image caption:

19 ਫਰਵਰੀ 2025 (ਬੁੱਧਵਾਰ) ਅੱਜ ਦੀਆਂ ਮੁੱਖ ਖਬਰਾਂ

 ਵਿਦੇਸ਼ੀ ਸਿੱਖ ਭਾਈਚਾਰਾ ਅਮਰੀਕਾ ਵਲੋਂ ਕੀਤੀ ਜਾ ਰਹੀ ਦਸਤਾਰ ਦੀ ਬੇਅਦਬੀ ਬਾਰੇ ਕਿਉਂ ਨਹੀਂ ਬੋਲ ਰਿਹਾ.? ਮਨਜੀਤ ਸਿੰਘ ਜੀਕੇ

👉 ਯੂਕੇ, ਕੈਨੇਡਾ, ਅਮਰੀਕਾ ਦੇ ਸਿੱਖ ਸੰਸਦ ਮੈਂਬਰਾਂ/ਕਾਰਕੁਨ੍ਹਾਂ ਦੀ ਚੁੱਪ ਸਿੱਖ ਦੀ ਪਛਾਣ ਲਈ ਖਤਰਨਾਕ

ਨਵੀਂ ਦਿੱਲੀ,   (ਮਨਪ੍ਰੀਤ ਸਿੰਘ ਖਾਲਸਾ): - ਮਨਜੀਤ ਸਿੰਘ ਜੀ.ਕੇ. ਨੇ ਕੈਨੇਡਾ, ਯੂ.ਕੇ. ਅਤੇ ਅਮਰੀਕਾ ਦੇ ਸਿੱਖ ਆਗੂਆਂ ਅਤੇ ਪ੍ਰਭਾਵਸ਼ਾਲੀ ਲੋਕਾਂ ਨੂੰ ਅਮਰੀਕਾ ਵਲੋਂ ਭਾਰਤ ਡਿਪੋਰਟ ਕੀਤੇ ਗਏ ਸਿੱਖਾਂ ਜਿਨ੍ਹਾਂ ਨੂੰ ਫੌਜੀ ਜਹਾਜ਼ ਵਿੱਚ ਚੜ੍ਹਨ ਤੋਂ ਪਹਿਲਾਂ ਉਨ੍ਹਾਂ ਦੀਆਂ ਪੱਗਾਂ ਲਾਹ ਦਿੱਤੀਆਂ ਗਈਆਂ ਸਨ, ਦੇ ਅਪਮਾਨ ਬਾਰੇ ਚੁੱਪ ਤੋੜਨ ਲਈ ਕਿਹਾ ਹੈ । ਜੀ.ਕੇ. ਨੇ ਸਿੱਖ ਭਾਈਚਾਰੇ ਨੂੰ ਸਿੱਖ ਸਿਆਸੀ ਸ਼ਖਸੀਅਤਾਂ ਦੀ ਚੋਣਵੀਂ ਸਰਗਰਮੀ 'ਤੇ ਸਵਾਲ ਉਠਾਉਂਦੇ ਹੋਏ, ਉਨ੍ਹਾਂ ਨੂੰ ਯਾਦ ਦਿਵਾਇਆ ਕਿ ਸਿੱਖ ਅਧਿਕਾਰ ਭੂਗੋਲ ਨਾਲ ਬੰਨ੍ਹੇ ਨਹੀਂ ਹਨ। ਉਨ੍ਹਾਂ ਸੁਆਲ ਕੀਤਾ ਕਿ ਕਿੱਥੇ ਹਨ ਉਹ ਸਿੱਖ ਸੰਸਦ ਮੈਂਬਰ, ਮੰਤਰੀ ਅਤੇ ਕਾਰਕੁਨ ਜੋ ਭਾਰਤ ਵਿੱਚ ਸਿੱਖ ਮੁੱਦਿਆਂ 'ਤੇ ਬੋਲਣ ਤੋਂ ਕਦੇ ਝਿਜਕਦੇ ਨਹੀਂ.? ਜਦੋਂ ਅਮਰੀਕਾ ਵਿੱਚ ਸਿੱਖ ਪਛਾਣ ਨੂੰ ਕੁਚਲਿਆ ਜਾਂਦਾ ਹੈ ਤਾਂ ਕੀ ਉਨ੍ਹਾਂ ਦੀ ਆਵਾਜ਼ ਬੰਦ ਹੋ ਜਾਂਦੀ ਹੈ? ਫਰਾਂਸ ਵਲੋਂ ਦਸਤਾਰ ਉਪਰ ਲਗਾਈ ਗਈ ਪਾਬੰਦੀ ਪ੍ਰਤੀ ਸਮੂਹਿਕ ਸਿੱਖ ਹੁੰਗਾਰੇ ਦੇ ਸਮਾਨਾਂਤਰ ਬਣਾਉਂਦੇ ਹੋਏ ਜੀ.ਕੇ ਨੇ ਭਾਈਚਾਰੇ ਨੂੰ ਯਾਦ ਦਿਵਾਇਆ ਕਿ ਦਸਤਾਰ ਦੀ ਲੜਾਈ ਹਮੇਸ਼ਾਂ ਇੱਕ ਵਿਸ਼ਵਵਿਆਪੀ ਰਹੀ ਹੈ । ਉਨ੍ਹਾਂ ਯਾਦ ਕਰਵਾਇਆ ਕਿ ਜਦੋਂ ਫਰਾਂਸ ਨੇ ਸਕੂਲਾਂ ਅਤੇ ਸਰਕਾਰੀ ਦਸਤਾਵੇਜ਼ਾਂ ਵਿੱਚ ਦਸਤਾਰ 'ਤੇ ਪਾਬੰਦੀ ਲਗਾ ਦਿੱਤੀ, ਤਾਂ ਸਿੱਖ ਆਪਣੀ ਆਵਾਜ਼ ਉਠਾਉਣ ਤੋਂ ਪਹਿਲਾਂ ਵੀਜ਼ਾ ਸਟੈਂਪਾਂ ਦੀ ਮੰਗ ਕੀਤੇ ਬਿਨਾਂ, ਸਰਹੱਦਾਂ ਦੇ ਪਾਰ, ਇਕੱਠੇ ਖੜ੍ਹੇ ਸਨ। ਹੁਣ ਝਿਜਕ ਕਿਉਂ? ਜਦੋਂ ਅਮਰੀਕੀ ਧਰਤੀ 'ਤੋਂ ਨੰਗੇ ਸਿਰ ਸਿੱਖ ਡਿਪੋਰਟ ਕੀਤੇ ਗਏ ਤਾਂ ਚੁੱਪ ਕਿਉਂ? ਜੀ.ਕੇ ਨੇ ਦੇਸ਼ ਨਿਕਾਲੇ ਵਾਲਿਆਂ ਨੂੰ ਵਾਪਸ ਲਿਆਉਣ ਲਈ ਆਪਣੇ ਜਹਾਜ਼ ਭੇਜਣ ਵਿੱਚ ਅਸਫਲ ਰਹਿਣ ਲਈ ਭਾਰਤ ਸਰਕਾਰ ਦੀ ਵੀ ਆਲੋਚਨਾ ਕੀਤੀ ਅਤੇ ਇਸ ਨੂੰ ਰਾਸ਼ਟਰੀ ਸ਼ਰਮਨਾਕ ਕਰਾਰ ਦਿੱਤਾ। ਉਨ੍ਹਾਂ ਅਮਰੀਕਨ ਕਾਰਕੁੰਨਾਂ, ਕੈਨੇਡਾ ਵਿੱਚ ਦਰਜਨਾਂ ਤੋਂ ਵੱਧ ਸਿੱਖ ਸੰਸਦ ਮੈਂਬਰਾਂ ਅਤੇ ਯੂਕੇ ਵਿੱਚ 11 ਸਿੱਖ ਸੰਸਦ ਮੈਂਬਰਾਂ ਦੀ ਆਲੋਚਨਾ ਕੀਤੀ ਅਤੇ ਸਵਾਲ ਕੀਤਾ ਕਿ ਉਨ੍ਹਾਂ ਵਿੱਚੋਂ ਇੱਕ ਨੇ ਵੀ ਇਸ ਬੇਇਨਸਾਫ਼ੀ ਵਿਰੁੱਧ ਕਿਉਂ ਨਹੀਂ ਬੋਲਿਆ। ਜੀ ਕੇ ਨੇ ਚੇਤਾਵਨੀ ਦੇਂਦਿਆ ਕਿਹਾ ਕਿ &ldquoਜੇਕਰ ਪੱਛਮ ਦੇ ਸਿੱਖ ਆਗੂ ਇਸ ਮਸਲੇ ਤੇ ਚੁੱਪ ਰਹਿੰਦੇ ਹਨ ਕਿ ਜਦੋਂ ਸਾਡੇ ਆਪਣੇ ਲੋਕਾਂ ਨੂੰ ਸ਼ਰਮਿੰਦਾ ਕੀਤਾ ਜਾਂਦਾ ਹੈ, ਤਾਂ ਉਨ੍ਹਾਂ ਵਲੋਂ ਇੱਕ ਖ਼ਤਰਨਾਕ ਮਿਸਾਲ ਕਾਇਮ ਕੀਤੀ ਜਾ ਰਹੀ ਹੈ ਕਿ ਸਿੱਖ ਪਛਾਣ ਨੂੰ ਬਿਨਾਂ ਨਤੀਜੇ ਦੇ ਉਲੰਘਿਆ ਜਾ ਸਕਦਾ ਹੈ। ਦਸਤਾਰ ਸਿਰਫ਼ ਕੱਪੜਾ ਨਹੀਂ ਹੈ, ਇਹ ਸਾਡੀ ਪਛਾਣ ਹੈ ਅਤੇ ਜੇਕਰ ਅਸੀਂ ਹੁਣ ਇਸਦਾ ਬਚਾਅ ਕਰਨ ਵਿੱਚ ਅਸਫਲ ਰਹਿੰਦੇ ਹਾਂ, ਤਾਂ ਅਸੀਂ ਆਪਣੇ ਸਿਧਾਂਤਾਂ ਨਾਲ ਵਿਸ਼ਵਾਸਘਾਤ ਕਰਦੇ ਹਾਂ । ਉਨ੍ਹਾਂ ਨੇ ਵਿਦੇਸ਼ੀ ਸਿੱਖ ਭਾਈਚਾਰੇ ਨੂੰ ਜਵਾਬਦੇਹੀ ਦੀ ਮੰਗ ਕਰਨ ਦੀ ਅਪੀਲ ਕੀਤੀ, ਇਸ ਗੱਲ 'ਤੇ ਜ਼ੋਰ ਦਿੱਤਾ ਕਿ ਇਸ ਸਮੇਂ ਉਨ੍ਹਾਂ ਦੀ ਚੁੱਪ ਸਿੱਖਾਂ ਨੂੰ ਬੋਲ਼ੇ ਕਰਨ ਵਾਲੀ ਹੋਵੇਗੀ।

ਦਿੱਲੀ ਕਮੇਟੀ ਵਲੋਂ ਉਲੀਕੀ ਗਈ ਆਲ ਇੰਡੀਆ ਪੰਥਕ ਕਨਵੈਨਸ਼ਨ ਵੱਲੋਂ ਗਿਆਨੀ ਹਰਪ੍ਰੀਤ ਸਿੰਘ ਨੂੰ ਸੇਵਾ ਮੁਕਤ ਕਰਨ ਦਾ ਫੈਸਲਾ ਮੁੱਢੋਂ ਰੱਦ

👉 ਇਕ ਪਰਿਵਾਰ ਨੂੰ ਬਚਾਉਣ ਵਾਸਤੇ ਸਿੱਖ ਸੰਸਥਾਵਾਂ ਦਾ ਘਾਣ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ: ਕਾਲਕਾ/ ਕਾਹਲੋਂ

ਨਵੀਂ ਦਿੱਲੀ,  (ਮਨਪ੍ਰੀਤ ਸਿੰਘ ਖਾਲਸਾ):- ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਆਯੋਜਿਤ ਆਲ ਇੰਡੀਆ ਪੰਥਕ ਕਨਵੈਨਸ਼ਨ ਨੇ ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੀਆਂ ਸੇਵਾਵਾਂ ਸਮਾਪਤ ਕਰਨ ਬਾਰੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਲਿਆ ਗਿਆ ਫੈਸਲਾ ਮੁੱਢੋਂ ਹੀ ਰੱਦ ਕਰ ਦਿੱਤਾ ਹੈ ਤੇ ਗਿਆਨੀ ਹਰਪ੍ਰੀਤ ਸਿੰਘ ਨੂੰ ਕਿਹਾ ਹੈ ਕਿ ਉਹ ਸਿੱਖ ਧਰਮ ਦੇ ਵਿਸ਼ਵ ਭਰ ਵਿਚ ਪ੍ਰਚਾਰ ਤੇ ਪ੍ਰਸਾਰ ਲਈ ਕੰਮ ਕਰਨ ਜਿਸ ਵਾਸਤੇ ਦਿੱਲੀ ਗੁਰਦੁਆਰਾ ਕਮੇਟੀ ਸਮੇਤ ਸਮੁੱਚੀਆਂ ਸਿੱਖ ਸੰਸਥਾਵਾਂ ਉਹਨਾਂ ਦਾ ਸਾਥ ਦੇਣਗੀਆਂ।
ਅੱਜ ਇਥੇ ਗੁਰਦੁਆਰਾ ਰਕਾਬਗੰਜ ਸਾਹਿਬ ਕੰਪਲੈਕਸ ਵਿਚ ਭਾਈ ਲੱਖੀ ਸ਼ਾਹ ਵਣਜਾਰਾ ਹਾਲ ਵਿਚ ਹੋਈ ਆਲ ਇੰਡੀਆ ਪੰਥਕ ਕਨਵੈਨਸ਼ਨ ਵਿਚ ਅੱਜ ਅੱਧਾ ਦਰਜਨ ਦੇ ਕਰੀਬ ਮਤੇ ਸਰਬਸੰਮਤੀ ਨਾਲ ਪ੍ਰਵਾਨ ਕੀਤੇ ਗਏ। ਇਹਨਾਂ ਵਿਚ ਪਹਿਲੇ ਮਤੇ ਰਾਹੀਂ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ 2 ਦਸੰਬਰ ਨੂੰ ਸੁਣਾਏ ਗਏ ਹੁਕਮਨਾਮੇ ਨੂੰ ਇੰਨ ਬਿਨ ਲਾਗੂ ਕਰਵਾਉਣ ਦੀ ਹਮਾਇਤ ਕੀਤੀ ਗਈ। ਦੂਜੇ ਮਤੇ ਰਾਹੀਂ ਗਿਆਨੀ ਹਰਪ੍ਰੀਤ ਸਿੰਘ ਜੀ ਦੀਆਂ ਸੇਵਾਵਾਂ ਖ਼ਤਮ ਕਰਨ ਦੇ ਫੈਸਲੇ ਨੂੰ ਮੁੱਢੋਂ ਰੱਦ ਕੀਤਾ ਗਿਆ ਤੇ ਉਹਨਾਂ ਨੂੰ ਵਿਸ਼ਵ ਭਰ ਵਿਚ ਸਿੱਖੀ ਦੇ ਪ੍ਰਚਾਰ ਤੇ ਪ੍ਰਸਾਰ ਕਰਨ ਵਾਸਤੇ ਮੁਹਿੰਮ ਜਾਰੀ ਰੱਖਣ ਦੀ ਅਪੀਲ ਕੀਤੀ ਗਈ। ਤੀਜੇ ਮਤੇ ਰਾਹੀਂ 1984 ਦੇ ਸਿੱਖ ਕਤਲੇਆਮ ਦੇ ਦੋਸ਼ੀਆਂ ਦਾ ਸਰਨਾ ਭਰਾਵਾਂ ਵੱਲੋਂ ਮਾਣ ਸਨਮਾਨ ਕਰਨ ਦੀ ਨਿਖੇਧੀ ਕੀਤੀ ਗਈ ਤੇ ਪ੍ਰਣ ਲਿਆ ਗਿਆ ਕਿ ਇਸ ਕਤਲੇਆਮ ਦੇ ਸਾਰੇ ਦੋਸ਼ੀਆਂ ਨੂੰ ਸਜ਼ਾਵਾਂ ਦੁਆਉਣ ਤੱਕ ਦਿੱਲੀ ਗੁਰਦੁਆਰਾ ਕਮੇਟੀ ਦੀ ਮੌਜੂਦਾ ਟੀਮ ਆਪਣਾ ਸੰਘਰਸ਼ ਜਾਰੀ ਰੱਖੇਗੀ। ਚੌਥੇ ਮਤੇ ਰਾਹੀਂ ਇਕੱਠ ਨੇ ਵਿਸ਼ਵ ਪੱਧਰ &rsquoਤੇ ਸਿੱਖਾਂ ਦੀ ਤਾਲਮੇਲ ਕਮੇਟੀ ਬਣਾਉਣ ਦੀ ਤਜਵੀਜ਼ ਰੱਖੀ ਤਾਂ ਜੋ ਦੇਸ਼ ਵਿਦੇਸ਼ ਦੀਆਂ ਪ੍ਰਮੁੱਖ ਪ੍ਰਬੰਧਕ ਕਮੇਟੀਆਂ ਦੀ ਸ਼ਮੂਲੀਅਤ ਕਰਵਾ ਕੇ ਸਿੱਖ ਕੌਮ ਨੂੰ ਦਰਪੇਸ਼ ਚੁਣੌਤੀਆਂ ਦੇ ਹੱਲ ਵਾਸਤੇ ਸਾਂਝੇ ਉਦਮ ਕੀਤੇ ਜਾਣ। ਇਹ ਵੀ ਕਿਹਾ ਗਿਆ ਕਿ ਜਥੇਦਾਰ ਸਾਹਿਬਾਨ ਦੀ ਨਿਯੁਕਤੀ ਵਾਸਤੇ ਵਿਧੀ ਵਿਧਾਨ ਬਣਾਇਆ ਜਾਵੇ। ਇਕ ਹੋਰ ਮਤੇ ਰਾਹੀਂ ਕਨਵੈਨਸ਼ਨ ਵਿਚ ਕਮੇਟੀ ਦੇ ਸਾਬਕਾ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਦੇ ਖਿਲਾਫ ਕੇਸਾਂ ਵਿਚ ਚਾਰਜਸ਼ੀਟ ਦਾਇਰ ਕਰਨ ਦਾ ਸਵਾਗਤ ਕੀਤਾ ਗਿਆ ਤੇ ਸੰਗਤ ਨੂੰ ਅਪੀਲ ਕੀਤੀ ਗਈ ਕਿ ਅਜਿਹੇ ਲੋਕਾਂ ਨੂੰ ਮੂੰਹ ਨਾ ਲਗਾਇਆ ਜਾਵੇ। ਜਨਰਲ ਸਕੱਤਰ ਸਰਦਾਰ ਜਗਦੀਪ ਸਿੰਘ ਕਾਹਲੋਂ ਵੱਲੋਂ ਜੈਕਾਰਿਆਂ ਨਾਲ ਪਾਸ ਕੀਤੇ ਮਤੇ ਰਾਹੀਂ ਸੰਗਤ ਨੇ ਅਦਾਲਤ ਨੂੰ ਅਪੀਲ ਕੀਤੀ ਕਿ 1984 ਦੇ ਸਿੱਖ ਕਤਲੇਆਮ ਦੇ ਕੇਸ ਵਿਚ ਕਾਂਗਰਸੀ ਆਗੂ ਸੱਜਣ ਕੁਮਾਰ ਨੂੰ ਫਾਂਸੀ ਦੀ ਸਜ਼ਾ ਦਿੱਤੀ ਜਾਵੇ।
ਸੰਗਤ ਨੂੰ ਸੰਬੋਧਨ ਕਰਦਿਆਂ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਮੌਜੂਦਾ ਦੌਰ ਵਿਚ ਸਿਰਫ 10 ਜਣੇ ਹੀ ਅਕਾਲੀ ਦਲ ਨੂੰ ਡੋਬਣ &rsquoਤੇ ਲੱਗੇ ਹਨ ਜਿਸ ਵਿਚੋਂ 2 ਦਿੱਲੀ ਦੇ ਹਨ ਤੇ 8 ਪੰਜਾਬ ਦੇ ਹਨ। ਉਹਨਾਂ ਕਿਹਾ ਕਿ ਦਿੱਲੀ ਵਾਲਿਆਂ ਨੇ ਕਾਰ &rsquoਤੇ ਹਥੋੜਾ ਮਾਰ ਕੇ ਹੁਣ ਉਸ &rsquoਤੇ ਸਵਾਰੀ ਕਰ ਲਈ ਹੈ। ਉਹਨਾਂ ਕਿਹਾ ਕਿ ਬਾਕੀ ਸਾਰੀ ਕੌਮ ਪੰਥ ਦੀ ਬੇਹਤਰੀ ਲਈ ਕੰਮ ਕਰ ਰਹੀ ਹੈ ਪਰ ਇਹ 10 ਜਣੇ ਪੰਥ ਦੇ ਖਿਲਾਫ ਕੰਮ ਕਰ ਰਹੇ ਹਨ। ਇਸ ਕਨਵੈਨਸ਼ਨ ਵਿਚ ਬਾਬਾ ਬਲਜੀਤ ਸਿੰਘ ਦਾਦੂਵਾਲ ਨੇ ਕਿਹਾ ਕਿ ਅੱਜ ਦੀ ਕਨਵੈਨਸ਼ਨ ਦੀ ਮੇਜ਼ਬਾਨੀ ਕਰਨ ਵਾਸਤੇ ਦਿੱਲੀ ਗੁਰਦੁਆਰਾ ਕਮੇਟੀ ਵਧਾਈ ਦੀ ਪਾਤਰ ਹੈ। ਉਹਨਾਂ ਕਿਹਾ ਕਿ ਅੱਜ ਜਿਹੜੇ ਹਾਲਾਤ ਸ਼੍ਰੋਮਣੀ ਕਮੇਟੀ ਤੇ ਸ਼੍ਰੋਮਣੀ ਅਕਾਲੀ ਦਲ ਤੇ ਤਖਤ ਸਾਹਿਬਾਨ ਦੇ ਜੋ ਹਾਲ ਹਨ, ਉਸ ਲਈ ਬਾਦਲ ਪਰਿਵਾਰ ਜ਼ਿੰਮੇਵਾਰ ਹੈ। ਉਹਨਾਂ ਕਿਹਾ ਕਿ ਉਹ ਗਿਆਨੀ ਰਘਬੀਰ ਸਿੰਘ ਜਥੇਦਾਰ ਅਕਾਲ ਤਖਤ ਨੂੰ ਅਪੀਲ ਕਰਦੇ ਹਨ ਕਿ ਇਸ ਮਸਲੇ ਦਾ ਹੱਲ ਉਹਨਾ ਚਿਰ ਨਹੀਂ ਹੋਣਾ ਜਿੰਨਾ ਚਿਰ ਉਹ ਅਕਾਲੀ ਫੂਲਾ ਸਿੰਘ ਦਾ ਰੋਲ ਨਹੀਂ ਨਿਭਾਉਂਦੇ ਤੇ ਸੁਖਬੀਰ ਸਿੰਘ ਬਾਦਲ ਨੂੰ ਪੰਥ ਵਿਚੋਂ ਖਾਰਜ ਨਹੀਂ ਕਰਦੇ। ਇਸ ਪੰਥਕ ਕਨਵੈਨਸ਼ਨ ਨੂੰ ਸੰਬੋਧਨ ਕਰਦਿਆਂ ਕਮੇਟੀ ਦੇ ਪ੍ਰਧਾਨ ਸਰਦਾਰ ਹਰਮੀਤ ਸਿੰਘ ਕਾਲਕਾ ਤੇ ਜਨਰਲ ਸਕੱਤਰ ਸਰਦਾਰ ਜਗਦੀਪ ਸਿੰਘ ਕਾਹਲੋਂ ਨੇ ਕਿਹਾ ਕਿ ਇਕ ਪਰਿਵਾਰ ਨੂੰ ਬਚਾਉਣ ਵਾਸਤੇ ਸਿੱਖ ਸੰਸਥਾਵਾਂ ਦਾ ਘਾਣ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। ਉਹਨਾਂ ਕਿਹਾ ਕਿ ਪੰਜਾਬ ਵਿਚ ਸਿੱਖੀ ਸੰਸਥਾਵਾਂ ਦਾ ਘਾਣ ਕੀਤਾ ਜਾ ਰਿਹਾ ਹੈ ਤੇ ਜੇਕਰ ਕੋਈ ਵੀ ਇਕ ਪਰਿਵਾਰ ਦੇ ਹੁਕਮ ਤੋਂ ਬਾਹਰ ਜਾਂਦਾ ਹੈ ਤਾਂ ਉਸਨੂੰ ਸਿਆਸੀ ਤੌਰ &rsquoਤੇ ਖ਼ਤਮ ਕਰਨ ਵਾਸਤੇ ਕੋਈ ਕਸਰ ਨਹੀਂ ਛੱਡੀ ਜਾਂਦੀ। ਉਹਨਾਂ ਕਿਹਾ ਕਿ ਬਹੁਤ ਹੀ ਮੰਦਭਾਗੀ ਗੱਲ ਹੈ ਕਿ ਇਸ ਪਰਿਵਾਰ ਦੇ ਰਾਜਕਾਲ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਹੋਈਆਂ, ਡੇਰਾ ਸਿਰਸਾ ਵਾਲੇ ਨੂੰ ਮੁਆਫੀਆਂ ਦਿੱਤੀਆਂ ਗਈਆਂ ਤੇ ਹੋਰ ਬਜ਼ਰ ਗੁਨਾਹ ਹੋਏ ਪਰ ਇਸ ਪਰਿਵਾਰ ਨੂੰ ਕੋਈ ਫਰਕ ਨਹੀਂ ਪਿਆ। ਉਹਨਾਂ ਕਿਹਾ ਕਿ ਹੁਣ ਸੰਗਤ ਨੇ ਇਸ ਪਰਿਵਾਰ ਦੀ ਅਗਵਾਈ ਵਾਲੇ ਅਕਾਲੀ ਨੂੰ ਬਿਲਕੁਲ ਜ਼ੀਰੋ ਕਰ ਦਿੱਤਾ ਹੈ। ਇਸ ਪੰਥਕ ਕਨਵੈਨਸ਼ਨ ਵਿਚ ਮੰਚ ਦਾ ਸੰਚਾਲਨ ਜਸਪ੍ਰੀਤ ਸਿੰਘ ਕਰਮਸਰ ਚੇਅਰਮੈਨ ਧਰਮ ਪ੍ਰਚਾਰ ਕਮੇਟੀ ਨੇ ਕੀਤਾ ਸੀ । ਕਾਨਫਰੰਸ ਵਿਚ ਭਾਈ ਜਸਬੀਰ ਸਿੰਘ ਰੋਡੇ, ਗਿਆਨੀ ਹਰਪ੍ਰੀਤ ਸਿੰਘ, ਬਾਬਾ ਮੇਜਰ ਸਿੰਘ, ਬਾਬਾ ਸੁੰਦਰ ਸਿੰਘ, ਬਾਬਾ ਕਸ਼ਮੀਰ ਸਿੰਘ ਭੂਰੀ ਵਾਲੇ, ਬਾਬਾ ਜੋਗਾ ਸਿੰਘ ਕਰਨਾਲ ਵਾਲੇ, ਕਰਮਜੀਤ ਸਿੰਘ ਜਗਾਧਰੀ ਵਾਲੇ, ਬਾਬਾ ਗੁਰਬਚਨ ਸਿੰਘ, ਮਹੰਤ ਰੇਸ਼ਮ ਸਿੰਘ, ਬਾਬਾ ਬਚਨ ਸਿੰਘ, ਹਰਪਾਲ ਸਿੰਘ ਜੌਹਲ, ਮੋਹਕਮ ਸਿੰਘ ਦਮਦਮੀ ਟਕਸਾਲ, ਸਾਬਕਾ ਐਮ ਪੀ ਤਰਲੋਚਨ ਸਿੰਘ, ਗੁਰਦੀਪ ਸਿੰਘ ਉੱਤਰਾਖੰਡ, ਅਜੈਪਾਲ ਸਿੰਘ ਪ੍ਰਧਾਨ ਸਿੱਖ ਸਮਾਜ ਰਾਜਸਥਾਨ, ਜਸਬੀਰ ਸਿੰਘ ਸਾਬਕਾ ਚੇਅਰਮੈਨ ਘੱਟ ਗਿਣਤੀ ਕਮਿਸ਼ਨ, ਬਾਬਾ ਮੇਜਰ ਸਿੰਘ ਤਰਣਾ ਦਲ, ਰਾਜਿੰਦਰ ਸਿੰਘ ਚੇਨਈ, ਇੰਦਰਬੀਰ ਸਿੰਘ ਸੁਲਤਾਨੀ ਅੰਮ੍ਰਿਤਸਰ, ਤਰਲੋਚਨ ਸਿੰਘ ਗੰਭੀਰ ਮੈਂਬਰ ਘੱਟ ਗਿਣਤੀ ਕਮਿਸ਼ਨ, ਜਗਜੀਤ ਸਿੰਘ ਦਰਦੀ ਟਾਈਮ ਟੀ ਵੀ, ਪਰਵਿੰਦਰ ਸਿੰਘ ਮੈਂਬਰ, ਬਾਬਾ ਅਰਜਨ ਸਿੰਘ ਆਲਮਪੁਰ, ਅਜੀਤ ਸਿੰਘ ਛਾਬੜਾ, ਗੁਰਬਖਸ਼ ਸਿੰਘ ਤਖਤ ਸ੍ਰੀ ਹਜ਼ੂਰ ਸਾਹਿਬ, ਗੁਰਦੀਪ ਸਿੰਘ ਬਠਿੰਡਾ, ਗੁਰਦੀਪ ਸਿੰਘ ਸੀ ਈ ਓ, ਸੰਤੋਖ ਸਿੰਘ, ਬਾਬਾ ਸਾਹਿਬ ਸਿੰਘ ਗੁਰੂ ਨਾਨਕ ਦਲ, ਮਨਜੀਤ ਸਿੰਘ ਭਾਟੀਆ, ਗੁਰਦੀਪ ਸਿੰਘ ਦੇਹਰਾਦੂਨ, ਬਾਬਾ ਮਾਨ ਸਿੰਘ, ਗੁਰਿੰਦਰ ਸਿੰਘ ਗੋਬਿੰਦ ਬਾਗ, ਨਿਰਮਲ ਪੰਚਾਇਤੀ ਅਖਾੜਾ ਤੋਂ ਬਾਬਾ ਰੇਸ਼ਮ ਸਿੰਘ, ਬਾਬਾ ਅਵਤਾਰ ਸਿੰਘ ਬਿਧੀ ਚੰਦ ਸੰਸਥਾ ਅਤੇ ਬਾਬਾ ਨਾਹਰ ਸਿੰਘ ਸਮੇਤ ਹੋਰ ਸ਼ਖਸੀਅਤਾਂ ਹਾਜ਼ਰ ਸਨ।


ਸਿੱਖਾਂ ਨੂੰ ਹਿੰਦੂਆਂ ਦਾ ਹਿੱਸਾ ਦਸਣ ਵਾਲੇ ਆਰਪੀ ਸਿੰਘ, ਸਿੱਖ ਹਿੰਦੂ ਨਹੀਂ "ਅਕਾਲ ਪੁਰਖ ਦੀ ਫੌਜ" ਹੈ: ਭਾਈ ਅਰਵਿੰਦਰ ਸਿੰਘ ਰਾਜਾ
ਨਵੀਂ ਦਿੱਲੀ (ਮਨਪ੍ਰੀਤ ਸਿੰਘ ਖਾਲਸਾ):- ਜਿਸ ਸਮੇਂ ਤੋਂ ਸਿੱਖ ਧਰਮ ਹੋਂਦ ਵਿੱਚ ਆਇਆ ਹੈ, ਉਸੇ ਸਮੇਂ ਤੋਂ ਕੱਟੜਵਾਦੀ ਹਿੰਦੂ ਵਿਦਵਾਨਾਂ ਵੱਲੋਂ ਸਿੱਖ ਧਰਮ ਨੂੰ ਇੱਕ ਵਿਲੱਖਣ ਤੇ ਨਿਆਰਾ ਧਰਮ ਮੰਨਣ ਦੀ ਥਾਂ, ਇਸ ਨੂੰ ਹਿੰਦੂ ਧਰਮ ਦਾ ਇੱਕ ਹਿੱਸਾ ਜ਼ਬਰਦਸਤੀ ਗਰਦਾਨੇ ਜਾਣ ਲਈ ਸਿਰਤੋੜ ਯਤਨ ਕੀਤੇ ਜਾ ਰਹੇ ਹਨ। ਅਖੰਡ ਕੀਰਤਨੀ ਜੱਥਾ (ਦਿੱਲੀ) ਦੇ ਮੁੱਖ ਸੇਵਾਦਾਰ ਭਾਈ ਅਰਵਿੰਦਰ ਸਿੰਘ ਰਾਜਾ ਨੇ ਕਿਹਾ ਕਿ ਦੁੱਖ ਇਸ ਗੱਲ ਦਾ ਹੈ ਕਿ ਭਾਜਪਾ ਦੇ ਆਰਪੀ ਸਿੰਘ ਵਰਗੇ ਅਖੌਤੀ ਜੋ ਸਿੱਖ ਹੋਣ ਦਾ ਦਾਹਵਾ ਕਰਦੇ ਰਹਿੰਦੇ ਹਨ ਕੁਰਸੀ ਦੀ ਭੁੱਖ ਅਤੇ ਚਾਪਲੂਸੀਆਂ ਕਰਕੇ ਸਿੱਖਾਂ ਨੂੰ ਹਿੰਦੂਆਂ ਦਾ ਹਿੱਸਾ ਦਸ ਰਹੇ ਹਨ । ਉਨ੍ਹਾਂ ਨੂੰ ਚੇਤੇ ਹੋਣਾ ਚਾਹੀਦਾ ਹੈ ਕਿ ਗੁਰੂ ਨਾਨਕ ਪਾਤਸ਼ਾਹ ਨੇ ਕਿਹਾ ਸੀ ਕਿ "ਨਾ ਹਮ ਹਿੰਦੂ ਨਾ ਮੁਸਲਮਾਨ॥ ਅਲਾਹ ਰਾਮ ਕੇ ਪਿੰਡ ਪਰਾਨ॥" ਅਤੇ ਸਿੱਖ ਧਰਮ ਦਸ ਗੁਰੂਆਂ ਦੀ ਓਹ ਦੇਣ ਹੈ ਜਿਸ ਸਦਕਾ ਅਜ ਸੰਸਾਰ ਅੰਦਰ ਮਨੁੱਖਤਾ ਦੀ ਸੇਵਾ ਦਾ ਨਾਮ ਰੋਸ਼ਨ ਹੋਇਆ ਹੈ ਜਬਰ ਅਤੇ ਅਨਿਆਂ ਵਿਰੁੱਧ ਆਵਾਜ਼ ਬੁਲੰਦ ਕਰਣ ਦੀ ਹਿੰਮਤ ਪੈਦਾ ਹੋਈ ਹੈ । ਸਿੱਖ ਧਰਮ ਜੋ ਕਿ ਦਸਮ ਪਾਤਸ਼ਾਹ ਵਲੋਂ ਅੰਮ੍ਰਿਤ ਸੰਚਾਰ ਤੋਂ ਬਾਅਦ ਖਾਲਸਾ ਪੰਥ ਸਜ ਗਿਆ ਸੀ ਪਰਮਾਤਮਾ ਦੀ ਮੌਜ ਵਿੱਚੋ ਪ੍ਰਗਟ ਹੋਇਆ "ਖਾਲਸਾ ਅਕਾਲ ਪੁਰਖ ਕੀ ਫੌਜ ॥ ਪ੍ਰਗਟਿਓ ਖਾਲਸਾ ਪ੍ਰਮਾਤਮ ਕੀ ਮੌਜ" ॥ ਹੈ ਨਾ ਕਿ ਕਿਸੇ ਹਿੰਦੂ ਧਰਮ ਦਾ ਹਿੱਸਾ । ਸਿੱਖ ਧਰਮ ਇਨਸਾਨੀਅਤ ਦੇ ਤੌਰ &rsquoਤੇ ਹਿੰਦੂ, ਮੁਸਲਮਾਨ, ਈਸਾਈ, ਬੋਧੀ, ਜੈਨੀ, ਜਹੂਦੀ, ਪਾਰਸੀ ਆਦਿਕ ਸਾਰੇ ਹੀ ਧਰਮਾਂ ਦਾ ਸਤਿਕਾਰ ਕਰਦਾ ਹੈ ਅਤੇ ਸਾਰੀ ਮਨੁੱਖਤਾ ਨੂੰ ਇੱਕ ਅਕਾਲ ਪੁਰਖ ਦੀ ਅੰਸ਼ ਜਾਣ ਕੇ ਆਪਸੀ ਭਾਈਚਾਰਾ ਕਾਇਮ ਰੱਖਣ ਦਾ ਹਾਮੀ ਹੈ: &lsquoਏਕੁ ਪਿਤਾ ਏਕਸ ਕੇ ਹਮ ਬਾਰਿਕ ਤੂ ਮੇਰਾ ਗੁਰ ਹਾਈ ॥&rsquo (611)। ਇੱਕ ਪਿਤਾ ਦੇ ਪੁੱਤਰ ਹੋਣ ਦੇ ਨਾਤੇ ਕਿਸੇ ਨਾਲ ਵੈਰ ਭਾਵਨਾ ਰੱਖਣ ਦੇ ਵਿਰੁੱਧ ਹੈ ਅਤੇ ਸਭ ਨਾਲ ਮਿੱਤਰਤਾ ਕਾਇਮ ਰੱਖਣ ਦਾ ਚਾਹਵਾਨ ਹੈ: &lsquoਸਭੁ ਕੋ ਮੀਤੁ ਹਮ ਆਪਨ ਕੀਨਾ ਹਮ ਸਭਨਾ ਕੇ ਸਾਜਨ ॥&rsquo (671) ਅਤੇ &lsquoਨਾ ਕੋ ਬੈਰੀ ਨਹੀਂ ਬਿਗਾਨਾ ਸਗਲ ਸੰਗਿ ਹਮ ਕਉ ਬਨਿ ਆਈ ॥&rsquo (1299)। ਪਰ ਆਪਣੇ ਆਪ ਨੂੰ ਕਦਾਚਿਤ ਵੀ ਹਿੰਦੂ ਜਾਂ ਹੋਰ ਕਿਸੇ ਧਰਮ ਦਾ ਹਿੱਸਾ ਜਾਂ ਪਿਛਲੱਗ ਬਣਨ ਲਈ ਤਿਆਰ ਨਹੀਂ ਹੈ। ਇਸ ਦਾ ਕਾਰਣ ਇਹ ਹੈ ਕਿ ਗੁਰੂ ਨਾਨਕ ਸਾਹਿਬ ਜੀ ਨੇ 10 ਸਾਲ ਦੀ ਉਮਰ ਵਿੱਚ ਹੀ ਹਿੰਦੂ ਧਰਮ ਦੀ ਪਵਿੱਤਰ ਮੰਨੀ ਗਈ ਰਸਮ ਜਨੇਊ ਪਹਿਨਣ ਤੋਂ ਇਨਕਾਰ ਕਰਕੇ ਇਹ ਦੱਸ ਦਿੱਤਾ ਸੀ ਕਿ ਉਹ ਹਿੰਦੂ ਨਹੀਂ ਅਤੇ ਉਸ ਦਾ ਧਰਮ ਕੋਈ ਹੋਰ ਹੈ। ਇਸ ਤੋਂ ਇਲਾਵਾ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਬਾਣੀ ਦੇ ਰਚਨਹਾਰੇ 6 ਗੁਰੂਆਂ ਸਮੇਤ ਸਾਰੇ ਹੀ ਭਗਤ ਸਾਹਿਬਾਨ ਨੇ ਉਸ ਸਮੇਂ ਭਾਰਤ ਵਿੱਚ ਪ੍ਰਚਲਤ ਹਿੰਦੂ, ਇਸਲਾਮ, ਜੋਗ ਅਤੇ ਜੈਨ ਧਰਮ ਦੇ ਮੁੱਢਲੇ ਸਿਧਾਂਤਾਂ ਅਤੇ ਅੰਧਵਿਸ਼ਵਾਸ਼ਾਂ &rsquoਤੇ ਜ਼ਬਰਦਸਤ ਚੋਟ ਕਰਦੇ ਹੋਏ ਉਨ੍ਹਾਂ ਨੂੰ ਮੰਨਣ ਤੋਂ ਇਨਕਾਰੀ ਹੈ। ਉਨ੍ਹਾਂ ਕਿਹਾ ਕਿ ਅਸੀਂ ਜੱਥੇਦਾਰ ਅਕਾਲ ਤਖਤ ਸਾਹਿਬ, ਸ਼੍ਰੋਮਣੀ ਕਮੇਟੀ, ਦਿੱਲੀ ਕਮੇਟੀ, ਸਿੱਖ ਪੰਥ ਦੀਆਂ ਧਾਰਮਿਕ ਰਾਜਸੀ ਜੱਥੇਬੰਦੀਆਂ ਨੂੰ ਸਨਿਮਰ ਅਪੀਲ ਕਰਦੇ ਹਾਂ ਕਿ ਆਰਪੀ ਸਿੰਘ ਵਰਗੇਆਂ ਉਪਰ ਧਾਰਮਿਕ ਭਾਵਨਾਵਾਂ ਦਾ ਖਿਲਵਾੜ ਕਰਦਿਆਂ ਸਿੱਖ ਹਿਰਦਿਆਂ ਨੂੰ ਠੇਸ ਪਹੁੰਚਾਣ ਦਾ ਮਾਮਲਾ ਦਰਜ਼ ਕਰਵਾ ਕੇ ਇੰਨ੍ਹਾ ਵਿਰੁੱਧ ਬਣਦੀ ਕਾਰਵਾਈ ਕੀਤੀ ਜਾਏ ਜਿਸ ਨਾਲ ਹੋਰਾਂ ਨੂੰ ਵੀ ਸਿੱਖ ਪੰਥ ਨਾਲ ਛੇੜਛਾੜ ਕਰਣ ਦਾ ਹੋਂਸਲਾ ਨਾ ਪੈ ਸਕੇ ।


ਐਡਵੋਕੇਟ ਧਾਮੀ ਦੇ ਹਟਣ ਨਾਲ ਪੰਥ ਦਾ ਵੱਡਾ ਨੁਕਸਾਨ: ਬਾਬਾ ਹਰਨਾਮ ਸਿੰਘ ਧੂੰਮਾ
ਨਵੀਂ ਦਿੱਲੀ (ਮਨਪ੍ਰੀਤ ਸਿੰਘ ਖਾਲਸਾ):- ਦਮਦਮੀ ਟਕਸਾਲ ਦੇ ਮੁਖੀ ਸੰਤ ਗਿਆਨੀ ਹਰਨਾਮ ਸਿੰਘ ਭਿੰਡਰਾਂਵਾਲਿਆਂ ਵਲੋਂ ਅਤਿ ਸਤਿਕਾਰਯੋਗ ਸਖਸ਼ੀਅਤ ਸਰਦਾਰ ਹਰਜਿੰਦਰ ਸਿੰਘ ਜੀ ਧਾਮੀ ਹੋਣਾ ਵਲੋਂ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨਗੀ ਪਦ ਤੋਂ ਅਸਤੀਫਾ ਦੇਣ ਤੋਂ ਬਾਅਦ ਪੰਥ ਦੀਆਂ ਸਿਰਮੌਰ ਸੰਸਥਾਵਾਂ ਵਿਚ ਪੈਦਾ ਹੋਏ ਨਿਰਾਸ਼ਾਜਨਕ ਮਾਹੌਲ ਤੇ ਚਿੰਤਨ ਕਰਦਿਆਂ ਦੁੱਖ ਦਾ ਪ੍ਰਗਟਾਵਾ ਕੀਤਾ। ਭਾਈ ਸ਼ਮਸ਼ੇਰ ਸਿੰਘ ਜੇਠੂਵਾਲ ਵਲੋਂ ਭੇਜੀ ਗਈ ਰਿਪੋਰਟ ਮੁਤਾਬਿਕ ਬਾਬਾ ਧੂੰਮਾ ਜੀ ਨੇ ਕਿਹਾ ਕਿ ਧਾਮੀ ਸਾਹਿਬ ਸਿੱਖੀ ਭਾਵਨਾ ਵਾਲੇ ਨਿਤਨੇਮੀ ਗੁਰਸਿੱਖ ਹਨ। ਸ੍ਰੋਮਣੀ ਕਮੇਟੀ ਦੇ ਇਤਿਹਾਸ ਵਿਚ ਏਨੀ ਸਾਦਗੀ ਭਰਪੂਰ ਸਖਸ਼ੀਅਤ ਅਤੇ ਇਮਾਨਦਾਰ ਪ੍ਰਧਾਨ ਅੱਜ ਦੇ ਸਮੇਂ ਵਿਚ ਮਿਲਣਾ ਬਹੁਤ ਮੁਸ਼ਕਿਲ ਹੈ।
ਸਰਦਾਰ ਧਾਮੀ ਜੀ ਇਕ ਅਜਿਹੇ ਪ੍ਰਧਾਨ ਰਹੇ ਹਨ ਜਿਹਨਾਂ ਦਾ ਸਿੱਖ ਜਥੇਬੰਦੀਆਂ, ਸੰਪ੍ਰਦਾਂਵਾ ਅਤੇ ਸਮੂਹ ਸੰਤ ਮਹਾਂਪੁਰਸ਼ ਬਹੁਤ ਸਤਿਕਾਰ ਕਰਦੇ ਹਨ,1984 ਤੋਂ ਬਾਅਦ ਸਿਖ ਸੰਘਰਸ਼ ਦੇ ਸਮੇਂ ਆਪ ਜੀ ਦੀਆਂ ਸੇਵਾਵਾਂ ਲਾ-ਮਿਸਾਲ ਰਹੀਆਂ ਹਨ । ਜਥੇਬੰਦੀ ਦਮਦਮੀ ਟਕਸਾਲ ਦੇ ਮਹਾਂਪੁਰਸ਼ਾਂ ਵਲੋਂ ਆਪਣੀ ਦਿਲੀ ਇੱਛਾ ਜਾਹਰ ਕਰਦਿਆਂ ਕਿਹਾ ਕਿ "ਪ੍ਰਧਾਨ ਸਾਹਿਬ" ਇਸ ਮੁਸ਼ਕਿਲ ਸਮੇਂ ਵਿੱਚ ਸਿਖ ਪੰਥ ਦੀ ਸਿਰਮੌਰ ਸੰਸਥਾ ਦੀ ਅਗਵਾਈ ਆਪ ਜੀ ਕਰੋ ਤਾਂ ਜੋ ਇਹਨਾਂ ਮੁਸ਼ਕਿਲ ਹਲਾਤਾ ਨਾਲ ਨਜਿੱਠਿਆ ਜਾ ਸਕੇ।

ਟਰੰਪ ਨੇ ਖੁਦ ਨੂੰ ਐਲਾਨਿਆ &lsquoਮਹਾਰਾਜਾ&rsquo
ਵਾਸ਼ਿੰਗਟਨ : ਡੌਨਲਡ ਟਰੰਪ ਨੇ ਇਕ ਨਵੇਂ ਕਾਰਜਕਾਰੀ ਹੁਕਮ &rsquoਤੇ ਦਸਤਖ਼ਤ ਕਰਦਿਆਂ ਖੁਦ ਨੂੰ ਅਮਰੀਕਾ ਦਾ &lsquoਮਹਾਰਾਜਾ&rsquo ਐਲਾਨ ਦਿਤਾ ਹੈ ਅਤੇ ਨਵਾਂ ਸੰਵਿਧਾਨਕ ਸੰਕਟ ਉਭਰਦਾ ਨਜ਼ਰ ਆ ਰਿਹਾ ਹੈ। ਤਾਜ਼ਾ ਹੁਕਮਾਂ ਮੁਤਾਬਕ ਅਮਰੀਕਾ ਦੀ ਸੰਸਦ ਅਧੀਨ ਕੰਮ ਕਰ ਵਾਲੀਆਂ ਖੁਦਮੁਖਤਿਆਰ ਏਜੰਸੀਆਂ ਅਤੇ ਵੱਖ ਵੱਖ ਵਿਭਾਗਾਂ ਵਿਚ ਰਾਸ਼ਟਰਪਤੀ ਸਿੱਧੇ ਤੌਰ &rsquoਤੇ ਦਖਲ ਦੇ ਸਕਣਗੇ। ਹੁਣ ਇਹ ਏਜੰਸੀਆਂ ਅਤੇ ਵਿਭਾਗ ਵਾਈਟ ਹਾਊਸ ਦੀ ਕਾਰਜਕਾਰੀ ਸ਼ਾਖਾ ਅਧੀਨ ਲਿਆਂਦੀਆਂ ਜਾ ਰਹੀਆਂ ਹਨ। ਮੀਡੀਆ ਰਿਪੋਰਟਾਂ ਮੁਤਾਬਕ ਹੁਣ ਰਾਸ਼ਟਰਪਤੀ ਅਤੇ ਅਟਾਰਨੀ ਜਨਰਲ ਆਪਣੇ ਮੁਤਾਬਕ ਕਾਨੂੰਨ ਦੀ ਵਿਆਖਿਆ ਕਰ ਸਕਣਗੇ ਅਤੇ ਟਰੰਪ ਨੂੰ ਅਮਰੀਕਾ ਦੀ ਸੰਸਦ ਅਤੇ ਨਿਆਂਇਕ ਨਿਗਰਾਨੀ ਤੋਂ ਮੁਕਤ ਕੀਤਾ ਜਾ ਰਿਹਾ ਹੈ।
ਅਥਾਹ ਤਾਕਤਾਂ ਵਾਲੇ ਕਾਰਜਕਾਰੀ ਹੁਕਮ &rsquoਤੇ ਕੀਤੇ ਦਸਤਖ਼ਤ ਮਾਹਰਾਂ ਦਾ ਮੰਨਣਾ ਹੈ ਕਿ ਟਰੰਪ ਵੱਲੋਂ ਮਹਾਰਾਜਿਆਂ ਵਾਂਗ ਹਰ ਤਾਕਤ ਆਪਣੇ ਹੱਥਾਂ ਵਿਚ ਲਈ ਜਾ ਰਹੀ ਹੈ ਅਤੇ ਧੜਾ ਧੜਾ ਕਾਰਜਕਾਰੀ ਹੁਕਮਾਂ &rsquoਤੇ ਦਸਤਖ਼ਤ ਹੋ ਰਹੇ ਹਨ। ਮੰਨਿਆ ਜਾ ਰਿਹਾ ਹੈ ਕਿ ਮੁਲਕ ਦੇ ਇਤਿਹਾਸ ਵਿਚ ਟਰੰਪ ਤੋਂ ਵੱਧ ਤਾਕਤਵਾਰ ਕੋਈ ਰਾਸ਼ਟਰਪਤੀ ਨਹੀਂ ਹੋਵੇਗਾ। ਪੌਲਿਟੀਕੋ ਦੀ ਰਿਪੋਰਟ ਮੁਤਾਬਕ ਰਸਲ ਵੌਟ ਜਿਨ੍ਹਾਂ ਨੂੰ ਮੈਨੇਜਮੈਂਟ ਐਂਡ ਬਜਟ ਦਫ਼ਤਰ ਦਾ ਮੁਖੀ ਥਾਪਿਆ ਗਿਆ, ਨੂੰ ਤਾਜ਼ਾ ਹੁਕਮਾਂ ਰਾਹੀਂ ਖੁਦਮੁਖਤਿਆਰ ਏਜੰਸੀਆਂ ਦੇ ਮੁਖੀਆਂ ਲਈ ਕਾਰਗੁਜ਼ਾਰੀ ਮਿਆਰ ਤੈਅ ਕਰਨ ਦੀ ਇਜਾਜ਼ਤ ਮਿਲ ਜਾਂਦੀ ਹੈ। ਸਿਰਫ ਐਨਾ ਹੀ ਨਹੀਂ, ਰਾਸ਼ਟਰਪਤੀ ਦੀਆਂ ਨੀਤੀਆਂ ਅਤੇ ਤਰਜੀਹਾਂ ਨੂੰ ਅੱਗੇ ਵਧਾਉਣ ਦੇ ਮਕਸਦ ਤਹਿਤ ਵੌਟ ਨੂੰ ਵੱਖ ਵੱਖ ਏਜੰਸੀਆਂ ਦੇ ਬਜਟ ਦੀ ਸਮੀਖਿਆ ਅਤੇ ਤਬਦੀਲੀ ਕਰਨ ਦੀ ਤਾਕਤ ਵੀ ਦੇ ਦਿਤੀ ਗਈ ਹੈ। ਖੁਦਮੁਖਤਿਆਰ ਏਜੰਸੀਆਂ ਦੇ ਕੰਮ ਵਿਚ ਵੀ ਹੋਵੇਗਾ ਦਖਲ ਟਰੰਪ ਦੀ ਦਲੀਲ ਹੈ ਕਿ ਇਸ ਤਰੀਕੇ ਨਾਲ ਸਰਕਾਰ ਨੂੰ ਅਮਰੀਕਾ ਵਾਸੀਆਂ ਪ੍ਰਤੀ ਜਵਾਬਦੇਹ ਬਣਾਇਆ ਜਾ ਸਕਦਾ ਹੈ। ਦੂਜੇ ਪਾਸੇ ਨੈਸ਼ਨਲ ਲੇਬਰ ਰਿਲੇਸ਼ਨਜ਼ ਬੋਰਡ ਅਤੇ ਗਵਰਨਮੈਂਟ ਐਥਿਕਸ ਦਫ਼ਤਰ ਦੇ ਮੁਖੀਆਂ ਨੂੰ ਬਰਖਾਸਤ ਕਰ ਦਿਤਾ ਗਿਆ ਹੈ। ਇਥੇ ਦਸਣਾ ਬਣਦਾ ਹੈ ਕਿ ਪਿਛਲੇ ਤਿੰਨ ਹਫ਼ਤੇ ਦੌਰਾਨ ਟਰੰਪ ਵੱਲੋਂ ਸੈਂਕੜੇ ਕਾਰਜਕਾਰੀ ਹੁਕਮਾਂ &rsquoਤੇ ਦਸਤਖ਼ਤ ਕੀਤੇ ਜਾ ਚੁੱਕੇ ਹਨ ਅਤੇ ਇਨ੍ਹਾਂ ਵਿਚੋਂ ਵੱਡੀ ਗਿਣਤੀ ਨੂੰ ਗੈਰਸੰਵਿਧਾਨਕ ਕਰਾਰ ਦਿੰਦਿਆਂ ਅਦਾਲਤਾਂ ਵਿਚ ਚੁਣੌਤੀ ਦਿਤੀ ਗਈ ਹੈ। ਸਿਆਸਤ ਦੇ ਜਾਣਕਾਰਾਂ ਦਾ ਕਹਿਣਾ ਹੈ ਕਿ ਮਹਾਰਾਜਾ ਬਣਨ ਦੇ ਸੁਪਨੇ ਵਾਲੇ ਕਾਰਜਕਾਰੀ ਹੁਕਮਾਂ ਨੂੰ ਵੀ ਅਦਾਲਤਾਂ ਵਿਚ ਚੁਣੌਤੀ ਦਿਤੀ ਜਾਵੇਗੀ।

ਯੂਕਰੇਨ ਆਪਣੇ ਖਣਿਜ ਭੰਡਾਰ ਅਮਰੀਕਾ ਨੂੰ ਨਹੀਂ ਦੇਵੇਗਾ : ਜ਼ੇਲੇਂਸਕੀ
ਕੀਵ- ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਨੇ ਯੁੱਧ ਵਿੱਚ ਮਦਦ ਦੇ ਬਦਲੇ ਯੂਕਰੇਨ ਦੇ ਖਣਿਜ ਭੰਡਾਰਾਂ ਵਿੱਚ ਹਿੱਸਾ ਮੰਗਣ ਦੀ ਅਮਰੀਕਾ ਦੀ ਪੇਸ਼ਕਸ਼ ਨੂੰ ਠੁਕਰਾ ਦਿੱਤਾ ਹੈ। ਇਹ ਜਾਣਕਾਰੀ ਐਤਵਾਰ ਨੂੰ ਅਮਰੀਕੀ ਖਜ਼ਾਨਾ ਸਕੱਤਰ ਸਕਾਟ ਬੇਸੈਂਟ ਨੇ ਦਿੱਤੀ।
ਇਸ ਸੌਦੇ ਤਹਿਤ, ਅਮਰੀਕਾ ਨੇ ਯੂਕਰੇਨ ਦੇ ਸਾਰੇ ਖਣਿਜ ਭੰਡਾਰਾਂ ਵਿੱਚ 50% ਹਿੱਸਾ ਮੰਗਿਆ ਸੀ ਜਿਸ ਵਿੱਚ ਗ੍ਰੇਫਾਈਟ, ਲਿਥੀਅਮ ਅਤੇ ਯੂਰੇਨੀਅਮ ਸ਼ਾਮਿਲ ਸਨ।
ਅਮਰੀਕਾ ਨੇ ਕਿਹਾ ਕਿ ਯੂਕਰੇਨ ਨੂੰ ਹੁਣ ਤੱਕ ਦਿੱਤੀ ਗਈ ਸਾਰੀ ਮਦਦ ਦੇ ਬਦਲੇ, ਯੂਕਰੇਨ ਨੂੰ ਆਪਣੀ ਦੁਰਲੱਭ ਧਰਤੀ ਸਮੱਗਰੀ ਸਾਡੇ ਨਾਲ ਸਾਂਝੀ ਕਰਨੀ ਚਾਹੀਦੀ ਹੈ। ਹਾਲਾਂਕਿ, ਇਸ ਸੌਦੇ ਵਿੱਚ ਇਹ ਜਿæਕਰ ਨਹੀਂ ਕੀਤਾ ਗਿਆ ਸੀ ਕਿ ਕੀ ਅਮਰੀਕਾ 50% ਖਣਿਜ ਲੈਣ ਤੋਂ ਬਾਅਦ ਫੌਜੀ ਅਤੇ ਆਰਥਿਕ ਸਹਾਇਤਾ ਪ੍ਰਦਾਨ ਕਰਨਾ ਜਾਰੀ ਰੱਖੇਗਾ ਜਾਂ ਨਹੀਂ।
12 ਫਰਵਰੀ ਨੂੰ, ਅਮਰੀਕੀ ਖਜ਼ਾਨਾ ਸਕੱਤਰ ਸਕਾਟ ਬੇਸੈਂਟ ਨੇ ਕੀਵ ਵਿੱਚ ਜ਼ੇਲੇਂਸਕੀ ਨਾਲ ਮੁਲਾਕਾਤ ਕੀਤੀ। ਉਦੋਂ ਉਸਨੇ ਦੇਸ਼ ਦੇ ਅੱਧੇ ਖਣਿਜਾਂ ਦੀ ਮੰਗ ਕੀਤੀ ਸੀ। ਇਹ ਟਰੰਪ ਪ੍ਰਸ਼ਾਸਨ ਦੇ ਕਿਸੇ ਅਧਿਕਾਰੀ ਦਾ ਯੂਕਰੇਨ ਦਾ ਪਹਿਲਾ ਦੌਰਾ ਸੀ। ਬੰਦ ਦਰਵਾਜ਼ੇ ਵਾਲੀ ਮੀਟਿੰਗ ਵਿੱਚ ਯੂਕਰੇਨ ਦੇ ਰਾਸ਼ਟਰਪਤੀ ਨੇ ਸੌਦੇ ਨੂੰ ਰੱਦ ਕਰ ਦਿੱਤਾ।
ਇੱਕ ਯੂਕਰੇਨੀ ਅਧਿਕਾਰੀ ਅਤੇ ਊਰਜਾ ਮਾਹਰ ਨੇ ਐਤਵਾਰ ਨੂੰ ਕਿਹਾ ਕਿ ਅਮਰੀਕਾ ਨਾ ਸਿਰਫ਼ ਯੂਕਰੇਨ ਦੇ ਖਣਿਜਾਂ ਵਿੱਚ ਹਿੱਸੇਦਾਰੀ ਚਾਹੁੰਦਾ ਹੈ, ਸਗੋਂ ਤੇਲ ਅਤੇ ਗੈਸ ਵਰਗੇ ਕੁਦਰਤੀ ਸਰੋਤਾਂ ਨੂੰ ਵੀ ਹੜੱਪਣਾ ਚਾਹੁੰਦਾ ਹੈ। ਜੇਕਰ ਇਹ ਸੌਦਾ ਅੰਤਿਮ ਰੂਪ ਦੇ ਦਿੱਤਾ ਜਾਂਦਾ, ਤਾਂ ਅਮਰੀਕਾ ਕੋਲ ਯੂਕਰੇਨ ਦੇ ਸਰੋਤਾਂ ਤੋਂ ਹੋਣ ਵਾਲੀ ਅੱਧੀ ਕਮਾਈ ਦਾ ਹੱਕ ਹੁੰਦਾ।
ਇਸ ਸੌਦੇ ਨੂੰ ਰੱਦ ਕਰਨ ਬਾਰੇ, ਜ਼ੇਲੇਂਸਕੀ ਨੇ ਕਿਹਾ ਕਿ ਇਸ ਸੌਦੇ ਵਿੱਚ ਕੋਈ ਗਰੰਟੀ ਨਹੀਂ ਸੀ ਕਿ ਅਮਰੀਕਾ ਰੂਸ ਵਿਰੁੱਧ ਜੰਗ ਵਿੱਚ ਸਾਡੇ ਸਰੋਤ ਲੈ ਕੇ ਸਾਨੂੰ ਸੁਰੱਖਿਆ ਪ੍ਰਦਾਨ ਕਰਦਾ ਰਹੇਗਾ।

ਪੰਜਾਬ ਸੀਐਮ ਹਾਊਸ &rsquoਚ ਰਵਨੀਤ ਬਿੱਟੂ ਦਾ ਪਿਆ ਪੇਚਾ
ਚੰਡੀਗੜ੍ਹ : ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਰਿਹਾਇਸ਼ &rsquoਤੇ ਡਿਬੇਟ ਕਰਨ ਲਈ ਪੁੱਜੇ ਪਰ ਸੀਐਮ ਦੇ ਸੁਰੱਖਿਆ ਕਰਮੀਆਂ ਨੇ ਉਨ੍ਹਾਂ ਨੂੰ ਗੇਟ &rsquoਤੇ ਹੀ ਰੋਕ ਲਿਆ। ਇਸ ਦੌਰਾਨ ਉਸ ਸਮੇਂ ਮਾਹੌਲ ਕਾਫ਼ੀ ਗਰਮ ਹੋ ਗਿਆ ਜਦੋਂ ਰਵਨੀਤ ਬਿੱਟੂ ਦੇ ਸੁਰੱਖਿਆ ਗਾਰਡਾਂ ਅਤੇ ਚੰਡੀਗੜ੍ਹ ਪੁਲਿਸ ਦੇ ਅਧਿਕਾਰੀਆਂ ਵਿਚਾਲੇ ਹੱਥੋਪਾਈ ਅਤੇ ਧੱਕਾਮੁੱਕੀ ਦੀ ਨੌਬਤ ਆ ਗਈ। ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਅੱਜ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਰਿਹਾਇਸ਼ &rsquoਤੇ ਆਪਣੇ ਵਰਕਰਾਂ ਵਿਰੁੱਧ ਕੀਤੀ ਜਾ ਰਹੀ ਧੱਕੇਸ਼ਾਹੀ ਦਾ ਵਿਰੋਧ ਦਰਜ ਕਰਵਾਉਣ ਲਈ ਪੁੱਜੇ ਪਰ ਸੀਐਮ ਮਾਨ ਦੇ ਸੁਰੱਖਿਆ ਕਰਮਚਾਰੀਆਂ ਨੇ ਉਨ੍ਹਾਂ ਨੂੰ ਅੰਦਰ ਦਾਖ਼ਲ ਹੋਣ ਤੋਂ ਰੋਕ ਦਿੱਤਾ। ਇਸ ਦੌਰਾਨ ਰਵਨੀਤ ਬਿੱਟੂ ਅਤੇ ਸੀਐਮ ਮਾਨ ਦੇ ਸੁਰੱਖਿਆ ਕਰਮਚਾਰੀਆਂ ਵਿਚਾਲੇ ਬਹਿਸਬਾਜ਼ੀ ਅਤੇ ਧੱਕਾਮੁੱਕੀ ਵੀ ਹੋ ਗਈ। ਚੰਡੀਗੜ੍ਹ ਪੁਲਿਸ ਦੇ ਅਧਿਕਾਰੀਆਂ ਦਾ ਕਹਿਣਾ ਸੀ ਕਿ ਰਵਨੀਤ ਬਿੱਟੂ ਕੋਲ ਪਰਮਿਸ਼ਨ ਨਹੀਂਸੀ, ਜਿਸ ਕਰਕੇ ਉਨ੍ਹਾਂ ਨੂੰ ਅੰਦਰ ਜਾਣ ਤੋਂ ਰੋਕਿਆ ਗਿਆ ਏ।
ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦਿਆਂ ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਆਖਿਆ ਕਿ ਸੀਐਮ ਵੱਲੋਂ ਮੇਰੇ ਕਰੀਬੀਆਂ &rsquoਤੇ ਝੂਠੇ ਪਰਚੇ ਦਰਜ ਕੀਤੇ ਜਾ ਰਹੇ ਨੇ ਪਰ ਹੁਣ ਜਦੋਂ ਉਹ ਸੀਐਮ ਨਾਲ ਗੱਲ ਕਰਨ ਵਾਸਤੇ ਆਏ ਨੇ ਤਾਂ ਸੀਐਮ ਇੱਥੋਂ ਫ਼ਰਾਰ ਹੋ ਗਏ। ਦੱਸ ਦਈਏ ਕਿ ਇਸ ਦੌਰਾਨ ਸੀਐਮ ਮਾਨ ਦੇ ਸੁਰੱਖਿਆ ਮੁਲਾਜ਼ਮਾਂ ਵੱਲੋਂ ਰਵਨੀਤ ਬਿੱਟੂ ਵੱਲੋਂ ਸੀਐਮ ਹਾਊਸ ਦੀ ਬ੍ਰੀਚ ਕਰਨ ਦੀ ਵੀ ਗੱਲ ਆਖੀ ਗਈ, ਜਦਕਿ ਰਵਨੀਤ ਬਿੱਟੂ ਨੇ ਸੀਐਮ ਸਕਿਓਰਟੀ &rsquoਤੇ ਵੀ ਇਲਜ਼ਾਮ ਲਗਾਏ।

ਪੰਜਾਬੀ ਗਾਇਕਾ ਜੈਸਮੀਨ ਸੈਂਡਲਸ ਫਿਰ ਵਿਵਾਦਾਂ ਦੇ ਘੇਰੇ 'ਚ, ਜਲੰਧਰ ਕਮਿਸ਼ਨਰ ਨੂੰ ਦਿੱਤੀ ਸ਼ਿਕਾਇਤ
ਜਲੰਧਰ : ਪੰਜਾਬੀ ਗਾਇਕਾ ਜੈਸਮੀਨ ਕੌਰ ਉਰਫ਼ ਜੈਸਮੀਨ ਸੈਂਡਲਸ ਆਪਣੇ ਇੱਕ ਗੀਤ ਨੂੰ ਲੈ ਕੇ ਵਿਵਾਦਾਂ ਵਿੱਚ ਘਿਰ ਗਈ ਹੈ। ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਪ੍ਰੈਕਟਿਸ ਕਰ ਰਹੇ ਚੰਡੀਗੜ੍ਹ ਦੇ ਇੱਕ ਵਕੀਲ ਨੇ ਜਲੰਧਰ ਕਮਿਸ਼ਨਰੇਟ ਪੁਲਿਸ ਨੂੰ ਸ਼ਿਕਾਇਤ ਭੇਜੀ ਹੈ। ਸ਼ਿਕਾਇਤ 'ਚ ਜੈਸਮੀਨ 'ਤੇ ਆਪਣੇ ਗੀਤ 'ਚ ਗਲਤ ਸ਼ਬਦਾਵਲੀ ਦੀ ਵਰਤੋਂ ਕਰਨ ਦਾ ਦੋਸ਼ ਲਗਾਇਆ ਗਿਆ ਹੈ।
ਪੁਲਿਸ ਕਮਿਸ਼ਨਰ ਜਲੰਧਰ ਨੂੰ ਭੇਜੀ ਸ਼ਿਕਾਇਤ ਵਿੱਚ ਵਕੀਲ ਡਾਕਟਰ ਸੁਨੀਲ ਮੱਲ੍ਹਣ ਨੇ ਦੱਸਿਆ ਕਿ ਪੰਜਾਬੀ ਗਾਇਕਾ ਜੈਸਮੀਨ ਸੈਂਡਲਾਸ ਦਾ ਇੱਕ ਗੀਤ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ, ਜਿਸ ਵਿੱਚ ਉਹ ਅਸ਼ਲੀਲ ਭਾਸ਼ਾ ਦੀ ਵਰਤੋਂ ਕਰ ਰਹੀ ਹੈ। ਜਲੰਧਰ ਦੇ ਪੁਲਿਸ ਕਮਿਸ਼ਨਰ ਦੇ ਨਾਲ-ਨਾਲ ਪੰਜਾਬ ਪੁਲਿਸ ਦੇ ਡੀਜੀਪੀ ਨੂੰ ਵੀ ਸ਼ਿਕਾਇਤ ਭੇਜ ਦਿੱਤੀ ਗਈ ਹੈ।
ਜਾਣਕਾਰੀ ਮੁਤਾਬਕ ਇਸ ਦੀ ਸ਼ਿਕਾਇਤ 7 ਫਰਵਰੀ ਨੂੰ ਪੁਲਸ ਨੂੰ ਭੇਜੀ ਗਈ ਸੀ। ਫਿਲਹਾਲ ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ। ਸ਼ਿਕਾਇਤ 'ਚ ਵਕੀਲ ਨੇ ਦੱਸਿਆ ਕਿ ਸ਼ਿਕਾਇਤ 'ਚ ਜੈਸਮੀਨ ਦੇ ਗੀਤ ਦੀ ਵੀਡੀਓ ਦਾ ਲਿੰਕ ਦੱਸਿਆ ਗਿਆ ਹੈ। ਵਕੀਲ ਨੇ ਕਿਹਾ ਕਿ ਫਿਲਹਾਲ ਇਸ ਮਾਮਲੇ 'ਚ ਜੈਸਮੀਨ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ ਗਈ ਹੈ।
ਐਡਵੋਕੇਟ ਡਾ.ਸੁਨੀਲ ਮੱਲ੍ਹਣ ਨੇ ਕਿਹਾ ਕਿ ਗੀਤ ਵਿੱਚ ਵਰਤੇ ਗਏ ਸ਼ਬਦ ਸਮਾਜ ਨੂੰ ਗਲਤ ਰਸਤੇ 'ਤੇ ਲੈ ਜਾਂਦੇ ਹਨ। ਜਿਸ ਕਾਰਨ ਪੰਜਾਬੀ ਗਾਇਕਾ ਜੈਸਮੀਨ ਸੈਂਡਲਸ ਅਤੇ ਉਸਦੇ ਮੈਨੇਜਰ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ। ਫਿਲਹਾਲ ਪੁਲਿਸ ਵੱਲੋਂ ਸ਼ਿਕਾਇਤ 'ਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।


ਕਿਸਾਨਾਂ ਨੂੰ ਕੇਂਦਰ ਵਲੋਂ ਆਇਆ ਦੂਜੀ ਮੀਟਿੰਗ ਬਾਰੇ ਸੱਦਾ, 22 ਫ਼ਰਵਰੀ ਨੂੰ ਚੰਡੀਗੜ੍ਹ ਦੇ ਸੈਕਟਰ 26 ਵਿਚ ਹੋਵੇਗੀ ਮੀਟਿੰਗ
ਕੇਂਦਰ ਵਲੋਂ ਸੰਯੁਕਤ ਕਿਸਾਨ ਮੋਰਚਾ (ਗ਼ੈਰ-ਸਿਆਸੀ) ਅਤੇ ਕਿਸਾਨ ਮਜ਼ਦੂਰ ਮੋਰਚਾ ਨੂੰ ਦੂਜੀ ਮੀਟਿੰਗ ਬਾਰੇ ਸੱਦਾ ਪੱਤਰ ਆਇਆ ਹੈ। ਕਿਸਾਨਾਂ ਦੀ ਕੇਂਦਰ ਨਾਲ ਦੂਜੀ ਮੀਟਿੰਗ 22 ਫ਼ਰਵਰੀ ਨੂੰ ਹੋਵੇਗੀ। ਇਹ ਮੀਟਿੰਗ ਚੰਡੀਗੜ੍ਹ ਦੇ ਸੈਕਟਰ 26 ਵਿਚ ਸ਼ਾਮ 6 ਵਜੇ ਹੋਵੇਗੀ। ਦੱਸ ਦੇਈਏ ਕਿ ਕੇਂਦਰ ਦਾ ਪੱਤਰ ਕੇਂਦਰੀ ਖੇਤੀਬਾੜੀ ਮੰਤਰਾਲੇ ਦੇ ਸੰਯੁਕਤ ਸਕੱਤਰ ਪੂਰਨ ਚੰਦਰ ਕਿਸ਼ਨ ਵਲੋਂ ਆਇਆ ਹੈ। ਜਗਜੀਤ ਸਿੰਘ ਡੱਲੇਵਾਲ ਨੇ ਵੀ ਮੀਟਿੰਗ ਦੀ ਪੁਸ਼ਟੀ ਕੀਤੀ ਹੈ।
ਜ਼ਿਕਰਯੋਗ ਹੈ ਕਿ ਪਹਿਲਾਂ 14 ਫ਼ਰਵਰੀ ਨੂੰ ਕੇਂਦਰ ਨਾਲ ਸੁਖਾਵੇਂ ਮਾਹੌਲ 'ਚ ਕਿਸਾਨਾਂ ਦੀ ਮੀਟਿੰਗ ਹੋਈ ਸੀ। ਜਗਜੀਤ ਸਿੰਘ ਡੱਲੇਵਾਲ ਵੱਲੋਂ ਵੀ ਇਸ ਮੀਟਿੰਗ ਦੇ ਵਿੱਚ ਹਿੱਸਾ ਲਿਆ ਗਿਆ ਸੀ। ਇਸ ਦੇ ਨਾਲ ਹੀ ਕੇਂਦਰ ਸਰਕਾਰ ਦੇ ਵਫ਼ਦ ਵਿੱਚ ਕੈਬਨਿਟ ਮੰਤਰੀ ਪ੍ਰਹਿਲਾਦ ਜੋਸ਼ੀ, ਖੇਤੀਬਾੜੀ ਸਕੱਤਰ, ਮਨਿੰਦਰ ਕੌਰ ਦਿਵੇਦੀ ਵਧੀਕ ਸਕੱਤਰ ਖੇਤੀਬਾੜੀ, ਜੁਆਇੰਟ ਸਕੱਤਰ ਮਾਰਕੀਟਿੰਗ, ਜੁਆਇੰਟ ਸਕੱਤਰ ਫੂਡ, ਡਾਇਰੈਕਟਰ ਸ਼ਾਮਲ ਰਹੇ, ਜਦਕਿ ਦੂਜੇ ਪਾਸੇ ਜਗਜੀਤ ਸਿੰਘ ਡੱਲੇਵਾਲ ਸਮੇਤ 28 ਕਿਸਾਨ ਆਗੂ ਮੀਟਿੰਗ ਦਾ ਹਿੱਸਾ ਸਨ। ਇਹ ਮੀਟਿੰਗ ਪੌਣੇ ਤਿੰਨ ਘੰਟੇ ਤੱਕ ਚੱਲੀ ਸੀ।

ਹੁਣ ਅਮਰੀਕਾ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਸਿੱਧਾ ਭਾਰਤ ਨਹੀਂ ਕਰੇਗਾ ਡਿਪੋਰਟ!
ਸੈਨਹੋਜ਼ੇ- ਕੋਸਟਾ ਰੀਕਾ ਨੇ ਭਾਰਤ ਅਤੇ ਮੱਧ ਏਸ਼ੀਆ ਦੇ ਗੈਰ-ਕਾਨੂੰਨੀ ਪ੍ਰਵਾਸੀਆਂ ਨੂੰ ਅਮਰੀਕਾ ਤੋਂ ਵਾਪਸ ਭੇਜਣ ਵਿਚ ਇੱਕ &rdquoਪੁਲ&rdquo ਵਜੋਂ ਕੰਮ ਕਰਨ &lsquoਤੇ ਸਹਿਮਤ ਪ੍ਰਗਟਾਈ ਹੈ। ਇਹ ਜਾਣਕਾਰੀ ਮੰਗਲਵਾਰ ਨੂੰ ਜਾਰੀ ਇੱਕ ਅਧਿਕਾਰਤ ਰਿਲੀਜ਼ ਵਿਚ ਦਿੱਤੀ ਗਈ। ਅਮਰੀਕਾ ਤੋਂ ਭੇਜੇ ਗਏ ਪ੍ਰਵਾਸੀ ਉਦੋਂ ਤੱਕ ਕੋਸਟਾ ਰੀਕਾ ਵਿਚ ਰਹਿਣਗੇ, ਜਦੋਂ ਤੱਕ ਉਨ੍ਹਾਂ ਨੂੰ ਉਨ੍ਹਾਂ ਦੇ ਦੇਸ਼ਾਂ ਵਿਚ ਵਾਪਸ ਨਹੀਂ ਭੇਜਿਆ ਜਾ ਸਕਦਾ। ਕੋਸਟਾ ਰੀਕਾ ਦੇ ਰਾਸ਼ਟਰਪਤੀ ਰੋਡਰੀਗੋ ਚਾਵੇਸ ਰੋਬਲਜ਼ ਦੇ ਦਫ਼ਤਰ ਵੱਲੋਂ ਜਾਰੀ ਕੀਤੇ ਗਏ ਇੱਕ ਬਿਆਨ ਅਨੁਸਾਰ, 200 ਪ੍ਰਵਾਸੀਆਂ ਦਾ ਪਹਿਲਾ ਬੈਚ ਬੁੱਧਵਾਰ ਨੂੰ ਇੱਕ ਵਪਾਰਕ ਉਡਾਣ ਰਾਹੀਂ ਜੁਆਨ ਸੈਂਟਾਮਾਰੀਆ ਅੰਤਰਰਾਸ਼ਟਰੀ ਹਵਾਈ ਅੱਡੇ &lsquoਤੇ ਪਹੁੰਚੇਗਾ।
ਬਿਆਨ ਵਿਚ ਕਿਹਾ ਗਿਆ ਹੈ, &rdquoਕੋਸਟਾ ਰੀਕਾ ਸਰਕਾਰ ਨੇ 200 ਗੈਰ-ਕਾਨੂੰਨੀ ਪ੍ਰਵਾਸੀਆਂ ਨੂੰ ਉਨ੍ਹਾਂ ਦੇ ਦੇਸ਼ ਵਾਪਸ ਭੇਜਣ ਵਿਚ ਅਮਰੀਕਾ ਨਾਲ ਸਹਿਯੋਗ ਕਰਨ &lsquoਤੇ ਸਹਿਮਤੀ ਪ੍ਰਗਟਾਈ ਹੈ। ਇਹ ਲੋਕ ਮੱਧ ਏਸ਼ੀਆਈ ਦੇਸ਼ਾਂ ਅਤੇ ਭਾਰਤ ਤੋਂ ਹਨ।&rdquo ਬਿਆਨ ਵਿਚ ਇਹ ਨਹੀਂ ਦੱਸਿਆ ਗਿਆ ਕਿ ਉਨ੍ਹਾਂ ਵਿਚੋਂ ਕਿੰਨੇ ਭਾਰਤ ਤੋਂ ਹਨ। ਇਸ ਵਿਚ ਕਿਹਾ ਗਿਆ ਹੈ, &rdquoਕੋਸਟਾ ਰੀਕਾ ਗੈਰ-ਕਾਨੂੰਨੀ ਪ੍ਰਵਾਸੀਆਂ ਨੂੰ ਉਨ੍ਹਾਂ ਦੇ ਮੂਲ ਦੇਸ਼ਾਂ ਤੱਕ ਪਹੁੰਚਣ ਲਈ ਇੱਕ ਪੁਲ ਦਾ ਕੰਮ ਕਰੇਗਾ।&rdquo ਟਰੰਪ ਪ੍ਰਸ਼ਾਸਨ ਦੇ ਗੈਰ-ਕਾਨੂੰਨੀ ਪ੍ਰਵਾਸੀਆਂ ਵਿਰੁੱਧ ਸਖ਼ਤ ਕਾਰਵਾਈ ਦੌਰਾਨ ਕੁੱਲ 332 ਭਾਰਤੀਆਂ ਨੂੰ ਪਹਿਲਾਂ ਹੀ 3 ਬੈਚਾਂ ਵਿਚ ਭਾਰਤ ਵਾਪਸ ਭੇਜਿਆ ਜਾ ਚੁੱਕਾ ਹੈ।

&lsquo&lsquoਅਗਲੀ ਵਾਰ ਪੰਜਾਬ &rsquoਚ ਨਹੀਂ ਉਤਰੇਗਾ ਅਮਰੀਕੀ ਜਹਾਜ਼&rsquo&rsquo
ਮਾਨਸਾ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸਰਦੂਲਗੜ੍ਹ ਹਲਕੇ ਦੀ ਤਹਿਸੀਲ ਅਤੇ ਹਸਪਤਾਲ ਦਾ ਅਚਨਚੇਤ ਦੌਰਾ ਕੀਤਾ ਗਿਆ, ਜਿੱਥੇ ਉਨ੍ਹਾਂ ਨੇ ਮੁਲਾਜ਼ਮਾਂ ਅਤੇ ਲੋਕਾਂ ਦੀਆਂ ਮੁਸ਼ਕਲਾਂ ਸੁਣੀਆਂ, ਜਿਸ ਤੋਂ ਬਾਅਦ ਉਨ੍ਹਾਂ ਨੇ ਇਕ ਵਾਧੂ ਤਹਿਸੀਲਦਾਰ ਦੀ ਨਿਯੁਕਤੀ ਦਾ ਐਲਾਨ ਕੀਤਾ, ਉਥੇ ਹੀ ਇੰਟਰਨੈੱਟ ਦੀ ਸਮੱਸਿਆ ਵੀ ਹੱਲ ਕਰਨ ਦੀ ਗੱਲ ਆਖੀ। ਇਸੇ ਤਰ੍ਹਾਂ ਡਿਪੋਰਟ ਨੌਜਵਾਨਾਂ ਦੇ ਅੰਮ੍ਰਿਤਸਰ ਵਿਚ ਉਤਾਰੇ ਜਾ ਰਹੇ ਜਹਾਜ਼ ਨੂੰ ਲੈਕੇ ਵੀ ਉਨ੍ਹਾਂ ਵੱਡੀ ਗੱਲ ਆਖ ਦਿੱਤੀ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸਰਦੂਲਗੜ੍ਹ ਦੀ ਤਹਿਸੀਲ ਅਤੇ ਹਸਪਤਾਲ ਦਾ ਅਚਨਚੇਤ ਦੌਰਾ ਕੀਤਾ ਗਿਆ। ਇਸ ਮੌਕੇ ਉਨ੍ਹਾਂ ਨੇ ਤਹਿਸੀਲ ਦੇ ਵਾਧੂ ਕੰਮ ਨੂੰ ਦੇਖਦਿਆਂ ਇਕ ਹੋਰ ਤਹਿਸੀਲਦਾਰ ਨਿਯੁਕਤ ਕਰਨ ਦਾ ਐਲਾਨ ਕੀਤਾ ਅਤੇ ਇੰਟਰਨੈੱਟ ਦੀ ਸਮੱਸਿਆ ਹੱਲ ਕਰਵਾਉਣ ਦੀ ਗੱਲ ਆਖੀ, ਜਿਸ ਕਾਰਨ ਕਾਫੀ ਦੇਰ ਤੱਕ ਫਾਈਲਾਂ ਰੁਕੀਆਂ ਰਹਿੰਦੀਆਂ ਨੇ।ਪੱਤਰਕਾਰਾਂ ਵੱਲੋਂ ਡਿਪੋਰਟ ਕੀਤੇ ਜਾ ਰਹੇ ਨੌਜਵਾਨਾਂ ਸਬੰਧੀ ਪੁੱਛੇ ਗਏ ਇਕ ਸਵਾਲ ਦੇ ਜਵਾਬ ਵਿਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਆਖਿਆ ਕਿ ਉਨ੍ਹਾਂ ਵੱਲੋਂ ਜਹਾਜ਼ ਨੂੰ ਅੰਮ੍ਰਿਤਸਰ ਵਿਚ ਉਤਾਰੇ ਜਾਣ ਦਾ ਸਖ਼ਤ ਵਿਰੋਧ ਕੀਤਾ ਗਿਆ ਸੀ, ਪਰ ਹੁਣ ਜੇਕਰ ਕੋਈ ਹੋਰ ਜਹਾਜ਼ ਆਇਆ ਤਾਂ ਉਹ ਪੰਜਾਬ ਵਿਚ ਨਹੀਂ ਬਲਕਿ ਕਿਸੇ ਹੋਰ ਸਟੇਟ ਵਿਚ ਉਤਰੇਗਾ। ਇਸ ਦੇ ਨਾਲ ਮੁੱਖ ਮੰਤਰੀ ਭਗਵੰਤ ਮਾਨ ਨੇ ਅਮਰੀਕਾ ਤੋਂ ਡਿਪੋਰਟ ਹੋ ਕੇ ਆਏ ਨੌਜਵਾਨਾਂ ਨੂੰ ਨੌਕਰੀਆਂ ਅਤੇ ਹੋਰ ਕਾਰੋਬਾਰਾਂ ਦੇ ਮੌਕੇ ਉਪਲਬਧ ਕਰਵਾਉਣ ਦੀ ਗੱਲ ਵੀ ਆਖੀ।