image caption:

12 ਫਰਵਰੀ 2025 (ਬੁੱਧਵਾਰ) ਅੱਜ ਦੀਆਂ ਮੁੱਖ ਖਬਰਾਂ

 ਅਮਰੀਕਾ ਮਗਰੋਂ ਬ੍ਰਿਟੇਨ ਨੇ ਵੀ ਗੈਰ-ਕਾਨੂੰਨੀ ਪ੍ਰਵਾਸੀਆਂ &lsquoਤੇ ਕਸਿਆ ਸ਼ਿਕੰਜਾ!
ਅਮਰੀਕਾ ਨੇ ਹਾਲ ਹੀ ਵਿਚ ਬ੍ਰਾਜ਼ੀਲ, ਭਾਰਤ, ਮੈਕਸੀਕੋ ਸਮੇਤ ਕਈ ਦੇਸ਼ਾਂ ਤੋਂ ਗੈਰ-ਕਾਨੂੰਨੀ ਪ੍ਰਵਾਸੀਆਂ ਨੂੰ ਬਾਹਰ ਕੱਢਿਆ ਹੈ। ਹੁਣ ਡੋਨਾਲਡ ਟਰੰਪ ਦੀ ਤਰ੍ਹਾਂ ਹੀ ਗੈਰ-ਦਸਤਾਵੇਜ਼ੀ ਪ੍ਰਵਾਸੀਆਂ ਅਤੇ ਅਪਰਾਧੀਆਂ ਵਿਰੁੱਧ ਬ੍ਰਿਟੇਨ ਵਿਚ ਵੀ ਕਾਰਵਾਈ ਸ਼ੁਰੂ ਹੋ ਗਈ ਹੈ। ਬ੍ਰਿਟੇਨ ਵਿੱਚ ਲੇਬਰ ਪਾਰਟੀ ਦੇ ਸੱਤਾ ਵਿੱਚ ਆਉਣ ਤੋਂ ਬਾਅਦ ਤੋਂ ਲਗਭਗ 19,000 ਗੈਰ-ਕਾਨੂੰਨੀ ਪ੍ਰਵਾਸੀਆਂ ਅਤੇ ਅਪਰਾਧੀਆਂ ਨੂੰ ਦੇਸ਼ ਵਿੱਚੋਂ ਕੱਢ ਦਿੱਤਾ ਗਿਆ ਹੈ। ਬਰਤਾਨਵੀ ਸਰਕਾਰ ਵੱਲੋਂ ਇਨ੍ਹਾਂ ਲੋਕਾਂ ਨੂੰ ਡਿਪੋਰਟ ਕੀਤੇ ਜਾਣ ਦਾ ਵੀਡੀਓ ਵੀ ਜਾਰੀ ਕੀਤਾ ਗਿਆ ਹੈ। ਇਹ ਮੁਹਿੰਮ ਪੂਰੇ ਦੇਸ਼ &lsquoਚ ਗੈਰ-ਕਾਨੂੰਨੀ ਪ੍ਰਵਾਸੀਆਂ ਖਿਲਾਫ ਚਲਾਈ ਗਈ ਹੈ। ਇਸ ਦੇ ਲਈ ਛਾਪੇਮਾਰੀ ਕੀਤੀ ਗਈ ਹੈ, ਜਿਸ ਵਿਚ ਵੱਡੀ ਗਿਣਤੀ ਵਿਚ ਗੈਰ-ਕਾਨੂੰਨੀ ਪ੍ਰਵਾਸੀ ਮਿਲੇ ਹਨ। ਇਨ੍ਹਾਂ ਲੋਕਾਂ ਨੂੰ ਦੇਸ਼ ਨਿਕਾਲਾ ਦਿੱਤਾ ਗਿਆ ਹੈ। ਇਸ ਕਾਰਵਾਈ ਤਹਿਤ ਭਾਰਤੀ ਰੈਸਟੋਰੈਂਟਾਂ, ਨੇਲ ਬਾਰਾਂ, ਸਟੋਰਾਂ ਅਤੇ ਕਾਰ ਵਾਸ਼ਾਂ &lsquoਤੇ ਛਾਪੇਮਾਰੀ ਕੀਤੀ ਗਈ ਹੈ। ਵੱਡੀ ਗਿਣਤੀ &lsquoਚ ਗੈਰ-ਕਾਨੂੰਨੀ ਪ੍ਰਵਾਸੀਆਂ ਨੂੰ ਨੌਕਰੀ &lsquoਤੇ ਰੱਖੇ ਜਾਣ ਦੀਆਂ ਸ਼ਿਕਾਇਤਾਂ ਮਿਲੀਆਂ ਸਨ। ਬ੍ਰਿਟਿਸ਼ ਗ੍ਰਹਿ ਮੰਤਰੀ ਵਿਅਟ ਕੂਪਰ ਨੇ ਕਿਹਾ ਕਿ ਉਨ੍ਹਾਂ ਦੇ ਵਿਭਾਗ ਨੇ ਜਨਵਰੀ ਵਿੱਚ ਵੱਡੇ ਪੱਧਰ &lsquoਤੇ ਛਾਪੇਮਾਰੀ ਕੀਤੀ ਸੀ। ਉਨ੍ਹਾਂ ਕਿਹਾ ਕਿ ਜਦੋਂ ਤੋਂ ਸਾਡੀ ਸਰਕਾਰ ਸੱਤਾ ਵਿੱਚ ਆਈ ਹੈ, ਕੁੱਲ 19,000 ਲੋਕਾਂ ਨੂੰ ਦੇਸ਼ ਨਿਕਾਲਾ ਦਿੱਤਾ ਗਿਆ ਹੈ। ਇਕੱਲੇ ਜਨਵਰੀ ਮਹੀਨੇ ਵਿਚ ਹੀ 828 ਟਿਕਾਣਿਆਂ &lsquoਤੇ ਛਾਪੇਮਾਰੀ ਕੀਤੀ ਗਈ ਅਤੇ 609 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ।
ਇਹ ਗਿਣਤੀ ਪਿਛਲੇ ਸਾਲ ਜਨਵਰੀ ਦੇ ਮੁਕਾਬਲੇ 73 ਫੀਸਦੀ ਵੱਧ ਸੀ। ਇਕੱਲੇ ਹੰਬਰਸਾਈਡ ਵਿਚ ਸਥਿਤ ਇਕ ਭਾਰਤੀ ਰੈਸਟੋਰੈਂਟ ਵਿਚ ਛਾਪੇਮਾਰੀ ਵਿਚ 7 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ। ਇਸ ਤੋਂ ਇਲਾਵਾ 4 ਨੂੰ ਹਿਰਾਸਤ ਵਿਚ ਲਿਆ ਗਿਆ ਹੈ। ਇਸ ਤੋਂ ਇਲਾਵਾ ਬਰਤਾਨਵੀ ਸੰਸਦ ਵਿੱਚ ਇੱਕ ਨਵਾਂ ਬਿੱਲ ਵੀ ਪੇਸ਼ ਕੀਤਾ ਗਿਆ ਹੈ। ਇਸ ਬਿੱਲ ਵਿੱਚ ਸਰਹੱਦੀ ਸੁਰੱਖਿਆ, ਸ਼ਰਣ ਅਤੇ ਗੈਰ-ਕਾਨੂੰਨੀ ਪ੍ਰਵਾਸੀਆਂ ਨੂੰ ਕੱਢਣ ਦਾ ਪ੍ਰਸਤਾਵ ਹੈ। ਬ੍ਰਿਟੇਨ ਦੇ ਸੰਸਦ ਮੈਂਬਰਾਂ ਦਾ ਕਹਿਣਾ ਹੈ ਕਿ ਇਸ ਬਿੱਲ ਨੂੰ ਲਿਆਉਣ ਨਾਲ ਵੱਡੀ ਗਿਣਤੀ &lsquoਚ ਅਪਰਾਧਿਕ ਗਰੋਹਾਂ ਨੂੰ ਖਤਮ ਕਰਨ &lsquoਚ ਮਦਦ ਮਿਲੇਗੀ।


ਕਿਸਾਨ ਆਗੂ ਬਲਦੇਵ ਸਿਰਸਾ ਨੂੰ ਦਿਲ ਦਾ ਦੌਰਾ ਪਿਆ
ਖਨੌਰੀ ਮੋਰਚੇ 'ਚ ਕਿਸਾਨ ਆਗੂ ਬਲਦੇਵ ਸਿੰਘ ਸਿਰਸਾ ਨੂੰ ਦਿਲ ਦਾ ਦੌਰਾ ਪੈਣ ਤੋਂ ਬਾਅਦ ਰਾਜਿੰਦਰਾ ਹਸਪਤਾਲ 'ਚ ਦਾਖਲ ਕਰਵਾਇਆ ਗਿਆ। ਇਹ ਘਟਨਾ ਅੱਜ ਕਿਸਾਨ ਅੰਦੋਲਨ 2.0 ਦੀ ਪਹਿਲੀ ਵਰ੍ਹੇਗੰਢ 'ਤੇ ਵਾਪਰੀ, ਜਿਸ ਵਿੱਚ ਫਸਲਾਂ ਦੇ ਘੱਟੋ-ਘੱਟ ਸਮਰਥਨ ਮੁੱਲ ਦੀ ਕਾਨੂੰਨੀ ਗਰੰਟੀ ਸਮੇਤ 13 ਮੰਗਾਂ ਸ਼ਾਮਲ ਹਨ। ਇਸ ਮੌਕੇ 'ਤੇ ਖਨੌਰੀ ਸਰਹੱਦ 'ਤੇ ਕਿਸਾਨ ਮਹਾਂਪੰਚਾਇਤ ਸ਼ੁਰੂ ਹੋ ਗਈ ਹੈ। ਇਸ ਦੇ ਨਾਲ ਹੀ, ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ, ਜੋ 78 ਦਿਨਾਂ ਤੋਂ ਭੁੱਖ ਹੜਤਾਲ 'ਤੇ ਹਨ, ਲਗਭਗ 4 ਵਜੇ ਜਨਤਾ ਨੂੰ ਸੰਦੇਸ਼ ਦੇਣਗੇ, ਪਰ ਖਰਾਬ ਸਿਹਤ ਕਾਰਨ, ਉਹ ਸਟੇਜ 'ਤੇ ਨਹੀਂ ਆਉਣਗੇ। ਇਸ ਦੌਰਾਨ ਸੜਕ ਹਾਦਸੇ ਵਿੱਚ ਜ਼ਖਮੀ ਹੋਏ ਕਿਸਾਨ ਚਰਨਜੀਤ ਸਿੰਘ ਕਾਲਾ ਦੀ ਪੀਜੀਆਈ ਵਿੱਚ ਇਲਾਜ ਦੌਰਾਨ ਮੌਤ ਹੋ ਗਈ। ਸ਼ੰਭੂ ਅਤੇ ਖਨੌਰੀ ਮੋਰਚੇ ਦੇ ਏਕਤਾ ਪ੍ਰਸਤਾਵ 'ਤੇ ਸੰਯੁਕਤ ਕਿਸਾਨ ਮੋਰਚਾ ਵੱਲੋਂ ਆਯੋਜਿਤ ਮੀਟਿੰਗ ਅੱਜ ਚੰਡੀਗੜ੍ਹ ਵਿੱਚ ਸ਼ੁਰੂ ਹੋ ਗਈ ਹੈ, ਪਰ ਖਨੌਰੀ ਮੋਰਚੇ ਦੇ ਕਿਸਾਨ ਆਗੂਆਂ ਨੇ ਇਸ ਮੀਟਿੰਗ ਵਿੱਚ ਸ਼ਾਮਲ ਹੋਣ ਤੋਂ ਇਨਕਾਰ ਕਰ ਦਿੱਤਾ ਹੈ।

ਗਿਆਨੀ ਹਰਪ੍ਰੀਤ ਸਿੰਘ ਖਿਲਾਫ ਜਾਂਚ ਰਿਪੋਰਟ ਜਨਤਕ ਹੋਈ
ਐਸਜੀਪੀਸੀ ਦੀ ਐਗਜੈਕਟਿਵ ਮੀਟਿੰਗ ਬੀਤੇ ਦਿਨੀ ਹੋਈ ਸੀ, ਉਹਦੇ ਵਿੱਚ ਤਿੰਨ ਮੈਂਬਰੀ ਕਮੇਟੀ ਜਿਹੜੀ ਹੈ, ਜਿਹਦੇ ਵਿੱਚ ਐਸਜੀਪੀਸੀ ਦੇ ਸੀਨੀਅਰ ਮੀਤ ਪ੍ਰਧਾਨ ਰਘੂਜੀਤ ਸਿੰਘ ਵਿਰਕ ਤੇ ਜੂਨੀਅਰ ਮੀਤ ਪ੍ਰਧਾਨ ਬਲਦੇਵ ਸਿੰਘ ਕਲਿਆਣ ਤੇ ਸੇਰ ਸਿੰਘ ਮੰਡਵਾਲਾ ਜਨਰਲ ਸਕੱਤਰ ਇਹਨਾਂ ਨੇ ਰਿਪੋਰਟ ਕੱਲ ਜਿਹੜੀ ਜਾਂਚ ਰਿਪੋਰਟ ਕੱਲ ਦੀ ਐਗਜੈਕਟਿਵਿਟੀ ਉਹ ਅੱਜ ਜਨਤਕ ਹੋਈ ਹੈ। ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਜੀ ਤਖਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ, ਬਠਿੰਡਾ ਦੇ ਵਿਰੁੱਧ ਪੁੱਜੀ ਸ਼ਿਕਾਇਤ ਦੇ ਸਬੰਧ ਵਿੱਚ ਅੰਤ੍ਰਿੰਗ ਕਮੇਟ ਦੇ ਮਤਾ ਨੰ: 86. ਮਿਤੀ 19-12-2024 ਰਾਹੀਂ ਗਣਿਤ ਸਬ ਕਮੇਟੀ ਵੱਲੋਂ ਸਾਰਾ ਕੇਸ ਵਿਚਾਰ ਕੇ ਜਥੇਦਾਰ ਸਾਹਿਬ ਦੇ ਵਿਰੁੱਧ ਜੋ ਗੁਰਪ੍ਰੀਤ ਸਿੰਘ ਮੁਕਤਸਰ ਸਾਹਿਬ ਵੱਲੋਂ ਇਲਸਾਮ ਲਗਾਏ ਗਏ ਸਨ, ਉਹਨਾਂ ਇਲਜਾਮਾ ਬਾਰੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਪੰਜ ਪਿਆਰਿਆਂ ਦੀ ਹਾਜਰੀ ਵਿੱਚ ਤਖਤ ਸ੍ਰੀ ਦਮਦਮਾ ਸਾਹਿਬ ਦੀ ਫਸੀਲ ਤੋਂ ਆਪਣਾ ਸਪੱਸ਼ਟੀਕਰਨ ਦਿੱਤਾ ਸੀ, ਸਬੰਧੀ ਪੰਜ ਪਿਆਰਿਆਂ (ਭਾਈ ਗੁਰਵਿੰਦਰ ਸਿੰਘ, ਭਾਈ ਹਰਜੀਤ ਸਿੰਘ, ਭਾਈ ਅਮਨਦੀਪ ਸਿੰਘ, ਭਾਈ ਗੁਰਪ੍ਰੀਤ ਸਿੰਘ ਅਤੇ ਭਾਈ ਗੁਰਪ੍ਰੀਤ ਸਿੰਘ) ਨੂੰ ਗੁਰਦੁਆਰਾ ਬਾਬਾ ਬੀਰ ਸਿੰਘ ਬਾਬਾ ਧੀਰ ਸਿੰਘ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜੂਰੀ ਵਿਚ ਮਿਲ ਕੇ ਦਿੱਤੇ ਸਪੱਸ਼ਟੀਕਰਨ ਬਾਰੇ ਵਿਚਾਰਾਂ ਕੀਤੀਆਂ।ਪੰਜ ਪਿਆਰੇ ਸਾਹਿਬਾਨਾ ਵੱਲੋਂ ਆਪਣੀ ਲਿਖਤ ਵਿਚ ਲਿਖਿਆ ਹੈ ਕਿ ਸਿੰਘ ਸਾਹਿਬ ਵਲੋਂ ਸਾਨੂੰ ਮਿਤੀ 18-12-2024 ਨੂੰ ਤਖਤ ਸਾਹਿਬ ਵਿਖੇ ਆਪਣੀ ਰਿਹਾਇਸ਼ ਪੁਰ ਬੁਲਾਇਆ ਗਿਆ। ਅਸੀਂ ਸਿੰਘ ਸਾਹਿਬ ਨੂੰ ਕਾਰਨ ਪੁੱਛਿਆ ਤਾਂ ਉਹਨਾਂ ਕਿਹਾ ਕਿ ਆਪਾਂ ਤਖਤ ਸਾਹਿਬ 'ਤੇ ਜਾਣਾ ਹੈ।ਤਖਤ ਸਾਹਿਬ 'ਤੇ ਪੁੱਜ ਕੇ ਸਿੰਘ ਸਾਹਿਬ ਨੇ ਗੁਪਤ ਸ਼ਬਦਾਂ ਵਿੱਚ ਅਰਦਾਸ ਕੀਤੀ ਅਤੇ ਆਪਣਾ ਨਿੱਜੀ ਸਪੱਸ਼ਟੀਕਰਨ ਦੇਣਾ ਸ਼ੁਰੂ ਕੀਤਾ, ਸਾਨੂੰ ਵੀ ਖੜੇ ਹੋਣ ਦਾ ਇਸ਼ਾਰਾ ਕੀਤਾ ਤਾਂ ਅਸੀਂ ਵੀ ਖੜੇ ਹੋ ਗਏ। ਪੰਜ ਪਿਆਰਿਆਂ ਨੇ ਇਹ ਵੀ ਲਿਖਿਆ ਹੈ ਕਿ ਸਿੰਘ ਸਾਹਿਬ ਜੀ ਨੇ ਜੋ ਆਪਣਾ ਨਿੱਜੀ ਵਿਚਾਰ/ਸਪੱਸ਼ਟੀਕਰਨ ਦਿੱਤਾ ਹੈ ਇਸ ਤਰਾਂ ਦੇਣਾ ਤਖਤ ਸਾਹਿਬ ਵਿਖੇ ਉਚਿੱਤ ਨਹੀਂ ਸੀ।

ਟਰੰਪ ਨੇ ਕੀਤਾ ਵੱਡਾ ਐਲਾਨ, ਸਟੀਲ ਤੇ ਐਲੂਮੀਨੀਅਮ ਦੀ ਦਰਾਮਦ &lsquoਤੇ ਲਗਾਇਆ ਜਾਵੇਗਾ 25 ਫ਼ੀਸਦੀ ਟੈਰਿਫ਼
ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇਕ ਹੋਰ ਵੱਡਾ ਐਲਾਨ ਕੀਤਾ ਹੈ। ਅਮਰੀਕਾ ਵਿਚ ਸਾਰੇ ਸਟੀਲ ਤੇ ਐਲੂਮੀਨੀਅਮ ਦਰਾਮਦਾਂ &lsquoਤੇ 25 ਫੀਸਦੀ ਟੈਰਿਫ ਲਗਾਇਆ ਜਾਵੇਗਾ। ਟਰੰਪ ਨੇ ਕਿਹਾ ਕਿ ਇਹ ਉਨ੍ਹਾਂ ਦੀ ਟ੍ਰੇਡ ਪਾਲਿਸੀ ਵਿਚ ਇਕ ਵੱਡਾ ਕਦਮ ਹੋਵੇਗਾ। ਟਰੰਪ ਨੇ ਕਿਹਾ ਕਿ ਇਹ ਟੈਰਿਫ ਤਤਕਾਲ ਪ੍ਰਭਾਵ ਨਾਲ ਲਾਗੂ ਹੋਵੇਗਾ। ਟਰੰਪ ਨੇ ਕਿਹਾ ਕਿ ਅਮਰੀਕਾ ਉਨ੍ਹਾਂ ਦੇਸ਼ਾਂ ਵੱਲੋਂ ਲਗਾਏ ਗਏ ਟੈਰਿਫ ਦਰਾਂ ਦਾ ਮਿਲਾਨ ਕਰੇਗਾ ਤੇ ਇਹ ਸਾਰੇ ਦੇਸ਼ਾਂ &lsquoਤੇ ਲਾਗੂ ਹੋਵੇਗਾ। ਆਪਣੇ ਪਹਿਲੇ ਕਾਰਜਕਾਲ ਦੌਰਾਨ ਟਰੰਪ ਨੇ ਸਟੀਲ &lsquoਤੇ 25 ਫੀਸਦੀ ਤੇ ਐਲੂਮੀਨੀਅਮ &lsquoਤੇ 10 ਫੀਸਦੀ ਟੈਰਿਫ ਲਗਾਇਆ ਸੀ ਪਰ ਬਾਅਦ ਵਿਚ ਕਈ ਵਪਾਰਕ ਸਾਂਝੇਦਾਰੀਆਂ ਨੂੰ ਰਾਹਤ ਦਿੱਤੀ ਸੀ ਜਿਸ ਵਿਚ ਕੈਨੇਡਾ, ਮੈਕਸੀਕੋ ਤੇ ਬ੍ਰਾਜ਼ੀਲ ਸ਼ਾਮਲ ਸਨ। ਸਰਕਾਰੀ ਤੇ ਅਮਰੀਕਨ ਆਇਰਨ ਤੇ ਸਟੀਲ ਸੰਸਥਾਵਾਂ ਦੇ ਅੰਕੜਿਆਂ ਮੁਤਾਬਕ ਅਮਰੀਕਾ ਦੇ ਸਟੀਲ ਦਰਾਮਦਾਂ ਦੇ ਸਭ ਤੋਂ ਵੱਡੇ ਸਰੋਤ ਕੈਨੇਡਾ, ਬ੍ਰਾਜ਼ੀਲ ਤੇ ਮੈਕਸੀਕੋ ਹਨ। ਇਸ ਦੇ ਬਾਅਦ ਦੱਖਣ ਕੋਰੀਆ ਤੇ ਵੀਅਤਨਾਮ ਦਾ ਨੰਬਰ ਆਉਂਦਾ ਹੈ।ਕੈਨੇਡਾ ਅਮਰੀਕਾ ਨੂੰ ਐਲੂਮੀਨੀਅਮ ਦਾ ਸਭ ਤੋਂ ਵੱਡਾ ਸਪਲਾਇਰ ਹੈ ਜੋ 2024 ਦੇ ਪਹਿਲੇ 11 ਮਹੀਨਿਆਂ ਵਿਚ ਕੁੱਲ ਦਰਾਮਦ ਦਾ 79 ਫੀਸਦੀ ਹੈ। ਮੈਕਸੀਕੋ ਐਲੂਮੀਨੀਅਮ ਸਕ੍ਰੈਪ ਤੇ ਐਲੂਮੀਨੀਅਮ ਮਿਸ਼ਰ ਧਾਤੂ ਦਾ ਮੁੱਖ ਸਪਲਾਇਰ ਹੈ।ਦੱਸ ਦੇਈਏ ਕਿ ਟਰੰਪ ਨੇ ਮੈਕਸੀਕੋ ਤੇ ਕੈਨੇਡਾ ਤੋਂ ਆਉਣ ਵਾਲੇ ਸਾਮਾਨਾਂ &lsquoਤੇ 25 ਫੀਸਦੀ ਤੇ ਚੀਨ ਤੋਂ ਇੰਪੋਰਟ &lsquoਤੇ 10 ਫੀਸਦੀ ਦਾ ਟੈਰਿਫ ਲਗਾਉਣ ਵਾਲੇ ਇਕ ਹੁਕਮ &lsquoਤੇ ਹਸਤਾਖਰ ਕੀਤੇ ਹਨ। ਇਸ ਨਾਲ ਟ੍ਰੇਡ ਵਾਰ ਛਿੜਨ ਦਾ ਖਤਰਾ ਹੈ ਜੋ ਸਾਲਾਨਾ 2.1 ਟ੍ਰਿਲੀਅਨ ਡਾਲਰ ਤੋਂ ਵਧ ਦੇ ਵਪਾਰ ਨੂੰ ਬਾਧਿਤ ਕਰ ਸਕਦਾ ਹੈ। ਹਾਲਾਂਕਿ ਟਰੰਪ ਨੇ ਕੈਨੇਡਾ ਤੇ ਮੈਕਸੀਕੋ ਨੂੰ ਥੋੜ੍ਹੇ ਸਮੇਂ ਦੀ ਮੌਹਲਤ ਵੀ ਦਿੱਤੀ ਹੈ।


ਐਲੋਨ ਮਸਕ ਨੇ ਅਮਰੀਕਾ ਦੇ ਦੀਵਾਲੀਆ ਹੋਣ ਦੀ ਚੇਤਾਵਨੀ ਦਿੱਤੀ

ਐਲੋਨ ਮਸਕ ਨੇ ਅਮਰੀਕਾ ਦੇ ਦੀਵਾਲੀਆ ਹੋਣ ਦੀ ਚੇਤਾਵਨੀ ਦਿੱਤੀ ਹੈ, ਜਿਸ ਨਾਲ ਟਰੰਪ ਦਾ ਤਣਾਅ ਵਧ ਗਿਆ ਹੈ। ਮਸਕ ਨੇ ਕਿਹਾ ਕਿ ਜੇ ਅਮਰੀਕਾ ਨੇ ਆਪਣਾ ਬਜਟ ਨਾ ਘਟਾਇਆ ਤਾਂ ਦੇਸ਼ ਦੀਵਾਲੀਆ ਹੋ ਸਕਦਾ ਹੈ। ਮਸਕ ਨੇ ਖਾਸ ਤੌਰ 'ਤੇ ਦੇਸ਼ ਦੇ ਵਧ ਰਹੇ ਬਜਟ ਘਾਟੇ ਬਾਰੇ ਚਿੰਤਾ ਪ੍ਰਗਟਾਈ, ਜੋ ਪਿਛਲੇ ਵਿੱਤੀ ਸਾਲ ਵਿੱਚ $1.8 ਟ੍ਰਿਲੀਅਨ ਤੱਕ ਪਹੁੰਚ ਗਿਆ ਸੀ। ਉਨ੍ਹਾਂ ਕਿਹਾ ਕਿ ਸੰਘੀ ਖਰਚਿਆਂ ਵਿੱਚ ਕਮੀ ਹੁਣ ਇੱਕ ਵਿਕਲਪ ਨਹੀਂ ਸਗੋਂ ਇੱਕ ਜ਼ਰੂਰਤ ਹੈ। ਪਰ ਟਰੰਪ ਪ੍ਰਸ਼ਾਸਨ ਦੀਆਂ ਇਹ ਸਖ਼ਤ ਵਿੱਤੀ ਨੀਤੀਆਂ ਕਾਨੂੰਨੀ ਵਿਵਾਦਾਂ ਵਿੱਚ ਉਲਝਦੀਆਂ ਜਾ ਰਹੀਆਂ ਹਨ।
ਟਰੰਪ ਨੇ ਹਾਲ ਹੀ ਦੇ ਹਫ਼ਤਿਆਂ ਵਿੱਚ ਸਰਕਾਰੀ ਖਰਚਿਆਂ ਨੂੰ ਘਟਾਉਣ ਦੇ ਉਦੇਸ਼ ਨਾਲ ਕਈ ਕਾਰਜਕਾਰੀ ਆਦੇਸ਼ ਜਾਰੀ ਕੀਤੇ ਹਨ। ਪਰ ਉਸਦੀਆਂ ਨੀਤੀਆਂ ਕਾਰਨ ਬਹੁਤ ਸਾਰੀਆਂ ਸੰਘੀ ਏਜੰਸੀਆਂ ਬੰਦ ਹੋ ਗਈਆਂ ਹਨ ਜਾਂ ਉਨ੍ਹਾਂ ਦੇ ਕਰਮਚਾਰੀਆਂ ਨੂੰ ਘਰ ਭੇਜ ਦਿੱਤਾ ਗਿਆ ਹੈ। ਨਤੀਜਾ ਇਹ ਹੋਇਆ ਕਿ ਇਨ੍ਹਾਂ ਫੈਸਲਿਆਂ ਨੂੰ ਅਮਰੀਕਾ ਦੀਆਂ ਕਈ ਅਦਾਲਤਾਂ ਵਿੱਚ ਚੁਣੌਤੀ ਦਿੱਤੀ ਗਈ। ਵਿਰੋਧੀ ਆਗੂਆਂ ਅਤੇ ਕਈ ਸਮਾਜਿਕ ਸੰਗਠਨਾਂ ਨੇ ਇਸਨੂੰ ਸੱਤਾ ਦੀ ਗੈਰ-ਕਾਨੂੰਨੀ ਦੁਰਵਰਤੋਂ ਕਰਾਰ ਦਿੱਤਾ ਹੈ ਅਤੇ ਟਰੰਪ ਪ੍ਰਸ਼ਾਸਨ ਵਿਰੁੱਧ ਮਾਮਲੇ ਦਰਜ ਕਰਵਾਏ ਹਨ। ਮਸਕ 'ਤੇ ਵੀ ਸਵਾਲ ਉਠਾਏ ਗਏ ਸਨ, ਅਤੇ ਉਨ੍ਹਾਂ 'ਤੇ ਹਿੱਤਾਂ ਦੇ ਟਕਰਾਅ ਦਾ ਵੀ ਦੋਸ਼ ਲਗਾਇਆ ਜਾ ਰਿਹਾ ਹੈ, ਕਿਉਂਕਿ ਉਹ ਸਪੇਸਐਕਸ ਅਤੇ ਟੇਸਲਾ ਦੇ ਸੀਈਓ ਵੀ ਹਨ, ਜਿਨ੍ਹਾਂ ਦੇ ਅਮਰੀਕੀ ਸਰਕਾਰ ਨਾਲ ਕਈ ਵੱਡੇ ਸਮਝੌਤੇ ਹਨ। ਮੰਗਲਵਾਰ ਨੂੰ ਇਸ ਬਾਰੇ ਪੁੱਛੇ ਜਾਣ 'ਤੇ, ਮਸਕ ਨੇ ਕਿਹਾ ਕਿ ਉਹ ਪੂਰੀ ਪਾਰਦਰਸ਼ਤਾ ਬਣਾਈ ਰੱਖਣ ਦੀ ਕੋਸ਼ਿਸ਼ ਕਰ ਰਹੇ ਹਨ। ਧੌਘਓ ਟੀਮ ਦੇ ਇੱਕ ਹੋਰ ਫੈਸਲੇ ਨੇ ਆਲੋਚਕਾਂ ਵਿੱਚ ਚਿੰਤਾਵਾਂ ਵਧਾ ਦਿੱਤੀਆਂ ਹਨ। ਰਿਪੋਰਟਾਂ ਅਨੁਸਾਰ, ਇਸ ਏਜੰਸੀ ਨੇ ਅਮਰੀਕੀ ਖਜ਼ਾਨਾ ਵਿਭਾਗ ਰਾਹੀਂ ਲੱਖਾਂ ਅਮਰੀਕੀ ਨਾਗਰਿਕਾਂ ਦੀ ਨਿੱਜੀ ਅਤੇ ਵਿੱਤੀ ਜਾਣਕਾਰੀ ਤੱਕ ਪਹੁੰਚ ਪ੍ਰਾਪਤ ਕੀਤੀ ਹੈ। ਇਸ ਖੁਲਾਸੇ ਤੋਂ ਬਾਅਦ, ਕਈ ਸੰਸਦ ਮੈਂਬਰਾਂ ਅਤੇ ਮਨੁੱਖੀ ਅਧਿਕਾਰ ਸੰਗਠਨਾਂ ਨੇ ਇਸ 'ਤੇ ਸਖ਼ਤ ਇਤਰਾਜ਼ ਜਤਾਇਆ ਹੈ। ਇਸ ਵੇਲੇ ਇਸ ਮੁੱਦੇ 'ਤੇ ਟਰੰਪ ਪ੍ਰਸ਼ਾਸਨ ਅਤੇ ਅਮਰੀਕੀ ਅਦਾਲਤਾਂ ਵਿਚਕਾਰ ਸਿੱਧਾ ਟਕਰਾਅ ਦੇਖਿਆ ਜਾ ਰਿਹਾ ਹੈ। ਹੁਣ ਇਹ ਦੇਖਣਾ ਦਿਲਚਸਪ ਹੋਵੇਗਾ ਕਿ ਕੀ ਟਰੰਪ ਅਤੇ ਮਸਕ ਦੀਆਂ ਕਟੌਤੀ ਯੋਜਨਾਵਾਂ ਕਾਨੂੰਨੀ ਚੁਣੌਤੀਆਂ ਨੂੰ ਪਾਰ ਕਰਨ ਦੇ ਯੋਗ ਹੋਣਗੀਆਂ ਜਾਂ ਉਨ੍ਹਾਂ ਨੂੰ ਅਦਾਲਤਾਂ ਵੱਲੋਂ ਝਟਕਾ ਲੱਗੇਗਾ।

1984 ਸਿੱਖ ਦੰਗੇ: ਸੱਜਣ ਕੁਮਾਰ ਦੋਸ਼ੀ ਕਰਾਰ
ਨਵੀਂ ਦਿੱਲੀ- ਦਿੱਲੀ ਦੀ ਇੱਕ ਅਦਾਲਤ ਨੇ ਕਾਂਗਰਸ ਦੇ ਸਾਬਕਾ ਸੰਸਦ ਮੈਂਬਰ ਸੱਜਣ ਕੁਮਾਰ ਵਿਰੁੱਧ 1984 ਦੇ ਸਿੱਖ ਵਿਰੋਧੀ ਕਤਲੇਆਮ ਦੇ ਸਬੰਧੀ ਹੱਤਿਆ ਦੇ ਇੱਕ ਮਾਮਲੇ &rsquoਚ ਅੱਜ ਦੋਸ਼ੀ ਕਰਾਰ ਦਿੱਤਾ ਹੈ। ਇਸ ਤੋਂ ਪਹਿਲਾਂ ਵਿਸ਼ੇਸ਼ ਜੱਜ ਕਾਵੇਰੀ ਬਵੇਜਾ ਨੇ ਇਸ ਸਬੰਧੀ ਫੈਸਲਾ ਮੁਲਤਵੀ ਕਰ ਦਿੱਤਾ ਗਿਆ।
ਜ਼ਿਕਰਯੋਗ ਹੈ ਕਿ ਇਹ ਮਾਮਲਾ 1984 ਦੇ ਸਿੱਖ ਕਤਲੇਆਮ ਦੌਰਾਨ ਇੱਥੇ ਸਰਸਵਤੀ ਵਿਹਾਰ &rsquoਚ ਦੋ ਵਿਅਕਤੀਆਂ ਦੀ ਹੱਤਿਆ ਨਾਲ ਸਬੰਧਤ ਹੈ। 1 ਨਵੰਬਰ 1984 ਨੂੰ ਜਸਵੰਤ ਸਿੰਘ ਅਤੇ ਉਨ੍ਹਾਂ ਦੇ ਪੁੱਤਰ ਤਰੁਣਦੀਪ ਸਿੰਘ ਦੀ ਹੱਤਿਆ ਨਾਲ ਸਬੰਧਤ ਮਾਮਲੇ &rsquoਚ ਆਖਰੀ ਦਲੀਲਾਂ ਸੁਣਨ ਮਗਰੋਂ ਅਦਾਲਤ ਨੇ ਆਪਣਾ ਫ਼ੈਸਲਾ ਰਾਖਵਾਂ ਰੱਖ ਲਿਆ ਸੀ। ਹਾਲਾਂਕਿ ਸ਼ੁਰੂਆਤ &rsquoਚ ਕੇਸ ਪੰਜਾਬੀ ਬਾਗ਼ ਪੁਲੀਸ ਸਟੇਸ਼ਨ ਨੇ ਕੇਸ ਦਰਜ ਕੀਤਾ ਸੀ ਪਰ ਬਾਅਦ ਇੱਕ ਵਿਸ਼ੇਸ਼ ਜਾਂਚ ਟੀਮ ਨੇ ਜਾਂਚ ਆਪਣੇ ਹੱਥ ਲੈ ਲਈ ਸੀ। ਅਦਾਲਤ ਨੇ 16 ਦਸੰਬਰ ਨੂੰ 2021 ਨੂੰ ਸੱਜਣ ਕੁਮਾਰ iਖ਼ਲਾਫ਼ ਦੋਸ਼ ਤੈਅ ਕੀਤੇ ਸਨ।

ਮੋਦੀ ਦੇ ਜਹਾਜ਼ 'ਤੇ ਅੱਤਵਾਦੀ ਹਮਲੇ ਦਾ ਖ਼ਤਰਾ, ਮਿਲੀ ਧਮਕੀ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਜਹਾਜ਼ 'ਤੇ ਅੱਤਵਾਦੀ ਹਮਲੇ ਦੀ ਧਮਕੀ ਮਿਲੀ, ਜਿਸ ਤੋਂ ਬਾਅਦ ਮੁੰਬਈ ਪੁਲਿਸ ਨੇ ਤੁਰੰਤ ਕਾਰਵਾਈ ਕੀਤੀ। 11 ਫਰਵਰੀ, 2025 ਨੂੰ ਮੁੰਬਈ ਪੁਲਿਸ ਕੰਟਰੋਲ ਰੂਮ ਨੂੰ ਇੱਕ ਅਣਪਛਾਤੇ ਵਿਅਕਤੀ ਦਾ ਫੋਨ ਆਇਆ, ਜਿਸ ਵਿੱਚ ਦਾਅਵਾ ਕੀਤਾ ਗਿਆ ਸੀ ਕਿ ਅੱਤਵਾਦੀ ਪ੍ਰਧਾਨ ਮੰਤਰੀ ਮੋਦੀ ਦੇ ਜਹਾਜ਼ 'ਤੇ ਹਮਲਾ ਕਰ ਸਕਦੇ ਹਨ, ਕਿਉਂਕਿ ਉਹ ਇੱਕ ਅਧਿਕਾਰਤ ਵਿਦੇਸ਼ੀ ਦੌਰੇ 'ਤੇ ਹਨ। ਮੁੰਬਈ ਪੁਲਿਸ ਨੇ ਫ਼ੋਨ ਕਰਨ ਵਾਲੇ ਵਿਅਕਤੀ ਨੂੰ ਚੈਂਬੂਰ ਖੇਤਰ ਤੋਂ ਹਿਰਾਸਤ ਵਿੱਚ ਲੈ ਲਿਆ ਹੈ, ਅਤੇ ਪੁਲਿਸ ਅਨੁਸਾਰ ਉਹ ਮਾਨਸਿਕ ਤੌਰ 'ਤੇ ਬਿਮਾਰ ਹੈ। ਸੁਰੱਖਿਆ ਏਜੰਸੀਆਂ ਇਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰ ਰਹੀਆਂ ਹਨ ਅਤੇ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀਆਂ ਹਨ ਕਿ ਫੋਨ ਕਰਨ ਵਾਲੇ ਵਿਅਕਤੀ ਨੂੰ ਅੱਤਵਾਦੀ ਹਮਲੇ ਬਾਰੇ ਜਾਣਕਾਰੀ ਕਿੱਥੋਂ ਮਿਲੀ। ਏਜੰਸੀਆਂ ਦੋਸ਼ੀ ਦੇ ਫੋਨ ਨੂੰ ਟਰੇਸ ਕਰ ਰਹੀਆਂ ਹਨ। ਇਸ ਸਮੇਂ, ਪ੍ਰਧਾਨ ਮੰਤਰੀ ਮੋਦੀ ਫਰਾਂਸ ਅਤੇ ਅਮਰੀਕਾ ਦੇ ਦੌਰੇ 'ਤੇ ਹਨ। ਉਹ ਫਰਾਂਸ ਦੀ ਆਪਣੀ ਫੇਰੀ ਪੂਰੀ ਕਰਨ ਤੋਂ ਬਾਅਦ ਅਮਰੀਕਾ ਵਾਪਸ ਆ ਗਏ ਹਨ, ਜਿੱਥੇ ਪ੍ਰਧਾਨ ਮੰਤਰੀ ਮੋਦੀ 12 ਤੋਂ 14 ਫਰਵਰੀ ਤੱਕ ਰਹਿਣਗੇ। ਇਸ ਦੌਰਾਨ ਉਹ ਰਾਸ਼ਟਰਪਤੀ ਡੋਨਾਲਡ ਟਰੰਪ ਨਾਲ ਮੁਲਾਕਾਤ ਕਰਨਗੇ।

ਦਿੱਲੀ ਦੇ ਮੁੱਖ ਮੰਤਰੀ ਲਈ ਨਾਮ ਲਗਭਗ ਫਾਈਨਲ, ਸਹਿਮਤੀ ਬਣ ਗਈ
ਦਿੱਲੀ ਦੇ ਮੁੱਖ ਮੰਤਰੀ ਦੇ ਅਹੁਦੇ ਲਈ ਪਰਵੇਸ਼ ਵਰਮਾ ਦਾ ਨਾਂ ਲਗਭਗ ਫਾਈਨਲ ਹੋ ਗਿਆ ਹੈ। ਸੂਤਰਾਂ ਮੁਤਾਬਕ, ਪਰਵੇਸ਼ ਵਰਮਾ ਦੇ ਨਾਂ 'ਤੇ ਆਰ.ਐੱਸ.ਐੱਸ. ਅਤੇ ਭਾਜਪਾ ਵਿਚਾਲੇ ਸਹਿਮਤੀ ਬਣ ਗਈ ਹੈ ਅਤੇ ਸਹੁੰ ਚੁੱਕ ਸਮਾਗਮ ਪ੍ਰਧਾਨ ਮੰਤਰੀ ਮੋਦੀ ਦੇ ਅਮਰੀਕਾ ਦੌਰੇ ਤੋਂ ਵਾਪਸ ਆਉਣ ਤੋਂ ਬਾਅਦ ਹੋਵੇਗਾ। ਮੁੱਖ ਮੰਤਰੀ ਦੇ ਅਹੁਦੇ ਲਈ ਕਈ ਦਾਅਵੇਦਾਰ ਹਨ, ਪਰ ਸਭ ਤੋਂ ਮਜ਼ਬੂਤ ਦਾਅਵੇਦਾਰ ਪਰਵੇਸ਼ ਵਰਮਾ ਹਨ, ਜਿਨ੍ਹਾਂ ਨੇ ਨਵੀਂ ਦਿੱਲੀ ਤੋਂ ਅਰਵਿੰਦ ਕੇਜਰੀਵਾਲ ਨੂੰ ਹਰਾਇਆ ਹੈ। ਪਰਵੇਸ਼ ਵਰਮਾ ਤੋਂ ਇਲਾਵਾ, ਮੁਸਤਫਾਬਾਦ ਸੀਟ ਤੋਂ ਜਿੱਤਣ ਵਾਲੇ ਮੋਹਨ ਸਿੰਘ ਬਿਸ਼ਟ, ਵਿਜੇਂਦਰ ਗੁਪਤਾ, ਰੇਖਾ ਗੁਪਤਾ, ਆਸ਼ੀਸ਼ ਸੂਦ, ਸਤੀਸ਼ ਉਪਾਧਿਆਏ ਅਤੇ ਪਵਨ ਸ਼ਰਮਾ ਦੇ ਨਾਮ ਵੀ ਮੁੱਖ ਮੰਤਰੀ ਅਹੁਦੇ ਦੀ ਦੌੜ ਵਿੱਚ ਦੱਸੇ ਜਾ ਰਹੇ ਹਨ।
ਪਰਵੇਸ਼ ਵਰਮਾ, ਸਾਬਕਾ ਮੁੱਖ ਮੰਤਰੀ ਸਾਹਿਬ ਸਿੰਘ ਵਰਮਾ ਦੇ ਪੁੱਤਰ ਹਨ। ਉਨ੍ਹਾਂ ਦਾ ਜਨਮ 7 ਨਵੰਬਰ 1977 ਨੂੰ ਹੋਇਆ। ਉਨ੍ਹਾਂ ਨੇ ਦਿੱਲੀ ਪਬਲਿਕ ਸਕੂਲ, ਆਰ.ਕੇ. ਪੁਰਮ ਤੋਂ ਆਪਣੀ ਮੁੱਢਲੀ ਪੜ੍ਹਾਈ ਕੀਤੀ ਅਤੇ ਦਿੱਲੀ ਯੂਨੀਵਰਸਿਟੀ ਦੇ ਕਿਰੋੜੀ ਮਲ ਕਾਲਜ ਤੋਂ ਡਿਗਰੀ ਪ੍ਰਾਪਤ ਕੀਤੀ। ਉਨ੍ਹਾਂ ਨੇ ਫੋਰ ਸਕੂਲ ਆਫ਼ ਮੈਨੇਜਮੈਂਟ ਤੋਂ ਮਾਸਟਰਜ਼ ਆਫ਼ ਬਿਜ਼ਨਸ ਐਡਮਿਨਿਸਟ੍ਰੇਸ਼ਨ (ਐਮ.ਬੀ.ਏ.) ਦੀ ਡਿਗਰੀ ਵੀ ਹਾਸਲ ਕੀਤੀ ਹੈ। ਇਸ ਤੋਂ ਪਹਿਲਾਂ, ਦਿੱਲੀ ਵਿਧਾਨ ਸਭਾ ਚੋਣਾਂ ਵਿੱਚ ਭਾਜਪਾ ਨੂੰ 48 ਸੀਟਾਂ ਮਿਲਣ ਤੋਂ ਬਾਅਦ, ਅਗਲੇ ਮੁੱਖ ਮੰਤਰੀ ਦੇ ਚਿਹਰੇ 'ਤੇ ਸਭ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਸਨ। ਭਾਜਪਾ ਕੋਲ ਕਈ ਨਾਮੀ ਹਸਤੀਆਂ ਹਨ, ਜਿਸ ਕਰਕੇ ਇਸ ਅਹੁਦੇ ਲਈ ਕਿਸੇ ਸਹੀ ਵਿਅਕਤੀ ਦੀ ਚੋਣ ਕਰਨੀ ਥੋੜ੍ਹਾ ਮੁਸ਼ਕਲ ਹੋ ਸਕਦਾ ਹੈ। ਚੁਣੇ ਜਾਣ ਵਾਲੇ ਆਗੂ ਲਈ ਸਭ ਤੋਂ ਪਹਿਲੀ ਚੁਣੌਤੀ ਪਾਰਟੀ ਵੱਲੋਂ ਕੀਤੇ ਗਏ ਚੋਣ ਵਾਅਦਿਆਂ ਨੂੰ ਪੂਰਾ ਕਰਨਾ ਹੋਵੇਗਾ, ਜਿਸ ਵਿੱਚ ਸਿੱਖਿਆ, ਸਿਹਤ ਸੰਭਾਲ ਅਤੇ ਬੁਨਿਆਦੀ ਢਾਂਚੇ ਵਿੱਚ ਸੁਧਾਰ ਕਰਨਾ ਸ਼ਾਮਲ ਹੈ। ਦਿੱਲੀ 'ਚ 27 ਸਾਲਾਂ ਬਾਅਦ ਭਾਜਪਾ ਦੀ ਵਾਪਸੀ ਹੋਈ ਹੈ। ਇਸ ਵਾਰ ਦਿੱਲੀ ਵਿਧਾਨ ਸਭਾ ਚੋਣਾਂ ਵਿੱਚ ਆਮ ਆਦਮੀ ਪਾਰਟੀ (ਆਪ) ਦੀ ਹਾਰ ਹੋਈ ਹੈ। ਪਾਰਟੀ ਪ੍ਰਧਾਨ ਅਤੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ, ਸਾਬਕਾ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ, ਸਾਬਕਾ ਮੰਤਰੀ ਸੌਰਭ ਭਾਰਦਵਾਜ ਅਤੇ ਹੋਰ ਕਈ ਵੱਡੇ ਨੇਤਾ ਹਾਰ ਗਏ ਹਨ।

ਕੈਨੇਡਾ &rsquoਚ ਸੰਸਦ ਮੈਂਬਰ ਰੂਬੀ ਡੱਲਾ ਨੇ ਕੀਤਾ ਐਲਾਨ, ਕਿਹਾ- ਪ੍ਰਧਾਨ ਮੰਤਰੀ ਬਣੀ ਤਾਂ ਨਾਜਾਇਜ਼ ਪਰਵਾਸੀਆਂ ਨੂੰ ਦੇਸ਼ ਤੋਂ ਬਾਹਰ ਕੱਢ ਦੇਵਾਂਗੀ
ਟੋਰਾਂਟੋ : ਕੈਨੇਡਾ &rsquoਚ ਭਾਰਤੀ ਮੂਲ ਦੀ ਤਿੰਨ ਵਾਰ ਦੀ ਸੰਸਦ ਮੈਂਬਰ ਰੂਬੀ ਡੱਲਾ ਨੇ ਐਲਾਨ ਕੀਤਾ ਹੈ ਕਿ ਜੇਕਰ ਉਹ ਪ੍ਰਧਾਨ ਮੰਤਰੀ ਬਣੀ ਤਾਂ ਨਾਜਾਇਜ਼ ਪਰਵਾਸੀਆਂ ਨੂੰ ਦੇਸ਼ ਤੋਂ ਬਾਹਰ ਕੱਢ ਦੇਵੇਗੀ। ਲਿਬਰਲ ਪਾਰਟੀ ਦੀ ਆਗੂ ਡੱਲਾ ਨੇ ਕਿਹਾ ਕਿ ਇਸ ਸਮੇਂ ਦੇਸ਼ &rsquoਚ ਕਰੀਬ ਪੰਜ ਲੱਖ ਨਾਜਾਇਜ਼ ਪਰਵਾਸੀ ਰਹਿ ਰਹੇ ਹਨ। ਇਹ ਪ੍ਰ੍ਹਾਨ ਨਹੀਂ ਕੀਤੇ ਜਾ ਸਕਦੇ। ਉਨ੍ਹਾਂ ਕਿਹਾ ਕਿ ਪਰਵਾਸੀ ਮਾਤਾ-ਪਿਤਾ ਦੀ ਧੀ ਹੋਣ ਕਾਰਨ ਮੈਨੂੰ ਪਤਾ ਹੈ ਕਿ ਦੇਸ਼ ਦੇ ਵਿਕਾਸ &rsquoਚ ਪਰਵਾਸੀਆਂ ਦਾ ਵੱਡਾ ਯੋਗਦਾਨ ਹੈ। ਜ਼ਿਕਰਯੋਗ ਹੈ ਕਿ ਉਨ੍ਹਾਂ ਦੇ ਮਾਤਾ ਪਰਵਾਸੀ ਪੰਜਾਬੀ ਹਨ। ਇਕ ਹੋਰ ਪੋਸਟ &rsquoਚ ਉਨ੍ਹਾਂ ਕਿਹਾ ਕਿ ਕੈਨੇਡਾ ਦੇ ਲੋਕ ਨਹੀਂ ਚਾਹੁੰਦੇ ਕਿ ਪ੍ਰਧਾਨ ਮੰਤਰੀ ਟਰੂਡੋ ਦੁਬਾਰਾ ਸੱਤਾ &rsquoਚ ਆਉਣ। ਜੇਕਰ ਅਸੀਂ ਕੰਜ਼ਰਵੇਟਿਵ ਪਾਰਟੀ ਨੂੰ ਹਰਾਉਣ ਜਾ ਰਹੇ ਹਾਂ ਤਾਂ ਸਾਨੂੰ ਬਦਲਾਅ ਵੀ ਚਾਹੀਦਾ ਹੈ।

ਗਿਆਨੀ ਹਰਪ੍ਰੀਤ ਸਿੰਘ ਨੇ ਸੁਖਬੀਰ ਨੂੰ ਸੁਣਾਈਆਂ ਖ਼ਰੀਆਂ-ਖ਼ਰੀਆਂ
ਫਰੀਦਕੋਟ- ਅਕਾਲ ਤਖ਼ਤ ਅਤੇ ਤਖ਼ਤ ਦਮਦਮਾ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਉਪਰ ਗੰਭੀਰ ਇਲਜ਼ਾਮ ਲਗਾਏ ਹਨ। ਉਨ੍ਹਾਂ ਕਿਹਾ ਕਿ ਸੁਖਬੀਰ ਸਿੰਘ ਬਾਦਲ ਨੇ ਪੰਥਕ ਹਿੱਤਾਂ ਨੂੰ ਢਾਹ ਲਾਉਣ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ ਹੈ ਅਤੇ ਉਹ ਚਾਪਲੂਸਾਂ ਨਾਲ ਘਿਰਿਆ ਹੋਇਆ ਹੈ। ਉਨ੍ਹਾਂ ਸਿੱਖ ਹਿਤੈਸ਼ੀ ਲੋਕਾਂ ਨੂੰ ਇਕੱਠੇ ਹੋ ਕੇ ਅਕਾਲ ਤਖ਼ਤ ਦੀ ਮਰਿਆਦਾ ਅਤੇ ਮਾਣ-ਸਨਮਾਨ ਨੂੰ ਬਹਾਲ ਕਰਨ ਲਈ ਸਹਿਯੋਗ ਮੰਗਿਆ। ਅੱਜ ਇੱਥੇ ਸਮਾਗਮ ਵਿੱਚ ਮੁੱਖ ਬੁਲਾਰੇ ਵਜੋਂ ਸ਼ਾਮਲ ਹੋਏ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਉਹ ਸਿੱਖੀ ਸਿਧਾਂਤਾਂ ਦੇ ਪ੍ਰਚਾਰ ਲਈ ਪਿੰਡ-ਪਿੰਡ ਜਾਣਗੇ ਅਤੇ ਪੰਥ ਵਿਰੋਧੀ ਤਾਕਤਾਂ ਦੇ ਚਿਹਰੇ ਨੰਗੇ ਕਰਨਗੇ। ਉਨ੍ਹਾਂ ਇਹ ਵੀ ਆਖਿਆ ਕਿ ਸੁਖਬੀਰ ਸਿੰਘ ਬਾਦਲ ਸਿੱਖਾਂ ਦੇ ਅਕਾਲੀ ਦਲ ਦੀ ਅਗਵਾਈ ਨਹੀਂ ਕਰ ਰਿਹਾ ਹੈ ਅਤੇ ਅਕਾਲ ਤਖ਼ਤ ਦੇ ਹੁਕਮਨਾਮਿਆਂ ਨੂੰ ਮੰਨਣ ਤੋਂ ਵੀ ਇਨਕਾਰੀ ਹੈ। ਗਿਆਨੀ ਹਰਪ੍ਰੀਤ ਸਿੰਘ ਨੇ ਦਾਅਵਾ ਕੀਤਾ ਕਿ ਜਥੇਦਾਰ ਵਜੋਂ ਉਨ੍ਹਾਂ ਦੀਆਂ ਸੇਵਾਵਾਂ ਵੀ ਸੁਖਬੀਰ ਬਾਦਲ ਦੇ ਕਹਿਣ &rsquoਤੇ ਹੀ ਸ਼੍ਰੋਮਣੀ ਕਮੇਟੀ ਨੇ ਖ਼ਤਮ ਕੀਤੀਆਂ ਹਨ। ਉਨ੍ਹਾਂ ਕਿਹਾ ਕਿ ਸੱਤਾ ਦੇ ਨਸ਼ੇ ਵਿੱਚ ਅਕਾਲੀ ਦਲ ਪੰਥ ਵਿਰੋਧੀ ਫ਼ੈਸਲੇ ਲੈਂਦਾ ਰਿਹਾ ਹੈ ਜਿਸ ਦਾ ਉਸ ਨੂੰ ਹਿਸਾਬ ਦੇਣਾ ਪਵੇਗਾ।


ਬਲਤੇਜ ਸਿੰਘ ਢਿੱਲੋਂ ਸੁਤੰਤਰ ਸੈਨੇਟਰ ਨਿਯੁਕਤ
ਸਰੀ: ਰਾਇਲ ਕੈਨੇਡੀਅਨ ਮਾਊਂਟੇਡ ਪੁਲੀਸ (ਆਰਸੀਐੱਮਪੀ) ਵਿੱਚ ਸੇਵਾ ਨਿਭਾਉਣ ਵਾਲੇ ਪਹਿਲੇ ਦਸਤਾਰਧਾਰੀ ਸਿੱਖ ਅਧਿਕਾਰੀ ਬਲਤੇਜ ਸਿੰਘ ਢਿੱਲੋਂ ਨੂੰ ਗਵਰਨਰ ਜਨਰਲ ਮੈਰੀ ਸਾਈਮਨ ਵੱਲੋਂ ਬ੍ਰਿਟਿਸ਼ ਕੋਲੰਬੀਆ ਲਈ ਸੁਤੰਤਰ ਸੈਨੇਟਰ ਵਜੋਂ ਸੈਨੇਟ ਵਿੱਚ ਨਿਯੁਕਤ ਕੀਤਾ ਗਿਆ ਹੈ। ਉਨ੍ਹਾਂ ਦੀ ਇਸ ਨਿਯੁਕਤੀ ਦਾ ਐਲਾਨ ਬੀਤੇ ਦਿਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਕੀਤਾ ਗਿਆ। ਉਨ੍ਹਾਂ ਦੇ ਨਾਲ ਕਿਊਬਿਕ ਲਈ ਮਾਰਟੀਨ ਹੇਬਰਟ ਅਤੇ ਸਸਕੈਚਵਨ ਲਈ ਟੌਡ ਲੇਵਿਸ ਨੂੰ ਵੀ ਸੈਨੇਟਰ ਨਿਯੁਕਤ ਕੀਤਾ ਗਿਆ ਹੈ।
ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਸ. ਢਿੱਲੋਂ, ਹੇਬਰਟ ਅਤੇ ਲੁਈਸ ਨੂੰ ਸੰਸਦ ਦੇ ਨਵੇਂ ਸੁਤੰਤਰ ਸੈਨੇਟਰ ਵਜੋਂ ਨਿਯੁਕਤੀ &rsquoਤੇ ਵਧਾਈ ਦਿੰਦਿਆਂ ਕਿਹਾ ਕਿ &ldquoਉਨ੍ਹਾਂ ਦੇ ਵਿਸ਼ਾਲ ਤਜਰਬੇ ਦਾ ਸੈਨੇਟ ਲਈ ਬਹੁਤ ਵੱਡਾ ਲਾਭ ਹੋਵੇਗਾ ਅਤੇ ਮੈਨੂੰ ਵਿਸ਼ਵਾਸ ਹੈ ਕਿ ਉਹ ਆਪਣੇ ਭਾਈਚਾਰਿਆਂ ਲਈ ਮਜ਼ਬੂਤ ਆਵਾਜ਼ ਬਣਦੇ ਰਹਿਣਗੇ।&rsquo&rsquo
ਜ਼ਿਕਰਯੋਗ ਹੈ ਕਿ ਬਲਤੇਜ ਸਿੰਘ ਢਿੱਲੋਂ ਸੇਵਾ ਮੁਕਤ ਪੁਲੀਸ ਅਧਿਕਾਰੀ ਅਤੇ ਕਮਿਊਨਿਟੀ ਲੀਡਰ ਹਨ। 1991 ਵਿੱਚ ਉਸ ਨੇ ਦਸਤਾਰ ਪਹਿਨਣ ਵਾਲੇ ਪਹਿਲੇ ਆਰਸੀਐੱਮਪੀ ਅਧਿਕਾਰੀ ਵਜੋਂ ਇਤਿਹਾਸ ਰਚਿਆ। ਉਸ ਨੇ ਆਰਸੀਐੱਮਪੀ ਨਾਲ 30 ਸਾਲਾਂ ਦਾ ਸਫਲ ਕਰੀਅਰ ਬਣਾਇਆ, ਕਈ ਉੱਚ-ਪ੍ਰੋਫਾਈਲ ਜਾਚਾਂ ਵਿੱਚ ਮੁੱਖ ਭੂਮਿਕਾ ਨਿਭਾਈ। 2019 ਤੋਂ ਉਸ ਨੇ ਬ੍ਰਿਟਿਸ਼ ਕੋਲੰਬੀਆ ਦੀ ਗੈਂਗ-ਵਿਰੋਧੀ ਏਜੰਸੀ ਨਾਲ ਕੰਮ ਕੀਤਾ। ਉਹ ਆਪਣੇ ਭਾਈਚਾਰੇ ਵਿੱਚ ਲਗਾਤਾਰ ਸਰਗਰਮ ਰਿਹਾ ਹੈ।


ਪੁਲਾੜ ਸਟੇਸ਼ਨ 'ਚ ਫਸੀ ਸੁਨੀਤਾ ਦੀ ਜਲਦ ਹੋਵੇਗੀ ਵਾਪਸੀ, ਨਾਸਾ ਨੇ ਸਾਂਝੀ ਕੀਤੀ ਜਾਣਕਾਰੀ
ਭਾਰਤੀ ਮੂਲ ਦੀ ਪੁਲਾੜ ਯਾਤਰੀ ਸੁਨੀਤਾ ਵਿਲੀਅਮਜ਼ ਸਣੇ ਪੁਲਾੜ ਸਟੇਸ਼ਨ 'ਤੇ ਫਸੇ ਨੈਸ਼ਨਲ ਏਅਰੋਨਾਟਿਕਸ ਐਂਡ ਸਪੇਸ ਐਡਮਿਨਿਸਟ੍ਰੇਸ਼ਨ (ਨਾਸਾ) ਦੋ ਪੁਲਾੜ ਯਾਤਰੀਆਂ ਨੂੰ ਨਿਰਧਾਰਤ ਸਮੇਂ ਤੋਂ ਥੋੜ੍ਹਾ ਪਹਿਲਾਂ ਧਰਤੀ 'ਤੇ ਵਾਪਸ ਲਿਆਂਦਾ ਜਾ ਸਕਦਾ ਹੈ। ਨਾਸਾ ਨੇ ਇਹ ਜਾਣਕਾਰੀ ਦਿੱਤੀ। ਅਮਰੀਕੀ ਪੁਲਾੜ ਏਜੰਸੀ ਨਾਸਾ ਨੇ ਮੰਗਲਵਾਰ ਨੂੰ ਕਿਹਾ ਕਿ ਸਪੇਸਐਕਸ ਆਉਣ ਵਾਲੀਆਂ ਪੁਲਾੜ ਯਾਤਰੀ ਉਡਾਣਾਂ ਲਈ ਕੈਪਸੂਲ ਬਦਲ ਦੇਵੇਗਾ ਤਾਂ ਜੋ ਬੁੱਚ ਵਿਲਮੋਰ ਅਤੇ ਸੁਨੀ (ਸੁਨੀਤਾ) ਵਿਲੀਅਮਜ਼ ਨੂੰ ਮਾਰਚ ਦੇ ਅਖੀਰ ਜਾਂ ਅਪ੍ਰੈਲ ਦੇ ਸ਼ੁਰੂ ਦੀ ਬਜਾਏ ਮਾਰਚ ਦੇ ਅੱਧ ਵਿੱਚ ਵਾਪਸ ਲਿਆਂਦਾ ਜਾ ਸਕੇ। ਉਹ 8 ਮਹੀਨਿਆਂ ਤੋਂ ਵੱਧ ਸਮੇਂ ਤੋਂ ਅੰਤਰਰਾਸ਼ਟਰੀ ਪੁਲਾੜ ਸਟੇਸ਼ਨ 'ਤੇ ਫਸੇ ਹੋਏ ਹਨ।
ਨਾਸਾ ਦੇ ਕਮਰਸ਼ੀਅਲ ਕਰੂ ਪ੍ਰੋਗਰਾਮ ਦੇ ਮੈਨੇਜਰ ਸਟੀਵ ਸਟਿਚ ਨੇ ਇੱਕ ਬਿਆਨ ਵਿੱਚ ਕਿਹਾ, "ਪੁਲਾੜ ਯਾਤਰਾ ਅਣਪਛਾਤੀਆਂ ਚੁਣੌਤੀਆਂ ਨਾਲ ਭਰੀ ਹੋਈ ਹੈ।" ਟੈਸਟ ਪਾਇਲਟਾਂ ਦਾ ਜੂਨ ਵਿੱਚ ਬੋਇੰਗ ਦੇ ਸਟਾਰਲਾਈਨਰ ਕੈਪਸੂਲ 'ਤੇ ਵਾਪਸ ਆਉਣਾ ਤੈਅ ਸੀ ਪਰ ਕੈਪਸੂਲ ਨੂੰ ਪੁਲਾੜ ਸਟੇਸ਼ਨ ਤੱਕ ਪਹੁੰਚਣ ਵਿੱਚ ਇੰਨੀ ਮੁਸ਼ਕਲ ਆਈ ਕਿ ਨਾਸਾ ਨੇ ਇਸਨੂੰ ਖਾਲੀ ਵਾਪਸ ਲਿਆਉਣ ਦਾ ਫੈਸਲਾ ਕੀਤਾ। ਸਪੇਸਐਕਸ ਨੇ ਵਧੇਰੇ ਤਿਆਰੀਆਂ ਦੀ ਲੋੜ ਕਾਰਨ ਇੱਕ ਨਵੇਂ ਕੈਪਸੂਲ ਦੇ ਲਾਂਚ ਵਿੱਚ ਦੇਰੀ ਕੀਤੀ, ਜਿਸ ਨਾਲ ਵਿਲਮੋਰ ਅਤੇ ਵਿਲੀਅਮਜ਼ ਨੂੰ ਵਾਪਸ ਲਿਆਉਣ ਦੇ ਮਿਸ਼ਨ ਵਿੱਚ ਹੋਰ ਦੇਰੀ ਹੋ ਗਈ। ਹੁਣ ਨਵਾਂ ਕੈਪਸੂਲ 12 ਮਾਰਚ ਨੂੰ ਲਾਂਚ ਕੀਤਾ ਜਾਵੇਗਾ।