27 ਫਰਵਰੀ 2025 (ਵੀਰਵਾਰ) ਅੱਜ ਦੀਆਂ ਮੁੱਖ ਖਬਰਾਂ
 ਦਿੱਲੀ ਵਿੱਚ ਸਰਕਾਰ ਬਦਲਦੇ ਹੀ ਮੁਸਲਿਮ ਇਲਾਕਿਆਂ ਦੇ ਨਾਮ ਬਦਲਣ ਦੀ ਵਧੀ ਮੰਗ
ਨਵੀਂ ਦਿੱਲੀ (ਮਨਪ੍ਰੀਤ ਸਿੰਘ ਖਾਲਸਾ):- ਦਿੱਲੀ ਅੰਦਰ ਭਾਜਪਾ ਸਰਕਾਰ ਬਣਨ ਦੇ ਨਾਲ ਹੀ ਦਿੱਲੀ ਵਿੱਚ ਮੁਸਲਿਮ ਇਲਾਕਿਆਂ ਦੇ ਨਾਮ ਨੂੰ ਲੈ ਕੇ ਰਾਜਨੀਤੀ ਤੇਜ਼ ਹੋ ਗਈ ਹੈ। ਭਾਜਪਾ ਦੇ ਕਈ ਵਿਧਾਇਕਾਂ ਨੇ ਵਿਧਾਨ ਸਭਾ ਵਿਚ ਆਪਣੇ ਇਲਾਕੇ ਦਾ ਨਾਮ ਬਦਲਣ ਦੀ ਮੰਗ ਕੀਤੀ ਹੈ। ਨਜ਼ਫਗੜ੍ਹ ਦੀ ਵਿਧਾਇਕ ਨੀਲਮ ਪਹਿਲਵਾਨ ਵਲੋਂ ਨਜ਼ਫਗੜ੍ਹ ਦਾ ਨਾਮ ਬਦਲ ਕੇ ਨਾਹਰਗੜ੍ਹ, ਆਰਕੇ ਪੁਰਮ ਦੇ ਵਿਧਾਇਕ ਅਨਿਲ ਸ਼ਰਮਾ ਵਲੋਂ ਮੁਹੰਮਦਪੁਰ ਦਾ ਨਾਮ ਬਦਲ ਕੇ ਮਾਧੋਪੁਰਮ ਅਤੇ ਮੁਸਤਫਾਬਾਦ ਤੋਂ ਵਿਧਾਇਕ ਮੋਹਨ ਸਿੰਘ ਬਿਸ਼ਟ ਵਲੋਂ ਮੁਸਤਫਾਬਾਦ ਦਾ ਨਾਮ ਬਦਲ ਕੇ ਸ਼ਿਵ ਵਿਹਾਰ ਕਰਣ ਦੀ ਮੰਗ ਕੀਤੀ ਗਈ ਹੈਂ । ਬੀਜੇਪੀ ਵਿਧਾਇਕ ਆਪਣੇ-ਆਪਣੇ ਇਲਾਕਿਆਂ ਵਿੱਚ ਨਾਮ ਬਦਲ ਦੀ ਮੰਗ ਲੈ ਕੇ ਸਰਗਰਮ ਹੋ ਗਏ ਹਨ, ਅਤੇ ਹੁਣ ਦੇਖਣਾ ਹੋਏਗਾ ਕਿ ਦਿੱਲੀ ਸਰਕਾਰ ਇੰਨ੍ਹਾ ਮੰਗਾ ਨੂੰ ਕਿਤਨੀ ਜਲਦੀ ਲਾਗੂ ਕਰਦੀ ਹੈਂ । ਉਨ੍ਹਾਂ ਕਿਹਾ ਕੀ ਇਹ ਪ੍ਰਸਤਾਵ ਲੰਬੇ ਸਮੇਂ ਤੋਂ ਵਿਧਾਨ ਸਭਾ ਵਿੱਚ ਲਟਕਿਆ ਹੋਇਆ ਸੀ ਕਿਉਕਿ 'ਆਪ' ਦੀ ਸਰਕਾਰ ਸੀ, ਜਿਸਨੇ ਇਸ ਮੁੱਦੇ ਨੂੰ ਟੋਏ ਵਿੱਚ ਦੱਬ ਦਿੱਤਾ ਸੀ । ਹੁਣ ਸਾਡੀ ਸਰਕਾਰ ਆ ਗਈ ਹੈਂ ਤੇ ਅਸੀਂ ਇਸ ਮੰਗ ਨੂੰ ਉਨ੍ਹਾਂ ਅੱਗੇ ਚੁਕੀ ਹੈਂ ।
ਚਲਦੇ ਕੁਸ਼ਤੀ ਦੰਗਲ &rsquoਚ ਪਹਿਲਵਾਨ ਦੇ ਮਾਰੀਆਂ ਗੋਲੀਆਂ
ਸੋਨੀਪਤ : ਵੱਡੀ ਖ਼ਬਰ ਹਰਿਆਣਾ ਤੋਂ ਸਾਹਮਣੇ ਆ ਰਹੀ ਐ, ਜਿੱਥੇ ਇਕ ਕੁਸ਼ਤੀ ਦੰਗਲ ਵਿਚ ਪਹਿਲਵਾਨ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਐ। ਜਿਵੇਂ ਹੀ ਇਹ ਘਟਨਾ ਵਾਪਰੀ ਤਾਂ ਕੁਸ਼ਤੀ ਦੰਗਲ ਵਿਚ ਭਗਦੜ ਮੱਚ ਗਈ, ਕਿਸੇ ਨੂੰ ਸਮਝ ਨਹੀਂ ਆ ਰਿਹਾ ਸੀ ਕਿ ਆਖ਼ਰਕਾਰ ਇਹ ਕੀ ਹੋ ਗਿਆ। ਹਮਲਾਵਰ ਮੋਟਰਸਾਈਕਲ &rsquoਤੇ ਸਵਾਰ ਹੋ ਕੇ ਆਏ ਸੀ ਅਤੇ ਗੋਲੀਆਂ ਮਾਰ ਕੇ ਫ਼ਰਾਰ ਹੋ ਗਏ। ਹਰਿਆਣਾ ਵਿਚ ਬਦਮਾਸ਼ਾਂ ਦੇ ਹੌਂਸਲੇ ਇੰਨੇ ਜ਼ਿਆਦਾ ਬੁਲੰਦ ਹੋ ਚੁੱਕੇ ਨੇ ਕਿ ਇੰਝ ਜਾਪਦੈ ਜਿਵੇਂ ਉਨ੍ਹਾਂ ਨੂੰ ਪੁਲਿਸ ਦਾ ਕੋਈ ਖ਼ੌਫ਼ ਹੀ ਨਾ ਰਿਹਾ ਹੋਵੇ। ਇਸ ਗੱਲ ਦਾ ਅੰਦਾਜ਼ਾ ਸੋਨੀਪਤ ਵਿਖੇ ਵਾਪਰੀ ਇਕ ਮੰਦਭਾਗੀ ਘਟਨਾ ਤੋਂ ਲਗਾਇਆ ਜਾ ਸਕਦੈ, ਜਿੱਥੇ ਮਹਾਂਸ਼ਿਵਰਾਤਰੀ ਸਬੰਧੀ ਕਰਵਾਏ ਜਾ ਰਹੇ ਕੁਸ਼ਤੀ ਦੰਗਲ ਵਿਚ ਦੋ ਬਾਈਕ ਸਵਾਰ ਗੁੰਡਿਆਂ ਨੇ ਇਕ ਪਹਿਲਵਾਨ ਰਾਕੇਸ਼ ਰਾਣਾ ਦੀ ਸ਼ਰ੍ਹੇਆਮ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ। ਘਟਨਾ ਵਾਪਰਦੇ ਹੀ ਕੁਸ਼ਤੀ ਦੰਗਲ ਵਿਚ ਭਾਜੜਾਂ ਪੈ ਗਈਆਂ। ਬੁਰੀ ਤਰ੍ਹਾਂ ਜ਼ਖ਼ਮੀ ਹੋਏ ਪਹਿਲਵਾਨ ਨੂੰ ਤੁਰੰਤ ਖਰਖੌਦਾ ਦੇ ਇਕ ਨਿੱਜੀ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਜਿਸ ਸਮੇਂ ਇਹ ਹਮਲਾ ਕੀਤਾ ਗਿਆ, ਉਸ ਸਮੇਂ ਕੁਸ਼ਤੀ ਦੰਗਲ ਵਿਚ ਕਰੀਬ ਇਕ ਹਜ਼ਾਰ ਤੋਂ ਵੱਧ ਲੋਕ ਮੌਜੂਦ ਸਨ।
ਅਕਾਲ ਤਖ਼ਤ ਦੀ ਪ੍ਰਭੂਸੱਤਾ ਤੇ ਸਿਧਾਂਤ ਸਰਵਉੱਚ: ਗਿਆਨੀ ਹਰਪ੍ਰੀਤ ਸਿੰਘ
ਅੰਮ੍ਰਿਤਸਰ- ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਅੱਜ ਇੱਥੇ ਕਿਹਾ ਕਿ ਧਰਮ ਪ੍ਰਚਾਰ ਕਮੇਟੀ ਵੱਲੋਂ ਫਰਵਰੀ 1999 ਵਿੱਚ ਅਕਾਲ ਤਖ਼ਤ ਦੀ ਪ੍ਰਭੂਸੱਤਾ ਵਾਸਤੇ ਇਸ ਨੂੰ ਸਿੱਖ ਗੁਰਦੁਆਰਾ ਐਕਟ &rsquoਚੋਂ ਬਾਹਰ ਕੱਢਣ ਦੇ ਕੀਤੇ ਗਏ ਫ਼ੈਸਲੇ ਦਾ ਸ਼੍ਰੋਮਣੀ ਕਮੇਟੀ ਵੱਲੋਂ ਸਿਆਸੀ ਦਬਾਅ ਹੇਠ ਖੰਡਨ ਕਰਵਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਅਕਾਲ ਤਖ਼ਤ ਦੀ ਪ੍ਰਭੂਸੱਤਾ ਅਤੇ ਸਿਧਾਂਤ ਸਰਵਉੱਚ ਹਨ। ਉਨ੍ਹਾਂ ਦਾਅਵਾ ਕੀਤਾ ਕਿ ਸ਼੍ਰੋਮਣੀ ਕਮੇਟੀ ਦਾ ਕੋਈ ਵੀ ਕਰਮਚਾਰੀ ਜਾਂ ਅਧਿਕਾਰੀ ਤਖ਼ਤਾਂ ਦੀ ਪ੍ਰਭੂਸੱਤਾ ਅਤੇ ਸਿਧਾਂਤਾਂ ਨੂੰ ਨੀਵਾਂ ਨਹੀਂ ਹੋਣ ਦੇਣਾ ਚਾਹੁੰਦਾ ਪਰ ਉਨ੍ਹਾਂ ਨੂੰ ਦਬਾਅ ਹੇਠ ਅਜਿਹੇ ਕਾਰਜ ਕਰਨੇ ਪੈਂਦੇ ਹਨ। ਗਿਆਨੀ ਹਰਪ੍ਰੀਤ ਸਿੰਘ ਅੱਜ ਇੱਥੇ ਇੰਟਰਨੈਸ਼ਨਲ ਸਿੱਖ ਫੈਡਰੇਸ਼ਨ ਵੱਲੋਂ ਕਰਵਾਏ ਗਏ ਸਮਾਗਮ ਵਿੱਚ ਪਹੁੰਚੇ ਸਨ।
ਸਮਾਗਮ ਵਿੱਚ ਸੰਬੋਧਨ ਕਰਦਿਆਂ ਸਾਬਕਾ ਜਥੇਦਾਰ ਨੇ ਕਿਹਾ ਕਿ 2 ਦਸੰਬਰ ਨੂੰ ਅਕਾਲ ਤਖ਼ਤ ਤੋਂ ਲਏ ਗਏ ਫ਼ੈਸਲੇ ਦੀ ਦੁਨੀਆ ਭਰ ਵਿੱਚ ਸ਼ਲਾਘਾ ਹੋਈ ਹੈ ਪਰ ਕੁਝ ਲੋਕਾਂ ਨੂੰ ਇਹ ਫ਼ੈਸਲਾ ਪਸੰਦ ਨਹੀਂ ਆਇਆ ਅਤੇ ਉਨ੍ਹਾਂ ਇਹ ਪ੍ਰਚਾਰ ਸ਼ੁਰੂ ਕਰ ਦਿੱਤਾ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਤਬਾਹ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਅਜਿਹੇ ਲੋਕਾਂ ਨੇ ਇਹ ਮਾਮਲਾ ਗਿਆਨੀ ਹਰਪ੍ਰੀਤ ਸਿੰਘ ਤੇ ਸੁਖਬੀਰ ਸਿੰਘ ਬਾਦਲ ਦਾ ਮਾਮਲਾ ਬਣਾ ਦਿੱਤਾ, ਜਦਕਿ ਇਹ ਮਾਮਲਾ ਅਕਾਲ ਤਖ਼ਤ ਦੀ ਪ੍ਰਭੂਸੱਤਾ ਅਤੇ ਸਿੱਖ ਸਿਧਾਂਤਾਂ ਨਾਲ ਸਬੰਧਤ ਹੈ।
ਕਿਸਾਨ ਆਗੂ ਡੱਲੇਵਾਲ ਦੀ ਦੇਰ ਰਾਤ ਮੁੜ ਵਿਗੜੀ ਹਾਲਤ
ਪਾਤੜਾਂ- ਢਾਬੀ ਗੁਜਰਾਂ (ਖਨੌਰੀ) ਬਾਰਡਰ &rsquoਤੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦਾ ਮਰਨ ਵਰਤ 94ਵੇ ਦਿਨ ਵੀ ਜਾਰੀ ਹੈ। ਬੁੱਧਵਾਰ ਦੇਰ ਰਾਤ ਕਰੀਬ 12 ਵਜੇ ਡੱਲੇਵਾਲ ਦੀ ਸਿਹਤ ਇਕਦਮ ਫੇਰ ਵਿਗੜ ਗਈ। ਉਨ੍ਹਾਂ ਨੂੰ ਕਾਂਬੇ ਨਾਲ ਤੇਜ਼ ਬੁਖਾਰ ਚੜ੍ਹਿਆ, ਜਿਸ ਮਗਰੋਂ ਮੌਕੇ &rsquoਤੇ ਮੌਜੂਦ ਡਾਕਟਰਾਂ ਦੀ ਟੀਮ ਨੂੰ ਹੱਥਾਂ ਪੈਰਾਂ ਦੀ ਪੈ ਗਈ। ਡਾਕਟਰਾਂ ਦੀਆਂ ਕੋਸ਼ਿਸ਼ਾਂ ਮਗਰੋਂ 2 ਘੰਟੇ ਬਾਅਦ ਉਨ੍ਹਾਂ ਦੀ ਹਾਲਤ ਵਿਚ ਸੁਧਾਰ ਹੋ ਗਿਆ।
ਡੱਲੇਵਾਲ ਦੀ ਸਿਹਤ ਅਜਿਹੇ ਮੌਕੇ ਵਿਗੜੀ ਹੈ ਜਦੋਂ ਕਿਸਾਨ ਜਥੇਬੰਦੀਆਂ ਦਰਮਿਆਨ ਏਕੇ ਲਈ ਸੰਯੁਕਤ ਕਿਸਾਨ ਮੋਰਚਾ, ਕਿਸਾਨ ਮਜ਼ਦੂਰ ਮੋਰਚਾ ਤੇ ਸੰਯੁਕਤ ਕਿਸਾਨ ਮੋਰਚਾ (ਗੈਰਸਿਆਸੀ) ਦੇ ਆਗੂਆਂ ਦੀ ਅੱਜ ਚੰਡੀਗੜ੍ਹ ਦੇ ਕਿਸਾਨ ਭਵਨ ਵਿਚ ਬੈਠਕ ਹੈ। ਮੀਟਿੰਗ &rsquoਚ ਕਿਸਾਨ ਆਗੂ ਕਾਕਾ ਕੋਟੜਾ, ਲਖਵਿੰਦਰ ਔਲਖ, ਸੁਖਜੀਤ ਹਰਦੋਝੰਡੇ, ਅਭਿਮੰਨਿਊ ਕੋਹਾੜ, ਇੰਦਰਜੀਤ ਕੋਟਬੁੱਢਾ ਤੇ ਸੁਖਵਿੰਦਰ ਖੋਸਾ ਸਮੇਤ ਸਰਵਣ ਪੰਧੇਰ, ਜਸਵਿੰਦਰ ਲੌਂਗੋਵਾਲ, ਮਨਜੀਤ ਰਾਏ, ਤੇਜਵੀਰ ਪੰਜੋਖਰਾ, ਗੁਰਅਮਨੀਤ ਮਾਂਗਟ, ਦਿਲਬਾਗ ਹਰੀਗੜ੍ਹ ਤੇ ਮਨਜੀਤ ਨਿਆਲ ਆਦਿ ਸ਼ਾਮਲ ਹੋਣਗੇ। ਕਮੇਟੀ ਮੈਂਬਰ ਜੋਗਿੰਦਰ ਉਗਰਾਹਾਂ ਤੇ ਰਮਿੰਦਰ ਪਟਿਆਲਾ ਵੀ ਬੈਠਕ ਵਿਚ ਹਾਜ਼ਰੀ ਭਰਨਗੇ।
ਅੰਮ੍ਰਿਤਸਰ ਦੇ ਹਵਾਈ ਅੱਡੇ ਤੋਂ ਕੌਮਾਂਤਰੀ ਯਾਤਰੀਆਂ ਦੀ ਗਿਣਤੀ &rsquoਚ ਰਿਕਾਰਡ ਵਾਧਾ
ਪੰਜਾਬ ਦੇ ਅੰਮ੍ਰਿਤਸਰ ਸਥਿਤ ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ ਨੇ ਜਨਵਰੀ 2025 &lsquoਚ ਕੌਮਾਂਤਰੀ ਯਾਤਰੀਆਂ ਦੀ ਹੁਣ ਤੱਕ ਦੀ ਸਭ ਤੋਂ ਵੱਧ ਆਵਾਜਾਈ ਦਰਜ ਕਰ ਕੇ ਨਵਾਂ ਰਿਕਾਰਡ ਬਣਾਇਆ ਹੈ। ਹਵਾਈ ਅੱਡੇ ਦੇ ਵਿਕਾਸ ਅਤੇ ਵਧੇਰੇ ਉਡਾਣਾਂ ਲਈ ਯਤਨਸ਼ੀਲ ਫਲਾਈ ਅੰਮ੍ਰਿਤਸਰ ਇਨੀਸ਼ੀਏਟਿਵ ਦੇ ਗਲੋਬਲ ਕਨਵੀਨਰ ਸਮੀਪ ਸਿੰਘ ਗਮਟਾਲਾ ਨੇ ਦੱਸਿਆ ਕਿ ਹਵਾਈ ਅੱਡੇ ਨੇ ਜਨਵਰੀ 2025 &lsquoਚ ਹੁਣ ਤੱਕ ਦੀ ਸਭ ਤੋਂ ਵੱਧ 1.14 ਲੱਖ ਅੰਤਰਰਾਸ਼ਟਰੀ ਯਾਤਰੀਆਂ ਦੀ ਆਵਾਜਾਈ ਦਰਜ ਕੀਤੀ ਹੈ। ਇਸ ਤੋਂ ਪਹਿਲਾਂ ਸਭ ਤੋਂ ਵੱਧ 1.11 ਲੱਖ ਯਾਤਰੀਆਂ ਦੀ ਗਿਣਤੀ ਦਸੰਬਰ 2024 ਵਿੱਚ ਦਰਜ ਕੀਤੀ ਗਈ ਸੀ।
ਏਅਰਪੋਰਟ ਅਥਾਰਟੀ ਆਫ਼ ਇੰਡੀਆ ਵੱਲੋਂ ਜਾਰੀ ਤਾਜ਼ਾ ਅੰਕੜਿਆਂ ਤੋਂ ਇਹ ਤੱਥ ਸਾਹਮਣੇ ਆਏ ਹਨ ਕਿ ਘਰੇਲੂ ਆਵਾਜਾਈ ਵਿੱਚ ਵੀ ਕੁੱਲ 2.10 ਲੱਖ ਯਾਤਰੀਆਂ ਨਾਲ 19.5 ਫ਼ੀਸਦੀ ਦਾ ਵੱਡਾ ਵਾਧਾ ਹੋਇਆ ਹੈ। ਜਨਵਰੀ 2024 ਵਿੱਚ ਇਹ ਗਿਣਤੀ 1.76 ਲੱਖ ਯਾਤਰੀ ਦਰਜ ਹੋਈ ਸੀ ਅਤੇ ਹੁਣ ਜਨਵਰੀ ਦੇ ਮਹੀਨੇ ਕੁੱਲ ਯਾਤਰੀਆਂ ਦੀ ਗਿਣਤੀ ਲਗਪਗ 3.24 ਲੱਖ ਰਹੀ ਹੈ, ਜੋ 18.6 ਫ਼ੀਸਦ ਵੱਧ ਹੈ।
ਸ੍ਰੀ ਗਮਟਾਲਾ ਨੇ ਦੱਸਿਆ ਕਿ ਇਸ ਵਾਧੇ ਦਾ ਮੁੱਖ ਕਾਰਨ ਥਾਈ ਲਾਇਨ ਏਅਰ ਅਤੇ ਏਅਰ ਇੰਡੀਆ ਐਕਸਪ੍ਰੈਸ ਵਲੋਂ ਬੈਂਕਾਕ ਲਈ ਸਾਲ 2024 ਦੇ ਅੰਤ ਵਿੱਚ ਸ਼ੁਰੂ ਕੀਤੀਆਂ ਗਈਆਂ ਨਵੀਆਂ ਉਡਾਣਾਂ, ਏਅਰ ਇੰਡੀਆ ਦੀ ਬਰਮਿੰਘਮ, ਨਿਓਸ ਏਅਰ ਦੀ ਮਿਲਾਨ ਤੇ ਮਲੇਸ਼ੀਆ ਏਅਰਲਾਈਨ ਦੀ ਕੁਆਲਾਲੰਪੁਰ ਲਈ ਉਡਾਣਾਂ ਦੀ ਵਧਾਈ ਗਈ ਗਿਣਤੀ ਅਤੇ ਵਧੇਰੇ ਪੰਜਾਬੀਆਂ ਵੱਲੋਂ ਦਿੱਲੀ ਜਾਣ ਦੀ ਬਜਾਏ ਅੰਮ੍ਰਿਤਸਰ ਰਾਹੀਂ ਸਿੱਧੀਆਂ ਅੰਤਰਰਾਸ਼ਟਰੀ ਉਡਾਣਾਂ ਨੂੰ ਤਰਜੀਹ ਦੇਣਾ ਹੈ।
ਅੰਕੜਿਆਂ ਮੁਤਾਬਕ ਅੰਤਰਰਾਸ਼ਟਰੀ ਉਡਾਣਾਂ ਦੀ ਕੁੱਲ ਗਿਣਤੀ ਜਨਵਰੀ 2024 ਵਿੱਚ 510 ਤੋਂ 20.2 ਫ਼ੀਸਦੀ ਵਧ ਕੇ ਜਨਵਰੀ 2025 ਵਿੱਚ 610 ਹੋ ਗਈ। ਘਰੇਲੂ ਉਡਾਣਾਂ ਦੀ ਆਵਾਜਾਈ ਵਿੱਚ ਵੀ 16.4 ਫ਼ੀਸਦੀ ਦਾ ਇਜ਼ਾਫ਼ਾ ਹੋਇਆ ਹੈ।
ਯਾਤਰੀਆਂ ਦੀ ਵਧ ਰਹੀ ਆਵਾਜਾਈ ਨੂੰ ਦੇਖਦਿਆਂ ਉਨ੍ਹਾਂ ਟਰਮੀਨਲ ਦੇ ਤੁਰੰਤ ਵਿਸਤਾਰ ਦੀ ਜ਼ਰੂਰਤ ਦੇ ਨਾਲ ਨਾਲ ਪਾਰਕਿੰਗ ਅਤੇ ਹੋਰ ਯਾਤਰੀ ਸੁਵਿਧਾਵਾਂ ਦੇ ਸੁਧਾਰ ਦੀ ਲੋੜ ਉੱਤੇ ਵੀ ਜ਼ੋਰ ਦਿੱਤਾ ਹੈ। ਉਨ੍ਹਾਂ ਨਿਰਾਸ਼ਾ ਜ਼ਾਹਰ ਕਰਦਿਆ ਕਿਹਾ ਕਿ ਰੋਜ਼ਾਨਾ 10,000 ਤੋਂ ਵੱਧ ਯਾਤਰੀ ਆਵਾਜਾਈ ਦੇ ਬਾਵਜੂਦ ਪੰਜਾਬ ਸਰਕਾਰ ਨੇ ਹਾਲੇ ਤੱਕ ਬੱਸ ਸੇਵਾ ਸ਼ੁਰੂ ਕਰਨ ਦੀ ਮੰਗ ਪੂਰੀ ਨਹੀਂ ਕੀਤੀ। ਬੱਸ ਸੇਵਾ ਸ਼ੁਰੂ ਹੋਣ ਨਾਲ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਤੋਂ ਹਵਾਈ ਅੱਡੇ ਤੱਕ ਪਹੁੰਚ ਆਸਾਨ ਅਤੇ ਸਸਤੀ ਹੋ ਸਕਦੀ ਹੈ।
ਅੰਮ੍ਰਿਤਸਰ ਹਵਾਈ ਅੱਡੇ ਤੋਂ ਇਸ ਵੇਲੇ ਲੰਡਨ, ਬਰਮਿੰਘਮ, ਮਿਲਾਨ, ਰੋਮ, ਦੁਬਈ, ਸ਼ਾਰਜਾਹ, ਦੋਹਾ, ਸਿੰਗਾਪੁਰ, ਕੁਆਲਾਲੰਪੁਰ, ਬੈਂਕਾਕ ਸਮੇਤ 10 ਅੰਤਰਰਾਸ਼ਟਰੀ ਅਤੇ 12 ਘਰੇਲੂ ਹਵਾਈ ਅੱਡਿਆਂ ਨਾਲ ਸਿੱਧਾ ਹਵਾਈ ਸੰਪਰਕ ਹੈ।
ਅਕਾਲੀ ਦਲ ਵੱਲੋਂ ਲੁਧਿਆਣਾ (ਪੱਛਮੀ) ਹਲਕੇ ਦੀ ਜ਼ਿਮਨੀ ਚੋਣ ਲੜਨ ਦਾ ਫ਼ੈਸਲਾ
ਚੰਡੀਗੜ੍ਹ- ਸ਼੍ਰੋਮਣੀ ਅਕਾਲੀ ਦਲ ਨੇ ਲੁਧਿਆਣਾ (ਪੱਛਮੀ) ਵਿਧਾਨ ਸਭਾ ਹਲਕੇ ਦੀ ਜ਼ਿਮਨੀ ਚੋਣ ਤੋਂ ਇਲਾਵਾ ਬਲਾਕ ਸਮਿਤੀ ਤੇ ਜ਼ਿਲ੍ਹਾ ਪਰਿਸ਼ਦ ਚੋਣਾਂ ਲੜਨ ਦਾ ਫ਼ੈਸਲਾ ਕੀਤਾ ਹੈ। ਇਹ ਫ਼ੈਸਲਾ ਵੀਰਵਾਰ ਨੂੰ ਇਥੇ ਪਾਰਟੀ ਦੇ ਪਾਰਲੀਮਾਨੀ ਬੋਰਡ ਦੀ ਹੋਈ ਮੀਟਿੰਗ ਵਿਚ ਲਿਆ ਗਿਆ। ਇਸ ਤੋਂ ਇਲਾਵਾ ਇਸ ਮੀਟਿੰਗ ਦੌਰਾਨ ਪਾਰਟੀ ਦੀ ਨਵੀਂ ਭਰਤੀ ਨੂੰ ਲੈ ਕੇ ਸਮੀਖਿਆ ਕੀਤੀ ਗਈ। ਪਾਰਟੀ ਦੇ ਸੀਨੀਅਰ ਆਗੂ ਡਾ. ਦਲਜੀਤ ਸਿੰਘ ਚੀਮਾ ਨੇ ਦੱਸਿਆ ਕਿ ਅੱਜ ਦੀ ਮੀਟਿੰਗ ਵਿੱਚ ਲੁਧਿਆਣਾ ਪੱਛਮੀ ਦੀ ਜ਼ਿਮਨੀ ਚੋਣ ਪੂਰੀ ਤਿਆਰੀ ਕਰਨ ਨਾਲ ਲੜਨ ਦਾ ਫ਼ੈਸਲਾ ਕੀਤਾ ਗਿਆ ਹੈ।
ਗ਼ੌਰਤਲਬ ਹੈ ਕਿ ਹਾਲੇ ਚੋਣ ਕਮਿਸ਼ਨ ਨੇ ਜ਼ਿਮਨੀ ਚੋਣ ਦੀ ਤਰੀਕ ਨਹੀਂ ਐਲਾਨੀ ਹੈ, ਪਰ ਅਕਾਲੀ ਦਲ ਨੇ ਆਪਣੀ ਸਥਾਨਕ ਲੀਡਰਸ਼ਿਪ ਨੂੰ ਰਣਨੀਤੀ ਤਿਆਰ ਕਰਨ ਲਈ ਆਖ ਦਿੱਤਾ ਹੈ। ਡਾ. ਚੀਮਾ ਨੇ ਕਿਹਾ ਕਿ ਜ਼ਿਮਨੀ ਚੋਣ ਲਈ ਪਾਰਟੀ ਬਕਾਇਦਾ ਆਗੂਆਂ ਦੀ ਡਿਊਟੀ ਲਗਾਏਗੀ। ਉਨ੍ਹਾਂ ਦੱਸਿਆ ਕਿ ਮਈ ਮਹੀਨੇ ਵਿੱਚ ਹੋਣ ਵਾਲੀਆਂ ਬਲਾਕ ਸਮਿਤੀ ਅਤੇ ਜ਼ਿਲ੍ਹਾ ਪਰਿਸ਼ਦ ਚੋਣਾਂ ਵੀ ਪਾਰਟੀ ਮਜ਼ਬੂਤੀ ਨਾਲ ਲੜੇਗੀ।
ਟਰੰਪ ਪ੍ਰਸ਼ਾਸਨ ਵੱਲੋਂ ਗ਼ੈਰ-ਕਾਨੂੰਨੀ ਪਰਵਾਸੀਆਂ ਲਈ ਰਜਿਸਟਰੇਸ਼ਨ ਪ੍ਰਕਿਰਿਆ ਸ਼ੁਰੂ
ਵਾਸ਼ਿੰਗਟਨ- ਟਰੰਪ ਪ੍ਰਸ਼ਾਸਨ ਨੇ ਅਮਰੀਕਾ &rsquoਚ ਗ਼ੈਰ-ਕਾਨੂੰਨੀ ਢੰਗ ਨਾਲ ਰਹਿ ਰਹੇ ਲੋਕਾਂ ਦੀ ਰਜਿਸਟਰੇਸ਼ਨ ਲਈ ਪ੍ਰਕਿਰਿਆ ਸ਼ੁਰੂ ਕੀਤੀ ਹੈ। ਅਮਰੀਕੀ ਇਮੀਗਰੇਸ਼ਨ ਅਧਿਕਾਰੀਆਂ ਨੇ ਕਿਹਾ ਕਿ ਜਿਹੜੇ ਲੋਕ ਖੁਦ ਅੱਗੇ ਨਹੀਂ ਆਉਣਗੇ, ਉਨ੍ਹਾਂ ਨੂੰ ਜੁਰਮਾਨਾ ਜਾਂ ਸਜ਼ਾ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਹੋਮਲੈਂਡ ਸਕਿਊਰਿਟੀ ਵਿਭਾਗ ਨੇ ਇਕ ਬਿਆਨ &rsquoਚ ਕਿਹਾ, &lsquo&lsquoਅਮਰੀਕਾ &rsquoਚ ਗ਼ੈਰ-ਕਾਨੂੰਨੀ ਢੰਗ ਨਾਲ ਰਹਿਣ ਵਾਲੇ ਹਰੇਕ ਵਿਅਕਤੀ ਨੂੰ ਰਜਿਸਟਰੇਸ਼ਨ ਕਰਵਾ ਕੇ ਫਿੰਗਰਪ੍ਰਿੰਟ ਅਤੇ ਆਪਣਾ ਪਤਾ ਦੇਣਾ ਹੋਵੇਗਾ।&rsquo&rsquo ਉਨ੍ਹਾਂ ਰਜਿਸਟਰੇਸ਼ਨ ਪ੍ਰਕਿਰਿਆ ਨੂੰ ਜਾਇਜ਼ ਠਹਿਰਾਉਂਦਿਆਂ ਗੁੰਝਲਦਾਰ ਇਮੀਗਰੇਸ਼ਨ ਅਤੇ ਕੌਮੀਅਤ ਐਕਟ ਦੀ ਇਕ ਧਾਰਾ ਦਾ ਹਵਾਲਾ ਦਿੱਤਾ ਜੋ 14 ਸਾਲ ਅਤੇ ਉਸ ਤੋਂ ਵੱਧ ਉਮਰ ਦੇ ਕਿਸੇ ਵੀ ਵਿਅਕਤੀ &rsquoਤੇ ਲਾਗੂ ਹੋਵੇਗੀ। ਇਹ ਐਲਾਨ ਅਜਿਹੇ ਸਮੇਂ ਹੋਇਆ ਹੈ ਜਦੋਂ ਗ਼ੈਰ-ਕਾਨੂੰਨੀ ਢੰਗ ਨਾਲ ਰਹਿ ਰਹੇ ਲੋਕਾਂ ਨੂੰ ਵੱਡੇ ਪੱਧਰ &rsquoਤੇ ਅਮਰੀਕਾ &rsquoਚੋਂ ਕੱਢਿਆ ਜਾ ਰਿਹਾ ਹੈ। ਬਿਆਨ &rsquoਚ ਕਿਹਾ ਗਿਆ, &lsquo&lsquoਕਿਸੇ ਵਿਦੇਸ਼ੀ ਵੱਲੋਂ ਰਜਿਸਟਰੇਸ਼ਨ ਨਾ ਕਰਾਉਣਾ ਜੁਰਮ ਹੋਵੇਗਾ ਜਿਸ ਦੇ ਨਤੀਜੇ ਵਜੋਂ ਜੁਰਮਾਨਾ, ਜੇਲ੍ਹ ਜਾਂ ਦੋਵੇਂ ਹੀ ਹੋ ਸਕਦੇ ਹਨ। ਕਈ ਦਹਾਕਿਆਂ ਤੱਕ ਇਸ ਕਾਨੂੰਨ ਨੂੰ ਅਣਗੌਲਿਆ ਕੀਤਾ ਗਿਆ ਪਰ ਹੁਣ ਇੰਜ ਨਹੀਂ ਹੋਵੇਗਾ।&rsquo&rsquo ਅਮਰੀਕੀ ਨਾਗਰਿਕਤਾ ਅਤੇ ਇਮੀਗਰੇਸ਼ਨ ਸੇਵਾ ਨੇ ਆਪਣੀ ਵੈੱਬਸਾਈਟ &rsquoਤੇ ਕਿਹਾ ਕਿ ਉਹ ਛੇਤੀ ਹੀ ਰਜਿਸਟਰੇਸ਼ਨ ਲਈ ਫਾਰਮ ਅਤੇ ਪ੍ਰਕਿਰਿਆ ਤਿਆਰ ਕਰਨਗੇ। ਇਹ ਤੁਰੰਤ ਸਪੱਸ਼ਟ ਨਹੀਂ ਹੋ ਸਕਿਆ ਕਿ ਮੁਲਕ &rsquoਚ ਗ਼ੈਰ-ਕਾਨੂੰਨੀ ਢੰਗ ਨਾਲ ਰਹਿ ਰਹੇ ਕਿੰਨੇ ਕੁ ਵਿਅਕਤੀ ਆਪਣੀ ਇੱਛਾ ਨਾਲ ਅੱਗੇ ਆਉਣਗੇ। ਇਮੀਗਰੇਸ਼ਨ ਨਾਲ ਸਬੰਧਤ ਜਥੇਬੰਦੀ ਨੈਸ਼ਨਲ ਇਮੀਗਰੇਸ਼ਨ ਲਾਅ ਸੈਂਟਰ ਨੇ ਕਿਹਾ ਕਿ ਲੋਕਾਂ ਨੂੰ ਆਪਣੇ ਨਜ਼ਦੀਕੀ ਪੋਸਟ ਆਫਿਸ &rsquoਚ ਜਾ ਕੇ ਰਜਿਸਟਰੇਸ਼ਨ ਕਰਾਉਣੀ ਪਵੇਗੀ ਅਤੇ ਇਸ ਦਾ ਉਦੇਸ਼ ਸੰਭਾਵੀ ਸੁਰੱਖਿਆ ਖ਼ਤਰੇ ਦੀ ਸ਼ਨਾਖ਼ਤ ਕਰਨਾ ਹੋ ਸਕਦਾ ਹੈ। ਉਂਜ ਜਥੇਬੰਦੀ ਨੇ ਚਿਤਾਵਨੀ ਦਿੱਤੀ ਹੈ ਕਿ ਟਰੰਪ ਪ੍ਰਸ਼ਾਸਨ ਦੀ ਰਜਿਸਟਰੇਸ਼ਨ ਪ੍ਰਕਿਰਿਆ ਦਾ ਮਕਸਦ ਗ਼ੈਰ-ਨਾਗਰਿਕਾਂ ਦੀ ਸ਼ਨਾਖ਼ਤ ਕਰਕੇ ਉਨ੍ਹਾਂ ਨੂੰ ਦੇਸ਼ ਨਿਕਾਲਾ ਦੇਣਾ ਵੀ ਹੋ ਸਕਦਾ ਹੈ।
ਅਮਰੀਕਾ ਨਾਲ ਆਰਥਕ ਸਮਝੌਤਾ ਤਿਆਰ, ਪਰ ਸੁਰੱਖਿਆ ਗਾਰੰਟੀ ਤੈਅ ਨਹੀਂ: ਜ਼ੇਲੈਂਸਕੀ
ਕੀਵ : ਯੂਕਰੇਨ ਦੇ ਰਾਸ਼ਟਰਪਤੀ ਵੋਲੋਡੀਮੀਰ ਜ਼ੇਲੈਂਸਕੀ ਨੇ ਬੁਧਵਾਰ ਨੂੰ ਕਿਹਾ ਕਿ ਅਮਰੀਕਾ ਨਾਲ ਆਰਥਕ ਸਮਝੌਤਾ ਤਿਆਰ ਹੈ ਪਰ ਰੂਸ ਨਾਲ ਕੀਵ ਦੀ ਜੰਗ ਲਈ ਮਹੱਤਵਪੂਰਨ ਅਮਰੀਕੀ ਸੁਰੱਖਿਆ ਗਾਰੰਟੀ &rsquoਤੇ ਅਜੇ ਫੈਸਲਾ ਨਹੀਂ ਲਿਆ ਗਿਆ ਹੈ ਅਤੇ ਇਕ ਪੂਰਾ ਸਮਝੌਤਾ ਸ਼ੁਕਰਵਾਰ ਨੂੰ ਵਾਸ਼ਿੰਗਟਨ ਵਿਚ ਹੋਣ ਵਾਲੀ ਗੱਲਬਾਤ &rsquoਤੇ ਨਿਰਭਰ ਕਰੇਗਾ।
ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਹੈ ਕਿ ਜ਼ੇਲੈਂਸਕੀ ਇਕ ਮਹੱਤਵਪੂਰਨ ਖਣਿਜ ਸਮਝੌਤੇ &rsquoਤੇ ਦਸਤਖਤ ਕਰਨ ਲਈ ਸ਼ੁਕਰਵਾਰ ਨੂੰ ਅਮਰੀਕਾ ਜਾਣਗੇ। ਟਰੰਪ ਨੇ ਬੁਧਵਾਰ ਨੂੰ ਅਪਣੀ ਪਹਿਲੀ ਕੈਬਨਿਟ ਬੈਠਕ ਦੀ ਸ਼ੁਰੂਆਤ &rsquoਚ ਇਹ ਐਲਾਨ ਕੀਤਾ। ਜ਼ੇਲੈਂਸਕੀ ਨੇ ਕੀਵ ਵਿਚ ਇਕ ਪੱਤਰਕਾਰ ਸੰਮੇਲਨ ਵਿਚ ਕਿਹਾ ਕਿ ਸਹਿਮਤ ਫਰੇਮਵਰਕ ਸਮਝੌਤਾ ਇਕ ਵਿਆਪਕ ਸਮਝੌਤੇ ਵਲ ਇਕ ਸ਼ੁਰੂਆਤੀ ਕਦਮ ਹੈ ਜਿਸ ਲਈ ਯੂਕਰੇਨ ਦੀ ਸੰਸਦ ਦੀ ਮਨਜ਼ੂਰੀ ਦੀ ਲੋੜ ਹੋਵੇਗੀ।
ਜ਼ੇਲੈਂਸਕੀ ਨੇ ਕਿਹਾ ਕਿ ਯੂਕਰੇਨ ਨੂੰ ਪਹਿਲਾਂ ਇਹ ਜਾਣਨਾ ਚਾਹੀਦਾ ਹੈ ਕਿ ਅਮਰੀਕਾ ਅਪਣੀ ਨਿਰੰਤਰ ਫੌਜੀ ਸਹਾਇਤਾ ਦੇ ਮਾਮਲੇ ਵਿਚ ਕਿੱਥੇ ਖੜਾ ਹੈ। ਉਨ੍ਹਾਂ ਕਿਹਾ ਕਿ ਉਹ ਅਪਣੀ ਵਾਸ਼ਿੰਗਟਨ ਯਾਤਰਾ ਦੌਰਾਨ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨਾਲ ਵਿਆਪਕ ਗੱਲਬਾਤ ਕਰਨ ਦੀ ਉਮੀਦ ਕਰਦੇ ਹਨ। ਉਨ੍ਹਾਂ ਕਿਹਾ, &lsquo&lsquoਇਹ (ਆਰਥਕ) ਸਮਝੌਤਾ ਭਵਿੱਖ ਦੀ ਸੁਰੱਖਿਆ ਗਾਰੰਟੀ ਦਾ ਹਿੱਸਾ ਹੋ ਸਕਦਾ ਹੈ ਪਰ ਮੈਂ ਵਿਆਪਕ ਦ੍ਰਿਸ਼ਟੀਕੋਣ ਲੈਣਾ ਚਾਹੁੰਦਾ ਹਾਂ।&rsquo&rsquo
ਪਿਛਲੇ ਮਹੀਨੇ ਅਹੁਦਾ ਸੰਭਾਲਣ ਤੋਂ ਬਾਅਦ ਟਰੰਪ ਨੇ ਯੂਕਰੇਨ ਨੂੰ ਕਿਹਾ ਹੈ ਕਿ ਉਹ ਤਿੰਨ ਸਾਲ ਪਹਿਲਾਂ 24 ਫ਼ਰਵਰੀ, 2022 ਨੂੰ ਰੂਸ ਵਲੋਂ ਸ਼ੁਰੂ ਕੀਤੇ ਗਏ ਹਮਲੇ ਨੂੰ ਰੋਕਣ ਲਈ ਅਮਰੀਕਾ ਤੋਂ ਅਰਬਾਂ ਡਾਲਰ ਦੀ ਸਹਾਇਤਾ ਦੇ ਬਦਲੇ ਕੁੱਝ ਚਾਹੁੰਦੇ ਹਨ।
ਐਸੋਸੀਏਟਿਡ ਪ੍ਰੈਸ ਨੇ ਸਮਝੌਤੇ ਨੂੰ ਵੇਖਿਆ ਹੈ ਜਿਸ &rsquoਚ ਕਿਹਾ ਗਿਆ ਹੈ ਕਿ ਅਮਰੀਕਾ ਸਥਾਈ ਸ਼ਾਂਤੀ ਸਥਾਪਤ ਕਰਨ ਲਈ ਜ਼ਰੂਰੀ ਸੁਰੱਖਿਆ ਗਾਰੰਟੀ ਪ੍ਰਾਪਤ ਕਰਨ ਲਈ ਯੂਕਰੇਨ ਦੀਆਂ ਕੋਸ਼ਿਸ਼ਾਂ ਦਾ ਸਮਰਥਨ ਕਰਦਾ ਹੈ। ਇਸ ਵਿਚ ਕਿਹਾ ਗਿਆ ਹੈ ਕਿ ਭਾਗੀਦਾਰ ਸਮਝੌਤੇ ਵਿਚ ਪਰਿਭਾਸ਼ਿਤ ਕੀਤੇ ਗਏ ਆਪਸੀ ਨਿਵੇਸ਼ਾਂ ਦੀ ਰੱਖਿਆ ਲਈ ਲੋੜੀਂਦੇ ਕਿਸੇ ਵੀ ਕਦਮ ਦੀ ਪਛਾਣ ਕਰਨ ਦੀ ਕੋਸ਼ਿਸ਼ ਕਰਨਗੇ।
ਵ੍ਹਾਈਟ ਹਾਊਸ ਦੇ ਇਕ ਅਧਿਕਾਰੀ ਨੇ ਬੁਧਵਾਰ ਨੂੰ ਇਕ ਵਾਰ ਫਿਰ ਸਪੱਸ਼ਟ ਕੀਤਾ ਕਿ ਸਮਝੌਤੇ ਨੂੰ ਮਨਜ਼ੂਰ ਕਰਨਾ ਟਰੰਪ ਦੇ ਜ਼ੇਲੈਂਸਕੀ ਨੂੰ ਸ਼ੁਕਰਵਾਰ ਨੂੰ ਮਿਲਣ ਦੇ ਸੱਦੇ ਦੀ ਇਕ ਜ਼ਰੂਰੀ ਸ਼ਰਤ ਸੀ। ਜ਼ੇਲੈਂਸਕੀ ਨੇ ਕਿਹਾ ਕਿ ਇਹ ਸਮਝੌਤਾ ਜਾਂ ਤਾਂ ਬਹੁਤ ਸਫਲ ਹੋ ਸਕਦਾ ਹੈ ਜਾਂ ਚੁੱਪਚਾਪ ਖਤਮ ਹੋ ਸਕਦਾ ਹੈ।
ਉਨ੍ਹਾਂ ਕਿਹਾ, &lsquo&lsquoਮੇਰਾ ਮੰਨਣਾ ਹੈ ਕਿ ਕੋਈ ਵੀ ਸਫਲਤਾ ਰਾਸ਼ਟਰਪਤੀ ਟਰੰਪ ਨਾਲ ਸਾਡੀ ਗੱਲਬਾਤ &rsquoਤੇ ਨਿਰਭਰ ਕਰਦੀ ਹੈ। ਮੈਂ ਅਮਰੀਕਾ ਨਾਲ ਤਾਲਮੇਲ ਕਰਨਾ ਚਾਹੁੰਦਾ ਹਾਂ।&rsquo&rsquo ਟਰੰਪ ਨੇ ਅਚਾਨਕ ਅਮਰੀਕਾ ਦੀਆਂ ਕੁੱਝ ਪਿਛਲੀਆਂ ਨੀਤੀਆਂ ਨੂੰ ਛੱਡ ਦਿਤਾ ਹੈ। ਉਨ੍ਹਾਂ ਨੇ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੂੰ ਅਲੱਗ-ਥਲੱਗ ਕਰਨ ਦੀਆਂ ਕੋਸ਼ਿਸ਼ਾਂ ਨੂੰ ਨਾਕਾਮ ਕਰ ਦਿਤਾ। ਇਸ ਨਾਲ ਮਹੱਤਵਪੂਰਨ ਭੂ-ਸਿਆਸੀ ਤਬਦੀਲੀਆਂ ਹੋਈਆਂ ਹਨ ਜੋ ਇਸ ਸਾਲ ਜੰਗ ਦੇ ਕੋਰਸ ਨੂੰ ਮੁੜ ਪਰਿਭਾਸ਼ਿਤ ਕਰ ਸਕਦੀਆਂ ਹਨ।
ਹਾਲੀਵੁੱਡ ਅਦਾਕਾਰ ਜੀਨ ਹੈਕਮੈਨ ਅਤੇ ਉਸਦੀ ਪਤਨੀ ਦੀ ਸ਼ੱਕੀ ਹਾਲਾਤਾਂ ਵਿੱਚ ਮੌਤ
ਹਾਲੀਵੁੱਡ ਜਗਤ ਤੋਂ ਹੈਰਾਨ ਕਰਨ ਵਾਲੀ ਖ਼ਬਰ ਆ ਰਹੀ ਹੈ। ਮਸ਼ਹੂਰ ਅਦਾਕਾਰ ਜੀਨ ਹੈਕਮੈਨ ਅਤੇ ਉਨ੍ਹਾਂ ਦੀ ਪਤਨੀ, ਬੈਟਸੀ, ਨਿਊ ਮੈਕਸੀਕੋ ਵਿੱਚ ਉਨ੍ਹਾਂ ਦੇ ਘਰ ਵਿੱਚ ਮ੍ਰਿਤਕ ਪਾਏ ਗਏ ਹਨ। 95 ਸਾਲਾ ਅਦਾਕਾਰ ਜੀਨ ਹੈਕਮੈਨ ਅਤੇ ਉਨ੍ਹਾਂ ਦੀ ਪਤਨੀ ਦੀ ਸ਼ੱਕੀ ਹਾਲਾਤਾਂ ਵਿੱਚ ਮੌਤ ਦੀ ਖ਼ਬਰ ਨੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਹੈ। ਫਿਲਹਾਲ ਮਾਮਲੇ ਦੀ ਜਾਂਚ ਜਾਰੀ ਹੈ।
ਆਸਕਰ ਜੇਤੂ ਅਦਾਕਾਰ ਜੀਨ ਹੈਕਮੈਨ ਅਤੇ ਉਨ੍ਹਾਂ ਦੀ ਪਤਨੀ ਕੱਲ੍ਹ ਬੁੱਧਵਾਰ ਨੂੰ ਉਨ੍ਹਾਂ ਦੇ ਨਿਊ ਮੈਕਸੀਕੋ ਸਥਿਤ ਘਰ ਵਿੱਚ ਮ੍ਰਿਤਕ ਪਾਏ ਗਏ। ਸੈਂਟਾ ਫੇ ਪੁਲਿਸ ਨੇ ਦ ਸਨ ਨੂੰ ਦੱਸਿਆ ਅਤੇ ਜੀਨ ਹੈਕਮੈਨ ਅਤੇ ਉਸਦੀ ਪਤਨੀ ਦੀ ਮੌਤ ਦੀ ਪੁਸ਼ਟੀ ਕੀਤੀ। ਇਨ੍ਹਾਂ ਦੋਵਾਂ ਤੋਂ ਇਲਾਵਾ, ਅਦਾਕਾਰ ਦਾ ਕੁੱਤਾ ਵੀ ਮੌਕੇ &lsquoਤੇ ਮ੍ਰਿਤਕ ਪਾਇਆ ਗਿਆ।
ਤਨਖਾਹ ਨਾ ਮਿਲਣ ਤੋਂ ਤੰਗ 3 ਭਾਰਤੀ ਓਮਾਨ ਤੋਂ ਹੋਏ ਫ਼ਰਾਰ
ਬੰਗਲੌਰ : ਓਮਾਨ ਵਿਚ ਕੰਮ ਕਰ ਰਹੇ ਤਿੰਨ ਭਾਰਤੀ ਤਨਖਾਹ ਨਾ ਮਿਲਣ ਕਾਰਨ ਐਨੇ ਤੰਗ ਹੋ ਗਏ ਕਿ ਉਥੋਂ ਫਰਾਰ ਹੋਣ ਦਾ ਫੈਸਲਾ ਕਰ ਲਿਆ ਅਤੇ ਇਕ ਕਿਸ਼ਤੀ ਚੋਰੀ ਕਰ ਕੇ ਭਾਰਤ ਵੱਲ ਸਫ਼ਰ ਆਰੰਭ ਦਿਤਾ। ਤਿੰਨ ਹਜ਼ਾਰ ਕਿਲੋਮੀਟਰ ਦਾ ਸਫ਼ਰ ਸੁੱਖ-ਸਾਂਦ ਨਾਲ ਤੈਅ ਹੋ ਗਿਆ ਪਰ ਭਾਰਤੀ ਕੋਸਟ ਗਾਰਡਜ਼ ਨੇ ਸ਼ੱਕੀ ਮੰਨਦਿਆਂ ਫੜ ਕੇ ਜੇਲ ਵਿਚ ਡੱਕ ਦਿਤਾ। ਤਿੰਨੋ ਜਣਿਆਂ ਨੂੰ ਕਰਨਾਟਕ ਦੇ ਉਡੂਪੀ ਜ਼ਿਲ੍ਹੇ ਦੀ ਅਦਾਲਤ ਵਿਚ ਪੇਸ਼ ਕੀਤਾ ਗਿਆ ਤਾਂ ਜੱਜ ਨੇ ਨਿਆਇਕ ਹਿਰਾਸਤ ਵਿਚ ਭੇਜਣ ਦੇ ਹੁਕਮ ਦੇ ਦਿਤੇ। ਤਾਮਿਲਨਾਡੂ ਨਾਲ ਸਬੰਧਤ ਤਿੰਨੋ ਭਾਰਤੀ ਨਾਗਰਿਕ ਓਮਾਨ ਦੀ ਇਕ ਫਿਸ਼ਿੰਗ ਕੰਪਨੀ ਵਿਚ ਕੰਮ ਕਰਦੇ ਸਨ ਜਿਥੇ ਬੰਧੂਆ ਮਜ਼ਦੂਰਾਂ ਵਾਂਗ ਕੰਮ ਲਿਆ ਜਾਂਦਾ ਅਤੇ ਤਨਖਾਹ ਦੇ ਨਾਂ &rsquoਤੇ ਕੁਝ ਨਹੀਂ ਸੀ ਮਿਲ ਰਿਹਾ।
ਸੂਬੇ ਵਿਚ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਗਿਣਤੀ ਘੱਟ ਕਰੇਗਾ ਕਿਊਬੇਕ
ਓਟਵਾ : ਕਿਊਬੇਕ ਸਰਕਾਰ ਇਸ ਸਾਲ ਕਿਊਬੇਕ ਦੇ ਪੋਸਟ-ਸੈਕੰਡਰੀ ਸੰਸਥਾਨਾਂ ਵਿੱਚ ਦਾਖਲਾ ਲੈਣ ਵਾਲੇ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਗਿਣਤੀ ਵਿੱਚ 20 ਫ਼ੀਸਦੀ ਦੀ ਕਮੀ ਕਰ ਰਹੀ ਹੈ । ਇਮੀਗ੍ਰੇਸ਼ਨ ਮੰਤਰਾਲਾ ਨੇ ਪ੍ਰਾਂਤ ਦੇ ਆਧਿਕਾਰਿਕ ਰਾਜਪੱਤਰ ਵਿਚ ਨਵੇਂ ਅੰਤਰਰਾਸ਼ਟਰੀ ਵਿਦਿਆਰਥੀਆਂ ਦੀਆਂ ਵਿਚਾਰੀਆਂ ਜਾਣ ਵਾਲੀਆਂ ਅਰਜ਼ੀਆਂ ਦੀ ਗਿਣਤੀ ਪ੍ਰਕਾਸਿ਼ਤ ਕੀਤੀ ਹੈ। ਸੰਸਥਾਨ ਅਤੇ ਡਿਗਰੀ ਦੇ ਪ੍ਰਕਾਰ ਅਨੁਸਾਰ ਵੰਡਿਆ ਕੋਟਾ ਇਸ ਪਤਝੜ ਵਿੱਚ ਸੂਬੇ ਦੇ ਕਾਲਜੀਏਟ ਨੈੱਟਵਰਕ ਵਿੱਚ ਦਾਖ਼ਲਾ ਲੈਣ ਵਾਲੇ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਗਿਣਤੀ ਨੂੰ ਕਾਫ਼ੀ ਘੱਟ ਕਰ ਦਿੰਦਾ ਹੈ। ਸਰਕਾਰ 2024 ਦੇ ਪੱਧਰ ਅਨੁਸਾਰ ਕਿਊਬੇਕ ਦੀਆਂ ਦੇ ਯੂਨੀਵਰਸਿਟੀਆਂ &lsquoਚ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਇਨਰੌਲਮੈਂਟ ਨੂੰ ਵੀ ਸਥਿਰ ਕਰਦੀ ਹੈ।
ਕਿਊਬੇਕ ਦੇ ਇਮੀਗ੍ਰੇਸ਼ਨ ਮੰਤਰੀ ਜੀਨ-ਫਰਾਂਸਵਾ ਰੋਬਰਗ ਨੇ ਕਿਹਾ ਕਿ ਇਹ ਕੋਟਾ ਇੱਕ ਸਾਲ ਲਈ ਨਿਯਮਕ ਹੈ, ਜਿਸਦੇ ਨਾਲ ਸਰਕਾਰ ਨੂੰ ਆਪਣੀਆਂ ਜ਼ਰੂਰਤਾਂ ਅਨੁਸਾਰ ਸਥਿਤੀ ਨੂੰ ਸਮਾਔਜਿਤ ਕਰਨ ਅਤੇ ਮੁੜਮੁਲਆਂਕਣ ਕਰਨ ਦਾ ਮੌਕਾ ਮਿਲੇਗਾ।
ਵਿਦਿਆਰਥੀ ਵੀਜ਼ਾ ਸਰਕਾਰ ਵੱਲੋਂ ਜਾਰੀ ਕੀਤੇ ਜਾਂਦੇ ਹਨ। ਕਿਊਬੇਕ ਵਿੱਚ ਵਿਦੇਸ਼ ਤੋਂ ਆਉਣ ਵਾਲੇ ਵਿਦਿਆਰਥੀਆਂ ਨੂੰ ਰਾਜ ਦੀ ਸਰਕਾਰ ਵਲੋਂ ਕਿਊਬੇਕ ਮਨਜ਼ੂਰੀ ਪ੍ਰਮਾਣ ਪੱਤਰ, ਜਿਸ ਨੂੰ ਸੀ.ਏ.ਕਿਊ. ਦੇ ਰੂਪ ਵਿੱਚ ਜਾਣਿਆ ਜਾਂਦਾ ਹੈ, ਵੀ ਪ੍ਰਾਪਤ ਕਰਨਾ ਹੋਵੇਗਾ, ਜੋ ਕਿ ਸਟੱਡੀ ਪਰਮਿਟ ਤੋਂ ਪਹਿਲਾਂ ਹਾਸਿਲ ਕਰਨਾ ਲਾਜ਼ਮੀ ਹੈ।
ਮੰਤਰਾਲਾ ਦੇ ਅੰਕੜਿਆਂ ਅਨੁਸਾਰ 2024 ਵਿੱਚ ਸਿੱਖਿਆ ਮੰਤਰਾਲਾ ਨੇ ਕਾਲਜੀਏਟ ਨੈੱਟਵਰਕ ਵਿੱਚ ਦਾਖ਼ਲਾ ਲੈਣ ਵਾਲੇ ਅੰਤਰਰਾਸ਼ਟਰੀ ਵਿਦਿਆਰਥੀਆਂ ਦੀਆਂ ਸੀ.ਏ.ਕਿਊ. ਲਈ 48,748 ਅਰਜ਼ੀਆਂ ਪ੍ਰੋਸੈੱਸ ਕੀਤੀਆਂ, ਜਿਨ੍ਹਾਂ ਉੱਤੇ ਕੈਪ ਲਗਾ ਕੇ ਇਸ ਨੂੰ 29,200 ਕਰ ਕੇ ਕਰੀਬ ਸਾਢੇ 19 ਹਜ਼ਾਰ ਅਰਜ਼ੀਆਂ ਦਾ ਕੱਟ ਲਾਇਆ ਗਿਆ ਹੈ।