਗਰ ਕੀਤਾ ।
ਅੱਜ ਪੰਜਾਬ ਦੇ ਲੋਕ, ਜਿਨ੍ਹਾਂ ਉਨ੍ਹਾਂ ਨੂੰ ਨੇੜਿਉਂ ਤੱਕਿਆ ਨੂੰ ਇਕ ਸਫ਼ਲ ਬੁਲਾਰੇ ਵਜੋਂ ਯਾਦ ਕਰਦੇ ਹਨ, ਜਿਨ੍ਹਾਂ ਦੀ ਹਰ ਤਕਰੀਰ ਵਿਦਵਤਾ ਅਤੇ ਜਾਣਕਾਰੀ ਭਰਪੂਰ ਹੁੰਦੀ ਸੀ । ਜਿਸ ਸਭਾ ਵਿੱਚ ਵੀ ਸ। ਕ੍ਰਿਪਾਲ ਸਿੰਘ ਬੁਲਾਰੇ ਵਜੋਂ ਲੋਕਾਂ ਦੇ ਸਨਮੁੱਖ ਹੁੰਦੇ ਸਨ, ਹਰ ਇਕ ਸਰੋਤਾ ਉਨ੍ਹਾਂ ਦੀ ਭਰਪੂਰ ਪ੍ਰਸ਼ੰਸਾ ਕਰਦਾ ਸੀ । 20 ਅਗਸਤ 2002 ਈ: ਵਿੱਚ ਆਪਣੇ ਡਾਕਟਰ ਸਪੁੱਤਰ ਸ। ਰਣਬੀਰ ਸਿੰਘ ਦੇ ਹੱਥਾਂ ਵਿੱਚ ਪੰਜਾਬ ਦਾ ਇਹ ਮਹਾਨ ਸਪੂਤ ਲੱਖਾਂ ਗਰੀਬਾਂ, ਨਿਆਸਰਿਆਂ ਅਤੇ ਲੋੜਵੰਦਾਂ ਦਾ ਮਸੀਹਾ, ਜਲੰਧਰ ਸ਼ਹਿਰ ਵਿਖੇ ਇਸ ਫਾਨੀ ਸੰਸਾਰ ਨੂੰ ਹਮੇਸ਼ਾਂ ਲਈ ਅਲਵਿਦਾ ਆਖ ਗਿਆ । ਸ। ਕ੍ਰਿਪਾਲ ਸਿੰਘ ਹਰ ਮਨੱੁਖ ਦੇ ਦੁੱਖ ਵਿੱਚ ਸ਼ਰੀਕ ਹੋਣ ਵਾਲਾ, ਬਿਨਾਂ ਕਿਸੇ ਜਾਤ/ਧਰਮ ਦੇ ਵਿਤਕਰੇ, ਹਰ ਕਿਸੇ ਦੇ ਦੁੱਖ ਵੰਡਾਉਣ ਵਾਲਾ ਨਿਰਛਲ ਵਿਅਕਤੀ ਸੀ । ਲੋਕ-ਸੇਵਕ ਵਜੋਂ ਬਣੀ ਪਹਿਚਾਣ ਕਰਕੇ ਉਹ ਲੋਕ ਮਨਾਂ ਵਿੱਚ ਅੱਜ ਵੀ ਹਾਜ਼ਰ-ਨਾਜ਼ਰ ਹੈ ।
-ਭਗਵਾਨ ਸਿੰਘ ਜੌਹਲ