ਨਸ਼ਿਆਂ ਦੀ ਦਲਦਲ-ਵੱਡੀ ਚਣੌਤੀ
ਨਸ਼ਾ ਮਾਫੀਏ ਦੀਆਂ ਸਰਗਰਮੀਆਂ ਸਿਖ਼ਰਾਂ ਤੇ ਹਨ| ਬੱਚਿਆਂ,ਭੋਲੇ-ਭਾਲੇ ਚੜ੍ਹਦੀ ਉਮਰ ਦੇ ਮੁੱਛ-ਫੁੱਟ ਗੱਭਰੂਆਂ,ਨੌਜਵਾਨ-ਮੁਟਿਆਰਾਂ ਨੂੰ ਆਪਣੇ ਰਸਤੇ ਤੋਂ ਭਟਕਾ ਕੇ ਦੇਸ਼, ਦੁਨੀਆ ਵਿੱਚ ਮਨ-ਆਈਆਂ ਕਰਨ ਲਈ, ਸਭ ਤੋਂ ਸੌਖਾ ਤਰੀਕਾ ਜਿਹੜਾ ਦਿਸਦਾ ਹੈ, ਉਹ ਨਸ਼ੀਲੇ ਪਦਾਰਥ ਬਨਾਉਣਾ, ਵੰਡਣਾ, ਵੇਚਣਾ ਅਤੇ ਇਸਦਾ ਦੁਨੀਆਂ ਭਰ &lsquoਚ ਪ੍ਰਸਾਰ ਕਰਨਾ ਹੈ| ਇਹ ਕੰਮ ਕਰਨ ਵਾਲੇ ਨਸ਼ਾ ਸੌਦਾਗਰ ਇੰਨੇ ਬਲਬਾਨ ਹੋ ਚੁੱਕੇ ਹਨ ਕਿ ਦੁਨੀਆ ਦੀ ਕੋਈ ਵੀ ਸਰਕਾਰ ਨਸ਼ੇ ਦੇ ਇਹਨਾਂ ਸੌਦਾਗਰਾਂ ਉਤੇ ਪੱਕੇ ਤੌਰ &lsquoਤੇ ਪਾਬੰਦੀ ਲਾਉਣ ਤੋਂ ਅਸਮਰਥ ਹੈ| ਇਸੇ ਕਰਕੇ ਨਸ਼ਿਆਂ ਦਾ ਅੰਤ ਨਹੀਂ ਹੋ ਰਿਹਾ|
ਦੁਨੀਆ ਭਰ ਚ ਨਸ਼ੀਲੇ ਪਦਾਰਥਾਂ ਦਾ ਜਾਲ ਵਿਛਿਆ ਹੋਇਆ ਹੈ| ਨਸ਼ੀਲੇ ਪਦਾਰਥ ਬਨਾਉਣ ਤੋਂ ਲੈਕੇ ਵੇਚਣ ਤੱਕ ਦੇ ਆਪਣੇ ਕੰਮ ਨੂੰ ਨਸ਼ਾ ਸੌਦਾਗਰ ਅਤਿਅੰਤ ਵਪਾਰਕ ਪੱਧਰ ਤੇ ਪੂਰਾ ਕਰਦੇ ਹਨ| ਕੋਈ ਦੋ ਰਾਵਾਂ ਨਹੀਂ ਕਿ ਸਾਸ਼ਨ-ਪ੍ਰਾਸ਼ਾਸ਼ਨ  ਦੀਆਂ ਕੁਝ ਗੰਦੀਆਂ ਮੱਛੀਆਂ ਲੁਕਵੇਂ ਰੂਪ ਚ ਇਸ ਵਿੱਚ ਸ਼ਾਮਲ ਹਨ| ਜੇਕਰ ਇੰਜ ਨਾ ਹੁੰਦਾ ਤਾਂ ਨਸ਼ਾ ਮਾਫੀਆ ਇਸ ਕਦਰ ਵੱਧ-ਫੁੱਲ ਨਹੀਂ ਸੀ ਸਕਦਾ| 
ਸਮੱਸਿਆ ਨਸ਼ਿਆਂ ਦੇ ਪਦਾਰਥਾਂ ਦੀ ਖਰੀਦੋ-ਫ਼ਰੋਖਤ ਤੱਕ ਹੀ ਸੀਮਤ ਨਹੀਂ ਰਹੀ| ਪੈਕਟ ਬੰਦ ਡੱਬੇ, ਡੱਬੇ ਬੰਦ ਭੋਜਨ ਅਤੇ ਪੀਣ ਵਾਲੀਆਂ ਚੀਜਾਂ ਵਿੱਚ ਵੀ ਸਿਹਤ ਲਈ ਘਾਤਕ, ਮੌਤ ਦੇ ਮੂੰਹ ਧੱਕਣ ਵਾਲੇ ਰਸਾਇਣਿਕ ਮਿਸ਼ਰਣ ਪਾਏ ਜਾਂਦੇ ਹਨ| ਪਿਛਲੇ 25 ਵਰ੍ਹਿਆਂ &lsquoਚ ਇਹ ਅਭਿਆਸ ਨਿਰੰਤਰ ਵਧਿਆ ਹੈ| ਇਸ ਅਭਿਆਸ ਦੀ ਨਿਗਰਾਨੀ ਉਤੇ,ਜੋ ਪਹਿਲਾਂ ਸਰਕਾਰੀ ਬੰਦਸ਼ ਸੀ, ਉਹ ਕਾਫੀ ਢਿੱਲੀ ਪੈ ਚੁੱਕੀ ਹੈ| ਹੁਣ ਕਣਕ, ਚਾਵਲ, ਦਾਲ, ਸਬਜੀ, ਫਲ, ਮਸਾਲੇ, ਤੇਲ, ਘਿਓ, ਪੈਕਟ ਬੰਦ ਭੋਜਨ ਅਤੇ ਸੋਡਾ ਵਾਟਰ ਤੇ ਹੋਰ ਪੀਣ ਵਾਲੇ ਪਦਾਰਥਾਂ ਵਿੱਚ ਇਸ ਦੀ ਮਾਤਰਾ ਆਮ ਪਾਈ ਜਾਂਦੀ ਹੈ, ਜਿਸਨੇ ਬਹੁਤੇ ਲੋਕਾਂ ਦੀ ਸਿਹਤ ਨੂੰ ਹਾਲੋਂ-ਬੇਹਾਲ ਕੀਤਾ ਹੋਇਆ ਹੈ| ਆਮ ਆਦਮੀ ਬੇਬਸ ਹੈ| ਉਸਦੇ ਸਰੀਰ ਦੇ ਅੰਦਰੂਨੀ ਅੰਗਾਂ ਉਤੇ ਇਸਦਾ ਅਸਰ ਪੈ ਰਿਹਾ ਹੈ| ਇਹਦਾ ਅਸਰ ਮਨੁੱਖ ਦੀ ਮਨੋ ਅਵਸਥਾ ਉਤੇ ਵੀ ਪੈਂਦਾ ਹੈ|
ਨਸ਼ੀਲੇ ਪਦਾਰਥਾਂ ਦੀ ਤਸਕਰੀ ਭਾਰਤ ਲਈ ਹੀ ਨਹੀਂ, ਸਗੋਂ ਦੁਨੀਆਂ ਲਈ ਵੀ ਵੱਡੀ ਸਿਰਦਰਦੀ ਹੈ| ਲਗਭਗ ਸਾਰੇ ਦੇਸ਼ਾਂ ਦੇ ਵੱਡੀ ਸੰਖਿਆ ਚ ਛੋਟੀ ਉਮਰ ਵਾਲੇ ਅਤੇ ਨੌਜਵਾਨ ਨਸ਼ਿਆਂ ਦੀ ਮਾਰ ਹੇਠ ਹਨ| ਹੈਰਾਨੀਜਨਕ ਤਾਂ ਇਹ ਹੈ ਕਿ ਕਾਨੂੰਨੀ ਤੌਰ ਤੇ ਨਸ਼ਿਆਂ ਦੀ ਮਨਾਹੀ ਹੈ| ਪਰ ਇਹ ਧੰਦਾ ਰੁਕ ਨਹੀਂ ਰਿਹਾ, ਲਗਾਤਾਰ ਵੱਧ ਰਿਹਾ ਹੈ| ਸਵਾਲ ਉੱਠਦੇ ਹਨ ਕਿ ਕੀ ਇਹ ਸਭ ਕੁਝ ਸਰਕਾਰੀ ਮਿਲੀ ਭੁਗਤ ਨਾਲ ਹੋ ਰਿਹਾ ਹੈ? ਤੱਥ ਇਹ ਵੀ ਕੱਢੇ ਜਾ ਰਹੇ ਹਨ ਕਿ ਜਿਹਨਾ ਦੇਸ਼ਾਂ ਵਿੱਚ ਪਰਿਵਾਰਿਕ ਇਕਾਈਆਂ ਟੁੱਟ ਰਹੀਆਂ ਹਨ ਜਾਂ ਟੁੱਟ ਚੁੱਕੀਆਂ ਹਨ, ਉਥੇ ਨੌਜਵਾਨਾਂ &lsquoਚ ਨਸ਼ਿਆਂ ਦੀ ਵਰਤੋਂ ਜ਼ਿਆਦਾ ਹੈ|
ਭਾਰਤ ਜਿਹੇ ਦੇਸ਼ ਵਿੱਚ ਹੁਣ ਵੀ ਬੱਚਿਆਂ ਅਤੇ ਨੌਜਵਾਨਾਂ ਨੂੰ ਪਰਿਵਾਰ ਅਤੇ ਸਮਾਜ ਦਾ ਡਰ ਹੈ, ਇਥੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਹੋਰ ਦੇਸ਼ਾਂ ਦੇ ਮੁਕਾਬਲੇ ਘੱਟ ਹੈ, ਲੇਕਿਨ ਪਿਛਲੇ ਕੁਝ ਦਹਾਕਿਆਂ ਵਿੱਚ ਇਹ ਦੇਖਣ ਨੂੰ  ਮਿਲ ਰਿਹਾ ਹੈ ਕਿ ਜਿਹਨਾ ਸੂਬਿਆਂ ਚ ਸਰਕਾਰਾਂ ਦਾ ਕੁ-ਪ੍ਰਬੰਧ ਹੈ, ਉਥੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਵੱਧ ਰਹੀ ਹੈ ਅਤੇ ਨਸ਼ਿਆਂ ਦਾ ਪ੍ਰਕੋਪ ਸਿਖ਼ਰਾਂ ਤੇ ਪੁੱਜ ਗਿਆ ਹੈ|ਭਾਰਤ ਦੇ ਸਰਹੱਦੀ ਸੂਬੇ ਇਸਦੀ ਮਾਰ ਵਿੱਚ ਹਨ| ਪੰਜਾਬ ਨਸ਼ਿਆਂ ਦੀ ਵੱਡੀ ਮਾਰ ਸਹਿ ਰਿਹਾ ਹੈ|
ਨਸ਼ਿਆਂ ਦੀ ਵਰਤੋਂ ਦੀ ਵੱਧ ਰਹੀ ਤਸਵੀਰ ਅੰਕੜਿਆਂ ਤੋਂ ਵੇਖੀ ਜਾ ਸਕਦੀ ਹੈ| ਇਕੱਲੇ 2024 ਵਿੱਚ ਹੀ 16,914 ਕਰੋੜ ਰੁਪਏ ਦੇ ਨਸ਼ੀਲੇ ਪਦਾਰਥ ਜ਼ਬਤ ਕੀਤੇ ਗਏ| ਕੁਝ ਦਿਨ ਪਹਿਲਾਂ ਨਵੀਂ ਦਿੱਲੀ &lsquoਚ 560 ਕਿਲੋ ਤੋਂ ਜ਼ਿਆਦਾ ਕੋਕੀਨ ਅਤੇ 40 ਕਿਲੋ ਮਾਰਜੁਆਨਾ ਫੜਿਆ ਗਿਆ| ਇਸ ਦੀ ਕੀਮਤ ਸੱਤ ਹਜ਼ਾਰ ਕਰੋੜ ਹੈ| ਮੱਧ ਪ੍ਰਦੇਸ਼ ਦੀ ਰਾਜਧਾਨੀ ਭੋਪਾਲ ਵਿਚ ਇੱਕ ਕਾਰਖਾਨੇ ਵਿੱਚ 1814 ਕਰੋੜ ਮੁੱਲ ਦਾ 907 ਕਿਲੋ ਮੈਫੇਡਰੀਨ ਪਦਾਰਥ ਫੜਿਆ ਗਿਆ| ਇਹ ਨਸ਼ਾ ਬਨਾਉਣ ਵਾਲੀ ਕੱਚੀ ਸਮੱਗਰੀ ਵਜੋਂ ਵਰਤਿਆਂ ਜਾਂਦਾ ਹੈ| ਇੰਝ ਬਹੁਤ ਵੱਡੀ ਰਾਸ਼ੀ ਨਸ਼ਿਆਂ ਦੇ ਪਦਾਰਥਾਂ ਦੇ ਪ੍ਰਚਲਣ ਲਈ ਇਸਤੇਮਾਲ ਹੋ ਰਹੀ ਹੈ|ਹੈਰਾਨੀਜਨਕ ਹੈ ਕਿ ਅੰਕੜਿਆਂ &lsquoਚ ਦੱਸਿਆ ਹੈ ਕਿ ਇਹ ਪਦਾਰਥ ਜਾਂ ਸਮੱਗਰੀ ਉਹ ਹੈ ਜੋ ਛਾਪਿਆਂ &lsquoਚ ਜਬਤ ਕੀਤੀ ਜਾ ਰਹੀ ਹੈ, ਪਰ ਪੈਸੇ ਦੀ ਜਿਹੜੀ ਵਰਤੋਂ ਨਸ਼ਾ ਵਪਾਰ ਚ ਹੋ ਰਹੀ ਹੈ, ਉਸਦਾ ਅੰਦਾਜ਼ਾ ਲਗਾਇਆ ਹੀ ਨਹੀਂ ਜਾ ਸਕਦਾ|
ਭਾਰਤ ਵਿੱਚ ਸਾਲ 2009 ਤੋਂ 2014 ਤੱਕ ਕੁੱਲ 3.63 ਲੱਖ ਨਸ਼ੀਲੇ ਪਦਾਰਥ ਜ਼ਬਤ ਹੋਏ ਜਦਕਿ 2014 ਤੋਂ 2024 ਤੱਕ 24 ਲੱਖ ਕਿਲੋ ਨਸ਼ੀਲੇ ਪਦਾਰਥ ਜ਼ਬਤ ਹੋਏ| 2004 -14 ਤੱਕ ਨਸ਼ੀਲੇ ਜ਼ਬਤ ਪਦਾਰਥਾਂ ਦਾ ਮੁੱਲ 8150 ਕਰੋੜ ਸੀ ਜਦਕਿ 2014-24 ਦੇ ਵਿੱਚ ਨਸ਼ਟ ਕੀਤੇ ਨਸ਼ੀਲੇ ਪਦਾਰਥਾਂ ਦਾ ਮੁੱਲ 54,831 ਕਰੋੜ ਸੀ| ਭਾਰਤ ਵਿੱਚ ਵੀ ਤੇ ਦੁਨੀਆ ਵਿੱਚ ਵੀ ਨਸ਼ੀਲੇ ਪਦਾਰਥਾਂ ਦੀ ਤਸਕਰੀ ਦਾ ਧੰਦਾ ਚਰਮ ਸੀਮਾ &lsquoਤੇ ਹੈ| ਇਸ ਕਾਲੇ ਕਾਰੋਬਾਰ ਨੂੰ ਵਧਾਉਣ ਲਈ ਮਾਨਵ ਤਸਕਰੀ ਅਤੇ ਖ਼ਾਸ ਕਰਕੇ ਵੇਸਵਾ ਵਿਰਤੀ ਦਾ ਪ੍ਰਚਲਣ ਵਧ ਰਿਹਾ ਹੈ ਅਤੇ ਨੌਜਵਾਨ ਲੜਕੀਆਂ  ਦੀ ਵੱਡੀ ਸੰਖਿਆ ਇਸ ਕਾਲੇ ਧੰਦੇ ਵਿੱਚ ਘਸੀਟੀ ਜਾ ਰਹੀ ਹੈ|
ਨਸ਼ਾ ਤਸਕਰੀ ਚ ਤਸਕਰ-ਗ੍ਰੋਹ ਡਾਰਕ ਵੇਵ, ਔਨਲਾਈਨ ਅਤੇ ਡਰੋਨ ਅਧਾਰਿਤ ਠੱਗੀ ਵੀ ਸ਼ੁਰੂ ਕਰ ਚੁੱਕੇ ਹਨ| ਨਤੀਜਾ ਇਹ ਹੈ ਕਿ ਉਹਨਾ ਦੀਆਂ ਵਿਆਪਕ  ਭੈੜੀਆਂ ਸਰਗਰਮੀਆਂ ਦੀ ਮਾਰ ਹੇਠ ਸਮਾਜ ਦੀ ਕੋਈ  ਵੀ ਗਤੀਵਿਧੀ ਸੁਰੱਖਿਅਤ ਨਹੀਂ ਰਹੀ| ਇਥੋਂ ਤੱਕ ਕਿ ਦੇਸ਼ਾਂ ਦੀ ਆਰਥਿਕਤਾ ਵੀ ਇਹਨਾਂ ਤਸਕਰ-ਗ੍ਰੋਹਾਂ ਦੇ ਨਿਸ਼ਾਨੇ &lsquoਤੇ ਆ ਚੁੱਕੀ ਹੈ| ਮਾਫੀਆ ਰਾਜ ਦਾ ਪਸਾਰਾ ਇਹਨਾਂ ਦੀ ਬਦੌਲਤ ਵਧ ਫੁੱਲ ਰਿਹਾ ਹੈ| ਅਪਰਾਧਾਂ ਦੀ ਵੱਧ ਰਹੀ ਚਿੰਤਾਜਨਕ ਵੱਡੀ ਗਿਣਤੀ ਵੀ ਨਸ਼ਾ ਗ੍ਰੋਹਾਂ ਦੀ ਉਪਜ ਹੈ, ਜਿਹੜੇ ਆਪਣੇ ਵਿਰੋਧੀਆਂ ਨੂੰ ਖ਼ਤਮ ਕਰਨ ਲਈ ਨਿੱਤ ਦਿਹਾੜੇ ਵਾਰਦਾਤਾਂ ਕਰਦੇ ਹਨ| ਇਹ ਹੋਰ ਵੀ ਚਿੰਤਾਜਨਕ ਹੈ ਕਿ ਰੋਜ਼ਗਾਰ ਤੋਂ ਵੰਚਿਤ ਨੌਜਵਾਨ ਇਹਨਾ ਗ੍ਰੋਹਾਂ &lsquoਚ ਸ਼ਾਮਲ ਹੋ ਰਹੇ ਹਨ ਅਤੇ ਸਮਾਜ ਵਿੱਚ ਨਿੱਤ  ਨਵੀਆਂ ਮੁਸੀਬਤਾਂ ਦਾ ਕਾਰਨ ਬਣ ਰਹੇ ਹਨ| ਇਸ ਤੋਂ ਵੀ ਵੱਡੀ ਚਿੰਤਾ ਨਸ਼ਾ ਤਸਕਰਾਂ, ਗੁੰਡਾ ਗ੍ਰੋਹਾਂ ਸਮਾਜ ਵਿਰੋਧੀ ਅਨਸਰਾਂ ਦੇ ਸਰਗਨਿਆਂ ਦਾ ਸਿਆਸੀ ਧਿਰਾਂ ਦਾ ਜੋੜ-ਮੇਲ ਵੱਧ ਰਿਹਾ ਹੈ, ਜੋ ਦੇਸ਼ ਵਿੱਚ ਹੋ ਰਹੀਆਂ ਕਿਸੇ ਕਿਸਮ ਦੀਆਂ ਚੋਣਾਂ &lsquoਚ ਅਹਿਮ ਭੂਮਿਕਾ ਨਿਭਾਉਣ ਦੇ ਯੋਗ ਬਣ ਗਏ ਹਨ| ਸਿੱਟਾ ਇਹ ਹੈ ਕਿ ਸਰਵਜਨਕ ਰੂਪ ਵਿੱਚ ਤਸਕਰਾਂ ਦੀ ਅਰਾਜਕਤਾ ਪ੍ਰਭਾਵੀ ਢੰਗ ਨਾਲ ਦੇਸ਼ ਤੇ ਸਮਾਜ ਵਿੱਚ ਦਿਖਣ ਲੱਗੀ ਹੈ, ਜੋ ਲੋਕਤੰਤਰੀ ਕਦਰਾਂ-ਕੀਮਤਾਂ ਉਤੇ ਭਾਰੀ ਪੈਣ ਲੱਗੀ ਹੈ| ਇਥੋਂ ਤੱਕ ਕਿ ਦੇਸ਼ ਦੀ ਸੁਰੱਖਿਆ ਵੀ ਇਹਨਾ ਤਸਕਰਾਂ ਕਾਰਨ ਦਾਅ &lsquoਤੇ ਲੱਗੀ  ਦਿਸ ਰਹੀ ਹੈ, ਕਿਉਂਕਿ ਨਿੱਤ ਦਿਹਾੜੇ ਸਰਹੱਦੋਂ ਪਾਰ ਡਰੋਨ ਹਮਲੇ ਅਤੇ ਸਰਹੱਦੀਆਂ ਥਾਣੇ ਚੌਕੀਆਂ ਉਤੇ ਗਰਨੇਡ ਹਮਲੇ ਹੋ ਰਹੇ ਹਨ|  ਪੰਜਾਬ ਦੇ ਸਰਹੱਦੀ ਜ਼ਿਲਿਆਂ ਵਿੱਚ ਇਸ ਕਿਸਮ ਦੀਆਂ ਵਾਰਦਾਤਾਂ ਪਿਛੇ ਪੁਲਿਸ ਪ੍ਰਾਸ਼ਾਸ਼ਨ, ਇਹਨਾ ਨਸ਼ਾ ਤਸਕਰਾਂ ਦਾ ਹੀ ਹੱਥ ਵੇਖਦਾ ਹੈ|
ਵੈਸੇ ਤਾਂ ਦੇਸ਼ ਦੇ ਹਰ ਸੂਬੇ ਚ ਨਸ਼ਿਆਂ ਦਾ ਜਾਲ ਫੈਲਾਇਆ ਜਾ ਰਿਹਾ ਹੈ| ਪਰ ਸਰਹੱਦੀ ਸੂਬੇ ਇਸਦੀ ਮਾਰ ਹੇਠ ਜ਼ਿਆਦਾ ਹਨ| ਪੰਜਾਬ ਚ ਨਸ਼ਾ ਤਸਕਰ ਆਪਣਾ ਪ੍ਰਭਾਵ ਵਧਾ ਚੁੱਕੇ ਹਨ| ਪੰਜਾਬ ਦੇ ਪਿੰਡਾਂ ਚ ਸ਼ਹਿਰਾਂ ਦੀਆਂ ਬਸਤੀਆਂ ਦਾ ਬੇਰੋਕ-ਟੋਕ ਮਿਲਣਾ ਅਤੇ ਨਸ਼ਿਆਂ ਖਿਲਾਫ਼ ਬੋਲਣ ਵਾਲਿਆਂ ਨੂੰ ਨਸ਼ਾ ਤਸਕਰਾਂ ਵੱਲੋਂ ਚੁੱਪ ਕਰਵਾਉਣਾ ਆਮ ਜਿਹੀ ਗੱਲ ਹੈ| ਕਈ ਥਾਵਾਂ ਉਤੇ, ਜਿਥੇ ਨਸ਼ਿਆਂ ਦਾ ਭਰਵਾਂ ਵਿਰੋਧ ਹੋਇਆ, ਉਥੇ ਸਰਪੰਚਾਂ ਜਾਂ ਮੁਹੱਤਬਰਾਂ ਦੇ ਕਤਲਾਂ ਦੀਆਂ ਖ਼ਬਰਾਂ ਵੀ ਮਿਲਦੀਆਂ ਹਨ| ਪੰਜਾਬ ਚ ਨੌਜਵਾਨਾਂ ਚ ਵੱਧ ਰਹੀ ਬੇਰੁਜ਼ਗਾਰੀ, ਖੇਤੀ ਖੇਤਰ ਚ ਘੱਟ ਰਹੀ ਆਮਦਨ  ਕਾਰਨ ਲੋਕਾਂ ਚ ਫੈਲੀ ਨਿਰਾਸ਼ਾ, ਸਾਂਝੇ ਪਰਿਵਾਰਾਂ ਦਾ ਟੁੱਟਣਾ, ਨਸ਼ਿਆਂ ਦਾ ਕਾਰਨ ਬਣ ਰਿਹਾ ਹੈ| ਸਿਆਸਤਦਾਨਾਂ ਵੱਲੋਂ ਗੁੰਡਾ ਅਨਸਰਾਂ ਨੂੰ ਆਪਣੇ ਸਵਾਰਥ ਸਿੱਧੀ ਲਈ ਸ਼ਾਬਾਸ਼ੀ, ਨੌਜਵਾਨਾਂ &lsquoਚ ਗਲੈਮਰ ਦੀ ਭਾਵਨਾ ਵੀ ਭਰਦੀ ਹੈ, ਉਹ ਪਹਿਲਾਂ ਗੁੰਡਾਂ ਗ੍ਰੋਹਾਂ, ਸਮਾਜ ਵਿਰੋਧੀ ਅਨਸਰਾਂ ਵਿੱਚ ਅਤੇ ਫਿਰ  ਨਸ਼ਾ ਤਸਕਰਾਂ ਨਾਲ ਸਾਂਝ ਭਿਆਲੀ ਨਾਲ ਕੰਮ ਕਰਨ &lsquoਚ ਮਾਣ ਮਹਿਸੂਸ ਕਰਦੇ ਹਨ| ਕਾਰਨ ਭਾਵੇਂ ਹੋਰ ਵੀ ਵਧੇਰੇ ਹੋਣ, ਨੌਜਵਾਨਾਂ ਦਾ ਆਰਥਿਕ ਪੱਖੋਂ  ਟੁੱਟਣਾ ਅਤੇ ਜ਼ਿੰਦਗੀ ਪ੍ਰਤੀ ਉਤਸ਼ਾਹ ਦੀ ਕਮੀ ਉਹਨਾ ਨੂੰ ਔਜੜੇ ਰਾਹੀਂ ਪਾਉਂਦੀ ਹੈ, ਜਿਹੜੀ ਅੰਤ ਚ ਉਹਨਾ ਦੇ ਉਜਾੜੇ ਦਾ ਕਾਰਨ ਬਣਦੀ ਹੈ|
ਭਾਵੇਂ ਭਾਰਤ ਵਿੱਚ ਨਸ਼ਾ ਤਸਕਰੀ ਰੋਕਣ ਲਈ ਡਰੱਗ ਕੰਟਰੋਲ ਐਕਟ ਬਣਿਆ ਹੋਇਆ ਹੈ| ਨੈਰੋਕੋਟਿਕਸ ਕੰਟਰੋਲ ਬਿਊਰੋ ਇਸ ਕਾਨੂੰਨ ਨੂੰ ਲਾਗੂ ਕਰਨ ਵਾਲੀ ਪ੍ਰਭਾਵੀ ਸਰਕਾਰੀ ਏਜੰਸੀ ਹੈ ਅਤੇ ਇਸ ਐਕਟ ਅਧੀਨ ਸਜ਼ਾਵਾਂ ਵੀ ਭਰਵੀਆਂ ਹਨ, ਜਿਸ ਵਿੱਚ ਜ਼ੁਰਮਾਨਾ ਅਤੇ 10 ਸਾਲ ਤੋਂ 20 ਸਾਲ ਤੱਕ ਦੀ ਕੈਦ ਵੀ ਸ਼ਾਮਲ ਹੈ ਅਤੇ ਬਾਵਜੂਦ ਸਰਕਾਰ ਦੇ ਇਹਨਾਂ ਐਲਾਨਾਂ ਦੇ ਕਿ ਉਸ ਵੱਲੋਂ ਤਸਕਰੀ ਰੋਕਣ ਲਈ ਹਰ ਸੰਭਵ ਯਤਨ ਹੋਣਗੇ, ਨਸ਼ਾ ਤਸਕਰਾਂ ਦੀਆਂ ਸਰਗਰਮੀਆਂ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ|
ਅੱਜ ਦੇਸ਼ ਸਾਹਮਣੇ ਵੱਡੀ ਚਣੌਤੀ ਨਸ਼ੇ ਹਨ| ਨੌਜਵਾਨ, ਜਿਹੜੇ ਨਸ਼ਾ ਗ੍ਰਸਤ ਹਨ, ਉਹਨਾ ਨੂੰ ਸਰਕਾਰੀ, ਗੈਰ-ਸਰਕਾਰੀ ਯਤਨਾਂ ਨਾਲ ਮੁੱਖ ਧਾਰਾ ਵਿੱਚ ਲਿਆਂਦਾ ਜਾਣਾ ਸਮੇਂ ਦੀ ਲੋੜ ਹੈ| ਨਸ਼ਾ ਤਸਕਰਾਂ ਵਿਰੁੱਧ ਵੱਡੀ ਲਾਮਬੰਦੀ ਕਰਕੇ  ਉਹਨਾਂ ਨੂੰ ਸਖ਼ਤ ਸਜ਼ਾ ਦੇਣ , ਨਸ਼ਾ ਬਨਾਉਣ ਵਾਲੀਆਂ ਗੈਰ-ਕਾਨੂੰਨੀ ਫੈਕਟਰੀਆਂ, ਉਹਨਾ ਦੇ ਮਾਲਕਾਂ ਨੂੰ  ਵੱਡੇ ਦੰਡ ਦੇਣ ਦੀ ਵੀ ਲੋੜ ਹੈ|  
ਨਸ਼ਾ ਮਾਫੀਆ ਤਿਕੱੜੀ, ਜਿਸ ਵਿੱਚ ਨਸ਼ਾ ਤਸਕਰ, ਭੈੜੇ ਸਵਾਰਥੀ ਸਿਆਸਤਦਾਨ ਅਤੇ ਸੁਰੱਖਿਆ ਬਲਾਂ &lsquoਚ ਬੈਠੀਆਂ ਕਾਲੀਆਂ ਭੇਡਾਂ ਸ਼ਾਮਲ ਹਨ, ਦਾ ਚਿਹਰਾ ਨੰਗਾ ਕਰਕੇ, ਉਹਨਾ ਨੂੰ ਨੱਥ ਪਾਉਣ ਤੋਂ ਬਿਨ੍ਹਾਂ ਆਮ ਲੋਕਾਂ ਦੀ ਨਸ਼ਿਆਂ ਪ੍ਰਤੀ ਚਿੰਤਾ-ਮੁਕਤੀ ਸੰਭਵ ਨਹੀਂ ਹੈ|
-ਗੁਰਮੀਤ ਸਿੰਘ ਪਲਾਹੀ