image caption: -ਗੁਰਮੀਤ ਸਿੰਘ ਪਲਾਹੀ

ਆਖ਼ਿਰ ਆਪ ਦਿੱਲੀ ਕਿਉਂ ਹਾਰੀ ?

          ਆਪ ਲੋਕਾਂ ਦੇ ਦਿਲ ਤੋਂ ਉਤਰ ਗਈ ਹੈ? ਜਿਸ ਚਮਤਕਾਰ ਨਾਲ ਆਪ ਰਾਜਨੀਤੀ ਵਿੱਚ ਆਈ ਸੀ, ਉਸੇ ਚਮਤਕਾਰ ਨਾਲ ਹੀ ਵਾਪਸ ਜਾ ਰਹੀ ਹੈ ? ਉਹ ਰਾਜਨੀਤੀ ਦੇ ਜਿਸ ਉੱਜਲੇ ਪੱਖ ਨੂੰ ਫੜ ਕੇ ਸੱਤਾ ਵਿੱਚ ਆਏ ਸਨ, ਉਸ ਉਤੇ ਟਿਕੇ ਰਹਿੰਦੇ ਤਾਂ ਐਤਕਾਂ ਦਿੱਲੀ ਵਿਧਾਨ ਸਭਾ ਚੋਣਾਂ ਤੋਂ ਬਾਅਦ ਗੱਲ ਕੁੱਝ ਹੋਰ ਹੀ ਹੁੰਦੀ।
          ਇਸ ਸੰਦਰਭ ਚ ਸਮਾਜਿਕ ਕਾਰਜਕਰਤਾ ਅੱਨਾ ਹਜ਼ਾਰੇ, ਜੋ ਕਿ ਅਰਵਿੰਦ ਕੇਜਰੀਵਾਲ ਦੇ ਗੁਰੂ ਰਹਿ ਚੁੱਕੇ ਹਨ,ਦੇ ਉਹ ਸ਼ਬਦ ਸਮਝਣ ਵਾਲੇ ਹਨ, ਜਿਹੜੇ ਉਹਨਾ ਦਿੱਲੀ ਚ ਭਾਜਪਾ ਦੀ 27 ਸਾਲਾਂ ਬਾਅਦ ਸੱਤਾ ਵਾਪਸੀ 'ਤੇ ਕਹੇ ਹਨ, ਆਪ ਸ਼ਰਾਬ ਨੀਤੀ ਤੇ ਪੈਸੇ ਕਾਰਨ ਡੁੱਬੀ ਹੈ।
          ਅੰਨਾ ਹਜ਼ਾਰੇ ਨੇ ਕੇਜਰੀਵਾਲ ਤੇ ਵਿਅੰਗ ਕਰਦੇ ਹੋਏ ਕਿਹਾ ਕਿ ਉਮੀਦਵਾਰ ਦਾ ਚਰਿੱਤਰ ਸਾਫ਼ ਸੁਥਰਾ ਹੋਣਾ ਚਾਹੀਦਾ ਹੈ ਤੇ ਉਸ ਚ ਤਿਆਗ ਦੀ ਭਾਵਨਾ ਹੋਣੀ ਚਾਹੀਦੀ ਹੈ। ਉਹਨਾ ਇਹ ਵੀ ਕਿਹਾ ਕਿ ਸ਼ਰਾਬ ਨੀਤੀ ਨਾਲ ਆਏ ਪੈਸੇ &lsquoਚ ਆਪ ਡੁੱਬ ਗਈ ਸੀ। ਆਪ ਦੀ ਸ਼ਾਖ ਕਲੰਕਿਤ ਹੋ ਗਈ ਸੀ। ਉਹਨਾਂ ਕਿਹਾ ਕਿ ਆਪ ਇਸ ਲਈ ਹਾਰੀ, ਕਿਉਂਕਿ ਇਹ ਲੋਕਾਂ ਦੀ ਨਿਰਸਵਾਰਥ ਸੇਵਾ ਕਰਨ ਦੀ ਲੋੜ ਨੂੰ ਸਮਝਣ ਚ ਅਸਫ਼ਲ ਰਹੀ ਤੇ ਗਲਤ ਰਸਤੇ ਤੇ ਚਲ ਪਈ।
          ਬਿਨਾਂ ਸ਼ੱਕ ਆਪ ਨੂੰ ਹਰਾਉਣ ਵਾਲੀ ਭਾਜਪਾ ਨੇ ਰਿਓੜੀਆਂ ਦੇ ਵੱਡਾ ਪੈਕਟ ਵੰਡੇ। ਕਿਹਾ ਜਾ ਰਿਹਾ ਹੈ ਕਿ ਦਿੱਲੀ ਦੇ ਦਿਲਵਾਲਿਆਂ ਨੇ ਇਸੇ ਕਰਕੇ, ਮਨ ਬਦਲੇ। ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਖੁਦ ਚੋਣ ਮੰਚਾਂ ਤੋਂ ਐਲਾਨ ਕੀਤਾ ਕਿ ਮੁਫ਼ਤ ਬਿਜਲੀ-ਪਾਣੀ ਦੀ ਕਿਸੇ ਵੀ ਯੋਜਨਾ ਨੂੰ ਬੰਦ ਨਹੀਂ ਕੀਤਾ ਜਾਏਗਾ। ਔਰਤਾਂ ਨੂੰ ਹਰ ਮਹੀਨੇ 2500 ਰੁਪਏ, 500 ਰੁਪਏ 'ਚ ਰਸੋਈ ਗੈਸ ਸਿਲੰਡਰ ਅਤੇ ਅੱਟਲ ਕੰਟੀਨ ਦੇ ਰਾਹੀਂ 5 ਰੁਪਏ &lsquoਚ ਭੋਜਨ ਦਿੱਤਾ ਜਾਏਗਾ। ਆਮ ਬਜਟ ਵਿੱਚ 12 ਲੱਖ ਤੱਕ ਦੀ ਆਮਦਨ ਕਰ ਤੇ ਟੈਕਸ 12 ਲੱਖ ਤੱਕ ਦੀ ਆਮਦਨ ਕਰ ਤੇ ਟੈਕਸ ਫ੍ਰੀ ਛੋਟ ਕਰਕੇ ਅਤੇ 8ਵੇਂ ਤਨਖ਼ਾਹ ਆਯੋਗ ਦਾ ਐਲਾਨ ਕਰਕੇ ਉਹਨਾਂ ਨੇ ਮੱਧਵਰਗੀ ਲੋਕਾਂ ਦਾ ਦਿਲ ਜਿੱਤ ਲਿਆ। ਪਰ ਕਈ ਹੋਰ ਅਜਿਹੇ ਕਾਰਨ ਹਨ, ਜਿਹੜੇ ਆਪ ਦੀ ਹਾਰ ਦਾ ਕਾਰਨ ਬਣੇ।
          ਅੰਨਾ ਹਜ਼ਾਰੇ ਦੇ ਅੰਦੋਲਨ ਤੋਂ ਬਾਅਦ ਕੇਜਰੀਵਾਲ ਨੇ ਸਾਫ਼-ਸੁਥਰੀ ਰਾਜਨੀਤੀ ਅਤੇ ਅਲੱਗ ਤਰ੍ਹਾਂ ਦੀ ਰਾਜਨੀਤੀ ਦਾ ਬੇੜਾ ਚੁੱਕਿਆ, ਇਹ ਕੁੱਝ ਸਾਲ ਚੱਲਿਆ ਵੀ। ਲੋਕਾਂ ਨੇ ਇਸਦਾ ਸਵਾਗਤ ਵੀ ਕੀਤਾ। ਕਿਉਂਕਿ ਦਲਦਲੀ ਸਿਆਸਤ ਨੇ ਹਿੰਦੋਸਤਾਨ ਦਾ ਚਿਹਰਾ-ਮੋਹਰਾ ਵਿਗਾੜ ਦਿੱਤਾ  ਹੋਇਆ ਸੀ। ਪਰ ਕੁੱਝ ਸਮੇਂ ਬਾਅਦ ਹੀ ਆਪ ਇਸੇ ਦਲਦਲੀ ਸਿਆਸਤ ਦਾ ਸ਼ਿਕਾਰ ਹੋ ਗਈ। ਰਵਾਇਤੀ ਪਾਰਟੀਆਂ ਦੀ ਤਰ੍ਹਾਂ ਹੀ ਵਿਵਹਾਰ ਕਰਨ ਲੱਗੀ। ਕੇਜਰੀਵਾਲ ਨੇ ਆਪਣੀ ਹੀ ਪਾਰਟੀ ਚ ਬੈਠੇ ਕੱਦਵਾਰ ਨੇਤਾਵਾਂ ਨੂੰ ਹੌਲੀ ਹੌਲੀ ਕਰਕੇ ਬਾਹਰ ਧੱਕ ਦਿੱਤਾ ਅਤੇ ਆਪ ਦੇ ਸਰਵੋ-ਸਰਵਾ ਹੋ ਬੈਠੇ, ਜਿਥੇ ਕੋਈ ਉਹਨਾਂ ਨੂੰ ਸਵਾਲ ਨਹੀਂ ਕਰ ਸਕਦਾ।
          ਇਸ ਤਰ੍ਹਾਂ ਬਾਕੀ ਦਲਾਂ ਵਾਂਗਰ ਵਿਵਹਾਰ ਕਰਨ ਨਾਲ ਆਪ ਦਾ ਪਤਨ ਸ਼ੁਰੂ ਹੋ ਗਿਆ। ਆਪ ਦੇ ਆਗੂ ਐਕਸਾਈਜ਼ ਪਾਲਿਸੀ ਘੁਟਾਲੇ, ਸ਼ੀਸ਼ ਮਹਿਲ ਘੁਟਾਲਿਆਂ ਚ ਫਸ ਗਏ। 2024 &lsquoਚ ਦੇਸ਼ ਵਿਆਪੀ ਇੰਡੀਆ ਗੱਠਜੋੜ ਦਾ ਹਿੱਸਾ ਬਣਕੇ ਵੀ ਆਪ ਨੇ ਕੁਝ ਸੂਬਿਆਂ ਚ ਆਪਣੀ ਵੱਖਰੀ ਡੱਫਲੀ ਵਜਾਈ। ਹਰਿਆਣਾ ਵਿਧਾਨ ਸਭਾ ਚੋਣਾਂ ਚ ਕਾਂਗਰਸ ਨਾਲ ਸਾਂਝ ਭਿਆਲੀ ਨਾ ਪਾਕੇ, ਇਕੱਲਿਆਂ ਚੋਣ ਲੜੀ ਅਤੇ ਕਾਂਗਰਸ ਦੀ ਹਾਰ ਦਾ ਕਾਰਨ ਬਣੀ। ਦਿੱਲੀ ਵਿੱਚ ਵੀ ਕਾਂਗਰਸ ਨਾਲ ਰਲਕੇ ਚੋਣ ਲੜਨ ਦੀ ਵਜਾਏ, ਇਕੱਲਿਆਂ ਚੋਣ ਲੜੀ।
          ਚੋਣ ਨਤੀਜੇ ਦੱਸਦੇ ਹਨ ਕਿ ਕਾਂਗਰਸ ਦਾ ਵੋਟ ਬੈਂਕ ਦਿੱਲੀ ਚ ਦੋ ਪ੍ਰਤੀਸ਼ਤ ਵੱਧਣ ਨਾਲ ਆਪ ਨੂੰ ਢਾਅ ਲੱਗੀ ਅਤੇ ਉਹ 13 ਸੀਟਾਂ ਉਤੇ ਕਾਂਗਰਸ ਦੇ ਉਮੀਦਵਾਰਾਂ ਕਾਰਨ ਹਾਰ ਗਈ। ਹਾਲਾਂਕਿ ਕਾਂਗਰਸ ਦੇ 70 ਵਿਚੋਂ 67 ਉਮਦੀਵਾਰਾਂ ਦੀ ਜਮਾਨਤ ਜ਼ਬਤ ਹੋ ਗਈ। ਜਿਹਨਾਂ 13 ਸੀਟਾਂ ਤੇ ਆਪ ਕਾਂਗਰਸ ਕਾਰਨ ਹਾਰੀ ਉਹਨਾਂ ਸੀਟਾਂ ਤੇ ਭਾਜਪਾ ਉਮੀਦਵਾਰਾਂ ਦੀ ਜਿੱਤ ਦਾ ਜਿੰਨਾ ਫ਼ਰਕ ਰਿਹਾ, ਉਹ ਕਾਂਗਰਸ ਨੂੰ ਮਿਲੀਆਂ ਵੋਟਾਂ ਨਾਲੋਂ ਘੱਟ ਸੀ। ਵਿਧਾਨ ਸਭਾ ਚੋਣਾਂ &lsquoਚ ਭਾਜਪਾ 48 ਸੀਟਾਂ ਅਤੇ ਆਪ ਨੇ 22 ਸੀਟਾਂ ਜਿੱਤੀਆਂ ਹਨ। ਭਾਜਪਾ ਦੇ ਪਿਛਲੇ 10 ਸਾਲਾਂ ਵਿੱਚ 13 ਫ਼ੀਸਦੀ ਵੋਟ ਵਧੇ ਜਦਕਿ ਇਸੇ ਅਰਸੇ ਦੌਰਾਨ ਆਪ ਨੇ 10 ਫ਼ੀਸਦੀ ਵੋਟ ਗੁਆ ਲਏ।
          ਉਂਜ ਇਹ ਹੈਰਾਨੀ ਵਾਲੀ ਗੱਲ ਨਹੀਂ ਹੈ ਕਿ ਆਪ ਦੇ ਕੇਜਰੀਵਾਲ, ਮਨੀਸ਼ ਸਿਸੋਦੀਆ, ਦੁਰਗੇਸ਼ ਪਾਠਕ ਚੋਣ ਹਾਰ ਗਏ ਹਨ। ਕਿਉਂਕਿ ਭਾਜਪਾ ਵਲੋਂ ਇਸ ਉੱਚ ਲੀਡਰਸ਼ਿਪ ਨੂੰ ਹਰਾਉਣ ਲਈ ਪੂਰੀ ਵਾਹ ਲਾਈ ਹੋਈ ਸੀ। ਇਸ ਮੰਤਵ ਲਈ ਪਹਿਲਾਂ ਕੇਂਦਰ ਸਰਕਾਰ ਨੇ ਸਾਮ-ਦਾਮ-ਦੰਡ ਦੀ ਖੁਲ੍ਹੇਆਮ ਵਰਤੋਂ ਕੀਤੀ। ਵੋਟਾਂ ਦੀ ਆਖ਼ਰੀ ਸਮੇਂ ਕੱਟ-ਵੱਢ ਕੀਤੀ ਗਈ ਅਤੇ ਦੇਸ਼ ਦੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਪੂਰੀ ਵਾਹ ਲਾਕੇ ਇਸ ਚੋਣ ਨੂੰ ਜਿੱਤਣ ਲਈ ਕੋਈ ਕਸਰ ਨਹੀਂ ਛੱਡੀ।
          ਪਰ ਸਮਝਣ ਵਾਲੀ ਗੱਲ ਤਾਂ ਇਹ ਹੈ ਕਿ ਨਵੀਂ ਪਾਰਟੀ 'ਆਪ' ਜਿਸਨੇ ਲੋਕਾਂ ਦੀ ਹਰਮਨ ਪਿਆਰਤਾ ਕਾਰਨ  ਰਾਸ਼ਟਰੀ ਪਾਰਟੀ ਦਾ ਰੁਤਬਾ ਕੁਝ ਸਾਲਾਂ ਚ ਪ੍ਰਾਪਤ ਕਰ ਲਿਆ ਸੀ, ਲੋਕਾਂ ਦੇ ਮਨਾਂ ਤੋਂ ਕਿਉ ਲੱਥ ਰਹੀ ਹੈ? ਕਾਰਨ ਸਿੱਧਾ ਤੇ ਸਪਸ਼ਟ ਹੈ ਕਿ ਇਹ ਪਾਰਟੀ ਵੀ ਰਿਵਾਇਤੀ ਪਾਰਟੀਆਂ ਵਾਂਗਰ ਵੋਟਾਂ ਵਟੋਰਨ, ਤਾਕਤ ਹਥਿਆਉਣ ਦੇ ਰਾਹ ਪੈ ਗਈ, ਅਤੇ ਇਸਦੇ ਨੇਤਾ ਪੰਜ ਤਾਰਾ ਕਲਚਰ ਦਾ ਸ਼ਿਕਾਰ ਹੋ ਗਏ। ਪੰਜਾਬ ਇਸਦੀ  ਉਦਾਹਰਨ ਹੈ। ਪੰਜਾਬ 'ਚ 117 ਵਿੱਚੋਂ 92 ਸੀਟਾਂ ਇਸ ਪਾਰਟੀ ਨੇ ਪੰਜਾਬ ਨੂੰ ਭ੍ਰਿਸ਼ਟਾਚਾਰ ਮੁਕਤ ਕਰਨ ਦੇ ਨਾਂਅ 'ਤੇ ਜਿੱਤੀਆਂ। ਪਰ ਪ੍ਰਤੱਖ ਨੂੰ ਪ੍ਰਮਾਣ ਦੀ ਜ਼ਰੂਰਤ ਨਹੀਂ ਕਿ ਪੰਜਾਬ ਚ ਭ੍ਰਿਸ਼ਟਾਚਾਰ ਚਰਮ ਸੀਮਾਂ ਤੇ ਹੈ। ਰੇਤ ਬਜ਼ਰੀ ਮਾਫੀਆਂ ਉਤੇ ਸਰਕਾਰ ਦਾ ਕੰਟਰੋਲ ਹੀ ਨਹੀਂ। ਕਮਿਸ਼ਨ ਦੇਣ-ਲੈਣ ਵਾਲਿਆਂ ਦੇ ਪਾਲੇ ਬਦਲ ਗਏ ਹਨ।
          ਆਪ ਨੇ ਸਥਾਨਕ ਪੰਚਾਇਤੀ ਚੋਣਾਂ ਅਤੇ ਨਗਰਪਾਲਿਕਾ ਚੋਣਾਂ ਚ ਜਿਸ ਕਿਸਮ ਦਾ ਵਿਵਹਾਰ ਕੀਤਾ, ਉਸ ਨਾਲ ਲੋਕਾਂ ਦੇ ਮਨਾਂ ਚ ਇਹ ਧਾਰਨਾ ਬਣ ਗਈ ਕਿ ਇਸ ਨਾਲੋਂ ਤਾਂ ਪੰਜਾਬ ਸਰਕਾਰ ਸਥਾਨਕ ਸਰਕਾਰਾਂ ਦੀਆਂ ਚੋਣਾਂ ਨਾ ਕਰਵਾਕੇ, ਕਿਸੇ ਨਵੇਂ ਬਿੱਲ ਜਾਂ ਨੋਟੀਫੀਕੇਸ਼ਨ ਰਾਹੀਂ ਇਹਨਾਂ ਪੰਚਾਇਤਾਂ, ਨਗਰਪਾਲਿਕਾਵਾਂ ਚ ਆਪਣੇ ਲੋਕਾਂ ਨੂੰ ਨੋਮੀਨੇਟ ਕਰ ਦਿੰਦੀ। ਅੰਮ੍ਰਿਤਸਰ, ਫਗਵਾੜਾ ਨਗਰ ਨਿਗਮ ਤੇ ਹੋਰ ਕਈ ਪਾਲਿਕਾਵਾਂ ਚ ਜਿਸ ਢੰਗ ਨਾਲ ਕਾਂਗਰਸ ਦੀਆਂ ਵਾਧੂ ਸੀਟਾਂ ਹੋਣ ਦੇ ਬਾਵਜੂਦ ਆਪ ਨੇ ਜੁਗਾੜ ਲਗਾ ਕੇ ਆਪਣੇ ਮੇਅਰ ਬਣਾਏ ਅਤੇ ਜਿਵੇਂ ਬਹੁਤ ਸਾਰੀਆਂ ਹੋਰ ਨਗਰ ਕੌਂਸਲਾਂ ਚ ਆਪਣੇ ਪ੍ਰਧਾਨ ਬਨਾਉਣ ਲਈ ਸਾਮ-ਦਾਮ-ਦੰਡ ਦੀ ਵਰਤੋਂ ਕੀਤੀ, ਉਸ ਨਾਲ ਆਪ ਦਾ ਚਿਹਰਾ ਮੋਹਰਾ ਵੀ ਰਿਵਾਇਤੀ ਪਾਰਟੀਆਂ ਵਾਲਾ ਹੋ ਗਿਆ।
          ਪੰਜਾਬ ਚ ਆਪ ਦੇ ਕਾਂਗਰਸ ਨਾਲ ਵਰਤਾਰੇ ਦਾ ਪ੍ਰਭਾਵ ਦਿੱਲੀ ਵਿਧਾਨ ਸਭਾ ਚੋਣਾਂ &lsquoਚ ਵੇਖਣ ਨੂੰ ਮਿਲਿਆ, ਜਦੋਂ ਕਾਂਗਰਸ ਨੇ ਆਪ ਵਿਰੁੱਧ ਉਤਨੀ ਚੋਣ ਜੰਗ ਆਰੰਭੀ, ਜਿੰਨੀ ਭਾਜਪਾ ਵਿਰੁੱਧ ਅਤੇ ਇਸ ਦਾ ਖਾਮਿਆਜ਼ਾ ਆਪ ਨੂੰ ਭੁਗਤਣਾ ਪਿਆ।
          ਹੁਣ ਸਵਾਲ ਪੈਦਾ ਹੁੰਦੇ ਹੈ ਕਿ ਦਿੱਲੀ ਦੀ ਹਾਰ ਤੋਂ ਬਾਅਦ ਪੰਜਾਬ &lsquoਚ ਆਮ ਆਦਮੀ ਦਾ ਕੀ ਹਾਲ ਹੋਏਗਾ? ਕੀ ਇਸ ਦਾ ਮਨੋਵਲ ਨਹੀਂ ਡੋਲੇਗਾ? ਕਿਉਂਕਿ ਆਪ ਮੰਤਰੀ ਮੰਡਲ, ਮੁਖਮੰਤਰੀ ਸਮੇਤ ਦਿੱਲੀ ਦੀਆਂ ਚੋਣਾਂ ਚ ਰੁਝਿਆ ਰਿਹਾ। ਅਤੇ ਆਪ ਦੇ ਖਾਸ ਵਰਕਰ ਉੱਥੇ ਪ੍ਰਚਾਰ ਕਰਦੇ ਵੇਖੇ ਗਏ। 2022 ਚ ਆਪ ਨੇ ਪੰਜਾਬ ਚ ਪ੍ਰਚੰਡ ਬਹੁਮਤ ਨਾਲ ਸਰਕਾਰ ਬਣਾਈ ਸੀ। ਮੁਫ਼ਤ ਦੀਆਂ ਯੋਜਨਾਵਾਂ ਦਾ ਲਾਭ ਪੰਜਾਬ ਵਿੱਚ ਆਮ ਲੋਕਾਂ ਨੂੰ ਦਿੱਤਾ ਗਿਆ, ਉਸਦਾ ਪ੍ਰਚਾਰ ਕਰਕੇ ਦਿੱਲੀ ਵਿੱਚ ਆਪ 43.5 ਫੀਸਦੀ ਵੋਟ ਬਚਾਉਣ ਚ ਕਾਮਯਾਬ ਵੀ ਹੋਈ। ਹਾਲਾਂ ਕਿ ਭਾਜਪਾ ਉਸ ਤੋਂ ਸਿਰਫ਼ 2.25 ਫੀਸਦੀ ਵੱਧ ਵੋਟਾਂ ਲੈ ਕੇ ਵੱਧ ਸੀਟਾਂ ਪ੍ਰਾਪਤ ਕਰ ਗਈ।
          ਪੰਜਾਬ ਵਿੱਚ ਆਉਣ ਵਾਲੇ ਦਿਨ ਆਪ ਲਈ ਖ਼ਤਰਨਾਕ ਹੋ ਸਕਦੇ ਹਨ। ਕਿਉਂਕਿ ਪੰਜਾਬ ਚ ਸਰਕਾਰੀ ਸੱਤਾ ਅਤੇ ਸੰਗਠਨ ਦੋਨਾਂ ਵਿੱਚਕਾਰ ਵੱਡਾ ਗੈਪ ਹੈ। 93 ਵਿਧਾਇਕਾਂ ਦੀ ਸਰਕਾਰ ਵਿੱਚ ਸੁਣਵਾਈ ਨਹੀਂ। ਲੋਕਸਭਾ ਚੋਣਾਂ ਚ ਕਮਜ਼ੋਰ ਪ੍ਰਦਰਸ਼ਨ ਦੇ ਬਾਅਦ ਭਾਵੇਂ ਵਿਧਾਨ ਸਭਾ ਦੀਆਂ 4 ਸੀਟਾਂ ਤੇ ਉਸਦੀ ਕਾਰਗੁਜਾਰੀ ਚੰਗੀ ਰਹੀ। ਸੂਬੇ ਚ ਪਰ ਸਰਕਾਰੀ ਪ੍ਰਬੰਧਨ ਠੀਕ ਢੰਗ ਨਾਲ ਕੰਮ ਨਹੀਂ ਕਰ ਰਿਹਾ ਅਤੇ ਪੁਲਿਸ ਪ੍ਰਸ਼ਾਸ਼ਨ ਤੇ ਵੀ ਸਵਾਲ ਉੱਠ ਰਹੇ ਹਨ।
          ਆਪ ਪਾਰਟੀ ਉਤੇ ਪਿਛਲੇ ਸਮੇਂ ਤੋਂ ਵੱਡੇ ਸਵਾਲ ਉੱਠ ਰਹੇ ਹਨ। ਪਾਰਟੀ ਭ੍ਰਿਸ਼ਟਾਚਾਰ ਨਾਲ ਲੜਨ ਦਾ ਦਾਅਵਾ ਕਰ ਰਹੀ ਸੀ, ਪਰ ਉਸ ਉਤੇ ਭ੍ਰਿਸ਼ਟਾਚਾਰ ਦੇ ਇਲਜ਼ਾਮ ਲੱਗੇ। ਆਪ ਉੱਤੇ ਇਹ ਇਲਜ਼ਾਮ ਵੀ ਲੱਗਾ ਅਤੇ ਇਹ ਤੱਥ ਵੀ ਸਹੀ ਹੈ ਕਿ ਰਿਓੜੀਆਂ ਵੰਡਣ ਦੀ ਸਿਆਸਤ ਵਿੱਚ ਉਸਨੇ ਵੱਡਾ ਯੋਗਦਾਨ ਪਾਇਆ ਅਤੇ ਉਸੇ ਦੀ ਇਸ ਸਿਆਸਤ ਨੂੰ ਹੋਰਨਾਂ ਪਾਰਟੀਆਂ ਨੇ ਅਪਣਾਇਆ ਅਤੇ ਇਸੇ ਅਧਾਰ ਤੇ ਭਾਜਪਾ ਨੇ ਖਾਸ ਕਰਕੇ ਉਸਨੂੰ ਮਾਤ ਦਿਤੀ।
          ਬਿਨਾਂ ਸ਼ੱਕ ਕੇਜਰੀਵਾਲ ਨੇ ਆਪਣਾ ਅਕਸ ਇੱਕ ਜੁਝਾਰੂ ਵਾਲਾ ਬਣਾਇਆ। ਪਰ ਉਹਨਾਂ ਦੇ ਇਸ ਅਕਸ ਨੇ ਉਹਨਾਂ ਨੂੰ ਨੁਕਸਾਨ ਵੀ ਪਹੁੰਚਾਇਆ ਅਤੇ ਇਹ ਧਾਰਨਾ ਬਣੀ ਕਿ ਉਹ ਕੇਂਦਰ ਸਰਕਾਰ ਨਾਲ ਸਦਾ ਉਲਝਦੇ ਹੀ ਰਹਿੰਦੇ ਹਨ। ਹਾਲਾਂ ਕਿ ਭਾਜਪਾ ਦੀ ਕੇਂਦਰ ਸਰਕਾਰ ਆਪਣੇ ਵਿਰੋਧੀਆਂ ਨੂੰ ਠਿੱਠ ਕਰਨ ਲਈ ਪ੍ਰੇਸ਼ਾਨ ਕਰਦੀ ਹੈ ਅਤੇ ਉਹਨਾਂ ਰਾਜਾਂ ਦੇ ਕੰਮ ਕਾਰ &lsquoਚ ਜ਼ਿਆਦਾ ਦਖਲ ਆਪਣੇ ਗਵਰਨਰਾਂ ਰਾਹੀਂ ਦਿੰਦੀ ਹੈ, ਜਿਸ ਰਾਜ ਵਿੱਚ ਉਸਦਾ ਰਾਜ-ਭਾਗ ਨਹੀਂ।
          ਇਹ ਵੀ ਠੀਕ ਹੈ ਕਿ ਕੇਜਰੀਵਾਲ ਨੇ ਆਪਣੀ ਪਾਰਟੀ ਨੂੰ ਰਾਸ਼ਟਰੀ ਪਾਰਟੀ ਬਨਾਉਣ ਲਈ ਮਿਹਨਤ ਕੀਤੀ। ਇਸ ਕੰਮ ਲਈ ਉਹਨਾ ਗੁਜਰਾਤ, ਹਰਿਆਣਾ ਅਤੇ ਕਈ ਹੋਰ ਰਾਜਾਂ ਚ ਚੋਣਾਂ ਲੜੀਆਂ। ਪੰਜਾਬ ਦੇ ਸਰਕਾਰੀ ਧਨ ਦੀ ਵਰਤੋਂ ਦੇ ਇਹਨਾਂ ਚੋਣਾਂ ਚ ਆਪ 'ਤੇ ਇਲਜ਼ਾਮ ਵੀ ਲੱਗੇ, ਕਿਉਂਕਿ ਪੰਜਾਬ ਦੀ 'ਆਪ' ਸਰਕਾਰ ਦੀਆਂ ਪ੍ਰਾਪਤੀਆਂ ਦੇ ਵੱਡੇ ਇਸ਼ਤਿਹਾਰ ਇਹਨਾਂ ਚੋਣਾਂ ਸਮੇਂ ਵੋਟਰਾਂ ਨੂੰ ਪ੍ਰਭਾਵਤ ਕਰਨ ਲਈ ਛਾਪੇ ਗਏ। ਪਰ ਇਹਨਾਂ ਚੋਣਾਂ ਚ ਰੁਝਣ, ਭ੍ਰਿਸ਼ਟਾਚਾਰ ਦੇ ਦੋਸ਼ਾਂ ਤਹਿਤ ਜ਼ੇਲ੍ਹ ਕਟੱਣ ਕਾਰਨ, ਦਿੱਲੀ ਦੀ ਅਣਦੇਖੀ ਹੁੰਦੀ ਗਈ, ਜਿਸ ਕਾਰਨ ਕੇਜਰੀਵਾਲ ਦਾ ਅਧਾਰ ਖੁਰਨ ਲੱਗ ਪਿਆ।
ਭਾਵੇਂ ਕਿ ਸਿੱਖਿਆ ਤੇ ਸਿਹਤ ਖੇਤਰ 'ਚ ਆਪ ਸਰਕਾਰ ਨੇ ਉਲੇਖ ਯੋਗ ਕੰਮ ਵੀ ਕੀਤੇ।ਕੇਜਰੀਵਾਲ ਅਤੇ ਉਹਨਾਂ ਦੇ ਕਈ ਨੇਤਾਵਾਂ ਦਾ ਇਹ ਵਿਸ਼ਵਾਸ਼ ਬਣ ਗਿਆ ਕਿ ਉਹਨਾਂ ਨੂੰ ਕੋਈ ਹਰਾ ਨਹੀਂ ਸਕਦਾ। ਉਹਨਾਂ ਦਾ ਇਹ ਵਹਿਮ ਹੀ ਪਾਰਟੀ ਨੂੰ ਡੁਬੋ ਗਿਆ।
           ਉਂਜ ਵੀ ਕਿਉਂਕਿ ਦਿੱਲੀ ਸਰਕਾਰ ਨੂੰ ਕੇਂਦਰੀ ਸਰਕਾਰ ਨੇ ਵਿਕਾਸ ਤੇ ਭਲਾਈ ਦੇ ਕੰਮਾਂ ਚ ਸਹਿਯੋਗ ਨਹੀਂ ਦਿੱਤਾ ਇਸ ਨਾਲ ਦਿੱਲੀ ਦੇ ਵਿਕਾਸ ਚ ਰੁਕਾਵਟ ਆਈ।
          'ਆਪ' ਦੀ  ਇੱਕ ਹੋਰ ਸਮੱਸਿਆ ਹੈ ਕਿ 'ਆਪ' ਦੇ ਕੇਂਦਰੀ ਆਗੂਆਂ ਨੇ ਇਸ ਨੂੰ ਕਾਡਰ ਅਧਾਰਤ ਪਾਰਟੀ ਨਹੀਂ ਬਣਨ ਦਿੱਤਾ। ਦਿੱਲੀ ਵਿੱਚ ਵੀ ਅਤੇ ਪੰਜਾਬ ਵਿੱਚ ਵੀ ਕੇਜਰੀਵਾਲ ਆਪਣੇ ਸਖ਼ਸ਼ੀ ਉਭਾਰ ਲਈ ਜਾਣੇ ਜਾਂਦੇ ਰਹੇ ਹਨ। ਉਹਨਾਂ ਨੇ ਆਪਣੀ ਪਾਰਟੀ ਦੀ ਵਿਚਾਰਧਾਰਾ ਸਪਸ਼ਟ ਨਹੀਂ ਕੀਤੀ। ਉਹਨਾਂ ਪਾਰਟੀ ਵਰਕਰਾਂ ਨੂੰ ਲੋਕਾਂ ਵਿੱਚ ਪਾਰਟੀ ਦਾ ਮੰਤਵ ਸਮਝਾਉਣ ਲਈ ਕੋਈ ਪ੍ਰੋਗਾਮ ਨਹੀਂ ਦਿੱਤਾ। ਜਿਵੇਂ ਕਿ ਆਮ ਤੌਰ 'ਤੇ ਕਾਡਰ ਅਧਾਰਤ ਪਾਰਟੀਆਂ ਦਿੰਦੀਆਂ ਹਨ।
          ਕੋਈ ਵੀ ਸਿਆਸੀ ਪਾਰਟੀ ਆਪਣੇ ਨਿਸ਼ਾਨੇ ਨੂੰ ਲੋਕਾਂ ਸਾਹਵੇਂ ਪੇਸ਼ ਕਰਦੀ ਹੈ। ਕਮਿਊਨਿਸਟ ਸੋਸ਼ਲਿਸਟ ਵਿਚਾਰਧਾਰਾ ਪੇਸ਼ ਕਰਦੇ ਹਨ। ਕਾਂਗਰਸ ਲੋਕਤੰਤਰ ਦੀ ਹਾਮੀ ਹੈ। ਭਾਜਪਾ ਆਪਣੀ ਵਿਚਾਰਧਾਰਾ ਜੋ ਆਰ.ਐੱਸ.ਐੱਸ ਦੀ ਵਿਚਾਰਧਾਰਾ ਹੈ ਉਸ ਤੇ ਖੜੀ ਦਿਸਦੀ ਹੈ। ਸ਼੍ਰੋਮਣੀ ਅਕਾਲੀ ਦਲ ਇਲਾਕਾਈ ਪਾਰਟੀ ਵਜੋਂ ਆਪਣਾ ਦਾਅਵਾ ਪੇਸ਼ ਕਰਦੀ ਹੈ। ਪਰ &lsquoਆਪ&rsquo ਸਿਰਫ਼ ਕੁੱਝ ਮੁੱਦਿਆਂ ਨੂੰ ਲੈ ਕੇ ਜਦੋਂ ਸਿਆਸਤ ਕਰਦੀ ਰਹੀ, ਉਸ ਨਾਲ ਕੁੱਝ ਸਮਾਂ ਤਾਂ ਉਹ ਵੱਡੇ ਨਾਅਰਿਆਂ ਕਾਰਨ ਲੋਕ ਪ੍ਰਵਾਨਤ ਹੋਈ, ਪਰ ਲੰਮੇ ਸਮੇਂ ਤੱਕ ਉਹ ਆਪਣਾ ਲੋਕ ਅਧਾਰ, ਪਾਰਟੀ-ਕਾਡਰ ਬਨਾਉਣ &lsquoਚ ਅਸਫ਼ਲ ਰਹੀ ਹੈ।
          ਇਹੋਂ ਹੀ ਕਾਰਨ ਹੈ ਕਿ ਉਸਦੇ ਵਰਕਰ ਜਾਂ ਨੇਤਾ ਕਿਸੇ ਸੇਧ ਚ ਨਹੀਂ ਤੁਰਦੇ। ਉਂਜ ਵੀ ਦਿੱਲੀ ਚ ਦਿੱਲੀ ਹਿਤੈਸ਼ੀ, ਪੰਜਾਬ ਚ ਪੰਜਾਬ ਹਿਤੈਸ਼ੀ ਪਾਲਿਸੀਆਂ ਜਿਵੇਂ ਉਸਨੂੰ ਲਾਗੂ ਕਰਨੀਆਂ ਚਾਹੀਦੀਆਂ ਸਨ, ਉਹਨਾਂ ਪ੍ਰਤੀ ਉਸਨੇ ਚੁੱਪੀ ਵੱਟੀ ਰੱਖੀ। ਜਿਸ ਦਾ ਉਸ ਨੂੰ ਵੱਡਾ ਨੁਕਸਾਨ ਉਠਾਉਣਾ ਪਿਆ।
          ਬਦਲਾਅ ਦੇ ਅਧਾਰ ਉਤੇ ਬਣੀ ਆਪ ਲੋਕਾਂ ਚ ਆਪਣਾ ਉਹ ਅਕਸ ਬਣਾਈ ਰੱਖਣ ਚ ਨਾ-ਕਾਮਯਾਬ ਰਹੀਂ, ਜਿਸਦੇ ਅਧਾਰ ਤੇ ਪਾਰਟੀ ਸਥਾਪਿਤ ਕੀਤੀ ਗਈ ਸੀ। ਇਹ ਅਧਾਰ ਰਿਵਾਇਤੀ ਪਾਰਟੀ ਤੋਂ ਹਟਵਾਂ ਸੀ। ਪਰ ਪਾਰਟੀ ਰਿਵਾਇਤੀ ਪਾਰਟੀ ਵਰਗੀ ਦਿੱਖ ਬਣਾਕੇ ਅਤੇ ਉਹਨਾਂ ਜਿਹੀਆਂ ਕਾਰਵਾਈਆਂ ਕਰਕੇ, ਵੱਡਾ ਨੁਕਸਾਨ ਕਰਾ ਬੈਠੀ ਅਤੇ ਦਿੱਲੀ ਦੇ ਲੋਕਾਂ ਨੇ ਉਸਨੂੰ ਸ਼ੀਸ਼ਾ ਵਿਖਾ ਦਿੱਤਾ, ਬਾਵਜੂਦ ਇਸਦੇ ਕਿ ਦਿੱਲੀ ਦੀ ਵੱਡੀ ਆਬਾਦੀ 'ਆਪ' ਸਰਕਾਰ ਤੋਂ ਬਹੁਤੀ ਨਾ-ਖੁਸ਼ ਨਹੀਂ ਸੀ, ਪਰੰਤੂ ਉਹਨਾ ਵਿੱਚੋਂ ਕਾਫ਼ੀ ਲੋਕ ਇਸ ਵੇਰ ਬਦਲਾਅ ਚਾਹੁੰਦੇ ਸਨ।
-ਗੁਰਮੀਤ ਸਿੰਘ ਪਲਾਹੀ