8 ਮਾਰਚ 2025 (ਸ਼ਨੀਵਾਰ) ਅੱਜ ਦੀਆਂ ਮੁੱਖ ਖਬਰਾਂ
 ਜੱਗੀ ਜੌਹਲ ਨਾਲ ਕੀਤੇ ਗਏ ਤਸ਼ੱਦਦ ਦੇ ਦੋਸ਼ਾਂ ਦੀ ਪੂਰੀ ਅਤੇ ਸੁਤੰਤਰ ਜਾਂਚ ਕਰਵਾਏ ਜਾਣ ਦੀ ਯੂਕੇ ਪਾਰਲੀਮੈਂਟ ਮੈਂਬਰਾਂ ਵਲੋਂ ਸਰਕਾਰ ਕੋਲੋਂ ਮੰਗ
👉 ਯੂਕੇ ਸਰਕਾਰ ਜੱਗੀ ਦੀ ਨਜ਼ਰਬੰਦੀ ਅਤੇ ਤਸ਼ੱਦਦ ਦੇ ਮਾਮਲੇ ਨੂੰ ਗੰਭੀਰਤਾ ਨਾਲ ਲਵੇ: ਅਮਰੀਕ ਸਿੰਘ ਗਿੱਲ
ਨਵੀਂ ਦਿੱਲੀ  (ਮਨਪ੍ਰੀਤ ਸਿੰਘ ਖਾਲਸਾ):- ਬ੍ਰਿਟੇਨ ਦੀ ਸਰਕਾਰ ਜਗਤਾਰ ਸਿੰਘ ਜੌਹਲ ਦੇ ਬਰੀ ਹੋਣ ਤੋਂ ਬਾਅਦ ਉਸ ਦੇ ਤਸ਼ੱਦਦ ਦੀ ਪੂਰੀ ਅਤੇ ਸੁਤੰਤਰ ਜਾਂਚ ਲਈ ਜਨਤਕ ਤੌਰ 'ਤੇ ਜ਼ੋਰ ਦੇ ਰਹੀ ਹੈ। 4 ਮਾਰਚ ਨੂੰ ਜਗਤਾਰ ਸਿੰਘ ਜੌਹਲ ਦੇ ਬਰੀ ਹੋਣ ਤੋਂ ਬਾਅਦ ਜਸ ਅਠਵਾਲ ਐਮ.ਪੀ., ਬ੍ਰਿਟਿਸ਼ ਸਿੱਖਾਂ ਲਈ ਏਪੀਪੀਜੀ ਦੇ ਚੇਅਰ ਡਗਲਸ ਮੈਕਐਲਿਸਟਰ ਐਮਪੀ ਨੇ ਬੀਤੇ ਦਿਨ ਸੰਸਦ ਵਿੱਚ ਸਦਨ ਦੀ ਨੇਤਾ, ਲੂਸੀ ਪਾਵੇਲ ਨਾਲ ਪੁਆਇੰਟਸ ਆਫ਼ ਆਰਡਰ ਉਠਾਏ ਹਨ। ਯੂਕੇ ਸਰਕਾਰ ਉਪਰ ਜਗਤਾਰ ਸਿੰਘ ਜੌਹਲ ਵਿਰੁੱਧ "ਤਸ਼ੱਦਦ ਦੇ ਦੋਸ਼ਾਂ ਦੀ ਪੂਰੀ ਅਤੇ ਸੁਤੰਤਰ ਜਾਂਚ" ਦੀ ਮੰਗ ਕਰਕੇ ਦਬਾਅ ਨੂੰ ਵਧਾਇਆ ਜਾ ਰਿਹਾ ਹੈ। ਇਹ ਗੱਲ ਸੰਸਦ ਵਿੱਚ ਲੂਸੀ ਪਾਵੇਲ ਨੇ ਕਹੀ। ਸੁਰੱਖਿਆ ਮੰਤਰੀ, ਡੈਨ ਜਾਰਵਿਸ ਨੇ ਵੀ 3 ਮਾਰਚ ਨੂੰ ਸਿੱਖ ਫੈਡਰੇਸ਼ਨ (ਯੂ.ਕੇ.) ਨੂੰ ਪੱਤਰ ਲਿਖ ਕੇ ਇਹੀ ਗੱਲ ਕਹੀ ਸੀ ਕਿ ਅਸੀਂ ਭਾਰਤ ਸਰਕਾਰ ਨੂੰ ਇਹ ਸਪੱਸ਼ਟ ਕਰ ਦਿੱਤਾ ਹੈ ਅਤੇ ਭਾਰਤੀ ਅਧਿਕਾਰੀਆਂ ਦੁਆਰਾ ਤਸ਼ੱਦਦ ਦੇ ਦੋਸ਼ਾਂ ਦੀ ਜਾਂਚ ਨੂੰ ਸ਼ਾਮਲ ਕਰਨਾ ਚਾਹੀਦਾ ਹੈ।" ਹੋਰ ਸੰਸਦ ਮੈਂਬਰ ਵੀ ਜਗਤਾਰ ਸਿੰਘ ਜੌਹਲ ਦਾ ਮਾਮਲਾ ਉਠਾਉਣ ਲਈ ਤਿਆਰ ਸਨ ਅਤੇ ਚਾਰ ਆਲ ਪਾਰਟੀ ਪਾਰਲੀਮਾਨੀ ਗਰੁੱਪਾਂ ਦੁਆਰਾ ਤਾਲਮੇਲ ਵਾਲੇ ਵਿਦੇਸ਼ ਸਕੱਤਰ ਨੂੰ ਇੱਕ ਅੰਤਰ-ਪਾਰਟੀ ਪੱਤਰ ਭੇਜਿਆ ਜਾਵੇਗਾ ਜਿਸ ਵਿੱਚ 100 ਤੋਂ ਵੱਧ ਸੰਸਦ ਮੈਂਬਰਾਂ ਦੇ ਦਸਤਖਤ ਹੋਣ ਦੀ ਉਮੀਦ ਹੈ। ਇਸ ਮਸਲੇ ਤੇ ਬੈਕਬੈਂਚ ਕਮੇਟੀ ਦੀ ਭਖਵੀਂ ਬਹਿਸ ਹੋਣ ਦੀ ਸੰਭਾਵਨਾ ਹੈ। ਇਸ ਬਾਰੇ ਸਿੱਖ ਫੈਡਰੇਸ਼ਨ ਯੂਕੇ ਦੇ ਪ੍ਰਧਾਨ ਭਾਈ ਅਮਰੀਕ ਸਿੰਘ ਗਿੱਲ ਨੇ ਕਿਹਾ ਕਿ ਜੋ ਗੱਲ ਸਰਕਾਰ ਸਾਡੇ ਨਾਲ ਲਿਖਤੀ ਤੌਰ ਤੇ ਕਰ ਰਹੀ ਸੀ ਓਹੀ ਗੱਲ ਬੀਤੇ ਦਿਨ ਹਾਊਸ ਆਫ ਕਾਮਨ ਵਿਚ ਪਾਰਲੀਮੈਂਟ ਮੈਂਬਰ ਨੇ ਕਹੀ ਹੈ ਕਿ ਜੱਗੀ ਜੋਹਲ ਦੀ ਮਨਮਾਨੀ ਨਜ਼ਰਬੰਦੀ ਦੌਰਾਨ ਕੀਤੇ ਗਏ ਟਾਰੱਚਰ ਬਾਰੇ ਜਾਂਚ ਕਰਵਾਈ ਜਾਏ । ਉਨ੍ਹਾਂ ਕਿਹਾ ਕਿ ਹੁਣ ਜਦੋ ਭਾਰਤੀ ਅਦਾਲਤ ਵਲੋਂ ਜੱਗੀ ਜੋਹਲ ਨੂੰ ਇਕ ਹੋਰ ਮਾਮਲੇ ਵਿੱਚੋ ਪੁਖਤਾ ਸਬੂਤ ਨਾ ਹੋਣ ਕਰਕੇ ਬਰੀ ਕਰ ਦਿੱਤਾ ਹੈ ਯੂਕੇ ਸਰਕਾਰ ਨੂੰ ਜੱਗੀ ਦੀ ਨਜ਼ਰਬੰਦੀ ਅਤੇ ਤਸ਼ੱਦਦ ਦੇ ਮਾਮਲੇ ਨੂੰ ਗੰਭੀਰਤਾ ਨਾਲ ਲੈ ਕੇ ਇਸਦੀ ਜਾਂਚ ਕਰਵਾਣੀ ਚਾਹੀਦੀ ਹੈ ।
ਗਿਆਨੀ ਕੁਲਦੀਪ ਸਿੰਘ ਗੜਗੱਜ, ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਵਜੋਂ ਨਿਯੁਕਤ
ਨਵੀਂ ਦਿੱਲੀ (ਮਨਪ੍ਰੀਤ ਸਿੰਘ ਖਾਲਸਾ):- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤ੍ਰਿੰਗ ਕਮੇਟੀ ਦੀ ਇਕੱਤਰਤਾ ਅੱਜ ਇੱਥੇ ਸ਼੍ਰੋਮਣੀ ਕਮੇਟੀ ਦਫ਼ਤਰ ਵਿਖੇ ਸੀਨੀਅਰ ਮੀਤ ਪ੍ਰਧਾਨ ਸ. ਰਘੂਜੀਤ ਸਿੰਘ ਵਿਰਕ ਦੀ ਅਗਵਾਈ ਵਿੱਚ ਹੋਈ ਜਿਸ ਵਿੱਚ ਜੂਨੀਅਰ ਮੀਤ ਪ੍ਰਧਾਨ ਸ. ਬਲਦੇਵ ਸਿੰਘ ਕਲਿਆਣ, ਜਨਰਲ ਸਕੱਤਰ ਸ. ਸ਼ੇਰ ਸਿੰਘ ਮੰਡਵਾਲਾ, ਅੰਤ੍ਰਿੰਗ ਮੈਂਬਰ ਬੀਬੀ ਹਰਜਿੰਦਰ ਕੌਰ, ਸ. ਅਮਰੀਕ ਸਿੰਘ ਵਿਛੋਆ, ਸ. ਸੁਰਜੀਤ ਸਿੰਘ ਤੁਗਲਵਾਲ, ਸ. ਪਰਮਜੀਤ ਸਿੰਘ ਖ਼ਾਲਸਾ, ਸ. ਸੁਰਜੀਤ ਸਿੰਘ ਗੜ੍ਹੀ, ਸ. ਬਲਦੇਵ ਸਿੰਘ ਕਾਇਮਪੁਰ, ਸ. ਦਲਜੀਤ ਸਿੰਘ ਭਿੰਡਰ, ਸ. ਸੁਖਹਰਪ੍ਰੀਤ ਸਿੰਘ ਰੋਡੇ, ਸ. ਰਵਿੰਦਰ ਸਿੰਘ ਖ਼ਾਲਸਾ, ਸ. ਜਸਵੰਤ ਸਿੰਘ ਪੁੜੈਣ, ਸ. ਪਰਮਜੀਤ ਸਿੰਘ ਰਾਏਪੁਰ, ਮੁੱਖ ਸਕੱਤਰ ਸ. ਕੁਲਵੰਤ ਸਿੰਘ ਮੰਨਣ ਸ਼ਾਮਲ ਹੋਏ।
ਇਕੱਤਰਤਾ ਵਿੱਚ ਸ਼੍ਰੋਮਣੀ ਕਮੇਟੀ ਦਾ ਬਜਟ ਇਜਲਾਸ 28 ਮਾਰਚ ਨੂੰ ਸੱਦਣ ਦਾ ਫ਼ੈਸਲਾ ਕੀਤਾ ਗਿਆ ਅਤੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੇ ਅਸਤੀਫ਼ੇ ਨੂੰ ਮੁੜ ਪੈਂਡਿੰਗ ਕਰਨ ਦੇ ਨਾਲ-ਨਾਲ ਕਈ ਹੋਰ ਪੰਥਕ ਮਸਲਿਆਂ ਉੱਤੇ ਵੀ ਫ਼ੈਸਲੇ ਲਏ ਗਏ।
ਅੰਤ੍ਰਿੰਗ ਕਮੇਟੀ ਦੀ ਇਕੱਤਰਤਾ ਮਗਰੋਂ ਜਾਰੀ ਕੀਤੇ ਗਏ ਪ੍ਰੈੱਸ ਬਿਆਨ ਰਾਹੀਂ ਜਾਣਕਾਰੀ ਦਿੰਦਿਆਂ ਸ਼੍ਰੋਮਣੀ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਸ. ਰਘੂਜੀਤ ਸਿੰਘ ਨੇ ਦੱਸਿਆ ਕਿ ਸਿੱਖ ਸੰਸਥਾ ਦਾ ਸਾਲਾਨਾ ਬਜਟ ਇਜਲਾਸ 28 ਮਾਰਚ ਨੂੰ ਦੁਪਹਿਰ 12 ਵਜੇ ਤੇਜਾ ਸਿੰਘ ਸਮੁੰਦਰੀ ਹਾਲ ਵਿਖੇ ਹੋਵੇਗਾ, ਜਿਸ ਵਿੱਚ ਸ਼੍ਰੋਮਣੀ ਕਮੇਟੀ, ਗੁਰਦੁਆਰਾ ਸਾਹਿਬਾਨ, ਧਰਮ ਪ੍ਰਚਾਰ ਕਮੇਟੀ, ਵਿਦਿਅਕ ਅਦਾਰਿਆਂ ਆਦਿ ਦਾ ਸਾਲ 2025-26 ਦਾ ਬਜਟ ਪੇਸ਼ ਕੀਤਾ ਜਾਵੇਗਾ।
ਉਨ੍ਹਾਂ ਹੋਰ ਫ਼ੈਸਲਿਆਂ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਅੰਤ੍ਰਿੰਗ ਕਮੇਟੀ ਨੇ ਵਿਚਾਰ ਵਟਾਂਦਰੇ ਉਪਰੰਤ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੂੰ ਜਥੇਦਾਰ ਦੇ ਅਹੁਦੇ ਤੋਂ ਸੇਵਾ ਮੁਕਤ ਕਰ ਦਿੱਤਾ ਹੈ ਅਤੇ ਉਹ ਹੁਣ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਮੁੱਖ ਗ੍ਰੰਥੀ ਵਜੋਂ ਸੇਵਾਵਾਂ ਨਿਭਾਉਣਗੇ। ਇਸੇ ਤਰ੍ਹਾਂ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਸੁਲਤਾਨ ਸਿੰਘ ਪਾਸੋਂ ਵੀ ਜਥੇਦਾਰ ਦਾ ਚਾਰਜ ਵਾਪਸ ਲਿਆ ਗਿਆ ਹੈ ਅਤੇ ਉਹ ਪਹਿਲਾਂ ਦੀ ਤਰ੍ਹਾਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਗ੍ਰੰਥੀ ਵਜੋਂ ਸੇਵਾਵਾਂ ਜਾਰੀ ਰੱਖਣਗੇ। ਉਨ੍ਹਾਂ ਦੱਸਿਆ ਕਿ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਸਿੱਖ ਵਿਦਵਾਨ ਅਤੇ ਕਥਾਵਾਚਕ ਗਿਆਨੀ ਕੁਲਦੀਪ ਸਿੰਘ ਗੜਗੱਜ ਅਤੇ ਤਖ਼ਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਵਿਖੇ ਉੱਘੀ ਧਾਰਮਿਕ ਸ਼ਖ਼ਸੀਅਤ ਬਾਬਾ ਟੇਕ ਸਿੰਘ ਮੁਖੀ ਬੁੰਗਾ ਮਸਤੂਆਣਾ, ਦਮਦਮਾ ਸਾਹਿਬ ਨੂੰ ਬਤੌਰ ਜਥੇਦਾਰ ਨਿਯੁਕਤ ਕੀਤਾ ਗਿਆ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਨਵੇਂ ਜਥੇਦਾਰ ਦੀ ਨਿਯੁਕਤੀ ਸਾਰੀਆਂ ਸਿੱਖ ਸੰਸਥਾਵਾਂ, ਜਥੇਬੰਦੀਆਂ ਅਤੇ ਸੰਪਰਦਾਵਾਂ ਨਾਲ ਸਲਾਹ ਮਸ਼ਵਰੇ ਤੋਂ ਬਾਅਦ ਕੀਤੀ ਜਾਵੇਗੀ ਅਤੇ ਉਦੋਂ ਤੱਕ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਨਵ-ਨਿਯੁਕਤ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਬਤੌਰ ਕਾਰਜਕਾਰੀ ਜਥੇਦਾਰ ਸੇਵਾਵਾਂ ਨਿਭਾਉਗੇ। ਸ. ਰਘੂਜੀਤ ਸਿੰਘ ਨੇ ਅੰਤ੍ਰਿੰਗ ਕਮੇਟੀ ਵੱਲੋਂ ਪਾਸ ਕੀਤੇ ਗਏ ਮਤੇ ਦੇ ਹਵਾਲੇ ਨਾਲ ਕਿਹਾ ਕਿ ਸ੍ਰੀ ਅਕਾਲ ਤਖਤ ਸਾਹਿਬ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਸਾਜਿਆ ਮੀਰੀ ਪੀਰੀ ਦਾ ਮਹਾਨ ਤਖ਼ਤ ਹੈ ਅਤੇ ਦੁਨੀਆ ਭਰ ਵਿੱਚ ਬੈਠਾ ਹਰ ਸਿੱਖ ਇਸ ਸਿਧਾਂਤ ਨੂੰ ਸਮਰਪਿਤ ਅਤੇ ਨਤਮਸਤਕ ਹੈ ਅਤੇ ਹਮੇਸ਼ਾ ਰਹੇਗਾ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਸਿੱਖ ਗੁਰਦੁਆਰਾ ਐਕਟ 1925 ਤਹਿਤ ਸਿੱਖਾਂ ਦੀ ਸਿਰਮੌਰ ਧਾਰਮਿਕ ਸੰਸਥਾ ਹੈ, ਜਿਸ ਦੀ ਸਥਾਪਨਾ ਤੋਂ ਲੈ ਕੇ ਅੱਜ ਤੱਕ ਇਹ ਕੋਸ਼ਿਸ਼ ਰਹੀ ਹੈ ਕਿ ਗੁਰੂ ਸਾਹਿਬਾਨ ਦੇ ਆਸ਼ੇ ਮੁਤਾਬਿਕ ਸਿੱਖ ਸੰਸਥਾਵਾਂ ਦੀ ਸੁਚੱਜੀ ਸੇਵਾ ਸੰਭਾਲ ਕੀਤੀ ਜਾਵੇ, ਗੁਰਬਾਣੀ ਦੇ ਪ੍ਰਚਾਰ ਪ੍ਰਸਾਰ ਲਈ, ਗੁਰੂ ਇਤਿਹਾਸ ਨੂੰ ਦੁਨੀਆ ਭਰ ਵਿੱਚ ਪ੍ਰਚਾਰਣ ਲਈ ਅਤੇ ਸਮੁੱਚੀ ਮਾਨਵਤਾ ਤੱਕ ਸਰਬੱਤ ਦੇ ਭਲੇ ਦੇ ਸਿਧਾਂਤ ਨੂੰ ਪਹੁੰਚਾਉਣ ਲਈ ਹਰ ਸੰਭਵ ਉਪਰਾਲੇ ਕੀਤੇ ਜਾਣ ।
ਉਨ੍ਹਾਂ ਆਖਿਆ ਕਿ ਮੀਰੀ ਪੀਰੀ ਦੇ ਮਹਾਨ ਤਖ਼ਤ ਨੂੰ ਸੀਸ ਝੁਕਾਉਦਿਆਂ ਪੰਥ ਨੂੰ ਦਰਪੇਸ਼ ਗੰਭੀਰ ਚੁਣੌਤੀਆਂ ਦੇ ਸਨਮੁਖ ਮੌਜੂਦਾ ਪ੍ਰਸਥਿਤੀਆਂ ਉੱਤੇ ਨਜ਼ਰ ਮਾਰਦਿਆਂ ਇਹ ਇੱਕ ਪ੍ਰਤੱਖ ਨਜ਼ਰੀਆ ਹੈ ਕਿ ਵਿਸ਼ਵੀਕਰਨ ਦੇ ਇਸ ਦੌਰ ਵਿੱਚ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਜੀ ਕੌਮ ਦਾ ਮਾਰਗਦਰਸ਼ਨ ਕਰਨ ਅਤੇ ਸੁਯੋਗ ਅਗਵਾਈ ਦੇਣ ਵਿੱਚ ਅਸਮਰਥ ਦਿਖਾਈ ਦੇ ਰਹੇ ਹਨ। ਵੱਖ-ਵੱਖ ਸੰਸਥਾਵਾਂ ਵਿੱਚ ਵਖਰੇਵੇਂ, ਪਾੜੇ ਤੇ ਵੰਡੀਆਂ ਵੱਧ ਰਹੀਆਂ ਹਨ। ਵਿਸ਼ਵ ਭਰ ਵਿੱਚ ਸਿੱਖ ਪਹਿਚਾਣ ਖ਼ਤਰੇ ਵਿੱਚ ਹੈ। ਦੇਸ਼ ਭਰ ਵਿੱਚ ਵੀ ਸਿੱਖ ਸੰਸਥਾਵਾਂ ਦੀ ਹੋਂਦ ਨੂੰ ਖੋਰਾ ਲਾਉਣ ਲਈ ਪੰਥ ਵਿਰੋਧੀ ਸ਼ਕਤੀਆਂ, ਏਜੰਸੀਆਂ ਪੱਬਾਂ ਭਾਰ ਹਨ। ਪਰ ਅਜਿਹੇ ਨਾਜ਼ੁਕ ਸਮੇਂ ਪੰਥਕ ਸ਼ਕਤੀ ਨੂੰ ਮਜ਼ਬੂਤ ਕਰਨ ਦੀ ਬਜਾਏ ਜਥੇਦਾਰ ਸਾਹਿਬ ਅਜਿਹੇ ਹਾਲਾਤ ਪੈਦਾ ਕਰ ਰਹੇ ਹਨ ਜਿਸ ਨਾਲ ਪੰਥਕ ਸ਼ਕਤੀ ਖੇਰੂ ਖੇਰੂ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਇੱਕ ਵੱਡੇ ਸਤਿਕਾਰਤ ਆਹੁਦੇ &rsquoਤੇ ਬਿਰਾਜਮਾਨ ਹੁੰਦੇ ਹੋਏ ਆਪਣੇ ਹੱਠ ਭਰੇ ਵਿਵਹਾਰ ਕਰਕੇ ਅਤੇ ਆਪਣੇ ਕੀਤੇ ਬਚਨਾਂ ਉੱਤੇ ਨਾ ਖੜ੍ਹਨ ਕਰਕੇ ਅਤੇ ਵਾਰ ਵਾਰ ਬਿਆਨ ਬਦਲ ਕਿ ਉਹਨਾਂ ਨੇ ਨਾ ਸਿਰਫ਼ ਹਾਸੋਹੀਣੀ ਸਥਿਤੀ ਪੈਦਾ ਕੀਤੀ ਹੈ ਬਲਕਿ ਉਹਨਾਂ ਦੀ ਇਸ ਕਾਰਜਸ਼ੈਲੀ ਨੇ ਜਥੇਦਾਰ ਦੇ ਵਕਾਰੀ ਅਹੁਦੇ ਦੀ ਮਾਣ ਮਰਿਆਦਾ ਨੂੰ ਵੀ ਭਾਰੀ ਠੇਸ ਪਹੁੰਚਾਈ ਹੈ। ਅੱਜ ਇਹ ਸਮਝਣਾ ਮੁਸ਼ਕਿਲ ਹੋ ਗਿਆ ਹੈ ਕਿ ਉਹਨਾਂ ਦੇ ਕਿਹੜੇ ਬਿਆਨ ਉੱਤੇ ਭਰੋਸਾ ਕੀਤਾ ਜਾਵੇ। ਸਥਿਤੀ ਬੇਹੱਦ ਨਿਰਾਸ਼ਾਜਨਕ ਹੈ।
ਸ. ਰਘੂਜੀਤ ਸਿੰਘ ਨੇ ਕਿਹਾ ਕਿ ਸੰਗਤਾਂ ਦੇ ਮਨਾਂ ਵਿੱਚ ਇਸ ਗੱਲ ਨੂੰ ਲੈ ਕੇ ਵੀ ਭਾਰੀ ਨਿਰਾਸ਼ਾ ਹੈ ਕਿ ਜਥੇਦਾਰ ਸਾਹਿਬ ਵੱਲੋਂ ਦੁਨੀਆ ਭਰ ਵਿੱਚ ਮਰਿਆਦਾ ਤੇ ਪੰਥਕ ਘਾਣ ਦੀਆਂ ਵਾਪਰ ਰਹੀਆਂ ਬੇਹੱਦ ਗੰਭੀਰ ਦਰਦਨਾਕ ਘਟਨਾਵਾਂ ਉੱਪਰ ਖਮੋਸ਼ੀ ਧਾਰ ਲੈਣੀ ਅਤੇ ਬਣਦੇ ਫਰਜ਼ ਅਦਾ ਨਾ ਕਰਨੇ ਵੀ ਜਿੰਮੇਵਾਰੀ ਤੋਂ ਭੱਜਣ ਵਾਲੀ ਗੱਲ ਹੈ। ਉਨ੍ਹਾਂ ਦੱਸਿਆਂ ਕਿ ਅੰਤ੍ਰਿੰਗ ਕਮੇਟੀ ਨੇ ਮਹਿਸੂਸ ਕੀਤਾ ਹੈ ਕਿ ਬਹੁਤ ਸਾਰੀਆਂ ਕਮੀਆਂ, ਬੇਨਿਯਮੀਆਂ ਤੇ ਮਰਿਆਦਾ ਦੇ ਉਲੰਘਣ ਦੇ ਮੱਦੇਨਜ਼ਰ ਗਿਆਨੀ ਰਘਬੀਰ ਸਿੰਘ ਨੂੰ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਅਹੁਦੇ ਤੋਂ ਸੇਵਾ ਮੁਕਤ ਕੀਤਾ ਜਾਵੇ।
ਇਕੱਤਰਤਾ ਵਿੱਚ ਓਐਸਡੀ ਸ. ਸਤਬੀਰ ਸਿੰਘ ਧਾਮੀ, ਸਕੱਤਰ ਸ. ਪ੍ਰਤਾਪ ਸਿੰਘ, ਸਕੱਤਰ ਇੰਜੀ: ਸੁਖਮਿੰਦਰ ਸਿੰਘ, ਸਕੱਤਰ ਸ. ਗੁਰਿੰਦਰ ਸਿੰਘ ਮਥਰੇਵਾਲ, ਨਿੱਜੀ ਸਕੱਤਰ ਸ. ਸ਼ਾਹਬਾਜ ਸਿੰਘ, ਮੀਤ ਸਕੱਤਰ ਸ. ਗੁਰਨਾਮ ਸਿੰਘ, ਸ. ਬਲਵਿੰਦਰ ਸਿੰਘ ਖੈਰਾਬਾਦ, ਕਨੂੰਨੀ ਸਲਾਹਕਾਰ ਐਡਵੋਕੇਟ ਅਮਨਬੀਰ ਸਿੰਘ ਸਿਆਲੀ ਵੀ ਮੌਜੂਦ ਰਹੇ।
ਸੁਖਬੀਰ ਬਾਦਲ ਨੂੰ ਬਚਾਉਣ ਲਈ ਜਥੇਦਾਰਾਂ ਨੂੰ ਅਹੁਦੇ ਤੋਂ ਹਟਾਇਆ: ਕਾਲਕਾ/ਕਾਹਲੋਂ
ਨਵੀਂ ਦਿੱਲੀ (ਮਨਪ੍ਰੀਤ ਸਿੰਘ ਖਾਲਸਾ):- ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਹਰਮੀਤ ਸਿੰਘ ਕਾਲਕਾ ਤੇ ਜਨਰਲ ਸਕੱਤਰ ਸਰਦਾਰ ਜਗਦੀਪ ਸਿੰਘ ਕਾਹਲੋਂ ਨੇ ਕਿਹਾ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸੁਖਬੀਰ ਸਿੰਘ ਬਾਦਲ ਦੀ ਪ੍ਰਧਾਨਗੀ ਬਚਾਉਣ ਵਾਸਤੇ ਅੱਜ ਜਥੇਦਾਰ ਸਾਹਿਬਾਨ ਨੂੰ ਅਹੁਦੇ ਤੋਂ ਹਟਾਉਣ ਦਾ ਫੈਸਲਾ ਲਿਆ ਹੈ ਤੇ ਅੱਜ ਦਾ ਦਿਨ ਇਤਿਹਾਸ ਵਿਚ ਕਾਲੇ ਦਿਨ ਵਜੋਂ ਯਾਦ ਕੀਤਾ ਜਾਵੇਗਾ। ਦਿੱਲੀ ਕਮੇਟੀ ਵਲੋਂ ਜਾਰੀ ਕੀਤੇ ਇਕ ਬਿਆਨ ਵਿਚ ਸਰਦਾਰ ਕਾਲਕਾ ਤੇ ਸਰਦਾਰ ਕਾਹਲੋਂ ਨੇ ਕਿਹਾ ਕਿ ਬਹੁਤ ਹੀ ਮੰਦਭਾਗੀ ਗੱਲ ਹੈ ਕਿ 2 ਦਸੰਬਰ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਫਸੀਲ ਤੋਂ ਇਤਿਹਾਸਕ ਫੈਸਲਾ ਸੁਣਾਉਣ ਵਾਲੇ ਪੰਜ ਸਿੰਘ ਸਾਹਿਬਾਨ ਨੂੰ ਸ਼੍ਰੋਮਣੀ ਕਮੇਟੀ ਵੱਲੋਂ ਆਪਣੇ ਆਕਾਵਾਂ ਦੇ ਕਹਿਣ &rsquoਤੇ ਇਕ-ਇਕ ਕਰ ਕੇ ਅਹੁਦੇ ਤੋਂ ਹਟਾਇਆ ਗਿਆ ਹੈ। ਪਹਿਲਾਂ ਗਿਆਨੀ ਹਰਪ੍ਰੀਤ ਸਿੰਘ ਨੂੰ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਵਜੋਂ ਫਾਰਗ ਕੀਤਾ ਗਿਆ ਤੇ ਅੱਜ ਗਿਆਨੀ ਰਘਬੀਰ ਸਿੰਘ ਨੂੰ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਤੇ ਗਿਆਨੀ ਸੁਲਤਾਨ ਸਿੰਘ ਨੂੰ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਵਜੋਂ ਫਾਰਗ ਕਰਨ ਦਾ ਮੰਦਭਾਗਾ ਫੈਸਲਾ ਸ਼੍ਰੋਮਣੀ ਕਮੇਟੀ ਦੀ ਅੰਤਰਿੰਗ ਕਮੇਟੀ ਨੇ ਲਿਆ ਹੈ। ਉਹਨਾਂ ਕਿਹਾ ਕਿ ਇਹ ਸਾਰੇ ਸਿਆਸੀ ਫੈਸਲੇ ਹਨ ਜਿਸਨੂੰ ਸਿੱਖ ਸੰਗਤਾਂ ਬਹੁਤ ਗੰਭੀਰਤਾ ਨਾਲ ਨੇੜਿਓਂ ਵਾਚ ਰਹੀਆਂ ਹਨ ਤੇ ਸਿੱਖ ਪੰਥ ਦੀ ਪਿੱਠ ਵਿਚ ਛੁਰਾ ਮਾਰਨ ਦੀ ਸਜ਼ਾ ਸ਼੍ਰੋਮਣੀ ਕਮੇਟੀ ਦੀਆਂ ਆਉਂਦੀਆਂ ਚੋਣਾਂ ਵਿਚ ਬਾਦਲਕਿਆਂ ਨੂੰ ਸੰਗਤਾਂ ਦੇਣਗੀਆਂ। ਉਹਨਾਂ ਕਿਹਾ ਕਿ ਅੱਜ ਦਾ ਦਿਨ ਇਤਿਹਾਸ ਵਿਚ ਕਾਲੇ ਦਿਨ ਵਜੋਂ ਯਾਦ ਕੀਤਾ ਜਾਵੇਗਾ ਤੇ ਇਸ ਬਜ਼ਰ ਗੁਨਾਹ ਲਈ ਕਦੇ ਵੀ ਗੁਨਾਹਗਾਰਾਂ ਨੂੰ ਮੁਆਫ ਨਹੀਂ ਕੀਤਾ ਜਾਵੇਗਾ। ਉਹਨਾਂ ਕਿਹਾ ਅੱਜ ਸਮੁੱਚੇ ਪੰਥ, ਨਿਹੰਗ ਜਥੇਬੰਦੀਆਂ ਨੂੰ ਇਕ ਮੰਚ ਤੇ ਆ ਕੇ ਪੰਥ ਦੋਖੀਆਂ ਦੇ ਖਿਲਾਫ ਮੋਰਚਾ ਖੋਲ੍ਹਣ ਦੀ ਲੋੜ ਹੈ।
ਸ਼੍ਰੋਮਣੀ ਕਮੇਟੀ ਦੁਆਰਾ ਜੱਥੇਦਾਰਾਂ ਨੂੰ ਹਟਾਉਣ ਦਾ ਫੈਸਲਾ ਦੁੱਖਦਾਇਕ: ਹਰਪ੍ਰੀਤ ਸਿੰਘ ਬੰਨੀ ਜੋਲੀ
ਨਵੀਂ ਦਿੱਲੀ (ਮਨਪ੍ਰੀਤ ਸਿੰਘ ਖਾਲਸਾ):- ਸਿੱਖ ਨੇਤਾ ਹਰਪ੍ਰੀਤ ਸਿੰਘ ਬੰਨੀ ਜੋਲੀ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੁਆਰਾ ਜੱਥੇਦਾਰ ਸਾਹਿਬਾਨ ਨੂੰ ਪਦ ਤੋਂ ਹਟਾਉਣ ਦੇ ਫੈਸਲੇ ਨੂੰ ਦੁੱਖਦਾਇਕ ਦੱਸਦੇ ਹੋਏ ਅੱਜ ਦੇ ਦਿਨ ਨੂੰ ਇਤਿਹਾਸ ਵਿੱਚ ਕਾਲੇ ਦਿਨ ਵੱਜੋਂ ਯਾਦ ਰੱਖੇ ਜਾਣ ਦੀ ਗੱਲ ਕਹੀ। ਉਹਨਾਂ ਕਿਹਾ ਕਿ ਇਹ ਬਹੁਤ ਦੁੱਖਦਾਇਕ ਗੱਲ ਹੈ ਕਿ 2 ਦਸੰਬਰ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਇਤਿਹਾਸਕ ਫੈਸਲਾ ਸੁਣਾਉਣ ਵਾਲੇ ਪੰਜ ਸਿੱਖ ਸਾਹਿਬਾਨ ਨੂੰ ਸ਼੍ਰੋਮਣੀ ਗੁਰਦੁਆਰਾ ਕਮੇਟੀ ਨੇ ਪਹਿਲਾਂ ਗਿਆਨੀ ਹਰਪ੍ਰੀਤ ਸਿੰਘ ਨੂੰ ਤਖਤ ਸ਼੍ਰੀ ਦਮਦਮਾ ਸਾਹਿਬ ਦੇ ਜੱਥੇਦਾਰ ਦੇ ਪਦ ਤੋਂ ਮੁਕਤ ਕੀਤਾ ਅਤੇ ਅੱਜ ਗਿਆਨੀ ਰਘਵੀਰ ਸਿੰਘ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਦੇ ਜੱਥੇਦਾਰ ਅਤੇ ਗਿਆਨੀ ਸੁਲਤਾਨ ਸਿੰਘ ਨੂੰ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਦੇ ਜੱਥੇਦਾਰ ਦੇ ਪਦ ਤੋਂ ਮੁਕਤ ਕਰਨ ਦਾ ਦੁੱਖਦਾਇਕ ਫੈਸਲਾ ਸ਼੍ਰੋਮਣੀ ਗੁਰਦੁਆਰਾ ਕਮੇਟੀ ਦੀ ਅੰਤਰਿਮ ਕਮੇਟੀ ਨੇ ਲਿਆ ਹੈ ਜਿਸਦੀ ਜਿਤਨੀ ਨਿੰਦਾ ਕੀਤੀ ਜਾਏ ਥੋੜੀ ਹੈ। ਉਹਨਾਂ ਕਿਹਾ ਕਿ ਸਿੱਖ ਸੰਗਤ ਸ਼੍ਰੋਮਣੀ ਗੁਰਦੁਆਰਾ ਕਮੇਟੀ ਦੇ ਆਉਣ ਵਾਲੇ ਚੋਣਾਂ ਵਿੱਚ ਬਾਦਲ ਪਰਿਵਾਰ ਨੂੰ ਇਸ ਦੀ ਸਜਾ ਜ਼ਰੂਰ ਦੇਵੇਗੀ। ਉਹਨਾਂ ਕਿਹਾ ਕਿ ਅੱਜ ਦਾ ਦਿਨ ਇਤਿਹਾਸ ਵਿੱਚ ਕਾਲੇ ਦਿਨ ਵੱਜੋਂ ਯਾਦ ਕੀਤਾ ਜਾਵੇਗਾ।
ਸ੍ਰੀ ਅਕਾਲ ਤਖ਼ਤ ਸਾਹਿਬ ਉੱਤੇ ਬਾਦਲ ਦਲ ਵੱਲੋਂ ਸਿੱਧਾ ਹਮਲਾ ਅਤੇ ਸੁਖਬੀਰ ਬਾਦਲ ਵੱਲੋਂ ਸਿੱਖ ਕੌਮ ਦੀ ਧਾਰਮਿਕ ਅਜ਼ਾਦੀ ਨੂੰ ਚੁਣੌਤੀ : ਬਾਪੂ ਤਰਸੇਮ ਸਿੰਘ
ਨਵੀਂ ਦਿੱਲੀ  (ਮਨਪ੍ਰੀਤ ਸਿੰਘ ਖਾਲਸਾ):- ਅੱਜ ਦਾ ਦਿਨ ਸਿੱਖ ਇਤਿਹਾਸ ਵਿੱਚ ਕਾਲੇ ਅੱਖਰਾਂ ਨਾਲ ਲਿਖਿਆ ਜਾਵੇਗਾ, ਜਦੋਂ ਬਾਦਲ ਕਮੇਟੀ ਨੇ ਜਥੇਦਾਰ ਸਾਹਿਬਾਨ ਨੂੰ ਜਾਬਰਾਨਾਂ ਤਰੀਕੇ ਨਾਲ ਬਰਤਫ਼ ਕਰਕੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਰਵਉੱਚਤਾ 'ਤੇ ਸਿੱਧਾ ਹਮਲਾ ਕੀਤਾ ਹੈ ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਇਕ ਪ੍ਰੈਸ ਨੋਟ ਰਾਹੀਂ ਮੈਂਬਰ ਪਾਰਲੀਮੈਂਟ ਤੇ ਅਕਾਲੀ ਦਲ "ਵਾਰਿਸ ਪੰਜਾਬ ਦੇ" ਮੁੱਖ ਸੇਵਾਦਾਰ ਭਾਈ ਅੰਮ੍ਰਿਤਪਾਲ ਸਿੰਘ ਜੀ ਦੇ ਪਿਤਾ ਬਾਪੂ ਤਰਸੇਮ ਸਿੰਘ ਜੀ ਪੰਥਕ ਸੇਵਾਦਾਰ ਅਤੇ ਅਕਾਲੀ ਦਲ "ਵਾਰਿਸ ਪੰਜਾਬ ਦੇ" ਦੇ ਸਰਗਰਮ ਮੈਂਬਰ ਭਾਈ ਸ਼ਮਸ਼ੇਰ ਸਿੰਘ ਪੱਧਰੀ ਰਾਹੀਂ ਕੀਤਾ। ਉਹਨਾਂ ਕਿਹਾ ਕਿ ਇਹ ਸਿਰਫ਼ ਜਥੇਦਾਰ ਸਾਹਿਬਾਨਾਂ ਦੀ ਬਰਤਰਫ਼ੀ ਨਹੀਂ, ਸਗੋਂ ਸਿੱਖ ਕੌਮ ਦੀ ਧਾਰਮਿਕ ਆਜ਼ਾਦੀ 'ਤੇ ਆਖਰੀ ਹਮਲਾ ਕਰਨ ਦੀ ਨਾਪਾਕ ਸਾਜ਼ਿਸ਼ ਹੈ। ਸੁਖਬੀਰ ਸਿੰਘ ਬਾਦਲ, ਜੋ ਹਮੇਸ਼ਾ ਹੀ ਸਿੱਖ ਸਿਆਸਤ ਨੂੰ ਆਪਣੇ ਪਰਿਵਾਰਕ ਹਿੱਤਾਂ ਲਈ ਵਰਤਦੇ ਆਏ ਹਨ, ਹੁਣ ਸਿੱਖ ਕੌਮ ਦੀ ਧਾਰਮਿਕ ਖੁਦਮੁਖਤਿਆਰੀ ਨੂੰ ਵੀ ਨਿਗਲਣਾ ਚਾਹੁੰਦੇ ਹਨ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਕਾਬਜ਼ ਸੁਖਬੀਰ ਦੀ ਕਿਚਨ ਕੈਬਨਿਟ ਜੋ ਸਿਰਫ਼ ਸਿੱਖ ਚੋਲੇ ਵਿੱਚ ਆਰਐਸਐਸ ਦੀ ਗੁਲਾਮੀ ਕਰ ਰਹੀ ਹੈ ਤੇ ਉਹ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਗੱਦੀ ਨੂੰ ਵੀ ਆਪਣੀ ਜਾਇਦਾਦ ਵਾਂਗ ਮੰਨਣ ਲੱਗ ਪਈ ਹੈ। ਪਰ ਸਿੱਖ ਕੌਮ ਅਜਿਹੇ ਗੁਰੂ ਧਰੋਹੀਆਂ ਤੇ ਕਦੇ ਵੀ ਮੁਆਫ਼ ਨਹੀਂ ਕਰੇਗੀ ਤੇ ਇਨ੍ਹਾਂ ਨੂੰ ਆਪਣੀ ਪੰਥਕ ਤਾਕਤ ਨਾਲ ਜਵਾਬ ਦੇਵੇਗੀ। ਉਹਨਾਂ ਕਿਹਾ ਕਿ ਅਸੀਂ ਅਕਾਲੀ ਦਲ ਵਾਰਿਸ ਪੰਜਾਬ ਦੇ ਵਲੋਂ ਐਸਜੀਪੀਸੀ ਦੀ ਬਾਦਲੀ ਕਮੇਟੀ ਵੱਲੋਂ ਲਏ ਇਹਨਾਂ ਫੈਸਲਿਆਂ ਦੀ ਸਖ਼ਤ ਨਿਖੇਧੀ ਕਰਦੇ ਹਾਂ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਮਰਿਆਦਾ ਅਤੇ ਸਰਵਉੱਚਤਾ ਦੀ ਰਾਖੀ ਲਈ ਲਗਾਤਾਰ ਸੰਘਰਸ਼ ਜਾਰੀ ਰੱਖਣ ਦਾ ਪ੍ਰਣ ਵੀ ਕਰਦੇ ਹਾਂ। ਸਿੱਖ ਪੰਥ ਗੁਰੂ ਨਾਨਕ ਦੇ ਘਰ ਦੀ ਅਵਾਜ਼ ਨੂੰ ਕਿਸੇ ਪਰਿਵਾਰ ਦੀ ਜਾਇਦਾਦ ਨਹੀਂ ਬਣਨ ਦੇਵੇਗਾ। ਉਹਨਾਂ ਕਿਹਾ ਅਸੀਂ ਸਿੱਖ ਕੌਮ ਨੂੰ ਅਪੀਲ ਕਰਦੇ ਹਾਂ ਕਿ ਇਹਨਾ ਗੁਰੂ ਦੋਖੀਆਂ, ਸਿੱਖ ਭੇਖੀਆਂ ਵਲੋਂ ਚਲਾਈਆਂ ਜਾ ਰਹੀ ਸਾਜ਼ਿਸ਼ਾਂ ਨੂੰ ਸਮਝਣ ਅਤੇ ਉਨ੍ਹਾਂ ਦੇ ਵਿਰੁੱਧ ਇਕੱਠੇ ਹੋਣ। ਸਾਨੂੰ ਆਪਣੇ ਧਾਰਮਿਕ ਸਥਾਨਾਂ ਦੀ ਸਰਵਉੱਚਤਾ ਅਤੇ ਸਿੱਖੀ ਸਿਧਾਂਤਾਂ ਦੀ ਰਾਖੀ ਲਈ ਹਰ ਵਕਤ ਤਿਆਰ ਰਹਿਣਾਂ ਪਵੇਗਾ।
ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਕੌਮੀ ਮੀਤ ਪ੍ਰਧਾਨ ਜਸਵੰਤ ਸਿੰਘ ਭੁੱਲਰ ਨੇ ਦਿੱਤਾ ਅਸਤੀਫ਼ਾ
ਸ਼੍ਰੋਮਣੀ ਅਕਾਲੀ ਦਲ ਨੂੰ ਅੱਜ ਉਸ ਵੇਲੇ ਇੱਕ ਹੋਰ ਵੱਡਾ ਝਟਕਾ ਲੱਗਾ ਜਦੋਂ ਅਕਾਲੀ ਦਲ ਬਾਦਲ ਦੇ ਕੌਮੀ ਮੀਤ ਪ੍ਰਧਾਨ ਸਰਦਾਰ ਜਸਵੰਤ ਸਿੰਘ ਭੁੱਲਰ ਨੇ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ। ਉਹਨਾਂ ਨੇ ਰੋਜ਼ਾਨਾ ਸਪੋਕਸਮੈਨ ਦੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਜੋ ਕੁਝ ਇਸ ਟਾਈਮ ਅਕਾਲੀ ਦਲ ਵਿੱਚ ਚੱਲ ਰਿਹਾ ਹੈ ਉਸ ਨੂੰ ਲੈ ਕੇ ਉਹ ਬਹੁਤ ਨਿਰਾਸ਼ ਚਲਦੇ ਆ ਰਹੇ ਹਨ। ਬੀਤੇ ਦਿਨ ਸ੍ਰੀ ਅਕਾਲ ਤਚ਼ਤ ਸਾਹਿਬ ਦੇ ਜਥੇਦਾਰਾਂ ਨੂੰ ਬਦਲਣ ਤੋਂ ਬਾਅਦ ਉਹ ਆਹਤ ਹੋ ਗਏ ਸਨ। ਜਿਸ ਨੂੰ ਲੈ ਕੇ ਉਹਨਾਂ ਨੇ ਇੰਨਾ ਵੱਡਾ ਕਦਮ ਚੁੱਕਿਆ ਹੈ।
ਜਥੇਦਾਰਾਂ ਨੂੰ ਹਟਾਉਣਾ ਬਦਲੇ ਦੀ ਕਾਰਵਾਈ ਜਾਪਦੀ ਹੈ: ਮਾਨ
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸ਼ਨਿੱਚਰਵਾਰ ਨੂੰ ਅਕਾਲ ਤਖ਼ਤ ਅਤੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰਾਂ ਨੂੰ ਹਟਾਉਣ ਦੀ ਨਿੰਦਾ ਕਰਦਿਆਂ ਕਿਹਾ ਕਿ ਇਹ &lsquoਬਦਲਾਖੋਰੀ&rsquo ਦੀ ਕਾਰਵਾਈ ਜਾਪਦੀ ਹੈ। ਮਾਨ ਦੀ ਇਹ ਪ੍ਰਤੀਕਿਰਿਆ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐਸਜੀਪੀਸੀ) ਵੱਲੋਂ ਗਿਆਨੀ ਰਘਬੀਰ ਸਿੰਘ ਨੂੰ ਅਕਾਲ ਤਖ਼ਤ ਦੇ ਜਥੇਦਾਰ ਦੇ ਅਹੁਦੇ ਤੋਂ ਅਤੇ ਗਿਆਨੀ ਸੁਲਤਾਨ ਸਿੰਘ ਨੂੰ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਦੇ ਅਹੁਦੇ ਤੋਂ ਹਟਾਏ ਜਾਣ ਤੋਂ ਇੱਕ ਦਿਨ ਬਾਅਦ ਆਈ ਹੈ।
ਜ਼ਿਕਰਯੋਗ ਹੈ ਕਿ ਐੱਸਜੀਪੀਸੀ ਨੇ ਸਿੱਖ ਵਿਦਵਾਨ ਗਿਆਨੀ ਕੁਲਦੀਪ ਸਿੰਘ ਗੜਗੱਜ ਨੂੰ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦਾ ਨਵਾਂ ਜਥੇਦਾਰ ਨਿਯੁਕਤ ਕੀਤਾ ਹੈ। ਜਦੋਂ ਤੱਕ ਕੋਈ ਨਿਯੁਕਤੀ ਨਹੀਂ ਹੋ ਜਾਂਦੀ, ਉਹ ਅਕਾਲ ਤਖ਼ਤ ਦੇ ਕਾਰਜਕਾਰੀ ਜਥੇਦਾਰ ਵਜੋਂ ਵੀ ਸੇਵਾ ਨਿਭਾਉਣਗੇ। ਸ਼੍ਰੋਮਣੀ ਕਮੇਟੀ ਦੇ ਇਸ ਕਦਮ ਬਾਰੇ ਪੁੱਛੇ ਗਏ ਇੱਕ ਸਵਾਲ ਦੇ ਜਵਾਬ ਵਿੱਚ ਮਾਨ ਨੇ ਕਿਹਾ, &lsquo&lsquoਦੇਖੋ, ਇਹ ਇੱਕ ਧਾਰਮਿਕ ਮਾਮਲਾ ਹੈ। ਜੋ ਹੋਣਾ ਚਾਹੀਦਾ ਸੀ ਉਹ ਇਹ ਸੀ ਕਿ ਰਾਜਨੀਤੀ ਧਰਮ ਤੋਂ ਸਿੱਖੇ। ਪਰ ਜੋ ਹੋ ਰਿਹਾ ਹੈ ਉਹ ਇਹ ਹੈ ਕਿ ਰਾਜਨੀਤੀ ਧਰਮ ਨੂੰ ਸਿਖਾ ਰਹੀ ਹੈ।&rsquo&rsquo
ਪੰਜਾਬ ਐੱਸਸੀ ਕਮਿਸ਼ਨ ਦੇ ਚੇਅਰਮੈਨ ਬਣੇ ਜਸਵੀਰ ਗੜ੍ਹੀ
ਚੰਡੀਗੜ੍ਹ- ਪੰਜਾਬ ਸਰਕਾਰ ਨੇ ਜਸਵੀਰ ਸਿੰਘ ਗੜ੍ਹੀ ਨੂੰ ਐੱਸਸੀ ਕਮਿਸ਼ਨ ਪੰਜਾਬ ਦਾ ਚੇਅਰਮੈਨ ਨਿਯੁਕਤ ਕੀਤਾ ਹੈ। ਇਹ ਹੁਕਮ ਸੂਬਾ ਸਰਕਾਰ ਦੇ ਸਮਾਜਿਕ ਨਿਆਂ, ਸ਼ਕਤੀਕਰਨ ਤੇ ਘੱਟ ਗਿਣਤੀਆਂ ਵਿਭਾਗ ਦੇ ਪ੍ਰਮੁੱਖ ਸਕੱਤਰ ਵੀ.ਕੇ. ਮੀਨਾ ਵੱਲੋਂ ਜਾਰੀ ਕੀਤੇ ਗਏ। ਜਸਵੀਰ ਸਿੰਘ ਗੜ੍ਹੀ ਕੁਝ ਸਮਾਂ ਪਹਿਲਾਂ ਹੀ ਆਮ ਆਦਮੀ ਪਾਰਟੀ (ਆਪ) ਵਿੱਚ ਸ਼ਾਮਲ ਹੋਏ ਹਨ, ਜਿਨ੍ਹਾਂ ਨੇ ਦਿੱਲੀ ਵਿਧਾਨ ਸਭਾ ਚੋਣਾਂ ਵਿੱਚ ਪਾਰਟੀ ਲਈ ਚੋਣ ਪ੍ਰਚਾਰ ਵੀ ਕੀਤਾ ਸੀ।
2 ਦਸੰਬਰ ਦੇ ਫ਼ੈਸਲੇ ਬਦਲਾਉਣ ਲਈ ਜਥੇਦਾਰਾਂ ਨੂੰ ਬਦਲਿਆ : ਸਿੱਖ ਯੂਥ ਫੈਡਰੇਸ਼ਨ ਫੈਡਰੇਸ਼ਨ
ਅੰਮ੍ਰਿਤਸਰ : ਸ਼੍ਰੋਮਣੀ ਕਮੇਟੀ ਦੀ ਐਗਜੈਕਟਿਵ ਕਮੇਟੀ ਵੱਲੋਂ ਅੱਜ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਤੇ ਤਖ਼ਤ ਸ੍ਰੀ ਕੇਸਗੜ ਸਾਹਿਬ ਦੇ ਜਥੇਦਾਰ ਗਿਆਨੀ ਸੁਲਤਾਨ ਸਿੰਘ ਨੂੰ ਜਥੇਦਾਰੀ ਤੋਂ ਹਟਾਏ ਜਾਣ ਦਾ ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ ਨੇ ਸਖ਼ਤ ਵਿਰੋਧ ਜਤਾਇਆ ਹੈ। ਫੈਡਰੇਸ਼ਨ ਦੇ ਕੌਮੀ ਪ੍ਰਧਾਨ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ, ਸਾਬਕਾ ਪ੍ਰਧਾਨ ਭਾਈ ਬਲਵੰਤ ਸਿੰਘ ਗੋਪਾਲਾ ਤੇ ਸੀਨੀਅਰ ਮੀਤ ਪ੍ਰਧਾਨ ਭਾਈ ਭੁਪਿੰਦਰ ਸਿੰਘ ਛੇ ਜੂਨ ਨੇ ਕਿਹਾ ਕਿ ਸੁਖਬੀਰ ਸਿੰਘ ਬਾਦਲ ਤੇ ਬਾਦਲ ਜੁੰਡਲੀ ਦੇ ਖ਼ਿਲਾਫ਼ 2 ਦਸੰਬਰ ਨੂੰ ਤਖ਼ਤ ਸਾਹਿਬ ਤੋਂ ਹੋਏ ਫ਼ੈਸਲਿਆਂ ਕਾਰਨ ਬਾਦਲ ਦਲ ਨੇ ਸ਼੍ਰੋਮਣੀ ਕਮੇਟੀ ਰਾਹੀਂ ਜਥੇਦਾਰਾਂ ਨੂੰ ਨਿਸ਼ਾਨਾ ਬਣਾਇਆ ਹੈ, ਇਸੇ ਕਾਰਨ ਹੀ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਉੱਤੇ ਦੋਸ਼ ਲਗਾ ਕੇ ਬਦਲਿਆ ਗਿਆ ਸੀ। ਫੈਡਰੇਸ਼ਨ ਆਗੂਆਂ ਨੇ ਇਹ ਵੀ ਕਿਹਾ ਕਿ ਭਾਈ ਨਰਾਇਣ ਸਿੰਘ ਚੌੜਾ ਵੱਲੋਂ ਖਾਲਸਾ ਪੰਥ ਦੇ ਮੁਜ਼ਰਿਮ ਸੁਖਬੀਰ ਸਿੰਘ ਬਾਦਲ ਨੂੰ ਸੋਧਣ ਦਾ ਫੈਸਲਾ ਬਿਲਕੁਲ ਸਹੀ ਸੀ। ਉਹਨਾਂ ਕਿਹਾ ਕਿ ਨਵੇਂ ਜਥੇਦਾਰਾਂ ਰਾਹੀਂ ਹੁਣ ਬਾਦਲਕੇ 2 ਦਸੰਬਰ ਵਾਲੇ ਫੈਸਲੇ ਬਦਲਾਉਣਗੇ, ਭਰਤੀ ਲਈ ਬਣਾਈ ਕਮੇਟੀ ਦਾ ਵੀ ਭੋਗ ਪਵੇਗਾ, ਸੁਖਬੀਰ ਬਾਦਲ ਦੀ ਪ੍ਰਧਾਨਗੀ ਵੀ ਕਾਇਮ ਹੋਏਗੀ, ਪ੍ਰਕਾਸ਼ ਸਿੰਘ ਬਾਦਲ ਦਾ ਫ਼ਖ਼ਰ ਏ ਕੌਮ ਵੀ ਬਹਾਲ ਕੀਤਾ ਜਾ ਸਕਦਾ ਹੈ ਤੇ ਬਾਦਲਕਿਆਂ ਦੀ ਅਯੋਗ ਲੀਡਰਸ਼ਿਪ ਨੂੰ ਪੰਥ ਦੇ ਸਿਰ ਬਿਠਾਉਣ ਦੇ ਯਤਨ ਹੋਣਗੇ ਪਰ ਖ਼ਾਲਸਾ ਪੰਥ ਇਸ ਖਿਲਾਫ ਝੰਡਾ ਬੁਲੰਦ ਕਰੇਗਾ।
ਟਰੰਪ ਵੱਲੋਂ ਯੂ.ਐਸ. ਵੀਜ਼ਾ ਲਈ ਨਵੀਂ ਸ਼ਰਤ
 ਵਾਸ਼ਿੰਗਟਨ : ਅਮਰੀਕਾ ਦੇ ਰਾਸ਼ਟਰਪਤੀ ਡੌਨਲਡ ਟਰੰਪ ਨੇ ਵੀਜ਼ਾ ਸ਼ਰਤਾਂ ਨੂੰ ਹੋਰ ਸਖ਼ਤ ਕਰਦਿਆਂ ਬਿਨੈਕਾਰਾਂ ਦੇ ਸੋਸ਼ਲ ਮੀਡੀਆ ਅਕਾਊਂਟ ਫਰੋਲਣ ਦੇ ਹੁਕਮ ਵੀ ਦੇ ਦਿਤੇ ਹਨ। ਇੰਮੀਗ੍ਰੇਸ਼ਨ ਅਫ਼ਸਰਾਂ ਵੱਲੋਂ ਵੀਜ਼ਾ ਅਰਜ਼ੀਆਂ ਦਾਖਲ ਕਰਨ ਵਾਲਿਆਂ ਤੋਂ ਸੋਸ਼ਲ ਮੀਡੀਆ ਅਕਾਊਂਟਸ ਦੇ ਯੂਜ਼ਰਨੇਮ ਮੰਗੇ ਜਾ ਸਕਦੇ ਹਨ ਅਤੇ ਇਨ੍ਹਾਂ ਦੀ ਡੂੰਘਾਈ ਨਾਲ ਘੋਖ ਕਰਨ ਤੋਂ ਬਾਅਦ ਹੀ ਵੀਜ਼ਾ ਦੇਣ ਜਾਂ ਨਾ ਦੇਣ ਦਾ ਫੈਸਲਾ ਲਿਆ ਜਾਵੇਗਾ। ਡਿਪਾਰਟਮੈਂਟ ਆਫ਼ ਹੋਮਲੈਂਡ ਸਕਿਉਰਿਟੀ ਵੱਲੋਂ ਇਸ ਨੀਤੀ ਨੂੰ ਮੁਕੰਮਲ ਤੌਰ &rsquoਤੇ ਲਾਗੂ ਕਰਨ ਤੋਂ ਪਹਿਲਾਂ 60 ਦਿਨ ਵਾਸਤੇ ਲੋਕ ਟਿੱਪਣੀਆਂ ਹਾਸਲ ਕਰਨ ਵਾਲੀ ਸ਼੍ਰੇਣੀ ਵਿਚ ਰੱਖਿਆ ਗਿਆ ਹੈ ਅਤੇ ਲਾਗੂ ਹੋਣ ਮਗਰੋਂ ਬਿਨੈਕਾਰਾਂ ਤੋਂ ਸੋਸ਼ਲ ਮੀਡੀਆ ਅਕਾਊਂਟਸ ਦੇ ਪਾਸਵਰਡ ਨਹੀਂ ਮੰਗੇ ਜਾਣਗੇ।
ਦੂਜੇ ਪਾਸੇ ਇੰਮੀਗ੍ਰੇਸ਼ਨ ਦੇ ਜਾਣਕਾਰਾਂ ਦਾ ਕਹਿਣਾ ਹੈ ਕਿ ਡੌਨਲਡ ਟਰੰਪ ਦੇ ਐਗਜ਼ੈਕਟਿਵ ਆਰਡਰ 14161 ਅਧੀਨ ਇਕ ਪੁਰਾਣੀ ਪ੍ਰਕਿਰਿਆ ਨੂੰ ਨਵੇਂ ਸਿਰੇ ਤੋਂ ਲਾਗੂ ਕੀਤਾ ਜਾ ਰਿਹਾ ਹੈ। ਇਸ ਤੋਂ ਪਹਿਲਾਂ ਵੀ ਵੀਜ਼ਾ ਅਰਜ਼ੀਆਂ ਦਾਖਲ ਕਰਨ ਵਾਲਿਆਂ ਦੀਆਂ ਸੋਸ਼ਲ ਮੀਡੀਆ ਸਰਗਰਮੀਆਂ ਦੀ ਘੋਖ-ਪੜਤਾਲ ਕੀਤੀ ਜਾਂਦੀ ਸੀ। ਅਮਰੀਕਾ ਦੇ ਸਿਟੀਜ਼ਨਸ਼ਿਪ ਅਤੇ ਇੰਮੀਗ੍ਰੇਸ਼ਨ ਸੇਵਾਵਾਂ ਵਿਭਾਗ ਵੱਲੋਂ 2016 ਤੋਂ ਹੀ ਵੀਜ਼ਾ ਬਿਨੈਕਾਰਾਂ ਦੀਆਂ ਆਨਲਾਈਨ ਸਰਗਰਮੀਆਂ &rsquoਤੇ ਨਜ਼ਰ ਰੱਖਣ ਦੀ ਪ੍ਰਕਿਰਿਆ ਆਰੰਭ ਦਿਤੀ ਗਈ। 2017 ਵਿਚ ਟਰੰਪ ਦੇ ਪਹਿਲੇ ਕਾਰਜਕਾਲ ਵੇਲੇ ਵੀਜ਼ਾ ਅਰਜ਼ੀਆਂ ਦੀ ਪ੍ਰੋਸੈਸਿੰਗ ਦੌਰਾਨ ਸੋਸ਼ਲ ਮੀਡੀਆ ਚੈਕਿੰਗ ਲਾਜ਼ਮੀ ਕਰ ਦਿਤੀ ਗਈ। 2019 ਵਿਚ ਇਹ ਪ੍ਰਕਿਰਿਆ ਨੂੰ ਹਰ ਵੀਜ਼ਾ ਸ਼੍ਰੇਣੀ &rsquoਤੇ ਲਾਗੂ ਕਰ ਦਿਤਾ ਗਿਆ ਅਤੇ 2021 ਵਿਚ ਸੋਸ਼ਲ ਮੀਡੀਆ ਸਕ੍ਰੀਨਿੰਗ ਨੂੰ ਚੀਨ ਅਤੇ ਰੂਸ ਨਾਲ ਸਬੰਧਤ ਸੋਸ਼ਲ ਮੀਡੀਆ ਪਲੈਟਫਾਰਮਜ਼ ਦੁਆਲੇ ਵਧੇਰੇ ਕੇਂਦਰਤ ਕੀਤਾ ਗਿਆ। ਹੁਣ ਟਰੰਪ ਵੱਲੋਂ ਨਵੇਂ ਸਿਰੇ ਤੋਂ ਕਾਰਜਕਾਰੀ ਹੁਕਮ ਜਾਰੀ ਕੀਤੇ ਜਾਣ ਮਗਰੋਂ ਇੰਮੀਗ੍ਰੇਸ਼ਨ ਹਮਾਇਤੀ ਅਤੇ ਪ੍ਰਾਇਵੇਸੀ ਮਾਹਰ ਚਿੰਤਤ ਨਜ਼ਰ ਆ ਰਹੇ ਹਨ ਜਦਕਿ ਅਮਰੀਕਾ ਸਰਕਾਰ ਕੌਮੀ ਸੁਰੱਖਿਆ ਨੂੰ ਤਰਜੀਹ ਦਿਤੇ ਜਾਣ ਦੀ ਦਲੀਲ ਦੇ ਰਹੀ ਹੈ। ਆਲੋਚਕਾਂ ਦਾ ਕਹਿਣਾ ਹੈ ਕਿ ਨਵੀਆਂ ਸ਼ਰਤਾਂ ਲਾਗੂ ਹੋਣ &rsquoਤੇ ਵੀਜ਼ਾ ਅਰਜ਼ੀਆਂ ਦੀ ਪ੍ਰੋਸੈਸਿੰਗ ਵਿਚ ਦੇਰ ਹੋ ਸਕਦੀ ਹੈ ਅਤੇ ਆਨਲਾਈਨ ਸਰਗਰਮੀਆਂ ਦੇ ਗਲਤ ਵਿਆਖਿਆ ਵੀ ਕੀਤੀ ਜਾ ਸਕਦੀ ਹੈ।
ਰਿਪੁਦਮਨ ਮਲਿਕ ਦੇ ਕਾਤਲ ਨੂੰ ਉਮਰ ਕੈਦ, 20 ਸਾਲ ਤੱਕ ਜ਼ਮਾਨਤ ਨਹੀਂ
ਕੈਨੇਡਾ ਦੇ ਸਿੱਖ ਆਗੂ ਰਿਪੁਦਮਨ ਸਿੰਘ ਮਲਿਕ ਦੇ ਕਤਲ ਕੇਸ ਵਿੱਚ ਭਾੜੇ ਦੇ ਕਾਤਲ 26 ਸਾਲਾ ਹੋਸੇ ਲੁਪੇਜ਼ ਨੂੰ ਉਮਰ ਕੈਦ, 20 ਸਾਲ ਤੱਕ ਜ਼ਮਾਨਤ ਨਹੀਂ ਸੁਪਾਰੀ ਦੇ ਕੇ ਕਤਲ ਕਰਾਉਣ ਪਿੱਛੇ ਕਿਹੜੀਆਂ ਤਾਕਤਾਂ ਸ਼ਾਮਿਲ? ਇਹ ਸਵਾਲ ਜਿਉਂਦਾ ਤਿਉਂ ਬਰਕਰਾਰ! (ਡਾ. ਗੁਰਵਿੰਦਰ ਸਿੰਘ) ਅੱਜ ਬ੍ਰਿਟਿਸ਼ ਕੋਲੰਬੀਆ, ਕੈਨੇਡਾ ਦੀ ਅਦਾਲਤ ਨੇ ਕੈਨੇਡਾ ਦੇ ਸਿੱਖ ਭਾਈ ਰਿਪੁਦਮਨ ਸਿੰਘ ਮਲਿਕ ਦੀ 14 ਜੁਲਾਈ 2022 ਨੂੰ ਕੀਤੀ ਗਈ ਹੱਤਿਆ ਦੇ ਮਾਮਲੇ ਵਿੱਚ ਭਾੜੇ ਦੇ ਕਾਤਲ ਐਬਸਫੋਰਡ ਵਾਸੀ ਅਪਰਾਧੀ 26 ਸਾਲਾ ਹੋਸੇ ਲੁਪੇਜ਼ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਉਸ ਨੂੰ 20 ਸਾਲ ਤੱਕ ਜ਼ਮਾਨਤ ਨਹੀਂ ਮਿਲੇਗੀ। ਇਸ ਮਾਮਲੇ ਵਿੱਚ ਪਹਿਲੇ ਦੋਸ਼ੀ 24 ਸਾਲਾ ਟੈਨਰ ਫੋਕਸ ਨੂੰ ਪਹਿਲਾਂ ਹੀ ਉਮਰ ਕੈਦ ਦੀ ਸਜ਼ਾ ਸੁਣਾਈ ਜਾ ਚੁੱਕੀ ਹੈ। ਉਸ ਵੇਲੇ ਦੂਜੇ ਕਾਤਲ ਹੋਸੇ ਲੁਪੇਜ਼ ਵੱਲੋਂ ਆਪਣਾ ਦੋਸ਼ ਕਬੂਲ ਕਰ ਲਿਆ ਗਿਆ ਸੀ। ਇਸ ਦੌਰ ਅਦਾਲਤ ਵਿੱਚ ਮੌਜੂਦ ਭਾਈ ਮਲਿਕ ਦੀ ਨੂੰਹ ਬੀਬੀ ਸੰਦੀਪ ਕੌਰ ਧਾਲੀਵਾਲ ਨੇ ਦੋਸ਼ੀ ਤੋਂ ਪੁੱਛਿਆ ਸੀ ਕਿ ਉਹ ਉਹਨਾਂ ਨਾਵਾਂ ਨੂੰ ਨਸ਼ਰ ਕਰੇ, ਜਿਨਾਂ ਦੇ ਕਹਿਣ ਤੇ ਉਸਨੇ ਸੁਪਾਰੀ ਲੈ ਕੇ ਉਹਨਾਂ ਦੇ ਪਿਤਾ ਦਾ ਕਤਲ ਕੀਤਾ ਸੀ। ਅੱਜ ਦੁਬਾਰਾ ਅਦਾਲਤ ਵਿੱਚ ਹਾਜ਼ਰ ਹੋਈ ਸੰਦੀਪ ਕੌਰ ਧਾਲੀਵਾਲ ਨੇ ਕਿਹਾ ਕਿ ਉਹ ਇਸ ਦੁਖਦਾਈ ਘਟਨਾ ਵਿੱਚ ਮੁੜ ਆਪਣੇ "ਡੈਡੀ ਜੀ" ਦੇ ਕਾਤਲਾਂ ਦੀ ਸਜ਼ਾ ਮੌਕੇ ਹਾਜ਼ਰ ਹਨ। ਉਹਨਾਂ ਇਨਸਾਫ ਦੀ ਮੰਗ ਕੀਤੀ ਅਤੇ ਕਤਲ ਪਿੱਛੇ ਤਾਕਤਾਂ ਦੀ ਨਿਸ਼ਾਨਦੇਹੀ ਲਈ ਆਵਾਜ਼ ਉਠਾਈ।
30 ਦਿਨ ਦੇ ਅੰਦਰ ਮਿਲੇਗਾ ਕੈਨੇਡੀਅਨ ਪਾਸਪੋਰਟ
ਟੋਰਾਂਟੋ : 30 ਦਿਨ ਦੇ ਅੰਦਰ ਕੈਨੇਡੀਅਨ ਪਾਸਪੋਰਟ ਨਾ ਮਿਲਿਆ ਤਾਂ ਸਾਰੀ ਫ਼ੀਸ ਮੁਆਫ਼ ਅਤੇ ਸਰਵਿਸ ਕੈਨੇਡਾ ਮੁਫ਼ਤ ਪਾਸਪੋਰਟ ਦੇਣ ਦਾ ਪਾਬੰਦ ਹੋਵੇਗਾ। ਜੀ ਹਾਂ, ਪਾਸਪੋਰਟ ਨਵਿਆਉਣ ਦੇ ਇੱਛਕ ਲੋਕਾਂ ਨੂੰ ਤੇਜ਼-ਤਰਾਰ ਸੇਵਾ ਦੀ ਨਵੀਂ ਗਾਰੰਟੀ ਦਿੰਦਿਆਂ ਸਰਵਿਸ ਕੈਨੇਡਾ ਵੱਲੋਂ ਉਡੀਕ ਸਮਾਂ ਘਟਾਉਣ ਦਾ ਯਤਨ ਕੀਤਾ ਗਿਆ ਹੈ। 30 ਦਿਨ ਵਾਲੀ ਸ਼ਰਤ ਪਾਸਪੋਰਟ ਦੀਆਂ ਆਨਲਾਈਨ ਅਰਜ਼ੀਆਂ, ਡਾਕ ਰਾਹੀਂ ਭੇਜੀਆਂ ਅਰਜ਼ੀਆਂ ਜਾਂ ਸਰਵਿਸ ਕੈਨੇਡਾ ਦੇ ਦਫ਼ਤਰ ਵਿਚ ਜਾ ਕੇ ਦਾਖਲ ਕੀਤੀਆਂ ਅਰਜ਼ੀਆਂ &rsquoਤੇ ਲਾਗੂ ਹੋਵੇਗੀ। ਡਾਕ ਰਾਹੀਂ ਭੇਜੀਆਂ ਅਰਜ਼ੀਆਂ ਦੇ ਮਾਮਲੇ ਵਿਚ ਰਾਹ ਵਿਚ ਲੱਗਣ ਵਾਲਾ ਸਮਾਂ ਨਹੀਂ ਗਿਣਿਆ ਜਾਵੇਗਾ। ਨਾਗਰਿਕ ਸੇਵਾਵਾਂ ਬਾਰੇ ਮੰਤਰੀ ਟੈਰੀ ਬੀਚ ਨੇ ਦੱਸਿਆ ਕਿ ਸਿਰਫ ਪਾਸਪੋਰਟ ਦਾ ਉਡੀਕ ਸਮਾਂ ਨਹੀਂ ਘਟਾਇਆ ਜਾ ਰਿਹਾ ਸਗੋਂ ਫੈਡਰਲ ਸਰਕਾਰ ਵੱਲੋਂ ਦਿਤੇ ਜਾਣ ਵਾਲੇ ਆਰਥਿਕ ਲਾਭ ਅਤੇ ਸੋਸ਼ਲ ਇੰਸ਼ੋਰੈਂਸ ਨੰਬਰ ਦੇ ਮਾਮਲੇ ਵਿਚ ਵੀ ਪ੍ਰੋਸੈਸਿੰਗ ਦਾ ਕੰਮ ਤੇਜ਼ ਕੀਤਾ ਗਿਆ ਹੈ।