image caption: -ਡਾ। ਹਰਸ਼ਿੰਦਰ ਕੌਰ
ਮੈਨੂੰ ਨਹੀਂ ਭੁੱਲਦੀਆਂ ਮੇਰੇ ਪਿਤਾ ਜੀ ਪ੍ਰੋ। ਪ੍ਰੀਤਮ ਸਿੰਘ ਦੀਆਂ ਨਸੀਹਤਾਂ
 ਨਿੰਦਾ ਹੋਇ ਤ ਬੈਕੁੰਠਿ ਜਾਈਐ
ਸਮਾਂ ਤਾਂ ਚੇਤੇ ਨਹੀਂ ਪਰ ਇਕ ਦਿਨ ਮੈਨੂੰ ਉਦਾਸ ਵੇਖ ਕੇ ਭਾਪਾ ਜੀ ਨੇ ਕਾਰਨ ਪੁੱਛਿਆ ਤਾਂ ਮੈਂ ਦੱਸਿਆ ਕਿ ਫਲਾਣੇ ਨੇ ਮੇਰੇ ਬਾਰੇ ਮਾੜਾ ਕਿਹਾ । ਮੈਨੂੰ ਬਹੁਤ ਭੈੜਾ ਮਹਿਸੂਸ ਹੋ ਰਿਹਾ ਹੈ । ਦਿਲ ਕਰਦਾ ਹੈ ਕਿ ਉਸ ਦਾ ਮੂੰਹ ਤੋੜ ਆਵਾਂ । ਉਹ ਮੇਰੇ ਬਾਰੇ ਉੱਕਾ ਹੀ ਝੂਠ ਬੋਲ ਰਿਹਾ ਹੈ । ਭਾਪਾ ਜੀ ਨੇ ਗੱਲ ਇੱਧਰ-ਉੱਧਰ ਕਰਨ ਦੀ ਕੋਸ਼ਿਸ਼ ਕੀਤੀ ਤੇ ਹੋਰ ਗੱਲਾਂ ਵਿੱਚ ਮੈਨੂੰ ਉਲਝਾਉਣ ਦੀ ਕੋਸ਼ਿਸ਼ ਵੀ ਕੀਤੀ । ਪਰ ਮੈਂ ਘੁੰਮ-ਫਿਰ ਕੇ ਉਸੇ ਨੁਕਤੇ ਉੱਤੇ ਆ ਰੁੱਕਦੀ ਸੀ । ਅਖ਼ੀਰ ਭਾਪਾ ਜੀ ਕਮਰੇ ਅੰਦਰ ਗਏ ਤੇ ਮੇਰੇ ਅੱਗੇ ਮੇਰੇ ਨਾਨਾ ਜੀ ਪ੍ਰੋ। ਸਾਹਿਬ ਸਿੰਘ ਜੀ ਦੀ ਸ੍ਰੀ ਗੁਰੂ ਗ੍ਰੰਥ ਸਾਹਿਬ ਦਰਪਨ ਦੀ ਪੋਥੀ ਲਿਆ ਧਰੀ । ਵਰਕੇ ਪਲਟ ਕੇ ਮੇਰੇ ਅੱਗੇ ਧਰ ਦਿੱਤੇ ਕਿ ਇਹ ਪੜ੍ਹ ਕੇ ਦੱਸ ਕਿ ਇਸ ਦਾ ਕੀ ਅਰਥ ਲਿਖਿਆ ਹੈ ।
ਮੈਂ ਪੜ੍ਹਿਆ, ਨਿੰਦਉ ਨਿੰਦਉ ਮੋਕਉ ਲੋਗੁ ਨਿੰਦਉ । ਨਿੰਦਾ ਜਨ ਕਉ ਖਰੀ ਪਿਆਰੀ । ਨਿੰਦਾ ਬਾਪੁ ਨਿੰਦਾ ਮਹਤਾਰੀ, ਨਿੰਦਾ ਹੋਇ ਤ ਬੈਕੁੰਠ ਜਾਈਐ ॥ ਭਾਪਾ ਜੀ ਕਹਿਣ ਲੱਗੇ, ਤੈਨੂੰ ਅਜੀਬ ਨਹੀਂ ਲੱਗਦਾ ਕਿ ਗੁਰਬਾਣੀ ਵਿੱਚ ਭਗਤ ਕਬੀਰ ਜੀ ਕਹਿ ਰਹੇ ਹਨ ਕਿ ਲੋਕ ਉਨ੍ਹਾਂ ਦੀ ਨਿੰਦਿਆ ਕਰਨ ? ਇਕ ਗੱਲ ਤਾਂ ਸਪੱਸ਼ਟ ਹੋ ਗਈ ਕਿ ਤੇਰੇ ਜੰਮਣ ਤੋਂ ਪਹਿਲਾਂ ਵੀ ਲੋਕ ਨਿੰਦਿਆ ਕਰਦੇ ਹੁੰਦੇ ਸਨ ! ਪਰ ਭਗਤ ਕਬੀਰ ਜੀ ਵਰਗੇ ਵੀ ਆਪਣੀ ਨਿੰਦਿਆ ਮੰਗਦੇ ਹੋਣ ਤਾਂ ਉਸ ਦਾ ਮਤਲਬ ਕਿੰਨਾ ਡੂੰਘਾ ਹੋਵੇਗਾ । ਕੋਈ ਖ਼ਾਸ ਗੱਲ ਤਾਂ ਜ਼ਰੂਰ ਹੋਵੇਗੀ । ਲੋਕ ਆਪਣੀ ਤਾਰੀਫ਼ ਸੁਣਨਾ ਚਾਹੁੰਦੇ ਹਨ, ਨਿੰਦਾ ਨਹੀਂ । ਅੱਗੇ ਪੜ੍ਹ ।
ਮੈਂ ਪੜ੍ਹਿਆ, ਜਗਤ ਬੇਸ਼ੱਕ ਮੇਰੀ ਨਿੰਦਾ ਕਰੇ । ਬੇਸ਼ੱਕ ਮੇਰੇ ਔਗੁਣ ਭੰਡੇ । ਪ੍ਰਭੂ ਦੇ ਸੇਵਕ ਨੂੰ ਆਪਣੀ ਨਿੰਦਿਆ ਹੁੰਦੀ ਚੰਗੀ ਲੱਗਦੀ ਹੈ ਕਿਉਂਕਿ ਨਿੰਦਿਆ ਸੇਵਕ ਦਾ ਮਾਂ-ਪਿਉ ਹੈ । ਜਿਵੇਂ ਮਾਪੇ ਆਪਣੇ ਬਾਲ ਵਿੱਚ ਸ਼ੁੱਭ ਗੁਣ ਵੱਧਦੇ ਵੇਖਣਾ ਲੋੜਦੇ ਹਨ, ਤਿਵੇਂ ਨਿੰਦਿਆ ਭੀ ਔਗੁਣ ਨਸ਼ਰ ਕਰਕੇ ਭਲੇ ਗੁਣਾਂ ਲਈ ਸਹਾਇਤਾ ਕਰਦੀ ਹੈ । ਜੇ ਲੋਕ ਔਗੁਣ ਨਸ਼ਰ ਕਰਨ, ਤਾਂ ਹੀ ਔਗੁਣ ਛੱਡੇ ਜਾ ਸਕਦੇ ਹਨ ਤੇ ਬੈਕੁੰਠ ਵਿੱਚ ਜਾ ਸਕੀਦਾ ਹੈ । ਜੇ ਹਿਰਦਾ ਸ਼ੁੱਧ ਹੰੁਦਿਆਂ ਸਾਡੀ ਨਿੰਦਿਆ ਹੋਵੇ ਤਾਂ ਨਿੰਦਕ ਸਾਡੇ ਮਨ ਨੂੰ ਪਵਿੱਤਰ ਕਰਨ ਵਿੱਚ ਸਹਾਇਤਾ ਕਰਦਾ ਹੈ । ਜੋ ਮਨੁੱਖ ਸਾਨੂੰ ਭੰਡਦਾ ਹੈ, ਉਹ ਸਾਡਾ ਮਿੱਤਰ ਹੈ ਕਿਉਂਕਿ ਸਾਡੀ ਸੁਰਤ ਆਪਣੇ ਨਿੰਦਕ ਵਿੱਚ ਰਹਿੰਦੀ ਹੈ ਤੇ ਅਸੀਂ ਆਪਣੇ ਨਿੰਦਕ ਦੀ ਗੱਲ ਬੜੇ ਧਿਆਨ ਨਾਲ ਸੁਣਦੇ ਹਾਂ । ਅਸਲ ਵਿੱਚ ਸਾਡਾ ਮੰਦਾ ਚਿਤਵਣ ਵਾਲਾ ਮਨੁੱਖ ਉਹ ਹੈ ਜੋ ਸਾਡੇ ਐਬ ਨਸ਼ਰ ਹੋਣੋ ਰੋਕਦਾ ਹੈ । ਨਿੰਦਕ ਤਾਂ ਸਗੋਂ ਇਹ ਚਾਹੁੰਦਾ ਹੈ ਕਿ ਸਾਡਾ ਜੀਵਨ ਚੰਗਾ ਬਣੇ ।
ਸਾਡੀ ਨਿੰਦਿਆ ਸਾਨੂੰ ਔਗੁਣਾਂ ਵੱਲੋਂ ਬਚਾਉਂਦੀ ਹੈ । ਇਸੇ ਲਈ ਭਗਤ ਕਬੀਰ ਜੀ ਅਨੁਸਾਰ ਔਗੁਣਾਂ ਦਾ ਨਸ਼ਰ ਹੋਣਾ ਸਭ ਤੋਂ ਵਧੀਆ ਗੱਲ ਹੈ ਕਿਉਂਕਿ ਨਿੰਦਕ ਆਪ ਦੂਜਿਆਂ ਦੇ ਔਗੁਣਾਂ ਦੀਆਂ ਗੱਲਾਂ ਕਰ-ਕਰ ਕੇ ਆਪ ਹੀ ਉਨ੍ਹਾਂ ਵਿੱਚ ਡੁੱਬ ਜਾਂਦਾ ਹੈ ਤੇ ਅਸੀਂ ਆਪਣੇ ਔਗੁਣਾਂ ਦੀ ਚੇਤਾਵਨੀ ਨਾਲ ਉਨ੍ਹਾਂ ਤੋਂ ਬਚ ਨਿਕਲਦੇ ਹਾਂ । ਭਾਪਾ ਜੀ ਨੇ ਮੇਰੇ ਹੱਥੋਂ ਦਰਪਣ ਦੀ ਪੋਥੀ ਫੜਦਿਆਂ ਕਿਹਾ, ਇਸ ਤੋਂ ਵਧੀਆ ਤਰੀਕੇ ਹੋਰ ਕੋਈ ਦੁਨਿਆਵੀ ਇਨਸਾਨ ਜਾਂ ਉੱਚ ਕੋਟੀ ਦਾ ਮਨੋਵਿਗਿਆਨਕ ਡਾਕਟਰ ਵੀ ਨਹੀਂ ਸਮਝਾ ਸਕਣ ਲੱਗਿਆ । ਬੱਸ, ਮੇਰਾ ਏਨਾ ਕੁ ਕਿਹਾ ਮੰਨ ਲਵੀਂ ਕਿ ਜੇ ਕੋਈ ਮਨੁੱਖ ਠੰਢੇ ਜਿਗਰੇ ਨਾਲ ਆਪਣੇ ਐਬ ਨਸ਼ਰ ਹੁੰਦਾ ਸੁਣ ਲਵੇ ਅਤੇ ਆਪਣੇ ਗੁੱਸੇ ਨੂੰ ਮਨ ਉੱਤੇ ਹਾਵੀ ਨਾ ਹੋਣ ਦੇਵੇ ਤਾਂ ਉਹ ਆਪਣੇ ਮਨ ਅੰਦਰੋਂ ਐਬ ਦੂਰ ਕਰ ਸਕਦਾ ਹੈ ਤੇ ਆਪਣਾ ਜੀਵਨ ਤੇ ਚਰਿੱਤਰ ਵਧੀਆ ਬਣਾ ਸਕਦਾ ਹੈ । ਪਰ, ਅਸਲ ਨੁਕਤਾ ਇਹ ਹੈ ਕਿ ਦੂਜਿਆਂ ਦੇ ਐਬ ਫਰੋਲਣ ਵਾਲਾ ਬੰਦਾ ਆਪਣੇ ਮਨ ਅੰਦਰ ਝਾਤੀ ਮਾਰਨ ਤੋਂ ਅਸਮਰੱਥ ਹੁੰਦਾ ਹੈ । ਇਸੇ ਲਈ ਉਹ ਦੂਜਿਆਂ ਦੇ ਐਬਾਂ ਦਾ ਬਖਾਨ ਕਰਦਿਆਂ ਉਨ੍ਹਾਂ ਹੀ ਐਬਾਂ ਵਿੱਚ ਡੱੁਬ ਕੇ ਮਰ-ਖਪ ਜਾਂਦਾ ਹੈ ਕਿਉਂਕਿ ਅਜਿਹੇ ਇਨਸਾਨਾਂ ਤੋਂ ਸਿਰਫ਼ ਸੜਿਆਂਦ ਹੀ ਆਉਂਦੀ ਰਹਿੰਦੀ ਹੈ । ਇਸੇ ਲਈ ਅੱਜ ਤੋਂ ਬਾਅਦ ਨਿੰਦਿਆ ਤੋਂ ਘਾਬਰਨਾ ਨਹੀਂ, ਬਲਕਿ ਖੁਸ਼ ਹੋਣਾ ਹੈ ਕਿਉਂਕਿ ਨਿੰਦਕ ਤਾਂ ਸਾਡੇ ਮੈਲੇ ਕੱਪੜੇ ਧੋ ਰਿਹਾ ਹੁੰਦਾ ਹੈ । ਸ਼ੁੱਕਰ ਕਰ ! ਇਹ ਸੋਚ ਕਿ ਪ੍ਰਮਾਤਮਾਂ ਦੀ ਤੇਰੇ ਉੱਤੇ ਮਿਹਰ ਹੋਈ ਹੈ ਜੋ ਕੋਈ ਨਿੰਦਕ ਤੇਰੇ ਮੈਲੇ ਕੱਪੜੇ ਧੋਣ ਲਈ ਅਗਾਂਹ ਆਇਆ ਹੈ । ਮੇਰੇ ਕੋਲ ਬੋਲਣ ਨੂੰ ਕੋਈ ਸ਼ਬਦ ਬਚਿਆ ਹੀ ਨਹੀਂ ਸੀ । ਅੱਜ ਸਿਰਫ਼ ਇਸ ਉਮੀਦ ਨਾਲ ਇਹ ਯਾਦ ਲਿਖੀ ਹੈ ਕਿ ਸ਼ਾਇਦ ਮੇਰੇ ਵਾਂਗ ਹੀ ਕੋਈ ਹੋਰ ਵੀ ਆਪਣੀ ਨਿੰਦਿਆ ਸੁਣ ਕੇ ਦੁੱਖ ਮਹਿਸੂਸ ਕਰ ਰਿਹਾ ਹੈ ਤਾਂ ਝਟਪਟ ਆਪਣੀ ਸੋਚ ਬਦਲ ਕੇ ਖੁਸ਼ੀ ਮਹਿਸੂਸ ਕਰ ਸਕਦਾ ਹੈ । ਪਰ ਇਹ ਗੱਲ ਵੀ ਜ਼ਰੂਰ ਸਾਂਝੀ ਕਰਨੀ ਪਵੇਗੀ ਜੋ ਮੇਰੇ ਵਾਪਸ ਮੁੜਨ ਵੇਲੇ ਭਾਪਾ ਜੀ ਨੇ ਕਹੀ ਸੀ, ਬੱਲਿਆ, ਇਹ ਨਾ ਸੋਚੀਂ ਕਿ ਤੂੰ ਕਿਸੇ ਹੋਰ ਦੀ ਨਿੰਦਾ ਕਰ ਸਕਦੀ ਹੈਂ । ਇਸ ਬਾਰੇ ਵੀ ਸਪੱਸ਼ਟ ਤਾਕੀਦ ਕੀਤੀ ਗਈ ਹੈ -
ਨਿੰਦਾ ਭਲੀ ਕਿਸੈ ਕੀ ਨਾਹੀ ਮਨਮੁਖ ਮੁਗਧ ਕਰੰਨਿ ।
ਮਹੁਕਾਲੇ ਤਿਨ ਨਿੰਦਕਾ ਨਰਕੇ ਘੋਹਿ ਪਵੰਨਿ । 
ਆਪਣਾ ਬੀਜਿਆ ਆਪ ਹੀ ਵੱਢਣਾ ਪੈਂਦਾ ਹੈ । ਜਿਹੜੇ ਦੂਜਿਆਂ ਦੀ ਨਿੰਦਾ ਕਰਦੇ ਹਨ, ਉਹ ਆਪ ਤਾਂ ਡੁੱਬਦੇ ਹੀ ਹਨ ਪਰ ਨਾਲ ਪੂਰਾ ਪਰਿਵਾਰ ਵੀ ਡੋਬ ਦਿੰਦੇ ਹਨ । ਇਸੇ ਲਈ ਆਪਣਾ ਕਿਰਦਾਰ ਉੱਚਾ-ਸੱੁਚਾ ਰੱਖਣ ਲਈ ਜਿਥੇ ਨਿੰਦਾ ਕਰਨੀ ਆਉਣੀ ਚਾਹੀਦੀ ਹੈ, ਉਥੇ ਹੀ ਦੂਜੇ ਨੂੰ ਨਿੰਦਣ ਤੋਂ ਬਚਣ ਦੀ ਲੋੜ ਹੁੰਦੀ ਹੈ । ਅਜਿਹਾ ਗੁਰਮੁਖ ਨਾ ਸਿਰਫ਼ ਜਿਊਂਦੇ ਜੀਅ ਬਲਕਿ ਮਰਨ ਤੋਂ ਬਾਅਦ ਵੀ ਸਲਾਹਿਆ ਜਾਂਦਾ ਹੈ । ਉਸਾਰੂ ਆਲੋਚਨਾ ਕਰਨ ਵਿੱਚ ਝਿਜਕਣਾ ਨਹੀਂ ਚਾਹੀਦਾ ਪਰ ਬੇਲੋੜੀ ਆਲੋਚਨਾ ਦੀ ਥਾਂ ਖੁਦ ਨੂੰ ਸੁਧਾਰਨ &lsquoਤੇ ਜ਼ੋਰ ਲਾਈਏ ਤਾਂ ਸ਼ਖ਼ਸੀਅਤ ਨਿਖਰ ਜਾਂਦੀ ਹੈ ਤੇ ਇਹ ਖੁਸ਼ਬੂ ਚੁਫੇਰੇ ਫੈਲ ਕੇ ਲੋਕਾਂ ਦੀ ਖਿੱਚ ਦਾ ਕੇਂਦਰ ਬਣਦੀ ਹੈ ।
-ਡਾ। ਹਰਸ਼ਿੰਦਰ ਕੌਰ
(ਬਾਲ ਰੋਗਾਂ ਦੇ ਮਾਹਿਰ)