ਹੋਲਾ ਮਹੱਲਾ ਪਾਉਂਟਾ ਸਾਹਿਬ ਦਾ, ਦਸਮ ਪਿਤਾ ਦੇ ਲਾਡਲੇ 52 ਕਵੀਆਂ ਦੀ ਪਾਵਨ ਧਰਤੀ
ਹੋਲਾ ਮਹੱਲਾ ਪੰਜਾਬ ਦਾ ਵਿਰਾਸਤੀ ਤਿਉਹਾਰ ਹੈ । ਖ਼ਾਲਸਾ ਪੰਥ ਦੀ ਸਾਜਨਾ ਦੇ ਸੰਕਲਪ ਨੂੰ ਆਪਣੇ ਜਿਹਨ ਵਿੱਚ ਲੈ ਕੇ ਸਮੇਂ ਦੀ ਵੰਗਾਰ ਅਨੁਸਾਰ ਸਾਹਿਤ ਸਿਰਜਣਾਂ ਤੇ ਕਲਾਤਮਿਕ ਰੁਚੀਆਂ ਦੀ ਪੂਰਤੀ ਲਈ ਸਰਬੰਸਦਾਨੀ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੀ ਜਵਾਨੀ ਦੇ ਲਗਪਗ ਸਾਢੇ ਚਾਰ ਵਰੇ੍ਹ ਨਾਹਨ ਰਿਆਸਤ ਵਿੱਚ ਯਮਨਾ ਦਰਿਆ ਦੇ ਕਿਨਾਰੇ ਸਥਿਤ ਪਾਉਂਟਾ ਸਾਹਿਬ ਦੀ ਪਾਵਨ ਧਰਤੀ ਤੇ ਬਿਤਾਏ । ਗੁਰੂ ਸਾਹਿਬ ਨੇ ਇਸ ਪਵਿੱਤਰ ਧਰਤੀ &lsquoਤੇ ਆਪਣੇ ਲਾਡਲੇ ਬਵੰਜਾ ਕਵੀਆਂ ਤੇ ਸਾਹਿਤਕ ਰੁਚੀਆਂ ਨੂੰ ਲੈ ਕੇ ਅਦਬੀ ਮਹਿਫਲਾਂ ਨਾਲ ਸ਼ਿੰਗਾਰਿਆ । ਕਲਮ ਦੇ ਧਨੀ ਅਤੇ ਅਨੇਕਾਂ ਭਾਸ਼ਾਵਾਂ ਦੇ ਵਿਦਵਾਨ ਕਲਗੀਧਰ ਪਾਤਸ਼ਾਹ ਨੇ ਇਸੇ ਅਸਥਾਨ ਤੇ ਚੰਦਨ ਕਵੀ ਦੀ ਕਵਿਤਾ ਤੋਂ ਪ੍ਰਸੰਨ ਹੋ ਕੇ ਉਸ ਨੂੰ 65000 ਮੋਹਰਾਂ ਦੇ ਕੇ ਸਨਮਾਨਿਤ ਕੀਤਾ । ਯਮਨਾ ਦੇ ਕਲਕਲ ਵਹਿੰਦੇ ਪਾਣੀ ਨਾਲ ਕਲੋਲਾਂ ਕਰਦਿਆਂ ਕੁਦਰਤ ਦੀ ਸੁਹਾਵਣੀ ਗੋਦ ਵਿੱਚ ਬਿਰਾਜਮਾਨ ਹੋ ਕੇ ਸ੍ਰੀ ਦਸਮ ਗ੍ਰੰਥ ਦੀਆਂ ਅਨੇਕਾਂ ਬਾਣੀਆਂ ਦੀ ਰਚਨਾ ਕੀਤੀ । ਇਸੇ ਪਾਉਂਟਾ ਸਾਹਿਬ ਦੀ ਪਵਿੱਤਰ ਭੂਮੀ ਤੇ ਸ਼ਸਤਰ ਤੇ ਸ਼ਾਸਤਰ ਵਿੱਦਿਆ ਦੇ ਨਾਲ ਕਾਦਰ ਦੀ ਕੁਦਰਤ ਦੇ ਸੁੰਦਰ ਨਜ਼ਾਰਿਆਂ ਤੋਂ ਬਲਿਹਾਰ ਜਾਂਦਿਆਂ ਅਕਾਲ ਪੁਰਖ ਵਾਹਿਗੁਰੂ ਦੀਆਂ ਗੁੱਝੀਆਂ ਰਮਜ਼ਾਂ ਨੂੰ ਭਾਂਪਦਿਆਂ ਇਕ ਯੋਗ ਕਲਾ ਪਾਰਖੂ ਦੀ ਤਰ੍ਹਾਂ ਆਪਣੇ ਸਿੰਘਾਂ ਨੂੰ ਸੁਹਣੀਆਂ ਦਸਤਾਰਾਂ ਸਜਾਉਣ ਅਤੇ ਚੰਗੇਰੀਆਂ ਸਾਹਿਤਕ ਰਚਨਾਵਾਂ ਤੇ ਮੁਕਾਬਲਿਆਂ ਵਿੱਚ ਇਨਾਮ ਦਿੱਤੇ ਜਾਣ ਲੱਗੇ । ਦੇਸ਼ ਦੇ ਕੋਨੇ-ਕੋਨੇ ਤੋਂ ਸਾਹਿਤਕਾਰ ਵਿਸ਼ੇਸ਼ ਕਰਕੇ ਕਵੀ ਆਪਣੀਆਂ ਆਤਮ-ਰੱਸ ਭਰਪੂਰ ਕਵਿਤਾਵਾਂ, ਜਿਨ੍ਹਾਂ ਵਿੱਚ ਪ੍ਰੇਮ-ਰੱਸ, ਬੀਰ-ਰੱਸ ਤੇ ਹਾਸ-ਰੱਸ ਸੁਣਾਉਣ ਲਈ ਪਹੁੰਚਦੇ ਸਨ । ਇਸੇ ਅਸਥਾਨ ਤੇ ਪੀਰ ਬੁੱਧੂ ਸ਼ਾਹ ਸਢੌਰੇ ਤੋਂ ਆਪਣੇ ਪੁੱਤਰਾਂ ਤੇ ਮੁਰੀਦਾਂ ਸਮੇਤ ਕਲਗੀਧਰ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚਰਨਾਂ ਵਿੱਚ ਹਾਜ਼ਰ ਹੋਇਆ ਸੀ । ਭੰਗਾਣੀ ਦੇ ਯੁੱਧ ਤੋਂ ਪਿੱਛੋਂ ਆਪਣੇ ਪੁੱਤਰਾਂ ਤੇ ਮੁਰੀਦਾਂ ਦੀ ਸ਼ਹਾਦਤ ਤੋਂ ਪਿੱਛੋਂ, ਬਖ਼ਸ਼ਿਸ਼ ਵਜੋਂ ਛੋਟੀ ਦਸਤਾਰ ਤੇ ਕੇਸਾਂ ਸਮੇਤ ਕੰਘਾ ਪ੍ਰਾਪਤ ਕਰਕੇ ਆਪਣੀ ਖੁਸ਼ੀ ਦਾ ਇਜ਼ਹਾਰ ਕੀਤਾ ਸੀ । ਇਸੇ ਪਵਿੱਤਰ ਅਸਥਾਨ ਤੇ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਦਾ ਜਨਮ ਵੀ ਹੋਇਆ ਸੀ । ਇਥੇ ਹੀ ਕਾਲਪੀ ਰਿਸ਼ੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਦੀ ਗੋਦ ਵਿੱਚ ਆਖਰੀ ਸੁਆਸ ਲਏ ਸਨ । 
ਅਸਲ ਵਿੱਚ ਸਰਬੰਸਦਾਨੀ ਪਿਤਾ, ਨੀਲੇ ਦੇ ਸ਼ਾਹ ਸਵਾਰ, ਸੰਤ ਸਿਪਾਹੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਨਵੇਂ-ਨਰੋਏ ਸਮਾਜ ਦੀ ਸਿਰਜਨਾ ਅਤੇ ਇਤਿਹਾਸਕ ਤਿਉਹਾਰਾਂ ਨੂੰ ਮਨਾਉਣ ਲਈ ਇਕ ਨਿਵੇਕਲੀ ਵਿਚਾਰਧਾਰਾ ਦੀ ਅਰੰਭਤਾ ਹੋਲੇ-ਮਹੱਲੇ ਦੇ ਪਵਿੱਤਰ ਸਮੇਂ ਹੀ ਕੀਤੀ । ਮਨੁੱਖੀ ਸਮਾਜ ਦੇ ਦੋਵੇਂ ਅੰਗਾਂ ਇਸਤਰੀ ਅਤੇ ਪੁਰਸ਼ ਲਈ ਗ੍ਰਹਿਸਥੀ ਹੋਣਾਂ, ਪਰਉਪਕਾਰ, ਸੇਵਾ ਦੇ ਧਾਰਨੀ ਹੋਣ ਦੇ ਨਾਲ-ਨਾਲ ਹਰ ਸਮੇਂ ਗਰੀਬਾਂ ਤੇ ਮਜ਼ਲੂਮਾਂ ਦੀ ਰੱਖਿਆ ਲਈ ਆਪਾ ਸਮਰਪਿਤ ਕਰਨ ਲਈ ਆਪਣੇ ਸਿੱਖਾਂ ਨੂੰ ਪਾਬੰਦ ਕੀਤਾ । ਅਜਿਹੇ ਫ਼ਰਜ਼ਾਂ ਦੀ ਪੂਰਤੀ ਲਈ ਮਨੁੱਖ ਦਾ ਆਰੋਗ ਤੇ ਬਲਵਾਨ ਹੋਣਾ ਵੀ ਬਹੁਤ ਜਰੂਰੀ ਹੈ । ਹੋਲੇ-ਮਹੱਲੇ ਦੇ ਪਵਿੱਤਰ ਤਿਉਹਾਰ ਸਮੇਂ ਆਪਣੇ ਸਿੰਘਾਂ ਲਈ ਅਭਿਆਸ ਵਜੋਂ ਖ਼ਾਲਸਾ ਫ਼ੌਜ ਨੂੰ ਦੋ ਹਿੱਸਿਆਂ ਵਿੱਚ ਵੰਡ ਕੇ ਰਣਤੱਤੇ ਅੰਦਰ ਅਸਲੀ ਦਾਅ-ਪੇਚਾਂ, ਚਾਲਾਂ, ਹਰਕਤਾਂ ਨੂੰ ਧਿਆਨ ਗੋਚਰੇ ਕਰਕੇ ਅਭਿਆਸ ਕਰਵਾਉਂਦੇ । ਹਰ ਜਥੇ ਨੂੰ ਵੱਖ-ਵੱਖ ਰੰਗਾਂ ਦੀਆਂ ਜੰਗੀ ਵਰਦੀਆਂ ਪਹਿਨਾਈਆਂ ਜਾਂਦੀਆਂ । ਅਜਿਹੇ ਮੌਕੇ ਤੇ ਘੋੜਿਆਂ, ਹਾਥੀਆਂ ਦੀ ਵਰਤੋਂ ਵੀ ਕੀਤੀ ਜਾਂਦੀ । ਨਗਾਰੇ ਵੱਜਦੇ, ਹਥਿਆਰਾਂ ਦੇ ਟਕਰਾਅ ਹੁੰਦੇ, ਜੈਕਾਰੇ ਗੂੰਜਦੇ । ਦਸਮ ਪਾਤਸ਼ਾਹ ਆਪ ਯੋਧਿਆਂ ਨੂੰ ਹੱਲਾਸ਼ੇਰੀ ਦਿੰਦੇ । ਅੰਤ ਵਿੱਚ ਫਤਹਿ ਦੀਆਂ ਖੁਸ਼ੀਆਂ ਮਨਾਈਆਂ ਜਾਂਦੀਆਂ । ਸਮਾਜ ਨੂੰ ਨਵੀਂ ਸੇਧ ਦੇ ਕੇ ਪਸ਼ੂ ਬਿਰਤੀ ਤੋਂ ਅਜ਼ਾਦ ਕਰਵਾਇਆ । ਭਾਰਤੀ ਤਿਉਹਾਰ ਹੋਲੀ ਨੂੰ ਹੋਲੇ-ਮਹੱਲੇ ਦਾ ਰੂਪ ਦੇ ਕੇ ਮਨੁੱਖਤਾ ਨੂੰ ਮਰਦਾਨਗੀ ਤੇ ਆਤਮਿਕ ਸ਼ੁੱਧਤਾ ਦੇ ਮੰਡਲਾਂ ਦਾ ਵਾਸੀ ਬਣਾਇਆ । 
ਅੱਜ ਤੇਜ਼ੀ ਨਾਲ ਮਸ਼ੀਨੀਕਰਨ ਅਤੇ ਸਨਅਤੀਕਰਨ ਵੱਲ ਵੱਧ ਰਹੇ ਕੰਪਿਊਟਰ ਯੁੱਗ ਵਿੱਚ ਸ੍ਰੀ ਅਨੰਦਪੁਰ ਸਾਹਿਬ ਦੀ ਤਰ੍ਹਾਂ ਸ੍ਰੀ ਪਾਉਂਟਾ ਸਾਹਿਬ ਵਿਖੇ ਵੀ ਹੋਲੇ-ਮਹੱਲੇ ਦੀ ਰੌਣਕ ਵੀ ਵੇਖਣ ਯੋਗ ਹੁੰਦੀ ਹੈ । ਪਾਉਂਟਾ ਸਾਹਿਬ ਦੀ ਧਰਤੀ ਹਿਮਾਚਲ, ਹਰਿਆਣਾ, ਪੰਜਾਬ, ਦਿੱਲੀ, ਉਤਰਾਂਚਲ ਖਾਸ ਕਰਕੇ ਦੂਨ ਅਤੇ ਤਰਾਈ ਦੇ ਇਲਾਕੇ ਦੀਆਂ ਸਿੱਖ ਸੰਗਤਾਂ ਲਈ ਵਿਸ਼ੇਸ਼ ਖਿੱਚ ਰੱਖਦੀ ਹੈ । ਲੱਖਾਂ ਸਿੱਖ ਸੰਗਤਾਂ ਇਸ ਪਾਵਨ ਧਰਤੀ ਨੂੰ ਨਤਮਸਤਿਕ ਹੁੰਦੀਆਂ ਹਨ । ਇਹ ਪਾਉਂਟਾ ਸਾਹਿਬ ਦਾ ਇਤਿਹਾਸਕ ਗੁਰੂ ਘਰ ਪਹਾੜੀ ਤੇ ਪੰਜਾਬੀ ਸੱਭਿਆਚਾਰ ਦਾ ਸੁੰਦਰ ਸੁਮੇਲ ਬਣ ਜਾਂਦਾ ਹੈ । ਇਹ ਮੇਲਾ ਚਾਰ ਦਿਨ ਚੱਲਦਾ ਹੈ । ਇਨ੍ਹਾਂ ਦੀਵਾਨਾਂ ਵਿੱਚ ਕਵੀ ਦਰਬਾਰ, ਕਥਾ-ਕੀਰਤਨ, ਦਰਬਾਰਾਂ ਵਿੱਚ ਗੁਰੂ ਘਰ ਦੇ ਕੀਰਤਨੀਆਂ, ਕਥਾਕਾਰਾਂ, ਕਵੀਆਂ, ਢਾਡੀਆਂ, ਕਵੀਸ਼ਰਾਂ ਨੂੰ ਲਖਾਂ ਸਿੱਖ ਸੰਗਤਾਂ ਸ਼ਰਧਾ ਦੀ ਮੂਰਤੀ ਬਣ ਕੇ ਸਰਵਣ ਕਰਦੀਆਂ ਹਨ । ਮੇਲੇ ਦੇ ਆਖਰੀ ਦਿਨ ਹਿਮਾਚਲ ਦੇ ਲੋਕ ਆਪਣੇ ਰਵਾਇਤੀ ਪਹਿਰਾਵੇ ਵਿੱਚ ਗੁਰੂ ਸਾਹਿਬ ਨੂੰ ਪ੍ਰਣਾਮ ਕਰਨ ਪੁੱਜਦੇ ਹਨ । ਮੇਲੇ ਨੂੰ ਜਾਣ ਵਾਲੇ ਸਾਰੇ ਰਸਤੇ ਸੰਗਤਾਂ ਦੇ ਕਾਫ਼ਲਿਆਂ ਨਾਲ ਭਰੇ ਨਜ਼ਰ ਆਉਂਦੇ ਹਨ ।
ਯਮਨਾ ਦਰਿਆ ਕਿਨਾਰੇ ਬਣੀ ਗੁਰਦੁਆਰਾ ਪਾਉਂਟਾ ਸਾਹਿਬ ਦੀ ਆਲੀਸ਼ਾਨ ਸੰਗਮਰਮਰ ਇਮਾਰਤ ਸਿੱਖ ਇਤਿਹਾਸ ਨੂੰ ਆਪਣੇ ਅੰਦਰ ਸਮੋਈ ਬੈਠੀ ਹੈ । ਗੁਰਦੁਆਰਾ ਕੰਪਲੈਕਸ ਵਿੱਚ ਗੁ: ਦਸਤਾਰ ਅਸਥਾਨ, ਗੁ: ਕਵੀ ਦਰਬਾਰ, ਗੁ: ਕਾਲਪੀ ਰਿਸ਼ੀ ਵੀ ਸੁਸ਼ੋਭਿਤ ਹਨ । ਸਾਹਿਤਕਾਰਾਂ ਤੇ ਖੋਜੀਆਂ ਲਈ ਇਕ ਵੱਖਰੀ ਇਮਾਰਤ ਵਿਦਿਆਸਰ ਹੈ, ਜਿਸ ਵਿੱਚ ਲਾਇਬਰੇਰੀ ਅਤੇ ਸਿੱਖ ਅਜਾਇਬ ਘਰ ਬਣੇ ਹੋਏ ਹਨ । ਇਸ ਅਸਥਾਨ ਉੱਪਰ 22 ਮਈ, 1964 ਨੂੰ ਇਕ ਵੱਡਾ ਸ਼ਹੀਦੀ ਖੂਨੀ ਸਾਕਾ ਵੀ ਵਾਪਰਿਆ । ਗੁਰਦੁਆਰਾ ਸਾਹਿਬ ਨੂੰ ਮਹੰਤਾਂ ਦੇ ਪ੍ਰਬੰਧ ਤੋਂ ਅਜ਼ਾਦ ਕਰਵਾਉਣ ਸਮੇਂ ਗਿਆਰਾਂ ਸਿੰਘਾਂ ਨੂੰ ਸ਼ਹਾਦਤ ਦਾ ਜਾਮ ਪੀਣਾ ਪਿਆ । ਇਸ ਅਸਥਾਨ ਦਾ ਪ੍ਰਬੰਧ ਹਾਈ ਕੋਰਟ ਵੱਲੋਂ ਬਣਾਈ ਪ੍ਰਬੰਧਕ ਕਮੇਟੀ ਕਰਦੀ ਹੈ । ਜਿਸ ਦਾ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਹੀ ਮੁਖੀ ਹੁੰਦਾ ਹੈ । ਸਾਰਾ ਸਾਲ ਇਸ ਅਸਥਾਨ ਦੀ ਯਾਤਰਾ ਲਈ ਵੱਡੀ ਗਿਣਤੀ ਵਿੱਚ ਸੰਗਤ ਪੁੱਜਦੀ ਹੈ । ਹੋਲੇ-ਮਹੱਲੇ ਦੀ ਰੌਣਕ ਆਪਣੀ ਮਿਸਾਲ ਆਪ ਹੀ ਹੁੰਦੀ ਹੈ । ਸ੍ਰੀ ਹੇਮਕੁੰਟ ਸਾਹਿਬ ਦੀ ਯਾਤਰਾ ਸਮੇਂ ਹਰ ਰੋਜ਼ ਸੰਗਤ ਇਥੇ ਪੜਾਅ ਕਰਦੀ ਹੈ । ਚੰਡੀਗੜ੍ਹ ਤੋਂ 120 ਕਿਲੋਮੀਟਰ ਦੂਰ ਵਸਿਆ ਇਹ ਇਤਿਹਾਸਕ ਅਸਥਾਨ ਨਾਹਨ (ਹਿਮਾਚਲ), ਯਮਨਾ ਨਗਰ (ਹਰਿਆਣਾ), ਦੇਹਰਾਦੂਨ (ਉਤਰਾਖੰਡ) ਤੋਂ ਸਿੱਧੀਆਂ ਸੜਕਾਂ ਨਾਲ ਜੁੜਿਆ ਹੋਇਆ ਹੈ । ਹੋਲੇ-ਮਹੱਲੇ ਦਾ ਇਹ ਜੋੜ-ਮੇਲਾ ਆਤਮਿਕ-ਅਨੰਦ ਵਾਲੇ ਰੰਗੀਨ ਸੁਪਨੇ ਛੱਡ ਜਾਂਦਾ ਹੈ ।
-ਭਗਵਾਨ ਸਿੰਘ ਜੌਹਲ