image caption:

10 ਮਾਰਚ 2025 (ਸੋਮਵਾਰ) ਅੱਜ ਦੀਆਂ ਮੁੱਖ ਖਬਰਾਂ

ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਵਜੋਂ ਸੇਵਾ ਸੰਭਾਲੀ

ਨਵੀਂ ਦਿੱਲੀ (ਮਨਪ੍ਰੀਤ ਸਿੰਘ ਖਾਲਸਾ):- ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਨਵਨਿਯੁਕਤ ਜਥੇਦਾਰ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਅੱਜ ਅੰਮ੍ਰਿਤ ਵੇਲੇ ਤਖ਼ਤ ਸਾਹਿਬ ਦੇ ਪੰਜ ਪਿਆਰੇ ਸਾਹਿਬਾਨ ਦੀ ਹਾਜ਼ਰੀ ਵਿੱਚ ਜਥੇਦਾਰ ਵਜੋਂ ਸੇਵਾ ਸੰਭਾਲ ਲਈ ਹੈ। ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਜੀ ਅੰਮ੍ਰਿਤ ਵੇਲੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਪੁੱਜੇ ਜਿਸ ਉਪਰੰਤ ਉਹ ਤਖ਼ਤ ਸਾਹਿਬ ਵਿਖੇ ਨਤਮਸਤਕ ਹੋਏ। ਉਨ੍ਹਾਂ ਦੇ ਸੇਵਾ ਸੰਭਾਲ ਤੋ ਪਹਿਲਾਂ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਹੈੱਡ ਗ੍ਰੰਥੀ ਗਿਆਨੀ ਜੋਗਿੰਦਰ ਸਿੰਘ ਨੇ ਅਰਦਾਸ ਕੀਤੀ ਅਤੇ ਉਪਰੰਤ ਪੰਜ ਪਿਆਰੇ ਸਾਹਿਬਾਨ ਨੇ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਨੂੰ ਦਸਤਾਰ ਭੇਟ ਕੀਤੀ। ਇਸ ਮੌਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਕੱਤਰ ਸ. ਪ੍ਰਤਾਪ ਸਿੰਘ ਅਤੇ ਤਖ਼ਤ ਸਾਹਿਬ ਦੇ ਮੈਨੇਜਰ ਸ. ਮਲਕੀਤ ਸਿੰਘ ਨੇ ਵੀ ਦਸਤਾਰਾਂ ਭੇਟ ਕੀਤੀਆਂ। ਇਸ ਦੌਰਾਨ ਤਖ਼ਤ ਸਾਹਿਬ ਵਿਖੇ ਗ੍ਰੰਥੀ ਸਿੰਘਾਂ ਵੱਲੋਂ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਨੂੰ ਸਿਰੋਪਾਓ ਵੀ ਭੇਟ ਕੀਤੇ ਗਏ।
ਇਸ ਦੌਰਾਨ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਨੇ ਮੌਜੂਦਾ ਪੰਥਕ ਹਾਲਾਤਾਂ ਦੇ ਮੱਦੇਨਜ਼ਰ ਸਮੂਹ ਸਿੱਖ ਜਗਤ ਨੂੰ ਇੱਕ ਨਿਸ਼ਾਨ ਹੇਠ ਇੱਕਜੁੱਟ ਹੋਣ ਦੀ ਅਪੀਲ ਕੀਤੀ। ਉਨ੍ਹਾਂ ਨੇ ਪੰਥ ਵੱਲੋਂ ਤਖ਼ਤ ਸਾਹਿਬ ਦੀ ਸੇਵਾ ਸੰਭਾਲ ਦਾ ਮਾਣ ਬਖਸ਼ਣ &rsquoਤੇ ਦਸਾਂ ਪਾਤਸ਼ਾਹੀਆਂ ਅਤੇ ਗੁਰੂ ਗ੍ਰੰਥ ਸਾਹਿਬ ਦਾ ਸ਼ੁਕਰਾਨਾ ਕੀਤਾ। ਉਨ੍ਹਾਂ ਕਿਹਾ ਕਿ ਇਹ ਉਨ੍ਹਾਂ ਦੇ ਵੱਡੇ ਭਾਗ ਹਨ ਕਿ ਇੱਕ ਸਧਾਰਨ ਸਿੱਖ ਪਰਿਵਾਰ ਵਿੱਚ ਪੈਦਾ ਹੋ ਕੇ ਉਨ੍ਹਾਂ ਨੂੰ ਇੰਨੀ ਵੱਡੀ ਸੇਵਾ ਮਿਲੀ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਆਪਣਾ ਜੀਵਨ ਪਾਠੀ ਸਿੰਘ ਵਜੋਂ ਸ਼ੁਰੂ ਕਰਕੇ ਫਿਰ ਧਰਮ ਪ੍ਰਚਾਰ ਦੀ ਸੇਵਾ ਨੂੰ ਚੁਣਿਆ ਸੀ ਤੇ ਗੁਰੂ ਪੰਥ ਦੀ ਸੇਵਾ ਦੇ ਵਿੱਚ ਇੱਕ ਪ੍ਰਚਾਰਕ ਵਜੋਂ ਹੀ ਵਿਚਰਦੇ ਰਹਿਣਗੇ।
ਪੰਥ ਨੂੰ ਦਰਪੇਸ਼ ਧਾਰਮਿਕ, ਸਮਾਜਿਕ ਅਤੇ ਰਾਜਨੀਤਿਕ ਮਸਲਿਆਂ ਬਾਰੇ ਗੱਲ ਕਰਦਿਆਂ ਗਿਆਨੀ ਕੁਲਦੀਪ ਸਿੰਘ ਨੇ ਕਿਹਾ ਕਿ ਸਾਡੇ ਬਹੁਤੇ ਮਸਲੇ ਗੁਰੂ ਦਰ ਨਾਲੋਂ ਟੁੱਟਣ ਕਾਰਨ ਪੈਦਾ ਹੋਏ ਹਨ। ਇਹ ਫਿਕਰਮੰਦੀ ਦੀ ਗੱਲ ਹੈ ਕਿ ਅੱਜ ਧਾਰਮਿਕ ਤੌਰ &rsquoਤੇ ਸਿੱਖਾਂ ਵਿੱਚ ਬੇਇਤਫਾਕੀ ਵਾਲਾ ਮਾਹੌਲ ਹੈ। ਸਾਡੇ ਵਿੱਚ ਧੜੇਬੰਦੀਆਂ ਤੇ ਵਿਚਾਰਧਾਰਕ ਵਖਰੇਵਿਆਂ ਨੇ ਵੱਡੇ ਮੁਫਾਦ ਪੈਦਾ ਕੀਤੇ ਹੋਏ ਹਨ। ਧਾਰਮਿਕ ਤੇ ਸਿਆਸੀ ਤੌਰ ਤੇ ਯੋਗ ਅਗਵਾਈ ਦੀ ਘਾਟ ਕਾਰਨ ਮਿਲ ਬੈਠ ਕੇ ਮਸਲਿਆਂ ਨੂੰ ਸੁਲਝਾਉਣ ਦੀ ਥਾਂ ਤੇ ਇੱਕ ਦੂਜੇ ਨੂੰ ਨੀਵਾਂ ਦਿਖਾਉਣ ਦੀ ਪ੍ਰਪਾਟੀ ਚੱਲ ਰਹੀ ਹੈ । ਅਜਿਹੇ ਬਿਖਮ ਸਮੇਂ ਵਿੱਚ ਗੁਰੂ &rsquoਤੇ ਵਿਸ਼ਵਾਸ ਰੱਖ ਕੇ ਮਿਲ ਬੈਠਣ ਦੇ ਵਸੀਲੇ ਬਣਾਉਣ ਦੀ ਲੋੜ ਹੈ ।
ਉਨ੍ਹਾਂ ਕਿਹਾ ਕਿ ਸਿਆਸੀ ਤੌਰ &rsquoਤੇ ਸਿੱਖ ਪੰਥ ਵੱਡੇ ਹਮਲਿਆਂ ਦਾ ਸ਼ਿਕਾਰ ਹੈ ਜਿੱਥੇ ਇੱਕ ਪਾਸੇ ਦੇਸ਼ ਵਿੱਚ ਘੱਟ ਗਿਣਤੀਆਂ ਵਿੱਚ ਡਰ ਦਾ ਮਾਹੌਲ ਪੈਦਾ ਕੀਤਾ ਗਿਆ ਹੈ ਉੱਥੇ ਹੀ ਰਾਜਸੀ ਤਾਕਤ ਨੂੰ ਵਰਤਦਿਆਂ ਸਿੱਖਾਂ ਦੇ ਖਿਲਾਫ ਕਾਲੇ ਕਾਨੂੰਨ ਅਤੇ ਯੂਏਪੀਏ, ਐੱਨਐੱਸਏ ਵਰਗੀਆਂ ਧਾਰਾਵਾਂ ਲਾ ਕੇ ਨੌਜਵਾਨੀ ਨੂੰ ਲੰਮੇ ਸਮੇਂ ਤੋਂ ਜੇਲ੍ਹਾਂ ਵਿੱਚ ਬੰਦ ਕੀਤਾ ਹੋਇਆ ਹੈ। ਦੇਸ਼ ਦੇ ਹੁਕਮਰਾਨ 1984 ਦੇ ਸਿੱਖ ਕਤਲੇਆਮ ਦਾ 40 ਸਾਲ ਬੀਤ ਜਾਣ ਮਗਰੋਂ ਵੀ ਇਨਸਾਫ਼ ਦਵਾਉਣ ਵਿੱਚ ਵੀ ਨਕਾਮ ਰਹੇ ਹਨ। ਸਿੱਖਾਂ ਦੀ ਰਾਜਸੀ ਤਾਕਤ ਖਿੰਡੀ ਹੋਣ ਕਰਕੇ ਦਹਾਕਿਆਂ ਤੋਂ ਜੇਲ੍ਹਾਂ ਵਿੱਚ ਬੰਦ ਸਿੱਖ ਬੰਦੀਆਂ ਨੂੰ ਤਾਂ ਕੋਈ ਜਮਾਨਤ ਨਹੀਂ ਮਿਲਦੀ ਪਰ ਕਿਸੇ ਸਿੱਖ ਵਿਰੋਧੀ ਝੂਠੇ ਡੇਰੇਦਾਰਾਂ ਨੂੰ ਨਿੱਤ ਦਿਹਾੜੇ ਲੰਮੀਆਂ ਛੁਟੀਆਂ ਦੇ ਕੇ ਸਿੱਖਾਂ ਨੂੰ ਤਪਾਇਆ ਜਾਂਦਾ ਹੈ।
ਗਿਆਨੀ ਕੁਲਦੀਪ ਸਿੰਘ ਨੇ ਕਿਹਾ ਕਿ ਪੰਜਾਬ ਦੀ ਸਿੱਖ ਅਬਾਦੀ ਨੂੰ ਇਥੋਂ ਭੱਜ ਜਾਣ ਲਈ ਮਜਬੂਰ ਕੀਤਾ ਜਾ ਰਿਹਾ ਹੈ ਤੇ ਬਦਲੇ ਵਿੱਚ ਗੈਰ ਪੰਜਾਬੀ ਅਬਾਦੀ ਨੂੰ ਧੜਾਧੜ ਵਸਾ ਕੇ ਸਿੱਖਾਂ ਨੂੰ ਪੰਜਾਬ ਵਿੱਚ ਘੱਟ ਗਿਣਤੀ ਬਣਾਉਣ ਦੀ ਗਹਿਰੀ ਸਾਜ਼ਸ਼ ਚੱਲ ਰਹੀ ਹੈ। ਉਨ੍ਹਾਂ ਕਿਹਾ ਪੰਜਾਬ ਦੇ ਸਿਆਸਤਦਾਨਾਂ ਨੂੰ ਕਿਸੇ ਡੇਰੇ ਦੀਆਂ ਜਾਂ ਪ੍ਰਵਾਸੀਆਂ ਦੀਆਂ ਕੁਝ ਹਜਾਰ ਵੋਟਾਂ ਦੀ ਤਾਂ ਫਿਕਰ ਹੈ ਪਰ ਇੱਥੇ ਵੱਸਦੇ ਲੱਖਾਂ ਸਿੱਖਾਂ ਦੀਆਂ ਵੋਟ ਨੂੰ ਉਹ ਕਿਸੇ ਖਾਤੇ ਨਹੀਂ ਗਿਣਦੇ ਇਸ ਦਾ ਵੱਡਾ ਕਾਰਨ ਇਹ ਹੈ ਕਿ ਅਸੀਂ ਬਹੁਤ ਹੀ ਬੁਰੀ ਤਰ੍ਹਾਂ ਵੰਡੇ ਹੋਏ ਹਾਂ।
ਗਿਆਨੀ ਕੁਲਦੀਪ ਸਿੰਘ ਨੇ ਕਿਹਾ ਕਿ ਸਮਾਜਿਕ ਤੌਰ ਤੇ ਅੱਜ ਸਿੱਖ ਸਮਾਜ ਕਈ ਗੰਭੀਰ ਰੋਗਾਂ ਦਾ ਸ਼ਿਕਾਰ ਹੋ ਚੁੱਕਾ ਹੈ ਜਿਸ ਵਿੱਚ ਸਾਡੀ ਨੌਜਵਾਨੀ ਨਸ਼ਿਆਂ ਦੇ ਆਪਾਘਾਤੀ ਰਾਹ ਪੈ ਕੇ ਮਰ ਰਹੀ ਹੈ। ਉਨ੍ਹਾਂ ਕਿਹਾ ਕਿ ਸੂਬੇ ਵਿੱਚ ਕਈ ਸਰਕਾਰਾਂ ਬਦਲ ਗਈਆਂ ਹਨ ਪਰ ਨਸ਼ੇ ਦਾ ਵਹਿਣ ਰੁਕਣ ਦੀ ਥਾਂ ਤੇ ਲਗਾਤਾਰ ਵੱਧ ਰਿਹਾ ਹੈ ਤੇ ਹਜ਼ਾਰਾਂ ਨੌਜਵਾਨ ਬੱਚੇ ਤੇ ਬੱਚੀਆਂ ਮੌਤ ਦੇ ਮੂੰਹ ਜਾ ਪਏ ਹਨ। ਪਦਾਰਥਵਾਦ ਤੇ ਧਰਮ ਤੋਂ ਟੁੱਟੇ ਹੋਏ ਸਮਾਜ ਵਿੱਚ ਅਜਿਹੇ ਔਗੁਣ ਪਨਪਣ ਲੱਗ ਪੈਂਦੇ ਹਨ ਜਿਨ੍ਹਾਂ ਦਾ ਇਲਾਜ ਕੇਵਲ ਧਰਮ ਹੈ। ਗਿਆਨੀ ਕੁਲਦੀਪ ਸਿੰਘ ਨੇ ਧਰਮ ਪਰਿਵਰਤਨ ਉੱਤੇ ਵੀ ਗਹਿਰੀ ਚਿੰਤਾ ਪ੍ਰਗਟ ਕਰਦਿਆਂ ਕਿਹਾ ਕਿ ਇਨ੍ਹਾਂ ਸਾਰੀਆਂ ਸਮੱਸਿਆਵਾਂ ਦੇ ਹੱਲ ਲਈ ਜ਼ਮੀਨੀ ਪੱਧਰ ਉੱਤੇ ਅਸਰਦਾਰ ਧਰਮ ਪ੍ਰਚਾਰ ਲਹਿਰ ਦੀ ਜ਼ਰੂਰਤ ਹੈ, ਜਿਸ ਨੂੰ ਉਹ ਸਿੱਖ ਸੰਤਾਂ, ਮਹਾਂਪੁਰਖਾਂ, ਸੰਪਰਦਾਵਾਂ, ਗਿਆਨੀਆਂ ਅਤੇ ਵਿਦਵਾਨਾਂ ਦੀ ਮਦਦ ਨਾਲ ਪਹਿਲ ਦੇ ਅਧਾਰ &rsquoਤੇ ਸ਼ੁਰੂ ਕਰਨਗੇ।
ਉਨ੍ਹਾਂ ਕਿਹਾ ਕਿ ਸਾਨੂੰ ਅਠਾਰਵੀਂ ਸਦੀ ਦੇ ਬਿਖਮ ਪੈਂਡਿਆਂ ਵਿਚ ਸਿੱਖੀ ਨੂੰ ਆਪਣੇ ਮਨ ਬਚਨ ਤੇ ਕਰਮ ਨਾਲ ਨਿਭਾਉਣ ਵਾਲੇ ਮਹਾਨ ਗੁਰਸਿੱਖਾਂ ਤੋਂ ਸੇਧ ਲੈ ਕੇ ਉਨ੍ਹਾਂ ਵਰਗਾ ਜੀਵਨ ਧਾਰਨ ਕਰਨਾ ਪਵੇਗਾ। ਉਨ੍ਹਾਂ ਸਿੱਖ ਕਿਰਦਾਰ ਦੇ ਉਸਰਈਏ ਵੱਡੇ ਮਹਾਂਪੁਰਖਾਂ ਨੂੰ ਯਾਦ ਕਰਦਿਆਂ ਕਿਹਾ ਕਿ ਅੱਜ ਸਾਨੂੰ ਬਾਬਾ ਸਾਹਿਬ ਸਿੰਘ ਬੇਦੀ, ਅਕਾਲੀ ਜਥੇਦਾਰ ਫੂਲਾ ਸਿੰਘ, ਬਾਬਾ ਰਾਮ ਸਿੰਘ, ਸੰਤ ਅਤਰ ਸਿੰਘ ਮਸਤੂਆਣੇ ਵਾਲੇ, ਬਾਬਾ ਨੰਦ ਸਿੰਘ ਜੀ, ਸੰਤ ਕਰਤਾਰ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ, ਸੰਤ ਬਾਬਾ ਜਰਨੈਲ ਸਿੰਘ ਜੀ ਭਿੰਡਰਾਂ ਵਾਲੇ, ਸੰਤ ਬਾਬਾ ਹਰਨਾਮ ਸਿੰਘ ਜੀ ਰਾਮਪੁਰ ਖੇੜੇ ਵਾਲੇ, ਬਾਬਾ ਦਇਆ ਸਿੰਘ ਜੀ ਸੁਰ ਸਿੰਘ ਵਾਲੇ, ਭਾਈ ਕਾਨ੍ਹ ਸਿੰਘ ਨਾਭਾ, ਗਿਆਨੀ ਦਿੱਤ ਸਿੰਘ, ਭਾਈ ਵੀਰ ਸਿੰਘ ਅਤੇ ਪ੍ਰੋ. ਪੂਰਨ ਸਿੰਘ ਜਹੇ ਮਹਾਂਪੁਰਖਾਂ ਵਾਲਾ ਜੀਵਨ ਅਤੇ ਨਿਸ਼ਚਾ ਰੱਖ ਕੇ ਧਰਮ ਪ੍ਰਚਾਰ ਦੇ ਖੇਤਰ ਵਿੱਚ ਨਿਤਰਨਾ ਚਾਹੀਦਾ ਹੈ । ਉਨ੍ਹਾਂ ਕਿਹਾ ਕਿ ਅਸੀਂ ਮੌਜੂਦਾ ਸਿੱਖ ਸਿਆਸਤਦਾਨਾਂ ਤੋਂ ਵੀ 20ਵੀਂ ਸਦੀ ਦੇ ਅਕਾਲੀ ਲਹਿਰ ਦੇ ਆਗੂਆਂ ਵਾਲੇ ਜੀਵਨ ਅਤੇ ਕਿਰਦਾਰ ਦੀ ਤਵੱਕੋ ਕਰਦੇ ਹਾਂ।
ਪਿਛਲੇ ਸਮੇਂ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਤੇ ਸਬੰਧ ਵਿੱਚ 2 ਦਸੰਬਰ ਨੂੰ ਸਿੰਘ ਸਾਹਿਬਾਨ ਵੱਲੋਂ ਲਏ ਫੈਸਲੇ ਬਾਰੇ ਗੱਲ ਕਰਦਿਆਂ ਜਥੇਦਾਰ ਗਿਆਨੀ ਕੁਲਦੀਪ ਸਿੰਘ ਨੇ ਕਿਹਾ ਕਿ ਅਕਾਲ ਤਖ਼ਤ ਸਾਹਿਬ ਤੋਂ ਗੁਰਮਤਿ ਦੀ ਰੋਸ਼ਨੀ ਵਿੱਚ ਨਿਕਲੇ ਹੁਕਮਨਾਮਿਆਂ ਨਾਲ ਕੋਈ ਛੇੜਛਾੜ ਨਹੀਂ ਹੋ ਸਕਦੀ ਅਤੇ ਇਹੀ ਗੱਲ 2 ਦਸੰਬਰ ਨੂੰ ਜਾਰੀ ਹੋਏ ਹੁਕਮਨਾਮਿਆਂ &rsquoਤੇ ਇੰਨ ਬਿੰਨ ਲਾਗੂ ਹੁੰਦੀ ਹੈ। ਸੋ ਅਜਿਹੇ ਇਤਰਾਜ਼ਾਂ ਨੂੰ ਧਿਆਨ ਵਿੱਚ ਰੱਖਦਿਆਂ ਭਰਤੀ ਕਮੇਟੀ ਦੇ ਸਬੰਧ ਵਿੱਚ ਮੁੜ ਨਜ਼ਰਸਾਨੀ ਕੀਤੀ ਜਾਵੇਗੀ ਅਤੇ ਸਬੰਧਤ ਧਿਰਾਂ ਦੇ ਇਤਰਾਜ਼ ਦੂਰ ਕਰਨ ਹਿੱਤ ਫੈਸਲਾ ਲਿਆ ਜਾਵੇਗਾ। ਸਬੰਧਤ ਧਿਰਾਂ ਨੂੰ ਤਕੀਦ ਕੀਤੀ ਜਾਂਦੀ ਹੈ ਕਿ ਉਹ ਇਸ ਸਬੰਧ ਵਿੱਚ ਇੱਕ ਦੂਜੇ ਪ੍ਰਤੀ ਕੁੜੱਤਣ ਭਰੀ ਬਿਆਨਬਾਜੀ ਤੋਂ ਗ਼ੁਰੇਜ਼ ਕਰਨ। ਉਨ੍ਹਾਂ ਕਿਹਾ ਕਿ 2 ਦਸੰਬਰ ਦੇ ਫੈਸਲਿਆਂ ਵਿੱਚ ਇੱਕ ਅਹਿਮ ਫੈਸਲਾ ਪੰਥਕ ਏਕਤਾ ਦਾ ਵੀ ਕੀਤਾ ਗਿਆ ਸੀ ਜਿਸ ਸੰਬੰਧ ਵਿੱਚ ਦੋਵਾਂ ਧਿਰਾਂ ਵੱਲੋਂ ਹੁਣ ਤੱਕ ਕੋਈ ਉਦਮ ਨਹੀਂ ਕੀਤਾ ਗਿਆ । ਇਸ ਫੈਸਲੇ ਨੂੰ ਲਾਗੂ ਕਰਾਉਣ ਲਈ ਵੀ ਸਬੰਧਤ ਧਿਰਾਂ ਦੇ ਦਾਵਿਆਂ ਦੀ ਮੁੜ ਨਜ਼ਰਸਾਨੀ ਕੀਤੀ ਜਾਵੇਗੀ।
ਅੰਤ ਵਿੱਚ ਸਿੱਖ ਪੰਥ ਨੂੰ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਰੂਹ &rsquoਚੋਂ ਪ੍ਰਗਟ ਹੋਏ ਵਿਲੱਖਣ ਤਿਉਹਾਰ ਹੋਲੇ ਮਹੱਲੇ ਦੀ ਵਧਾਈ ਦਿੰਦਿਆਂ ਜਥੇਦਾਰ ਕੁਲਦੀਪ ਸਿੰਘ ਗੜਗੱਜ ਨੇ ਸਿੱਖ ਨੌਜਵਾਨਾਂ ਨੂੰ ਸੱਦਾ ਦਿੰਦਿਆਂ ਕਿਹਾ ਕਿ ਉਹ ਗੁਰੂ ਪ੍ਰੇਮ ਵਿੱਚ ਭਿੱਜ ਕੇ ਹੋਲੇ ਮਹੱਲੇ ਦੀਆਂ ਰੌਣਕਾਂ ਵਿੱਚ ਵਾਧਾ ਕਰਨ ਤੇ ਇਸ ਤਿਉਹਾਰ ਨੂੰ ਸੇਵਾ ਸਿਮਰਨ ਸਿੱਖੀ ਦੇ ਜੋਸ਼ ਤੇ ਜਜ਼ਬੇ ਨਾਲ ਖਾਲਸੇ ਦੀ ਪਾਵਨ ਧਰਤੀ ਤੇ ਆ ਕੇ ਮਨਾਉਣ। ਉਨ੍ਹਾਂ ਪਤਿਤ ਨੌਜਵਾਨਾਂ ਨੂੰ ਤਾਕੀਦ ਕੀਤੀ ਕਿ ਉਹ ਇਸ ਖਾਸ ਮੌਕੇ ਤੇ ਸਿਰਾਂ &rsquoਤੇ ਰੁਮਾਲ ਆਦਿ ਬੰਨ੍ਹਣ ਦੀ ਥਾਂ ਦਸਤਾਰਾਂ ਸਜਾ ਕੇ ਹੀ ਸ੍ਰੀ ਅਨੰਦਪੁਰ ਸਾਹਿਬ ਦੇ ਰਾਹ ਤੁਰਨ। ਗਿਆਨੀ ਕੁਲਦੀਪ ਸਿੰਘ ਨੇ ਸਮੂਹ ਜਥੇਬੰਦੀਆਂ, ਦਲ ਪੰਥ, ਟਕਸਾਲਾਂ ਤੇ ਸਿੱਖ ਆਗੂਆਂ ਤੋਂ ਸਹਿਯੋਗ ਦੀ ਆਸ ਕੀਤੀ।
ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਮੀਤ ਸਕੱਤਰ ਸ. ਗੁਰਚਰਨ ਸਿੰਘ ਕੁਹਾਲਾ, ਚੀਫ਼ ਗੁਰਦੁਆਰਾ ਇੰਸਪੈਕਟਰ ਸ. ਜਗਦੀਸ਼ ਸਿੰਘ ਬੁੱਟਰ, ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਵਧੀਕ ਮੈਨੇਜਰ ਸ. ਹਰਦੇਵ ਸਿੰਘ ਆਦਿ ਮੌਜੂਦ ਸਨ।

 ਤਖ਼ਤਾਂ ਦੇ ਜਥੇਦਾਰਾਂ ਦੀ ਨਿਯੁਕਤੀ ਤੇ ਸੇਵਾ ਮੁਕਤੀ ਦੇ ਸਿਧਾਂਤ ਨੂੰ ਬਾਦਲਾਂ ਛਿੱਕੇ ਟੰਗਿਆ: ਜਰਮਨੀ ਸਿੱਖ ਜੱਥੇਬੰਦੀਆਂ

👉 ਦਲ ਪੰਥ, ਸੰਸਥਾਵਾਂ, ਪੰਥਕ ਜਥੇਬੰਦੀਆਂ, ਪੰਥਕ ਸਖਸ਼ੀਅਤਾਂ ਰੋਸ ਵਜੋਂ ਦਸਤਾਰ- ਬੰਦੀ ਸਮਾਗਮ ਚ ਸ਼ਮੂਲੀਅਤ ਨਾ ਕਰਨ

ਨਵੀਂ ਦਿੱਲੀ  (ਮਨਪ੍ਰੀਤ ਸਿੰਘ ਖਾਲਸਾ):- ਜਰਮਨੀ ਦੀਆਂ ਪੰਥਕ ਜਥੇਬੰਦੀਆਂ ਦੇ ਆਗੂਆਂ
ਭਾਈ ਗੁਰਮੀਤ ਸਿੰਘ ਖਨਿਆਣ, ਭਾਈ ਗੁਰਦਿਆਲ ਸਿੰਘ ਲਾਲੀ, ਭਾਈ ਅਮਰਜੀਤ ਸਿੰਘ ਮੰਗੂਪੁਰ, ਜਥੇਦਾਰ ਰੇਸ਼ਮ ਸਿੰਘ ਬੱਬਰ, ਭਾਈ ਰਜਿੰਦਰ ਸਿੰਘ, ਭਾਈ ਲਖਵਿੰਦਰ ਸਿੰਘ ਮੱਲ੍ਹੀ, ਭਾਈ ਹੀਰਾ ਸਿੰਘ ਮੱਤੇਵਾਲ ਨੇ ਸਾਂਝੇ ਬਿਆਨ 'ਚ ਕਿਹਾ ਕਿ 2 ਦਸੰਬਰ ਨੂੰ ਸੁਖਬੀਰ ਸਿੰਘ ਬਾਦਲ ਤੇ ਉਨ੍ਹਾਂ ਦੇ ਸਾਥੀਆਂ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਨਮੁੱਖ ਪੇਸ਼ ਹੈ ਕੇ ਆਪਣੇ ਰਾਜ ਭਾਗ ਸਮੇਂ ਸਿੱਖ ਪੰਥ ਵਿਰੋਧੀ ਕੀਤੇ ਬੱਜਰ ਗੁਨਾਹਾਂ ਨੂੰ ਮੰਨਿਆ। ਸਿੰਘ ਸਾਹਿਬਾਨਾਂ ਵੱਲੋਂ ਲਗਾਈ ਗਈ ਧਾਰਮਿਕ ਸੇਵਾ ਤਾਂ ਕਰ ਲਈ ਬਾਅਦ ਇਹ ਲਾਣਾ ਬਾਕੀ ਹੁਕਮਨਾਮੇ ਤੋਂ ਬਾਗ਼ੀ ਹੋ ਕੇ ਸ੍ਰੀ ਅਕਾਲ ਤਖ਼ਤ ਸਾਹਿਬ ਦੀਆਂ ਪ੍ਰੰਪਰਾਵਾਂ ਦਾ ਮਜ਼ਾਕ ਉਡਾਉਂਦਾ ਆ ਰਿਹਾ ਹੈ । ਜਥੇਦਾਰਾਂ ਦੀ ਨਿਯੁਕਤੀ ਅਤੇ ਸੇਵਾ ਮੁਕਤੀ ਦੇ ਹਰ ਸਿਧਾਂਤ ਨੂੰ ਛਿੱਕੇ ਟੰਗ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਬਾਦਲ ਟੱਬਰ ਦੀ ਸਿਆਸਤ ਬਚਾਉਣ ਲਈ ਤਖ਼ਤ ਸਾਹਿਬਾਨਾਂ ਦੇ ਜਥੇਦਾਰਾਂ ਪ੍ਰਤੀ ਨਾਦਰਸ਼ਾਹੀ ਫੁਰਮਾਨ ਜਾਰੀ ਕਰ ਰਹੀ ਹੈ ਜੋ ਕਿ ਬਹੁਤ ਹੀ ਨਿੰਦਣਯੋਗ ਗੈਰ-ਸਿਧਾਂਤਿਕ ਕਾਰਵਾਈਆਂ ਹਨ। ਪਿਛਲੇ ਦਿਨਾਂ 'ਚ ਜਥੇਦਾਰਾਂ ਨੂੰ ਹਟਾਉਣ ਤੇ ਲਾਉਣ ਦੀਆਂ ਮਨਮਰਜ਼ੀਆਂ ਕੀਤੀਆਂ ਗਈਆਂ ਹਨ। ਇਸ ਬਾਰੇ ਸਮੁੱਚੇ ਪੰਥ ਚ ਰੋਹ ਤਾਂ ਹੈ ਹੀ ਉਸ ਦੇ ਨਾਲ ਨਾਲ ਅਕਾਲੀ ਦਲ ਦੇ ਅੰਦਰ ਵੀ ਇਸ ਗੈਰ- ਸਿਧਾਂਤਿਕ ਫ਼ੈਸਲਿਆਂ ਦਾ ਸਖ਼ਤ ਵਿਰੋਧ ਹੋਣਾ ਅਤੇ ਅਸਤੀਫ਼ਿਆਂ ਦੀ ਵਧਦੀ ਗਿਣਤੀ ਕੀਤੇ ਗਏ ਫੈਸਲਿਆਂ ਤੋ ਅਤਿ ਨਿਰਾਸ਼ ਦਿੱਖ ਰਹੀ ਹੈ। ਸਿੱਖਾਂ ਤੇ ਹੋਏ ਪਹਿਲੇ ਹਮਲਿਆਂ ਨੇ ਅਕਾਲ ਤਖ਼ਤ ਸਾਹਿਬ ਦਰਬਾਰ ਸਾਹਿਬ ਦੀਆਂ ਇਮਾਰਤਾਂ, ਸਰੋਵਰਾਂ ਅਤੇ ਸਿੱਖਾਂ ਨੂੰ ਖ਼ਤਮ ਕਰਨ ਦਾ ਨਿਸ਼ਾਨਾ ਬਣਾਇਆ ਜਿਸ ਦਾ ਸਿੱਖਾਂ ਡਟ ਕੇ ਮੁਕਾਬਲਾ ਕੀਤਾ। ਮੁੜ ਦੁਸ਼ਮਣ ਨੂੰ ਵੰਗਾਰਦੇ ਰਹੇ ਤੇ ਉਨ੍ਹਾਂ ਨੂੰ ਮੂੰਹ ਤੋੜ ਜਵਾਬ ਦੇਕੇ ਦੁਸ਼ਮਣ ਨੂੰ ਪਛਾੜਦੇ ਰਹੇ।
ਸਰਬ ਉੱਚ ਤਖ਼ਤ ਸ੍ਰੀ ਅਕਾਲ ਤਖ਼ਤ ਸਾਹਿਬ ਜੋ ਸੰਸਾਰ ਭਰ ਚ ਵੱਸਦੇ ਗੁਰੂ ਨਾਨਕ ਨਾਮ ਲੇਵਾ ਸਿੱਖਾਂ ਲਈ ਮੀਰੀ-ਪੀਰੀ ਦੇ ਸਿਧਾਂਤ ਦੀ ਸੇਧ ਦਿੰਦਾ ਹੈ। ਬਾਦਲ ਦਲੀਏ ਆਪਣੀ ਜਕੜ ਸਦਕਾ ਮਨ ਮਰਜ਼ੀ ਦੇ ਫ਼ੈਸਲੇ ਅਤੇ ਨਿਯੁਕਤੀਆਂ ਕਰ ਰਿਹਾ ਹੈ ਸਿੱਖਾਂ ਦੇ ਹਿਰਦਿਆ ਨੂੰ ਵਲੂੰਧਰਿਆ ਹੀ ਨਹੀਂ ਸਗੋਂ ਸਿੱਖੀ ਸਿਧਾਂਤ ਦੀਆਂ ਜੜ੍ਹਾਂ ਵੱਡਣ ਦਾ ਕੁਹਾੜਾ ਚਲਾਇਆ ਜਾ ਰਿਹਾ ਹੈ, ਇਹ ਬਰਦਾਸ਼ਤ ਯੋਗ ਨਹੀਂ ਹੈ । ਸਮੂਹ ਆਗੂਆਂ ਵੱਲੋਂ ਬੇਨਤੀ ਕੀਤੀ ਗਈ ਕਿ ਸਮੂੱਹ ਸੰਪਰਦਾਵਾਂ, ਗੁਰੂ ਘਰ, ਪੰਥਕ ਜਥੇਬੰਦੀਆਂ, ਸਭਾ , ਸੁਸਾਇਟੀਆਂ ਅਤੇ ਪੰਥਕ ਸ਼ਖਸ਼ੀਅਤਾਂ ਬਾਦਲ ਜੁੰਡਲੀ ਵੱਲੋਂ ਗੈਰ ਸਿਧਾਂਤਕ ਥਾਪੇ ਜਥੇਦਾਰਾਂ ਦੇ ਹੋਣ ਵਾਲੇ ਦਸਤਾਰ-ਬੰਦੀ ਸਮਾਗਮ ਚ ਸ਼ਮੂਲੀਅਤ ਨਾ ਕਰਨ ।


ਸਰਨਾ ਭਰਾਵਾਂ ਨੇ ਹਮੇਸ਼ਾ ਸ੍ਰੀ ਅਕਾਲ ਤਖ਼ਤ ਸਾਹਿਬ ਨਾਲ ਮੱਥਾ ਲਗਾ ਕੇ ਸਿੱਖ ਕੌਮ ਦਾ ਨੁਕਸਾਨ ਕੀਤਾ: ਦਿੱਲੀ ਗੁਰਦੁਆਰਾ ਕਮੇਟੀ

ਨਵੀਂ ਦਿੱਲੀ,  (ਮਨਪ੍ਰੀਤ ਸਿੰਘ ਖਾਲਸਾ):- ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਪੰਥ ਵਿਚ ਚਲ ਰਹੇ ਗੰਭੀਰ ਸੰਕਟ ਵਿਚ ਸਰਨਾ ਭਰਾਵਾਂ ਵੱਲੋਂ ਹਮੇਸ਼ਾ ਵਾਂਗੂ ਇਸ ਵਾਰ ਵੀ ਸ੍ਰੀ ਅਕਾਲ ਤਖ਼ਤ ਸਾਹਿਬ ਨਾਲ ਮੱਥਾ ਲਗਾ ਕੇ ਪੰਥ ਦਾ ਨੁਕਸਾਨ ਕਰਨ ਦੀ ਨਿਖੇਧੀ ਕੀਤੀ ਹੈ। ਇਥੇ ਇਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕਮੇਟੀ ਦੇ ਜਨਰਲ ਸਕੱਤਰ ਜਗਦੀਪ ਸਿੰਘ ਕਾਹਲੋਂ, ਕਾਰਜਕਾਰੀ ਪ੍ਰਧਾਨ ਹਰਵਿੰਦਰ ਸਿੰਘ ਕੇ.ਪੀ., ਮੀਤ ਪ੍ਰਧਾਨ ਆਤਮਾ ਸਿੰਘ ਲੁਬਾਣਾ ਅਤੇ ਧਰਮ ਪ੍ਰਚਾਰ ਵਿੰਗ ਦੇ ਚੇਅਰਮੈਨ ਜਸਪ੍ਰੀਤ ਸਿੰਘ ਕਰਮਸਰ ਨੇ ਕਿਹਾ ਕਿ ਪੰਥ ਇਸ ਸਮੇਂ ਗੰਭੀਰ ਸੰਕਟ ਦਰਪੇਸ਼ ਵਿਚ ਹੈ ਕਿਉਕਿ ਜਦੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਪਹਿਲਾਂ ਗਿਆਨੀ ਹਰਪ੍ਰੀਤ ਸਿੰਘ ਤੇ ਹੁਣ ਗਿਆਨੀ ਰਘਬੀਰ ਸਿੰਘ ਤੇ ਗਿਆਨੀ ਸੁਲਤਾਨ ਸਿੰਘ ਦੀਆਂ ਸੇਵਾਵਾਂ ਸਮਾਪਤ ਕਰ ਦਿੱਤੀਆਂ ਹਨ। ਉਹਨਾਂ ਕਿਹਾ ਕਿ ਇਸ ਫੈਸਲੇ ਦਾ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਸਮੇਤ ਸਮੁੱਚੇ ਪੰਥ ਦਰਦੀ ਵਿਰੋਧ ਕਰ ਰਹੇ ਹਨ ਤੇ ਸ਼੍ਰੋਮਣੀ ਕਮੇਟੀ ਦੀ ਇਸ ਫੈਸਲੇ ਦੀ ਨਿਖੇਧੀ ਕਰ ਰਹੇ ਹਨ। ਉਹਨਾਂ ਕਿਹਾ ਕਿ ਦੂਜੇ ਪਾਸੇ ਦਿੱਲੀ ਤੋਂ ਅਕਾਲੀ ਦਲ ਦੇ ਆਗੂ ਪਰਮਜੀਤ ਸਿੰਘ ਸਰਨਾ ਤੇ ਉਹਨਾਂ ਦੇ ਭਰਾ ਹਰਵਿੰਦਰ ਸਿੰਘ ਸਰਨਾ ਹਮੇਸ਼ਾ ਵਾਂਗੂ ਸ੍ਰੀ ਅਕਾਲ ਤਖ਼ਤ ਸਾਹਿਬ ਨਾਲ ਮੱਥਾ ਲਗਾ ਰਹੇ ਹਨ ਤੇ ਜਥੇਦਾਰ ਸਾਹਿਬਾਨ ਨੂੰ ਹਟਾਉਣ ਦੇ ਫੈਸਲੇ ਨੂੰ ਸਹੀ ਠਹਿਰਾ ਰਹੇ ਹਨ। ਉਹਨਾਂ ਕਿਹਾ ਕਿ ਇਹ ਪਹਿਲੀ ਵਾਰ ਨਹੀਂ ਹੈ ਜਦੋਂ ਸਰਨਾ ਭਰਾ ਅਜਿਹੀ ਭੂਮਿਕਾ ਨਿਭਾ ਰਹੇ ਹਨ। ਉਹਨਾਂ ਕਿਹਾ ਕਿ ਪਹਿਲਾਂ ਵੀ ਸਰਨਾ ਭਰਾਵਾਂ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਨਾਲ ਮੱਥਾ ਲਗਾ ਕੇ ਦੋ-ਦੋ ਸੰਗਰਾਂਦਾਂ ਤੇ ਦੋ-ਦੋ ਗੁਰਪੁਰਬ ਮਨਾ ਕੇ ਕੌਮ ਵਿਚ ਦੁਬਿਧਾ ਪੈਦਾ ਕੀਤੀ ਹੈ। ਉਹਨਾਂ ਕਿਹਾ ਕਿ ਇਸ ਵਾਰ ਵੀ ਸਰਨਾ ਭਰਾ ਬਾਦਲ ਦਲ ਦੇ ਉਹਨਾਂ ਫੈਸਲਿਆਂ ਦੀ ਹਮਾਇਤ ਕਰ ਰਹੇ ਹਨ ਜਿਹਨਾਂ ਨੇ ਸਮੁੱਚੀ ਸਿੱਖ ਕੌਮ ਦੇ ਹਿਰਦੇ ਵਲੂੰਧਰੇ ਹਨ। ਉਹਨਾਂ ਇਹ ਵੀ ਕਿਹਾ ਕਿ ਸਰਨਾ ਭਰਾਵਾਂ ਨੇ 1984 ਦੇ ਸਿੱਖ ਕਤਲੇਆਮ ਦੇ ਕਾਤਲਾਂ ਦੀ ਹਮੇਸ਼ਾ ਪੁਸ਼ਤਪਨਾਹੀ ਕੀਤੀ ਤੇ ਉਹਨਾਂ ਨੂੰ ਸਮੇਂ-ਸਮੇਂ &rsquoਤੇ ਜਨਤਕ ਤੌਰ &rsquoਤੇ ਸਨਮਾਨਤ ਵੀ ਕੀਤਾ। ਇਸ ਕੌਮੇ ਜਸਪ੍ਰੀਤ ਸਿੰਘ ਕਰਮਸਰ ਨੇ ਇਹ ਵੀ ਖੁੱਲ੍ਹਾਸਾ ਕੀਤਾ ਕਿ ਦਿੱਲੀ ਦੇ ਇਕ ਗੁਰਦੁਆਰਾ ਸਾਹਿਬ ਅੰਦਰ ਪਿਛਲੇ ਦਿਨਾਂ ਵਿਚ ਪੰਥ ਵਿਚੋਂ ਛੇਕੇ ਹੋਏ ਦਰਸ਼ਨ ਸਿੰਘ ਰਾਗੀ ਦੇ ਕੀਰਤਨ ਤੇ ਉਹਨਾਂ ਦੇ ਜੱਥੇ ਵਿਚ ਸ਼ਾਮਲ ਦਵਿੰਦਰ ਸਿੰਘ ਵੱਲੋਂ ਅਰਦਾਸ ਨੂੰ ਤੋੜ ਮਰੋੜ ਕੇ ਪੇਸ਼ ਕਰਨ ਲਈ ਵੀ ਜ਼ਿੰਮੇਵਾਰ ਸਨ ਕਿਉਂਕਿ ਉਹ ਹੀ ਉਹਨਾਂ ਨੂੰ ਦਿੱਲੀ ਦੇ ਪ੍ਰੋਗਰਾਮ ਵਾਸਤੇ ਲੈ ਕੇ ਆਏ ਸਨ। ਇਹਨਾਂ ਆਗੂਆਂ ਨੇ ਸਮੁੱਚੀ ਸਿੱਖ ਕੌਮ ਖਾਸ ਤੌਰ &rsquoਤੇ ਦਿੱਲੀ ਦੇ ਸਿੱਖਾਂ ਨੂੰ ਅਪੀਲ ਕੀਤੀ ਕਿ ਸਰਨਾ ਭਰਾਵਾਂ ਨੂੰ ਮੂੰਹ ਨਾ ਲਗਾਇਆ ਜਾਵੇ ਤੇ ਇਹਨਾਂ ਦੀਆਂ ਕੌਮ ਖਿਲਾਫ ਗਤੀਵਿਧੀਆਂ ਦਾ ਡੱਟ ਕੇ ਵਿਰੋਧ ਕੀਤਾ ਜਾਵੇ।


ਤਖ਼ਤ ਸਾਹਿਬਾਨ ਦੀ ਸਰਵਉੱਚਤਾ ਨੂੰ ਸਿਆਸਤਦਾਨ ਢਾਅ ਲਗਾ ਰਹੇ ਹਨ-ਪੰਜ ਸਿੰਘ

ਨਵੀਂ ਦਿੱਲੀ (ਮਨਪ੍ਰੀਤ ਸਿੰਘ ਖਾਲਸਾ):- ਸ਼੍ਰੋਮਣੀ ਕਮੇਟੀ ਵੱਲੋਂ ਬਰਖ਼ਾਸਤ ਕੀਤੇ ਗਏ ਪੰਜ ਪਿਆਰਿਆਂ ਨੇ ਕਿਹਾ ਕਿ ਪਿਛਲੇ ਲੰਮੇ ਸਮੇਂ ਤੋਂ ਅਕਾਲੀ ਸਿਆਸਤ ਆਪਣੇ ਨਿੱਜੀ ਹਿੱਤਾਂ ਦੀ ਪੂਰਤੀ ਲਈ ਤਖ਼ਤ ਸਾਹਿਬਾਨ ਅਤੇ ਜਥੇਦਾਰਾਂ ਤੇ ਭਾਰੂ ਹੈ ਜਿਸਦੇ ਕਾਰਨ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਰਵਉਚਤਾ ਨੂੰ ਢਾਅ ਲੱਗੀ ਹੈ।ਭਾਈ ਸਤਨਾਮ ਸਿੰਘ ਝੰਜੀਆ,ਭਾਈ ਸਤਨਾਮ ਸਿੰਘ ਖੰਡਾ ,ਭਾਈ ਤਰਲੋਕ ਸਿੰਘ ,ਭਾਈ ਮੇਜਰ ਸਿੰਘ ਅਤੇ ਭਾਈ ਸੁਖਵਿੰਦਰ ਸਿੰਘ ਨੇ ਮੌਜੂਦਾ ਪੰਥਕ ਹਾਲਾਤਾਂ ਦਾ ਮੰਥਨ ਕਰਨ ਉਪਰੰਤ ਦੋਸ਼ ਲਗਾਇਆ ਕਿ ਇਕ ਪਰਿਵਾਰ ਦੀ ਗੰਦਲੀ ਰਾਜਨੀਤੀ ਨੇ ਸਿੱਖ ਕੌਮ ਦੀ ਪ੍ਰਮੁੱਖ ਤਿੰਨ ਸੰਸਥਾਵਾਂ ਸ਼੍ਰੋਮਣੀ ਅਕਾਲੀ ਦਲ,ਸ਼੍ਰੋਮਣੀ ਕਮੇਟੀ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਕਮਜ਼ੋਰ ਕੀਤਾ ਹੈ ਜਿਸ ਕਰਕੇ ਸਿੱਖ ਸੰਗਤਾਂ ਵਿੱਚ ਬਾਦਲ ਪਰਿਵਾਰ ਪ੍ਰਤੀ ਨਫ਼ਰਤ ਦੇਖਣ ਨੂੰ ਮਿਲ ਰਹੀ ਹੈ।ਉਨ੍ਹਾਂ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਦੋ ਦਸੰਬਰ ਦੇ ਫੈਸਲੇ ਨੂੰ ਸਾਰਿਆਂ ਵੱਲੋਂ ਦ੍ਰਿੜ੍ਹਤਾ ਨਾਲ ਲਾਗੂ ਨਾ ਕਰਨਾ ਮੰਦਭਾਗਾ ਹੈ।ਅਖੌਤੀ ਅਕਾਲੀ ਲੀਡਰਾਂ ਨੇ 2015 ਵਿੱਚ ਵੋਟਾਂ ਦੀ ਖਾਤਰ ਗੁਰਮੀਤ ਰਾਮ ਰਹੀਮ ਨੂੰ ਮੁਆਫ਼ ਕਰਨ ਦਾ ਜੋ ਬਿਰਤਾਂਤ ਸਿਰਜਿਆ ਸੀ ਉਸਦੀ ਸਜ਼ਾ ਅਕਾਲੀ ਅੱਜ ਤੱਕ ਭੁਗਤ ਰਹੇ ਹਨ। ਦੁੱਖ ਦੀ ਗੱਲ ਇਹ ਹੈ ਕਿ ਬਾਦਲ ਪਰਿਵਾਰ ਨੇ ਸ਼੍ਰੋਮਣੀ ਕਮੇਟੀ ਦੀ ਅੰਤਰਿਗ ਕਮੇਟੀ ਨੂੰ ਹਮੇਸ਼ਾ ਹੱਥ ਠੋਕਾ ਬਣਾ ਕੇ ਰੱਖਿਆ ਹੈ ਜਿਸਦੇ ਨਤੀਜੇ ਵਜੋਂ ਇਕ ਮਹੀਨੇ ਵਿੱਚ ਗਿਆਨੀ ਹਰਪ੍ਰੀਤ ਸਿੰਘ,ਗਿਆਨੀ ਰਘਬੀਰ ਸਿੰਘ ਅਤੇ ਗਿਆਨੀ ਸੁਲਤਾਨ ਸਿੰਘ ਨੂੰ ਬਦਨਾਮ ਕਰਕੇ ਅਹੁਦਿਆਂ ਤੋਂ ਲਾਂਭੇ ਕੀਤਾ ਗਿਆ ਹੈ। ਹੈਰਾਨਗੀ ਦੀ ਗੱਲ ਹੈ ਇਨ੍ਹਾਂ ਨੂੰ ਸ਼੍ਰੋਮਣੀ ਕਮੇਟੀ ਨੇ ਵਫ਼ਾਦਾਰ ਅਤੇ ਯੋਗ ਸਮਝਦੇ ਹੋਏ ਦੋ- ਦੋ ਅਹੁਦੇ ਦਿੱਤੇ ਸਨ ਪਰ ਅਖੀਰ ਵਿੱਚ ਬਦਨਾਮੀ ਝੋਲ਼ੀ&rsquoਚ ਪਾਕੇ ਘਰ ਤੋਰ ਦਿੱਤਾ । ਪੰਜ ਪਿਆਰਿਆ ਨੇ ਕਿਹਾ ਕਿ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਸਰਪ੍ਰਸਤ ਅਤੇ ਸ੍ਰੌਮਣੀ ਅਕਾਲੀ ਦਲ ਦੇ ਸਿਰਮੌਰ ਆਗੂ ਸ੍ਰ ਕਰਨੈਲ ਸਿੰਘ ਪੀਰਮੁਹੰਮਦ ਦਾ ਮੌਜੂਦਾ ਸਮੇ ਵਿੱਚ ਰੋਲ ਬੇਹੱਦ ਸਲਾਘਾਯੋਗ ਹੈ ਉਹਨਾਂ ਵਾਗ ਬਾਕੀ ਪੰਥਕ ਆਗੂਆਂ ਨੂੰ ਨਿਡਰ ਹੋਕੇ ਅੱਗੇ ਆਉਣਾ ਚਾਹੀਦਾ ਹੈ ।
ਪੰਜ ਸਿੰਘਾ ਨੇ ਸਮੁੱਚੇ ਪੰਥ ਨੂੰ ਅਪੀਲ ਕੀਤੀ ਕਿ ਸਰੋਮਣੀ ਕਮੇਟੀ ਦੀ ਅੰਤਰਿਕ ਕਮੇਟੀ ਵਲੋ ਜਥੇਦਾਰ ਸਾਹਿਬਾਂ ਨੂੰ ਨਿਯੁਗਤ ਕਰਨ ਅਤੇ ਸੇਵਾ ਮੁਕਤ ਕਰਨ ਲਗਿਆ ਸਮੁੱਚੇ ਪੰਥ ਨੂੰ ਸੱਦਾ ਪੱਤਰ ਨਹੀ ਦਿਤਾ ਜਾਂਦਾ ਪਰ ਜਦੋ ਦਸਤਾਰ ਬੰਦੀਂ ਸਮੇਂ ਚਿੱਠੀ ਪਤਰ ਭੇਜ ਕੇ ਪੰਥਕ ਜਥੇਬੰਦੀਆਂ ਨੂੰ ਸਰੋਪੇ ਲੈ ਕੇ ਆਉਣ ਲਈ ਕਿਹਾ ਜਾਂਦਾ ਹੈ ਤਾਂ ਉਸ ਸਮੇਂ ਇਨ੍ਹਾਂ ਦੀ ਆਪਹੁਦਰੀ ਨੂੰ ਰੋਕਣ ਲਈ ਸਮੂਲੀਅਤ ਨਾ ਕੀਤੀ ਜਾਵੇ।
ਪੰਜ ਸਿੰਘਾਂ ਨੇ ਸੰਗਤਾਂ ਨੂੰ ਅਪੀਲ ਕੀਤੀ ਕਿ ਹੁਣ ਨਿਖੇੜੇ ਦਾ ਸਮਾਂ ਆ ਗਿਆ ਹੈ ਜਿਸ ਲਈ ਨੇੜਲੇ ਭਵਿੱਖ ਵਿੱਚ ਪੰਥਕ ਦਰਦੀਆਂ ਤੇ ਜਥੇਬੰਦੀਆਂ ਦਾ ਨੁਮਾਇੰਦਾ ਇਕੱਠ ਕਰਕੇ ਅਗਲੀ ਰਣਨੀਤੀ ਤਿਆਰ ਕਰਨੀ ਚਾਹੀਦੀ ਹੈ।


ਸ਼੍ਰੋਮਣੀ ਕਮੇਟੀ ਦੁਆਰਾ ਜਥੇਦਾਰ ਅਕਾਲ ਤਖਤ ਸਾਹਿਬ ਦਾ ਨਿਸ਼ਕਾਸਨ ਪੰਥ ਵਿਰੋਧੀ: ਜਗਜੋਤ ਸਿੰਘ ਸੋਹੀ

ਨਵੀਂ ਦਿੱਲੀ  (ਮਨਪ੍ਰੀਤ ਸਿੰਘ ਖਾਲਸਾ):- ਤਖਤ ਸ਼੍ਰੀ ਹਰਿਮੰਦਰ ਜੀ ਪਟਨਾ ਸਾਹਿਬ ਕਮੇਟੀ ਦੇ ਸਕੱਤਰ ਜਗਜੋਤ ਸਿੰਘ ਸੋਹੀ ਨੇ ਸ਼੍ਰੋਮਣੀ ਗੁਰਦੁਆਰਾ ਕਮੇਟੀ ਦੁਆਰਾ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਘੁਬੀਰ ਸਿੰਘ ਦੇ ਨਿਸ਼ਕਾਸਨ ਨੂੰ ਪੰਥ ਵਿਰੋਧੀ ਦੱਸਦੇ ਹੋਏ ਸਾਫ਼ ਕੀਤਾ ਕਿ ਇਸ ਨਾਲ ਪੂਰੇ ਸਿੱਖਾਂ ਦੇ ਹਿਰਦੇ ਨੂੰ ਚੋਟ ਪੁੱਜੀ ਹੈ। ਉਨ੍ਹਾਂ ਕਿਹਾ ਕਿ ਸਿੱਖ ਸੰਸਾਰ ਦੇ ਕਿਸੇ ਵੀ ਕੋਨੇ ਵਿੱਚ ਕਿਉਂ ਨਾ ਹੋਣ ਉਹਨਾਂ ਦੀ ਆਸਥਾ ਸ਼੍ਰੀ ਅਕਾਲ ਤਖਤ ਸਾਹਿਬ ਨਾਲ ਜੁੜੀ ਰਹਿੰਦੀ ਹੈ ਅਤੇ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਆਉਂਦੇ ਹਰ ਆਦੇਸ਼ ਨੂੰ ਸਿੱਖ ਸਵੀਕਾਰ ਕਰਦੇ ਹਨ ਪਰ ਅੱਜ ਪੰਥ ਵਿੱਚ ਆਪਣੇ ਨਿੱਜੀ ਸਵਾਰਥਾਂ ਲਈ ਕੁਝ ਲੋਕਾਂ ਵੱਲੋਂ ਸ਼੍ਰੀ ਅਕਾਲ ਤਖਤ ਸਾਹਿਬ ਦੀ ਗਰਿਮਾ ਨੂੰ ਠੇਸ ਪਹੁੰਚਾਉਂਦੇ ਹੋਏ ਜਿਸ ਤਰ੍ਹਾਂ ਤਖਤ ਸਾਹਿਬ ਦੇ ਜਥੇਦਾਰ ਨੂੰ ਅਪਮਾਨਿਤ ਕਰਕੇ ਸੇਵਾ ਮੁਕਤੀ ਦਿੱਤੀ ਗਈ ਹੈ ਉਸ ਦੀ ਜਿਤਨੀ ਨਿੰਦਾ ਕੀਤੀ ਜਾਵੇ ਘੱਟ ਹੈ। ਸਰਦਾਰ ਜਗਜੋਤ ਸਿੰਘ ਸੋਹੀ ਨੇ ਕਿਹਾ ਕਿ ਇਹ ਵਿਵਾਦ ਉਸ ਦਿਨ ਤੋਂ ਚੱਲ ਰਿਹਾ ਹੈ ਜਿਸ ਦਿਨ ਪੰਜ ਸਿੰਘ ਸਾਹਿਬਾਨ ਦੁਆਰਾ ਅਕਾਲੀ ਦਲ ਦੇ ਨੀਤਿਆਂ ਉੱਤੇ ਧਾਰਮਿਕ ਕਾਰਵਾਈ ਕਰਦੇ ਹੋਏ ਦੋਸ਼ੀ ਕਰਾਰ ਦਿੱਤੇ ਗਏ ਸਨ, ਅਤੇ ਉਸ ਦਿਨ ਤੋਂ ਸ਼ਾਇਦ ਬਦਲੇ ਦੀ ਭਾਵਨਾ ਵਿੱਚ ਇਸ ਤਰ੍ਹਾਂ ਦੀ ਕਾਰਵਾਈ ਕੀਤੀ ਜਾ ਰਹੀ ਹੈ। ਪਹਿਲਾਂ ਗਿਆਨੀ ਹਰਪ੍ਰੀਤ ਸਿੰਘ ਨੂੰ ਹਟਾਇਆ ਗਿਆ ਅਤੇ ਹੁਣ ਗਿਆਨੀ ਰਘੁਬੀਰ ਸਿੰਘ ਅਤੇ ਗਿਆਨੀ ਸੁਲਤਾਨ ਸਿੰਘ ਨੂੰ ਹਟਾ ਕੇ ਉਨ੍ਹਾਂ ਨੇ ਸਾਬਤ ਕਰ ਦਿੱਤਾ ਕਿ ਉਨ੍ਹਾਂ ਲਈ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਦੇ ਪਦ ਦੀ ਗਰਿਮਾ ਕੋਈ ਮਾਇਨੇ ਨਹੀਂ ਰੱਖਦੀ। ਜਗਜੋਤ ਸਿੰਘ ਸੋਹੀ ਨੇ ਕਿਹਾ ਕਿ ਪੂਰਾ ਸਿੱਖ ਪੰਥ ਅੱਜ ਇੱਕਜੁਟ ਹੋਕੇ ਪੰਥ ਵਿਰੋਧੀ ਤਾਕਤਾਂ ਦੇ ਖਿਲਾਫ ਖੜਾ ਹੈ ਅਤੇ ਆਉਣ ਵਾਲੇ ਦਿਨਾਂ ਵਿੱਚ ਉਨ੍ਹਾਂ ਨੂੰ ਮੂੰਹਤੋੜ ਜਵਾਬ ਦਿੱਤਾ ਜਾਵੇਗਾ।



ਗਿਆਨੀ ਕੁਲਦੀਪ ਸਿੰਘ ਗੜਗੱਜ ਵੱਲੋਂ ਜਥੇਦਾਰ ਦਾ ਚਾਰਜ ਲੈਣ ਮੌਕੇ ਸਿੱਖ ਰਵਾਇਤਾਂ ਦੀ ਘੋਰ ਉਲੰਘਣਾ ਹੋਈ: ਗਿਆਨੀ ਹਰਪ੍ਰੀਤ ਸਿੰਘ

ਅੰਮ੍ਰਿਤਸਰ- ਸਾਬਕਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਅੱਜ ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਵੱਲੋਂ ਅਹੁਦੇ ਦਾ ਚਾਰਜ ਲਏ ਜਾਣ ਮੌਕੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਨਾ ਹੋਣ ਅਤੇ ਸਿੱਖ ਸੰਗਤ ਦੀ ਹਾਜ਼ਰੀ ਤੋਂ ਬਿਨਾਂ ਕੀਤੇ ਗਏ ਸੇਵਾ ਸੰਭਾਲ ਸਮਾਗਮ ਨੂੰ ਮਰਿਆਦਾ ਦੀ ਘੋਰ ਉਲੰਘਣਾ ਕਰਾਰ ਦਿੱਤਾ ਹੈ। ਉਨ੍ਹਾਂ ਦੱਸਿਆ ਕਿ ਸ਼ਾਇਦ ਸਿੱਖ ਇਤਿਹਾਸ ਵਿੱਚ ਮਰਿਆਦਾ ਦੀ ਘੋਰ ਉਲੰਘਣਾ ਦੀ ਇਹ ਪਹਿਲੀ ਘਟਨਾ ਹੋਵੇਗੀ।

ਗਿਆਨੀ ਹਰਪ੍ਰੀਤ ਸਿੰਘ ਨੇ ਇੱਕ ਵੀਡੀਓ ਬਿਆਨ ਵਿੱਚ ਕਿਹਾ ਕਿ ਸਦੀਆਂ ਤੋਂ ਚੱਲੀ ਆ ਰਹੀ ਰਵਾਇਤ ਮੁਤਾਬਕ ਜਥੇਦਾਰਾਂ ਦੀ ਸੇਵਾ ਸੰਭਾਲ ਸਮੇਂ ਪਹਿਲੀ ਦਸਤਾਰ ਸ੍ਰੀ ਹਰਿਮੰਦਰ ਸਾਹਿਬ ਦੇ ਹੈੱਡ ਗ੍ਰੰਥੀ ਵੱਲੋਂ ਦਿੱਤੀ ਜਾਂਦੀ ਹੈ। ਜੇ ਉਹ ਹਾਜ਼ਰ ਨਾ ਹੋਣ ਤਾਂ ਕਿਸੇ ਹੋਰ ਗ੍ਰੰਥੀ ਵੱਲੋਂ ਉਨ੍ਹਾਂ ਦੇ ਪ੍ਰਤੀਨਿਧ ਵਜੋਂ ਦਸਤਾਰ ਦਿੱਤੀ ਜਾਂਦੀ ਹੈ। ਉਪਰੰਤ ਸ੍ਰੀ ਅਕਾਲ ਤਖਤ ਦੇ ਜਥੇਦਾਰ ਅਤੇ ਜੇ ਉਹ ਨਾ ਹੋਣ ਤਾਂ ਸ੍ਰੀ ਅਕਾਲ ਤਖਤ ਦੇ ਹੈਡ ਗ੍ਰੰਥੀ ਵੱਲੋਂ ਦਸਤਾਰ ਦਿੱਤੀ ਜਾਂਦੀ ਹੈ।


ਇਸੇ ਤਰ੍ਹਾਂ ਬਾਅਦ ਵਿੱਚ ਬਾਕੀ ਤਖਤਾਂ ਦੇ ਜਥੇਦਾਰਾਂ ਜਾਂ ਹੈੱਡ ਗ੍ਰੰਥੀਆਂ ਵੱਲੋਂ ਅਤੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਜਾਂ ਸੀਨੀਅਰ ਮੀਤ ਪ੍ਰਧਾਨ ਜਾਂ ਸੀਨੀਅਰ ਮੈਂਬਰ ਵੱਲੋਂ ਦਸਤਾਰ ਭੇਟ ਕੀਤੀ ਜਾਂਦੀ ਹੈ। ਇਸ ਤੋਂ ਬਾਅਦ ਬਾਕੀ ਸੰਪਰਦਾਵਾਂ, ਸਿੱਖ ਜਥੇਬੰਦੀਆਂ, ਸਭਾ ਸੁਸਾਇਟੀਆਂ ਦੇ ਨੁਮਾਇੰਦੇ ਦਸਤਾਰ ਭੇਟ ਕਰਦੇ ਹਨ ਅਤੇ ਨਵ ਨਿਯੁਕਤ ਜਥੇਦਾਰ ਨੂੰ ਮਾਨਤਾ ਜਾਂ ਪ੍ਰਵਾਨਗੀ ਦਿੰਦੇ ਹਨ।

ਉਨ੍ਹਾਂ ਕਿਹਾ ਕਿ ਅੱਜ ਜਦੋਂ ਸ੍ਰੀ ਕੇਸਗੜ੍ਹ ਸਾਹਿਬ ਦੇ ਨਵ ਨਿਯੁਕਤ ਜਥੇਦਾਰ ਦੀ ਸੇਵਾ ਸੰਭਾਲ ਦਾ ਸਮਾਗਮ ਕੀਤਾ ਗਿਆ ਤਾਂ ਉਸ ਵੇਲੇ ਨਾ ਤਾਂ ਤਖਤ ਸਾਹਿਬ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕੀਤਾ ਗਿਆ ਸੀ ਅਤੇ ਨਾ ਹੀ ਸ੍ਰੀ ਹਰਿਮੰਦਰ ਸਾਹਿਬ ਦੇ ਹੈੱਡ ਗ੍ਰੰਥੀ, ਨਾ ਹੀ ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਅਤੇ ਨਾ ਹੀ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਤੇ ਨਾ ਹੀ ਸਿੱਖ ਸੰਗਤਾਂ, ਜਥੇਬੰਦੀਆਂ, ਸੰਪਰਦਾਵਾਂ ਤੇ ਹੋਰ ਹਾਜ਼ਰ ਸਨ।

ਉਨ੍ਹਾਂ ਕਿਹਾ ਕਿ ਇਹ ਸਿੱਖ ਰਵਾਇਤਾਂ ਦੀ ਘੋਰ ਉਲੰਘਣਾ ਹੋਈ ਹੈ। ਉਨ੍ਹਾਂ ਕਿਹਾ ਕਿ ਸਿੱਖ ਕੌਮ ਨੂੰ ਸੋਚਣਾ ਚਾਹੀਦਾ ਹੈ ਕਿ ਇਸ ਘੋਰ ਉਲੰਘਣਾ ਲਈ ਮੁੱਖ ਦੋਸ਼ੀ ਕੌਣ ਹੈ। ਸਿਰ ਜੋੜ ਕੇ ਇਸ ਦੀ ਜ਼ਿੰਮੇਵਾਰੀ ਤੈਅ ਕਰਨੀ ਚਾਹੀਦੀ ਹੈ ਕਿ ਇਹ ਘਾਣ ਕਿਸ ਨੇ ਕੀਤਾ ਹੈ। ਇੱਕ ਸਵਾਲ ਦੇ ਜਵਾਬ ਵਿੱਚ ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਵੱਲੋਂ ਇਹ ਸੇਵਾ ਸੰਭਾਲ ਸਮਾਗਮ ਦਾ ਸਮਾਂ 10 ਵਜੇ ਦਿੱਤਾ ਗਿਆ ਸੀ ਪਰ ਇਹ ਸਮਾਗਮ ਮੂੰਹ ਹਨੇਰੇ ਕਰ ਦਿੱਤਾ ਗਿਆ ਹੈ।  ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਪੰਥ ਦੀ ਵੱਡੀ ਸੰਸਥਾ ਹੈ ਅਤੇ ਬਾਕੀ ਜਥੇਬੰਦੀਆਂ ਇਸ ਦੀਆਂ ਬਾਹਵਾਂ ਹਨ, ਪਰ ਅੱਜ ਇਨ੍ਹਾਂ ਬਾਹਵਾਂ ਨੇ ਉਸ ਦਾ ਸਾਥ ਛੱਡ ਦਿੱਤਾ ਹੈ।


ਕੇਂਦਰ ਦੇ ਇਸ਼ਾਰੇ &rsquoਤੇ ਸ਼੍ਰੋਮਣੀ ਅਕਾਲੀ ਦਲ ਤੇ ਸ਼੍ਰੋਮਣੀ ਕਮੇਟੀ ਨੂੰ ਖਤਮ ਕਰਨ ਦੀਆਂ ਸਾਜ਼ਿਸ਼ਾਂ ਘੜੀਆਂ ਗਈਆਂ: ਲੰਗਾਹ

ਸ੍ਰੀ ਆਨੰਦਪੁਰ ਸਾਹਿਬ- ਸਾਬਕਾ ਮੰਤਰੀ ਤੇ ਸਾਬਕਾ ਸ਼੍ਰੋਮਣੀ ਕਮੇਟੀ ਮੈਂਬਰ ਸੁੱਚਾ ਸਿੰਘ ਲੰਗਾਹ ਨੇ ਅੱਜ ਇਥੇ ਕਿਹਾ ਕਿ ਗਿਆਨੀ ਰਘਬੀਰ ਸਿੰਘ ਤੇ ਗਿਆਨ ਹਰਪ੍ਰੀਤ ਸਿੰਘ ਨੂੰ ਕ੍ਰਮਵਾਰ ਸ੍ਰੀ ਅਕਾਲ ਤਖ਼ਤ ਤੇ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰਾਂ ਵਜੋਂ ਅਹੁਦੇ ਤੋਂ ਫਾਰਗ ਕੀਤਾ ਗਿਆ ਕਿਉਂਕਿ ਇਹ ਦੋਵੇਂ ਕੇਂਦਰ ਦੇ ਇਸ਼ਾਰੇ &rsquoਤੇ ਕੰਮ ਕਰ ਰਹੇ ਸਨ ਤੇ ਉਹ ਸ਼੍ਰੋਮਣੀ ਅਕਾਲੀ ਦਲ ਨੂੰ ਖ਼ਤਮ ਕਰਨ ਦੀ ਸਾਜ਼ਿਸ਼ ਦਾ ਹਿੱਸਾ ਬਣੇ। ਉਨ੍ਹਾਂ ਕਿਹਾ ਕਿ ਸਾਜ਼ਿਸ਼ ਤਹਿਤ ਸ਼ਹੀਦਾਂ ਦੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਖਤਮ ਕਰਨ ਲਈ ਕੇਂਦਰ ਲਗਾਤਾਰ ਕੰਮ ਕਰ ਰਿਹਾ ਹੈ।

ਲੰਗਾਹ ਇਥੇ ਹੋਰਨਾਂ ਸ਼੍ਰੋਮਣੀ ਕਮੇਟੀ ਮੈਂਬਰਾਂ ਨਾਲ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰ ਰਹੇ ਸਨ। ਸ੍ਰੀ ਕੇਸਗੜ੍ਹ ਸਾਹਿਬ ਦੇ ਮੀਟਿੰਗ ਹਾਲ ਵਿਚ ਕੀਤੀ ਪ੍ਰੈਸ ਕਾਨਫਰੰਸ ਵਿਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੀਤ ਪ੍ਰਧਾਨ ਰਘੂਜੀਤ ਸਿੰਘ ਵਿਰਕ, ਸ਼੍ਰੋਮਣੀ ਕਮੇਟੀ ਦੇ ਐਗਜ਼ੈਕਟਿਵ ਮੈਂਬਰ ਦਿਲਜੀਤ ਸਿੰਘ ਭਿੰਡਰ, ਸ਼ੇਰ ਸਿੰਘ ਮੰਡ ਜਨਰਲ ਸੈਕਟਰੀ ਸ਼੍ਰੋਮਣੀ ਕਮੇਟੀ, ਸ਼੍ਰੋਮਣੀ ਕਮੇਟੀ ਦੇ ਐਗਜ਼ੈਕਟਿਵ ਮੈਂਬਰ ਸੁਰਜੀਤ ਸਿੰਘ ਤੁਗਲਬਾਦ ਵੀ ਮੌਜੂਦ ਸਨ।

ਸੁੱਚਾ ਸਿੰਘ ਲੰਗਾਹ ਨੇ ਕਿਹਾ ਕਿ ਮੌਜੂਦਾ ਹਾਲਾਤ ਅਤੇ ਹੋਲਾ ਮਹੱਲਾ ਦੇ ਪ੍ਰਬੰਧਾਂ ਨੂੰ ਦੇਖਦਿਆਂ ਜਥੇਦਾਰ ਕੁਲਦੀਪ ਸਿੰਘ ਗੜਗੱਜ ਨੇ ਜਥੇਦਾਰ ਦੀ ਸੇਵਾ ਸੰਭਾਲ ਲਈ ਹੈ। ਉਨ੍ਹਾਂ ਕਿਹਾ ਪੰਜਾਬ ਅੰਦਰ ਖੂਨ ਖ਼ਰਾਬੇ ਦਾ ਮਾਹੌਲ ਸਿਰਜਣ ਲਈ ਸਾਜ਼ਿਸ਼ਾਂ ਘੜੀਆਂ ਜਾ ਰਹੀਆਂ ਹਨ ਅਤੇ ਇਨ੍ਹਾਂ ਸਾਜ਼ਿਸ਼ਾਂ ਦਾ ਕੇਵਲ ਸ਼੍ਰੋਮਣੀ ਅਕਾਲੀ ਦਲ ਹੀ ਡੱਟ ਕੇ ਮੁਕਾਬਲਾ ਕਰ ਸਕਦਾ ਹੈ।


ਅਦਾਕਾਰਾ ਰਾਨਿਆ ਰਾਓ ਨੂੰ 14 ਦਿਨ ਲਈ ਹਿਰਾਸਤ &rsquoਚ ਭੇਜਿਆ

ਬੰਗਲੂਰੂ,- ਸੋਨਾ ਤਸਕਰੀ ਮਾਮਲੇ ਤਹਿਤ ਕੰਨੜ ਅਦਾਕਾਰਾ ਹਰਸ਼ਵਰਧਿਨੀ ਰਾਨਿਆ ਉਰਫ਼ ਰਾਨਿਆ ਰਾਓ ਨੂੰ ਅੱਜ ਆਰਥਿਕ ਅਪਰਾਧਾਂ ਲਈ ਇੱਕ ਵਿਸ਼ੇਸ਼ ਅਦਾਲਤ ਨੇ 14 ਦਿਨ ਦੀ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ ਹੈ। ਅਦਾਕਾਰਾ ਪੁੱਛ ਪੜਤਾਲ ਲਈ ਤਿੰਨ ਦਿਨਾਂ ਵਾਸਤੇ ਡਾਇਰੈਕਟੋਰੇਟ ਆਫ ਰੈਵੇਨਿਊ ਇੰਟੈਲੀਜੈਂਸ ਦੀ ਹਿਰਾਸਤ ਵਿੱਚ ਸੀ। ਅੱਜ ਡੀਆਰਆਈ ਅਧਿਕਾਰੀਆਂ ਨੇ ਉਸ ਨੂੰ ਅਦਾਲਤ ਵਿੱਚ ਪੇਸ਼ ਕੀਤਾ, ਜਿੱਥੇ ਉਹ ਰੋ ਪਈ। ਡੀਆਰਆਈ ਨੇ ਕਿਹਾ ਕਿ ਅਦਾਕਾਰਾ ਨੇ ਕੈਂਪੇਗੌੜਾ ਕੌਮਾਂਤਰੀ ਹਵਾਈ ਅੱਡੇ &rsquoਤੇ ਰਾਨਿਆ ਰਾਓ ਤੋਂ 12.56 ਕਰੋੜ ਰੁਪਏ ਦੇ ਸੋਨੇ ਦੇ ਬਿਸਕੁਟ ਜ਼ਬਤ ਕੀਤੇ ਹਨ। ਰਾਨਿਆ ਰਾਓ ਸੀਨੀਅਰ ਆਈਪੀਐੱਸ ਅਧਿਕਾਰੀ ਰਾਮਚੰਦਰ ਰਾਓ ਦੀ ਮਤਰੇਈ ਧੀ ਹੈ।

ਸਾਬਕਾ ਸੈਂਟਰਲ ਬੈਂਕਰ ਮਾਰਕ ਕਾਰਨੇ ਕੈਨੇਡਾ ਦੇ ਅਗਲੇ ਪ੍ਰਧਾਨ ਮੰਤਰੀ ਹੋਣਗੇ

ਟੋਰਾਂਟੋ- ਸਾਬਕਾ ਸੈਂਟਰਲ ਬੈਂਕਰ ਮਾਰਕ ਕਾਰਨੇ (Mark Carney) ਕੈਨੇਡਾ ਦੇ ਅਗਲੇ ਪ੍ਰਧਾਨ ਮੰਤਰੀ ਹੋਣਗੇ। ਲਿਬਰਲ ਪਾਰਟੀ ਨੇ ਕਾਰਨੇ ਨੂੰ ਸਰਬਸੰਮਤੀ ਨਾਲ ਆਪਣਾ ਆਗੂ ਚੁਣ ਲਿਆ ਹੈ। ਕਾਰਨੇ ਦੇ ਹੱਥ ਕਮਾਨ ਅਜਿਹੇ ਮੌਕੇ ਆਈ ਹੈ ਜਦੋਂ ਕੈਨੇਡਾ ਨੂੰ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਵੱਲੋਂ ਛੇੜੀ ਟੈਰਿਫ (ਟੈਕਸ) ਜੰਗ ਤੇ ਕੈਨੇਡਾ ਨੂੰ 51ਵੇਂ ਰਾਜ ਵੱਲੋਂ ਆਪਣੇ ਵਿਚ ਸ਼ਾਮਲ ਕਰਨ ਦੀ ਧਮਕੀ ਜਿਹੀਆਂ ਚੁਣੌਤੀਆਂ ਦਰਪੇਸ਼ ਹਨ।

ਕਾਰਨੇ (59) ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਥਾਂ ਲੈਣਗੇ, ਜਿਨ੍ਹਾਂ ਇਸ ਸਾਲ ਜਨਵਰੀ ਵਿਚ ਅਸਤੀਫਾ ਦੇ ਦਿੱਤਾ ਸੀ। ਟਰੂਡੋ ਨੇ ਉਦੋਂ ਆਪਣੇ ਅਸਤੀਫ਼ੇ ਦਾ ਐਲਾਨ ਕਰਦਿਆਂ ਕਿਹਾ ਸੀ ਕਿ ਉਹ ਆਪਣੇ ਜਾਨਸ਼ੀਨ ਵੱਲੋਂ ਸਹੁੰ ਚੁੱਕੇ ਜਾਣ ਤੱਕ ਇਸ ਅਹੁਦੇ &rsquoਤੇ ਬਣੇ ਰਹਿਣਗੇ। ਕਾਰਨੇ ਨੇ ਬੈਂਕ ਆਫ਼ ਕੈਨੇਡਾ ਦੇ ਮੁਖੀ ਵਜੋਂ ਜ਼ਿੰਮੇਵਾਰੀ ਨਿਭਾਉਂਦਿਆਂ ਸੰਕਟਾਂ ਦਾ ਸਾਹਮਣਾ ਕੀਤਾ ਸੀ। ਉਹ 2013 ਵਿੱਚ ਬੈਂਕ ਆਫ਼ ਇੰਗਲੈਂਡ ਨੂੰ ਚਲਾਉਣ ਵਾਲੇ ਪਹਿਲੇ ਗੈਰ-ਨਾਗਰਿਕ ਬਣੇ ਸਨ।