image caption:

9 ਮਾਰਚ 2025 (ਐਤਵਾਰ) ਅੱਜ ਦੀਆਂ ਮੁੱਖ ਖਬਰਾਂ

 ਟਾਈਟਲਰ ਵਿਰੁੱਧ ਸਿੱਖ ਕਤਲੇਆਮ ਦੇ ਦਰਜ ਮਾਮਲੇ ਵਿੱਚ ਫੋਰੈਂਸਿਕ ਵਿਭਾਗ ਦੇ ਅਧਿਕਾਰੀ ਐਸ ਇੰਗ੍ਰਾਸਲ ਤੋਂ ਅਦਾਲਤ ਵਿੱਚ ਕਰਾਸ ਜਿਰ੍ਹਾ

ਨਵੀਂ ਦਿੱਲੀ (ਮਨਪ੍ਰੀਤ ਸਿੰਘ ਖਾਲਸਾ):- 1984 ਦੇ ਸਿੱਖ ਕਤਲੇਆਮ ਨਾਲ ਸਬੰਧਤ ਪੁਲਬੰਗਸ਼ ਗੁਰਦੁਆਰਾ ਹਿੰਸਾ ਮਾਮਲੇ ਦੇ ਦੋਸ਼ੀ ਜਗਦੀਸ਼ ਟਾਈਟਲਰ ਵਿਰੁੱਧ ਦਰਜ ਮਾਮਲੇ ਵਿੱਚ ਬੀਤੇ ਦਿਨ ਫੋਰੈਂਸਿਕ ਵਿਭਾਗ ਦੇ ਅਧਿਕਾਰੀ ਐਸ ਇੰਗ੍ਰਾਸਲ ਤੋਂ ਦਿੱਲੀ ਦੀ ਰਾਊਜ਼ ਐਵੇਨਿਊ ਅਦਾਲਤ ਵਿੱਚ ਜਿਰ੍ਹਾ ਕੀਤੀ ਗਈ। ਵਿਸ਼ੇਸ਼ ਜੱਜ ਜਤਿੰਦਰ ਸਿੰਘ ਨੇ ਫੋਰੈਂਸਿਕ ਵਿਭਾਗ ਦੇ ਸੀਨੀਅਰ ਵਿਗਿਆਨਕ ਅਧਿਕਾਰੀ ਅਮਿਤੋਸ਼ ਕੁਮਾਰ ਦੇ ਬਿਆਨ ਦਰਜ ਕਰਨ ਲਈ 18 ਮਾਰਚ ਦੀ ਤਰੀਕ ਤੈਅ ਕਰਨ ਦਾ ਹੁਕਮ ਦਿੱਤਾ।
ਅਦਾਲਤੀ ਸੁਣਵਾਈ ਦੌਰਾਨ ਜਗਦੀਸ਼ ਟਾਈਟਲਰ ਅਦਾਲਤ ਵਿੱਚ ਮੌਜੂਦ ਸਨ। ਸੁਣਵਾਈ ਦੌਰਾਨ, ਜਗਦੀਸ਼ ਟਾਈਟਲਰ ਵੱਲੋਂ ਪੇਸ਼ ਹੋਏ ਵਕੀਲ ਅਨਿਲ ਕੁਮਾਰ ਸ਼ਰਮਾ ਨੇ ਫੋਰੈਂਸਿਕ ਅਧਿਕਾਰੀ ਐਸ ਇੰਗ੍ਰਾਸਲ ਤੋਂ ਜਿਰ੍ਹਾ ਕੀਤੀ। ਇਸ ਤੋਂ ਪਹਿਲਾਂ, ਐਸ ਇੰਗ੍ਰਾਸਲ ਦਾ ਬਿਆਨ 27 ਫਰਵਰੀ ਨੂੰ ਦਰਜ ਕੀਤਾ ਗਿਆ ਸੀ। ਇੰਗ੍ਰਾਸਲ ਦੇ ਬਿਆਨ ਦੌਰਾਨ ਅਦਾਲਤ ਵਿੱਚ ਇੱਕ ਸੀਡੀ ਚਲਾ ਕੇ ਆਵਾਜ਼ ਦੇ ਨਮੂਨਿਆਂ ਦੀ ਪਛਾਣ ਕੀਤੀ ਗਈ। ਤੁਹਾਨੂੰ ਦੱਸ ਦੇਈਏ ਕਿ 7 ਫਰਵਰੀ ਨੂੰ ਅਦਾਲਤ ਵੱਲੋਂ ਫੋਰੈਂਸਿਕ ਲੈਬਾਰਟਰੀ ਦੇ ਦੂਜੇ ਅਧਿਕਾਰੀ ਦਾ ਬਿਆਨ ਦਰਜ ਕੀਤਾ ਗਿਆ ਸੀ। ਇਸ ਤੋਂ ਪਹਿਲਾਂ 28 ਜਨਵਰੀ ਨੂੰ ਟਾਈਟਲਰ ਦੀ ਆਵਾਜ਼ ਦੇ ਨਮੂਨੇ ਲੈਣ ਵਾਲੇ ਫੋਰੈਂਸਿਕ ਲੈਬਾਰਟਰੀ ਅਧਿਕਾਰੀ ਦਾ ਬਿਆਨ ਦਰਜ ਕੀਤਾ ਗਿਆ ਸੀ। ਜਗਦੀਸ਼ ਟਾਈਟਲਰ ਦਾ ਰਿਕਾਰਡ ਕੀਤਾ ਗਿਆ ਆਵਾਜ਼ ਦਾ ਨਮੂਨਾ ਅਦਾਲਤ ਵਿੱਚ ਚਲਾਇਆ ਗਿਆ। ਬੀਤੀ 12 ਨਵੰਬਰ, 2024 ਨੂੰ ਇਸ ਮਾਮਲੇ ਦੀ ਸ਼ਿਕਾਇਤਕਰਤਾ ਲਖਵਿੰਦਰ ਕੌਰ ਨਾਲ ਜਿਰ੍ਹਾ ਕੀਤੀ ਗਈ ਸੀ ਅਤੇ 3 ਅਕਤੂਬਰ 2024 ਨੂੰ ਸ਼ਿਕਾਇਤਕਰਤਾ ਲਖਵਿੰਦਰ ਕੌਰ ਨੇ ਆਪਣਾ ਬਿਆਨ ਦਰਜ ਕਰਵਾਇਆ ਸੀ। ਲਖਵਿੰਦਰ ਕੌਰ ਨੇ ਕਿਹਾ ਸੀ ਕਿ ਗ੍ਰੰਥੀ ਸੁਰੇਂਦਰ ਸਿੰਘ ਨੇ ਉਨ੍ਹਾਂ ਨੂੰ ਦੱਸਿਆ ਸੀ ਕਿ ਉਨ੍ਹਾਂ ਦੇ ਪਤੀ ਬਾਦਲ ਸਿੰਘ ਦਾ ਗੁਰਦੁਆਰਾ ਪੁਲਬੰਗਸ਼ ਨੇੜੇ ਭੀੜ ਨੇ ਕਤਲ ਕਰ ਦਿੱਤਾ ਸੀ। ਜਗਦੀਸ਼ ਟਾਈਟਲਰ ਭੀੜ ਨੂੰ ਭੜਕਾ ਰਿਹਾ ਸੀ ਅਤੇ ਸਿੱਖਾਂ ਨੂੰ ਮਾਰਨ, ਉਨ੍ਹਾਂ ਨੂੰ ਤਬਾਹ ਕਰਨ, ਗੁਰਦੁਆਰੇ ਨੂੰ ਅੱਗ ਲਗਾਉਣ ਲਈ ਕਹਿ ਰਿਹਾ ਸੀ। ਸੀਨੀਅਰ ਵਿਗਿਆਨਕ ਅਧਿਕਾਰੀ ਅਮਿਤੋਸ਼ ਕੁਮਾਰ ਦੇ ਬਿਆਨ ਦਰਜ ਕਰਨ ਲਈ ਚਲ ਰਹੇ ਮਾਮਲੇ ਦੀ ਅਗਲੀ ਸੁਣਵਾਈ 18 ਮਾਰਚ ਨੂੰ ਹੋਏਗੀ ।

ਸਿੱਖ ਸੰਸਥਾਵਾਂ ਨੂੰ ਕਮਜ਼ੋਰ ਕਰਨ ਲਈ ਪੰਥ ਵਿਰੋਧੀ ਤਾਕਤਾਂ ਕਰ ਰਹੀਆਂ ਹਨ ਵਿਓਂਤਬੰਦ ਹਮਲੇ: ਸਰਨਾ

ਨਵੀਂ ਦਿੱਲੀ  (ਮਨਪ੍ਰੀਤ ਸਿੰਘ ਖਾਲਸਾ):- ਪਿਛਲੇ ਲੰਮੇ ਸਮੇਂ ਤੋਂ ਜੋ ਹਾਲਾਤ ਕੌਮ ਅੰਦਰ ਬਣੇ ਹੋਏ ਹਨ । ਜਿਸ ਤਰ੍ਹਾਂ ਦੀ ਦੁਬਿਧਾ ਛਾਈ ਹੋਈ ਸੀ । ਉਸਨੂੰ ਖਤਮ ਕਰਦੇ ਹੋਏ ਜੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤ੍ਰਿੰਗ ਕਮੇਟੀ ਵੱਲੋਂ ਸਿੰਘ ਸਾਹਿਬਾਨਾਂ ਦੀ ਨਿਯੁਕਤੀ ਦਾ ਫੈਸਲਾ ਲਿਆ ਗਿਆ ਹੈ । ਸ਼੍ਰੋਮਣੀ ਅਕਾਲੀ ਦਲ ਦੀ ਦਿੱਲੀ ਇਕਾਈ ਦੇ ਪ੍ਰਧਾਨ ਸ. ਪਰਮਜੀਤ ਸਿੰਘ ਸਰਨਾ ਨੇ ਪ੍ਰੈਸ ਨੂੰ ਜਾਰੀ ਇਕ ਬਿਆਨ ਰਾਹੀਂ ਕਿਹਾ ਕਿ ਇਹ ਬਿਨਾ ਸ਼ੱਕ ਸ਼ਲਾਘਾਯੋਗ ਤੇ ਸਮੇਂ ਸਿਰ ਲਿਆ ਗਿਆ ਸਹੀ ਫੈਸਲਾ ਹੈ । ਉਨ੍ਹਾਂ ਕਿਹਾ ਕਿ ਅਸੀ ਸਾਰੇ ਜਾਣਦੇ ਹਾਂ ਕਿ ਇਸ ਵੇਲੇ ਸਿੱਖ ਕੌਮ ਤੇ ਸਿੱਖ ਸੰਸਥਾਵਾਂ ਨੂੰ ਕਮਜ਼ੋਰ ਕਰਨ ਲਈ ਨਿਰੰਤਰ ਪੰਥ ਵਿਰੋਧੀ ਤਾਕਤਾਂ ਵੱਲੋਂ ਵਿਓਂਤਬੰਦ ਤਰੀਕੇ ਨਾਲ ਹਮਲੇ ਕੀਤੇ ਜਾ ਰਹੇ ਹਨ । ਇਹਨਾਂ ਹਮਲਿਆਂ ਦੇ ਟਾਕਰਿਆਂ ਲਈ ਕੌਮ ਨੂੰ ਸਿੰਘ ਸਾਹਿਬਾਨਾਂ ਨੂੰ ਸੁਯੋਗ ਅਗਵਾਈ ਦੀ ਉਮੀਦ ਕੌਮ ਕਰ ਰਹੀ ਸੀ ਤੇ ਜੋ ਇਹ ਫੈਸਲਾ ਹੋਇਆ ਹੈ ਇਸਦੇ ਨਾਲ ਸਾਨੂੰ ਆਸ ਹੈ ਕਿ ਕੌਮ ਨੂੰ ਹਾਲਤਾਂ ਦੇ ਟਾਕਰੇ ਲਈ ਸੁਚੱਜੀ ਅਗਵਾਈ ਮਿਲੇਗੀ । ਉਨ੍ਹਾਂ ਕਿਹਾ ਕਿ ਇਹ ਹੋਰ ਵੀ ਚੰਗੀ ਗੱਲ ਹੈ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਤੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਨਿਯੁਕਤ ਹੋਏ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਜੀ ਗੜਗੱਜ ਸਿੱਖ ਕੌਮ ਦੇ ਉੱਦਮੀ ਪ੍ਰਚਾਰਕ ਜੋ ਪਹਿਲਾਂ ਤੋਂ ਹੀ ਗੁਰਬਾਣੀ ਅਤੇ ਸਿੱਖ ਇਤਿਹਾਸ ਦੀ ਕਥਾ ਵਿਚਾਰ ਨਾਲ ਸੰਗਤ ਨੂੰ ਗੁਰੂ ਸਾਹਿਬ ਨਾਲ ਜੋੜ ਰਹੇ ਹਨ ਤੇ ਹੁਣ ਕੌਮ ਦੀ ਸਨਮਾਨਯੋਗ ਪਦਵੀ ਤੇ ਹੁੰਦਿਆਂ ਉਹ ਹੋਰ ਬਿਹਤਰ ਤਰੀਕੇ ਨਾਲ ਧਰਮ ਪ੍ਰਚਾਰ ਦੀ ਲਹਿਰ ਨੂੰ ਪ੍ਰਚੰਡ ਕਰਨਗੇ ਤੇ ਧਰਮ ਪ੍ਰਚਾਰ &lsquoਚ ਆਈ ਖੜੋਤ ਨੂੰ ਆਪ ਅੱਗੇ ਹੋ ਕੇ ਤੋੜਨਗੇ ।

ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧਕ ਤਿੰਨੋ ਜਥੇਦਾਰਾਂ ਨੂੰ ਹਟਾਏ ਜਾਣ ਦੇ ਕਾਰਣ ਜਨਤਕ ਕਰਣ: ਵਿਕਰਮਜੀਤ ਸਿੰਘ ਸਾਹਨੀ

ਨਵੀਂ ਦਿੱਲੀ  (ਮਨਪ੍ਰੀਤ ਸਿੰਘ ਖਾਲਸਾ):- ਸ੍ਰੀ ਅਕਾਲ ਤਖ਼ਤ ਸਾਹਿਬ, ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਅਤੇ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਤਿੰਨੋਂ ਸਿੰਘ ਸਾਹਿਬ ਜਥੇਦਾਰਾਂ ਦੀ ਅਚਾਨਕ ਬਰਖਾਸਤਗੀ ਪਿੱਛੇ ਐਸਜੀਪੀਸੀ ਵਲੋਂ ਕਾਰਣ ਦੱਸੇ ਜਾਣ ਦੀ ਸਖ਼ਤ ਲੋੜ ਹੈ। ਰਾਜ ਸਭਾ ਮੈਂਬਰ ਅਤੇ ਵਿਸ਼ਵ ਪੰਜਾਬੀ ਸੰਸਥਾ ਦੇ ਅੰਤਰਰਾਸ਼ਟਰੀ ਪ੍ਰਧਾਨ ਵਿਕਰਮਜੀਤ ਸਿੰਘ ਸਾਹਨੀ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਨੂੰ ਆਪਣੀ ਇਸ ਕਾਰਵਾਈ ਦੇ ਜਾਇਜ ਹੋਣ ਦੇ ਸਬੂਤ ਦੇਣੇ ਚਾਹੀਦੇ ਹਨ ਕਿਉਂਕਿ ਭਾਰਤ ਅਤੇ ਵਿਸ਼ਵ ਭਰ ਦੀ ਸਿੱਖ ਸੰਗਤ ਇਸ ਦੇ ਸਹੀ ਹੋਣ ਦਾ ਜਵਾਬ ਮੰਗ ਰਹੀ ਹੈ। ਸ੍ਰੀ ਸਾਹਨੀ ਨੇ ਅੱਗੇ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਸਿੱਖ ਧਰਮ ਦੀ ਸਰਵੋਤਮ ਸ਼ਕਤੀ ਹੋਣ ਦੇ ਨਾਤੇ ਜਥੇਦਾਰਾਂ ਦੀ ਚੋਣ ਅਤੇ ਬਰਖਾਸਤਗੀ ਲਈ ਇੱਕ ਪਾਰਦਰਸ਼ੀ ਅਤੇ ਸਖ਼ਤ ਪ੍ਰਕਿਰਿਆ ਸਥਾਪਤ ਕਰਕੇ ਕੌਮ ਦੀ ਅਗਵਾਈ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ, "ਸਿੱਖਾਂ ਦੀ ਮਿੰਨੀ ਪਾਰਲੀਮੈਂਟ" ਨੂੰ ਵੈਟੀਕਨ ਦੀ ਪਵਿੱਤਰ ਪ੍ਰਕਿਰਿਆ ਵਾਂਗ ਹੀ ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਸਾਰੇ ਤਖ਼ਤਾਂ ਦੀ ਮਰਿਆਦਾ ਅਤੇ ਅਖੰਡਤਾ ਨੂੰ ਕਾਇਮ ਰੱਖਣ ਲਈ ਵਿਸ਼ਵ ਭਰ ਦੀਆਂ ਸਿੱਖ ਜਥੇਬੰਦੀਆਂ, ਸਿੰਘ ਸਭਾਵਾਂ, ਸਿੱਖ ਸੰਤਾਂ ਅਤੇ ਗੁਰਦੁਆਰਿਆਂ ਨਾਲ ਮਸ਼ਵਰਾ ਕਰਨਾ ਚਾਹੀਦਾ ਹੈ। ਜਥੇਦਾਰਾਂ ਦੀ ਨਿਯੁਕਤੀ ਅਤੇ ਹਟਾਉਣ ਬਾਰੇ ਸਖ਼ਤ ਪ੍ਰੋਟੋਕੋਲ ਦੀ ਪਾਲਣਾ ਕਰਨੀ ਸਮੇਂ ਦੀ ਲੋੜ ਹੈ, ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਸਰਪ੍ਰਸਤ ਵਜੋਂ ਇਹਨਾਂ ਅਹੁਦਿਆਂ ਦੇ ਸਤਿਕਾਰ ਅਤੇ ਪਵਿੱਤਰਤਾ ਦੀ ਸਾਂਭ ਸੰਭਾਲ ਯਕੀਨੀ ਬਣਾਉਣੀ ਚਾਹੀਦੀ ਹੈ।


ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਨਵਨਿਯੁਕਤ ਜਥੇਦਾਰ ਗਿਆਨੀ ਕੁਲਦੀਪ ਸਿੰਘ 10 ਮਾਰਚ ਨੂੰ ਸੰਭਾਲਣਗੇ ਸੇਵਾ

ਨਵੀਂ ਦਿੱਲੀ,  (ਮਨਪ੍ਰੀਤ ਸਿੰਘ ਖਾਲਸਾ):- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤ੍ਰਿੰਗ ਕਮੇਟੀ ਵੱਲੋਂ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਨਿਯੁਕਤ ਕੀਤੇ ਗਏ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ 10 ਮਾਰਚ ਨੂੰ ਸੇਵਾ ਸੰਭਾਲਣਗੇ। ਸ਼੍ਰੋਮਣੀ ਕਮੇਟੀ ਦੇ ਸਕੱਤਰ ਸ. ਪ੍ਰਤਾਪ ਸਿੰਘ ਨੇ ਦੱਸਿਆ ਕਿ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ ਦੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਵਜੋਂ ਸੇਵਾ ਸੰਭਾਲਣ ਸਬੰਧੀ 10 ਮਾਰਚ ਨੂੰ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਸ੍ਰੀ ਅਨੰਦਪੁਰ ਸਾਹਿਬ ਵਿਖੇ ਸਵੇਰੇ 10:00 ਵਜੇ ਸਮਾਗਮ ਰੱਖਿਆ ਗਿਆ ਹੈ, ਜਿਸ ਵਿਚ ਸਮੂਹ ਪੰਥਕ ਜਥੇਬੰਦੀਆਂ, ਨਿਹੰਗ ਸਿੰਘ ਦਲਾਂ, ਸਿੱਖ ਸੰਪਰਦਾਵਾਂ, ਗੁਰਮਤਿ ਟਕਸਾਲਾਂ, ਸਿੱਖ ਸੰਸਥਾਵਾਂ ਦੇ ਨੁਮਾਇੰਦਿਆਂ ਸਣੇ ਪੰਥਕ ਆਗੂ, ਸੰਤ-ਮਹਾਪੁਰਸ਼ ਤੇ ਸੰਗਤ ਸ਼ਾਮਲ ਹੋਵੇਗੀ। ਸ. ਪ੍ਰਤਾਪ ਸਿੰਘ ਨੇ ਪੰਥਕ ਸ਼ਖਸੀਅਤਾਂ ਨੂੰ ਸਮਾਗਮ ਵਿੱਚ ਪਹੁੰਚਣ ਦੀ ਅਪੀਲ ਕੀਤੀ। ਉਨ੍ਹਾਂ ਦੱਸਿਆ ਕਿ ਸ਼੍ਰੋਮਣੀ ਕਮੇਟੀ ਵੱਲੋਂ ਸੇਵਾ ਸੰਭਾਲ ਸਮਾਗਮ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ, ਜਿਸ ਸਬੰਧ ਵਿੱਚ ਸਮੂਹ ਤਖ਼ਤ ਸਾਹਿਬਾਨ ਦੇ ਸਿੰਘ ਸਾਹਿਬ ਅਤੇ ਪੰਥਕ ਜਥੇਬੰਦੀਆਂ ਨੂੰ ਸੱਦੇ ਪੱਤਰ ਭੇਜੇ ਜਾ ਚੁੱਕੇ ਹਨ।

ਕੌਮ ਵਿਚ ਵਿਚਰਣ ਵਾਲੇ ਪਹਾੜਾਂ ਸਿੰਘਾਂ ਨੇ ਹੀ ਸ੍ਰੀ ਅਕਾਲ ਤਖਤ ਸਾਹਿਬ ਦੀ ਸਰਬਉੱਚਤਾ ਤੇ ਮਾਣ-ਸਨਮਾਨ ਨੂੰ ਠੇਸ ਪਹੁੰਚਾਈ : ਮਾਨ

ਨਵੀਂ ਦਿੱਲੀ (ਮਨਪ੍ਰੀਤ ਸਿੰਘ ਖਾਲਸਾ):- &ldquoਜੋ ਅੱਜ ਸਿੱਖ ਕੌਮ ਦੀ ਮੀਰੀ-ਪੀਰੀ ਨਾਲ ਸੰਬੰਧਤ ਸਰਬਉੱਚ ਮਹਾਨ ਸੰਸਥਾਂ ਸ੍ਰੀ ਅਕਾਲ ਤਖਤ ਸਾਹਿਬ ਦੀ ਸਰਬਉੱਚਤਾਂ ਤੇ ਮਾਣ-ਸਨਮਾਨ ਨੂੰ ਡੂੰਘੀ ਠੇਸ ਪਹੁੰਚਾਈ ਜਾ ਰਹੀ ਹੈ, ਇਹ ਕੌਮ ਵਿਚ ਵਿਚਰ ਰਹੇ ਕੁਝ ਪਹਾੜਾਂ ਸਿੰਘਾਂ ਵੱਲੋ ਆਪਣੇ ਸਵਾਰਥੀ ਸਿਆਸੀ ਹਿੱਤਾ ਦੀ ਪੂਰਤੀ ਲਈ ਇਨ੍ਹਾਂ ਸੰਸਥਾਵਾਂ ਦੇ ਵਿਕਾਰ ਨੂੰ ਖੋਰਾ ਲਗਾਇਆ ਜਾ ਰਿਹਾ ਹੈ । ਇਸ ਸਮੇ ਬੀਜੇਪੀ-ਆਰ.ਐਸ.ਐਸ. ਦੀ ਗੁੱਝੀ ਭੂਮਿਕਾ ਤੋ ਵੀ ਇਨਕਾਰ ਨਹੀ ਕੀਤਾ ਜਾ ਸਕਦਾ । ਕਿਉਂਕਿ ਜੋ ਲੋਕ ਅਜਿਹੇ ਗੈਰ ਸਿਧਾਤਿਕ ਅਤੇ ਸਿੱਖ ਮਨਾਂ ਨੂੰ ਠੇਸ ਪਹੁੰਚਾਉਣ ਵਾਲੀਆ ਕਾਰਵਾਈਆ ਕਰ ਰਹੇ ਹਨ । ਉਹ ਅੱਜ ਵੀ ਬੀਜੇਪੀ-ਆਰ.ਐਸ.ਐਸ ਦੇ ਗੁਲਾਮ ਬਣੇ ਨਜਰ ਆ ਰਹੇ ਹਨ ਅਤੇ ਇਹ ਫਿਰਕੂ ਜਮਾਤਾਂ ਖਾਲਸਾ ਪੰਥ ਦੇ ਉੱਚੇ-ਸੁੱਚੇ ਕਿਰਦਾਰ ਤੇ ਕੌਮਾਂਤਰੀ ਅਕਸ ਨੂੰ ਸੱਟ ਮਾਰਨ ਹਿੱਤ ਅਜਿਹੇ ਪਹਾੜਾਂ ਸਿੰਘਾਂ ਦੀ ਦੁਰਵਰਤੋ ਕਰ ਰਹੀਆ ਹਨ । ਜਿਸ ਤੋ ਸਿੱਖ ਕੌਮ ਨੂੰ ਸੁਚੇਤ ਰਹਿਕੇ ਆਪਣੀਆ ਮਹਾਨ ਕੌਮੀ ਸੰਸਥਾਵਾਂ ਸ੍ਰੀ ਅਕਾਲ ਤਖਤ ਸਾਹਿਬ ਅਤੇ ਐਸ.ਜੀ.ਪੀ.ਸੀ ਦੇ ਪ੍ਰਬੰਧ ਵਿਚ ਆਈਆ ਵੱਡੀਆ ਖਾਮੀਆ ਨੂੰ ਸੂਝਵਾਨਤਾ ਨਾਲ ਦੂਰ ਕਰਕੇ ਦੁਸਮਣ ਤਾਕਤਾਂ ਤੇ ਉਨ੍ਹਾਂ ਦੇ ਮੰਦਭਾਵਨਾ ਭਰੇ ਮਨਸੂਬਿਆਂ ਦਾ ਹਿੱਸਾ ਬਣਨ ਵਾਲੀਆ ਕਾਲੀਆ ਭੇਡਾਂ ਦੀ ਪਹਿਚਾਣ ਕਰਕੇ ਉਨ੍ਹਾਂ ਦਾ ਖਾਤਮਾ ਕਰਨ ਲਈ ਸਮੂਹਿਕ ਰੂਪ ਵਿਚ ਸਾਂਝੇ ਉਦਮ ਕਰਨੇ ਪੈਣਗੇ ।&rdquo ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਸ੍ਰੀ ਅਕਾਲ ਤਖਤ ਸਾਹਿਬ ਦੀ ਮਹਾਨ ਮੀਰੀ-ਪੀਰੀ ਦੀ ਸੰਸਥਾਂ ਉਤੇ ਕਾਬਜ ਧਿਰ ਵੱਲੋ ਕੀਤੀਆ ਜਾ ਰਹੀਆ ਗੈਰ ਸਿਧਾਤਿਕ ਅਤੇ ਮਰਿਯਾਦਾਵਾ ਦਾ ਘਾਣ ਕਰਨ ਵਾਲੀਆ ਕਾਰਵਾਈਆ ਉਤੇ ਤਿੱਖਾ ਪ੍ਰਤੀਕਰਮ ਜਾਹਰ ਕਰਦੇ ਹੋਏ ਅਤੇ ਇਸ ਅਮਲ ਵਿਚ ਮੁਤੱਸਵੀ ਜਮਾਤਾਂ ਬੀਜੇਪੀ-ਆਰ.ਐਸ.ਐਸ. ਦੀਆਂ ਮੰਦਭਾਵਨਾਵਾ ਨੂੰ ਵੀ ਜਿੰਮੇਵਾਰ ਠਹਿਰਾਉਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਬੀਜੇਪੀ-ਆਰ.ਐਸ.ਐਸ ਵਰਗੀਆ ਫਿਰਕੂ ਜਮਾਤਾਂ ਦੀਆਂ ਸਿੱਖ ਵਿਰੌਧੀ ਨੀਤੀਆ ਤੇ ਅਮਲਾਂ ਅਤੇ ਆਪਣੇ ਸਵਾਰਥੀ ਹਿੱਤਾ ਦੀ ਪੂਰਤੀ ਕਰਨ ਦੀ ਬਦੌਲਤ ਇਹ ਲੋਕ ਇਨ੍ਹਾਂ ਦੀ ਗੁਲਾਮੀਅਤ ਨੂੰ ਪ੍ਰਵਾਨ ਕਰਕੇ ਹੀ 2015 ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀ ਕਰਨ ਵਾਲਿਆ ਨੂੰ ਕਾਨੂੰਨੀ ਮਾਰ ਤੋ ਬਚਾਉਦੇ ਹੀ ਨਹੀ ਆ ਰਹੇ ਬਲਕਿ ਸ੍ਰੀ ਅਕਾਲ ਤਖਤ ਸਾਹਿਬ ਵਰਗੀ ਸੰਸਥਾਂ ਦੀ ਦੁਰਵਰਤੋ ਕਰਕੇ ਦੋਸ਼ੀ ਸਿਰਸੇਵਾਲੇ ਸਾਧ ਤੇ ਉਨ੍ਹਾਂ ਦੇ ਚੇਲਿਆ ਨੂੰ ਬਰੀ ਕਰਦੇ ਰਹੇ ਹਨ । ਫਿਰ ਇਨ੍ਹਾਂ ਵੱਲੋ ਆਪਣੀ ਜਾਲਮ ਜਾਬਰ ਪੁਲਿਸ ਅਫਸਰਾਂ ਰਾਹੀ ਕੋਟਕਪੂਰਾ ਵਿਖੇ 2 ਸਿੱਖ ਨੌਜਵਾਨ ਕ੍ਰਿਸਨ ਭਗਵਾਨ ਸਿੰਘ ਤੇ ਗੁਰਜੀਤ ਸਿੰਘ ਨੂੰ ਕਤਲ ਕਰਵਾਇਆ ਗਿਆ । ਇਨ੍ਹਾਂ ਦੇ ਹੀ ਹੁਕਮਾਂ ਅਧੀਨ ਜਸਪਾਲ ਸਿੰਘ ਚੌੜਸਿੱਧਵਾ, ਦਰਸ਼ਨ ਸਿੰਘ ਲੋਹਾਰਾ ਵਰਗੇ ਸਿੱਖਾਂ ਦੇ ਕਤਲ ਹੋਏ । ਸਿੱਖ ਨੌਜਵਾਨਾਂ ਨੂੰ ਝੂਠੇ ਪੁਲਿਸ ਮੁਕਾਬਲਿਆ ਵਿਚ ਵੱਡੀ ਗਿਣਤੀ ਵਿਚ ਮਾਰਨ ਲਈ ਮੌਜੂਦਾ ਐਸ.ਜੀ.ਪੀ.ਸੀ ਤੇ ਕਾਬਜ ਬਾਦਲ ਪਰਿਵਾਰ ਮੋਹਰੀ ਰਿਹਾ ਹੈ । ਇਨ੍ਹਾਂ ਦੀ ਸਰਪ੍ਰਸਤੀ ਹੇਠ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 328 ਪਾਵਨ ਸਰੂਪ ਲਾਪਤਾ ਹੋਏ । ਜਿਨ੍ਹਾਂ ਦਾ ਅੱਜ ਤੱਕ ਸਿੱਖ ਕੌਮ ਨੂੰ ਕੋਈ ਇਨਸਾਫ ਨਹੀ ਮਿਲਿਆ । ਇਨ੍ਹਾਂ ਗੈਰ ਸਿਧਾਤਿਕ ਅਤੇ ਫਿਰਕੂ ਲੋਕਾਂ ਦੇ ਗੁਲਾਮ, ਸਿਆਸਤਦਾਨਾਂ ਵੱਲੋ ਐਸ.ਜੀ.ਪੀ.ਸੀ ਵਿਚ ਰੁਮਾਲਿਆ, ਚੰਦੋਇਆ ਦੇ ਵੱਡੇ ਘਪਲੇ ਹੋਏ । ਗੁਰੂਘਰਾਂ ਲਈ ਦੇਸ਼ੀ ਘੀ ਅਤੇ ਹੋਰ ਵਸਤਾਂ ਦੀ ਖਰੀਦੋ ਫਰੋਖਤ ਸਮੇ ਗਬਨ ਹੋਏ । ਐਸ.ਜੀ.ਪੀ.ਸੀ ਦੀਆਂ ਕੌਮੀ ਜਮੀਨਾਂ ਨੂੰ ਇਨ੍ਹਾਂ ਵੱਲੋ ਕੌਡੀਆ ਦੇ ਭਾਅ ਆਪਣੇ ਰਿਸਤੇਦਾਰਾਂ ਨੂੰ ਠੇਕਿਆ ਤੇ ਦਿੱਤੀਆ ਗਈਆ । ਵੱਖ-ਵੱਖ ਵਿਦਿਅਕ ਤੇ ਸਿਹਤਕ ਸੰਸਥਾਵਾਂ ਦੇ ਇਨ੍ਹਾਂ ਵੱਲੋ ਆਪਣੇ ਪਰਿਵਾਰਿਕ ਮੈਬਰਾਂ ਦੇ ਨਾਮ ਟਰੱਸਟ ਬਣਾਕੇ ਕੌਮੀ ਸਰਮਾਏ ਦੀ ਲੁੱਟ ਖਸੁੱਟ ਕੀਤੀ ਜਾਂਦੀ ਰਹੀ ਹੈ । ਫਿਰ ਜਦੋ 1994 ਵਿਚ ਪ੍ਰੋ. ਮਨਜੀਤ ਸਿੰਘ ਐਕਟਿੰਗ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਵੱਲੋ ਸਮੁੱਚੇ ਧੜਿਆ ਦੀ ਏਕਤਾ ਕਰਵਾਉਦੇ ਹੋਏ ਅੰਮ੍ਰਿਤਸਰ ਐਲਾਨਨਾਮੇ ਅਧੀਨ ਖਾਲਸਾ ਪੰਥ ਦੀ ਅਗਲੀ ਆਨ ਸਾਨ ਵਾਲੀ ਲੜਾਈ ਲੜਨ ਲਈ ਦਸਤਾਵੇਜ ਤਿਆਰ ਕੀਤੇ ਗਏ । ਜਿਸ ਉਤੇ ਜਥੇਦਾਰ ਗੁਰਚਰਨ ਸਿੰਘ ਟੋਹੜਾ, ਕਰਨਲ ਜਸਮੇਰ ਸਿੰਘ ਬਾਲਾ, ਭਾਈ ਮਨਜੀਤ ਸਿੰਘ, ਸੁਰਜੀਤ ਸਿੰਘ ਬਰਨਾਲਾ, ਜਥੇਦਾਰ ਜਗਦੇਵ ਸਿੰਘ ਤਲਵੰਡੀ, ਕੈਪਟਨ ਅਮਰਿੰਦਰ ਸਿੰਘ, ਦਾਸ ਸਭ ਨੇ ਦਸਤਖਤ ਕੀਤੇ ਸਨ ਤਾਂ ਉਸ ਸਮੇ ਵੀ ਇਸ ਬਾਦਲ ਪਰਿਵਾਰ ਦੇ ਕਰਤਾ-ਧਰਤਾ ਸ. ਪ੍ਰਕਾਸ ਸਿੰਘ ਬਾਦਲ ਸ੍ਰੀ ਅਕਾਲ ਤਖਤ ਸਾਹਿਬ ਵੱਲੋ ਤਿਆਰ ਕੀਤੇ ਗਏ ਅੰਮ੍ਰਿਤਸਰ ਐਲਾਨਨਾਮੇ ਦੀ ਏਕਤਾ ਤੋ ਭਗੌੜੇ ਹੋ ਗਏ ਸਨ । ਫਿਰ 14 ਸਾਲਾਂ ਤੋ ਐਸ.ਜੀ.ਪੀ.ਸੀ ਦੀਆਂ ਜਰਨਲ ਚੋਣਾਂ ਨਹੀ ਹੋ ਰਹੀਆ । ਜਿਸ ਲਈ ਇਹ ਬਾਦਲ ਪਰਿਵਾਰ ਸਿੱਧੇ ਤੌਰ ਤੇ ਜਿੰਮੇਵਾਰ ਹੈ । ਕਿਉਂਕਿ ਇਹ ਚੋਣਾਂ ਕਰਵਾਕੇ ਖਾਲਸਾ ਪੰਥ ਦਾ ਫਿਰ ਤੋ ਫਤਵਾ ਲੈਣ ਤੋ ਮੁਨਕਰ ਹੁੰਦੇ ਆ ਰਹੇ ਹਨ । ਅਸਲੀਅਤ ਵਿਚ ਇਹ ਲੋਕ ਹੀ ਸਿੱਖ ਕੌਮ ਦੀਆਂ ਉੱਚ ਮਰਿਯਾਦਾਵਾਂ ਅਤੇ ਸੰਸਥਾਵਾਂ ਦਾ ਨੁਕਸਾਨ ਕਰਨ ਦੇ ਭਾਗੀ ਹਨ । ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਇਨ੍ਹਾਂ ਦੀਆਂ ਅਜਿਹੀਆ ਖਾਲਸਾ ਪੰਥ ਵਿਰੋਧੀ ਕਾਰਵਾਈਆ ਤੇ ਅਮਲਾਂ ਦੀ ਜਿਥੇ ਸਖਤ ਸ਼ਬਦਾਂ ਵਿਚ ਨਿਖੇਧੀ ਕਰਦਾ ਹੈ, ਉਥੇ ਸ੍ਰੀ ਅਕਾਲ ਤਖਤ ਸਾਹਿਬ ਦੀ ਮਹਾਨ ਸੰਸਥਾਂ ਦੀ ਦੁਰਵਰਤੋ ਕਰਨ ਦੇ ਅਮਲਾਂ ਨੂੰ ਅਤਿ ਸਰਮਨਾਕ ਕਰਾਰ ਦਿੰਦੇ ਹੋਏ ਸਮੁੱਚੇ ਖਾਲਸਾ ਪੰਥ ਨੂੰ ਅਪੀਲ ਕਰਦਾ ਹੈ ਕਿ ਸਮਾਂ ਆ ਚੁੱਕਾ ਹੈ ਕਿ ਅਜਿਹੀਆ ਗੈਰ ਪੰਥਕ, ਗੈਰ ਸਿਧਾਤਿਕ ਅਮਲਾਂ ਤੇ ਕਾਰਵਾਈਆ ਨੂੰ ਬਰਦਾਸਤ ਨਾ ਕਰਕੇ ਆਉਣ ਵਾਲੇ ਸਮੇ ਵਿਚ ਆਪਣੀਆ ਮਹਾਨ ਸੰਸਥਾਵਾਂ ਦੇ ਸੰਸਾਰ ਪੱਧਰ ਦੇ ਉੱਚੇ ਸੁੱਚੇ ਸਤਿਕਾਰ, ਮਾਣ ਸਨਮਾਨ ਅਤੇ ਜਥੇਦਾਰ ਸਾਹਿਬਾਨ ਦੇ ਰੁਤਬਿਆ ਨੂੰ ਬਰਕਰਾਰ ਰੱਖਣ ਲਈ ਵਿਦਵਾਨ, ਬੁੱਧੀਜੀਵੀ ਅਤੇ ਪੰਥਦਰਦੀ ਅੱਗੇ ਆਉਣ ਅਤੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੀ ਕੌਮੀ ਨਿਸਾਨੇ ਪ੍ਰਤੀ ਕੀਤੀ ਜਾ ਰਹੀ ਜੱਦੋ ਜਹਿਦ ਨੂੰ ਵੀ ਸਹਿਯੋਗ ਕਰਨ ।

ਬਿਕਰਮ ਸਿੰਘ ਮਜੀਠੀਆ ਵਿਰੋਧੀਆਂ ਦੀ ਸਾਜਿਸ਼ ਦਾ ਹਿੱਸਾ ਬਨਣ ਦੀ ਥਾਂ ਏਨਾਂ ਸਾਜਿਸ਼ਾਂ ਦਾ ਮੁਕਾਬਲਾ ਕਰਦਾ ਜਿਆਦਾ ਚੰਗਾ ਹੁੰਦਾ: ਭੂੰਦੜ

ਨਵੀਂ ਦਿੱਲੀ  (ਮਨਪ੍ਰੀਤ ਸਿੰਘ ਖਾਲਸਾ):- ਬਿਕਰਮ ਸਿੰਘ ਮਜੀਠੀਆ ਤੇ ਉਨਾਂ ਦੇ ਨਾਲ ਹੋਰ ਅਕਾਲੀ ਆਗੂਆਂ ਵੱਲੋਂ ਜਾਰੀ ਬਿਆਨ ਨੇ ਮੇਰੇ ਵਰਗੇ ਪਾਰਟੀ ਅੰਦਰ ਸਭ ਤੋਂ ਬਜੁਰਗ ਤੇ ਸੀਨੀਅਰ ਆਗੂ ਨੂੰ ਭਾਰੀ ਠੇਸ ਪਹੁੰਚਾਈ ਹੈ। ਸ਼੍ਰੋਮਣੀ ਅਕਾਲੀ ਦਲ ਦੇ ਐਕਟਿੰਗ ਪ੍ਰਧਾਨ ਬਲਵਿੰਦਰ ਸਿੰਘ ਭੂੰਦੜ ਨੇ ਲਿਖਤੀ ਬਿਆਨ ਜਾਰੀ ਕਰਦਿਆਂ ਕਿਹਾ ਕਿ ਬਿਕਰਮ ਨੇ ਉਸ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਫੈਸਲੇ ਉਪਰ ਸਵਾਲ ਚੁੱਕਕੇ ਗਲਤ ਕੀਤਾ ਹੈ ਜਿਸ ਕਮੇਟੀ ਦੇ ਪਹਿਲੇ ਪ੍ਰਧਾਨ ਉਸਦੇ ਪੜਦਾਦਾ ਜੀ ਸਤਿਕਾਰਯੋਗ ਸ.ਸੁੰਦਰ ਸਿੰਘ ਮਜੀਠੀਆ ਬਣੇ ਸਨ। ਸ਼ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੀ ਅੰਤਰਿੰਗ ਕਮੇਟੀ ਵੱਲੋਂ ਜਥੇਦਾਰ ਸਾਹਿਬਾਨ ਨੂੰ ਲੈਕੇ ਲਿਆ ਫੈਸਲਾ ਲੰਮੇ ਵਿਚਾਰ ਵਿਟਾਂਦਰੇ ਤੋਂ ਬਾਦ ਹੀ ਲਿਆ ਗਿਆ ਹੈ। ਪਿਛਲੇ ਸਮੇਂ ਤੋਂ ਸਿੱਖ ਸਿਆਸਤ ਤੇ ਸ਼੍ਰੋਮਣੀ ਅਕਾਲੀ ਦਲ ਨੂੰ ਜਿਸ ਭੰਬਲਭੂਸੇ ਵਿੱਚੋਂ ਲੰਘਣਾ ਪੈ ਰਿਹਾ ਉਸ ਲਈ ਕੌਣ ਕੌਣ ਜਿੰਮੇਵਾਰ ਹੈ ਉਸ ਬਾਰੇ ਬਿਕਰਮ ਸਿੰਘ ਮਜੀਠੀਆ ਚੰਗੀਤਰਾਂ ਜਾਣਦੇ ਹਨ। ਬਿਕਰਮ ਨੂੰ ਬੀਬਾ ਹਰਸਿਮਰਤ ਕੌਰ ਬਾਦਲ ਨੇ ਬਚਪਨ ਤੋਂ ਪਾਲਿਆ ਤੇ ਬਾਦਲ ਪਰਿਵਾਰ ਦਾ ਹਿੱਸਾ ਹੋਣ ਕਰਕੇ ਵੱਡੇ ਮਾਣ ਦਿਵਾਏ। ਸੁਖਬੀਰ ਸਿੰਘ ਬਾਦਲ ਨੇ ਮਜੀਠੀਆ ਦੀ ਔਖੇ ਸਮੇਂ ਡੱਟਕੇ ਪਿੱਠ ਪੂਰੀ ਪਰ ਅੱਜ ਅਕਾਲੀ ਦਲ ਤੇ ਸੁਖਬੀਰ ਸਿੰਘ ਬਾਦਲ ਉੱਪਰ ਆਏ ਔਖੇ ਸਮੇਂ ਬਿਕਰਮ ਸਿੰਘ ਮਜੀਠੀਆ ਨੇ ਨਾਲ ਡੱਟਕੇ ਖੜਣ ਦੀ ਥਾਂ ਇੱਕ ਤਰਾਂ ਨਾਲ ਪਿੱਠ ਵਿੱਚ ਛੁਰਾ ਮਾਰਿਆ ਹੈ।ਸਵ: ਸ.ਪ੍ਰਕਾਸ਼ ਸਿੰਘ ਬਾਦਲ ਦੇ ਜਾਣ ਪਿੱਛੋਂ ਅਕਾਲੀ ਦਲ ਅੰਦਰ ਬਣੇ ਹਾਲਾਤਾਂ ਨੂੰ ਲੈਕੇ ਮਜੀਠੀਆ ਦਾ ਫਰਜ ਬਣਦਾ ਸੀ ਕਿ ਉਸ ਮਹਾਨ ਵਿਅਕਤੀ ਦੇ ਅਹਿਸਾਨਾਂ ਕਾਰਣ ਉਸਦੀ ਵਿਰਾਸਤ ਨੂੰ ਸਾਂਭਣ ਵਿੱਚ ਸੁਖਬੀਰ ਸਿੰਘ ਬਾਦਲ ਦਾ ਡੱਟਕੇ ਸਾਥ ਦੇਂਦਾ।ਮੈਂ ਫਿਰ ਬਿਕਰਮ ਸਿੰਘ ਮਜੀਠੀਆ ਦੇ ਇਸ ਕਦਮ ਨੂੰ ਗਲਤ ਕਰਾਰ ਦੇਂਦਾ ਹੋਇਆ ਸਲਾਹ ਦੇਂਦਾ ਹਾਂ ਕਿ ਵਿਰੋਧੀਆਂ ਦੀ ਸਾਜਿਸ਼ ਦਾ ਹਿੱਸਾ ਬਨਣ ਦੀ ਥਾਂ ਆਓ ਰਲਕੇ ਏਨਾਂ ਸਾਜਿਸ਼ਾਂ ਦਾ ਮੁਕਾਬਲਾ ਕਰੀਏ। ਭੂੰਦੜ ਨੇ ਸਪੱਸ਼ਟ ਕੀਤਾ ਕਿ ਪਾਰਟੀ ਦੇ ਅੰਦਰ ਹਰ ਇੱਕ ਆਗੂ ਤੇ ਵਰਕਰ ਨੂੰ ਆਪਣੇ ਵਿਚਾਰ ਰੱਖਣ ਦਾ ਪੂਰਾ ਅਧਿਕਾਰ ਹੈ। ਮੈਂ ਸੁਪਨੇ ਵਿੱਚ ਵੀ ਕਿਆਸ ਨਹੀਂ ਸੀ ਕਰ ਸਕਦਾ ਕਿ ਬਿਕਰਮ ਸਿੰਘ ਮਜੀਠੀਆ ਪਾਰਟੀ ਦੇ ਜਾਬਤੇ ਦੀ ਇਸਤਰਾਂ ਉਲੰਘਣਾ ਕਰਨਗੇ।

ਗੁਰਦੁਆਰਾ ਗੁਰੂ ਨਾਨਕ ਦਰਬਾਰ ਲਸਾਲ ਪਾਰਕ ਕੈਨੇਡਾ ਵਿਖ਼ੇ ਸਿੱਖ ਪਰੰਪਰਾਵਾ ਨਾਲ ਜੁੜੇ ਰਹਿਣ ਲਈ ਦਸਤਾਰ ਅਤੇ ਗੱਤਕਾ ਸਿਖਲਾਈ ਦੇ ਨਾਲ ਗੁਰਮਤਿ ਕਲਾਸਾਂ ਹੋਈਆਂ ਸ਼ੁਰੂ: ਜਸਵਿੰਦਰ ਸਿੰਘ

ਨਵੀਂ ਦਿੱਲੀ  (ਮਨਪ੍ਰੀਤ ਸਿੰਘ ਖਾਲਸਾ):- ਗੁਰਦੁਆਰਾ ਗੁਰੂ ਨਾਨਕ ਦਰਬਾਰ ਲਸਾਲ ਪਾਰਕ ਕੈਨੇਡਾ ਵੱਲੋਂ ਦਸਤਾਰ ਅਤੇ ਦੁਮਾਲਾ ਸਜਾਉਣ ਦੇ ਮੁਕਾਬਲੇ ਕਰਵਾਏ ਗਏ। ਇਹ ਪ੍ਰੋਗਰਾਮ ਵਿਸ਼ੇਸ਼ ਤੌਰ ਤੇ ਹੋਲਾ ਮਹੱਲਾ, ਵਿਸਾਖੀ ਪੁਰਬ ਦੇ ਨਾਲ ਸ਼ਹੀਦ ਸਿੰਘਾਂ ਅਤੇ ਭਾਈ ਹਰਦੀਪ ਸਿੰਘ ਨਿਝਰ ਦੀ ਯਾਦ ਨੂੰ ਸਮਰਪਿਤ ਸੀ। ਇਸ ਮੌਕੇ ਸੰਗਤਾਂ ਨੂੰ ਸੰਬੋਧਨ ਕਰਦਿਆਂ ਗੁਰਦੁਆਰਾ ਸਾਹਿਬ ਦੇ ਜਨਰਲ ਸਕੱਤਰ ਭਾਈ ਜਸਵਿੰਦਰ ਸਿੰਘ ਨੇ ਸਭ ਨੂੰ ਜੀ ਆਇਆ ਕਿਹਾ । ਇਸ ਪ੍ਰੋਗਰਾਮ ਬਾਰੇ ਦਸਦਿਆਂ ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਫ਼ਲਸਫ਼ੇ "ਵਿਦਿਆ ਵੀਚਾਰੀ ਤਾਂ ਪਰਉਪਕਾਰੀ" ਉਪਰ ਚਲਦਿਆਂ ਸਾਡਾ ਉਦੇਸ਼ ਸਿੱਖ ਰਵਾਇਤਾਂ ਅਤੇ ਗੁਰਬਾਣੀ ਵਿੱਦਿਆ ਦੀ ਲੋਅ ਨੂੰ ਹਰ ਘਰ, ਹਰ ਬੱਚੀ ਤਕ ਪਹੁੰਚਾਉਣਾ ਹੈ ਜਿਸ ਨਾਲ ਸਵੈ-ਪਹਿਚਾਣ ਦੀ ਚਿਣਗ ਬਾਲ ਕੇ ਲਗਨ ਅਤੇ ਸਿਰੜ ਨਾਲ ਜ਼ਿੰਦਗੀ ਦੇ ਉੱਚ ਨਿਸ਼ਾਨੇ ਦੀ ਪ੍ਰਾਪਤੀ ਲਈ ਆਪਣੀ ਇੱਛਾ ਸ਼ਕਤੀ ਜਗਾਉਣ ਅਤੇ ਆਤਮ-ਨਿਰਭਰ ਬਣਕੇ ਆਪਣੀ ਸਮਾਜਿਕ ਹੋਂਦ ਨੂੰ ਸਥਾਪਿਤ ਕਰਨ। ਉਨ੍ਹਾਂ ਦਸਿਆ ਕਿ ਧਾਰਮਿਕ ਪ੍ਰਚਾਰ ਦੀ ਕੜੀ ਅੰਦਰ ਗੁਰਦੁਆਰਾ ਸਾਹਿਬ ਵਿਖ਼ੇ ਸਿੱਖ ਬੱਚਿਆਂ ਨੂੰ ਸਿੱਖੀ ਪਹਿਰਾਵੇ ਨਾਲ ਜੋੜਨ ਲਈ ਅਸੀਂ ਸੰਗਤ ਅਤੇ ਸਹਿਯੋਗੀ ਵੀਰਾਂ ਦੇ ਉਪਰਾਲੇ ਨਾਲ ਗੁਰਦੁਆਰਾ ਸਾਹਿਬ ਵਿਖ਼ੇ ਦਸਤਾਰ ਅਤੇ ਦੁਮਾਲੇ ਸਜਾਉਣ ਲਈ ਹਰ ਸ਼ੁਕਰਵਾਰ ਅਤੇ ਸ਼ਨੀਵਾਰ ਨੂੰ ਵਿਸ਼ੇਸ਼ ਕੈਪ ਲਗਾਇਆ ਕਰਾਂਗੇ ਜਿਸ ਨਾਲ ਓਹ ਸਿੱਖੀ ਪਹਿਰਾਵਾ ਅਤੇ ਸਿੱਖਾਂ ਦੀ ਸ਼ਾਨ ਦਸਤਾਰ/ਦੁਮਾਲਾ ਸਜਾਉਣਾ ਸਿੱਖ ਸਕਣ । ਉਨ੍ਹਾਂ ਦਸਿਆ ਕਿ ਗੁਰਦੁਆਰਾ ਸਾਹਿਬ ਵਿਖ਼ੇ ਪੰਜਾਬੀ ਅਤੇ ਗੁਰਮਤਿ ਸਿਖਾਉਣ ਦੀਆਂ ਕਲਾਸਾਂ ਚਲ ਰਹੀਆਂ ਹਨ ਤੇ ਸੰਗਤਾਂ ਇਸ ਦਾ ਭਰਪੂਰ ਸਾਥ ਦੇ ਰਹੀਆਂ ਹਨ। ਉਨ੍ਹਾਂ ਦਸਿਆ ਕਿ ਗੁਰਦੁਆਰਾ ਸਾਹਿਬ ਵਿਖ਼ੇ ਸੰਗਤਾਂ ਨੂੰ ਸ਼ਸ਼ਤਰ ਵਿਦਿਆ ਨਾਲ ਜੋੜਨ ਲਈ ਗੱਤਕਾ ਕਲਾਸਾਂ ਵੀ ਚਲ ਰਹੀਆਂ ਹਨ ਤੇ ਵਡੀ ਗਿਣਤੀ ਅੰਦਰ ਸੰਗਤਾਂ ਗੱਤਕੇ ਦੀਆਂ ਸਿਖਲਾਈ ਲੈ ਰਹੀਆਂ ਹਨ । ਭਾਈ ਜਸਵਿੰਦਰ ਸਿੰਘ ਨੇ ਇੰਨ੍ਹਾ ਸਮੂਹ ਪ੍ਰੋਗਰਾਮਾਂ ਵਿਚ ਸਹਿਯੋਗ ਦੇਣ ਵਾਲੇ ਵੀਰਾਂ ਸੱਜਣਾ ਦਾ ਉਚੇਚੇ ਤੌਰ ਤੇ ਧੰਨਵਾਦ ਕਰਦਿਆਂ ਅੱਗੇ ਵੀ ਇਸੇ ਤਰ੍ਹਾਂ ਉਨ੍ਹਾਂ ਵਲੋਂ ਸਹਿਯੋਗ ਮਿਲਦੇ ਰਹਿਣ ਦਾ ਭਰੋਸਾ ਜਤਾਇਆ ਸੀ ।


ਤਖਤਾਂ ਦੇ ਪ੍ਰਬੰਧ ਵਿਚ ਆਏ ਖਿੰਡਾਓ ਦੇ ਹੱਲ ਲਈ ਸੰਸਾਰ ਭਰ ਦੇ ਪੰਥਕ ਜਥਿਆਂ ਵਿਚ ਸੰਵਾਦ ਸ਼ੁਰੂ ਕਰਣ ਦੀ ਸਖ਼ਤ ਲੋੜ: ਪੰਚ ਪ੍ਰਧਾਨੀ ਪੰਥਕ ਜਥਾ

ਨਵੀਂ ਦਿੱਲੀ  (ਮਨਪ੍ਰੀਤ ਸਿੰਘ ਖਾਲਸਾ):- ਪੰਥ ਸੇਵਕ ਸਖਸ਼ੀਅਤਾਂ ਦੇ ਪੰਚ ਪ੍ਰਧਾਨੀ ਪੰਥਕ ਜਥੇ ਵੱਲੋਂ ਅੱਜ ਇਕ ਸਾਂਝਾ ਬਿਆਨ ਜਾਰੀ ਕਰਕੇ ਕਿਹਾ ਗਿਆ ਹੈ ਕਿ ਪਿਛਲੇ ਕਈ ਦਹਾਕਿਆਂ ਤੋਂ ਪੰਥਕ ਸੰਸਥਾਵਾਂ ਦੇ ਲਗਾਤਾਰ ਗਹਿਰੇ ਹੁੰਦੇ ਜਾ ਰਹੇ ਸੰਕਟਾਂ ਦੇ ਵਰਤਾਰੇ ਵਿਚ 2 ਦਸੰਬਰ 2024 ਨੂੰ ਸ੍ਰੀ ਅਕਾਲ ਤਖਤ ਸਾਹਿਬ ਉਤੇ ਹੋਈ ਕਾਰਵਾਈ ਇਕ ਅਹਿਮ ਪੜਾਅ ਸੀ। ਬਿਨਾ ਸ਼ੱਕ ਜੋ ਗੁਨਾਹ ਬਾਦਲ ਧੜੇ ਕੋਲੋਂ ਮੰਨਵਾਏ ਗਏ ਹਨ ਉਹ ਸਹੀ ਹਨ ਪਰ ਇਸ ਸਾਰੀ ਗਿਰਾਵਟ ਅਤੇ ਪੁਨਰਸੁਰਜੀਤੀ ਬਾਰੇ ਬਿਨਾ ਕਿਸੇ ਪੜਚੋਲ ਅਤੇ ਗੁਰਸੰਗਤਿ ਦੇ ਵੱਖ-ਵੱਖ ਜਥਿਆਂ ਸੰਸਥਾਵਾਂ ਦੀ ਸ਼ਮੂਲੀਅਤ ਨਾ ਕਰਵਾਉਣ ਕਾਰਨ 2 ਦਸੰਬਰ ਵਾਲੇ ਫੈਸਲਿਆਂ ਨਾਲ ਪੰਥ ਵਿਚ ਸੂਤਰਧਾਰਤਾ ਹੋਣ ਦੀ ਬਜਾਏ ਖਿੰਡਾਓ ਅਤੇ ਭੰਬਲਭੂਸਾ ਹੋਰ ਵੀ ਵਧ ਗਿਆ ਹੈ। ਪੰਚ ਪ੍ਰਧਾਨੀ ਪੰਥਕ ਜਥੇ ਵੱਲੋਂ ਕਿਹਾ ਗਿਆ ਹੈ ਕਿ ਪਿਛਲੇ ਤਿੰਨ ਮਹੀਨਿਆਂ ਦੌਰਾਨ ਵੱਖ-ਵੱਖ ਤਖਤਾਂ ਦੇ ਜਥੇਦਾਰਾਂ ਦੀ ਮਨਮਰਜੀ ਨਾਲ ਕੀਤੀ ਸੇਵਾ ਮੁਕਤੀ ਅਤੇ ਸ਼੍ਰੋਮਣੀ ਕਮੇਟੀ ਦੇ ਪਰਧਾਨ ਦਾ ਅਸਤੀਫਾ ਖਿੰਡਾਉ ਦੇ ਇਸ ਵਰਤਾਰੇ ਦੀ ਪਰਤੱਖ ਮਿਸਾਲ ਹੈ। ਉਹਨਾ ਕਿਹਾ ਕਿ 2 ਦਸੰਬਰ 2024 ਨੂੰ ਬਾਦਲ ਦਲ ਦੇ ਵਿਚ ਸਰਗਰਮ ਰਹੇ ਵੱਖ-ਵੱਖ ਵੋਟ ਰਾਜਨੀਤਕ ਆਗੂਆਂ, ਸ਼੍ਰੋਮਣੀ ਗੁਰਦੁਆਰਾ ਪਰਬੰਧਕ ਕਮੇਟੀ ਦੇ ਅਹੁਦੇਦਾਰਾਂ ਅਤੇ ਤਖਤਾਂ ਦੇ ਜਥੇਦਾਰਾਂ ਵਲੋਂ ਸਾਂਝੇ ਰੂਪ ਵਿਚ ਸੰਗਤ ਦੇ ਸਨਮੁਖ ਪੰਜ ਗੁਨਾਹ ਤਸਲੀਮ ਕੀਤੇ ਹਨ ਜਿਸ ਇਸ ਪ੍ਰਕਾਰ ਹਨ: ਪਹਿਲਾ, ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਦੋਖੀਆਂ ਤੇ ਸ਼ਬਦ ਗੁਰੂ ਦੀ ਘੋਰ ਬੇਅਦਬੀ ਕਰਨ ਵਾਲਿਆਂ (ਜਿਵੇਂ ਕਿ ਸਿਰਸੇ ਵਾਲੇ ਪਾਖੰਡੀ) ਨਾਲ ਸਾਂਝ ਰੱਖਣੀ ਤੇ ਉਹਨਾ ਦੀ ਪੁਸ਼ਤਪੁਨਾਹੀ ਕਰਨੀ ਦੁਜਾ, ਗੁਰੂ ਖਾਲਸਾ ਪੰਥ ਦੇ ਦੋਖੀਆਂ ਤੇ ਸਿੱਖਾਂ ਦੀ ਨਸਲਕੁਸ਼ੀ ਕਰਨ ਵਾਲੇ ਜਾਲਮ ਪੁਲਿਸ ਅਫਸਰਾਂ ਨੂੰ ਪ੍ਰਸ਼ਾਸਨਿਕ ਅਤੇ ਰਾਜਸੀ ਅਹੁਦੇ ਦੇਣੇ ਤੇ ਉਹਨਾ ਦੀ ਪੁਸ਼ਤਪਨਾਹੀ ਕਰਨੀ ਤੀਜਾ, ਸ੍ਰੀ ਅਕਾਲ ਤਖਤ ਸਾਹਿਬ ਦੀ ਸਿਰਮੌਰਤਾ ਅਤੇ ਸਾਖ ਨੂੰ ਢਾਹ ਲਾਉਣੀ ਚੌਥਾ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਧਾਰਮਿਕ ਸਾਖ, ਖੁਦਮੁਖਤਿਆਰੀ ਅਤੇ ਨਿਰਪੱਖਤਾ ਨੂੰ ਢਾਹ ਲਾਉਣੀ ਅਤੇ ਪੰਜਵਾਂ ਸਿੱਖਾਂ ਦੀ ਜਥੇਬੰਦੀ ਅਕਾਲੀ ਦਲ ਦਾ ਚਰਿੱਤਰ ਬਦਲ ਕੇ ਇਸ ਨੂੰ ਪੰਜਾਬੀ ਪਾਰਟੀ ਬਣਾਉਣਾ। ਉਹਨਾ ਕਿਹਾ ਕਿ ਇਹਨਾਂ ਗੰਭੀਰ ਗੁਨਾਹਾਂ ਬਾਬਤ ਬੀਤੇ ਲੰਮੇ ਸਮੇਂ ਤੋਂ ਬਹੁਤ ਸਾਰੇ ਪੰਥਪਰਸਤ ਜਥੇ ਅਤੇ ਸਖਸ਼ੀਅਤਾਂ ਲਗਾਤਾਰ ਖਾਲਸਾ ਪੰਥ ਨੂੰ ਸੁਚੇਤ ਕਰ ਰਹੇ ਸਨ। ਹੁਣ ਜਦੋਂ ਬਾਦਲ ਧੜੇ ਦੀ ਆਪਣੀ ਸਾਖ ਬਹੁਤ ਡਿੱਗ ਗਈ ਅਤੇ ਇਸ ਵਿਚ ਅੰਦਰੂਨੀ ਖਿੰਡਾਓ ਅਤੇ ਪਾਟੋਧਾੜ ਬਹੁਤ ਵਧ ਗਈ ਤੇ ਇਹਨਾ ਨੂੰ ਲਗਾਤਾਰ ਵੋਟਾਂ ਵਿਚ ਹਾਰ ਦਾ ਸਾਹਮਣਾ ਕਰਨਾ ਪਿਆ ਤਾਂ ਇਹਨਾ ਵੱਲੋਂ ਸ੍ਰੀ ਅਕਾਲ ਤਖਤ ਸਾਹਿਬ ਦੇ ਸਨਮੁਖ ਇਹ ਗੁਨਾਹ ਮੰਨੇ ਗਏ। ਪਰ ਇਹ ਮਾਮਲਾ ਕੁਛ ਆਗੂਆਂ ਦੀ ਧਾਰਮਿਕ ਸੁਧਾਈ ਦਾ ਨਹੀਂ ਹੈ, ਅਸਲ ਵਿਚ ਸ੍ਰੀ ਅਕਾਲ ਤਖਤ ਸਾਹਿਬ, ਸ਼੍ਰੋਮਣੀ ਗੁਰਦੁਆਰਾ ਪਰਬੰਧਕ ਕਮੇਟੀ ਅਤੇ ਅਕਾਲੀ ਰਾਜਨੀਤੀ ਦੀ ਸਾਖ ਅਤੇ ਸ਼ਾਨ ਦੀ ਪੁਨਰਸੁਰਜੀਤੀ ਦਾ ਹੈ। ਪਰ ਪੁਨਰਸੁਰਜੀਤੀ ਦੀ ਕਾਰਵਾਈ ਮੰਨੇ ਗਏ ਗੁਨਾਹਾਂ ਦੀ ਦੀਰਘ ਪੜਚੋਲ ਅਤੇ ਸਰਬਤ ਖਾਲਸਾ ਪੰਥ ਦੇ ਜਥਿਆਂ ਅਤੇ ਪੰਥਕ ਸਖਸ਼ੀਅਤਾਂ ਨੂੰ ਸ਼ਾਮਲ ਕੀਤੇ ਬਿਨਾ ਹੀ ਕੀਤੀ ਗਈ ਹੈ। ਇਸੇ ਕਰਕੇ 2 ਦਸੰਬਰ ਵਾਲੇ ਫੈਸਲਿਆਂ ਨਾਲ ਪੰਥ ਵਿਚ ਸੂਤਰਧਾਰਤਾ ਹੋਣ ਦੀ ਬਜਾਏ ਖਿੰਡਾਓ ਅਤੇ ਭੰਬਲਭੂਸਾ ਹੋਰ ਵੀ ਵਧ ਗਿਆ ਹੈ। ਪੰਚ ਪ੍ਰਧਾਨੀ ਪੰਥਕ ਜਥੇ ਨੇ ਕਿਹਾ ਹੈ ਕਿ ਇਸ ਮਸਲੇ ਦਾ ਹੱਲ ਤਾਂ ਹੀ ਹੋ ਸਕਦਾ ਹੈ ਜੇਕਰ ਪਹਿਲਾਂ ਬਾਦਲ ਦਲੀਆਂ ਵੱਲੋਂ ਮੰਨੇ ਗਏ ਗੁਨਾਹਾਂ ਦੇ ਕਾਰਨਾਂ ਦੀ ਪੜਚੋਲ ਕੀਤੀ ਜਾਵੇ। ਇਸ ਪੜਚੋਲ ਤੋਂ ਬਾਅਦ ਹੀ ਸਾਰਥਕ ਹੱਲ ਉਲੀਕੇ ਜਾ ਸਕਦੇ ਹਨ। ਉਹਨਾ ਕਿਹਾ ਕਿ ਇਸ ਵਿਆਪਕ ਪੜਚੋਲ ਲਈ ਗੁਰੂ ਖਾਲਸਾ ਪੰਥ ਅਤੇ ਗੁਰਸੰਗਤਿ ਦੇ ਸਰਬਤ ਸਰਗਰਮ ਸੰਸਥਾਵਾਂ ਤੇ ਜਥਿਆਂ ਦਰਮਿਆਨ ਪੁਖਤਾ ਸੰਵਾਦ ਰਚਾਉਣ ਦੀ ਸ਼ੁਰੂਆਤ ਕੀਤੀ ਜਾਣੀ ਚਾਹੀਦੀ ਹੈ।