15 ਫ਼ਰਵਰੀ ਬਰਸੀ ਤੇ ਵਿਸ਼ੇਸ਼ ਆਤਮ-ਰਸੀ ਆਤਮਾ - ਸੰਤ ਗਿਆਨੀ ਸੁੰਦਰ ਸਿੰਘ ਬੋਪਾਰਾਏ
ਰੱਬੀ ਰੰਗ ਵਿੱਚ ਰੰਗੀ ਆਤਮ-ਰਸੀ ਆਤਮਾ ਦੇ ਮਾਲਕ, ਪਰਉਪਕਾਰੀ, ਹਰ ਪਲ ਗੁਰਮਤਿ ਦੀ ਸਿੱਖਿਆ ਦੇ ਪ੍ਰਚਾਰ ਤੇ ਪ੍ਰਸਾਰ ਨੂੰ ਆਪਣਾ ਜੀਵਨ ਮਨੋਰਥ ਸਮਝਣ ਵਾਲੇ ਸੰਤ ਗਿਆਨੀ ਸੁੰਦਰ ਸਿੰਘ ਬੋਪਾਰਾਏ (ਸੰਪਰਦਾਇ ਭਿੰਡਰਾਂ) ਅਜਿਹੀ ਉੱਘੀ ਤੇ ਸਿੱਖ ਜਗਤ ਵਿੱਚ ਜਾਣੀ ਪਛਾਣੀ ਧਾਰਮਿਕ ਸ਼ਖ਼ਸੀਅਤ ਸਨ, ਜਿਨ੍ਹਾਂ ਆਪਣੇ ਜੀਵਨ ਦੌਰਾਨ ਸ੍ਰੀ ਗੁਰੂ ਸਾਹਿਬ ਜੀ ਦੀ ਪਾਵਨ ਗੁਰਬਾਣੀ ਦੀ ਉੱਨੀਂ ਸੰਪੂਰਨ ਕਥਾ ਕੀਤੀਆਂ । ਸਮੁੱਚੇ ਸੰਸਾਰ ਵਿੱਚ ਵੱਸਣ ਵਾਲੇ ਕਰੋੜਾਂ ਸਿੱਖਾਂ ਨੂੰ ਲਗਪਗ 1300 ਅਜਿਹੇ ਕਥਾ ਵਾਚਕ ਵਿੱਦਿਆਰਥੀ ਦਿੱਤੇ । ਜਿਨ੍ਹਾਂ ਦੁਨੀਆਂ ਭਰ ਵਿੱਚ ਸਿੱਖਾਂ ਵੱਲੋਂ ਸਥਾਪਤ ਸੰਸਥਾਵਾਂ, ਗੁਰਦੁਆਰਾ ਸਾਹਿਬਾਨ ਵਿੱਚ ਲੱਖਾਂ ਸਿੱਖ ਸੰਸਥਾਂ ਜੀਵਨ ਜੁਗਤਿ ਸਮਝਾਈ । ਇਨ੍ਹਾਂ ਕਥਾ-ਵਾਚਕਾਂ, ਟਕਸਾਲੀ ਗ੍ਰੰਥੀ ਸਿੰਘਾਂ ਨੂੰ ਸਿੱਖ ਜਗਤ ਨੇ ਪੂਰਾ ਮਾਣ ਸਨਮਾਨ ਦਿੱਤਾ । ਇਨ੍ਹਾਂ ਨੇ ਬਤੌਰ ਗੁਰਮਤਿ ਦੀ ਰੋਸ਼ਨੀ ਵਿੱਚ ਪ੍ਰਚਾਰ ਕਰਨ ਵਾਲੇ ਸੈਂਕੜੇ ਗੁਰਮੁੱਖਾਂ ਨੂੰ ਇਤਿਹਾਸਕ ਗੁਰਦੁਆਰਾ ਸਾਹਿਬ, ਤਖ਼ਤ ਸਾਹਿਬਾਨ ਤੇ ਗੁਰਮਤਿ ਦੀ ਟਕਸਾਲੀ ਸਿੱਖਿਆ ਨੂੰ ਪ੍ਰਚਾਰਨ ਲਈ ਯੋਗਦਾਨ ਪਾਇਆ । ਸੰਤ ਗਿਆਨੀ ਸੁੰਦਰ ਸਿੰਘ ਨੇ ਸੰਪਰਦਾਇ ਭਿੰਡਰਾਂ ਵੱਲੋਂ ਗੁਰਬਾਣੀ ਦੀ ਵਿਆਖਿਆ ਪ੍ਰਣਾਲੀ ਲਈ ਜਿਹੜਾ ਸ਼ਲਾਘਾਯੋਗ ਕਾਰਜ ਕੀਤਾ, ਉਸ ਨੂੰ ਹਮੇਸ਼ਾਂ ਲਈ ਯਾਦ ਕੀਤਾ ਜਾਂਦਾ ਰਹੇਗਾ ।
ਇਸ ਮਹਾਨ ਹਸਤੀ ਦਾ ਜਨਮ ਪਿਤਾ ਸ। ਖਜ਼ਾਨ ਸਿੰਘ ਤੇ ਮਾਤਾ ਮਹਿਤਾਬ ਕੌਰ ਦੇ ਗ੍ਰਹਿ ਵਿਖੇ 18 ਅਗਸਤ, 1883 ਈ: ਨੂੰ ਉਸ ਸਮੇਂ ਜ਼ਿਲ੍ਹਾ ਫਿਰੋਜ਼ਪੁਰ ਦੇ ਪਿੰਡ ਭਿੰਡਰਕਲਾਂ ਵਿਖੇ ਹੋਇਆ । ਮੁੱਢਲੀ ਸਿੱਖਿਆ ਪਿੰਡ ਦੇ ਗੁਰਦੁਆਰਾ ਸਾਹਿਬ ਤੋਂ ਅਤੇ ਆਪਣੇ ਸਤਿਕਾਰਯੋਗ ਪਿਤਾ ਜੀ ਭਾਈ ਖਜ਼ਾਨ ਸਿੰਘ ਤੋਂ ਪ੍ਰਾਪਤ ਕੀਤੀ, ਜੋ ਆਪਣੇ ਸਮੇਂ ਉੱਘੇ ਟਕਸਾਲੀ ਵਿਦਵਾਨ ਸਨ । ਇਸ ਤੋਂ ਪਿੱਛੋਂ ਪਿੰਡ ਦਾਦ ਦੇ ਉਦਾਸੀ ਸੰਤ ਪੰਡਿਤ ਜਵਾਲਾ ਦਾਸ ਅਤੇ ਪੰਡਿਤ ਭਗਤ ਰਾਮ ਤੋਂ ਸੰਸਕ੍ਰਿਤ ਤੇ ਬ੍ਰਿਜ ਭਾਸ਼ਾ ਦੇ ਗ੍ਰੰਥਾਂ ਦਾ ਅਧਿਐਨ ਕੀਤਾ । ਗੁਰਮਤਿ ਦੇ ਗਹਿਰ-ਗੰਭੀਰ ਅਧਿਐਨ ਲਈ ਸੰਤ ਗਿਆਨੀ ਸੁੰਦਰ ਸਿੰਘ ਨੇ ਸਮੁੱਚੇ ਮਾਲਵੇ ਖੇਤਰ ਭਰਮਣ ਕੀਤਾ, ਆਪਣੇ ਸਮੇਂ ਕਈ ਵਿਦਵਾਨਾਂ ਦੀ ਸੰਗਤ ਕੀਤੀ । ਇਸ ਤੋਂ ਬਾਅਦ ਸਿੱਖੀ ਦੇ ਕੇਂਦਰ ਅੰਮ੍ਰਿਤਸਰ ਵੀ ਪੁੱਜੇ, ਪਰ ਅਜੇ ਅਜਿਹੇ ਮੁਰਸ਼ਦ ਦੀ ਤਲਾਸ਼ ਵਿੱਚ ਜੋ ਬੰਦਗੀ ਅਤੇ ਅਨੁਭਵੀ ਸਿੱਖਿਆ ਦਾ ਗਿਆਨ ਵੀ ਕਰਵਾ ਸਕੇ । ਆਖਰ 23-24 ਸਾਲ ਦੀ ਉਮਰ ਵਿੱਚ 1906 ਈ: ਵਿੱਚ ਲਹਿੰਦੇ ਪੰਜਾਬ ਦੇ ਜ਼ਿਲ੍ਹਾ ਗੁਜਰਾਤ ਦੇ ਕਸਬਾ ਮੁਰਾਲਾ (ਪਾਕਿਸਤਾਨ) ਵਿੱਚ ਉਸ ਸਮੇਂ ਦੀ ਉੱਘੀ ਸਿੱਖ ਧਾਰਮਿਕ ਸ਼ਖ਼ਸੀਅਤ ਸੰਤ ਬਾਬਾ ਬਿਸ਼ਨ ਸਿੰਘ ਮੁਰਾਲੇ ਵਾਲਿਆਂ ਦੀ ਸੇਵਾ ਵਿੱਚ ਜਾ ਹਾਜ਼ਰ ਹੋਏ । ਉਨ੍ਹਾਂ ਦੇ ਲਾਡਲੇ ਸ਼ਿਸ਼ ਵਜੋਂ ਦੋ ਸਾਲ ਇਥੇ ਰਹਿ ਕੇ ਗੁਰਮਤਿ ਦੀ ਟਕਸਾਲੀ ਵਿੱਦਿਆ ਦਾ ਡੂੰਘਾ ਅਧਿਐਨ ਕੀਤਾ ।
ਜਦੋਂ ਗੁਰਮਤਿ ਵਿਚਾਰਧਾਰਾ ਵਿੱਚ ਪ੍ਰਪੱਕਤਾ ਹਾਸਲ ਹੋ ਗਈ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਦੀਆਂ 19 ਕਥਾ ਕਰਨ ਤੋਂ ਇਲਾਵਾ ਦੋ ਵਾਰ ਸ੍ਰੀ ਦਸਮ ਗ੍ਰੰਥ ਦੀ ਸੰਪੂਰਨ ਕਥਾ ਕੀਤੀ । ਆਪਣੇ ਸੈਂਕੜੇ ਵਿੱਦਿਆਰਥੀਆਂ ਨੂੰ ਗੁਰਮਤਿ ਦੇ ਮਾਰਤੰਡ ਵਿਦਵਾਨ ਭਾਈ ਗੁਰਦਾਸ ਜੀ ਦੀਆਂ ਵਾਰਾਂ ਅਤੇ ਸਵੱਈਆਂ, ਕਬਿਤਾਂ ਦੇ ਅਰਥਾਂ ਵਿੱਚ ਵੀ ਨਿਪੁੰਨ ਕੀਤਾ । ਆਪ ਜੀ ਨੇ ਭਿੰਡਰਕਲਾਂ, ਬੋਪਾਰਾਏ, ਤਖ਼ਤੂਪੁਰਾ ਆਦਿ ਹੋਰ ਥਾਵਾਂ ਤੇ ਗੁਰਮਤਿ ਪ੍ਰਚਾਰ ਕੇਂਦਰ ਸਥਾਪਿਤ ਕੀਤੇ । ਇਨ੍ਹਾਂ ਕੇਂਦਰਾਂ ਤੋਂ ਹਜ਼ਾਰਾਂ ਵਿੱਦਿਆਰਥੀਆਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਤੋਂ ਇਲਾਵਾ ਸਿੱਖ ਧਰਮ, ਵੇਦਾਂਤ ਅਤੇ ਹੋਰ ਅਨੇਕਾਂ ਗ੍ਰੰਥਾਂ ਦਾ ਅਧਿਐਨ ਕੀਤਾ । ਆਪ ਜੀ ਨੇ ਮੋਗੇ ਦੇ ਨੇੜੇ ਪਿੰਡ ਰੋਡੇ ਵਿਖੇ ਗੁਰੂ ਤੇਗ ਬਹਾਦਰ ਸਾਹਿਬ ਦੇ ਨਾਂਅ &lsquoਤੇ ਸਕੂਲ ਦੀ ਸਥਾਪਨਾ ਕੀਤੀ, ਜੋ ਪਿੱਛੋਂ ਉੱਚ ਵਿੱਦਿਆ ਲਈ ਕਾਲਜ ਦਾ ਰੂਪ ਧਾਰਨ ਕਰ ਗਿਆ । ਇਸ ਤੋਂ ਬਾਅਦ ਵਿੱਚ ਪੰਜਾਬ ਦੇ ਲੋਕਾਂ ਨੂੰ ਖਾਸ ਕਰਕੇ ਸਿੱਖਾਂ ਨੂੰ ਸਿੱਖਿਆ ਦੇ ਖੇਤਰ ਵਿੱਚ ਪਛੜਦਿਆਂ ਦੇਖ ਕੇ ਅੱਧੀ ਦਰਜਨ ਹੋਰ ਸਕੂਲ ਸਥਾਪਿਤ ਕੀਤੇ । ਜਿਨ੍ਹਾਂ ਵਿੱਚ ਭਿੰਡਰਕਲਾਂ, ਕੋਕਰੀਕਲਾਂ, ਬੋਪਾਰਾਏ ਕਲਾਂ, ਤਖ਼ਤੂ ਪੁਰਾ, ਰਾਏ ਕੋਟ ਵਰਗੇ ਵੱਡੇ ਪਿੰਡਾਂ ਵਿੱਚ ਸੰਗਤ ਦੇ ਸਹਿਯੋਗ ਨਾਲ ਇਹ ਸਿੱਖਿਆ ਦੇ ਖੇਤਰ ਵਿੱਚ ਮਹੱਤਵਪੂਰਨ ਯੋਗਦਾਨ ਪਾਇਆ ।
ਇਨ੍ਹਾਂ ਦੇ ਜੀਵਨ ਕਾਲ ਦੇ ਇਨ੍ਹਾਂ ਵਰ੍ਹਿਆਂ ਵਿੱਚ ਗੁਰਧਾਮਾਂ ਦੀ ਅਜ਼ਾਦੀ ਲਈ ਗੁਰਦੁਆਰਾ ਸੁਧਾਰ ਲਹਿਰ ਚੱਲ ਰਹੀ ਸੀ । ਇਸ ਵੱਡੇ ਸੰਘਰਸ਼ ਵਿੱਚ ਸ਼ਾਮਿਲ ਹੋਣ ਲਈ ਹਕੂਮਤ ਦੀਆਂ ਵਧੀਕੀਆਂ ਦੇ ਵਿਰੋਧ ਵਿੱਚ ਸਿੱਖ ਪਰਿਵਾਰਾਂ ਵਿੱਚ ਸਖ਼ਤ ਰੋਹ ਦੀ ਲਹਿਰ ਚੱਲ ਰਹੀ ਸੀ । ਮਾਲਵੇ ਦੇ ਇਲਾਕੇ ਵਿੱਚ ਗੁਰਧਾਮਾਂ ਦੀ ਹੋ ਰਹੀ ਬੇਅਦਬੀ ਅਤੇ ਦੇਸ਼ ਨੂੰ ਗੁਲਾਮੀ ਦੀਆਂ ਜੰਜ਼ੀਰਾਂ ਤੋਂ ਛੁਟਕਾਰਾ ਦਿਵਾਉਣ ਲਈ ਸੰਘਰਸ਼ ਕਰ ਰਹੇ ਸਿੱਖ ਯੋਧਿਆਂ ਨੂੰ ਵਿਸ਼ੇਸ਼ ਸਹਿਯੋਗ ਦੇ ਕੇ ਚਾਲੀ ਮੁਕਤਿਆਂ ਦੀ ਪਾਵਨ ਧਰਤੀ ਸ੍ਰੀ ਮੁਕਤਸਰ ਸਾਹਿਬ ਦੇ ਗੁਰਧਾਮਾਂ ਅਤੇ ਗੁਰਦੁਆਰਾ ਪਾਤਸ਼ਾਹ ਦੱਸਵੀਂ ਹੇਰਾਂ ਦੇ ਗੁਰੂ ਘਰਾਂ ਦੀ ਸੇਵਾ ਨਵੀਂ ਬਣੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਦਿਵਾਉਣ ਵਿੱਚ ਆਪਣਾ ਯੋਗਦਾਨ ਪਾਇਆ ।
ਆਪਣਾ ਪੂਰਾ ਜੀਵਨ ਸਿੱਖ ਧਰਮ ਦੇ ਪ੍ਰਚਾਰ ਤੇ ਪ੍ਰਸਾਰ ਲਈ, ਲੱਖਾਂ ਸਿੱਖ ਸੰਗਤ ਨੂੰ ਗੁਰਮਤਿ ਸਿੱਖਿਆ, ਗੁਰਬਾਣੀ ਵਿਆਖਿਆ ਨੂੰ ਸਮਰਪਿਤ ਕੀਤਾ । ਉਨ੍ਹਾਂ ਦਾ ਨਿਸ਼ਚਾ ਸੀ, ਦੇਸ਼ ਦੁਨੀਆਂ ਵਿੱਚ ਰਹਿਣ ਵਾਲਾ ਹਰ ਸਿੱਖ ਗੁਰੂ ਸਾਹਿਬਾਨ ਤੇ ਸਿੱਖ ਸ਼ਹੀਦਾਂ, ਮਰਜੀਵੜਿਆਂ ਦੇ ਇਤਿਹਾਸ ਤੋਂ ਜਾਣੂ ਹੋਵੇ । ਆਪਣੇ ਜੀਵਨ ਦੇ ਬੇਸ਼ਕੀਮਤੀ ਵਰ੍ਹੇ ਗੁਰੂ ਸਾਹਿਬਾਨ ਦੀ ਇਸ ਪਾਵਨ ਧਰਤੀ ਤੇ ਸਿੱਖ ਸੰਗਤ ਵਿੱਚ ਵਿਚਰਦਿਆਂ ਗੁਰਮਤਿ ਦਾ ਹੋਕਾ ਦਿੰਦਿਆਂ ਬਤੀਤ ਕੀਤੇ । 47-48 ਸਾਲ ਦੀ ਆਯੂ ਵਿੱਚ 15 ਫ਼ਰਵਰੀ, 1930 ਈ: ਨੂੰ ਗੁਰਦੁਆਰਾ ਸਚਖੰਡ ਸਾਹਿਬ ਬੋਪਾਰਾਏ ਕਲਾਂ ਵਿਖੇ ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ ਵਿੱਚ ਅਭੇਦ ਹੋ ਗਏ । ਹਰ ਸਾਲ ਹੀ ਆਪ ਜੀ ਦੀ ਪਾਵਨ ਯਾਦ ਗੁ: ਸਚਖੰਡ ਸਾਹਿਬ ਵਿਖੇ ਮਹਾਨ ਗੁਰਮਤਿ ਸਮਾਗਮ ਬੜੀ ਸ਼ਰਧਾ ਅਤੇ ਪ੍ਰੇਮ ਨਾਲ ਆਯੋਜਿਤ ਕੀਤੇ ਜਾਂਦੇ ਹਨ । ਇਸ ਰਸੀ ਹੋਈ ਆਤਮਾ ਨੂੰ ਸਾਡਾ ਪ੍ਰਣਾਮ । 
-ਭਗਵਾਨ ਸਿੰਘ ਜੌਹਲ