image caption:

28 ਜਨਵਰੀ 2025 (ਮੰਗਲਵਾਰ) ਅੱਜ ਦੀਆਂ ਮੁੱਖ ਖਬਰਾਂ

 ਕਿਸਾਨ ਨੇਤਾ ਜਗਜੀਤ ਡੱਲੇਵਾਲ ਨੇ ਕੀਤੀ ਅਪੀਲ, 30 ਨੂੰ ਖਨੌਰੀ ਬਾਰਡਰ ਤੇ ਪਹੁੰਚਣ ਲੋਕ
ਫਸਲਾਂ ਦੇ ਘੱਟੋ-ਘੱਟ ਸਮਰਥਨ ਮੁੱਲ ਦੀ ਕਾਨੂੰਨੀ ਗਾਰੰਟੀ ਸਮੇਤ 13 ਮੰਗਾਂ ਨੂੰ ਲੈ ਕੇ ਪੰਜਾਬ ਅਤੇ ਹਰਿਆਣਾ ਦੀਆਂ ਸਰਹੱਦਾਂ ਸ਼ੰਭੂ ਅਤੇ ਖਨੌਰੀ ਸਰਹੱਦ &rsquoਤੇ ਕਿਸਾਨਾਂ ਦਾ ਧਰਨਾ ਲਗਾਤਾਰ ਜਾਰੀ ਹੈ। ਇਨ੍ਹਾਂ ਮੰਗਾਂ ਨੂੰ ਲੈ ਕੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦਾ ਚੱਲ ਰਿਹਾ ਮਰਨ ਵਰਤ ਅੱਜ 64ਵੇਂ ਦਿਨ ਵਿੱਚ ਦਾਖਲ ਹੋ ਗਿਆ ਹੈ। ਜਗਜੀਤ ਸਿੰਘ ਡੱਲੇਵਾਲ ਨੇ ਖਨੌਰੀ ਬਾਰਡਰ ਤੋਂ ਲੋਕਾਂ ਨੂੰ ਸਬੰਧੋਨ ਕਰਦੇ ਹੋਏ 12 ਫਰਵਰੀ ਨੂੰ ਖਨੌਰੀ ਬਾਰਡਰ ਵਿਖੇ ਹੋਣ ਵਾਲੀ ਮਹਾ ਪੰਚਾਇਤ ਵਿੱਚ ਸ਼ਾਮਲ ਹੋਣ ਦਾ ਸੱਦਾ ਦਿੱਤਾ ਹੈ।ਜਗਜੀਤ ਸਿੰਘ ਡੱਲੇਵਾਲ ਨੇ ਲੋਕਾਂ ਨੂੰ ਆਪਣਾ ਸੰਦੇਸ਼ ਦਿੰਦੇ ਹੋਏ ਕਿਹਾ ਕਿ &ldquoMSP ਕਾਨੂੰਨੀ ਗਰੰਟੀ ਪੂਰੇ ਦੇਸ਼ ਦੇ ਕਿਸਾਨਾਂ ਦੀ ਮੰਗ ਸੀ, ਪਰ ਦਿੱਲੀ ਅੰਦੋਲਨ ਵਿੱਚ ਕਿਸਾਨ ਸਾਥੀਆਂ ਦੀ ਸ਼ਿਕਾਇਤ ਸੀ ਕਿ ਪੰਜਾਬ ਵਾਲੇ ਅੰਦੋਲਨ ਛੱਡ ਕੇ ਜਾ ਰਹੇ ਹਨ।

ਪੰਜਾਬ ਦੇ ਸਿਰ ਇਹ ਉਲਾਂਭਾ ਉਤਾਰਨ ਲਈ MSP ਦੀ ਮੰਗ ਲੈਕੇ ਮੈਂ ਪਰਮਾਤਮਾ ਦੀ ਕਿਰਪਾ ਸਦਕਾ ਲੜ ਰਿਹਾ ਹਾਂ। ਪੂਰੇ ਦੇਸ਼ ਨੂੰ ਐੱਮਐੱਸਪੀ ਦੀ ਗਾਰੰਟੀ ਚਾਹੀਦੀ ਹੈ। ਮੈਂ ਇਹ ਵੀ ਕਹਿਣਾ ਚਾਹੁੰਦਾ ਹਾਂ ਕਿ ਮੈਂ ਅਜਿਹਾ ਨਹੀਂ ਕੀਤਾ, ਸਗੋਂ ਪਰਮੇਸ਼ੁਰ ਨੇ ਸਾਨੂੰ ਅਜਿਹਾ ਕਰਨ ਲਈ ਬਣਾਇਆ ਹੈ। ਜੋ ਕਰਦਾ ਹੈ ਉਹ ਵਾਹਿਗੁਰੂ ਹੀ ਕਰਦਾ ਹੈ। ਮੈਂ ਇਸ ਲਈ ਪੂਰੇ ਦੇਸ਼ ਦਾ ਧੰਨਵਾਦ ਕਰਨਾ ਚਾਹੁੰਦਾ ਹਾਂ।&rdquoਡੱਲੇਵਾਲ ਨੇ ਕਿਹਾ ਕਿ 18 ਜਨਵਰੀ ਦੀ ਰਾਤ ਨੂੰ ਕੇਂਦਰ ਦਾ ਪੱਤਰ ਮਿਲਿਆ ਸਾਰੀਆਂ ਦੀ ਬਹੁਤ ਮੰਗ ਤੋਂ ਬਾਅਦ ਮੈਂ ਸਿਰਫ ਮੈਡੀਕਲ ਸਹਾਇਤਾ ਲਈ ਸੀ, ਪਰ ਮਰਨ ਵਰਤ ਉਦੋਂ ਤੱਕ ਜਾਰੀ ਰਹੇਗਾ ਜਦੋਂ ਤੱਕ ਕਿਸਾਨੀ ਮੰਗਾਂ ਨਹੀਂ ਮੰਨੀਆਂ ਜਾਂਦੀਆਂ।

14 ਫਰਵਰੀ ਦੀ ਮੀਟਿੰਗ ਵਿੱਚ ਸਿਹਤ ਨਾਂ ਠੀਕ ਹੋਣ ਕਰਕੇ ਨਹੀਂ ਜਾ ਸਕਦਾ। ਅੱਜ ਖਨੌਰੀ ਬਾਰਡਰ ਉੱਤੇ ਮਹਾਰਾਜ ਪ੍ਰਕਾਸ਼ ਹੋਵੇਗਾ ਅਤੇ 30 ਨੂੰ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਜਾਣਗੇ। ਰੱਬ ਦਾ ਸ਼ੁਕਰਾਨਾ ਕਰਾਂਗੇ ਕਿ ਸਰਕਾਰ ਨੂੰ ਮਹਾਰਾਜ ਸਮੱਤ ਬਖ਼ਸ਼ੇ।ਓਹਨਾਂ ਕਿਹਾ 12 ਫਰਵਰੀ ਨੂੰ ਕਿਸਾਨ ਅਤੇ ਮਜਦੂਰਾਂ ਦੀ ਇੱਕ ਵੱਡੀ ਕਿਸਾਨ ਮਹਾ ਪੰਚਾਇਤ ਹੋਵੇਗੀ, ਜਿੱਥੇ ਪਹੁੰਚੇ ਲੋਕ ਆਪਣੀ ਸਲਾਹ ਦੇਣਗੇ ਕਿ ਮੈਂ 14 ਫਰਵਰੀ ਦੀ ਮੀਟਿੰਗ ਵਿੱਚ ਸ਼ਾਮਲ ਹੋਵਾ ਜਾਂ ਨਾਂ ਹੋਵਾ। 12 ਫਰਵਰੀ ਨੂੰ ਖਨੌਰੀ ਬਾਰਡਰ ਵਿਖੇ ਹੋਣ ਵਾਲੀ ਮਹਾ ਪੰਚਾਇਤ ਵਿੱਚ ਸਾਰਾ ਪੰਜਾਬ ਸ਼ਾਮਲ ਹੋਵੇ, ਤੁਹਾਡੀ ਹਾਜ਼ਰੀ ਨਾਲ ਮੈਨੂੰ ਮਜਬੂਤੀ ਮਿਲੇਗੀ।

ਰਵਨੀਤ ਬਿੱਟੂ ਨੇ ਬਾਬਾ ਅੰਬਦੇਕਰ ਸਾਹਿਬ ਦੇ ਬੁੱਤ ਨੂੰ ਤੋੜਨ ਵਾਲੀ ਘਟਨਾ &rsquoਤੇ ਸਖ਼ਤ ਸ਼ਬਤਾਂ &rsquoਚ ਕੀਤੀ ਨਿੰਦਾ
ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਅੱਜ ਲੁਧਿਆਣਾ ਪਹੁੰਚੇ ਜਿੱਥੇ ਉਹਨਾਂ ਨੇ 26 ਜਨਵਰੀ ਨੂੰ ਅੰਮ੍ਰਿਤਸਰ ਵਿਖੇ ਸੰਵਿਧਾਨ ਨਿਰਮਾਤਾ ਡਾ. ਭੀਮ ਰਾਓ ਅੰਬੇਦਕਰ ਦੀ ਪ੍ਰਤਿਮਾ ਤੋੜਨ ਦੇ ਘਟਨਾ ਦੀ ਸਖ਼ਤ ਸ਼ਬਦਾਂ &rsquoਚ ਨਿੰਦਾ ਕੀਤੀ ਹੈ। ਉਹਨਾਂ ਨੇ ਕਿਹਾ ਕਿ ਪੰਜਾਬ ਵਿਚ ਕਾਨੂੰਨ ਵਿਵਸਥਾ ਰੱਬ ਦੇ ਭਰੋਸੇ ਹੈ ਜਿਸ ਕਾਰਨ ਅਜਿਹੇ ਹਾਲਾਤ ਬਣੇ ਹੋਏ ਹਨ। ਉਨ੍ਹਾਂ ਕਿਹਾ ਕਿ 100 ਮੀਟਰ &rsquoਤੇ ਪੁਲਿਸ ਥਾਣਾ ਫਿਰ ਵੀ ਕੋਈ ਬੰਦਾ ਅਜਿਹੀ ਘਟਨਾ ਨੂੰ ਅੰਜਾਮ ਦੇ ਜਾਵੇ ਬਹੁਤ ਸ਼ਰਮਨਾਕ ਹੈ। ਇਹ ਕਿਉਂ ਹੋਇਆ ਅਤੇ ਇਸ ਦਾ ਕਾਰਨ ਹੋਇਆ ਇਸ ਦਾ ਆਉਣ ਵਾਲੇ ਦਿਨਾਂ &rsquoਚ ਪਤਾ ਜ਼ਰੂਰ ਲੱਗੇਗਾ।

ਇਸ ਦੌਰਾਨ ਉਹਨਾਂ ਨੇ ਅੰਮ੍ਰਿਤਸਰ ਨਗਰ ਨਿਗਮ ਦੇ ਮੇਅਰ ਨੂੰ ਲੈ ਕੇ ਬੋਲਦੇ ਹੋਏ ਵੀ ਕਿਹਾ ਕਿ ਪੰਜਾਬ ਕਾਂਗਰਸ ਅਤੇ ਆਮ ਆਦਮੀ ਪਾਰਟੀ ਆਪਸ &rsquoਚ ਮਿਲੀ ਹੋਈ ਹੈ। ਇਸ ਦੌਰਾਨ ਉਹਨਾਂ ਨੇ ਪੰਜਾਬ ਕੋ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ &rsquoਤੇ ਵੀ ਜੰਮ ਕੇ ਨਿਸ਼ਾਨਾ ਸਾਧਿਆ ਹੈ। ਇਸ ਦੌਰਾਨ ਉਹਨਾਂ ਨੇ ਦਿੱਲੀ ਵਿਧਾਨ ਸਭਾ ਦੀਆਂ ਆਗਾਮੀ ਚੋਣਾਂ ਨੂੰ ਲੈ ਕੇ ਬੋਲਦੇ ਹੋਏ ਕਿਹਾ ਕਿ ਦਿੱਲੀ &rsquoਚ ਇਸ ਵਾਰ ਮੁਕਾਬਲਾ ਬਹੁਤ ਹੀ ਫ਼ਸਵਾ ਹੈ। ਉਨ੍ਹਾਂ ਨੇ ਕਿਹਾ ਕਿ ਦਿੱਲੀ ਦੇ ਲੋਕ ਆਮ ਆਦਮੀ ਪਾਰਟੀ ਨੂੰ ਸਬਕ ਸਿਖਾਉਣ ਲਈ ਤਿਆਰ ਹਨ।

&rdquoਅੰਬੇਡਕਰ ਦੇ ਬੁੱਤ ਦੀ ਬੇਅਦਬੀ ਦੇ ਅਸਲ ਸਾਜ਼ਿਸ਼ਕਾਰਾਂ ਦੀ ਪਛਾਣ ਕੀਤੀ ਜਾਵੇਗੀ&rdquo
ਚੰਡੀਗੜ੍ਹ, 27 ਜਨਵਰੀ ਪੰਜਾਬ ਦੇ ਵਿੱਤ ਮੰਤਰੀ ਐਡਵੋਕੇਟ ਹਰਪਾਲ ਸਿੰਘ ਚੀਮਾ ਨੇ 76ਵੇਂ ਗਣਤੰਤਰ ਦਿਵਸ ਮੌਕੇ ਅੰਮ੍ਰਿਤਸਰ ਵਿੱਚ ਬਾਬਾ ਸਾਹਿਬ ਡਾ: ਭੀਮ ਰਾਓ ਅੰਬੇਡਕਰ ਦੇ ਬੁੱਤ ਦੀ ਬੇਅਦਬੀ ਦੀ ਘਟਨਾ ਦੀ ਸਖ਼ਤ ਨਿਖੇਧੀ ਕੀਤੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਅਤੇ ਪੰਜਾਬ ਪੁਲਿਸ ਦੋਸ਼ੀਆਂ ਨੂੰ ਕਾਨੂੰਨ ਦੇ ਘੇਰੇ ਵਿੱਚ ਲਿਆ ਇਹ ਯਕੀਨੀ ਬਣਾਉਣ ਲਈ ਵਚਨਬੱਧ ਹੈ ਕਿ ਉਨ੍ਹਾਂ ਨੂੰ ਆਪਣੇ ਇਸ ਘਿਨਾਉਣੇ ਕਾਰੇ ਲਈ ਸਖ਼ਤ ਤੋਂ ਸਖ਼ਤ ਸਜਾ ਮਿਲੇ। ਇੱਥੇ ਜਾਰੀ ਪ੍ਰੈਸ ਬਿਆਨ ਰਾਹੀਂ ਵਿੱਤ ਮੰਤਰੀ ਸ. ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਇਸ ਘਿਨਾਉਣੇ ਅਪਰਾਧ ਪਿੱਛੇ ਅਸਲ ਸਾਜ਼ਿਸ਼ਕਾਰਾਂ ਦੀ ਪਛਾਣ ਕਰਨ ਅਤੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰਨ ਲਈ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਘਟਨਾ ਵਿੱਚ ਸ਼ਾਮਿਲ ਦੋਸ਼ੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਅਤੇ ਪੰਜਾਬ ਸਰਕਾਰ ਉਸ ਵਿਰੁੱਧ ਸਖ਼ਤ ਕਾਰਵਾਈ ਨੂੰ ਯਕੀਨੀ ਬਣਾਏਗੀ। ਉਨ੍ਹਾਂ ਕਿਹਾ ਕਿ ਅਸੀਂ ਉਦੋਂ ਤੱਕ ਚੈਨ ਨਹੀਂ ਬੈਠਾਂਗੇ ਜਦੋਂ ਤੱਕ ਸਾਰੇ ਸਾਜ਼ਿਸ਼ਕਰਤਾਵਾਂ ਨੂੰ ਨਿਆਂ ਦੇ ਘੇਰੇ ਵਿੱਚ ਨਹੀਂ ਲਿਆਂਦਾ ਜਾਂਦਾ।

ਅੰਬੇਡਕਰ ਦੇ ਬੁੱਤ ਦੀ ਭੰਨਤੋੜ: ਦਲਿਤ ਭਾਈਚਾਰੇ ਵੱਲੋਂ ਲੁਧਿਆਣਾ &rsquoਚ ਹਾਈਵੇਅ ਜਾਮ, ਜਲੰਧਰ ਵਿਚ ਵੀ ਮੁਕੰਮਲ ਬੰਦ
ਅੰਮ੍ਰਿਤਸਰ ਵਿਚ 26 ਜਨਵਰੀ ਨੂੰ ਡਾ.ਭੀਮ ਰਾਓ ਅੰਬੇਡਕਰ ਦੇ ਬੁੱਤ ਦੀ ਭੰਨਤੋੜ ਕੀਤੇ ਜਾਣ ਤੋਂ ਨਾਰਾਜ਼ ਦਲਿਤ ਭਾਈਚਾਰੇ ਵੱਲੋਂ ਦਿੱਤੇ ਬੰਦ ਦੇ ਸੱਦੇ ਉੱਤੇ ਅੱਜ ਇਥੇ ਜਲੰਧਰ ਬਾਈਪਾਸ ਨੇੜੇ ਜਲੰਧਰ-ਲੁਧਿਆਣਾ ਕੌਮੀ ਸ਼ਾਹਰਾਹ ਜਾਮ ਕੀਤਾ ਗਿਆ। ਵੱਡੀ ਗਿਣਤੀ ਵਿਚ ਇਕੱਤਰ ਹੋਏ ਪ੍ਰਦਰਸ਼ਨਕਾਰੀਆਂ ਨੇ ਉਪਰੋਕਤ ਘਟਨਾ ਖਿਲਾਫ਼ ਰੋਸ ਜਤਾਇਆ। ਬੰਦ ਦਾ ਅਸਰ ਲੁਧਿਆਣਾ ਦੀਆਂ ਕਈ ਮਾਰਕੀਟਾਂ ਵਿਚ ਦੇਖਿਆ ਗਿਆ। ਦੁਕਾਨਦਾਰਾਂ ਨੇ ਦੁਕਾਨਾਂ ਬੰਦ ਰੱਖੀਆਂ। ਸ਼ਹਿਰ ਦੇ ਪੁਰਾਣੇ ਹਿੱਸੇ ਜਿਵੇਂ ਚੌੜਾ ਬਾਜ਼ਾਰ, ਭਦੌੜ ਹਾਊਸ, ਰੇਲਵੇ ਰੋਡ, ਮਾਤਾ ਰਾਣੀ ਚੌਕ, ਘੰਟਾ ਘਰ ਚੌਕ ਆਦਿ ਸਣੇ ਪ੍ਰਮੁੱਖ ਬਾਜ਼ਾਰ ਪੂਰੀ ਤਰ੍ਹਾਂ ਬੰਦ ਰਹੇ। ਬੰਦ ਦੇ ਸੱਦੇ ਕਰਕੇ ਵੱਡੀ ਗਿਣਤੀ ਰਾਹਗੀਰ ਕੌਮੀ ਸ਼ਾਹਰਾਹ ਉੱਤੇ ਫਸੇ ਰਹੇ। ਸ਼ਾਹਰਾਹਾਂ ਉੱਤੇ ਵਾਹਨਾਂ ਦੀਆਂ ਲੰਮੀਆਂ ਕਤਾਰਾਂ ਲੱਗ ਗਈਆਂ। ਪੁਲੀਸ ਅਧਿਕਾਰੀਆਂ ਨੇ ਪ੍ਰਦਰਸ਼ਨਕਾਰੀਆਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ, ਪਰ ਪ੍ਰਦਰਸ਼ਨਕਾਰੀ ਬੰਦ ਦੇ ਸੱਦੇ ਨੂੰ ਸਫ਼ਲ ਬਣਾਉਣ ਲਈ ਅੜੇ ਰਹੇ।

ਰਾਮ ਰਹੀਮ ਨੂੰ ਵਾਰ ਵਾਰ ਪੈਰੋਲਾ ਦੇਣਾ ਤੇ ਸਿੱਖ ਬੰਦੀ ਸਿੰਘਾਂ ਨਾਲ ਮਤਰੇਆ ਵਿਵਹਾਰ ਦੇਸ਼ ਅੰਦਰ ਦੋਹਰੇ ਕਾਨੂੰਨ ਦਾ ਅਹਿਸਾਸ: ਬੀਬੀ ਰਣਜੀਤ ਕੌਰ

ਨਵੀਂ ਦਿੱਲੀ (ਮਨਪ੍ਰੀਤ ਸਿੰਘ ਖਾਲਸਾ): ਦਿੱਲੀ ਚੋਣਾਂ ਤੋਂ ਪਹਿਲਾਂ ਹਰਿਆਣਾ ਦੇ ਰੋਹਤਕ ਦੀ ਸੁਨਾਰੀਆ ਜੇਲ੍ਹ ਵਿੱਚ ਆਪਣੀਆਂ ਦੋ ਚੇਲਿਆਂ ਨਾਲ ਜਬਰਜਿਨਾਹ ਦੇ ਦੋਸ਼ਾਂ ਹੇਠ 20 ਸਾਲ ਦੀ ਸਜ਼ਾ ਕੱਟ ਰਹੇ ਡੇਰਾ ਸੱਚਾ ਸੌਦਾ ਮੁਖੀ ਗੁਰਮੀਤ ਰਾਮ ਰਹੀਮ ਸਿੰਘ ਨੂੰ ਮੰਗਲਵਾਰ ਨੂੰ ਇੱਕ ਵਾਰ ਫਿਰ 30 ਦਿਨਾਂ ਲਈ ਪੈਰੋਲ ਦਿੱਤੀ ਗਈ ਹੈ। ਪਿਛਲੇ ਚਾਰ ਸਾਲਾਂ ਵਿੱਚ ਰਾਮ ਰਹੀਮ ਸਿੰਘ ਦੀ ਇਹ 12ਵੀਂ ਪੈਰੋਲ ਹੈ।
ਸ਼੍ਰੋਮਣੀ ਅਕਾਲੀ ਦਲ ਦਿੱਲੀ ਇਕਾਈ ਦੇ ਮਹਿਲਾ ਵਿੰਗ ਦੇ ਪ੍ਰਧਾਨ ਬੀਬੀ ਰਣਜੀਤ ਕੌਰ ਨੇ ਰਾਮ ਰਹੀਮ ਨੂੰ ਦਿੱਤੀ ਗਈ ਪੈਰੋਲ ਦਾ ਸਖ਼ਤ ਨਿਖੇਧੀ ਕਰਦਿਆਂ ਇਕ ਬਿਆਨ ਰਾਹੀਂ ਕਿ ਇਕ ਪਾਸੇ ਰਾਮ ਰਹੀਮ ਜੋ ਕਿ ਗੰਭੀਰ ਦੋਸ਼ਾਂ ਦਾ ਅਪਰਾਧੀ ਹੈ, ਨੂੰ ਚਾਰ ਸਾਲਾਂ ਵਿਚ ਲਗਾਤਾਰ ਕਦੇ ਪੈਰੋਲ ਕਦੇ ਫਰਲੋ ਦਿੱਤੀ ਜਾ ਰਹੀ ਹੈ ਤੇ ਦੂਜੇ ਪਾਸੇ ਸਿੱਖ ਸਿਆਸੀ ਬੰਦੀ ਸਿੰਘਾਂ ਨੂੰ ਪੈਰੋਲ ਤਾਂ ਦੂਰ ਫਰਲੋ ਤਕ ਨਹੀਂ ਦਿੱਤੀ ਜਾਂਦੀ । ਇਕ ਮੁੱਲਕ ਅੰਦਰ ਦੋਹਰਾ ਕਾਨੂੰਨ ਕਿਉਂ.? ਕਿ ਸਿੱਖ ਇਸ ਮੁੱਲਕ ਦੇ ਵਾਸੀ ਨਹੀਂ ਹਨ.? ਜਾਂ ਜਾਣਬੁਝ ਕੇ ਸਿੱਖਾਂ ਨੂੰ ਦੂਜੇ ਦਰਜੇ ਦੇ ਸ਼ਹਿਰੀ ਹੋਣ ਦਾ ਵਾਰ ਵਾਰ ਅਹਿਸਾਸ ਕਰਵਾਇਆ ਜਾ ਰਿਹਾ ਹੈ । ਮੌਜੂਦਾ ਸਰਕਾਰਾਂ ਨੂੰ ਇਹ ਨਹੀਂ ਭੁਲਣਾ ਚਾਹੀਦਾ ਹੈ ਕਿ ਇਸ ਮੁੱਲਕ ਨੂੰ ਆਜ਼ਾਦ ਕਰਵਾਉਣ ਵਿਚ ਸਿੱਖਾਂ ਨੇ 92% ਕੁਰਬਾਣੀਆਂ ਦਿੱਤੀਆਂ ਹਨ ਤੇ ਉਨ੍ਹਾਂ ਨਾਲ ਕੀਤਾ ਜਾ ਰਿਹਾ ਵਿਵਹਾਰ ਉਨ੍ਹਾਂ ਅੰਦਰ ਬੇਗਾਨਿਗੀ ਦਾ ਅਹਿਸਾਸ ਕਰਵਾ ਰਿਹਾ ਹੈ ।

ਰਾਮ ਰਹੀਮ ਨੂੰ ਵਾਰ ਵਾਰ ਪੈਰੋਲ ਦੇਣਾ ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਜਾਣਬੁਝ ਕੇ ਮਾਰੀ ਜਾ ਰਹੀ ਹੈ ਸੱਟ: ਅਖੰਡ ਕੀਰਤਨੀ ਜੱਥਾ (ਦਿੱਲੀ)
ਨਵੀਂ ਦਿੱਲੀ (ਮਨਪ੍ਰੀਤ ਸਿੰਘ ਖਾਲਸਾ):- ਸੰਗੀਨ ਦੋਸ਼ਾਂ ਤਹਿਤ ਜੇਲ੍ਹ ਵਿਚ ਸਜ਼ਾ ਕੱਟ ਰਹੇ ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਬਾਰ-ਬਾਰ ਪੈਰੋਲ ਦੇਣ &rsquoਤੇ ਸਖ਼ਤ ਇਤਰਾਜ਼ ਪ੍ਰਗਟ ਕਰਦਿਆਂ ਅਖੰਡ ਕੀਰਤਨੀ ਜੱਥਾ (ਦਿੱਲੀ) ਦੇ ਮੁੱਖ ਸੇਵਾਦਾਰ ਭਾਈ ਅਰਵਿੰਦਰ ਸਿੰਘ ਰਾਜਾ ਅਤੇ ਭਾਈ ਅਰੁਨਪ੍ਰੀਤ ਸਿੰਘ ਨੇ ਕਿਹਾ ਕਿ ਇਕ ਪਾਸੇ ਸਰਕਾਰਾਂ ਵੱਲੋਂ ਆਪਣੀ ਸਜ਼ਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘਾਂ ਪ੍ਰਤੀ ਵਿਤਕਰੇ ਵਾਲੀ ਨੀਤੀ ਅਪਨਾਈ ਜਾ ਰਹੀ ਹੈ, ਜਦਕਿ ਦੂਸਰੇ ਪਾਸੇ ਕਈ ਸੰਗੀਨ ਦੋਸ਼ਾਂ ਤਹਿਤ ਜੇਲ੍ਹ ਵਿਚ ਬੰਦ ਅਪਰਾਧੀ ਸੌਦਾ ਸਾਧ &rsquoਤੇ ਮਿਹਰਬਾਨੀ ਦਿਖਾਈ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਇਹ ਪੱਖਪਾਤੀ ਰਵੱਈਆ ਦੇਸ਼ ਦੇ ਹਿੱਤ ਵਿਚ ਨਹੀਂ ਹੈ। ਉਨ੍ਹਾਂ ਨੇ ਕਿਹਾ ਕਿ ਸਰਕਾਰਾਂ ਗੁਰਮੀਤ ਰਾਮ ਰਹੀਮ ਨੂੰ ਬਾਰ-ਬਾਰ ਬਾਹਰ ਲਿਆ ਕੇ ਕੀ ਸਿੱਧ ਕਰਨਾ ਚਾਹੁੰਦੀਆਂ ਹਨ। ਉਨ੍ਹਾਂ ਸਵਾਲ ਕੀਤਾ ਕੀ ਇਹ ਵੋਟਾਂ ਲਈ ਕੀਤੀ ਜਾ ਰਹੀ ਰਾਜਨੀਤੀ ਤਾਂ ਨਹੀਂ ਹੈ.? ਉਨ੍ਹਾਂ ਕਿਹਾ ਕਿ ਤਿੰਨ-ਤਿੰਨ ਦਹਾਕਿਆਂ ਤੋਂ ਵੱਧ ਸਮਾਂ ਜੇਲ੍ਹਾਂ ਵਿਚ ਬੰਦ ਸਿੱਖਾਂ ਲਈ ਪੂਰੀ ਕੌਮ ਸੰਘਰਸ਼ ਦੇ ਰਾਹ &rsquoਤੇ ਹੋਣ ਦੇ ਬਾਵਜੂਦ ਵੀ ਉਨ੍ਹਾਂ ਪ੍ਰਤੀ ਸਰਕਾਰਾਂ ਦੀ ਉਦਾਸੀਨਤਾ ਹੈ। ਇਥੋਂ ਤੱਕ ਕਿ ਕਈ ਸਿੱਖਾਂ ਬੰਦੀਆਂ ਨੂੰ ਪੈਰੋਲ ਦੇ ਹੱਕ ਤੋਂ ਵੀ ਵਾਂਝਿਆਂ ਰੱਖਿਆ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਅਪਰਾਧ ਦੀ ਪਰਿਭਾਸ਼ਾ ਦੋਸ਼ੀਆਂ ਲਈ ਵੱਖ-ਵੱਖ ਨਿਰਧਾਰਤ ਕਰਨੀ ਕਾਨੂੰਨ ਅਤੇ ਸੰਵਿਧਾਨ ਦੀ ਵੀ ਉਲੰਘਣਾ ਹੈ। ਉਨ੍ਹਾਂ ਆਖਿਆ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਕੇਂਦਰ ਸਰਕਾਰ ਵੱਲੋਂ ਸਿੱਖ ਬੰਦੀ ਸਿੰਘਾਂ ਨੂੰ ਰਿਹਾਅ ਕਰਨ ਦਾ ਐਲਾਨ ਕੀਤਾ ਸੀ, ਪਰ ਸਰਕਾਰ ਦੀ ਬਦਨੀਤੀ ਕਾਰਨ ਉਸ ਨੂੰ ਵੀ ਪੂਰਾ ਨਹੀਂ ਕੀਤਾ ਗਿਆ। ਡੇਰਾ ਮੁਖੀ ਜਿਸ ਦਾ ਕਤਲ ਤੇ ਜਬਰ ਜਨਾਹ ਦੇ ਨਾਲ-ਨਾਲ ਸਾਲ 2015 ਵਿਚ ਬਰਗਾੜੀ ਵਿਖੇ ਹੋਈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਨਾਲ ਵੀ ਸਿੱਧਾ ਸਬੰਧ ਜੁੜਦਾ ਹੈ, ਨੂੰ ਛੱਡ ਕੇ ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਜਾਣਬੁਝ ਕੇ ਸੱਟ ਮਾਰੀ ਜਾ ਰਹੀ ਹੈ।


ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕਰਵਾਏ ਦਸਤਾਰ ਮੁਕਾਬਲੇ
ਨਵੀਂ ਦਿੱਲੀ, (ਮਨਪ੍ਰੀਤ ਸਿੰਘ ਖਾਲਸਾ):- ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਹੋ ਕੇ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਦੇ ਚੈਅਰਮੈਨ ਸਰਦਾਰ ਜਸਪ੍ਰੀਤ ਸਿੰਘ ਕਰਮਸਰ ਦੀ ਅਗਵਾਈ ਹੇਠ ਦਸਤਾਰ ਮੁਕਾਬਲੇ ਕਰਵਾਏ ਗਏ।
ਇਸ ਸਮਾਗਮ ਨੂੰ ਸੰਬੋਧਨ ਕਰਦਿਆਂ ਕਮੇਟੀ ਦੇ ਪ੍ਰਧਾਨ ਸਰਦਾਰ ਹਰਮੀਤ ਸਿੰਘ ਕਾਲਕਾ, ਜਨਰਲ ਸਕੱਤਰ ਜਗਦੀਪ ਸਿੰਘ ਕਾਹਲੋ ਤੇ ਸਰਦਾਰ ਜਸਪ੍ਰੀਤ ਸਿੰਘ ਕਰਮਸਰ ਨੇ ਕਿਹਾ ਕਿ ਅੱਜ ਕਮੇਟੀ ਦੇ ਧਰਮ ਪ੍ਰਚਾਰ ਵਿੰਗ ਨੇ ਬਹੁਤ ਹੀ ਚੰਗਾ ਉਪਰਾਲਾ ਕੀਤਾ ਹੈ। ਉਹਨਾਂ ਕਿਹਾ ਕਿ ਦਸਤਾਰ ਸਾਡੀ ਦੁਨੀਆਂ ਭਰ ਵਿਚ ਪਛਾਣ ਹੈ ਅਤੇ ਗੁਰਬਾਣੀ ਦਾ ਉਪਦੇਸ਼ ਹੈ ਕਿ &rsquo&rsquoਖੂਬ ਤੇਰੀ ਪਗੜੀ ਮਿੱਠੇ ਤੇਰੇ ਬੋਲ..।&rsquo&rsquo ਉਹਨਾਂ ਕਿਹਾ ਕਿ ਸਿੱਖੀ ਦੀ ਇਹੋ ਪਛਾਣ ਹੈ ਕਿ ਦੁਨੀਆਂ ਭਰ ਵਿਚ ਅਸੀਂ ਆਪਣੀ ਦਸਤਾਰ ਨਾਲ ਜਾਣੇ ਜਾਂਦੇ ਹਾਂ। ਉਹਨਾਂ ਕਿਹਾ ਕਿ ਖਾਲਸੇ ਦੀ ਪਛਾਣ ਦਸਤਾਰ ਨਾਲ ਹੀ ਹੁੰਦੀ ਹੈ।
ਉਹਨਾਂ ਕਿਹਾ ਕਿ ਇਸ ਇਤਿਹਾਸਕ ਤੇ ਪਵਿੱਤਰ ਦਿਹਾੜੇ &rsquoਤੇ ਇਸ ਮੁਕਾਬਲੇ ਵਿਚ ਭਾਗ ਲੈਣ ਵਾਲੇ ਸਾਰੇ ਵਿਦਿਆਰਥੀਆਂ ਤੇ ਉਹਨਾਂ ਦੇ ਮਾਪਿਆਂ ਨੂੰ ਵਧਾਈ ਦਿੰਦੇ ਹਾਂ ਕਿ ਇਹ ਬਹੁਤ ਵੱਡਾ ਮੌਕਾ ਹੈ ਜੋ ਸਿੱਖ ਨੌਜਵਾਨਾਂ ਨੂੰ ਆਪਣੇ ਪੁਰਾਤਨ ਵਿਰਸੇ ਤੇ ਇਤਿਹਾਸ ਨਾਲ ਜੋੜਦਾ ਹੈ। ਉਹਨਾਂ ਕਿਹਾ ਕਿ ਜੇਕਰ ਅਸੀਂ ਆਪਣੇ ਵਿਰਸੇ ਤੇ ਇਤਿਹਾਸ ਨਾਲ ਜੁੜੇ ਰਹਾਂਗੇ ਤਾਂ ਹੀ ਅਸੀਂ ਸਿੱਖੀ ਤੇ ਗੁਰਸਿੱਖੀ ਜੀਵਨ ਜਾਚ ਨੂੰ ਆਪਣੀ ਅਗਲੀ ਪੀੜੀ ਤੱਕ ਸੰਭਾਲ ਸਕਾਂਗੇ। ਸਰਦਾਰ ਕਾਲਕਾ ਤੇ ਸਰਦਾਰ ਕਾਹਲੋ ਨੇ ਕਿਹਾ ਕਿ ਇਹ ਬਹੁਤ ਹੀ ਸੁਭਾਗਾ ਮੌਕਾ ਹੈ ਕਿ ਅਸੀਂ ਅਜਿਹੇ ਕਾਰਜ ਕਰ ਰਹੇ ਹਾਂ। ਇਸ ਲਈ ਕਮੇਟੀ ਦਾ ਧਰਮ ਪ੍ਰਚਾਰ ਵਿੰਗ ਵਿਸ਼ੇਸ਼ ਤੌਰ &rsquoਤੇ ਵਧਾਈ ਦਾ ਪਾਤਰ ਹੈ ਜੋ ਅਜਿਹੇ ਉਪਰਾਲੇ ਕਰ ਰਿਹਾ ਹੈ।

ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਮੌਕੇ ਗੁਰਦੁਆਰਾ ਸ਼ਹੀਦ ਗੰਜ ਸਾਹਿਬ ਵਿਖੇ ਵੱਡੀ ਗਿਣਤੀ ਸੰਗਤਾਂ ਹੋਈਆਂ ਨਤਮਸਤਕ
ਅੰਮ੍ਰਿਤਸਰ (ਮਨਪ੍ਰੀਤ ਸਿੰਘ ਖਾਲਸਾ):- ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਮੌਕੇ ਅੱਜ ਗੁਰਦੁਆਰਾ ਸ਼ਹੀਦ ਗੰਜ ਬਾਬਾ ਦੀਪ ਸਿੰਘ ਜੀ ਵਿਖੇ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਨਤਮਸਤਕ ਹੋ ਕੇ ਬਾਬਾ ਜੀ ਨੂੰ ਸਤਿਕਾਰ ਭੇਟ ਕੀਤਾ। ਇਸ ਮੌਕੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਤੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਸਮੇਤ ਪ੍ਰਮੁੱਖ ਸ਼ਖ਼ਸੀਅਤਾਂ ਨੇ ਵੀ ਹਾਜ਼ਰੀ ਭਰੀ। ਗੁਰਦੁਆਰਾ ਸ਼ਹੀਦ ਗੰਜ ਸਾਹਿਬ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਵਧੀਕ ਮੁੱਖ ਗ੍ਰੰਥੀ ਸਿੰਘ ਸਾਹਿਬ ਗਿਆਨੀ ਅਮਰਜੀਤ ਸਿੰਘ ਨੇ ਸੰਗਤ ਨੂੰ ਬਾਬਾ ਦੀਪ ਸਿੰਘ ਦੇ ਜੀਵਨ ਇਤਿਹਾਸ ਤੋਂ ਜਾਣੂ ਕਰਵਾਇਆ। ਸਮਾਗਮ &rsquoਚ ਪਹੁੰਚੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਮੁੱਖ ਗ੍ਰੰਥੀ ਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਕਿਹਾ ਕਿ ਅਸੀਂ ਉਨ੍ਹਾਂ ਸ਼ਹੀਦਾਂ ਦੇ ਵਾਰਸ ਹਾਂ, ਜਿਨ੍ਹਾਂ ਨੇ ਧਰਮ ਤੇ ਦ੍ਰਿੜਤਾ ਨਾਲ ਪਹਿਰਾ ਦਿੰਦਿਆਂ ਸ਼ਹਾਦਤਾਂ ਪ੍ਰਾਪਤ ਕੀਤੀਆਂ। ਉਨ੍ਹਾਂ ਸੰਗਤਾਂ ਨੂੰ ਸ਼ਹੀਦਾਂ ਵੱਲੋਂ ਪਾਏ ਪੂਰਨਿਆਂ &rsquoਤੇ ਚਲਦੇ ਹੋਏ ਅੰਮ੍ਰਿਤ ਦੀ ਦਾਤ ਪ੍ਰਾਪਤ ਕਰਕੇ ਧਰਮ ਵਿੱਚ ਪ੍ਰਪੱਕ ਰਹਿਣ ਦੀ ਪ੍ਰੇਰਨਾ ਕੀਤੀ।
ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਸੰਗਤ ਨੂੰ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਦੀ ਵਧਾਈ ਦਿੰਦਿਆਂ ਕਿਹਾ ਕਿ ਸਿੱਖ ਇਤਿਹਾਸ ਅੰਦਰ ਬਾਬਾ ਦੀਪ ਸਿੰਘ ਜੀ ਦੀਆਂ ਸੇਵਾਵਾਂ ਬਹੁਤ ਵੱਡੀਆਂ ਹਨ। ਬਾਬਾ ਜੀ ਨੇ ਆਪਣੇ ਹੱਥਾਂ ਨਾਲ ਗੁਰਬਾਣੀ ਨੂੰ ਲਿੱਖਣ ਦਾ ਕਾਰਜ ਕੀਤਾ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਚਾਰ ਪਾਵਨ ਸਰੂਪ ਲਿੱਖ ਕੇ ਤਖ਼ਤ ਸਾਹਿਬਾਨ ਤੇ ਪ੍ਰਕਾਸ਼ ਕਰਵਾਏ। ਉਨ੍ਹਾ ਕਿਹਾ ਕਿ ਬਾਬਾ ਜੀ ਦੀ ਸ਼ਹੀਦੀ ਦਾ ਇਤਿਹਾਸ ਵੀ ਲਾਸਾਨੀ ਹੈ। ਉਨ੍ਹਾਂ ਨੇ ਗੁਰੂ ਆਸ਼ੇ ਅਨੁਸਾਰ ਜੀਵਨ ਬਤੀਤ ਕਰਦਿਆਂ ਗੁਰਧਾਮਾਂ ਦੀ ਹੋ ਰਹੀ ਬੇਹੁਰਮਤੀ ਨੂੰ ਰੋਕਣ ਲਈ ਆਪਣੀ ਸ਼ਹਾਦਤ ਦਿੱਤੀ। ਐਡਵੋਕੇਟ ਧਾਮੀ ਨੇ ਸੰਗਤਾਂ ਨੂੰ ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਜੀਵਨ ਤੋਂ ਪ੍ਰੇਰਨਾ ਲੈਣ ਦੀ ਅਪੀਲ ਕੀਤੀ। ਇਸੇ ਦੌਰਾਨ ਸ਼੍ਰੋਮਣੀ ਕਮੇਟੀ ਵੱਲੋਂ ਬੀਤੇ ਦਿਨਾਂ ਤੋਂ ਸਜਾਏ ਗਏ ਗੁਰਮਤਿ ਸਮਾਗਮਾਂ ਅੰਦਰ ਸਿੱਖ ਕੌਮ ਦੇ ਪ੍ਰਸਿੱਧ ਰਾਗੀ, ਢਾਡੀ ਤੇ ਕਵੀਸ਼ਰ ਜਥਿਆਂ ਨੇ ਸੰਗਤ ਨੂੰ ਗੁਰਬਾਣੀ ਕੀਰਤਨ ਅਤੇ ਸਿੱਖ ਕੌਮ ਦੇ ਸ਼ਾਨਾਮੱਤੇ ਇਤਿਹਾਸ ਨਾਲ ਜੋੜਿਆ। ਇਸ ਮੌਕੇ ਵਿਸ਼ੇਸ਼ ਤੌਰ ਤੇ ਅੰਮ੍ਰਿਤ ਸੰਚਾਰ ਸਮਾਗਮ ਵੀ ਕਰਵਾਇਆ ਗਿਆ, ਜਿਸ ਵਿਚ 215 ਪ੍ਰਾਣੀਆਂ ਨੇ ਅੰਮ੍ਰਿਤ ਦੀ ਦਾਤ ਪ੍ਰਾਪਤ ਕੀਤੀ। ਅੰਮ੍ਰਿਤ ਅਭਿਲਾਖੀਆਂ ਨੂੰ ਕਕਾਰ ਧਰਮ ਪ੍ਰਚਾਰ ਕਮੇਟੀ ਵੱਲੋਂ ਭੇਟਾ ਰਹਿਤ ਦਿੱਤੇ ਗਏ।

ਗ਼ੈਰਕਾਨੂੰਨੀ ਪਰਵਾਸੀਆਂ &rsquoਤੇ ਸ਼ਿਕੰਜਾ: ਸਿੱਖ ਭਾਈਚਾਰੇ ਵੱਲੋਂ ਗੁਰਦੁਆਰਿਆਂ ਵਿਚ ਇਮੀਗ੍ਰੇਸ਼ਨ ਵਿਭਾਗ ਦੇ ਛਾਪਿਆਂ ਤੋਂ ਇਨਕਾਰ
ਨਿਊ ਯਾਰਕ- ਸਿੱਖ ਭਾਈਚਾਰੇ ਦੇ ਆਗੂਆਂ ਨੇ ਅਮਰੀਕਾ ਵਿਚ ਗੈਰਕਾਨੂੰਨੀ ਪਰਵਾਸੀਆਂ ਖਿਲਾਫ਼ ਵਿੱਢੀ ਮੁਹਿੰਮ ਤਹਿਤ ਇਮੀਗ੍ਰੇਸ਼ਨ ਵਿਭਾਗ ਵੱਲੋਂ ਕੁਝ ਗੁਰਦੁਆਰਿਆਂ ਵਿਚ ਛਾਪੇ ਮਾਰੇ ਜਾਣ ਸਬੰਧੀ ਭਾਰਤੀ ਮੀਡੀਆ ਵਿਚ ਛਪੀਆਂ ਖ਼ਬਰਾਂ ਨੂੰ ਸਿਰੇ ਤੋਂ ਖਾਰਜ ਕਰ ਦਿੱਤਾ ਹੈ। ਭਾਈਚਾਰੇ ਨੇ ਕਿਹਾ ਕਿ ਅਜਿਹੀ ਕਿਸੇ ਮੁਹਿੰਮ ਤਹਿਤ ਗੁਰਦੁਆਰਿਆਂ ਨੂੰ ਨਿਸ਼ਾਨਾ ਨਹੀਂ ਬਣਾਇਆ ਗਿਆ ਹੈ। ਨਿਊ ਯਾਰਕ ਦੇ ਰਿਚਮੰਡ ਹਿੱਲ ਗੁਰਦੁਆਰੇ ਦੇ ਸੁਖਜਿੰਦਰ ਸਿੰਘ ਨਿੱਝਰ ਨੇ ਕਿਹਾ ਕਿ ਐਤਵਾਰ ਨੂੰ ਆਮ ਵਾਂਗ ਗੁਰਦੁਆਰੇ &rsquoਚ ਪਾਠ ਤੇ ਕੀਰਤਨ ਕੀਤਾ ਗਿਆ ਤੇ ਇਸ ਦੌਰਾਨ ਕਿਸੇ ਨੇ ਕੋਈ ਦਖ਼ਲ ਨਹੀਂ ਦਿੱਤਾ। ਸਿੱਖ ਕਲਚਰਲ ਸੁਸਾਇਟੀ ਨਾਲ ਜੁੜੇ ਤੇ ਸਾਹਿਲੀ ਉੱਤਰਪੂਰਬ ਦੀ ਨੁਮਾਇੰਦਗੀ ਕਰਦੇ ਨਿੱਝਰ ਨੇ ਕਿਹਾ ਕਿ ਪੁਲੀਸ ਜਾਂ ਕਿਸੇ ਹੋਰ ਏਜੰਸੀ ਨੇ ਨਿਊ ਯਾਰਕ ਤੇ ਨਿਊ ਜਰਸੀ ਦੇ ਕਿਸੇ ਗੁਰਦੁਆਰੇ ਵਿਚ ਛਾਪੇ ਨਹੀਂ ਮਾਰੇ। ਨਿੱਝਰ, ਜੋ ਗੁਰਦੁਆਰੇ ਦੀ ਪਬਲਿਕ ਤੇ ਮੀਡੀਆ ਕਮੇਟੀ ਦੇ ਚੇਅਰਮੈਨ ਵੀ ਹਨ, ਨੇ ਕਿਹਾ ਕਿ ਭਾਰਤੀ ਮੀਡੀਆ ਵਿਚ ਛਪੀਆਂ ਖ਼ਬਰਾਂ ਗ਼ਲਤ ਰਿਪੋਰਟਿੰਗ ਜਾਂ ਫਿਰ ਕਿਸੇ ਗ਼ਲਤਫ਼ਹਿਮੀ ਦਾ ਨਤੀਜਾ ਹਨ। ਸਿੱਖ ਕੌਂਸਲ ਆਨ ਰਿਲੀਜਨ ਐਂਡ ਐਜੂਕੇਸ਼ਨ ਦੇ ਚੇਅਰਮੈਨ ਰਾਜਵੰਤ ਸਿੰਘ ਨੇ ਇਮੀਗ੍ਰੇਸ਼ਨ ਜਾਂ ਹੋਰ ਏਜੰਸੀਆਂ ਵੱਲੋਂ ਗੁਰਦੁਆਰਿਆਂ &rsquoਤੇ ਛਾਪੇਮਾਰੀ ਜਾਂ ਗੇੜੀਆਂ ਦੀਆਂ ਰਿਪੋਰਟਾਂ ਨੂੰ ਰੱਦ ਕੀਤਾ। ਸਿੰਘ ਨੇ ਕਿਹਾ ਕਿ ਨਿਊ ਯਾਰਕ ਤੇ ਨਿਊ ਜਰਸੀ ਵਿਚ ਸਿੱਖ ਭਾਈਚਾਰੇ ਦੇ ਨਿਆਂ ਵਿਭਾਗ ਤੇ ਵ੍ਹਾਈਟ ਹਾਊਸ ਸਣੇ ਸਰਕਾਰ ਦੇ ਪ੍ਰਤੀਨਿਧਾਂ ਨਾਲ ਨਿੱਘੇ ਸਬੰਧ ਹਨ। ਨਿੱਝਰ ਨੇ ਕਿਹਾ ਕਿ ਗੁਰਦੁਆਰਿਆਂ ਦੇ ਸਰਕਾਰੀ ਏਜੰਸੀਆਂ ਨਾਲ ਚੰਗੇ ਰਿਸ਼ਤੇ ਹਨ ਅਤੇ ਭਾਈਚਾਰੇ ਨਾਲ ਜੁੜੇ ਮਸਲਿਆਂ ਬਾਰੇ ਚਰਚਾ ਲਈ ਉਹ ਗੁਰਦੁਆਰੇ ਦੇ ਸੱਦੇ ਉੱਤੇ ਨਿਯਮਤ ਬੈਠਕਾਂ ਵੀ ਕਰਦੇ ਹਨ। ਕਾਬਿਲੇਗੌਰ ਹੈ ਕਿ ਰਾਸ਼ਟਰਪਤੀ ਡੋਨਲਡ ਟਰੰਪ ਨੇ ਪਿਛਲੇ ਹਫ਼ਤੇ ਉਹ ਪਾਲਿਸੀ ਰੱਦ ਕਰ ਦਿੱਤੀ ਸੀ, ਜਿਸ ਤਹਿਤ ਇਮੀਗ੍ਰੇਸ਼ਨ ਅਧਿਕਾਰੀਆਂ ਨੂੰ ਗਿਰਜਾਘਰਾਂ ਜਾਂ ਸਕੂਲਾਂ ਵਿਚ ਦਾਖ਼ਲ ਹੋ ਕੇ ਗ੍ਰਿਫ਼ਤਾਰੀ ਕਰਨ ਦੀ ਮਨਾਹੀ ਸੀ। ਹੋਮਲੈਂਡ ਸਕਿਓਰਿਟੀ ਵਿਭਾਗ ਨੇ ਕਿਹਾ, &lsquo&lsquoਅਪਰਾਧੀ ਹੁਣ ਗ੍ਰਿਫ਼ਤਾਰੀ ਤੋਂ ਬਚਣ ਲਈ ਅਮਰੀਕੀ ਸਕੂਲਾਂ ਤੇ ਗਿਰਜਾਘਰਾਂ ਵਿਚ ਨਹੀਂ ਲੁਕ ਸਕਣਗੇ।&rsquo ਹੁਕਮਾਂ ਵਿਚ ਭਾਵੇਂ ਸਿਰਫ਼ ਗਿਰਜਾਘਰਾਂ ਦਾ ਜ਼ਿਕਰ ਸੀ, ਪਰ ਹੋਰਨਾਂ ਧਰਮਾਂ ਦੇ ਪ੍ਰਤੀਨਿਧਾਂ ਨੇ ਉਪਰੋਕਤ ਹੁਕਮਾਂ ਦੇ ਵਿਆਪਕ ਅਸਰ ਬਾਰੇ ਫ਼ਿਕਰ ਜਤਾਇਆ ਹੈ।

ਅਮਰੀਕੀ ਨਿਆਂ ਮੰਤਰਾਲੇ ਨੇ ਟਰੰਪ ਦੇ ਵਿਰੁਧ ਅਪਰਾਧਕ ਜਾਂਚ &rsquoਚ ਸ਼ਾਮਲ 12 ਕਰਮਚਾਰੀਆਂ ਨੂੰ ਕਰ ਦਿਤਾ ਬਰਖ਼ਾਸਤ
ਅਮਰੀਕੀ ਨਿਆਂ ਮੰਤਰਾਲੇ ਨੇ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਵਿਰੁਧ ਅਪਰਾਧਕ ਜਾਂਚ &rsquoਚ ਸ਼ਾਮਲ ਘੱਟੋ-ਘੱਟ 12 ਕਰਮਚਾਰੀਆਂ ਨੂੰ ਬਰਖ਼ਾਸਤ ਕਰ ਦਿਤਾ ਹੈ। ਮੰਤਰਾਲੇ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿਤੀ। ਵਿਸ਼ੇਸ਼ ਵਕੀਲ ਜੈਕ ਸਮਿਥ ਦੀ ਟੀਮ &rsquoਚ ਕੰਮ ਕਰਨ ਵਾਲੇ ਵਕੀਲਾਂ ਨੂੰ ਨਿਸ਼ਾਨਾ ਬਣਾ ਕੇ ਅਚਾਨਕ ਕੀਤੀ ਗਈ ਇਹ ਕਾਰਵਾਈ ਨਿਆਂ ਮੰਤਰਾਲੇ ਦੇ ਅੰਦਰ ਗੜਬੜੀ ਦਾ ਤਾਜ਼ਾ ਸੰਕੇਤ ਹੈ ਅਤੇ ਇਹ ਉਨ੍ਹਾਂ ਕਰਮਚਾਰੀਆਂ ਨੂੰ ਹਟਾਉਣ ਦੀ ਟਰੰਪ ਪ੍ਰਸ਼ਾਸਨ ਦੀ ਵਚਨਬੱਧਤਾ ਨੂੰ ਦਰਸ਼ਾਉਂਦਾ ਹੈ ਜਿਨ੍ਹਾਂ ਨੂੰ ਉਹ ਰਾਸ਼ਟਰਪਤੀ ਪ੍ਰਤੀ ਵਫ਼ਾਦਾਰ ਨਹੀਂ ਸਮਝਦਾ। ਸਮਿਥ ਨੇ ਇਸ ਮਹੀਨੇ ਦੇ ਸ਼ੁਰੂ ਵਿਚ ਅਸਤੀਫ਼ਾ ਦੇ ਦਿਤਾ ਸੀ।

ਵਕੀਲਾਂ ਨੂੰ ਰਾਸ਼ਟਰਪਤੀ ਬਦਲਣ ਦੇ ਬਾਵਜੂਦ ਬਰਕਰਾਰ ਰੱਖੇ ਜਾਣ ਦੀ ਰਵਾਇਤ ਰਹੀ ਹੈ ਅਤੇ ਸੰਵੇਦਨਸ਼ੀਲ ਜਾਂਚਾਂ ਵਿਚ ਸ਼ਾਮਲ ਹੋਣ ਕਾਰਨ ਸਜ਼ਾ ਨਹੀਂ ਦਿਤੀ ਜਾਂਦੀ ਹੈ। ਇਸ ਦੇ ਬਾਵਜੂਦ ਇਹ ਕਦਮ ਚੁੱਕਿਆ ਗਿਆ। ਨਿਆਂ ਵਿਭਾਗ ਦੇ ਇਕ ਅਧਿਕਾਰੀ ਨੇ ਅਪਣਾ ਨਾਮ ਗੁਪਤ ਰੱਖਣ ਦੀ ਸ਼ਰਤ &rsquoਤੇ ਬੋਲਦਿਆਂ ਪੁਸ਼ਟੀ ਕੀਤੀ ਕਿ ਕਾਰਜਕਾਰੀ ਅਟਾਰਨੀ ਜਨਰਲ ਜੇਮਸ ਮੈਕਹੈਨਰੀ ਨੇ ਸਟਾਫ਼ ਨੂੰ ਬਰਖ਼ਾਸਤ ਕਰ ਦਿਤਾ ਹੈ। ਇਹ ਤੁਰਤ ਸਪੱਸ਼ਟ ਨਹੀਂ ਹੋ ਸਕਿਆ ਹੈ ਕਿ ਇਸ ਹੁਕਮ ਨਾਲ ਪ੍ਰਭਾਵਤ ਵਕੀਲ ਕੌਣ ਹਨ।

&lsquoਆਪ&rsquo ਵੱਲੋਂ ਔਰਤਾਂ ਨੂੰ ਹਰ ਮਹੀਨੇ 2,100 ਰੁਪਏ ਦੇਣ ਦੀ ਗਾਰੰਟੀ
ਨਵੀਂ ਦਿੱਲੀ- ਆਮ ਆਦਮੀ ਪਾਰਟੀ (ਆਪ) ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਅੱਜ ਦਿੱਲੀ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ 15 &lsquoਗਾਰੰਟੀਆਂ&rsquo ਵਾਲਾ ਪਾਰਟੀ ਦਾ ਚੋਣ ਮਨੋਰਥ ਪੱਤਰ ਜਾਰੀ ਕੀਤਾ ਹੈ, ਜਿਸ ਵਿੱਚ ਔਰਤਾਂ ਲਈ ਪ੍ਰਤੀ ਮਹੀਨਾ 2,100 ਰੁਪਏ, 24 ਘੰਟੇ ਸਾਫ਼ ਪੀਣ ਵਾਲਾ ਪਾਣੀ, ਬਜ਼ੁਰਗਾਂ ਲਈ ਮੁਫ਼ਤ ਸਿਹਤ ਸੰਭਾਲ ਅਤੇ ਵਿਦਿਆਰਥੀਆਂ ਲਈ ਮੈਟਰੋ ਦੇ ਕਿਰਾਏ ਵਿੱਚ 50 ਫੀਸਦ ਤੱਕ ਛੋਟ ਵਰਗੇ ਕਈ ਵਾਅਦੇ ਕੀਤੇ ਗਏ ਹਨ। ਕੇਜਰੀਵਾਲ ਨੇ ਕਿਹਾ ਕਿ ਜੇ &lsquoਆਪ&rsquo ਸਰਕਾਰ 5 ਫਰਵਰੀ ਦੀਆਂ ਚੋਣਾਂ ਵਿੱਚ ਸੱਤਾ ਵਿੱਚ ਵਾਪਸ ਆਉਂਦੀ ਹੈ ਤਾਂ ਮੁਫ਼ਤ ਸਿੱਖਿਆ, ਸਿਹਤ ਸੰਭਾਲ, ਮਹਿਲਾਵਾਂ ਲਈ ਮੁਫਤ ਬੱਸ ਯਾਤਰਾ, ਪਾਣੀ ਅਤੇ ਮੁਫਤ ਬਿਜਲੀ ਵਰਗੀਆਂ ਸਹੂਲਤਾਂ ਜਾਰੀ ਰਹਿਣਗੀਆਂ। ਉਨ੍ਹਾਂ ਦੋਸ਼ ਲਾਇਆ ਕਿ ਭਾਜਪਾ &lsquoਆਪ&rsquo ਦੀਆਂ ਸਾਰੀਆਂ ਮੁਫ਼ਤ ਸਕੀਮਾਂ ਬੰਦ ਕਰ ਦੇਵੇਗੀ। ਇਸ ਨਾਲ ਦਿੱਲੀ ਦੇ ਲੋਕਾਂ &rsquoਤੇ ਹਰ ਮਹੀਨੇ 25,000 ਰੁਪਏ ਦਾ ਬੋਝ ਵਧੇਗਾ।