ਮਾਂ ਬੋਲੀ ਦਿਵਸ ਤੇ ਵਿਸ਼ੇਸ਼, ਜਿਊਂਦੇ ਰਹਿਣ ਲਈ ਆਪਣੀ ਮਾਂ ਬੋਲੀ ਪੰਜਾਬੀ ਓਨੀ ਹੀ ਜ਼ਰੂਰੀ ਹੈ, ਜਿੰਨਾ ਜਿਊਂਦੇ ਰਹਿਣ ਲਈ ਸਾਹ ਲੈਣਾ ਜ਼ਰੂਰੀ ਹੈ
 
   ਲਹਿੰਦੇ, ਚੜ੍ਹਦੇ (ਪੂਰਬੀ ਤੇ ਪੱਛਮੀ) ਪੰਜਾਬ ਦੀਆਂ ਉਹ ਸਮੂਹ ਸੰਸਥਾਵਾਂ, ਪੰਜਾਬੀ ਸਾਹਿਤ ਨੂੰ ਪਿਆਰ ਕਰਨ ਵਾਲ਼ੇ, ਸਮੂਹ ਲੇਖਕ, ਸਮੂਹ ਪਾਠਕ ਸਭ ਵਧਾਈ ਦੇ ਪਾਤਰ ਹਨ, ਜਿਹੜੇ ਪੰਜਾਬੀ ਮਾਂ ਬੋਲੀ ਦੇ ਵਿਕਾਸ ਲਈ ਉੱਦਮ, ਉਪਰਾਲੇ ਕਰ ਰਹੇ ਹਨ, ਉਹਨਾਂ ਦੀ ਜਿੰਨੀ ਪ੍ਰਸ਼ੰਸਾ ਕੀਤੀ ਜਾਵੇ ਥੋੜ੍ਹੀ ਹੈ। 
    ਲਹਿੰਦੇ ਪੰਜਾਬ ਵਿੱਚ ਪੰਜਾਬੀ ਸਾਹਿਤ ਸ਼ਾਹਮੁਖੀ ਵਿੱਚ ਲਿਖਿਆ ਜਾਂਦਾ ਹੈ ਅਤੇ ਚੜ੍ਹਦੇ ਪੰਜਾਬ ਭਾਵ ਭਾਰਤ ਵਿਚਲੇ ਪੰਜਾਬੀ ਸੂਬੇ ਵਿੱਚ ਪੰਜਾਬੀ ਭਾਸ਼ਾ ਗੁਰਮੁਖੀ ਲਿੱਪੀ ਵਿੱਚ ਪੜ੍ਹੀ ਤੇ ਲਿਖੀ ਜਾਂਦੀ ਹੈ। ਜਿੱਥੋਂ ਤੱਕ ਪੰਜਾਬੀ ਬੋਲੀ ਦਾ ਸੁਆਲ ਹੈ, ਇਸ ਵਿੱਚ ਦੋ ਰਾਵਾਂ ਹੀ ਨਹੀਂ ਹਨ ਕਿ ਹਰ ਪ੍ਰਾਣੀ ਲਈ ਆਪਣੀ ਮਾਂ ਬੋਲੀ ਓਨੀ ਹੀ ਜ਼ਰੂਰੀ ਹੁੰਦੀ ਹੈ, ਜਿੰਨਾ ਜਿਊਂਦੇ ਰਹਿਣ ਲਈ ਸਾਹ ਲੈਣਾ ਜ਼ਰੂਰੀ ਹੁੰਦਾ ਹੈ। ਪਰ ਵਿਚਾਰਨ ਯੋਗ ਤੱਥ ਇਹ ਵੀ ਹੈ ਕਿ ਬੋਲੀ ਤੇ ਲਿੱਪੀ ਵਿੱਚ ਅੰਤਰ ਕੀ ਹੈ? ਜਿਵੇਂ ਅਸੀਂ ਉੱਤੇ ਦੱਸ ਆਏ ਹਾਂ ਕਿ ਲਹਿੰਦੇ ਪੰਜਾਬ ਵਿੱਚ ਪੰਜਾਬੀ ਸਾਹਿਤ ਸ਼ਾਹਮੁਖੀ ਵਿੱਚ ਲਿਖਿਆ ਜਾਂਦਾ ਹੈ ਅਤੇ ਚੜ੍ਹਦੇ ਪੰਜਾਬ ਭਾਵ ਅੱਜ ਵਾਲ਼ੇ ਲੂਲ਼ੇ-ਲੰਗੜੇ ਪੰਜਾਬੀ ਸੂਬੇ ਵਿੱਚ ਸਿੱਖ ਸਾਹਿਤ ਤੇ ਪੰਜਾਬੀ ਸਾਹਿਤ ਗੁਰਮੁਖੀ ਲਿੱਪੀ ਵਿੱਚ ਲਿਖਿਆ ਜਾਂਦਾ ਹੈ। ਪੰਜਾਬ ਦੇ ਹਿੰਦੂਆਂ ਨੇ ਪੰਜਾਬ ਦੀ ਹਰ ਜਾਇਜ਼ ਮੰਗ ਦੀ ਵਿਰੋਧਤਾ ਕੀਤੀ ਤੇ ਪੰਜਾਬ ਸੂਬੇ ਬਾਰੇ ਤਾਂ ਸਿੱਖਾਂ ਨੂੰ ਪਾਕਿਸਤਾਨ ਪੱਖੀ ਤੇ ਗ਼ੱਦਾਰ ਦਾ ਖ਼ਿਤਾਬ ਵੀ ਦਿੱਤਾ। ਪੰਜਾਬੀ ਭਾਸ਼ਾ ਦੇ ਵਿਰੋਧ ਵਿੱਚ ਤਾਂ ਫ਼ਿਰਕਾਪ੍ਰਸਤ ਹਿੰਦੂ ਲਾਲ਼ਾ ਜਗਤ ਨਾਰਾਇਣ ਨੇ ਇਹ ਵੀ ਪ੍ਰਚਾਰਨਾ ਸ਼ੁਰੂ ਕਰ ਦਿੱਤਾ ਸੀ ਕਿ ਪੰਜਾਬ ਵਿੱਚ 70% ਸ਼ੁੱਧ ਹਿੰਦੀ ਭਾਸ਼ਾ ਬੋਲੀ ਜਾਂਦੀ ਹੈ। ਸਿੱਖੀ ਨੂੰ ਬੇ-ਦਾਵਾ ਦੇ ਕੇ ਪੰਜਾਬ, ਪੰਜਾਬੀ, ਪੰਜਾਬੀਅਤ ਦਾ ਨਾਅਰਾ ਲਾਉਣ ਵਾਲ਼ੇ ਪੰਜਾਬੀ ਸਿੱਖਾਂ ਨੂੰ ਇਹ ਗੱਲ ਜ਼ਰੂਰ ਧਿਆਨ ਵਿੱਚ ਰੱਖਣੀ ਚਾਹੀਦੀ ਹੈ ਕਿ ਅੱਜ ਵੀ ਪੰਜਾਬ ਦਾ ਹਿੰਦੂ ਪੰਜਾਬੀ ਭਾਸ਼ਾ ਦਾ ਵਿਰੋਧੀ ਹੈ। 
   ਚੰਡੀਗੜ੍ਹ ਹਾਲੇ ਬਣ ਰਿਹਾ ਸੀ, ਪੰਜਾਬ ਵਿੱਚੋਂ ਤਿੰਨ ਸੌ (300) ਹਿੰਦੂਆਂ ਨੇ ਚੰਡੀਗੜ੍ਹ 11 ਸੈਕਟਰ ਵਿੱਚ ਪਹੁੰਚ ਕੇ ਬਿਲਡਿੰਗ ਦੇ ਬਾਹਰ ਆ ਕੇ ਨਾਅਰੇ ਲਾਏ ਸਨ ਕਿ 'ਊੜਾ ਐੜਾ ਨਹੀਂ ਪੜ੍ਹੇਂਗੇ, ਗੰਦੀ ਭਾਸ਼ਾ ਨਹੀਂ ਪੜ੍ਹੇਂਗੇ'। ਉਹਨਾਂ ਹਿੰਦੂਆਂ ਨੇ ਇਹ ਨਾਹਰਾ ਨਹੀਂ ਸੀ ਲਾਇਆ ਕਿ ਪੰਜਾਬੀ ਨਹੀਂ ਪੜ੍ਹਾਂਗੇ ਸਗੋਂ ਇਹ ਨਾਹਰਾ ਲਾਇਆ ਕਿ ਊੜਾ, ਐੜਾ ਨਹੀਂ ਪੜ੍ਹੇਂਗੇ ਭਾਵ ਗੁਰਮੁਖੀ ਨਹੀਂ ਪੜ੍ਹਾਂਗੇ।
    ਪੰਜਾਬੀ ਸੂਬਾ ਬਣਨ ਤੋਂ ਪਹਿਲਾਂ 'ਪੰਜਾਬੀ ਪੜ੍ਹਨ ਲਿਖਣ ਲਈ ਗੁਰਮੁਖੀ ਸ਼ਬਦ ਦੀ ਹੀ ਵਰਤੋਂ ਕੀਤੀ ਜਾਂਦੀ ਸੀ। ਸਿੱਖ ਰਹਿਤ ਮਰਯਾਦਾ ਦੇ ਪੰਨਾ 16 ਉੱਤੇ ਇਹ ਵੀ ਲਿਖਆ ਹੈ ਕਿ 'ਹਰ ਇੱਕ ਸਿੱਖ-ਸਿੱਖਣੀ, ਬੱਚੇ-ਬੱਚੀ ਨੂੰ ਗੁਰਮੁਖੀ ਪੜ੍ਹ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪਾਠ ਕਰਨਾ ਸਿੱਖਣਾ ਚਾਹੀਦੈ'। ਗੁਰੂ ਗ੍ਰੰਥ ਸਾਹਿਬ ਦਾ ਪਾਠ ਹੋ ਹੀ ਤਾਂ ਸਕਦਾ ਹੈ ਜੇ ਗੁਰਮੁਖੀ ਪੜ੍ਹਨੀ ਆਉਂਦੀ ਹੋਵੇ, ਭਾਵ ਕੇਵਲ ਪੰਜਾਬੀ ਬੋਲਣ ਵਾਲ਼ਾ ਪੰਜਾਬੀ (ਗੁਰਮੁਖੀ) ਪੜ੍ਹ ਨਹੀਂ ਸਕਦਾ, ਤੇ ਨਾ ਹੀ ਲਿਖ ਸਕਦਾ ਹੈ। 
    ਪ੍ਰੋ: ਪਿਆਰਾ ਸਿੰਘ ਪਦਮ ਨੇ ਗੁਰਮੁਖੀ ਲਿੱਪੀ ਦਾ ਇਤਿਹਾਸ ਬੜੇ ਵਿਸਥਾਰ ਨਾਲ ਲਿਖਆ ਹੈ। ਉਸ ਦੇ ਅਰੰਭ ਵਿੱਚ ਉਹ ਲਿਖਦੇ ਹਨ ਕਿ 'ਈਮਾਨ, ਗਿਆਨ, ਕਰਣ ਕਾਰਨ ਭਗਵਾਨ ਵਾਂਗ ਅਤਿ ਸੂਖਮ ਹੈ। ਜਦੋਂ ਇਹ ਅੱਖਰੀ ਜਾਮਾ ਪਹਿਨ ਕੇ ਦੇਹਧਾਰੀ ਬਣਦਾ ਹੈ ਤਾਂ ਹੀ ਸੰਸਾਰ ਇਸ ਦੀ ਪਛਾਣ ਕਰਦਾ ਹੈ ਤੇ ਫਿਰ ਇਹ ਸਾਰੇ ਜਹਾਨ ਦੀ ਪਛਾਣ ਕਰਾਉਂਦਾ ਹੈ। ਗੁਰੂ ਨਾਨਕ ਇਸ ਗੱਲ ਤੋਂ ਭਲੀ-ਭਾਂਤ ਜਾਣੂ ਹਨ, ਇਸ ਕਰਕੇ ਹੀ ਉਹਨਾਂ ਬਾਣੀ ਉਚਾਰੀ ਅਖਰੀ ਨਾਮੁ ਅਖਰੀ ਸਾਲਾਹ॥ ਅਖਰੀ ਗਿਆਨੁ ਗੀਤ ਗੁਣ ਗਾਹ॥ ਅਖਰੀ ਲਿਖਣੁ ਬੋਲਣੁ ਬਾਣਿ॥&rsquo (ਜਪੁਜੀ ਸਾਹਿਬ) ਅਤੇ ਅਖਰ ਲਿਖੇ ਸੇਈ ਗਾਵਾਂ ਅਵਰਿ ਨ ਜਾਣਾ ਬਾਣੀ॥
    ਸਿੱਖ ਧਰਮ ਦੇ ਬਾਨੀ ਗੁਰੂ ਨਾਨਕ ਸਾਹਿਬ ਨੇ ਜਿੱਥੇ ਧੁਰ ਕੀ ਬਾਣੀ &lsquoਜੈਸੀ ਮੈ ਆਵੈ ਖਸਮ ਕੀ ਬਾਣੀ ਤੈਸੜਾ ਕਰੀ ਗਿਆਨੁ ਵੇ ਲਾਲੋ&rsquo ਨੂੰ ਗੁਰਮੁਖੀ ਲਿਪੀ ਵਿੱਚ ਲਿਖਿਆ ਹੈ, ਓਥੇ ਗੁਰੂ ਨਾਨਕ ਸਾਹਿਬ ਨੇ ਜਿਹੜੀ ਭਗਤਾਂ ਦੀ ਬਾਣੀ ਵੀ ਇਕੱਤਰ ਕੀਤੀ, ਉਸ ਨੂੰ ਵੀ ਆਪਣੇ ਹੱਥੀਂ ਗੁਰਮੁਖੀ ਲਿੱਪੀ ਵਿੱਚ ਲਿਖਿਆ ਅਤੇ ਸਾਂਭਿਆ, ਕਿਉਂਕਿ ਭਗਤਾਂ ਨੇ ਆਪਣੀ ਬਾਣੀ ਓਸੇ ਇਨਕਲਾਬੀ ਭਾਸ਼ਾ ਵਿੱਚ ਉਚਾਰੀ ਤੇ ਲਿਖੀ, ਜਿਸ ਇਲਾਕੇ ਦੇ ਉਹ ਵਸਨੀਕ ਸਨ। ਗੁਰੂ ਨਾਨਕ ਸਾਹਿਬ ਨੇ ਗੁਰਮੁਖੀ ਲਿੱਪੀ ਵਿੱਚ ਰਾਗ ਆਸਾ ਦੀ ਪਟੀ ਲਿਖੀ, ਜਿਹੜੀ ਗੁਰੂ ਗ੍ਰੰਥ ਸਾਹਿਬ ਦੇ ਅੰਗ 432 ਉੱਤੇ ਸੁਭਾਇਮਾਨ ਹੈ। ਇਸ ਪੱਟੀ ਦੇ ਅੱਖਰ ਵੀ ਪੈਂਤੀ ਹੀ ਹਨ, ਪਰ ਸ਼ੁਰੂ ਸਸੈ ਤੋਂ ਹੁੰਦੀ ਹੈ, ਸਸੈ ਸੋਇ ਸ੍ਰਿਸਟਿ ਜਿਨਿ ਸਾਜੀ, ਸਭਨਾ ਸਾਹਿਬੁ ਏਕੁ ਭਇਆ॥ ਸੇਵਤ ਰਹੈ ਚਿਤੁ ਜਿਨ੍ ਕਾ ਲਾਗਾ ਆਇਆ ਤਿਨ੍ ਕਾ ਸਫਲੁ ਭਇਆ॥ (ਅੰਗ 432)
   ਗੁਰੂ ਨਾਨਕ ਸਾਹਿਬ ਨੇ ਜਿਸ ਪੋਥੀ ਵਿੱਚ ਆਪਣੀ ਤੇ ਭਗਤਾਂ ਦੀ ਬਾਣੀ ਲਿਖ ਕੇ ਸਾਂਭੀ ਸੀ, ਉਹ ਪੋਥੀ ਗੁਰੂ ਅੰਗਦ ਸਾਹਿਬ ਨੂੰ ਸੌਂਪ ਦਿੱਤੀ ਸੀ। ਗੁਰੂ ਅੰਗਦ ਸਾਹਿਬ ਜੀ ਨੇ ਜਦੋਂ ਸਿੱਖਾਂ ਨੂੰ ਗੁਰਮੁਖੀ ਪੜ੍ਹਾਉਣ ਲਈ ਗੁਰਮੁਖੀ ਦੇ ਕਾਇਦੇ ਲਿਖਵਾਉਣੇ ਸ਼ੁਰੂ ਕੀਤੇ ਤਾਂ ਗੁਰਮੁਖੀ ਦੇ ਪੈਂਤੀ ਅੱਖਰਾਂ ਨੂੰ ਤਰਤੀਬ ਦੇਣ ਲਈ, ਸਸੈ ਦੀ ਥਾਂ ਊੜੇ ਤੋਂ ਸ਼ੁਰੂਆਤ ਕੀਤੀ। ਅੱਖਰ ਓਹੀ ਪੈਂਤੀ ਹਨ ਜਿਨ੍ਹਾਂ ਦੀ ਵਰਤੋਂ ਗੁਰੂ ਨਾਨਕ ਸਾਹਿਬ ਨੇ ਰਾਗ ਆਸਾ ਦੀ ਪੱਟੀ ਵਿੱਚ ਕੀਤੀ ਹੈ। 
   ਗੁਰਮਤਿ ਗੁਰਮੁਖੀ ਦੇ ਸ਼ਬਦਾਰਥ ਵਿੱਚੋਂ ਆਪਣੇ ਅਰਥ ਪ੍ਰਗਟ ਕਰਦੀ ਹੈ। ਸੰਸਕ੍ਰਿਤ, ਹਿੰਦੀ, ਫ਼ਾਰਸੀ, ਅਰਬੀ, ਇੰਗਲਿਸ਼ ਜਾਂ ਪੰਜਾਬੀ ਵਿੱਚੋਂ ਨਹੀਂ ਕਿਉਂਕਿ ਗੁਰੂ ਗ੍ਰੰਥ ਸਾਹਿਬ ਦੀ ਭਾਸ਼ਾ ਨਿਰਵਿਵਾਦ ਰੂਪ ਵਿੱਚ ਗੁਰਮੁਖੀ ਹੈ ਸੰਸਕ੍ਰਿਤ, ਹਿੰਦੀ, ਫਾਰਸੀ, ਅਰਬੀ, ਇੰਗਲਿਸ਼ ਜਾਂ ਪੰਜਾਬੀ ਨਹੀਂ। ਹਾਂ, ਇਹਨਾਂ ਭਾਸ਼ਾਵਾਂ ਸਮੇਤ ਹੋਰ ਕਈ ਭਾਸ਼ਾਵਾਂ ਦੇ ਸ਼ਬਦ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਆਉਂਦੇ ਹਨ, ਪਰ ਉਹਨਾਂ ਦੇ ਅਰਥ ਉਹ ਨਹੀਂ ਲਏ ਗਏ ਹਨ, ਜਿਹੜੇ ਉਸ ਸ਼ਬਦ ਦੇ ਮੂਲ ਭਾਸ਼ਾ ਵਿੱਚ ਸਨ, ਸਗੋਂ ਨਵੇਂ ਅਰਥ ਪ੍ਰਦਾਨ ਕਰ ਕੇ ਉਸ ਸ਼ਬਦ ਨੂੰ ਨਵੀਂ ਭਾਸ਼ਾ ਦਾ ਅਨਿੱਖੜਵਾਂ ਅੰਗ ਬਣਾ ਲਿਆ ਗਿਆ ਹੈ ਤੇ ਉਸ ਦਾ ਪਿਛੋਕੜ ਸਿੱਖੀ ਦੇ ਮੂਲ ਨਿਯਮ &lsquoਪਿਛਲਾ ਸਭ ਨਾਸ਼&rsquo ਤੇ ਅਗਲਾ ਸਭ ਅਕਾਲ ਨਾਲ ਜੋੜ ਲਿਆ ਜਾਂਦਾ ਹੈ। ਇਸ ਲਈ ਜਿਸ ਧਰਮ ਦੇ ਸੰਬੰਧ ਵਿੱਚ ਮਾਮਲਾ ਨਜਿੱਠਣਾ ਹੋਵੇ ਉਸ ਧਰਮ ਦੀ ਪਰਿਭਾਸ਼ਕ ਸ਼ਬਦਾਵਲੀ (ਠੲਰਮਨਿੋਲੋਗੇ) ਵਿੱਚ ਹੀ ਮਾਮਲੇ ਦੀਆਂ ਬਰੀਕੀਆਂ, ਸਿਧਾਂਤ, ਸੰਕਲਪ, ਸੱਭਿਅਤਾ, ਪਰੰਪਰਾਵਾਂ, ਸੰਸਕਾਰ, ਵਿਸ਼ਵਾਸ ਅਤੇ ਨਿਸਚੇ ਨੂੰ ਸਮਝਿਆ ਜਾ ਸਕਦਾ ਹੈ। ਜਿਵੇਂ ਟੈਸਟ ਟਿਊਬ ਵਿੱਚ ਪੈਦਾ ਕੀਤੇ ਬੱਚੇ ਦੀ ਮਾਂ ਦੀ ਕੁੱਖ ਨਾਲ ਕੋਈ ਸਾਂਝ ਨਹੀਂ ਹੁੰਦੀ, ਓਵੇਂ ਹੀ ਗੁਰਮਤਿ ਅਤੇ ਸਿੱਖੀ ਨਾਲ ਕੀਤਾ ਜਾ ਰਿਹਾ ਹੈ। 
-(ਹਵਾਲਾ ਪੁਸਤਕ &lsquoਅਕਾਲ ਤੇ ਸਿੱਖ ਦੋਵੇਂ ਕੇਸਾਧਾਰੀ ਹਨ&rsquo) 
   ਗੁਰਮੁਖੀ ਉਰਫ਼ ਪੰਜਾਬੀ ਦਾ ਵਿਸ਼ਲੇਸ਼ਣ ਵੀ ਉਕਤ ਪੈਰੇ ਨੂੰ ਆਧਾਰ ਬਣਾ ਕੇ ਕੀਤਾ ਜਾ ਸਕਦਾ ਹੈ ਕਿਉਂਕਿ ਪੰਜਾਬੀ ਸੱਭਿਆਚਾਰ ਅਤੇ ਸਿੱਖ ਸੱਭਿਆਚਾਰ ਵਿੱਚ ਵੀ ਅੰਤਰ ਹੈ। ਪੰਜਾਬੀ ਸੱਭਿਆਚਾਰ ਦਾ ਅਰਥ ਹੈ, ਪੰਜਾਬੀ ਭਾਸ਼ਾ ਬੋਲਣ ਵਾਲ਼ਿਆਂ ਜਾਂ ਪੰਜਾਬ ਸੂਬੇ ਦੇ ਵਾਸੀਆਂ ਦਾ ਰਹਿਣ-ਸਹਿਣ, ਖਾਣ ਪੀਣ, ਕਿਰਤ-ਵਿਰਤ, ਰਸਮ-ਰਿਵਾਜ਼ ਆਦਿ। ਸਿੱਖ ਮੂਲ ਰੂਪ ਵਿੱਚ ਪੰਜਾਬ ਦੇ ਵਾਸੀ ਹੋਣ ਕਾਰਨ ਪੰਜਾਬ ਦਾ ਮੁੱਖ ਅੰਗ ਹਨ। (ਪਰ ਹੁਣ ਤਾਂ ਪੰਜਾਬ ਅਤੇ ਪੰਜਾਬੀ ਵਿੱਚੋਂ ਸਿੱਖ ਸ਼ਬਦ ਹੀ ਮਨਫ਼ੀ ਕਰਨ ਦੀਆਂ ਕੋਸ਼ਿਸ਼ਾਂ ਹੋ ਰਹੀਆਂ ਹਨ) ਸਿੱਖਾਂ ਤੋਂ ਇਲਾਵਾ ਪੰਜਾਬ ਵਿੱਚ ਦੂਜੇ ਫ਼ਿਰਕਿਆਂ ਦੇ ਲੋਕ (ਹਿੰਦੂ, ਮੁਸਲਮਾਨ, ਈਸਾਈ ਆਦਿ) ਵੀ ਰਹਿੰਦੇ ਹਨ, ਜਿਹੜੇ ਆਪੋ-ਆਪਣੇ ਧਰਮ ਅਨੁਸਾਰ ਪੂਜਾ-ਪਾਠ ਕਰਦੇ, ਆਪੋ ਆਪਣੀਆਂ ਰੀਤਾਂ-ਰਸਮਾਂ ਨੂੰ ਮੰਨਦੇ ਅਤੇ ਆਪਣੇ ਨਿਰਬਾਹ ਲਈ ਕਿਰਤ-ਵਿਰਤ ਕਰਦੇ ਹਨ। ਸਾਰੇ ਪੰਜਾਬ ਵਾਸੀਆਂ ਵਿੱਚ ਪੰਜਾਬੀ ਬੋਲੀ ਇੱਕ ਸਾਂਝੀ ਕੜੀ ਹੈ। ਸਿੱਖ ਇੱਕ ਵੱਖਰੀ ਕੌਮ ਹੈ। ਸਿੱਖ ਨਿਰਧਾਰਤ ਰਹਿਤ ਮਰਯਾਦਾ ਅਨੁਸਾਰ ਆਪਣਾ ਜੀਵਨ ਬਤੀਤ ਕਰਦੇ ਹਨ। ਉਹਨਾਂ ਦਾ ਜਨਮ ਤੇ ਨਾਮ ਸੰਸਕਾਰ, ਅੰਮ੍ਰਿਤ ਸੰਸਕਾਰ, ਅਨੰਦ ਸੰਸਕਾਰ, ਮ੍ਰਿਤਕ ਸੰਸਕਾਰ ਅਤੇ ਹੋਰ ਰਹੁ-ਰੀਤਾਂ ਬਾਕੀ ਫ਼ਿਰਕਿਆਂ ਨਾਲੋਂ ਭਿੰਨ ਹਨ। ਗੁਰਸਿੱਖਾਂ ਦੀ ਸਾਬਤ-ਸੂਰਤ ਤੇ ਪੰਜ ਕਕਾਰਾਂ ਵਾਲ਼ੀ ਰਹਿਤ ਉਹਨਾਂ ਦੇ ਵੱਖਰੇ ਸੱਭਿਆਚਾਰ ਨੂੰ ਪ੍ਰਗਟਾਉਂਦੀ ਹੈ। ਇਹ ਸਿੱਖ ਦੀ ਦਿੱਖ ਨੂੰ ਨਿਆਰਾਪਣ ਵੀ ਪ੍ਰਦਾਨ ਕਰਦੀਆਂ ਹਨ।
    ਸਿੱਖਾਂ ਦੇ ਗੁਰਦੁਆਰਿਆਂ ਵਿੱਚ ਸੰਗਤ ਤੇ ਪੰਗਤ ਦੀ ਨਿਰਾਲੀ ਸ਼ਾਨ ਹੈ, ਹੁਣ ਜਦੋਂ ਪੰਜਾਬੀ ਭਾਸ਼ਾ ਬਾਰੇ ਹੋ ਰਹੇ ਸਮਾਗਮ ਦੇ ਇਸ਼ਤਿਹਾਰ ਵਿੱਚ ਇਹ ਪੜ੍ਹਦੇ ਹਾਂ ਕਿ ਇਹ ਲੇਖਾ-ਜੋਖਾ ਕੀਤਾ ਜਾਵੇਗਾ ਕਿ ਅੱਜ ਦੇ ਸਮੇਂ ਵਿੱਚ ਸਿੱਖ ਅਥਵਾ ਪੰਜਾਬੀ ਕੌਮ ਕਿਸ ਮੁਕਾਮ ਤੇ ਅੱਪੜੀ ਹੈ ਤਾਂ ਗੰਭੀਰ ਚਿੰਤਨ ਦਾ ਵਿਸ਼ਾ ਬਣ ਜਾਂਦਾ ਹੈ, ਕਿਉਂਕਿ ਜੇ ਜਾਣੇ-ਅਣਜਾਣੇ ਵਿੱਚ ਸਿੱਖ ਕੌਮ ਦੀ ਥਾਂ 'ਪੰਜਾਬੀ ਕੌਮ' ਲਿਖਿਆ ਗਿਆ ਹੈ ਤਾਂ ਇਸ ਬਾਰੇ ਪੁਨਰ ਵਿਚਾਰ ਜ਼ਰੂਰ ਹੋਣੀ ਚਾਹੀਦੀ ਹੈ ਕਿਉਂਕਿ ਗੁਰਮੁਖੀ ਲਿੱਪੀ ਵਿੱਚ ਲਿਖੀ ਪੰਜਾਬੀ ਦਾ ਗੁਰੂ ਨਾਨਕ ਦੀ ਸਿੱਖੀ ਨਾਲ ਨਹੁੰ-ਮਾਸ ਦਾ ਰਿਸ਼ਤਾ ਹੈ। ਅੰਤ ਵਿੱਚ ਪ੍ਰੋਫੈਸਰ ਪੂਰਨ ਸਿੰਘ ਦੀ ਪੰਜਾਬ ਬਾਰੇ ਲਿਖੀ ਚਰਚਿਤ ਕਵਿਤਾ ਦੀਆਂ ਇਹਨਾਂ ਸਤਰਾਂ ਨਾਲ ਸਮਾਪਤੀ ਕਰਦਾ ਹਾਂ :
ਇਹ ਬੇਪਰਵਾਹ ਜੁਆਨ ਪੰਜਾਬ ਦੇ 
ਮੌਤ ਨੂੰ ਮਖੌਲਾਂ ਕਰਨ,
ਮਰਨ ਥੀ ਨਹੀਂ ਡਰਦੇ 
ਪਿਆਰ ਨਾਲ ਇਹ ਕਰਨ ਗ਼ੁਲਾਮੀ,
ਜਾਨ ਕੋਹ ਆਪਣੀ ਵਾਰ ਦਿੰਦੇ। 
ਪਰ ਟੈਂ ਨਾ ਮੰਨਣ ਕਿਸੇ ਦੀ, 
ਖਲੋ ਜਾਣ ਡਾਂਗਾਂ ਮੋਢੇ &rsquoਤੇ ਉਲਾਰ ਕੇ।
ਮੰਨਣ ਬੱਸ ਇੱਕ ਆਪਣੀ ਜੁਆਨੀ ਦੇ ਜ਼ੋਰ ਨੂੰ,
ਅਖੜਖਾਂਦ ਅਲਬੇਲੇ, ਧੁਰ ਥੀਂ ਸਤਿਗੁਰਾਂ ਦੇ,
ਅਜ਼ਾਦ ਕੀਤੇ ਇਹ ਬੰਦੇ।
ਪੰਜਾਬ ਨਾ ਹਿੰਦੂ ਨਾ ਮੁਸਲਮਾਨ, 
ਪੰਜਾਬ ਜਿਊਂਦਾ ਗੁਰਾਂ ਦੇ ਨਾਂ &rsquoਤੇ।
ਮਹਿੰਦਰ ਸਿੰਘ ਖਹਿਰਾ
*  *  *  *  *