image caption: -ਭਗਵਾਨ ਸਿੰਘ ਜੌਹਲ
3 ਮਾਰਚ ਨੂੰ ਬਰਸੀ ਤੇ ਵਿਸ਼ੇਸ਼ ਡਾ: ਮਹਿੰਦਰ ਸਿੰਘ ਰੰਧਾਵਾ ਨੂੰ ਯਾਦ ਕਰਦਿਆਂ
ਪੰਜਾਬ ਦੇ ਸੱਭਿਆਚਾਰ ਨੂੰ ਦਿਲ ਦੀ ਗਹਿਰਾਈਆਂ ਤੋਂ ਸਨੇਹ ਕਰਨ ਵਾਲੇ, ਪੰਜਾਬ ਲਈ ਆਧੁਨਿਕ ਦਿੱਖ ਵਾਲਾ ਸ਼ਹਿਰ ਚੰਡੀਗੜ੍ਹ ਵਸਾਉਣ ਵਾਲੇ ਅਤੇ ਪੰਜਾਬ ਦੀ ਵੰਡ ਕਾਰਨ ਬੇਘਰ ਹੋਏ ਪੰਜਾਬੀਆਂ ਦਾ ਪੁਨਰ ਵਸੇਵਾ ਕਰਵਾਉਣ ਵਾਲੇ ਡਾ: ਮਹਿੰਦਰ ਸਿੰਘ ਰੰਧਾਵਾ ਦਾ ਜਨਮ 2 ਜਨਵਰੀ, 1909 ਈ: ਨੂੰ ਜ਼ਿਲ੍ਹਾ ਹੁਸ਼ਿਆਰਪੁਰ ਦੇ ਪਿੰਡ ਬੋਦਲ ਵਿਖੇ ਸ: ਸ਼ੇਰ ਸਿੰਘ ਰੰਧਾਵਾ ਅਤੇ ਮਾਤਾ ਬਚਿੰਤ ਕੌਰ ਦੇ ਗ੍ਰਹਿ ਵਿਖੇ ਹੋਇਆ । ਜਨਮ ਸਮੇਂ ਮਾਤਾ ਜੀ ਅਤੇ ਪਿਤਾ ਜੀ ਫਿਰੋਜ਼ਪੁਰ ਜ਼ਿਲ੍ਹੇ ਦੇ ਕਸਬਾ ਜ਼ੀਰਾ ਵਿੱਚ ਰਹਿ ਰਹੇ ਸਨ । ਸਕੂਲ ਦੀ ਪੜ੍ਹਾਈ ਪਿੱਛੋਂ ਉਹ ਲਾਹੌਰ ਚਲੇ ਗਏ । ਪੰਜਾਬ ਯੂਨੀਵਰਸਿਟੀ ਲਾਹੌਰ ਤੋਂ ਐੱਮ।ਐੱਸ।ਸੀ। ਬੌਟਨੀ ਦਾ ਇਮਤਿਹਾਨ 1930 ਈ: ਵਿੱਚ ਪਾਸ ਕੀਤਾ । ਡਾ: ਮਹਿੰਦਰ ਸਿੰਘ ਰੰਧਾਵਾ 1934 ਈ: ਵਿੱਚ ਆਈ।ਸੀ।ਐੱਸ। (ਭਾਰਤੀ ਸਿਵਿਲ ਸੇਵਾਵਾਂ) ਲਈ ਚੁਣੇ ਗਏ । ਆਈ।ਸੀ।ਐੱਸ। ਦੀ ਚੋਣ ਤੋਂ ਪਿੱਛੋਂ ਉਨ੍ਹਾਂ ਦੀ ਉੱਤਰ ਪ੍ਰਦੇਸ਼ ਵਰਗੇ ਵੱਡੇ ਰਾਜ ਵਿੱਚ ਵੱਖ-ਵੱਖ ਪ੍ਰਬੰਧਕੀ ਅਹੁਦਿਆਂ &lsquoਤੇ ਨਿਯੁਕਤੀ ਹੁੰਦੀ ਰਹੀ । ਦੇਸ਼ ਦੀ ਅਜ਼ਾਦੀ ਤੋਂ ਪਹਿਲਾਂ 1946 ਈ: ਵਿੱਚ ਦੋ ਸਾਲ ਦਿੱਲੀ ਸ਼ਹਿਰ ਦੇ ਡਿਪਟੀ ਕਮਿਸ਼ਨਰ ਵੀ ਰਹੇ ।
ਦੇਸ਼ ਦੀ ਅਜ਼ਾਦੀ ਤੋਂ ਪਿੱਛੋਂ ਦੇਸ਼ ਦੇ ਬਟਵਾਰੇ ਸਮੇਂ ਉਜੜ ਕੇ ਆਏ ਸ਼ਰਨਾਰਥੀਆਂ ਦੇ ਪੁਨਰਵਾਸ ਸਬੰਧੀ ਮਹਿਕਮੇ ਦੇ 1949 ਤੋਂ 1951 ਈ: ਤੱਕ ਡਾਇਰੈਕਟਰ ਜਨਰਲ ਵਜੋਂ ਤਾਇਨਾਤ ਰਹੇ । 1955 ਈ: ਤੋਂ 1966 ਈ: ਤੱਕ ਡਾ: ਰੰਧਾਵਾ ਨਵੀਂ ਦਿੱਲੀ ਵਿਖੇ ਇੰਡੀਅਨ ਐਗਰੀਕਲਚਰ ਕੌਂਸਲ ਦੇ ਉਪ-ਪ੍ਰਧਾਨ, ਯੋਜਨਾ ਕਮਿਸ਼ਨਰ ਦੇ ਕੁਦਰਤੀ ਸਾਧਨਾਂ ਸਬੰਧੀ ਸਲਾਹਕਾਰ ਤੋਂ ਇਲਾਵਾ ਖੁਰਾਕ ਅਤੇ ਖੇਤੀਬਾੜੀ ਮੰਤਰਾਲੇ ਵਿੱਚ ਸਕੱਤਰ ਦੇ ਜ਼ਿੰਮੇਵਾਰ ਅਹੁਦਿਆਂ &lsquoਤੇ ਸੁਸ਼ੋਭਿਤ ਰਹੇ ।
1966 ਈ: ਵਿੱਚ ਡਾ: ਰੰਧਾਵਾ ਕੇਂਦਰੀ ਸ਼ਾਸਤ ਖੇਤਰ ਚੰਡੀਗੜ੍ਹ ਦੇ ਚੀਫ਼ ਕਮਿਸ਼ਨਰ ਬਣੇ । ਇਸ ਤੋਂ ਛੇਤੀ ਪਿੱਛੋਂ 1968 ਈ: ਵਿੱਚ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਵਾਈਸ-ਚਾਂਸਲਰ ਨਿਯੁਕਤ ਹੋਏ । ਪੰਜਾਬ ਦੀ ਖੇਤੀ ਨੂੰ ਆਧੁਨਿਕ ਯੁੱਗ ਦੇ ਹਾਣ ਦਾ ਬਨਾਉਣ ਲਈ ਪੰਜਾਬ ਦਾ ਹਰ ਜ਼ਿੰਮੀਂਦਾਰ ਅੱਜ ਵੀ ਉਨ੍ਹਾਂ ਨੂੰ ਯਾਦ ਕਰਦਾ ਹੈ । 1979 ਈ: ਵਿੱਚ ਇਨ੍ਹਾਂ ਜ਼ਿੰਮੇਵਾਰ ਸਰਕਾਰੀ ਅਹੁਦਿਆਂ ਤੋਂ ਸੇਵਾ-ਮੁਕਤ ਹੋਏ । ਡਾ: ਮਹਿੰਦਰ ਸਿੰਘ ਰੰਧਾਵਾ ਪੰਜਾਬੀ ਮਾਂ-ਬੋਲੀ ਅਤੇ ਪੰਜਾਬੀ ਸੱਭਿਆਚਾਰ ਦਾ ਅਜਿਹਾ ਲਾਡਲਾ ਸਪੁੱਤਰ ਸੀ, ਜਿਸ ਨੇ ਖੇਤੀਬਾੜੀ, ਬਨਸਪਤੀ, ਵਿਗਿਆਨ, ਇਤਿਹਾਸ, ਸਮਾਜਿਕ ਵਿਗਿਆਨ, ਪੇਂਡੂ ਵਿਕਾਸ, ਸਾਹਿਤ, ਸੱਭਿਆਚਾਰ, ਲੋਕਧਾਰਾ, ਪਹਾੜੀ ਚਿੱਤਰਕਲਾ ਖਾਸ ਕਰਕੇ ਕਾਂਗੜਾ ਚਿੱਤਰਕਲਾ ਸਬੰਧੀ ਅੰਗ੍ਰੇਜ਼ੀ, ਪੰਜਾਬੀ ਅਤੇ ਹੋਰ ਭਾਸ਼ਾਵਾਂ ਵਿੱਚ ਮਹੱਤਵਪੂਰਨ ਪੁਸਤਕਾਂ ਦੀ ਸਿਰਜਣਾ ਕਰਕੇ ਵੱਡਮੁੱਲਾ ਯੋਗਦਾਨ ਪਾਇਆ ।
ਡਾ: ਰੰਧਾਵਾ ਨੇ ਪੰਜਾਬ ਦੇ ਲੋਕ ਗੀਤ, ਕਾਂਗੜਾ ਦੇ ਲੋਕ ਗੀਤ, ਹਰਿਆਣਾ ਦੇ ਲੋਕ ਗੀਤ, ਪ੍ਰੀਤ ਕਹਾਣੀਆਂ, ਪੰਜਾਬੀ ਲੋਕ ਗੀਤ ਪੁਸਤਕਾਂ ਲਿਖ ਕੇ ਪੰਜਾਬੀ ਮਾਂ-ਬੋਲੀ ਪ੍ਰਤੀ ਅਥਾਹ ਸਨੇਹ ਅਤੇ ਪਿਆਰ ਦਾ ਪ੍ਰਗਟਾਵਾ ਕੀਤਾ । ਇਸ ਤੋਂ ਇਲਾਵਾ ਉਨ੍ਹਾਂ ਪੰਜਾਬੀ ਵਿੱਚ ਹੀ ਪੰਜਾਬ, ਪ੍ਰੋ: ਪੂਰਨ ਸਿੰਘ ਜੀਵਨੀ ਅਤੇ ਕਵਿਤਾ, ਪੂਰਨ ਸਿੰਘ ਵਾਰਤਕ, ਕਾਂਗੜਾ ਕਲਾ ਅਤੇ ਲੋਕ ਗੀਤ ਪੁਸਤਕਾਂ ਵੀ ਪਾਠਕਾਂ ਦੀ ਝੋਲੀ ਪਾਈਆਂ । 1983 ਈ: ਵਿੱਚ ਡਾ: ਰੰਧਾਵਾ ਨੇ ਆਪ-ਬੀਤੀ ਸਿਰਲੇਖ ਹੇਠ ਆਪਣੀ ਸਵੈ-ਜੀਵਨੀ ਵੀ ਪ੍ਰਕਾਸ਼ਿਤ ਕਰਵਾਈ । 1972 ਈ: ਵਿੱਚ ਡਾ: ਰੰਧਾਵਾ ਨੂੰ ਪਦਮ ਵਿਭੂਸ਼ਨ ਨਾਲ ਸਨਮਾਨਿਤ ਕੀਤਾ ਗਿਆ । ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦਾ ਇਹ ਲਾਡਲਾ ਸਪੁੱਤਰ 3 ਮਾਰਚ 1986 ਈ: ਨੂੰ ਸਦੀਵੀ ਵਿਛੋੜਾ ਦੇ ਕੇ ਹਮੇਸ਼ਾਂ ਲਈ ਸਾਡੇ ਤੋਂ ਉਹਲੇ ਹੋ ਗਿਆ । ਉਨ੍ਹਾਂ ਨੂੰ ਅੱਜ ਵੀ ਹਰ ਸੱਚਾ-ਸੁੱਚਾ ਪੰਜਾਬੀ ਸ਼ਿਦਤ ਨਾਲ ਯਾਦ ਕਰਦਾ ਹੈ ।
-ਭਗਵਾਨ ਸਿੰਘ ਜੌਹਲ