image caption: -ਭਗਵਾਨ ਸਿੰਘ ਜੌਹਲ
(26 ਜਨਵਰੀ ਲਈ) ਬਰਸੀ ‘ਤੇ ਵਿਸ਼ੇਸ਼ ਢਾਡੀ ਕਲਾ ਦਾ ਬਹੁਮੁੱਲਾ ਹੀਰਾ - ਗਿਆਨੀ ਦਇਆ ਸਿੰਘ ਦਿਲਬਰ
ਢਾਡੀ ਕਲਾ ਪੰਜਾਬ ਦੇ ਲੋਕ-ਸੰਗੀਤ ਦਾ ਇਕ ਅਹਿਮ ਅੰਗ ਹੀ ਨਹੀਂ, ਸਗੋਂ ਪੰਜਾਬ ਦੀ ਧਰਤੀ ਦਾ ਕੀਮਤੀ ਵਿਰਸਾ ਵੀ ਹੈ । ਪੰਜਾਬ ਦੇ ਆਮ ਪੇਂਡੂ ਇਲਾਕੇ ਦੇ ਲੋਕਾਂ ਵਿੱਚ ਪੰਜਾਬ ਦੇ ਇਤਿਹਾਸ ਦਾ ਸੰਚਾਰ ਕਰਨ ਲਈ ਇਸ ਢਾਡੀ ਕਲਾ ਦਾ ਵੱਡਾ ਯੋਗਦਾਨ ਹੈ । ਵੀਹਵੀਂ ਸਦੀ ਦੇ ਆਖਰੀ ਸਾਲਾਂ ਵਿੱਚ ਇਸ ਕਲਾ ਨੂੰ ਸੰਭਾਲਣ ਲਈ ਜਿਹੜਾ ਯੋਗਦਾਨ ਮਰਹੂਮ ਢਾਡੀ ਗਿਆਨੀ ਦਇਆ ਸਿੰਘ ਦਿਲਬਰ ਨੇ ਪਾਇਆ, ਉਸ ਦਾ ਜ਼ਿਕਰ ਸ਼ਬਦਾਂ ਦਾ ਮੁਹਤਾਜ ਨਹੀਂ । ਗਿਆਨੀ ਦਇਆ ਸਿੰਘ ਦਿਲਬਰ ਇਕੋ ਸਮੇਂ ਅਨੇਕਾਂ ਗੁਣਾਂ ਨੂੰ ਲੈ ਕੇ ਇਸ ਸਾਂਝੇ ਪੰਜਾਬ ਦੀ ਧਰਤੀ &lsquoਤੇ ਜਨਮਿਆ । ਦਿਲਬਰ ਜਿਥੇ ਗੁਰਮਤਿ ਸਿਧਾਂਤਾਂ ਦਾ ਵਿਦਵਾਨ ਸੀ, ਉਥੇ ਨਿਧੜਕ ਵਕਤਾ, ਕਲਮ ਦਾ ਧਨੀ, ਢਾਡੀ ਕਲਾ ਦਾ ਬੇਤਾਜ ਬਾਦਸ਼ਾਹ ਅਤੇ ਪੰਥਕ ਸਟੇਜਾਂ ਦਾ ਸ਼ਿੰਗਾਰ ਸੀ । ਉਹ ਸ਼ਬਦਾਂ ਦਾ ਜਾਦੂਗਰ ਸੀ । ਘੰਟਿਆਂ ਬੱਧੀ ਸੰਗਤ ਮੰਤਰ ਮੁਗਧ ਹੋ ਕੇ ਬੈਠੀਆਂ ਜੈਕਾਰੇ ਗੂੰਜਾਉਂਦੀਆਂ ਆਪਾ ਭੁੱਲ ਕੇ ਉਸ ਨੂੰ ਭਰਪੂਰ ਦਾਦ ਦਿੰਦੀਆਂ ਸਨ ।
ਢਾਡੀ ਦਇਆ ਸਿੰਘ ਦਿਲਬਰ ਦਾ ਜਨਮ 9 ਨਵੰਬਰ, 1930 ਨੂੰ ਲਹਿੰਦੇ ਪੰਜਾਬ ਦੇ ਜ਼ਿਲ੍ਹਾ ਲਾਹੌਰ ਦੀ ਤਹਿਸੀਲ ਕਸੂਰ ਦੇ ਪਿੰਡ ਸਹਾਰੀ ਵਿਖੇ ਸ। ਈਸ਼ਰ ਸਿੰਘ ਦੇ ਗ੍ਰਹਿ ਵਿਖੇ ਮਾਤਾ ਗੁਰਨਾਮ ਕੌਰ ਦੀ ਕੁੱਖੋਂ ਹੋਇਆ । 17 ਕੁ ਵਰ੍ਹਿਆਂ ਦੀ ਉਮਰ ਵਿੱਚ ਦਿਲਬਰ ਆਪਣੇ ਮਾਤਾ ਪਿਤਾ ਨਾਲ ਦੇਸ਼ ਦੀ ਵੰਡ ਨਾਲ ਦੁੱਖਾਂ ਤਕਲੀਫਾਂ ਦਾ ਝੰਬਿਆ, ਬਾਕੀ ਰਿਫੂਜੀਆਂ ਵਾਂਗ ਉਜਾੜੇ ਦੀ ਪੀੜ੍ਹਾ ਨੂੰ ਹੰਢਾਉਂਦਿਆਂ ਮੌਜੂਦਾ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ (ਨਵਾਂ ਸ਼ਹਿਰ) ਦੇ ਨੇੜੇ ਪਿੰਡ ਸਲੋਅ ਪਹੁੰਚ ਗਿਆ । ਦੇਸ਼ ਦੀ ਵੰਡ ਤੋਂ ਪਹਿਲਾਂ ਮਰਹੂਮ ਲੇਖਕ ਅਤੇ ਢਾਡੀ ਕਲਾ ਦੇ ਧਰੂ-ਤਾਰੇ ਗਿਆਨੀ ਸੋਹਣ ਸਿੰਘ ਸੀਤਲ ਨੂੰ ਪੰਥਕ ਸਟੇਜਾਂ ਤੋਂ ਬੋਲਦਿਆਂ ਸੁਣ ਕੇ ਅੰਤਰ ਆਤਮਾ ਤੋਂ ਢਾਡੀ ਬਣਨ ਦਾ ਨਿਰਣਾ ਲੈ ਚੁੱਕਾ ਸੀ । ਕਵੀਸ਼ਰੀ ਲਈ ਸ। ਕਰਤਾਰ ਸਿੰਘ ਬੀਰਮਪੁਰ ਨੂੰ ਆਪਣਾ ਉਸਤਾਦ ਧਾਰਿਆ । ਚੜ੍ਹਦੇ ਪੰਜਾਬ ਵਿੱਚ ਆ ਕੇ ਢਾਡੀ ਜਥਾ ਬਣਾਇਆ । ਕਲਮ ਦਾਰ ਵਜੋਂ ਅਤੇ ਇਕ ਸਫਲ ਕਵੀ ਵਜੋਂ ਬੀਰ ਰਸੀ ਵਾਰਾਂ ਦੀ ਰਚਨਾ ਕਰਕੇ ਵਾਰ ਸਾਹਿਤ ਦੇ ਖਜ਼ਾਨੇ ਨੂੰ ਭਰਪੂਰ ਕੀਤਾ । ਲਗਪਗ 20 ਪੁਸਤਕਾਂ ਢਾਡੀ ਕਲਾ ਦੇ ਚਹੇਤੇ ਪਾਠਕਾਂ ਦੀ ਝੋਲੀ ਵਿੱਚ ਪਾਈਆਂ । ਜਦੋਂ ਸੀ।ਡੀ।, ਵੀ।ਸੀ।ਡੀ। ਦਾ ਸਮਾਂ ਆਇਆ ਤਾਂ ਦਿਲਬਰ ਨੇ 50 ਤੋਂ 60 ਤੱਕ ਵੱਖ-ਵੱਖ ਐਲਬਮਾਂ ਵੱਖਰੀਆਂ-ਵੱਖਰੀਆਂ ਕੰਪਨੀਆਂ ਤੋਂ ਰਿਕਾਰਡ ਕਰਵਾ ਕੇ ਦੇਸ਼-ਵਿਦੇਸ਼ ਦੇ ਢਾਡੀ ਕਲਾ ਦੇ ਸਰੋਤਿਆਂ ਦੀ ਵਾਹ-ਵਾਹ ਖੱਟੀ ।
ਦੇਸ਼-ਵਿਦੇਸ਼ ਦੀਆਂ ਨਾਮਵਰ ਧਾਰਮਿਕ ਅਤੇ ਸਮਾਜਿਕ ਸੰਸਥਾਵਾਂ ਤੋਂ ਸੈਂਕੜੇ ਮਾਣ-ਸਨਮਾਨ ਪ੍ਰਾਪਤ ਕੀਤੇ । 1979 ਈ: ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਵੱਲੋਂ ਸੋਨੇ ਦੇ ਢਾਈ ਤੋਲੇ ਦੇ ਮੈਡਲ, ਦੁਸ਼ਾਲੇ ਅਤੇ ਨਕਦੀ ਦੇ ਕੇ ਸਨਮਾਨਿਤ ਕੀਤਾ ਗਿਆ । 1994 ਈ: ਵਿੱਚ ਪੰਜਾਬ ਭਾਸ਼ਾ ਵਿਭਾਗ ਵੱਲੋਂ ਸ਼੍ਰੋਮਣੀ ਢਾਡੀ ਪੁਰਸਕਾਰ ਮਿਲਿਆ । ਪ੍ਰੋਫੈਸਰ ਮੋਹਨ ਸਿੰਘ ਮੇਲੇ ਅਤੇ ਸ਼ੌਕੀ ਮੇਲੇ &lsquoਤੇ ਵਿਸ਼ੇਸ਼ ਸਨਮਾਨ ਪ੍ਰਾਪਤ ਕੀਤਾ । ਸ੍ਰੀ ਅੰਮ੍ਰਿਤਸਰ ਸ਼ਹਿਰ ਦੇ ਚਾਰ ਸੌ ਸਾਲਾ ਯਾਦਗਾਰੀ ਸਥਾਪਨਾ ਸਮਾਗਮਾਂ ਸਮੇਂ ਪੰਜਾਬ ਸਰਕਾਰ ਵੱਲੋਂ ਮਿਲਿਆ ਵਿਸ਼ੇਸ਼ ਸਨਮਾਨ ਵੀ ਦਿਲਬਰ ਦੀ ਵਿਸ਼ੇਸ਼ ਪ੍ਰਾਪਤੀ ਸੀ ।
26 ਜਨਵਰੀ, 2006 ਨੂੰ ਜਦੋਂ ਸਮੁੱਚਾ ਦੇਸ਼ ਗਣਤੰਤਰ ਦਿਵਸ ਦੀ ਵਰੇ੍ਹਗੰਢ ਮਨਾਉਣ ਵਿੱਚ ਮਸ਼ਰੂਫ਼ ਸੀ, ਉਸੇ ਦਿਨ ਕੌਮ ਦਾ ਇਹ ਹੀਰਾ ਪੁੱਤਰ ਜ਼ਿੰਦਗੀ ਦਾ ਸਫ਼ਰ ਮੁਕਾ ਕੇ ਗੁਰੂ ਦੀ ਗੋਦ ਵਿੱਚ ਬਿਰਾਜ ਰਿਹਾ ਸੀ । ਅੱਜ ਢਾਡੀ ਕਲਾ ਦੇ ਇਸ ਬੇਸ਼ਕੀਮਤੀ ਹੀਰੇ ਗਿਆਨੀ ਦਇਆ ਸਿੰਘ ਦਿਲਬਰ ਨੂੰ ਸਮੁੱਚੀ ਗੁਰੂ ਨਾਨਕ ਨਾਮ ਲੇਵਾ ਸੰਗਤ ਅਤੇ ਢਾਡੀ ਕਲਾ ਦੇ ਪ੍ਰਸ਼ੰਸਕ, ਗਹਿਰ-ਗੰਭੀਰ ਸਰੋਤੇ ਹਿਰਦੇ ਦੀਆਂ ਡੂੰਘਾਈਆਂ ਤੋਂ ਯਾਦ ਕਰ ਰਹੇ ਹਨ । ਅਜਿਹੇ ਗੁਣੀਂ ਇਨਸਾਨਾਂ ਦੀ ਘਾਟ ਕੌਮਾਂ ਦਾ ਨਾ-ਪੂਰਿਆ ਜਾਣ ਵਾਲਾ ਘਾਟਾ ਹੁੰਦਾ ਹੈ । ਅੱਜ ਦਿਲਬਰ ਦਾ ਯੋਗ ਸਪੁੱਤਰ ਗਿਆਨੀ ਕੁਲਜੀਤ ਸਿੰਘ ਦਿਲਬਰ ਪਿਤਾ ਪੁਰਖੀ ਵਿਰਾਸਤ ਨੂੰ ਸੰਭਾਲਣ ਲਈ ਲਗਾਤਾਰ ਯਤਨਸ਼ੀਲ ਹੈ ।
-ਭਗਵਾਨ ਸਿੰਘ ਜੌਹਲ