image caption: ਜਥੇਦਾਰ ਮਹਿੰਦਰ ਸਿੰਘ ਯੂ।ਕੇ।
ਗੁਰਮੁੱਖੀ ਅੱਖਰਾਂ ਦੇ ਰਚੇਤਾ ਗੁਰੂ ਅੰਗਦ ਦੇਵ ਜੀ ਨਹੀਂ ਸਗੋਂ ਗੁਰੂ ਨਾਨਕ ਸਾਹਿਬ ਜੀ ਹਨ ।
ਸਤਿਕਾਰ ਯੋਗ ਸੰਪਾਦਕ ਜੀਉ
ਵਾਹਿਗੁਰੂ ਜੀ ਕਾ ਖ਼ਾਲਸਾ ॥ਵਾਹਿਗੁਰੂ ਜੀ ਕੀ ਫਤਹਿ
ਪਿਛਲੇ ਹਫ਼ਤੇ ਅਦਾਰਾ ਪੰਜਾਬ ਟਾਈਮਜ਼ ਵੱਲੋਂ ਅੰਤਰ-ਰਾਸ਼ਟਰੀ ਮਾਂ ਬੋਲੀ ਦਿਹਾੜੇ ਨੂੰ ਸਮਰਪਿਤ ਵਿਸ਼ੇਸ਼ ਅੰਕ ਕੱਢਣ ਲਈ ਆਪ ਜੀ ਨੂੰ ਵਧਾਈਆਂ ਹੋਵਣ । ਆਪ ਜੀ ਨੇ ਬਹੁਤ ਮਿਹਨਤ ਕਰਕੇ ਪੰਜਾਬੀ ਮਾਂ ਬੋਲੀ ਨਾਲ ਸੰਬੰਧਿਤ ਸਾਰੇ ਲੇਖਾਂ, ਕਵਿਤਾਵਾਂ, ਗੀਤਾਂ ਦੀ ਚੋਣ ਬਹੁਤ ਸੁਚੱਜੇ ਢੰਗ ਨਾਲ ਕੀਤੀ ਹੋਈ ਹੈ । ਪੰਜਾਬ ਟਾਈਮਜ਼ ਦੇ ਇਸੇ ਅੰਕ 3068 ਦੇ ਸਫ਼ਾ 25 ਉੱਤੇ ਪੰਜਾਬੀ ਭਾਸ਼ਾ ਚੇਤਨਾ ਬੋਰਡ ਵੱਲੋਂ ਗੁਰਮੱੁਖੀ ਲਿੱਪੀ ਬਾਰੇ ਇਕ ਦੁਬਿਧਾ ਪਾਊ ਇਸ਼ਤਿਹਾਰ ਵੀ ਛਪਿਆ ਹੈ । ਦਾਸ ਨੇ ਇਸ ਇਸ਼ਤਿਹਾਰ ਦੇ ਮੁੱਖ ਮੰਤਵ ਬਾਰੇ ਵਿਚਾਰ ਕਰਨੀ ਹੈ । ਇਸ਼ਤਿਹਾਰ ਦਾ ਮੁੱਖ ਮੰਤਵ ਹੈ ਕਿ ਗੁਰੂ ਅੰਗਦ ਦੇਵ ਜੀ ਦਾ ਪ੍ਰਕਾਸ਼ ਪੁਰਬ ਗੁਰਮੁੱਖੀ ਦਿਵਸ ਵਜੋਂ ਮਨਾਉਣ ਦਾ ਸੱਦਾ, ਗੁਰਮੁੱਖੀ ਅੱਖਰਾਂ ਦੇ ਰਚੇਤਾ ਗੁਰੂ ਅੰਗਦ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਗੁਰਮੁੱਖੀ ਦਿਵਸ ਵਜੋਂ ਮਨਾਉਣ ਲਈ ਪੰਜਾਬੀ ਭਾਸ਼ਾ ਚੇਤਨਾ ਬੋਰਡ ਵੱਲੋਂ ਅਪੀਲ ਕਰਦੇ ਹਾਂ । ਉਕਤ ਇਸ਼ਤਿਹਾਰ ਦੁਬਿਧਾ ਪਾਊ ਇਸ ਕਰਕੇ ਹੈ ਕਿ ਗੁਰਮੁੱਖੀ ਅੱਖਰਾਂ ਦੇ ਰਚੇਤਾ ਗੁਰੂ ਅੰਗਦ ਦੇਵ ਜੀ ਨਹੀਂ ਸਗੋਂ ਗੁਰੂ ਨਾਨਕ ਜੀ ਹਨ । ਇਸ ਦੀ ਪੁਸ਼ਟੀ ਵਾਸਤੇ ਦਾਸ ਕੁਝ ਇਤਿਹਾਸਕ ਤੱਥ ਪਾਠਕਾਂ ਨਾਲ ਸਾਂਝੇ ਕਰੇਗਾ । ਪੰਜਾਬ ਟਾਈਮਜ਼ ਦੇ ਪਿਛਲੇ ਅੰਕ 3068 ਦੇ ਸਫ਼ਾ 44 ਉੱਤੇ ਪੰਜਾਬੀ ਭਾਸ਼ਾ ਦਾ ਜਨਮ ਤੇ ਵਿਕਾਸ ਕਿਵੇਂ ਹੋਇਆ, ਕਿੰਨੀ ਬਦਲੀ, ਗੁਰਮੁੱਖੀ ਯੋਗਦਾਨ ਵਿੱਚ ਗੁਰੂ ਸਾਹਿਬਾਨ ਦੀ ਵੱਡੀ ਦੇਣ ਦੇ ਸਿਰਲੇਖ ਹੇਠ, ਡਾ: ਬੂਟਾ ਸਿੰਘ ਬਰਾੜ ਦਾ ਇਕ ਲੇਖ ਛਪਿਆ ਹੈ । ਪੰਜਾਬੀ ਯੂਨੀਵਰਸਿਟੀ ਦੇ ਭਾਸ਼ਾ ਵਿਗਿਆਨ ਦੇ ਸਾਬਕਾ ਮੁਖੀ ਡਾ: ਜੋਗਾ ਸਿੰਘ ਦੇ ਹਵਾਲੇ ਨਾਲ ਡਾ: ਬੂਟਾ ਸਿੰਘ ਬਰਾੜ ਜੀ ਲਿਖਦੇ ਹਨ : ਡਾ: ਜੋਗਾ ਸਿੰਘ ਜੀ ਮੁਤਾਬਕ : ਪੈਂਤੀ ਅੱਖਰੀ ਦਾ ਸਭ ਤੋਂ ਪਹਿਲਾ ਸਬੂਤ ਨਾਨਕ ਦੀ ਪਟੀ ਵਿੱਚ ਮਿਲਦਾ ਹੈ । ਉਸ ਵਿੱਚ ਪੈਂਤੀ ਹੀ ਅੱਖਰ ਹਨ, ਉਸ ਵਿੱਚ ਫ਼ਰਕ ਸਿਰਫ਼ ਇੰਨਾ ਹੈ ਕਿ ਉ-ਅ, ਈ ਵਾਲੀ ਤਰਤੀਬ ਵੱਖਰੀ ਸੀ । ਉਸ ਵਿੱਚ ਅ, ਈ-ਉ ਲਿਖਿਆ ਜਾਂਦਾ ਸੀ । ਬਾਅਦ ਵਿੱਚ ਗੁਰੂ ਅੰਗਦ ਦੇਵ ਜੀ ਨੇ ਇਹ ਤਰਤੀਬ ਬਦਲ ਕੇ ੳ-ਅ-ਈ ਕੀਤੀ (ਨੋਟ-ਡਾ: ਜੋਗਾ ਸਿੰਘ ਨੇ ਸਿੱਧ ਕਰ ਦਿੱਤਾ ਕਿ ਗੁਰਮੁੱਖੀ ਦੇ ਪੈਂਤੀ ਅੱਖਰਾਂ ਦੇ ਰਚੇਤਾ ਗੁਰੂ ਨਾਨਕ ਜੀ ਹੀ ਹਨ, ਗੁਰੂ ਅੰਗਦ ਦੇਵ ਜੀ ਨੇ ਕੇਵਲ ਗੁਰਮੁੱਖੀ ਅੱਖਰਾਂ ਦੀ ਤਰਤੀਬ ਹੀ ਬਦਲੀ ਹੈ) । ਸਿੱਖ ਧਰਮ ਦੇ ਬਾਨੀ ਗੁਰੂ ਨਾਨਕ ਸਾਹਿਬ ਨੇ ਗੁਰਮੁੱਖੀ ਲਿੱਪੀ ਵਿੱਚ ਰਾਗ ਆਸਾ ਦੀ ਪਟੀ ਲਿਖੀ ਜਿਹੜੀ ਗੁਰੂ ਗ੍ਰੰਥ ਸਾਹਿਬ ਦੇ ਪੰਨਾ 432 ਉੱਤੇ ਸੁਭਾਇਮਾਨ ਹੈ । ਇਸ ਗੁਰਮੁੱਖੀ ਵਿੱਚ ਲਿਖੀ ਪਟੀ ਦੇ ਅੱਖਰ ਪੈਂਤੀ ਹੀ ਹਨ ਪਰ ਸਸੈ ਤੋਂ ਸ਼ੁਰੂ ਹੁੰਦੀ ਹੈ ਅਰਥਾਤ : ਸਸੈ ਸੋਇ ਸ੍ਰਿਸ਼ਟ ਜਿਨਿ ਸਾਜੀ ਸਭਨਾ ਸਾਹਿਬ ਏਕ ਭਇਆ ॥ ਸੇਵਤ ਰਹੈ ਚਿਤੁ ਜਿਨ ਕਾ ਲਾਗਾ ਆਇਆ ਤਿੰਨ ਕਾ ਸਫਲ ਭਇਆ ॥ (ਗੁ: ਗ੍ਰੰ: ਸਾਹਿਬ ਪੰਨਾ 432) ਗੁਰੂ ਨਾਨਕ ਸਾਹਿਬ ਦੀ ਲਿਖੀ ਗੁਰਮੁੱਖੀ ਅੱਖਰਾਂ ਦੀ ਪਟੀ ਵਿੱਚ ਇਕ ਹੋਰ ਵੀ ਵਿਸ਼ੇਸ਼ਤਾ ਹੈ ਜੋ ਸ਼ਾਇਦ ਹੀ ਦੁਨੀਆਂ ਦੀ ਕਿਸੇ ਹੋਰ ਲਿੱਪੀ ਵਿੱਚ ਹੋਵੇ, ਉਹ ਇਹ ਹੈ ਕਿ ਗੁਰੂ ਨਾਨਕ ਸਾਹਿਬ ਨੇ ਪੈਂਤੀ ਅੱਖਰਾਂ ਦੇ ਅਰਥ ਭਾਵ ਵੀ ਲਿਖੇ ਹਨ, ਉਦਾਹਰਣ ਵਜੋਂ : ਊੜੈ ਉਪਮਾ ਤਾ ਕੀ ਕੀਜੈ, ਜਾ ਕਾ ਅੰਤੁ ਨ ਪਾਇਆ ॥ ਸੇਵਾ ਕਰਹਿ ਸੇਈ ਫਲੁ ਪਾਵਹਿ, ਜਿਨੀ ਸਚੁ ਕਮਾਇਆ ॥ ਅਤੇ ਘਘੈ ਘਾਲ ਸੇਵਕ ਜੇ ਘਾਲੈ ਸਬਦਿ ਗੁਰੂ ਕੈ ਲਾਗਿ ਰਹੈ । ਬੁਰਾ ਭਲਾ ਜੇ ਸਮ ਕਰਿ ਜਾਣੈ, ਇਨ ਬਿਧਿ ਸਾਹਿਬ ਰਮਤੁ ਰਹੈ ॥ ਅਤੇ - ਪਪੈ ਪਾਤਿਸਾਹੁ ਪਰਮੇਸਰ, ਵੇਖਣ ਕਉ ਪਰਪੰਚੁ ਕੀਆ ॥ ਦੇਖੇ ਬੂਝੈ ਸਭੁ ਕਿਛੁ ਜਾਣੈ ਅੰਤਰਿ ਬਾਹਰਿ ਰਵਿ ਰਹਿਆ ॥ ਗੁਰੂ ਗ੍ਰੰਥ ਸਾਹਿਬ ਦੇ ਪੰਨਾ 432 ਤੋਂ 434 ਤੱਕ ਗੁਰੂ ਨਾਨਕ ਸਾਹਿਬ ਨੇ ਗੁਰਮੁੱਖੀ ਅੱਖਰਾਂ ਵਿੱਚ ਲਿਖੀ ਪਟੀ ਦੇ 35 ਅੱਖਰਾਂ ਦੇ ਹੀ ਅਰਥ ਭਾਵ ਨਾਲ ਲਿਖੇ ਹੋਏ ਹਨ । ਇਸ ਵਿੱਚ ਦੋ ਰਾਵਾਂ ਹੀ ਨਹੀਂ ਹਨ ਕਿ ਗੁਰਮੁੱਖੀ ਅੱਖਰਾਂ ਦੇ ਰਚੇਤਾ ਗੁਰੂ ਨਾਨਕ ਸਾਹਿਬ ਹੀ ਹਨ ਨਾ ਕਿ ਗੁਰੂ ਅੰਗਦ ਦੇਵ । ਕੁਝ ਹੋਰ ਵੀ ਇਤਿਹਾਸਕ ਤੱਥ ਇਸ ਗੱਲ ਉੱਤੇ ਮੋਹਰ ਲਾਉਂਦੇ ਹਨ । ਗੁਰੂ ਨਾਨਕ ਸਾਹਿਬ ਚਾਰ ਉਦਾਸੀਆਂ ਤੋਂ ਬਾਅਦ 1521 ਵਿੱਚ ਕਰਤਾਰਪੁਰ ਵਸਾਉਂਦੇ ਹਨ ਅਤੇ ਭਾਈ ਲਹਿਣਾ ਜੀ (ਗੁਰੂ ਅੰਗਦ ਦੇਵ) 1532 ਵਿੱਚ ਗੁਰੂ ਨਾਨਕ ਸਾਹਿਬ ਪਾਸ ਕਰਤਾਰਪੁਰ ਆਉਂਦੇ ਹਨ । ਜੀਵਨ ਚਰਿਤ੍ਰ ਗੁਰੂ ਨਾਨਕ ਦੇਵ ਦੇ ਲੇਖਕ ਡਾ: ਤ੍ਰਿਲੋਚਨ ਸਿੰਘ ਜੀ ਆਪਣੀ ਉਕਤ ਪੁਸਤਕ ਦੇ ਪੰਨਾ 87-94 ਉੱਤੇ ਲਿਖਦੇ ਹਨ : ਪੱਟੀ, ਜਪੁਜੀ, ਆਸਾ ਦੀ ਵਾਰ, ਸੋਦਰ ਤੇ ਸੋਹਿਲਾ ਆਦਿ ਬਾਣੀਆਂ ਕਰਤਾਰਪੁਰ ਵਸਾਉਣ ਤੋਂ ਪਹਿਲਾਂ ਰਚੀਆਂ ਜਾ ਚੁੱਕੀਆਂ ਸਨ । ਇਸੇ ਤਰ੍ਹਾਂ ਪ੍ਰਿੰ: ਸਤਿਬੀਰ ਸਿੰਘ ਗੁਰੂ ਨਾਨਕ ਸਾਹਿਬ ਦੀ ਜੀਵਨੀ, ਬਲਿੳ ਚਿਰਾਗ ਵਿੱਚ ਲਿਖਦੇ ਹਨ : ਕਰਤਾਰਪੁਰ ਟਿਕਕੇ, ਗੁਰੂ ਨਾਨਕ ਜੀ ਨੇ ਸ਼ਬਦ ਨੂੰ ਹੀ ਦ੍ਰਿੜਾਇਆ । ਬਾਣੀ ਰਾਹੀਂ ਹੀ ਚਾਨਣ ਕਰਦੇ ਰਹੇ ਤੇ ਅੰਧਿਆਰਾ ਮਿਟਦਾ ਗਿਆ । ਉਥੇ ਦੂਰ ਦੂਰ ਤੋਂ ਆਤਮਕ ਸੁੱਖ ਦੇ ਪਾਂਧੀ ਆਉਣ ਲੱਗੇ, ਹਰ ਵੇਲੇ ਸ਼ਬਦ ਦਾ ਹੀ ਵਰਤਾਰਾ ਹੋਣ ਲੱਗਾ, ਸਵੇਰ ਵੇਲੇ ਆਸਾ ਦੀ ਵਾਰ ਜਪੁਜੀ ਦਾ ਪਾਠ ਹੁੰਦਾ, ਸਾਰੀ ਦਿਹਾੜੀ ਕੰਮ ਕਰਨ ਪਿੱਛੋਂ ਸ਼ਾਮ ਨੂੰ ਸੋ ਦਰ ਤੇ ਆਰਤੀ ਗਾਈ ਜਾਂਦੀ ਤੇ ਇਸ ਦੀ ਗਵਾਹੀ ਭਾਈ ਗੁਰਦਾਸ ਜੀ ਵੀ ਆਪਣੀ ਵਾਰ ਵਿੱਚ ਹੇਠ ਲਿਖੇ ਅਨੁਸਾਰ ਦਿੰਦੇ ਹਨ : ਬਾਣੀ ਮੁਖਹੁ ਉਚਾਰੀਐ ਹੁਇ ਰੁਸ਼ਨਾਈ ਮਿਟੈ ਅੰਧਿਆਰਾ । ਗਿਆਨ ਗੋਸਟਿ ਚਰਚਾ ਸਦਾ ਅਨਹਦਿ ਸਬਦਿ ਉਠੇ ਧੁਨਕਾਰਾ । ਸੋ ਦਰ ਆਰਤੀ ਗਾਵੀਐ ਅੰਮ੍ਰਿਤ ਵੇਲੇ ਜਾਪ ਉਚਾਰਾ । ਗੁਰੂ ਨਾਨਕ ਸਾਹਿਬ ਨੇ ਕਰਤਾਰਪੁਰ ਧਰਮਸ਼ਾਲਾ ਸਥਾਪਤ ਕਰਕੇ ਉਕਤ ਮਰਯਾਦਾ ਭਾਈ ਲਹਿਣਾ ਦੇ ਕਰਤਾਰਪੁਰ ਆਉਣ ਤੋਂ 11 ਸਾਲ ਪਹਿਲਾਂ ਹੀ ਲਾਗੂ ਕਰ ਦਿੱਤੀ ਸੀ, ਭਾਈ ਲਹਿਣਾ ਦੇ ਕਰਤਾਰਪੁਰ ਆਉਣ ਤੋਂ ਪਹਿਲਾਂ ਹੀ ਗੁਰਮੁੱਖੀ ਅੱਖਰਾਂ ਵਿੱਚ ਲਿਖੀ ਬਾਣੀ ਗਾਈ ਜਾਂਦੀ ਸੀ । ਸਿੱਖ ਇਤਿਹਾਸ ਇਹ ਕਹਿੰਦਾ ਹੈ ਕਿ 1532 ਵਿੱਚ ਭਾਈ ਲਹਿਣਾ ਜੀ ਨੇ ਭਾਈ ਜੋਧ ਜੀ ਪਾਸੋਂ ਆਸਾ ਦੀ ਵਾਰ ਦੀ 21ਵੀਂ ਪੌੜੀ : (ਜਿਤੁ ਸੇਵੀਐ ਸੁਖ ਪਾਈਐ ॥ ਸੋ ਸਾਹਿਬ ਸਦਾ ਸਮਾਲੀਐ ॥ ਜਿੁਤ ਕੀਤਾ ਪਾਈਐ ਆਪਣਾ ॥ ਸਾ ਘਾਲਿ ਬੁਰੀ ਕਿਉਂ ਘਾਲੀਐ ॥) ਦੀਆਂ ਪੰਗਤੀਆਂ ਸੁਣ ਕੇ ਇਸ ਬਾਣੀ ਦੇ ਰਚੇਤਾ ਦਾ ਨਾਂ ਭਾਈ ਲਹਿਣਾ ਨੇ ਭਾਈ ਜੋਧ ਜੀ ਪਾਸੋਂ ਪੁੱਛਿਆ ਤੇ ਉਨ੍ਹਾਂ ਦੇ ਦੱਸਣਾ ਤੇ ਕਰਤਾਰਪੁਰ ਗੁਰੂ ਨਾਨਕ ਸਾਹਿਬ ਨੂੰ ਮਿਲਣ ਗਏ ਤੇ ਉਨ੍ਹਾਂ ਦੇ ਹੋ ਕੇ ਰਹਿ ਗਏ।
ਆਸ ਕਰਦਾ ਹਾਂ ਕਿ ਪੰਜਾਬੀ ਭਾਸ਼ਾ ਚੇਤਨਾ ਬੋਰਡ ਵਾਲੇ ਆਪਣੀ ਇਸ ਗਲਤੀ ਨੂੰ ਸੋਧ ਲੈਣਗੇ, ਕਿਉਂਕਿ ਗੁਰਮੁੱਖੀ ਅੱਖਰਾਂ ਦੇ ਰਚੇਤਾ, ਗੁਰੂ ਅੰਗਦ ਦੇਵ ਜੀ ਨਹੀਂ ਗੁਰੂ ਨਾਨਕ ਸਾਹਿਬ ਜੀ ਹਨ । ਗੁਰੂ ਅੰਗਦ ਦੇਵ ਜੀ ਨੇ ਜਦੋਂ ਸਿੱਖੀ ਦੇ ਪ੍ਰਚਾਰ ਦੇ ਲਈ ਗੁਰਮੁੱਖੀ ਲਿੱਪੀ ਵਿੱਚ ਕਾਇਦੇ ਲਿਖਵਾਉਣੇ ਸ਼ੁਰੂ ਕੀਤੇ ਤਾਂ ਉਨ੍ਹਾਂ ਨੇ ਕੇਵਲ ਗੁਰਮੁੱਖੀ ਦੇ ਅੱਖਰਾਂ ਨੂੰ ਤਰਤੀਬ ਹੀ ਦਿੱਤੀ ਸੀ ਇਸ ਦੀ ਪ੍ਰੋੜਤਾ ਲਈ ਸਾਰੇ ਪ੍ਰਣਵਾਲਿਤ ਹਵਾਲੇ ਉੱਪਰ ਲਿਖ ਦਿੱਤੇ ਗਏ ਹਨ । 
ਗੁਰੂ ਪੰਥ ਦਾ ਦਾਸ
ਜਥੇਦਾਰ ਮਹਿੰਦਰ ਸਿੰਘ ਯੂ।ਕੇ।