ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਗੁਰੂ ਗ੍ਰੰਥ, ਗੁਰੂ ਪੰਥ ਦੇ ਜੋਤਿ ਅਤੇ ਜੁਗਤਿ ਦਾ ਸਿੱਖੀ ਵਿਧਾਨ ਲਾਗੂ ਕੀਤੇ ਤੋਂ ਬਿਨਾਂ ਸਿੱਖ ਕੌਮ ਆਪਣੀ ਅੱਡਰੀ, ਨਿਆਰੀ ਤੇ ਸੁਤੰਤਰ ਹੋਂਦ ਹਸਤੀ ਕਾਇਮ ਨਹੀਂ ਰੱਖ ਸਕੇਗੀ
   ਸਿਧਾਂਤਕ ਰੂਪ ਵਿੱਚ ਵੇਖੀਏ ਤਾਂ ਸ੍ਰੀ ਅਕਾਲ ਤਖ਼ਤ ਸਾਹਿਬ ਗੁਰੂ ਪੰਥ ਦੀ ਪ੍ਰਤੀਨਿਧ ਸੰਸਥਾ ਹੈ, ਜਿਸ ਤੇ ਕਿਸੇ ਵਿਅਕਤੀ ਵਿਸ਼ੇਸ਼ ਦਾ ਹੱਕ ਨਹੀਂ ਹੈ। ਗੁਰੂ ਪੰਥ' ਦੋ ਸ਼ਬਦਾਂ ਦਾ ਜੋੜ ਹੈ, ਜਿਸ ਵਿੱਚ ਗੁਰੂ ਗ੍ਰੰਥ ਜੋਤਿ ਤੇ ਪੰਥ ਜੁਗਤਿ ਦਾ ਲਖਾਇਕ ਹੈ। ਅਕਾਲ ਤਖ਼ਤ ਇੱਕ ਮਹਾਨ ਸਦੀਵੀ ਪ੍ਰਭੂਸੱਤਾ ਦਾ ਸੰਕਲਪ ਹੈ। ਸਿੱਖ ਧਰਮ ਦਾ ਸਾਰਾ ਸਿੱਖ ਫ਼ਲਸਫਾ ਇਸੇ ਵਿੱਚ ਸਮਾਇਆ ਹੋਇਆ ਹੈ ਅਰਥਾਤ ਅਕਾਲ ਤਖ਼ਤ ਹੈ ਤਾਂ ਸਿੱਖ ਧਰਮ ਜਿੰਦਾ ਹੈ। ਅਕਾਲ ਤਖ਼ਤ ਤੇ ਹਰਿਮੰਦਰ ਸਾਹਿਬ ਨੂੰ ਧਾਰਮਿਕ ਪਵਿੱਤਰਤਾ ਅਤੇ ਆਸਥਾ ਦੇ ਪੱਧਰ ਉੱਤੇ ਅਲੱਗ-ਅਲੱਗ ਕਰਨਾ ਹੀ ਸਿੱਖ ਧਰਮ ਦਾ ਹਿੰਦੂਕਰਨ ਕਰਨਾ ਹੈ। ਭਾਈ ਗੁਰਦਾਸ ਜੀ ਨੇ ਸਿੱਖ ਧਰਮ ਨੂੰ ਨਾਨਕ ਨਿਰਮਲ ਪੰਥ ਕਿਹਾ ਹੈ, ਮਾਰਿਆ ਸਿੱਕਾ ਜਗਤ ਵਿਚ ਨਾਨਕ ਨਿਰਮਲ ਪੰਥ ਚਲਾਯਾ ਅਤੇ ਸਬਦ ਜਿਤੀ ਸਿਧ ਮੰਡਲੀ ਕੀਤੋਸੁ ਅਪਣਾ ਪੰਥ ਨਿਰਾਲਾ। ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਿਰਜਣਾ, ਨਾਨਕ ਨਿਰਮਲ ਪੰਥ ਦੀ ਨਿਰਮਲ ਵਿਚਾਰਧਾਰਾ ਦਾ ਇੱਕ ਮਹੱਤਵਪੂਰਨ ਪੜਾਅ ਹੈ। ਸਿੱਖ ਧਰਮ ਦੇ ਵਿਕਾਸ ਅਤੇ ਸਥਾਪਤੀ ਵਿੱਚ ਅਕਾਲ ਤਖ਼ਤ ਦੀ ਸੰਸਥਾ ਨੇ ਮੀਲ-ਪੱਥਰ ਦਾ ਕਾਰਜ ਕੀਤਾ ਹੈ।
   ਗੁਰੂ ਨਾਨਕ ਸਾਹਿਬ ਨੇ ਆਪਣੇ ਸਮੇਂ ਲੋਕਾਈ ਵਿੱਚ ਰਾਜਸੀ, ਧਾਰਮਿਕ, ਸਮਾਜਿਕ ਤੇ ਸੱਭਿਆਚਾਰਕ ਅਧੋਗਤੀ ਨੂੰ ਠੱਲ੍ਹ ਪਾਉਣ ਲਈ ਸਿੱਕਾ ਮਾਰ ਕੇ ਨਿਰਮਲ ਪੰਥ ਚਲਾਇਆ। ਇਹ ਨਿਰਮਲ ਪੰਥ ਨਿਰੋਲ ਇੱਕ ਅਧਿਆਤਮਕ ਲਹਿਰ ਹੀ ਨਹੀਂ ਸੀ, ਸਗੋਂ ਇਹ ਆਦਿ-ਅਰੰਭ ਤੋਂ ਹੀ ਭਗਤੀ-ਸ਼ਕਤੀ ਨੂੰ ਇੱਕ ਦੂਸਰੇ ਦੀ ਹੋਂਦ ਲਈ ਜ਼ਰੂਰੀ ਮੰਨਦਾ ਹੈ। ਪ੍ਰਮਾਤਮਾ ਦੀ ਉਸਤਤੀ ਵਿੱਚ ਗੁਰੂ ਨਾਨਕ ਸਾਹਿਬ ਫੁਰਮਾਉਂਦੇ ਹਨ: ਮੂਰਖ ਗੰਢੁ ਪਵੈ ਮੁਹਿ ਮਾਰ (ਵਾਰ ਮਾਝ ਮਹਲਾ 1 ਅੰਕ 143)। ਸਿਧਾਂਤਕ ਰੂਪ ਵਿੱਚ ਗੁਰੂ ਨਾਨਕ ਸਾਹਿਬ ਦਾ ਬਾਬਰ ਨੂੰ ਜਾਬਰ ਕਹਿਣਾ ਇਸ ਦਾ ਪਹਿਲਾ ਪ੍ਰਮਾਣ ਸੀ। ਇਸ ਸਿਧਾਂਤ ਅਨੁਸਾਰ ਹੀ ਗੁਰੂ ਅੰਗਦ ਸਾਹਿਬ ਬਾਦਸ਼ਾਹ ਹਮਾਯੂੰ ਨੂੰ ਤਲਵਾਰ ਦੀ ਸਮੇਂ ਤੇ ਸਥਾਨ ਅਨੁਸਾਰ ਵਰਤੋਂ ਕਰਨ ਲਈ ਸੁਚੇਤ ਕਰਦੇ ਹਨ। ਗੁਰਮਤਿ ਵਿਚਾਰਧਾਰਾ ਅਨੁਸਾਰ ਆਤਮਿਕ ਸੁਤੰਤਰਤਾ ਨੂੰ ਸਮਾਜਿਕ ਸੁਤੰਤਰਤਾ ਤੋਂ ਵੱਖ ਨਹੀਂ ਕੀਤਾ ਜਾ ਸਕਦਾ। ਸ੍ਰੀ ਅਕਾਲ ਤਖ਼ਤ ਸਾਹਿਬ ਸਮੇਂ ਤੇ ਸਥਾਨ ਦੇ ਪ੍ਰਭਾਵਾਂ ਤੋਂ ਸੁਤੰਤਰ ਹੈ। ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਿਰਜਣਾ ਨਾਲ਼ ਸਿੱਖ ਕੌਮ ਇੱਕ ਸੁਤੰਤਰ ਤੇ ਪ੍ਰਭੂਸੱਤਾ ਸੰਪੰਨ ਦੈਵੀ ਗੁਣਾਂ ਆਧਾਰਿਤ ਕੌਮ ਦੇ ਰੂਪ ਵਿੱਚ ਪ੍ਰਗਟ ਹੋਈ। ਅਕਾਲ ਤਖ਼ਤ ਤੋਂ ਹੀ ਸਮੇਂ-ਸਮੇਂ ਅਕਾਲ ਤਖਤ ਦੇ ਵਿਰੋਧੀਆਂ, ਸਮਾਜਿਕ, ਰਾਜਸੀ ਬੇਇਨਸਾਫ਼ੀਆਂ, ਜਬਰ-ਜ਼ੁਲਮ ਦੇ ਖ਼ਿਲਾਫ਼ ਤੇ ਸਿੱਖੀ ਦੇ ਪ੍ਰਚਾਰ-ਪ੍ਰਸਾਰ ਹਿੱਤ, ਸਿੱਖ ਤੇ ਸਿੱਖ ਹਿੱਤਕਾਰੀ ਲਹਿਰਾਂ ਉੱਠਦੀਆਂ ਰਹੀਆਂ ਹਨ। 
   ਅਜਿਹੀ ਇੱਕ ਲਹਿਰ ਸਿੱਖ ਕੌਮ ਦੇ ਗਲ਼ੋਂ ਗ਼ੁਲਾਮੀ ਦੀਆਂ ਜੰਜ਼ੀਰਾਂ ਕੱਟਣ ਲਈ ਵੀਹਵੀਂ ਸਦੀ ਦੇ ਅੱਠਵੇਂ-ਨੌਵੇਂ ਦਹਾਕੇ ਵਿੱਚ ਵੀ ਉੱਠੀ ਸੀ, ਜਦੋਂ ਵੀਹਵੀਂ ਸਦੀ ਦੇ ਮਹਾਨ ਸਿੱਖ ਸ਼ਹੀਦ ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲ਼ਿਆਂ ਨੇ ਮੀਰੀ-ਪੀਰੀ ਦੇ ਸਿਧਾਂਤ ਦੀ ਸਹੀ ਤਰਜ਼ਮਾਨੀ ਕਰਦਿਆਂ ਗੁਰੂ ਨਾਨਕ ਪਾਤਸ਼ਾਹ ਦੁਆਰਾ ਮਨੁੱਖ ਨੂੰ ਰੂਹਾਨੀ, ਮਾਨਸਿਕ ਤੇ ਸਰੀਰਿਕ ਗ਼ੁਲਾਮੀ ਤੋਂ ਮੁਕਤ ਕਰਨ ਲਈ ਅਰੰਭੇ ਸੰਘਰਸ਼ ਨੂੰ ਅੱਗੇ ਵਧਾਉਂਦਿਆਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਨਮੁੱਖ ਸ਼ਹਾਦਤ ਦਾ ਜਾਮ ਪੀ ਕੇ ਜਿੱਥੇ ਸਿੱਖ ਸਿਧਾਂਤਾਂ ਦੀ ਸੁੱਚਤਾ ਦਾ ਵਿਲੱਖਣ ਨਮੂਨਾ ਪੇਸ਼ ਕੀਤਾ, ਓਥੇ ਉਹਨਾਂ ਨੇ ਸਿੱਖ ਸਿਆਸਤ ਦੀ ਦਿਸ਼ਾ ਵੀ ਬਦਲ ਕੇ ਰੱਖ ਦਿੱਤੀ। ਉਹਨਾਂ ਨੇ ਖ਼ਾਲਸਾ ਪੰਥ ਨੂੰ ਆਪਣੀ ਹੋਣੀ ਦੇ ਮਾਲਕ ਆਪ ਬਣਨ ਦਾ ਰਾਹ ਵਿਖਾਇਆ। ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੀ ਸ਼ਹਾਦਤ ਖ਼ਾਲਸਾ ਪੰਥ (ਸਿੱਖ ਕੌਮ) ਦੀ ਅੱਡਰੀ ਨਿਆਰੀ ਤੇ ਵਿਲੱਖਣ ਹੋਂਦ ਹਸਤੀ ਕਾਇਮ ਰੱਖਣ ਲਈ ਖ਼ਾਲਸਾ ਪੰਥ ਦੇ ਅਗਲੇਰੇ ਸੰਘਰਸ਼ਾਂ ਦਾ ਰਾਹ ਦਰਸਾਣਾ ਹੈ।
   ਆਧੁਨਿਕ ਰਾਜਨੀਤਿਕ ਖੇਡ ਵਿੱਚ ਸਿੱਖਾਂ ਨੂੰ ਸਭ ਤੋਂ ਵੱਡੀ ਸਮੱਸਿਆ ਇਹ ਆਉਂਦੀ ਹੈ ਕਿ ਸਿੱਖ ਰਾਜਨੀਤਿਕ ਸਿਧਾਂਤ ਅਤੇ ਅਮਲ ਨੂੰ ਆਧੁਨਿਕ ਪ੍ਰਬੰਧਾਂ ਵਿੱਚ ਕੋਈ ਥਾਂ ਨਹੀਂ ਦਿੱਤੀ ਗਈ ਅਤੇ ਨਾ ਇਸ ਦੇ ਵਿਕਸਤ ਹੋਣ ਲਈ ਲੋੜੀਂਦਾ ਵਾਤਾਵਰਣ ਹੈ। ਸਿੱਖ ਰਾਜਨੀਤੀ ਦਾ ਕੇਂਦਰ ਸ੍ਰੀ ਅਕਾਲ ਤਖ਼ਤ ਸਾਹਿਬ ਹੈ, ਜਿਸ ਨੂੰ ਭਾਰਤੀ ਪ੍ਰਕਿਰਿਆ ਤੋਂ ਇੱਕ ਪਾਸੇ ਕੀਤਾ ਗਿਆ ਹੈ। ਭਾਰਤੀ ਰਾਜ ਦੀ ਗ਼ੁਲਾਮੀ ਸਿੱਖ ਸੰਸਥਾਵਾਂ ਦੀ ਅਜ਼ਾਦੀ ਲਈ ਖ਼ਤਰਾ ਹੈ। ਇਸ ਕਰਕੇ ਹੀ ਸਿੱਖ ਭਾਈਚਾਰਾ ਆਪਣੀਆਂ ਸੰਸਥਾਵਾਂ ਨਾਲ਼ ਕੇਵਲ ਭਾਵਨਾਤਮਕ ਸਾਂਝ ਰੱਖ ਰਿਹਾ ਹੈ। ਆਮ ਜੀਵਨ ਵਿੱਚ ਦੁਨਿਆਵੀ ਸੱਤਾ ਦਾ ਬੋਲ-ਬਾਲਾ ਹੈ, ਇਸ ਕਰਕੇ ਸਿੱਖ ਰਾਜਨੀਤੀ ਦੇ ਸਿਧਾਂਤ ਅਤੇ ਸਿੱਖ ਸੰਸਥਾਵਾਂ ਭਾਰਤੀ ਰਾਜਨੀਤੀ ਦੀ ਭੇਂਟ ਚੜ੍ਹ ਗਈਆਂ। ਸੱਤਾ ਦਾ ਤਰਕ ਤਾਕਤਵਰ ਹੋਣ ਕਰਕੇ ਸਿੱਖ ਸਿਧਾਂਤਾਂ ਨੂੰ ਸੁਭਾਵਿਕ ਹੀ ਨਜ਼ਰਅੰਦਾਜ਼ ਕਰ ਰਿਹਾ ਹੈ। ਸਿੱਖਾਂ ਦੀ ਇਹ ਤ੍ਰਾਸਦੀ ਹੈ ਕਿ ਆਧੁਨਿਕ ਰਾਜਨੀਤੀ ਦੇ ਇਸ ਜ਼ੋਰਦਾਰ ਪ੍ਰਭਾਵ ਅਧੀਨ ਇਹ ਸਿੱਖ ਸਿਧਾਂਤਾਂ ਅਨੁਸਾਰ ਆਪਣੀਆਂ ਰਾਜਨੀਤਿਕ ਰਵਾਇਤਾਂ ਨੂੰ ਸੰਭਾਲ਼ਣ ਪ੍ਰਤੀ ਅਵੇਸਲੇ ਜਾਂ ਬੇਪਰਵਾਹ ਜਾਪਦੇ ਹਨ। ਇਸ ਵਿੱਚ ਕੋਈ ਸ਼ੱਕ ਨਹੀਂ ਕਿ ਰਾਜਨੀਤੀ ਤਾਕਤ ਦੀ ਖੇਡ ਹੈ। ਤਾਕਤ ਦੇ ਤਰਕ ਅਧੀਨ ਸਿੱਖ ਰਾਜਨੀਤਿਕ ਰਵਾਇਤਾਂ ਦੀ ਅਹਿਮੀਅਤ ਨੂੰ ਸਮਝਣ ਦਾ ਹੁਣ ਕਿਸੇ ਨੂੰ ਕੋਈ ਲਾਭ ਨਜ਼ਰ ਨਹੀਂ ਆ ਰਿਹਾ, ਪ੍ਰੰਤੂ ਜਦੋਂ ਆਧੁਨਿਕ ਰਾਜ ਨਾਲ਼ੋਂ ਅਗਾਂਹ ਜਾਂ ਇਸ ਨਾਲ਼ੋਂ ਬਿਹਤਰ ਰਾਜ ਦੀ ਸਥਾਪਤੀ ਦੀ ਲੋੜ ਮਹਿਸੂਸ ਹੋਵੇਗੀ ਤਾਂ ਹੁਣ ਅਣਗੌਲ਼ੇ ਜਾ ਰਹੇ ਗੁਰਮਤਿ ਦੇ ਸਿਧਾਂਤ ਅਤੇ ਇਹਨਾਂ &rsquoਤੇ ਆਧਾਰਿਤ ਰਾਜਨੀਤੀ ਦੇ ਤਜ਼ਰਬਿਆਂ ਤੋਂ ਸਬਕ ਸਿਖਣ ਅਤੇ ਗ੍ਰਹਿਣ ਕਰਨ ਲਈ ਯਤਨ ਕੀਤੇ ਜਾਣਗੇ। 
-(ਹਵਾਲਾ ਪੁਸਤਕ- ਸਿੱਖੀ ਅਤੇ ਸਿੱਖਾਂ ਦਾ ਭਵਿੱਖ-ਪੰਨਾ 150/151)
    ਅੱਜ ਅਕਾਲ ਤਖ਼ਤ ਦੇ ਇਤਿਹਾਸਕ ਮਹੱਤਵ ਨੂੰ ਵੀ ਵਿਚਾਰਨ ਦੀ ਲੋੜ ਹੈ। ਸਿੱਖ ਰਾਜ ਸਮੇਂ ਅਕਾਲ ਤਖ਼ਤ ਦੇ ਰਖਵਾਲੇ ਸੋਚੀ-ਸਮਝੀ ਯੋਜਨਾ ਅਧੀਨ ਰਣਜੀਤ ਸਿੰਘ ਪ੍ਰਤੀ ਅਪਮਾਨਜਨਕ ਢੰਗ ਨਾਲ਼ ਵਿਉਹਾਰ ਕਰਦੇ ਰਹੇ, ਭਾਵੇਂ ਉਹ ਉਸ ਨੂੰ ਸਰਕਾਰ ਖ਼ਾਲਸਾ ਜੀਉ ਦਾ ਮੁਖੀ ਪ੍ਰਵਾਨ ਕਰਦੇ ਸਨ। ਉਹ ਰਣਜੀਤ ਸਿੰਘ ਨੂੰ ਨੁਕਸਾਨ ਨਹੀਂ ਸੀ ਪਹੁੰਚਾਉਣਾ ਚਾਹੁੰਦੇ, ਪਰ ਉਸ ਨੂੰ ਲਗਾਤਾਰ ਯਾਦ ਕਰਵਾਉਂਦੇ ਰਹਿਣਾ ਚਾਹੁੰਦੇ ਸਨ ਕਿ ਖ਼ਾਲਸਾ ਸੁਤੰਤਰ ਹੈ ਤੇ ਰਣਜੀਤ ਸਿੰਘ ਕੇਵਲ ਉਹਨਾਂ ਦੀ ਮਰਜ਼ੀ ਨਾਲ਼ ਹੀ ਉਹਨਾਂ ਉੱਤੇ ਰਾਜ ਕਰਦਾ ਹੈ। ਰਣਜੀਤ ਸਿੰਘ ਵੱਲੋਂ ਸਿੱਖ ਰਾਜ ਦੇ ਵਾਧੇ ਲਈ ਲੜੀਆਂ ਗਈਆਂ ਲੜਾਈਆਂ ਵਿੱਚ ਜਥੇਦਾਰ ਅਕਾਲ ਤਖ਼ਤ ਦੀ ਅਗਵਾਈ ਹੇਠ ਇਹੀ ਅਕਾਲੀ ਅਗਲੀ ਕਤਾਰ ਵਿੱਚ ਜੂਝਦੇ ਸਨ। ਧਾਰਮਿਕ ਖੇਤਰ ਵਿੱਚ ਅਕਾਲ ਤਖ਼ਤ ਨੇ ਆਪਣੀ ਸੁਤੰਤਰਤਾ ਦਾ ਪ੍ਰਗਟਾਵਾ ਕੀਤਾ ਤੇ ਇਸ ਦਾ ਐਲਾਨ ਇਸ ਤਰ੍ਹਾਂ ਕੀਤਾ ਕਿ ਰਣਜੀਤ ਸਿੰਘ ਨੂੰ ਵੀ ਜਵਾਬ ਦੇਣ ਲਈ ਬੁਲਾ ਭੇਜਿਆ। ਇੱਕ ਵਾਰ ਉਸ ਨੂੰ ਦਰਖ਼ਤ ਨਾਲ਼ ਬੰਨ ਕੇ ਕੋਰੜੇ ਮਾਰਨ ਦਾ ਹੁਕਮ ਵੀ ਸੁਣਾਇਆ ਗਿਆ। ਰਣਜੀਤ ਸਿੰਘ ਨੂੰ ਦਰਖ਼ਤ ਨਾਲ਼ ਬੰਨਿਆ ਵੀ ਗਿਆ, ਪਰ ਕੋਰੜੇ ਮਾਰਨ ਦੀ ਸਜ਼ਾ ਮਾਫ਼ ਕਰ ਦਿੱਤੀ ਗਈ। ਸਦੀਆਂ ਦੇ ਰੂਹਾਨੀ ਤਜ਼ਰਬੇ ਸਦਕਾ ਸਿੱਖਾਂ ਨੂੰ ਇਹ ਗੁੜ੍ਹਤੀ ਮਿਲ਼ੀ ਹੋਈ ਹੈ ਕਿ ਉਹ ਆਪਣੀ ਵਫ਼ਾਦਾਰੀ ਸਭ ਤੋਂ ਪਹਿਲਾਂ ਅਕਾਲ ਪੁਰਖ ਨੂੰ ਸੌਂਪਣ ਤੇ ਫਿਰ ਆਪਣੀ ਆਤਮਾ ਅਤੇ ਨੇਕ ਕੰਮਾਂ ਨੂੰ। ਰਾਜ ਭਾਵੇਂ ਉਹ ਅਫ਼ਗਾਨਾਂ, ਮੁਗਲਾਂ, ਸਿੱਖਾਂ, ਅੰਗਰੇਜ਼ਾਂ ਜਾਂ ਭਾਰਤੀਆਂ ਦਾ ਹੋਵੇ, ਸਿੱਖਾਂ ਦੀ ਵਫ਼ਾਦਾਰੀ ਉੱਤੇ ਉਸ ਅਨੁਪਾਤ ਅਨੁਸਾਰ ਹੀ ਦਾਅਵਾ ਕਰ ਸਕਦਾ ਹੈ, ਜਿਸ ਅਨੁਪਾਤ ਨਾਲ਼ ਉਹ ਉਹਨਾਂ ਆਦਰਸ਼ਾਂ ਪ੍ਰਤੀ ਵਚਨਬੱਧ ਹੈ। ਸਿਧਾਂਤਕ ਤੌਰ &rsquoਤੇ ਜੇ ਕੱਲ੍ਹ ਨੂੰ ਸਿੱਖ ਰਾਜ ਹੋਂਦ ਵਿੱਚ ਆ ਜਾਏ ਤਾਂ ਵੀ ਸਥਿਤੀ ਇਹੀ ਰਹੇਗੀ। 
-(ਹਵਾਲਾ- ਪੁਸਤਕ ਸਿੰਘ ਨਾਦ, ਪੰਨਾ 219, 220) 
   ਗੁਰਮਤਿ ਦਾ ਮੁੱਖ ਉਦੇਸ਼ ਮਨੁੱਖ ਨੂੰ ਹਰ ਕਿਸਮ ਦੇ ਭੈਅ ਅਤੇ ਗ਼ੁਲਾਮੀ ਤੋਂ ਮੁਕਤ ਕਰ ਕੇ ਸੱਚੇ ਪਾਤਸ਼ਾਹ ਨਾਲ਼ ਜੋੜਨਾ ਹੈ। ਇਸ ਦੇ ਉਲ਼ਟ ਆਧੁਨਿਕ ਰਾਜਨੀਤੀ ਦਾ ਮਕਸਦ ਮਨੁੱਖ ਦੇ ਦੁਆਲ਼ੇ ਭੈਅ ਵਾਲ਼ਾ ਵਾਤਾਵਰਨ ਸਿਰਜ ਕੇ ਦੁਨਿਆਵੀ ਰਾਜਾਂ ਦੇ ਅਧੀਨ ਕਰਨਾ ਹੈ। ਸਿੱਖ ਅਕਾਲ ਪੁਰਖ ਨਾਲ਼ ਜੁੜਨ ਲਈ ਤਾਂ ਅਜ਼ਾਦ ਹਨ ਪਰ ਦੁਨਿਆਵੀ ਰਾਜਨੀਤੀ ਇਸ ਅਜ਼ਾਦੀ ਦੇ ਰਾਹ ਵਿੱਚ ਰੁਕਾਵਟ ਬਣ ਰਹੀ ਹੈ। ਆਧੁਨਿਕ ਰਾਜਨੀਤੀ ਦੇ ਪ੍ਰਭਾਵ ਹੇਠ ਸਿੱਖਾਂ ਦੀ ਹਾਲਤ ਦੋ ਬੇੜੀਆਂ ਦੇ ਸਵਾਰ ਵਾਲ਼ੀ ਬਣ ਗਈ ਹੈ। ਗੁਰੂ ਦਾ ਜਹਾਜ਼ ਭਵਜਲ ਨੂੰ ਪਾਰ ਕਰਵਾਉਂਦਾ ਹੈ, ਜਦੋਂ ਕਿ ਦੁਨਿਆਵੀ ਰਾਜਨੀਤੀ ਦਾ ਸਮਾਜਿਕ ਜੀਵਨ ਵਿੱਚ ਮਹੱਤਵ ਵੱਧਦਾ ਜਾ ਰਿਹਾ ਹੈ। ਸਿੱਖਾਂ ਦੇ ਅਧਿਆਤਮਕ ਸਰੋਕਾਰ ਇਹਨਾਂ ਨੂੰ ਗੁਰੂ ਗ੍ਰੰਥ ਸਾਹਿਬ ਨਾਲ਼ ਜੋੜਦੇ ਹਨ, ਜਦੋਂ ਕਿ ਇਹਨਾਂ ਦੀਆਂ ਆਧੁਨਿਕ ਰਾਜਨੀਤਿਕ ਲੋੜਾਂ ਤੇ ਮਜਬੂਰੀਆਂ ਇਹਨਾਂ ਨੂੰ ਦੁਨਿਆਵੀ ਪ੍ਰਬੰਧਾਂ ਦੇ ਅਧੀਨ ਕਰਦੀਆਂ ਹਨ। ਅਜੋਕੇ ਸਮੇਂ ਵਿੱਚ ਪੰਥ ਨੂੰ ਦਰਪੇਸ਼ ਮਹੱਤਵਪੂਰਨ ਰਾਜਨੀਤਿਕ ਸਮੱਸਿਆਵਾਂ ਬਾਰੇ ਵਿਚਾਰ ਕਰਨ ਲਈ ਸਰਬੱਤ ਖ਼ਾਲਸੇ ਦੀਆਂ ਸੰਸਥਾਵਾਂ ਨੂੰ ਭਾਵੇਂ ਪੁਨਰ-ਸੁਰਜੀਤ ਕਰਨ ਦੇ ਯਤਨ ਹੋਏ ਹਨ, ਪ੍ਰੰਤੂ ਇਸ ਦੇ ਸੰਵਿਧਾਨ ਬਾਰੇ ਆਮ ਸਹਿਮਤੀ ਨਹੀਂ ਹੋ ਸਕੀ।&rdquo
-(ਮੇਜਰ ਗੁਰਮੁਖ ਸਿੰਘ : ਐਡੀਸ਼ਨ 2008) 
   ਸਿੱਖ ਸੰਸਥਾਵਾਂ, ਸ੍ਰੀ ਅਕਾਲ ਤਖ਼ਤ ਸਾਹਿਬ, ਸਰਬੱਤ ਖ਼ਾਲਸਾ ਅਤੇ ਗੁਰਮਤਾ ਦੇ ਸੰਵਿਧਾਨ, ਇਹਨਾਂ ਦੇ ਖੇਤਰ ਅਤੇ ਕਾਰਜਾਂ ਨੂੰ ਅਜੋਕੇ ਸਮੇਂ ਵਿੱਚ ਪੁਨਰ-ਪ੍ਰਭਾਸ਼ਿਤ ਅਤੇ ਇਹਨਾਂ ਦੀ ਸੱਤਾ ਨੂੰ ਵਿਹਾਰ ਵਿੱਚ ਲਾਗੂ ਕਰਨ ਲਈ ਸਭ ਤੋਂ ਵੱਡੀ ਰੁਕਾਵਟ ਦੁਨਿਆਵੀ ਰਾਜ ਅਤੇ ਇਹਨਾਂ ਦੀਆਂ ਸੰਸਥਾਵਾਂ ਬਣਦੀਆਂ ਹਨ। ਦੁਨਿਆਵੀ ਰਾਜ ਦੇ ਸੰਕਟ ਵਿੱਚੋਂ ਸਿੱਖਾਂ ਨੂੰ ਬਾਹਰ ਕੱਢਣ ਲਈ ਦਸਵੇਂ ਨਾਨਕ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਖ਼ਾਲਸਾ ਪੰਥ ਨੂੰ ਗੁਰੂ ਗ੍ਰੰਥ, ਗੁਰੂ ਪੰਥ ਦਾ ਬਖ਼ਸ਼ਿਸ਼ ਕੀਤਾ ਸੰਵਿਧਾਨ ਹੀ ਇੱਕ ਆਸ ਦੀ ਕਿਰਨ ਹੈ। ਸ. ਰੂਪ ਸਿੰਘ ਜੀ ਨੇ ਇੱਕ ਪੁਸਤਕ, ਹੁਕਮਨਾਮੇ, ਆਦੇਸ਼, ਸੰਦੇਸ਼, ਸ੍ਰੀ ਅਕਾਲ ਤਖਤ ਸਾਹਿਬ ਲਿਖੀ ਹੈ, ਉਸ ਵਿੱਚ ਅਕਾਲ ਤਖ਼ਤ ਸਾਹਿਬ ਦੀ ਮੌਜੂਦਾ ਮੋਹਰ ਦੀ ਸ਼ਬਦਾਵਲੀ ਇਸ ਪ੍ਰਕਾਰ ਦਰਜ ਹੈ, ਸ੍ਰੀ ਅਕਾਲ ਜੀ ਸਹਾਇ, ਸ੍ਰੀ ਅਕਾਲ ਤਖ਼ਤ ਸਾਹਿਬ, ਦੇਗ, ਤੇਗ, ਫ਼ਤਹ ਨੁਸਰਤ ਬੇ-ਦਰੰਗ, ਯਾਫ਼ਤ ਅਜ਼ ਨਾਨਕ ਗੁਰੂ ਗੋਬਿੰਦ ਸਿੰਘ ਲੋੜ ਸਿਰਫ਼ ਇਸ ਮੋਹਰ ਦੇ ਸਿਧਾਂਤ ਨੂੰ ਲਾਗੂ ਕਰਨ ਦੀ ਹੈ।
    ਸ੍ਰੀ ਅਕਾਲ ਤਖ਼ਤ ਵੱਲੋਂ ਦੇਸ਼ਾਂ ਵਿਦੇਸ਼ਾਂ ਵਿੱਚ ਵੱਸਦੇ ਸਮੂਹ ਖ਼ਾਲਸਾ ਪੰਥ ਨੂੰ ਇਹ ਸਪੱਸ਼ਟ ਕਰ ਦੇਣਾ ਚਾਹੀਦਾ ਹੈ ਕਿ ਗੁਰੂ ਨਾਨਕ ਸਾਹਿਬ ਤੇ ਗੁਰੂ ਗੋਬਿੰਦ ਸਿੰਘ ਵੱਖ-ਵੱਖ ਨਹੀਂ ਹਨ, ਗੁਰੂ ਨਾਨਕ ਸਾਹਿਬ ਹੀ ਗੁਰੂ ਗੋਬਿੰਦ ਸਿੰਘ ਜੀ ਹਨ। ਹਮੂ ਗੁਰੂ ਗੋਬਿੰਦ ਸਿੰਘ, ਹਮੂ ਨਾਨਕ ਅਸਤ ਭਾਵ ਓਹੀ ਗੁਰੂ ਗੋਬਿੰਦ ਸਿੰਘ ਤੇ ਉਹੀ ਗੁਰੂ ਨਾਨਕ ਹੈ। -(ਹਵਾਲਾ ਭਾਈ ਨੰਦ ਲਾਲ ਜੋਤਿ ਬਿਗਾਸ) 
   ਅੱਜ ਜਦੋਂ ਸਿੱਖ ਵਿਰੋਧੀ ਤਾਕਤਾਂ ਵੱਲੋਂ ਗੁਰੂ ਨਾਨਕ ਸਾਹਿਬ, ਗੁਰੂ ਗੋਬਿੰਦ ਸਿੰਘ ਜੀ ਤੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਅਲੱਗ-ਅਲੱਗ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ ਤਾਂ ਸਮਾਂ ਮੰਗ ਕਰਦਾ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਅਕਾਲ ਤਖ਼ਤ ਦੇ ਪਲੇਟਫ਼ਾਰਮ ਰਾਹੀਂ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਧਰਮ ਪ੍ਰਚਾਰਕਾਂ ਰਾਹੀਂ ਗੁਰੂ ਗ੍ਰੰਥ, ਗੁਰੂ ਪੰਥ ਦੇ ਸਿੱਖੀ ਸਿਧਾਂਤਾਂ ਦੇ ਪ੍ਰਚਾਰ ਦਾ ਪ੍ਰਵਾਹ ਚਲਾਉਣਾ ਚਾਹੀਦਾ ਹੈ। 
-ਜਥੇਦਾਰ ਮਹਿੰਦਰ ਸਿੰਘ ਯੂ.ਕੇ.
(ਨੋਟ : ਇਹ ਲੇਖ ਜਨਵਰੀ 2024 ਵਿੱਚ ਲਿਖਿਆ ਗਿਆ ਅਤੇ ਇੰਗਲੈਂਡ ਚ ਛਪਦੇ ਪੰਜਾਬੀ ਪੇਪਰਾਂ ਵਿੱਚ ਛਪਿਆ)