21 ਜਨਵਰੀ 2025 (ਮੰਗਲਵਾਰ) ਅੱਜ ਦੀਆਂ ਮੁੱਖ ਖਬਰਾਂ
 ਸਿੱਖ ਕਤਲੇਆਮ ਮਾਮਲੇ &lsquoਚ ਸੱਜਣ ਕੁਮਾਰ ਵਿਰੁਧ ਕਤਲ ਕੇਸ ਦਾ ਫ਼ੈਸਲਾ ਮੁਲਤਵੀ
ਦਿੱਲੀ ਦੀ ਇੱਕ ਅਦਾਲਤ ਨੇ ਮੰਗਲਵਾਰ ਨੂੰ ਸਾਬਕਾ ਕਾਂਗਰਸੀ ਸੰਸਦ ਮੈਂਬਰ ਸੱਜਣ ਕੁਮਾਰ ਵਿਰੁੱਧ 1984 ਦੇ ਸਿੱਖ ਵਿਰੋਧੀ ਦੰਗਿਆਂ ਨਾਲ ਜੁੜੇ ਕਤਲ ਕੇਸ ਵਿੱਚ ਆਪਣਾ ਫ਼ੈਸਲਾ ਮੁਲਤਵੀ ਕਰ ਦਿੱਤਾ। ਵਿਸ਼ੇਸ਼ ਜੱਜ ਕਾਵੇਰੀ ਬਵੇਜਾ ਨੇ ਇਸਤਗਾਸਾ ਪੱਖ ਵੱਲੋਂ ਕੁਝ ਖਾਸ ਨੁਕਤਿਆਂ &lsquoਤੇ ਹੋਰ ਦਲੀਲਾਂ ਪੇਸ਼ ਕਰਨ ਲਈ ਸਮਾਂ ਮੰਗਣ ਤੋਂ ਬਾਅਦ ਫ਼ੈਸਲਾ 31 ਜਨਵਰੀ ਤਕ ਮੁਲਤਵੀ ਕਰ ਦਿੱਤਾ। ਜੱਜ ਨੇ ਕਿਹਾ, ਅਗਲੀ ਤਾਰੀਖ 31 ਜਨਵਰੀ ਹੈ।
ਇਹ ਮਾਮਲਾ ਸਿੱਖ ਵਿਰੋਧੀ ਦੰਗਿਆਂ ਦੌਰਾਨ ਸਰਸਵਤੀ ਵਿਹਾਰ ਇਲਾਕੇ ਵਿੱਚ ਦੋ ਲੋਕਾਂ ਦੀ ਹੱਤਿਆ ਨਾਲ ਸਬੰਧਤ ਹੈ। ਕੁਮਾਰ, ਜੋ ਇਸ ਸਮੇਂ ਤਿਹਾੜ ਜੇਲ ਵਿੱਚ ਬੰਦ ਹੈ, ਵੀਡੀਓ ਕਾਨਫ਼ਰੰਸ ਰਾਹੀਂ ਅਦਾਲਤ ਵਿੱਚ ਪੇਸ਼ ਹੋਇਆ। ਅਦਾਲਤ ਨੇ 1 ਨਵੰਬਰ, 1984 ਨੂੰ ਜਸਵੰਤ ਸਿੰਘ ਅਤੇ ਉਨ੍ਹਾਂ ਦੇ ਪੁੱਤਰ ਤਰੁਣਦੀਪ ਸਿੰਘ ਦੇ ਕਤਲ ਨਾਲ ਸਬੰਧਤ ਮਾਮਲੇ ਵਿੱਚ ਅੰਤਿਮ ਦਲੀਲਾਂ ਸੁਣਨ ਤੋਂ ਬਾਅਦ ਫੈਸਲਾ ਸੁਰੱਖਿਅਤ ਰੱਖ ਲਿਆ ਸੀ। ਸ਼ੁਰੂ ਵਿੱਚ ਪੰਜਾਬੀ ਬਾਗ ਪੁਲਿਸ ਸਟੇਸ਼ਨ ਵਿੱਚ ਇੱਕ ਕੇਸ ਦਰਜ ਕੀਤਾ ਗਿਆ ਸੀ, ਪਰ ਬਾਅਦ ਵਿੱਚ ਇੱਕ ਵਿਸ਼ੇਸ਼ ਜਾਂਚ ਟੀਮ ਨੇ ਜਾਂਚ ਆਪਣੇ ਹੱਥਾਂ ਵਿੱਚ ਲੈ ਲਈ। 16 ਦਸੰਬਰ, 2021 ਨੂੰ, ਅਦਾਲਤ ਨੇ ਕੁਮਾਰ ਵਿਰੁੱਧ &ldquoਪਹਿਲੀ ਨਜ਼ਰੇ&rdquo ਮਾਮਲਾ ਲੱਭਣ ਤੋਂ ਬਾਅਦ ਦੋਸ਼ ਤੈਅ ਕੀਤੇ ਸਨ। ਇਸਤਗਾਸਾ ਪੱਖ ਦੇ ਅਨੁਸਾਰ, ਮਾਰੂ ਹਥਿਆਰਾਂ ਨਾਲ ਲੈਸ ਇੱਕ ਭੀੜ ਨੇ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਹੱਤਿਆ ਦਾ ਬਦਲਾ ਲੈਣ ਲਈ ਵੱਡੇ ਪੱਧਰ &lsquoਤੇ ਲੁੱਟਮਾਰ ਅਤੇ ਅੱਗਜ਼ਨੀ ਕੀਤੀ ਸੀ ਅਤੇ ਸਿੱਖਾਂ ਦੀਆਂ ਜਾਇਦਾਦਾਂ ਨੂੰ ਤਬਾਹ ਕਰ ਦਿੱਤਾ ਸੀ। ਇਸਤਗਾਸਾ ਪੱਖ ਨੇ ਦੋਸ਼ ਲਗਾਇਆ ਕਿ ਭੀੜ ਨੇ ਘਰ &lsquoਤੇ ਹਮਲਾ ਕੀਤਾ, ਜਸਵੰਤ ਅਤੇ ਉਸਦੇ ਪੁੱਤਰ ਨੂੰ ਮਾਰ ਦਿੱਤਾ, ਸਮਾਨ ਲੁੱਟ ਲਿਆ ਅਤੇ ਘਰ ਨੂੰ ਅੱਗ ਲਗਾ ਦਿੱਤੀ।
ਪਰਵਾਸੀਆਂ ਦੀ ਵਤਨ ਵਾਪਸੀ ਸਬੰਧੀ ਟਰੰਪ ਦੀ ਯੋਜਨਾ ਅਪਮਾਨਜਨਕ: ਪੋਪ
ਪੋਪ ਫਰਾਂਸਿਸ ਨੇ ਕਿਹਾ ਹੈ ਪਰਵਾਸੀਆਂ ਨੂੰ ਵੱਡੇ ਪੱਧਰ &rsquoਤੇ ਉਨ੍ਹਾਂ ਦੇ ਵਤਨ ਵਾਪਸ ਭੇਜਣ ਦੀ ਡੋਨਲਡ ਟਰੰਪ ਦੀ ਯੋਜਨਾ &lsquoਅਪਮਾਨਜਨਕ&rsquo ਹੋਵੇਗੀ। ਇਹ ਬਿਆਨ ਉਸ ਸਮੇਂ ਆਇਆ ਹੈ ਜਦੋਂ ਉਨ੍ਹਾਂ ਅਮਰੀਕਾ-ਮੈਕਸਿਕੋ ਵਿਚਕਾਰ ਇਕ ਕੰਧ ਬਣਾਉਣ ਦੀ ਇੱਛਾ ਲਈ ਟਰੰਪ ਨੂੰ &lsquoਗ਼ੈਰ ਈਸਾਈ&rsquo ਆਖਿਆ ਸੀ। ਫਰਾਂਸਿਸ ਨੇ ਇਕ ਇਤਾਲਵੀ ਪ੍ਰੋਗਰਾਮ ਦੌਰਾਨ ਇਹ ਟਿੱਪਣੀਆਂ ਕੀਤੀਆਂ ਅਤੇ ਫਿਰ ਸੋਮਵਾਰ ਨੂੰ ਟਰੰਪ ਨੂੰ ਵਧਾਈ ਦਾ ਇਕ ਟੈਲੀਗ੍ਰਾਮ ਵੀ ਭੇਜਿਆ। ਪੋਪ ਨੇ ਕਿਹਾ ਕਿ ਉਨ੍ਹਾਂ ਪ੍ਰਾਰਥਨਾ ਕੀਤੀ ਕਿ ਅਮਰੀਕਾ &lsquoਸਾਰਿਆਂ ਲਈ ਮੌਕੇ ਅਤੇ ਸਵਾਗਤ ਕਰਨ ਵਾਲੀ ਧਰਤੀ&rsquo ਵਜੋਂ ਆਪਣੇ ਵਿਚਾਰਾਂ &rsquoਤੇ ਕਾਇਮ ਰਹੇਗਾ। ਉਨ੍ਹਾਂ ਟੈਲੀਗ੍ਰਾਮ &rsquoਚ ਲਿਖਿਆ, &lsquo&lsquoਮੈਨੂੰ ਉਮੀਦ ਹੈ ਕਿ ਤੁਹਾਡੀ ਅਗਵਾਈ ਹੇਠ ਅਮਰੀਕੀ ਲੋਕ ਹੋਰ ਖੁਸ਼ਹਾਲ ਹੋਣਗੇ।&rsquo&rsquo
ਕੈਨੇਡਾ &lsquoਚ ਪੰਜਾਬੀ ਰੇਡੀਓ ਸੰਪਾਦਕ ਜੋਗਿੰਦਰ ਬਾਸੀ ਦੇ ਘਰ &lsquoਤੇ ਹਮਲਾ
ਕੈਨੇਡਾ &lsquoਚ ਪੰਜਾਬੀ ਰੇਡੀਓ ਸੰਪਾਦਕ ਜੋਗਿੰਦਰ ਬਾਸੀ ਦੇ ਘਰ &lsquoਤੇ ਹਮਲਾ ਗੈਰਾਜ ਦੀ ਭੰਨਤੋੜ ਕੈਨੇਡਾ ਵਿੱਚ ਰਹਿੰਦੇ ਭਾਰਤੀ ਮੂਲ ਦੇ ਪ੍ਰਸਿੱਧ ਪੱਤਰਕਾਰ ਜੋਗਿੰਦਰ ਬਾਸੀ ਦੇ ਘਰ &lsquoਤੇ ਸੋਮਵਾਰ ਨੂੰ ਕੁਝ ਬਦਮਾਸ਼ਾਂ ਨੇ ਹਮਲਾ ਕਰ ਦਿੱਤਾ। ਇਹ ਹਮਲਾ ਭਾਰਤੀ ਸਮੇਂ ਮੁਤਾਬਕ 20 ਜਨਵਰੀ ਨੂੰ ਹੋਇਆ। ਜੋਗਿੰਦਰ ਬਾਸੀ ਨੇ ਖੁਦ ਇਹ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਉਹ ਅਤੇ ਉਹਦਾ ਪਰਿਵਾਰ ਪੂਰੀ ਤਰ੍ਹਾਂ ਸੁਰੱਖਿਅਤ ਹਨ। ਜੋਗਿੰਦਰ ਬਾਸੀ ਨੇ ਦੱਸਿਆ ਕਿ ਇਹ ਹਮਲਾ ਖਾਲਿਸਤਾਨੀ ਵੱਲੋਂ ਕੀਤਾ ਗਿਆ ਹੈ ਅਤੇ ਉਹਨੇ ਇਸ ਸਬੰਧੀ ਟੋਰਾਂਟੋ ਪੁਲਿਸ ਕੋਲ ਲਿਖਤੀ ਸ਼ਿਕਾਇਤ ਵੀ ਦਰਜ ਕਰਵਾਈ ਹੈ। ਜੋਗਿੰਦਰ ਬਾਸੀ ਨੂੰ ਪਹਿਲਾਂ ਵੀ ਖਾਲਿਸਤਾਨੀਆਂ ਵੱਲੋਂ ਧਮਕੀਆਂ ਮਿਲ ਚੁੱਕੀਆਂ ਹਨ। ਬਾਸੀ ਕੈਨੇਡਾ ਵਿੱਚ ਇੱਕ ਪ੍ਰਸਿੱਧ ਪੰਜਾਬੀ ਰੇਡੀਓ ਸ਼ੋਅ ਚਲਾਉਂਦੇ ਹਨ, ਜੋ ਕਿ ਪੰਜਾਬ ਅਤੇ ਕੈਨੇਡਾ ਵਿੱਚ ਕਾਫ਼ੀ ਲੋਕਪ੍ਰਿਯ ਹੈ। ਹਾਲ ਹੀ ਵਿੱਚ, ਉਸ ਨੇ ਖਾਲਿਸਤਾਨੀਆਂ ਵੱਲੋਂ ਭਾਰਤੀ ਝੰਡੇ (ਤਿਰੰਗੇ) ਦੇ ਅਪਮਾਨ ਨੂੰ ਲੈ ਕੇ ਵੀਡੀਓ ਜਾਰੀ ਕੀਤੀ ਸੀ, ਜਿਸ ਤੋਂ ਬਾਅਦ ਉਸ ਨੂੰ ਇਹ ਧਮਕੀਆਂ ਮਿਲਣ ਲੱਗੀਆਂ। ਜੋਗਿੰਦਰ ਬਾਸੀ ਨੇ ਰੇਡੀਓ ਸ਼ੋਅ ਦੌਰਾਨ ਕਿਹਾ ਕਿ ਭਾਰਤ ਤੋਂ ਆ ਕੇ ਕੈਨੇਡਾ ਵੱਸਣ ਵਾਲਿਆਂ ਲਈ ਭਾਰਤ ਉਨ੍ਹਾਂ ਦੀ ਮਾਂ ਭੂਮੀ ਹੈ ਅਤੇ ਤਿਰੰਗੇ ਦਾ ਅਪਮਾਨ ਕਰਨਾ ਆਪਣੀ ਮਾਤ ਭੂਮੀ ਦਾ ਅਪਮਾਨ ਕਰਨ ਦੇ ਬਰਾਬਰ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਜੋ ਲੋਕ ਤਿਰੰਗੇ ਦੀ ਬੇਅਦਬੀ ਕਰ ਰਹੇ ਹਨ, ਉਹ ਆਪਣੀ ਮਾਂ ਦੇ ਕੱਪੜੇ ਪਾੜ ਰਹੇ ਹਨ। ਦੱਸ ਦੇਈਏ ਕਿ ਜੋਗਿੰਦਰ ਬਾਸੀ ਨੂੰ ਪਹਿਲਾਂ ਵੀ ਖਾਲਿਸਤਾਨੀਆਂ ਵੱਲੋਂ ਜਾਨੋਂ ਮਾਰਨ ਦੀਆਂ ਧਮਕੀਆਂ ਮਿਲ ਚੁੱਕੀਆਂ ਹਨ। ਭਾਰਤ ਵਿੱਚ ਉਸ ਨੂੰ ਪੰਜਾਬ ਪੁਲਿਸ ਵੱਲੋਂ ਸੁਰੱਖਿਆ ਦਿੱਤੀ ਜਾਂਦੀ ਹੈ। ਉਸ ਦੇ ਨਾਲ ਹਰ ਸਮੇਂ ਸੁਰੱਖਿਆ ਘੇਰਾ ਰਹਿੰਦਾ ਹੈ।
ਕੈਨੇਡਾ &rsquoਚ ਇੰਮੀਗ੍ਰੇਸ਼ਨ ਅਰਜ਼ੀਆਂ ਦਾ ਬੈਕਲਾਗ 10 ਲੱਖ
ਟੋਰਾਂਟੋ : ਇੰਮੀਗ੍ਰੇਸ਼ਨ ਅਰਜ਼ੀਆਂ ਦਾ ਬੈਕਲਾਗ 10 ਲੱਖ ਤੋਂ ਉਤੇ ਹੋਣ ਦੇ ਬਾਵਜੂਦ ਕੈਨੇਡਾ ਸਰਕਾਰ ਵੱਲੋਂ ਇੰਮੀਗ੍ਰੇਸ਼ਨ ਅਤੇ ਸਿਟੀਜ਼ਨਸ਼ਿਪ ਸੇਵਾਵਾਂ ਵਿਭਾਗ ਵਿਚੋਂ 3,300 ਨੌਕਰੀਆਂ ਖਤਮ ਕਰਨ ਫੈਸਲਾ ਕੀਤਾ ਗਿਆ ਹੈ। ਫੈਡਰਲ ਸਰਕਾਰ ਦਾ ਕਹਿਣਾ ਹੈ ਕਿ ਇੰਮੀਗ੍ਰੇਸ਼ਨ ਦੇ ਪੱਧਰ ਵਿਚ ਆਈ ਕਮੀ ਅਤੇ ਫੰਡਾਂ ਦੀ ਘਾਟ ਦੇ ਮੱਦੇਨਜ਼ਰ ਮੁਲਾਜ਼ਮਾਂ ਦੀ ਗਿਣਤੀ ਘਟਾਈ ਜਾ ਰਹੀ ਹੈ ਅਤੇ ਇਸ ਖੱਪੇ ਨੂੰ ਆਰਜ਼ੀ ਕਾਮਿਆਂ ਰਾਹੀਂ ਪੂਰਨ ਦੇ ਯਤਨ ਕੀਤੇ ਜਾਣਗੇ। ਇੰਮੀਗ੍ਰੇਸ਼ਨ ਵਿਭਾਗ ਵੱਲੋਂ 3300 ਮੁਲਾਜ਼ਮਾਂ ਦੀ ਛਾਂਟੀ ਆਈ.ਆਰ.ਸੀ.ਸੀ. ਵੱਲੋਂ ਜਾਰੀ ਬਿਆਨ ਮੁਤਾਬਕ ਮੁਲਾਜ਼ਮਾਂ ਦੀ ਛਾਂਟੀ ਨਾਲ ਘਰੇਲੂ ਅਤੇ ਕੌਮਾਤਰੀ ਪੱਧਰ &rsquoਤੇ ਕੰਮਕਾਜ ਪ੍ਰਭਾਵਤ ਹੋਵੇਗਾ ਪਰ ਕਟੌਤੀਆਂ ਰਾਹੀਆਂ ਪ੍ਰਭਾਵਤ ਹੋਣ ਵਾਲੇ 80 ਫ਼ੀ ਸਦੀ ਕੰਮਕਾਜ ਨੂੰ ਮੌਜੂਦਾ ਸਟਾਫ਼ ਦੀ ਵਚਨਬੱਧਤਾ ਅਤੇ ਆਰਜ਼ੀ ਕਾਮਿਆਂ ਰਾਹੀਂ ਨੇਪਰੇ ਚਾੜ੍ਹਿਆ ਜਾਵੇਗਾ ਜਦਕਿ 20 ਫੀ ਸਦੀ ਕੰਮਕਾਜ ਕਾਮਿਆਂ ਦੀ ਐਡਜਸਟਮੈਂਟ ਰਾਹੀਂ ਨਿਪਟਾਉਣ ਦੇ ਯਤਨ ਕੀਤੇ ਜਾਣਗੇ। ਇਥੇ ਦਸਣਾ ਬਣਦਾ ਹੈ ਕਿ ਨਵੰਬਰ ਦੇ ਅੰਤ ਤੱਕ ਇੰਮੀਗ੍ਰੇਸ਼ਨ ਅਤੇ ਸਿਟੀਜ਼ਨਸ਼ਿਪ ਸੇਵਾਵਾਂ ਵਿਭਾਗ ਕੋਲ 22 ਲੱਖ 67 ਹਜ਼ਾਰ ਤੋਂ ਵੱਧ ਅਰਜ਼ੀਆਂ ਵਿਚਾਰ ਅਧੀਨ ਸਨ ਜਿਨ੍ਹਾਂ ਵਿਚੋਂ 12 ਲੱਖ 61 ਹਜ਼ਾਰ ਤੈਅਸ਼ੁਦਾ ਸਮਾਂ ਹੱਦ ਦੇ ਅੰਦਰ-ਅੰਦਰ ਨਿਪਟਾਏ ਜਾਣ ਦੇ ਆਸਾਰ ਹਨ ਪਰ 10 ਲੱਖ ਤੋਂ ਵੱਧ ਬੈਕਲਾਗ ਵਿਚ ਮੰਨੀਆਂ ਜਾ ਰਹੀਆਂ ਹਨ। 1 ਜਨਵਰੀ 2024 ਤੋਂ 30 ਨਵੰਬਰ 2024 ਤੱਕ ਸਟੱਡੀ ਵੀਜ਼ਾ ਦੀਆਂ 7 ਲੱਖ 87 ਹਜ਼ਾਰ ਵੀਜ਼ਾ ਅਰਜ਼ੀਆਂ ਦੀ ਪ੍ਰੋਸੈਸਿੰਗ ਕੀਤੀ ਗਈ ਅਤੇ 11 ਲੱਖ 77 ਹਜ਼ਾਰ ਵਰਕ ਪਰਮਿਟ ਅਰਜ਼ੀਆਂ ਦਾ ਨਿਪਟਾਰਾ ਵੀ ਕੀਤਾ ਗਿਆ ਹੈ। ਇੰਮੀਗ੍ਰੇਸ਼ਨ ਵਿਭਾਗ ਦੇ ਬਿਆਨ ਵਿਚ ਅੱਗੇ ਕਿਹਾ ਗਿਆ ਕਿ ਕੈਨੇਡਾ ਸਰਕਾਰ ਵੱਲੋਂ ਅਕਤੂਬਰ 2024 ਵਿਚ ਐਲਾਨੀ ਤਿੰਨ ਸਾਲਾ ਯੋਜਨਾ ਅਧੀਨ ਇੰਮੀਗ੍ਰੇਸ਼ਨ ਟੀਚਿਆਂ ਵਿਚ ਕਮੀ ਕਰਨ ਦਾ ਐਲਾਨ ਕਰ ਦਿਤਾ ਗਿਆ ਜਿਸ ਦੇ ਮੱਦੇਨਜ਼ਰ ਅਰਜ਼ੀਆਂ ਦੀ ਪ੍ਰੋਸੈਸਿੰਗ ਵਾਸਤੇ ਵੀ ਘੱਟ ਮੁਲਾਜ਼ਮਾਂ ਦੀ ਜ਼ਰੂਰਤ ਹੋਵੇਗੀ ਅਤੇ ਇਸੇ ਕਰ ਕੇ ਆਉਂਦੇ ਤਿੰਨ ਸਾਲ ਦੌਰਾਨ 3,300 ਮੁਲਾਜ਼ਮਾਂ ਦੀ ਛਾਂਟੀ ਕੀਤੀ ਜਾਵੇਗੀ।
ਟਰੰਪ ਨੇ ਟੈਕਸ ਲਾਇਆ ਤਾਂ ਅਮਰੀਕਾ ਦੀ ਸ਼ਰਾਬ ਬੰਦ : ਡਗ ਫ਼ੋਰਡ
ਟੋਰਾਂਟੋ : ਉਨਟਾਰੀਓ ਦੇ ਪ੍ਰੀਮੀਅਰ ਡਗ ਫ਼ੋਰਡ ਵੱਲੋਂ ਐਲ.ਸੀ.ਬੀ.ਓ. ਪ੍ਰਬੰਧਕਾਂ ਨੂੰ ਸਾਫ਼ ਲਫ਼ਜ਼ਾਂ ਵਿਚ ਆਖ ਦਿਤਾ ਗਿਆ ਹੈ ਕਿ ਜੇ ਡੌਨਲਡ ਟਰੰਪ ਕੈਨੇਡੀਅਨ ਵਸਤਾਂ &rsquoਤੇ ਟੈਕਸ ਲਾਗੂ ਕਰਦੇ ਹਨ ਤਾਂ ਅਮਰੀਕਾ ਵਿਚ ਬਣੀ ਸ਼ਰਾਬ ਕਿਸੇ ਸਟੋਰ ਵਿਚ ਨਜ਼ਰ ਨਹੀਂ ਆਉਣੀ ਚਾਹੀਦੀ। ਰੂਰਲ ਉਨਟਾਰੀਓ ਮਿਊਂਸਪਲ ਐਸੋਸੀਏਸ਼ਨ ਦੀ ਸਾਲਾਨ ਜਨਰਲ ਮੀਟਿੰਗ ਦੌਰਾਨ ਡਗ ਫ਼ੋਰਡ ਵੱਲੋਂ ਸੂਬੇ ਵਿਚ ਬਣੀ ਸ਼ਰਾਬ ਨੂੰ ਤਰਜੀਹ ਦਿਤੇ ਜਾਣ &rsquoਤੇ ਜ਼ੋਰ ਦਿਤਾ ਗਿਆ। ਉਨ੍ਹਾਂ ਕਿਹਾ, &lsquo&lsquoਅਸੀਂ ਦੁਨੀਆਂ ਵਿਚ ਸ਼ਰਾਬ ਦੇ ਸਭ ਤੋਂ ਵੱਡੇ ਖਰੀਦਾਰ ਹਾਂ ਅਤੇ ਗੁਆਂਢੀਆਂ &rsquoਤੇ ਇਸ ਦਾ ਅਸਰ ਜ਼ਰੂਰ ਪਵੇਗਾ। ਕੈਨੇਡਾ ਦੇ ਸਾਰੇ ਪ੍ਰੀਮੀਅਰਜ਼ ਨਾਲ ਗੱਲਬਾਤ ਕਰਦਿਆਂ ਇਹ ਨੀਤੀ ਲਾਗੂ ਕਰਨ ਦਾ ਸੱਦਾ ਵੀ ਦਿਤਾ ਜਾਵੇਗਾ।&rsquo&rsquo ਐਲ.ਸੀ.ਬੀ.ਓ. ਵਾਲਿਆਂ ਨੂੰ ਸਾਫ਼ ਲਫ਼ਜ਼ਾਂ ਵਿਚ ਦਿਤੀ ਹਦਾਇਤ ਉਧਰ ਐਲ.ਸੀ.ਬੀ.ਓ. ਵੱਲੋਂ ਡਗ ਫੋਰਡ ਦੀਆਂ ਹਦਾੲਤਾਂ ਬਾਰੇ ਕੋਈ ਟਿੱਪਣੀ ਨਹੀਂ ਕੀਤੀ ਗਈ। ਇਥੇ ਦਸਣਾ ਬਣਦਾ ਹੈ ਕਿ ਕੈਨੇਡੀਅਨ ਵਸਤਾਂ &rsquoਤੇ 25 ਫੀ ਸਦੀ ਟੈਕਸ ਲੱਗਣ ਦੀ ਸੂਰਤ ਵਿਚ ਇਕੱਲੇ ਉਨਟਾਰੀਓ ਵਿਚੋਂ ਸਾਢੇ ਚਾਰ ਲੱਖ ਤੋਂ ਪੰਜ ਲੱਖ ਨੌਕਰੀਆਂ ਖਤਮ ਹੋ ਸਕਦੀਆਂ ਹਨ। ਡਗ ਫ਼ੋਰਡ ਨੇ ਅੱਗੇ ਕਿਹਾ ਕਿ ਜੇ ਅਰਬਾਂ ਡਾਲਰ ਖਰਚ ਕਰਨ ਦੀ ਨੌਬਤ ਆਉਂਦੀ ਹੈ ਤਾਂ ਲੋਕਾਂ ਨੂੰ ਫੈਸਲਾ ਕਰਨ ਦਾ ਹੱਕ ਹੋਣਾ ਚਾਹੀਦਾ ਹੈ ਕਿ ਉਨ੍ਹਾਂ ਦੇ ਪੈਸੇ ਦੀ ਵਰਤੋਂ ਕਿਸ ਤਰੀਕੇ ਨਾਲ ਕੀਤੀ ਜਾਵੇ। ਅੰਤ ਵਿਚ ਉਨਟਾਰੀਓ ਦੇ ਪ੍ਰੀਮੀਅਰ ਇਹ ਵੀ ਕਹਿ ਗਏ ਕਿ ਫਿਲਹਾਲ ਯਕੀਨੀ ਤੌਰ &rsquoਤੇ ਕੁਝ ਵੀ ਕਹਿਣਾ ਮੁਸ਼ਕਲ ਹੈ ਅਤੇ ਭਵਿੱਖ ਵਿਚ ਟੈਕਸ ਦਰਾਂ ਲੱਗਣ ਤੋਂ ਬਾਅਦ ਹੀ ਠੋਸ ਗੱਲ ਕੀਤੀ ਜਾ ਸਕਦੀ ਹੈ।
ਪਾਕਿ &rsquoਚ ਪਹਿਲੀ ਵਾਰ ਸਿੱਖ ਜੋੜੇ ਨੂੰ ਮਿਲਿਆ ਆਨੰਦ ਕਾਰਜ ਰਜਿਸਟ੍ਰੇਸ਼ਨ ਸਰਟੀਫ਼ਿਕੇਟ
ਪਾਕਿਸਤਾਨ &rsquoਚ ਪਹਿਲੀ ਵਾਰ ਕਿਸੇ ਸਿੱਖ ਨੂੰ ਆਨੰਦ ਕਾਰਜ ਐਕਟ &rsquoਚ &lsquoਸਿੱਖ ਮੈਰਿਜ ਸਰਟੀਫ਼ਿਕੇਟ&rsquo ਪ੍ਰਦਾਨ ਕੀਤਾ ਗਿਆ। ਖ਼ੈਬਰ ਪਖ਼ਤੂਨਖਵਾ ਸੂਬਾ ਸਰਕਾਰ ਤੋਂ ਮਾਨਤਾ ਹਾਸਲ ਇਹ ਪਹਿਲਾ ਸਰਟੀਫ਼ਿਕੇਟ ਪਿਸ਼ਾਵਰ ਸ਼ਹਿਰ ਦੇ ਨਿਵਾਸੀ ਗੁਰਪਾਲ ਸਿੰਘ ਤੇ ਉਨ੍ਹਾਂ ਦੀ ਪਤਨੀ ਹਰਮੀਤ ਕੌਰ ਨੂੰ ਨੇਬਰਹੁਡ ਕੌਂਸਲ ਟਾਊਨ ਵਨ ਦੇ ਅਧਿਕਾਰੀ ਉਬੈਦੁਰ ਰਹਿਮਾਨ ਨੇ ਸੌਂਪਿਆ। ਇਸ ਸਰਟੀਫ਼ਿਕੇਟ &rsquoਤੇ ਬਾਰਕੋਡ ਵੀ ਲਾਇਆ ਗਿਆ ਹੈ। ਸਿੱਖ ਆਨੰਦ ਕਾਰਜ ਮੈਰਿਜ ਬਿੱਲ ਪਾਸ ਕਰਵਾਉਣ ਲਈ ਗੁਰਪਾਲ ਸਿੰਘ ਨੇ ਕਾਫ਼ੀ ਸੰਘਰਸ਼ ਕੀਤਾ ਸੀ।
ਉਨ੍ਹਾਂ ਨੇ ਦੱਸਿਆ ਕਿ ਖ਼ੈਬਰ ਪਖ਼ਤੂਨਖਵਾ ਸੂਬੇ ਦੇ ਗ੍ਰਾਮੀਣ ਵਿਕਾਸ ਵਿਭਾਗ ਨੇ ਯੂਨੀਅਨ ਕੌਂਸਲ ਨੂੰ ਸਿੱਖ ਵਿਆਹ ਲਈ ਅਧਿਕਾਰਕ ਸਿੱਖ ਮੈਰਿਜ ਰਜਿਸਟ੍ਰੇਸ਼ਨ ਸਰਟੀਫ਼ਿਕੇਟ ਜਾਰੀ ਕਰਨ ਦੀ 31 ਦਸੰਬਰ 2024 ਨੂੰ ਮਨਜ਼ੂਰੀ ਦਿਤੀ ਸੀ। ਉਸ ਤੋਂ ਬਾਅਦ 16 ਜਨਵਰੀ 2025 ਨੂੰ ਪਹਿਲਾ ਸਿੱਖ ਮੈਰਿਜ ਸਰਟੀਫ਼ਿਕੇਟ ਉਨ੍ਹਾਂ ਨੂੰ (ਗੁਰਪਾਲ ਸਿੰਘ ਨੂੰ) ਜਾਰੀ ਕੀਤਾ ਗਿਆ ਹੈ। ਉਨ੍ਹਾਂ ਨੇ ਇਹ ਵੀ ਦਸਿਆ ਕਿ ਸੂਬਾ ਸਰਕਾਰ ਨੇ ਨਵੇਂ ਵਿਆਹੇ ਸਿੱਖਾਂ ਨੂੰ ਅਜਿਹੇ ਸਰਟੀਫ਼ਿਕੇਟ ਜਾਰੀ ਕਰਨ ਤੇ ਉਨ੍ਹਾਂ &rsquoਤੇ ਹਸਤਾਖ਼ਰ ਕਰਨ ਲਈ ਗੁਰਪਾਲ ਸਿੰਘ ਨੂੰ ਮੈਰਿਜ ਰਜਿਸਟਰਾਰ ਦੇ ਰੂਪ &rsquoਚ ਨਿਯੁਕਤ ਕਰ ਦਿਤਾ ਹੈ।
ਅਦਾਕਾਰ ਸੈਫ ਅਲੀ ਖ਼ਾਨ ਨੂੰ ਲੀਲਾਵਤੀ ਹਸਪਤਾਲ &rsquoਚੋਂ ਛੁੱਟੀ ਮਿਲੀ
ਮੁੰਬਈ- ਅਦਾਕਾਰ ਸੈਫ਼ ਅਲੀ ਖ਼ਾਨ ਨੂੰ ਅੱਜ ਪੰਜ ਦਿਨਾਂ ਮਗਰੋਂ ਲੀਲਾਵਤੀ ਹਸਪਤਾਲ &rsquoਚੋਂ ਛੁੱਟੀ ਮਿਲ ਗਈ ਹੈ। ਸੈਫ਼ 16 ਜਨਵਰੀ ਨੂੰ ਵੱਡੇ ਤੜਕੇ ਬਾਂਦਰਾ ਵਿਚਲੇ ਆਪਣੇ ਅਪਾਰਟਮੈਂਟ ਵਿਚ ਇਕ ਸ਼ਖ਼ਸ ਵੱਲੋਂ ਚਾਕੂ ਨਾਲ ਕੀਤੇ ਹਮਲੇ ਵਿਚ ਜ਼ਖ਼ਮੀ ਹੋ ਗਿਆ ਸੀ। ਚਾਕੂ ਦੇ ਵਾਰ ਇੰਨੇ ਡੂੰਘੇ ਸੀ ਕਿ ਡਾਕਟਰਾਂ ਨੂੰ ਅਦਾਕਾਰ ਦੀ ਐਮਰਜੈਂਸੀ ਸਰਜਰੀ ਕਰਨੀ ਪਈ। ਡਾਕਟਰਾਂ ਨੇ ਸੈਫ਼ ਨੂੰ 17 ਜਨਵਰੀ ਨੂੰ ਆਈਸੀਯੂ &rsquoਚੋਂ ਸਪੈਸ਼ਲ ਰੂਮ ਵਿਚ ਤਬਦੀਲ ਕਰ ਦਿੱਤਾ ਸੀ। ਪੁਲੀਸ ਨੇ ਇਸ ਮਾਮਲੇ ਵਿਚ ਬੰਗਲਾਦੇਸ਼ੀ ਨਾਗਰਿਕ ਸ਼ਰੀਫ਼ੁਲ ਇਸਲਾਮ ਸ਼ਹਿਜ਼ਾਦ ਮੁਹੰਮਦ ਰੋਹੀਲਾ ਅਮੀਨ ਫ਼ਕੀਰ (30) ਨੂੰ ਨਾਲ ਲੱਗਦੇ ਠਾਣੇ ਸ਼ਹਿਰ ਤੋਂ ਗ੍ਰਿਫ਼ਤਾਰ ਕੀਤਾ ਹੈ। ਉਹ ਇਸ ਵੇਲੇ 24 ਜਨਵਰੀ ਤੱਕ ਮੁੰਬਈ ਪੁਲੀਸ ਦੀ ਹਿਰਾਸਤ ਵਿਚ ਹੈ।
ਅਮਰੀਕਾ ਨੂੰ ਪ੍ਰਵਾਸੀਆਂ ਦੀ ਸਖਤ ਜ਼ਰੂਰਤ : ਟਰੰਪ
ਵਾਸ਼ਿੰਗਟਨ : ਅਮਰੀਕਾ ਨੂੰ ਪ੍ਰਵਾਸੀਆਂ ਦੀ ਜ਼ਰੂਰਤ ਹੈ ਪਰ ਕਾਨੂੰਨੀ ਤਰੀਕੇ ਨਾਲ ਪੁੱਜਣ ਵਾਲਿਆਂ ਦਾ ਹੀ ਖੁੱਲ੍ਹੀਆਂ ਬਾਹਵਾਂ ਨਾਲ ਸਵਾਗਤ ਕੀਤਾ ਜਾਵੇਗਾ। ਡੌਨਲਡ ਟਰੰਪ ਨੇ ਇਹ ਟਿੱਪਣੀ ਓਵਲ ਦਫ਼ਤਰ ਵਿਚ ਪਹਿਲੀ ਪ੍ਰੈਸ ਕਾਨਫ਼ਰੰਸ ਦੌਰਾਨ ਕੀਤੀ ਅਤੇ 6 ਜਨਵਰੀ ਨੂੰ ਅਮਰੀਕਾ ਦੀ ਸੰਸਦ &rsquoਤੇ ਹਮਲਾ ਕਰਨ ਵਾਲਿਆਂ ਨੂੰ ਮੁਆਫ਼ੀ ਦਾ ਐਲਾਨ ਕਰ ਦਿਤਾ। ਟਰੰਪ ਦੇ ਸਹੁੰ ਚੁੱਕਣ ਮਗਰੋਂ ਜਸ਼ਨਾਂ ਦਾ ਸਿਲਸਿਲਾ ਜਾਰੀ ਰਿਹਾ ਅਤੇ ਫੌਜ ਵੱਲੋਂ ਕਰਵਾਏ ਸਵਾਗਤੀ ਸਮਾਗਮ ਦੌਰਾਨ ਟਰੰਪ ਖੁਸ਼ੀ ਵਿਚ ਨੱਚਦੇ ਨਜ਼ਰ ਆਏ। ਨਵੇਂ ਕਮਾਂਡਰ ਇਨ ਚੀਫ਼ ਦਾ ਸਵਾਗਤ ਕਰਦਿਆਂ ਫੌਜ ਵੱਲੋਂ ਲਿਬਰਟੀ ਬੌਲ, ਕਮਾਂਡਰ ਇਨ ਚੀਫ਼ ਬੌਲ ਅਤੇ ਸਟਾਰਲਾਈਟ ਬੌਲ ਪ੍ਰੋਗਰਾਮ ਕਰਵਾਏ ਗਏ ਜਿਨ੍ਹਾਂ ਦੌਰਾਨ ਟਰੰਪ ਵੱਲੋਂ ਸਮੁੱਚੀ ਫੌਜ ਦਾ ਸ਼ੁਕਰੀਆ ਅਦਾ ਕੀਤਾ ਗਿਆ।
ਆਪਣੇ ਭਾਸ਼ਣ ਦੌਰਾਨ ਟਰੰਪ ਨੇ ਕਿਹਾ ਕਿ ਅੱਜ ਅਸੀਂ ਆਪਣੇ ਮਾਣਮਤੇ ਗਣਰਾਜ ਦੀ ਤਾਕਤ ਦੇ ਜਸ਼ਨ ਮਨਾ ਰਹੇ ਹਨ ਜਿਸ ਦੇ ਮੱਦੇਨਜ਼ਰ ਬੇਹੱਦ ਲਾਜ਼ਮੀ ਹੋ ਜਾਂਦਾ ਹੈ ਕਿ ਅਸੀਂ ਉਨ੍ਹਾਂ ਫੌਜੀਆਂ ਦਾ ਸਤਿਕਾਰ ਕਰੀਏ ਜੋ ਸਾਨੂੰ ਸੁਰੱਖਿਅਤ ਰਖਦੇ ਹਨ। ਟਰੰਪ ਨੇ ਅੱਗੇ ਕਿਹਾ, &lsquo&lsquoਤੁਹਾਡੀ ਬਹਾਦਰੀ ਸਾਨੂੰ ਪ੍ਰੇਰਿਤ ਕਰਦੀ ਹੈ, ਤੁਹਾਡੀ ਸੇਵਾ ਸਾਨੂੰ ਇਕਜੁਟ ਕਰਦੀ ਹੈ ਅਤੇ ਤੁਹਾਡੀ ਕੁਰਬਾਨੀ ਦੀ ਭਾਵਨਾ ਸਭਨਾਂ ਦੀ ਹਿਫ਼ਾਜ਼ਤ ਕਰਦੀ ਹੈ।&rsquo&rsquo ਦੂਜੇ ਪਾਸੇ ਟਰੰਪ ਵੱਲੋਂ ਆਪਣੇ ਡੇਢ ਹਜ਼ਾਰ ਹਮਾਇਤੀਆਂ ਮੁਆਫ਼ ਕਰ ਦਿਤਾ ਗਿਆ ਜਿਨ੍ਹਾਂ ਨੇ ਚਾਰ ਸਾਲ ਪਹਿਲਾਂ ਅਮਰੀਕਾ ਦੀ ਸੰਸਦ &rsquoਤੇ ਹਮਲਾ ਕੀਤਾ। ਟਰੰਪ ਵੱਲੋਂ ਦੰਗਾਈਆਂ ਨੂੰ ਮੁਆਫ਼ੀ ਦਾ ਪੁਲਿਸ ਮਹਿਕਮਿਆਂ ਵੱਲ ਮਾੜਾ ਸੁਨੇਹਾ ਗਿਆ ਹੈ ਅਤੇ ਇਸ ਦੇ ਨਾਲ ਹੀ ਉਹ ਸੰਸਦ ਮੈਂਬਰ ਵੀ ਦੁਖੀ ਹਨ ਜਿਨ੍ਹਾਂ ਦੀ ਜਾਨ ਹਮਲੇ ਦੌਰਾਨ ਮੁਸ਼ਕਲਾਂ ਵਿਚ ਘਿਰ ਗਈ। ਪੁਲਿਸ ਵੱਲੋਂ ਸਖਤੀ ਨਾ ਵਰਤੀ ਜਾਂਦੀ ਤਾਂ ਕਈ ਸਿਆਸਤਦਾਨਾਂ ਨੂੰ ਆਪਣੀ ਜਾਨ ਤੋਂ ਹੱਥ ਧੋਣਾ ਪੈਂਦਾ। ਹਮਲੇ ਦੌਰਾਨ ਤਕਰੀਬਨ 140 ਪੁਲਿਸ ਮੁਲਾਜ਼ਮ ਵੀ ਜ਼ਖਮੀ ਹੋਏ ਜਿਨ੍ਹਾਂ ਉਤੇ ਕੈਮੀਕਲ ਸਪ੍ਰੇਅ ਕੀਤਾ ਗਿਆ ਅਤੇ ਵੱਖ ਵੱਖ ਹਥਿਆਰਾਂ ਨਾਲ ਡੂੰਘੀਆਂ ਸੱਟਾਂ ਵੀ ਮਾਰੀਆਂ ਗਈਆਂ। ਅਮਰੀਕਾ ਦੇ ਇਤਿਹਾਸ ਵਿਚ ਕਾਲਾ ਦਿਨ ਕਰਾਰ ਦਿਤੇ 6 ਜਨਵਰੀ 2021 ਨੂੰ ਚਾਰ ਜਣਿਆਂ ਦੀ ਮੌਤ ਹੋਈ ਜਿਨ੍ਹਾਂ ਵਿਚੋਂ ਇਕ ਟਰੰਪ ਹਮਾਇਤ ਪੁਲਿਸ ਗੋਲੀ ਨਾਲ ਮਰਿਆ। ਇਥੇ ਦਸਣਾ ਬਣਦਾ ਹੈ ਕਿ ਮੈਕਸੀਕੋ ਦੇ ਬਾਰਡਰ &rsquoਤੇ ਐਮਰਜੰਸੀ ਦਾ ਐਲਾਨ ਕੀਤਾ ਜਾ ਚੁੱਕਾ ਹੈ ਅਤੇ ਗੈਰਕਾਨੂੰਨੀ ਪ੍ਰਵਾਸੀਆਂ ਦਾ ਦਾਖਲਾ ਰੋਕਣ ਲਈ ਫੌਜ ਤੈਨਾਤ ਕੀਤੀ ਜਾ ਰਹੀ ਹੈ।
ਟਰੰਪ ਦਾ ਵੱਡਾ ਐਕਸ਼ਨ, ਅਮਰੀਕਾ ਨੂੰ ਵਿਸ਼ਵ ਸਿਹਤ ਸੰਗਠਨ ਤੋਂ ਬਾਹਰ ਕੱਢਣ ਦੇ ਕਾਰਜਕਾਰੀ ਆਦੇਸ਼ &lsquoਤੇ ਕੀਤੇ ਦਸਤਖ਼ਤ
ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸੋਮਵਾਰ ਨੂੰ ਸਹੁੰ ਚੁੱਕਣ ਤੋਂ ਕੁਝ ਘੰਟਿਆਂ ਬਾਅਦ ਹੀ ਵਿਸ਼ਵ ਸਿਹਤ ਸੰਗਠਨ ਤੋਂ ਅਮਰੀਕਾ ਨੂੰ ਵਾਪਸ ਲੈਣ ਦੇ ਹੁਕਮ &lsquoਤੇ ਦਸਤਖ਼ਤ ਕਰ ਦਿੱਤੇ। ਕੋਰੋਨਾ ਮਹਾਂਮਾਰੀ ਦੌਰਾਨ ਟਰੰਪ ਇਸ ਸੰਗਠਨ ਵਿਰੁਧ ਬਹੁਤ ਹਮਲਾਵਰ ਸਨ। ਵ੍ਹਾਈਟ ਹਾਊਸ ਵਿਖੇ ਹੁਕਮ &lsquoਤੇ ਦਸਤਖ਼ਤ ਕਰਦੇ ਹੋਏ, ਟਰੰਪ ਨੇ ਕਿਹਾ ਕਿ WHO ਅਮਰੀਕਾ ਪ੍ਰਤੀ ਪੱਖਪਾਤੀ ਹੈ। ਇੱਥੇ, ਚੀਨ ਨੂੰ ਮਹੱਤਵ ਦਿੱਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਵਿਸ਼ਵ ਸਿਹਤ ਸੰਗਠਨ ਨੇ ਸਾਡੇ ਨਾਲ ਧੋਖਾ ਕੀਤਾ ਹੈ।
ਇਸ ਤੋਂ ਪਹਿਲਾਂ, ਡੋਨਾਲਡ ਟਰੰਪ ਨੇ ਬੀਤੀ ਰਾਤ ਅਮਰੀਕਾ ਦੇ ਰਾਸ਼ਟਰਪਤੀ ਵਜੋਂ ਸਹੁੰ ਚੁੱਕੀ। ਇਸ ਲਈ ਆਯੋਜਿਤ ਸਮਾਗਮ ਵਿੱਚ ਦੁਨੀਆਂ ਦੀਆਂ ਵੱਡੀਆਂ ਤਕਨਾਲੋਜੀ ਕੰਪਨੀਆਂ ਦੇ ਮੁੱਖ ਕਾਰਜਕਾਰੀ ਅਧਿਕਾਰੀ (ਸੀ.ਈ.ਓ.) ਵੀ ਮੌਜੂਦ ਸਨ। ਮੈਟਾ ਦੇ ਸੀਈਓ ਮਾਰਕ ਜ਼ੁਕਰਬਰਗ ਅਤੇ ਉਨ੍ਹਾਂ ਦੀ ਪਤਨੀ ਪ੍ਰਿਸਿਲਾ ਚੈਨ, ਐਮਾਜ਼ਾਨ ਦੇ ਸੀਈਓ ਜੈਫ਼ ਬੇਜੋਸ ਅਤੇ ਉਨ੍ਹਾਂ ਦੀ ਮੰਗੇਤਰ ਲੌਰੇਨ ਸਾਂਚੇਜ਼ ਦੇ ਨਾਲ-ਨਾਲ ਗੂਗਲ ਦੇ ਸੀਈਓ ਸੁੰਦਰ ਪਿਚਾਈ ਅਤੇ ਟਰੰਪ ਦੇ ਸਭ ਤੋਂ ਨਜ਼ਦੀਕੀ ਸਲਾਹਕਾਰਾਂ ਵਿੱਚੋਂ ਇੱਕ, ਐਲੋਨ ਮਸਕ ਵੀ ਸਮਾਰੋਹ ਵਿੱਚ ਮੌਜੂਦ ਸਨ। ਇਸ ਸਮਾਰੋਹ ਵਿੱਚ ਐਪਲ ਦੇ ਸੀਈਓ ਟਿਮ ਕੁੱਕ ਅਤੇ ਟਿਕਟੌਕ ਦੇ ਸੀਈਓ ਸ਼ੌ ਜੀ ਚਿਊ ਵੀ ਮੌਜੂਦ ਸਨ।
ਇਸ ਤੋਂ ਪਹਿਲਾਂ, ਸਹੁੰ ਚੁੱਕਣ ਤੋਂ ਤੁਰਤ ਬਾਅਦ, ਟਰੰਪ ਨੇ ਪੈਰਿਸ ਜਲਵਾਯੂ ਸਮਝੌਤੇ ਤੋਂ ਅਮਰੀਕਾ ਦੇ ਪਿੱਛੇ ਹਟਣ ਦਾ ਐਲਾਨ ਕੀਤਾ ਸੀ। ਵ੍ਹਾਈਟ ਹਾਊਸ ਨੇ ਇੱਕ ਬਿਆਨ ਜਾਰੀ ਕਰ ਕੇ ਕਿਹਾ ਕਿ ਰਾਸ਼ਟਰਪਤੀ ਟਰੰਪ ਇੱਕ ਵਾਰ ਫਿਰ ਅਮਰੀਕਾ ਨੂੰ ਪੈਰਿਸ ਜਲਵਾਯੂ ਸਮਝੌਤੇ ਤੋਂ ਬਾਹਰ ਕੱਢਣ ਜਾ ਰਹੇ ਹਨ। ਟਰੰਪ ਨੇ ਸਹੁੰ ਚੁੱਕਣ ਤੋਂ ਕੁਝ ਘੰਟਿਆਂ ਬਾਅਦ ਹੀ ਕੈਪੀਟਲ ਵਨ ਅਰੇਨਾ ਵਿਖੇ ਆਪਣੇ ਪਹਿਲੇ ਕਾਰਜਕਾਰੀ ਆਦੇਸ਼ਾਂ &lsquoਤੇ ਦਸਤਖ਼ਤ ਕੀਤੇ। ਇਸ ਸਮੇਂ ਦੌਰਾਨ, ਪੈਰਿਸ ਜਲਵਾਯੂ ਸਮਝੌਤੇ ਤੋਂ ਪਿੱਛੇ ਹਟਣ ਲਈ ਇੱਕ ਕਾਰਜਕਾਰੀ ਆਦੇਸ਼ &lsquoਤੇ ਦਸਤਖ਼ਤ ਕੀਤੇ ਗਏ ਸਨ।
ਦਿਲਜੀਤ ਦੋਸਾਂਝ ਦੀ ਫਿਲਮ ਲਈ ਉਡੀਕ ਹੋਈ ਲੰਮੀ
ਗਾਇਕ ਤੇ ਅਦਾਕਾਰ ਦਿਲਜੀਤ ਦੋਸਾਂਝ ਦੀ ਫਿਲਮ &lsquoਪੰਜਾਬ 95&rsquo ਲਈ ਦਰਸ਼ਕਾਂ ਨੂੰ ਅਜੇ ਹੋਰ ਉਡੀਕ ਕਰਨੀ ਹੋਵੇਗੀ। ਲੰਮੇ ਸਮੇਂ ਤੋਂ ਉਡੀਕੀ ਜਾ ਰਹੀ ਫਿਲਮ ਦੀ ਰਿਲੀਜ਼ ਇਕ ਵਾਰ ਮੁੜ ਪੱਛੜ ਗਈ ਹੈ। ਅਦਾਕਾਰ ਮੁਤਾਬਕ ਫ਼ਿਲਮ ਹੁਣ 7 ਫਰਵਰੀ ਨੂੰ ਰਿਲੀਜ਼ ਨਹੀਂ ਹੋਵੇਗੀ।
ਮਨੁੱਖੀ ਹੱਕਾਂ ਬਾਰੇ ਕਾਰਕੁਨ ਜਸਵੰਤ ਸਿੰਘ ਖਾਲੜਾ ਦੀ ਜ਼ਿੰਦਗੀ ਉੱਤੇ ਅਧਾਰਿਤ ਫ਼ਿਲਮ ਪਹਿਲਾਂ ਭਾਰਤ ਨੂੰ ਛੱਡ ਕੇ ਕੁੱਲ ਆਲਮ ਵਿਚ ਬਿਨਾਂ ਕਿਸੇ ਕੱਟਾਂ ਦੇ 7 ਫਰਵਰੀ ਨੂੰ ਰਿਲੀਜ਼ ਹੋਣੀ ਸੀ। ਦੋਸਾਂਝ ਨੇ ਆਪਣੇ ਇੰਸਟਾਗ੍ਰਾਮ ਖਾਤੇ ਉੱਤੇ ਫ਼ਿਲਮ ਦੀ ਰਿਲੀਜ਼ ਬਾਰੇ ਜਾਣਕਾਰੀ ਸਾਂਝੀ ਕੀਤੀ ਹੈ। ਦੋਸਾਂਝ ਨੇ ਲਿਖਿਆ, &lsquo&lsquoਸਾਨੂੰ ਅਫ਼ਸੋਸ ਹੈ ਤੇ ਇਹ ਦੱਸਦਿਆਂ ਬਹੁਤ ਦੁਖ ਹੋ ਰਿਹਾ ਹੈ ਕਿ ਸਾਡੇ ਵੱਸੋਂ ਬਾਹਰੇ ਹਾਲਾਤ ਕਰਕੇ ਫ਼ਿਲਮ &lsquoਪੰਜਾਬ 95&rsquo ਹੁਣ 7 ਫਰਵਰੀ ਨੂੰ ਰਿਲੀਜ਼ ਨਹੀਂ ਹੋਵੇਗੀ।&rsquo&rsquo
ਹਨੀ ਤ੍ਰੇਹਨ ਵੱਲੋਂ ਨਿਰਦੇਸ਼ਤ ਫ਼ਿਲਮ ਦਾ ਨਿਰਮਾਣ ਰੌਨੀ ਸਕਰੂਵਾਲਾ ਦੀ ਆਰਐੱਸਵੀਪੀ ਮੂਵੀਜ਼ ਵੱਲੋਂ ਕੀਤਾ ਗਿਆ ਹੈ। ਇਹ ਫਿਲਮ ਪੰਜਾਬ ਵਿਚ ਖਾੜਕੂਵਾਦ ਦੇ ਦੌਰ ਦੌਰਾਨ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਅਤੇ ਸਿੱਖਾਂ ਦੇ ਲਾਪਤਾ ਹੋਣ ਬਾਰੇ ਖਾਲੜਾ ਦੀ ਜਾਂਚ ਨੂੰ ਉਜਾਗਰ ਕਰਦੀ ਹੈ। ਖਾਲੜਾ ਨੂੰ 1995 ਵਿੱਚ ਅਗਵਾ ਕਰਕੇ ਕਤਲ ਕਰ ਦਿੱਤਾ ਗਿਆ ਸੀ। ਫ਼ਿਲਮ ਦਾ ਸਾਲ 2023 ਵਿਚ ਟੋਰਾਂਟੋ ਇੰਟਰਨੈਸ਼ਨਲ ਫ਼ਿਲਮ ਫੈਸਟੀਵਲ ਵਿਚ ਵਰਲਡ ਪ੍ਰੀਮੀਅਰ ਰੱਖਿਆ ਗਿਆ ਸੀ, ਪਰ ਮਗਰੋਂ ਪ੍ਰਬੰਧਕਾਂ ਨੇ ਬਿਨਾਂ ਕਿਸੇ ਅਧਿਕਾਰਤ ਬਿਆਨ ਦੇ ਇਸ ਨੂੰ ਰਿਲੀਜ਼ ਕੀਤੀਆਂ ਜਾਣ ਵਾਲੀਆਂ ਫ਼ਿਲਮਾਂ ਦੀ ਸੂਚੀ &rsquoਚੋਂ ਬਾਹਰ ਕੱਢ ਦਿੱਤਾ। ਫ਼ਿਲਮ ਵਿਚ ਅਰਜੁਨ ਰਾਮਪਾਲ ਤੋਂ ਇਲਾਵਾ ਵੈੱਬ ਸੀਰੀਜ਼ &lsquoਕੋਹਰਾ&rsquo ਫੇਮ ਸੁਵੀਰ ਵਿੱਕੀ ਦੀਆਂ ਅਹਿਮ ਭੂਮਿਕਾਵਾਂ ਹਨ।
ਅਕਾਲੀ ਦਲ ਦੀ ਭਰਤੀ ਮੁਹਿੰਮ ਸ਼ੁਰੂ ਪਰ ਅਕਾਲ ਤਖ਼ਤ ਦੇ ਆਦੇਸ਼ ਅਨੁਸਾਰ ਨਹੀਂ
ਫਤਿਹਗੜ੍ਹ ਸਾਹਿਬ : ਸ਼੍ਰੋਮਣੀ ਅਕਾਲੀ ਦਲ ਨੇ ਨਵੀਂ ਭਰਤੀ ਮੁਹਿੰਮ ਸ਼ੁਰੂ ਤਾਂ ਕਰ ਲਈ ਹੈ ਪਰ ਇੱਥੇ ਵੇਖਣ ਵਾਲੀ ਗੱਲ ਇਹ ਹੈ ਕਿ ਸ੍ਰੀ ਅਕਾਲ ਤਖਤ ਸਾਹਿਬ ਤੋਂ ਹੋਏ ਆਦੇਸ਼ ਮੁਤਾਬਕ ਇਹ ਭਰਤੀ ਸ਼੍ਰੋਮਣੀ ਅਕਾਲੀ ਦਲ ਨੇ ਖੁਦ ਆਪ ਨਹੀਂ ਸੀ ਕਰਨੀ। ਇਸ ਲਈ ਜਥੇਦਾਰ ਰਘਬੀਰ ਸਿੰਘ ਨੇ ਸ੍ਰੀ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਐਲਾਨ ਕੀਤਾ ਸੀ ਕਿ ਸੱਤ ਮੈਂਬਰੀ ਕਮੇਟੀ ਬਣਾਈ ਜਾਵੇਗੀ ਅਤੇ ਉਹ ਇਸ ਨਵੀਂ ਭਰਤੀ ਮੁਹਿੰਮ ਨੂੰ ਵੇਖੇਗੀ । ਪਰ ਅਕਾਲੀ ਦਲ ਤੇ ਲੀਡਰਾਂ ਨੇ ਆਪਣੇ ਪੱਧਰ ਉੱਤੇ ਇਹ ਭਰਤੀ ਸ਼ੁਰੂ ਕਰ ਲਈ ਹੈ ਅਤੇ ਉਹਨਾਂ ਨੇ ਇਸ ਸੱਤ ਮੈਂਬਰੀ ਕਮੇਟੀ ਨਾਲ ਗੱਲ ਕਰਨੀ ਵੀ ਮੁਨਾਸਬ ਨਹੀ ਸਮਝੀ। ਦਰਅਸਲ ਸ਼੍ਰੋਮਣੀ ਅਕਾਲੀ ਦਲ ਨੇ ਅੱਜ ਸ਼੍ਰੀ ਫਤਿਹਗੜ੍ਹ ਸਾਹਿਬ ਵਿਖੇ ਆਪਣੀ ਭਰਤੀ ਮੁਹਿੰਮ ਦੀ ਸ਼ੁਰੂਆਤ ਕੀਤੀ, ਜਿਸ ਵਿੱਚ ਯੂਥ ਅਕਾਲੀ ਦਲ ਦੇ ਪ੍ਰਧਾਨ ਸਰਬਜੀਤ ਸਿੰਘ ਝਿੰਜਰ ਨੇ ਜ਼ਿਲ੍ਹੇ ਦੇ ਪਹਿਲੇ ਮੈਂਬਰ ਵਜੋਂ ਦੁਬਾਰਾ ਮੈਂਬਰਸ਼ਿਪ ਲਈ। ਮੀਟਿੰਗ ਤੋਂ ਬਾਅਦ ਮੀਡੀਆ ਨਾਲ ਗੱਲਬਾਤ ਕਰਦਿਆਂ, ਸਰਬਜੀਤ ਸਿੰਘ ਝਿੰਜਰ ਨੇ ਕਿਹਾ, &ldquoਸ਼੍ਰੋਮਣੀ ਅਕਾਲੀ ਦਲ ਦੀ ਭਰਤੀ ਮੁਹਿੰਮ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਵਿੱਚ ਅੱਜ ਬੜੀ ਉਤਸ਼ਾਹ ਨਾਲ ਸ਼ੁਰੂ ਹੋਈ। ਇਸ ਮੁਹਿੰਮ ਦਾ ਉਦਘਾਟਨ ਪਾਰਟੀ ਦੇ ਅਬਜਰਵਰ ਬਿਕਰਮ ਸਿੰਘ ਖਾਲਸਾ ਅਤੇ ਪਰਮਜੀਤ ਸਿੰਘ ਢਿੱਲੋ ਨੇ ਕੀਤਾ, ਜਿਨ੍ਹਾਂ ਨੇ ਮੈਨੂੰ ਜ਼ਿਲ੍ਹੇ ਦੀ ਪਹਿਲੀ ਮੈਂਬਰਸ਼ਿਪ ਪਰਚੀ ਜਾਰੀ ਕਰਕੇ ਸ਼੍ਰੋਮਣੀ ਅਕਾਲੀ ਦਲ ਦਾ ਮੈਂਬਰ ਬਣਨ ਦਾ ਮੁੜ ਤੋਂ ਮਾਣ ਬਖਸ਼ਿਆ।&rdquo
ਜੇਲਾਂ &lsquoਚ ਸਜ਼ਾਵਾਂ ਭੁਗਤ ਚੁੱਕੇ ਬੰਦੀ ਸਿੰਘਾਂ ਨੂੰ ਰਿਹਾਅ ਕੀਤਾ ਜਾਵੇ : ਬਡੂੰਗਰ
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਪ੍ਰੋਫੈਸਰ ਕਿਰਪਾਲ ਸਿੰਘ ਬਡੁੰਗਰ ਨੇ ਕੇਂਦਰ ਸਰਕਾਰ ਤੋਂ ਇੱਕ ਵਾਰ ਫਿਰ ਲੰਮੇ ਸਮੇਂ ਤੋਂ ਵੱਖ ਵੱਖ ਜੇਲਾ ਵਿੱਚ ਬੰਦ ਆਪਣੀਆਂ ਸਜ਼ਾਵਾਂ ਭੁਗਤ ਚੁੱਕੇ ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਕੀਤੀ ਹੈ। ਪ੍ਰੋਫੈਸਰ ਕਿਰਪਾਲ ਸਿੰਘ ਬਡੂੰਗਰ ਨੇ ਭਾਈ ਬਲਵੰਤ ਸਿੰਘ ਰਾਜੋਆਣਾ ਦੀ ਰਹਿਮ ਪਟੀਸ਼ਨ ਤੇ ਮਾਨਯੋਗ ਸੁਪਰੀਮ ਕੋਰਟ ਵੱਲੋਂ ਕੇਂਦਰ ਸਰਕਾਰ ਨੂੰ ਨਿਰਦੇਸ਼ ਜਾਰੀ ਕਰਕੇ 18 ਮਾਰਚ ਤੱਕ ਕੋਈ ਫੈਸਲਾ ਲਏ ਜਾਣ ਦਾ ਸਵਾਗਤ ਕੀਤਾ ਹੈ ਤੇ ਜੇਕਰ ਕੇਂਦਰ ਸਰਕਾਰ ਵੱਲੋਂ ਨਿਰਧਾਰਿਤ ਮਿਤੀ ਤੱਕ ਕੋਈ ਫੈਸਲਾ ਨਹੀਂ ਲਿਆ ਗਿਆ ਤਾਂ ਮਾਨਯੋਗ ਸੁਪਰੀਮ ਕੋਰਟ ਵੱਲੋਂ ਖੁਦ ਰਾਹਤ ਦੇਣ ਬਾਰੇ ਸਾਫ ਕਿਹਾ ਗਿਆ ਹੈ।
ਡੱਲੇਵਾਲ ਦਾ 57ਵੇਂ ਦਿਨ ਮਰਨ ਵਰਤ ਜਾਰੀ, ਡਾਕਟਰਾਂ ਦੇ ਮੁਤਾਬਕ ਉਨ੍ਹਾਂ ਨੂੰ ਕੁਦਰਤੀ ਹਵਾ ਅਤੇ ਰੋਸ਼ਨੀ ਦੀ ਹੈ ਲੋੜ
ਅੱਜ 57ਵੇਂ ਦਿਨ ਵੀ ਦਾਤਾਸਿੰਘਵਾਲਾ-ਖਨੌਰੀ ਕਿਸਾਨ ਮੋਰਚੇ ਉੱਪਰ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦਾ ਮਰਨ ਵਰਤ ਜਾਰੀ ਰਿਹਾ। 57 ਦਿਨ ਤੋਂ ਟਰਾਲੀ &rsquoਚ ਹੀ ਹੋਣ ਕਾਰਨ ਕੁਦਰਤੀ ਹਵਾ ਅਤੇ ਰੋਸ਼ਨੀ ਦੀ ਲੋੜ ਨੂੰ ਦੇਖਦੇ ਹੋਏ ਕੱਲ ਦੁਪਹਿਰ ਨੂੰ ਜਗਜੀਤ ਸਿੰਘ ਡੱਲੇਵਾਲ ਨੂੰ ਟਰਾਲੀ ਤੋ ਬਾਹਰ ਲਿਆਂਦਾ ਜਾਵੇਗਾ ਅਤੇ ਸਟੇਜ ਦੇ ਨੇੜੇ ਬਣਾਈ ਜਾ ਰਹੀ ਟਰਾਲੀ/ਕਮਰੇ &rsquoਚ ਸ਼ਿਫਟ ਕੀਤਾ ਜਾਵੇਗਾ। ਉਸ ਟਰਾਲੀ/ਰੂਮ ਦੇ ਆਲੇ-ਦੁਆਲੇ ਦੇ ਖੇਤਰ ਨੂੰ ਬੈਕਟੀਰੀਆ ਮੁਕਤ ਬਣਾਉਣ ਲਈ ਮਾਹਿਰਾਂ ਦੀ ਟੀਮ ਸਫ਼ਾਈ ਅਤੇ ਦਵਾਈਆਂ ਦਾ ਛਿੜਕਾਅ ਕਰਵਾ ਰਹੀ ਹੈ।
ਕਿਸਾਨ ਆਗੂਆਂ ਨੇ ਕਿਹਾ ਕਿ ਜਗਜੀਤ ਸਿੰਘ ਡੱਲੇਵਾਲ ਦਾ ਮਰਨ ਵਰਤ ਅਤੇ ਸੰਘਰਸ਼ ਉਨ੍ਹਾਂ ਦੀਆਂ ਮੰਗਾਂ ਪੂਰੀਆਂ ਹੋਣ ਤੱਕ ਜਾਰੀ ਰਹੇਗਾ, ਹੁਣ ਕਿਸਾਨਾਂ ਨੇ ਜਿੱਤ ਲਈ ਇੱਕ ਕਦਮ ਅੱਗੇ ਪੁੱਟ ਲਿਆ ਹੈ ਅਤੇ ਅੰਦੋਲਨ ਨੂੰ ਮਜ਼ਬੂਤੀ ਨਾਲ ਇਸੇ ਤਰ੍ਹਾਂ ਜਾਰੀ ਰੱਖਣਾ। ਮਹਾਰਾਸ਼ਟਰ &rsquoਚ ਜਗਜੀਤ ਸਿੰਘ ਡੱਲੇਵਾਲ ਦੇ ਮਰਨ ਵਰਤ ਦੇ ਸਮਰਥਨ &rsquoਚ ਜ਼ਿਲ੍ਹਾ ਪੱਧਰ &lsquoਤੇ 1 ਰੋਜ਼ਾ ਸੰਕੇਤਿਕ ਭੁੱਖ ਹੜਤਾਲ ਕੀਤੀ ਗਈ ਅਤੇ ਜ਼ਿਲ੍ਹਾ ਅਧਿਕਾਰੀਆਂ ਰਾਹੀਂ ਕੇਂਦਰ ਸਰਕਾਰ ਨੂੰ ਮੰਗ ਪੱਤਰ ਭੇਜਿਆ ਗਿਆ।
ਭਲਕੇ ਤਾਮਿਲਨਾਡੂ ਦੀ ਰਾਜਧਾਨੀ ਚੇਨਈ &rsquoਚ ਜਗਜੀਤ ਸਿੰਘ ਡੱਲੇਵਾਲ ਜੀ ਦੇ ਮਰਨ ਵਰਤ ਦੇ ਸਮਰਥਨ &rsquoਚ ਹਜ਼ਾਰਾਂ ਕਿਸਾਨ ਇੱਕ ਦਿਨ ਦਾ ਸੰਕੇਤਿਕ ਵਰਤ ਰੱਖਣਗੇ। ਦੋਵੇਂ ਮੋਰਚਿਆਂ ਨੇ ਕੱਲ੍ਹ ਹਨੂੰਮਾਨਗੜ੍ਹ &rsquoਚ ਕਿਸਾਨਾਂ ਉੱਪਰ ਹੋਏ ਲਾਠੀਚਾਰਜ ਦੀ ਨਿਖੇਧੀ ਕਰਦਿਆਂ ਕਿਹਾ ਹੈ ਕਿ ਲੋਕਤੰਤਰ ਵਿੱਚ ਇਸ ਤਰ੍ਹਾਂ ਦੀ ਹਿੰਸਕ ਪੁਲਿਸ ਕਾਰਵਾਈ ਲਈ ਕੋਈ ਥਾਂ ਨਹੀਂ ਹੈ।