12 ਮਾਰਚ 2025 (ਬੁੱਧਵਾਰ) ਅੱਜ ਦੀਆਂ ਮੁੱਖ ਖਬਰਾਂ
 ਜਥੇਦਾਰਾਂ ਨੂੰ ਗ਼ਲਤ ਢੰਗ ਨਾਲ ਹਟਾਇਆ ਗਿਆ: ਗਿਆਨੀ ਹਰਪ੍ਰੀਤ ਸਿੰਘ
ਜਲੰਧਰ- ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਜਥੇਦਾਰਾਂ ਨੂੰ ਗ਼ਲਤ ਢੰਗ ਨਾਲ ਅਹੁਦਿਆਂ ਤੋਂ ਹਟਾਇਆ ਗਿਆ ਤੇ ਨਵੇਂ ਜਥੇਦਾਰਾਂ ਦੀ ਨਿਯੁਕਤੀ ਮੌਕੇ ਸਿੱਖ ਰਵਾਇਤਾਂ ਦੀ ਉਲੰਘਣਾ ਕੀਤੀ ਗਈ। ਗਿਆਨੀ ਹਰਪ੍ਰੀਤ ਸਿੰਘ ਬੁੱਧਵਾਰ ਨੂੰ ਨਕੋਦਰ ਦੇ ਗੁਰਦੁਆਰਾ ਸਾਹਿਬ ਵਿਖੇ ਮੱਥਾ ਟੇਕਣ ਲਈ ਪਹੁੰਚੇ ਸਨ। ਇਸ ਦੌਰਾਨ ਬਾਗੀ ਧੜੇ ਦੇ ਬੀਬੀ ਜਗੀਰ ਕੌਰ, ਪ੍ਰੇਮ ਸਿੰਘ ਚੰਦੂਮਾਜਰਾ, ਗੁਰਪ੍ਰਤਾਪ ਸਿੰਘ ਵਡਾਲਾ ਤੇ ਹੋਰ ਆਗੂ ਵੀ ਮੌਜੂਦ ਸਨ। ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਉਹ ਧਰਮ ਪ੍ਰਚਾਰ ਲਈ ਆਪਣੇ ਗ੍ਰਹਿ ਜ਼ਿਲ੍ਹੇ ਪਹੁੰਚੇ ਹਨ। ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਉਨ੍ਹਾਂ ਦੀ ਕਿਸੇ ਸਿੱਖ ਨਾਲ ਕੋਈ ਦੁਸ਼ਮਣੀ ਨਹੀਂ ਹੈ। ਜਿਸ ਵਿਅਕਤੀ ਨੂੰ ਉਨ੍ਹਾਂ ਦੀ ਥਾਂ ਜਥੇਦਾਰ ਦਾ ਚਾਰਜ ਦਿੱਤਾ ਗਿਆ ਹੈ ਉਹ ਵੀ ਸਿੱਖ ਹੈ, ਪਰ ਜਥੇਦਾਰਾਂ ਨੂੰ ਅਹੁਦਿਆਂ ਤੋਂ ਫਾਰਗ ਕਰਨ ਲਈ ਅਪਣਾਇਆ ਗਿਆ ਤਰੀਕਾ ਗਲਤ ਅਤੇ ਸਿੱਖਾਂ ਲਈ ਦੁਖਦਾਈ ਫੈਸਲਾ ਹੈ। ਸਾਬਕਾ ਜਥੇਦਾਰ ਨੇ ਕਿਹਾ ਕਿ ਉਹ ਗੁਰੂ ਘਰ ਦੇ ਰਾਖੇ ਹਨ। ਲੋਕਾਂ ਨੂੰ ਇਕਜੁੱਟ ਕਰਨ ਲਈ ਹਰ ਸ਼ਹਿਰ ਵਿਚ ਜਾਂਦੇ ਹਨ। ਉਨ੍ਹਾਂ ਕਿਹਾ ਕਿ ਅੱਜ ਲੋਕਾਂ ਨੂੰ ਇਹ ਸੰਦੇਸ਼ ਦੇਣ ਲਈ ਨਕੋਦਰ ਪਹੁੰਚੇ ਹਨ ਕਿ ਸਿੱਖ ਕੌਮ ਨੇ ਇਕਜੁੱਟ ਰਹਿਣਾ ਹੈ ਅਤੇ ਉਨ੍ਹਾਂ ਦਾ ਸੰਕਲਪ ਅਤੇ ਉਨ੍ਹਾਂ ਦੀ ਸ਼ਾਨ ਤਾਂ ਹੀ ਕਾਇਮ ਰਹੇਗੀ ਜਦੋਂ ਉਹ ਆਪਣੇ ਮਾਰਗ &rsquoਤੇ ਚੱਲਣਗੇ।
ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਜੇਕਰ ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਕੁਲਵੰਤ ਸਿੰਘ ਮੰਨਣ ਕਹਿੰਦੇ ਹਨ ਕਿ ਇਸ ਫੈਸਲੇ ਬਾਰੇ ਉਨ੍ਹਾਂ ਨੂੰ ਭਰੋਸੇ ਵਿੱਚ ਨਹੀਂ ਲਿਆ ਗਿਆ ਤਾਂ ਉਹ ਗਲਤ ਹੈ। ਕਿਉਂਕਿ ਮੰਨਣ ਸੀਨੀਅਰ ਅਤੇ ਸਥਾਪਤ ਨੇਤਾ ਹਨ। ਮੰਨਣ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁੱਖ ਸਕੱਤਰ ਵਜੋਂ ਸੇਵਾ ਨਿਭਾਅ ਰਹੇ ਹਨ। ਇਹ ਪੋਸਟ ਇੱਕ ਵੱਡੀ ਜ਼ਿੰਮੇਵਾਰੀ ਹੈ। ਅਜਿਹੇ &rsquoਚ ਕਿਸੇ ਵੀ ਫੈਸਲੇ &rsquoਤੇ ਉਨ੍ਹਾਂ ਦੀ ਸਲਾਹ ਨਾ ਲੈਣਾ ਗਲਤ ਹੈ। ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਜੇ ਅਜਿਹੇ ਜ਼ਿੰਮੇਵਾਰ ਵਿਅਕਤੀ ਨੂੰ ਕੁਝ ਨਹੀਂ ਦੱਸਿਆ ਜਾਂਦਾ ਅਤੇ ਉਸ ਤੋਂ ਬਿਨਾਂ ਕੋਈ ਕਾਰਵਾਈ ਨਹੀਂ ਕੀਤੀ ਜਾਂਦੀ ਤਾਂ ਇਸ ਦਾ ਮਤਲਬ ਹੈ ਕਿ ਮਾਮਲੇ ਵਿਚ ਕੁਝ ਗੜਬੜ ਹੈ। ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਉਹ ਚਾਹੁੰਦੇ ਹਨ ਕਿ ਪੰਜਾਬ ਦੀ ਖੇਤਰੀ ਪਾਰਟੀ ਅਕਾਲੀ ਦਲ ਮਜ਼ਬੂਤ ਹੋਵੇ।
ਸੇਵਾ ਸੰਭਾਲ ਸਮਾਗਮ &rsquoਚ ਮਰਿਆਦਾ ਦੀ ਘੋਰ ਉਲੰਘਣਾ: ਗਿਆਨੀ ਰਘਬੀਰ ਸਿੰਘ
ਅੰਮ੍ਰਿਤਸਰ- ਇਥੇ ਹਰਿਮੰਦਰ ਸਾਹਿਬ ਦੇ ਹੈੱਡ ਗ੍ਰੰਥੀ ਗਿਆਨੀ ਰਘਬੀਰ ਸਿੰਘ ਨੇ ਅੱਜ ਦੋਸ਼ ਲਾਇਆ ਕਿ ਗਿਆਨੀ ਕੁਲਦੀਪ ਸਿੰਘ ਗੜਗੱਜ ਦੀ ਤਖ਼ਤ ਕੇਸਗੜ੍ਹ ਸਾਹਿਬ ਦੇ ਜਥੇਦਾਰ ਵਜੋਂ ਅਤੇ ਅਕਾਲ ਤਖ਼ਤ ਦੇ ਕਾਰਜਕਾਰੀ ਜਥੇਦਾਰ ਵਜੋਂ ਨਿਯੁਕਤੀ ਅਤੇ ਸੇਵਾ ਸੰਭਾਲ ਸਮਾਗਮ ਮੌਕੇ ਮਰਿਆਦਾ ਦੀ ਘੋਰ ਉਲੰਘਣਾ ਹੋਈ ਹੈ। ਉਹ ਇਥੇ ਮੀਡੀਆ ਨਾਲ ਗੱਲਬਾਤ ਕਰ ਰਹੇ ਸਨ। ਸਾਬਕਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਵੀ ਇਸ ਮਾਮਲੇ ਵਿੱਚ ਬੀਤੇ ਦਿਨ ਮਰਿਆਦਾ ਦੀ ਉਲੰਘਣਾ ਦਾ ਦੋਸ਼ ਲਾਇਆ ਸੀ। ਉਨ੍ਹਾਂ ਤੋਂ ਇਲਾਵਾ ਚੀਫ ਖਾਲਸਾ ਦੀਵਾਨ ਅਤੇ ਹੋਰ ਵੀ ਕਈ ਜਥੇਬੰਦੀਆਂ ਵੱਲੋਂ ਅਜਿਹੇ ਹੀ ਦੋਸ਼ ਲਾਏ ਗਏ ਹਨ।
ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਕਿਹਾ ਕਿ ਇਸ ਮਾਮਲੇ ਵਿੱਚ ਉਨ੍ਹਾਂ ਨੂੰ ਦੇਸ਼-ਵਿਦੇਸ਼ ਤੋਂ ਸੁਨੇਹੇ ਆ ਰਹੇ ਹਨ ਅਤੇ ਮਰਿਆਦਾ ਦਾ ਘਾਣ ਕੀਤੇ ਜਾਣ iਖ਼ਲਾਫ਼ ਸੰਗਤ ਵੱਲੋਂ ਰੋਸ ਜ਼ਾਹਿਰ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਅਕਾਲ ਤਖ਼ਤ ਦੇ ਜਥੇਦਾਰ ਵੱਲੋਂ ਜਥੇਦਾਰਾਂ ਦੀ ਨਵੀਂ ਨਿਯੁਕਤੀ ਦਾ ਐਲਾਨ ਕੀਤਾ ਜਾਂਦਾ ਹੈ ਅਤੇ ਦਸਤਾਰਾਂ ਭੇਟ ਕੀਤੀਆਂ ਜਾਂਦੀਆਂ ਹਨ ਪਰ ਇਸ ਮਾਮਲੇ ਵਿੱਚ ਵਿਧੀ ਵਿਧਾਨ ਦੀ ਉਲੰਘਣਾ ਕਰਕੇ ਮਰਿਆਦਾ ਦਾ ਘਾਣ ਕੀਤਾ ਗਿਆ। ਇਸ ਕਾਰਨ ਸਿੱਖ ਸੰਗਤ ਵਿੱਚ ਕਾਫ਼ੀ ਰੋਸ ਹੈ।
ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਦੀ 54 ਦਿਨਾਂ ਦੀ ਛੁੱਟੀ ਮਨਜ਼ੂਰ
ਚੰਡੀਗੜ੍ਹ- ਕੇਂਦਰ ਨੇ ਅੱਜ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੂੰ ਦੱਸਿਆ ਕਿ ਖਡੂਰ ਸਾਹਿਬ ਤੋਂ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਦੀ 54 ਦਿਨਾਂ ਦੀ ਛੁੱਟੀ ਮਨਜ਼ੂਰ ਕਰ ਲਈ ਗਈ ਹੈ। ਚੀਫ਼ ਜਸਟਿਸ ਸ਼ੀਲ ਨਾਗੂ ਤੇ ਜਸਟਿਸ ਸੁਮਿਤ ਗੋਇਲ ਦੇ ਡਿਵੀਜ਼ਨ ਬੈਂਚ ਅੱਗੇ ਇਹ ਜਾਣਕਾਰੀ ਅਜਿਹੇ ਮੌਕੇ ਰੱਖੀ ਗਈ ਹੈ ਜਦੋਂ ਅਜੇ ਪਿਛਲੇ ਦਿਨਾਂ ਵਿਚ ਲੋਕ ਸਭਾ ਦੇ ਸਪੀਕਰ ਨੇ ਅੰਮ੍ਰਿਤਪਾਲ ਸਿੰਘ ਸਣੇ ਸੰਸਦ ਮੈਂਬਰਾਂ ਦੀ ਛੁੱਟੀ ਦੀ ਅਰਜ਼ੀ ਘੋਖਣ ਲਈ 15 ਮੈਂਬਰੀ ਕਮੇਟੀ ਬਣਾਈ ਸੀ।
ਇਹ ਮਾਮਲਾ ਅੱਜ ਜਿਵੇਂ ਹੀ ਮੁੜ ਸੁਣਵਾਈ ਲਈ ਆਇਆ ਤਾਂ ਭਾਰਤ ਦੇ ਵਧੀਕ ਸੌਲਿਸਟਰ-ਜਨਰਲ ਸੱਤਿਆ ਪਾਲ ਜੈਨ ਨੇ ਵਕੀਲ ਧੀਰਜ ਜੈਨ ਨਾਲ ਲੋਕ ਸਭਾ ਸਕੱਤਰੇਤ ਵੱਲੋਂ 11 ਮਾਰਚ ਨੂੰ ਜਾਰੀ ਕੀਤਾ ਗਿਆ ਪੱਤਰ ਬੈਂਚ ਦੇ ਸਾਹਮਣੇ ਰੱਖਿਆ। ਇਸ ਪੱਤਰ ਵਿਚ 24 ਜੂਨ, 2024 ਤੋਂ 2 ਜੁਲਾਈ, 2024 ਤੱਕ, ਅਤੇ 22 ਜੁਲਾਈ, 2024 ਤੋਂ 9 ਅਗਸਤ, 2024 ਤੱਕ, ਅਤੇ ਫਿਰ 25 ਨਵੰਬਰ, 2024 ਤੋਂ 20 ਦਸੰਬਰ, 2024 ਤੱਕ 54 ਦਿਨਾਂ ਦੀ ਗੈਰਹਾਜ਼ਰੀ ਦੀ ਛੁੱਟੀ ਦਿੱਤੀ ਗਈ ਸੀ। ਪੱਤਰ ਦਾ ਨੋਟਿਸ ਲੈਂਦਿਆਂ ਬੈਂਚ ਨੇ ਜ਼ੋਰ ਦੇ ਕੇ ਆਖਿਆ, &lsquo&lsquoਜਿੱਥੋਂ ਤੱਕ ਪਟੀਸ਼ਨਰ ਦੀ ਗੈਰਹਾਜ਼ਰੀ ਕਾਰਨ ਸੰਸਦ ਤੋਂ ਕੱਢੇ ਜਾਣ ਦੇ ਖਦਸ਼ੇ ਦਾ ਸਵਾਲ ਹੈ, 11 ਮਾਰਚ ਦੇ ਪੱਤਰ ਨਾਲ ਉਸ ਦੇ ਫਿਕਰ ਦੂਰ ਹੋ ਜਾਂਦੇ ਹਨ।&rsquo&rsquo
ਟਰੰਪ ਨੇ ਸਟੀਲ ਅਤੇ ਐਲੂਮੀਨੀਅਮ 'ਤੇ 25 ਪ੍ਰਤੀਸ਼ਤ ਟੈਰਿਫ ਲਗਾਉਣ ਦਾ ਐਲਾਨ
ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸਟੀਲ ਅਤੇ ਐਲੂਮੀਨੀਅਮ 'ਤੇ 25 ਪ੍ਰਤੀਸ਼ਤ ਟੈਰਿਫ ਲਗਾਉਣ ਦਾ ਐਲਾਨ ਕੀਤਾ ਜੋ 12 ਮਾਰਚ 2025 ਤੋਂ ਲਾਗੂ ਹੋ ਗਏ ਹਨ। ਇਸ ਨਵੇਂ ਕਦਮ ਨਾਲ ਵਿਸ਼ਵਵਿਆਪੀ ਵਪਾਰ ਉਥਲ-ਪੁਥਲ ਦਾ ਡਰ ਪੈਦਾ ਹੋ ਗਿਆ ਹੈ, ਖਾਸ ਕਰਕੇ ਉਨ੍ਹਾਂ ਦੇਸ਼ਾਂ ਲਈ ਜੋ ਭਾਰਤ ਸਮੇਤ ਅਮਰੀਕਾ ਨੂੰ ਵੱਡੇ ਪੱਧਰ 'ਤੇ ਸਟੀਲ ਅਤੇ ਐਲੂਮੀਨੀਅਮ ਨਿਰਯਾਤ ਕਰਦੇ ਹਨ। ਟੈਰਿਫ ਦਾ ਉਦੇਸ਼ ਟਰੰਪ ਨੇ ਇਹ ਟੈਰਿਫ ਅਮਰੀਕੀ ਉਦਯੋਗਾਂ ਨੂੰ ਵਿਦੇਸ਼ੀ ਮੁਕਾਬਲੇ ਤੋਂ ਬਚਾਉਣ ਅਤੇ ਅਮਰੀਕਾ ਵਿੱਚ ਨੌਕਰੀਆਂ ਪੈਦਾ ਕਰਨ ਲਈ ਲਗਾਏ ਹਨ। ਉਨ੍ਹਾਂ ਨੇ ਕਿਹਾ, "ਅਸੀਂ ਆਪਣੇ ਉਦਯੋਗਾਂ ਨੂੰ ਮਜ਼ਬੂਤ ਕਰਾਂਗੇ ਅਤੇ ਅਮਰੀਕੀ ਕਾਮਿਆਂ ਲਈ ਨੌਕਰੀਆਂ ਪੈਦਾ ਕਰਾਂਗੇ।" ਹਾਲਾਂਕਿ, ਇਸ ਐਲਾਨ ਤੋਂ ਬਾਅਦ ਅਮਰੀਕੀ ਸਟਾਕ ਮਾਰਕੀਟ ਵਿੱਚ ਗਿਰਾਵਟ ਆਈ ਹੈ, ਜਿਸ ਨਾਲ ਨਿਵੇਸ਼ਕਾਂ ਵਿੱਚ ਚਿੰਤਾ ਵਧ ਗਈ।
ਅਮਰੀਕਾ &rsquoਚ ਗਰੀਨ ਕਾਰਡ ਵਾਲਿਆਂ ਨੂੰ ਡਿਪੋਰਟ ਕਰਨ ਦੀ ਚਿਤਾਵਨੀ
ਵਾਸ਼ਿੰਗਟਨ : ਟਰੰਪ ਦੇ ਇੰਮੀਗ੍ਰੇਸ਼ਨ ਅਫ਼ਸਰਾਂ ਨੇ ਗਰੀਨ ਕਾਰਡ ਹੋਲਡਰਾਂ &rsquoਤੇ ਵੀ ਵਾਢਾ ਧਰ ਲਿਆ ਹੈ ਅਤੇ ਅਮਰੀਕਾ ਤੋਂ ਡਿਪੋਰਟ ਕੀਤਾ ਜਾਣ ਵਾਲਾ ਪਹਿਲੀ ਪਰਮਾਨੈਂਟ ਰੈਜ਼ੀਡੈਂਟ ਮਹਿਮੂਦ ਖਲੀਲ ਹੋ ਸਕਦਾ ਹੈ। ਰਾਸ਼ਟਰਪਤੀ ਨੇ ਸੋਮਵਾਰ ਨੂੰ ਸਾਫ਼ ਲਫ਼ਜ਼ਾਂ ਵਿਚ ਆਖ ਦਿਤਾ ਕਿ ਖਰਾਬੀਆਂ ਕਰਨ ਵਾਲਿਆਂ ਨੂੰ ਬਖਸ਼ਿਆ ਨਹੀਂ ਜਾਵੇਗਾ, ਚਾਹੇ ਉਨ੍ਹਾਂ ਕੋਲ ਗਰੀਨ ਕਾਰਡ ਹੀ ਕਿਉਂ ਨਾ ਹੋਵੇ। ਮਹਿਮੂਦ ਖਲੀਲ ਦਾ ਕਸੂਰ ਸਿਰਫ਼ ਐਨਾ ਹੈ ਕਿ ਉਸ ਨੇ ਇਜ਼ਰਾਈਲ ਵਿਰੁੱਧ ਮੁਜ਼ਾਹਰਿਆਂ ਦੀ ਅਗਵਾਈ ਕੀਤੀ ਪਰ ਦੂਜੇ ਪਾਸੇ ਇਕ ਫੈਡਰਲ ਜੱਜ ਨੇ 27 ਸਾਲਾ ਫਲਸਤੀਨ ਹਮਾਇਤੀ ਦੀ ਡਿਪੋਰਟੇਸ਼ਨ &rsquoਤੇ ਆਰਜ਼ੀ ਰੋਕ ਲਾ ਦਿਤੀ। ਟਰੰਪ ਤੋਂ ਵੀ ਇਕ ਕਦਮ ਅੱਗੇ ਜਾਂਦਿਆਂ ਰਾਸ਼ਟਰਪਤੀ ਦੇ ਬਾਰਡਰ ਜ਼ਾਰ ਟੌਮ ਹੋਮਨ ਨੇ ਕਿਹਾ ਕਿ ਗਰੀਨ ਕਾਰਡ ਹੋਲਡਰ ਵੀ ਇੰਮੀਗ੍ਰੇਸ਼ਨ ਕਾਰਵਾਈ ਦੇ ਘੇਰੇ ਵਿਚ ਆ ਸਕਦੇ ਹਨ। ਮਹਿਮੂਦ ਖਲੀਲ ਦੀ ਮਿਸਾਲ ਪੇਸ਼ ਕਰਦਿਆਂ ਉਨ੍ਹਾਂ ਕਿਹਾ ਕਿ ਇਜ਼ਰਾਇਲੀ ਵਿਦਿਆਰਥੀਆਂ ਵਿਰੁੱਧ ਅਪਰਾਧਾਂ ਵਿਚ ਉਹ ਸ਼ਾਮਲ ਰਿਹਾ। ਭਾਵੇਂ ਅੱਜ ਤੱਕ ਖਲੀਲ ਨੂੰ ਕਿਸੇ ਅਪਰਾਧਕ ਮਾਮਲੇ ਵਿਚ ਦੋਸ਼ੀ ਨਹੀਂ ਠਹਿਰਾਇਆ ਗਿਆ ਪਰ ਹੋਮੈਨ ਨੇ ਦਲੀਲ ਦਿਤੀ ਕਿ ਉਸ ਨੇ ਵੀਜ਼ਾ ਸ਼ਰਤਾਂ ਦੀ ਸ਼ਰ੍ਹੇਆਮ ਉਲੰਘਣਾ ਕੀਤੀ। ਇਥੇ ਦਸਣਾ ਬਣਦਾ ਹੈ ਕਿ ਇੰਮੀਗ੍ਰੇਸ਼ਨ ਵਾਲਿਆਂ ਨੇ ਸ਼ਨਿੱਚਰਵਾਰ ਰਾਤ ਖਲੀਲ ਨੂੰ ਕਾਬੂ ਕਰ ਲਿਆ ਅਤੇ ਗਰੀਨ ਕਾਰਡ ਰੱਦ ਕਰਨ ਦੇ ਹੁਕਮ ਪੁੱਜੇ ਹੋਣ ਦਾ ਜ਼ਿਕਰ ਕਰਨ ਲੱਗੇ ਪਰ ਨਿਊ ਯਾਰਕ ਦੇ ਦੱਖਣੀ ਜ਼ਿਲ੍ਹੇ ਦੇ ਜੱਜ ਜੈਜ਼ੀ ਫਰਮੈਨ ਨੇ ਮਾਮਲੇ ਦੀ ਸੁਣਵਾਈ ਬੁੱਧਵਾਰ &rsquoਤੇ ਪਾਉਂਦਿਆਂ ਡਿਪੋਰਟੇਸ਼ਨ ਰੋਕ ਦਿਤੀ। ਇਥੇ ਦਸਣਾ ਬਣਦਾ ਹੈ ਕਿ ਜੈਜ਼ੀ ਫਰਮੈਨ ਦੀ ਨਿਯੁਕਤੀ ਬਰਾਕ ਓਬਾਮਾ ਵੇਲੇ ਕੀਤੀ ਗਈ। ਉਧਰ ਟਰੰਪ ਸਰਕਾਰ ਦਾ ਕਹਿਣਾ ਹੈ ਕਿ ਕੋਲੰਬੀਆ ਯੂਨੀਵਰਸਿਟੀ ਵਿਚ ਵਾਪਰਿਆ ਘਟਨਾਕ੍ਰਮ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ ਜਿਥੇ ਜ਼ਿਆਦਾਤਰ ਮੁਜ਼ਾਹਰਾਕਾਰੀ ਵਿਦਿਆਰਥੀ ਨਹੀਂ ਸਨ ਅਤੇ ਉਨ੍ਹਾਂ ਨੂੰ ਭਾੜੇ &rsquoਤੇ ਲਿਆਂਦਾ ਗਿਆ।
ਗਿਆਨੀ ਕੁਲਦੀਪ ਸਿੰਘ ਵਲੋਂ ਕੌਮ ਨੂੰ ਦਿੱਤੇ ਗਏ ਸੁਨੇਹੇ "ਆਓ ਸਾਰੇ ਇੱਕ ਨਿਸ਼ਾਨ ਸਾਹਿਬ ਹੇਠ ਇਕੱਠੇ ਹੋਈਏ" 'ਤੇ ਪਹਿਰਾ ਦੇਣ ਦੀ ਲੋੜ: ਸਰਨਾ
ਨਵੀਂ ਦਿੱਲੀ   (ਮਨਪ੍ਰੀਤ ਸਿੰਘ ਖਾਲਸਾ):- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਿੱਖ ਕੌਮ ਦੀ ਮੌਜੂਦਾ ਸਥਿਤੀ ਨੂੰ ਦੇਖਦੇ ਹੋਏ ਸਿੰਘ ਸਾਹਿਬ ਦੀ ਨਿਯੁਕਤੀ ਦਾ ਫੈਸਲਾ ਲਿਆ ਸੀ ਅਤੇ ਜਿਸ ਤਰ੍ਹਾਂ ਸਿੰਘ ਸਾਹਿਬ ਨੇ ਟਕਰਾਅ ਤੋਂ ਬਚਣ ਲਈ ਅੰਮ੍ਰਿਤ ਵੇਲਾ ਚੁਣ ਕੇ ਕੌਮ ਨੂੰ ਸਰਬਸੰਮਤੀ ਦਾ ਸੁਨੇਹਾ ਦਿੱਤਾ ਹੈ। ਇਸ ਨਾਲ ਇਹ ਸਾਬਤ ਹੋ ਗਿਆ ਹੈ ਕਿ ਸ਼੍ਰੋਮਣੀ ਕਮੇਟੀ ਦਾ ਇਹ ਫੈਸਲਾ ਪੰਥ ਦੀ ਚੜ੍ਹਦੀ ਕਲਾ ਲਈ ਦੂਰਅੰਦੇਸ਼ੀ ਵਾਲਾ ਫੈਸਲਾ ਹੈ। ਸ਼੍ਰੋਮਣੀ ਅਕਾਲੀ ਦਲ ਦੀ ਦਿੱਲੀ ਇਕਾਈ ਦੇ ਪ੍ਰਧਾਨ ਸਰਦਾਰ ਪਰਮਜੀਤ ਸਿੰਘ ਸਰਨਾ ਨੇ ਪ੍ਰੈਸ ਨੂੰ ਜਾਰੀ ਬਿਆਨ ਰਾਹੀਂ ਕਿਹਾ ਕਿ ਜਿਵੇਂ ਸਿੰਘ ਸਾਹਿਬ ਨੇ ਹਰ ਮੁੱਦੇ 'ਤੇ ਆਪਣੀ ਕੌਮ ਨੂੰ ਸਪਸ਼ਟਤਾ ਨਾਲ ਸੰਬੋਧਨ ਕਰਦੇ ਹੋਏ ਹਰ ਮੁੱਦੇ ਨੂੰ ਸਿਰ 'ਤੇ ਰੱਖ ਕੇ ਕੌਮ ਅੰਦਰ ਪੈਦਾ ਹੋਈ ਦੁਬਿਧਾ ਨੂੰ ਦੂਰ ਕੀਤਾ ਹੈ। ਇਸ ਦੇ ਨਾਲ ਹੀ ਸੰਪਰਦਾਵਾਂ ਵਿੱਚ ਹੰਗਾਮਾ ਕਰਨ ਦੀ ਸੋਚ ਰਹੀਆਂ ਤਾਕਤਾਂ ਨੂੰ ਵੀ ਕਰਾਰਾ ਜਵਾਬ ਮਿਲਿਆ ਹੈ। ਉਨ੍ਹਾਂ ਕਿਹਾ ਕਿ ਸਮੂਹ ਨਿਹੰਗ ਸਿੰਘ ਜੱਥੇਬੰਦੀਆਂ, ਟਕਸਾਲੀਆਂ, ਸੰਪਰਦਾਵਾਂ ਅਤੇ ਸਿੱਖ ਕੌਮ ਦੀਆਂ ਹੋਰ ਸਤਿਕਾਰਯੋਗ ਸਖਸ਼ੀਅਤਾਂ ਨੂੰ ਅਪੀਲ ਕਰਦਾ ਹਾਂ ਕਿ ਪੰਥ ਦੇ ਵਡੇਰੇ ਹਿੱਤਾਂ ਲਈ ਜੋ ਕੁਝ ਵੀ ਹੋਇਆ ਅਤੇ ਸਿੱਖ ਪੰਥ ਨੂੰ ਦਰਪੇਸ਼ ਚੁਣੌਤੀਆਂ ਦੇ ਮੱਦੇਨਜ਼ਰ ਭਰਾ ਮਾਰੂ ਜੰਗ ਤੋਂ ਬਚਣ ਲਈ ਸਿੰਘ ਸਾਹਿਬ ਨੇ ਕਿਹਾ, ਆਓ ਸਾਰੇ ਇੱਕ ਨਿਸ਼ਾਨ ਸਾਹਿਬ ਹੇਠ ਇਕੱਠੇ ਹੋਈਏ, ਸਾਨੂੰ ਇਸ ਗੱਲ ਤੇ ਪਹਿਰਾ ਦੇਣਾ ਚਾਹੀਦਾ ਹੈ । ਕਿਉਂਕਿ ਅੱਜ ਸਮਾਜ ਦੀ ਤਾਕਤ ਨੂੰ ਢਾਹ ਲਾਉਣ ਲਈ ਜਿਸ ਤਰ੍ਹਾਂ ਦੇ ਯਤਨ ਕੀਤੇ ਜਾ ਰਹੇ ਹਨ, ਉਸ ਤੋਂ ਸਾਨੂੰ ਸਾਰਿਆਂ ਨੂੰ ਸੁਚੇਤ ਹੋਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਜਿਥੇ ਮੈਂ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਜੀ ਨੂੰ ਵਧਾਈ ਦਿੰਦਾ ਹਾਂ, ਉਥੇ ਗੁਰੂ ਸਾਹਿਬ ਅੱਗੇ ਅਰਦਾਸ ਕਰਦਾ ਹਾਂ ਕਿ ਉਹ ਕੌਮ ਨੂੰ ਆਪਸੀ ਪਿਆਰ ਅਤੇ ਏਕਤਾ ਬਖਸ਼ਣ ਅਤੇ ਸਿੰਘ ਸਾਹਿਬ ਨੂੰ ਚੜ੍ਹਦੀ ਕਲਾ ਵਿਚ ਪੰਥ ਦੀ ਮੁੱਖ ਸ਼ਖਸੀਅਤ ਅਤੇ ਪਛਾਣ 'ਤੇ ਹੋ ਰਹੇ ਹਮਲਿਆਂ ਨੂੰ ਰੋਕਣ ਅਤੇ ਕੌਮ ਨੂੰ ਇਕ ਨਿਸ਼ਾਨ ਸਾਹਿਬ ਹੇਠ ਇਕਜੁੱਟ ਕਰਨ ਦਾ ਬਲ ਬਖਸ਼ਣ।
17 ਮਾਰਚ ਨੂੰ ਚੰਡੀਗੜ੍ਹ ਸਥਿਤ ਉਪ ਦਫ਼ਤਰ ਵਿਖੇ ਹੋਵੇਗੀ ਸ਼੍ਰੋਮਣੀ ਕਮੇਟੀ ਦੀ ਅੰਤ੍ਰਿੰਗ ਕਮੇਟੀ ਦੀ ਇਕੱਤਰਤਾ
ਨਵੀਂ ਦਿੱਲੀ,   (ਮਨਪ੍ਰੀਤ ਸਿੰਘ ਖਾਲਸਾ):- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤ੍ਰਿੰਗ ਕਮੇਟੀ ਦੀ ਇਕੱਤਰਤਾ 17 ਮਾਰਚ 2025 ਨੂੰ ਸ਼੍ਰੋਮਣੀ ਕਮੇਟੀ ਦੇ ਚੰਡੀਗੜ੍ਹ ਸਥਿਤ ਸੈਕਟਰ 5 &rsquoਚ ਉਪ ਦਫ਼ਤਰ ਵਿਖੇ ਦੁਪਹਿਰ 12 ਵਜੇ ਹੋਵੇਗੀ। ਦਫ਼ਤਰ ਤੋਂ ਜਾਰੀ ਪ੍ਰੈੱਸ ਬਿਆਨ ਵਿਚ ਇਕੱਤਰਤਾ ਸਬੰਧੀ ਜਾਣਕਾਰੀ ਦਿੰਦਿਆਂ ਸ਼੍ਰੋਮਣੀ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਸ. ਰਘੂਜੀਤ ਸਿੰਘ ਵਿਰਕ ਨੇ ਦੱਸਿਆ ਕਿ ਇਕੱਤਰਤਾ ਵਿਚ ਸ਼੍ਰੋਮਣੀ ਕਮੇਟੀ ਨਾਲ ਸਬੰਧਤ ਮਾਮਲੇ ਵਿਚਾਰੇ ਜਾਣਗੇ। ਇਸ ਸਬੰਧ ਵਿਚ ਅੰਤ੍ਰਿੰਗ ਕਮੇਟੀ ਦੇ ਅਹੁਦੇਦਾਰ ਅਤੇ ਮੈਂਬਰਾਂ ਨੂੰ ਪੱਤਰ ਭੇਜ ਕੇ ਸੂਚਿਤ ਕਰ ਦਿੱਤਾ ਗਿਆ ਹੈ।
ਧਰਮ ਪਰਿਵਰਤਨ ਵੱਲ ਲਿਜਾਣ ਵਾਲੇ ਅੰਧਵਿਸ਼ਵਾਸਾਂ ਵਿਰੁੱਧ ਕਾਨੂੰਨ ਬਣਾਉਣ ਦੀ ਮੰਗ - ਵਿਕਰਮਜੀਤ ਸਿੰਘ ਸਾਹਨੀ
ਨਵੀਂ ਦਿੱਲੀ  (ਮਨਪ੍ਰੀਤ ਸਿੰਘ ਖਾਲਸਾ):- ਡਾ. ਵਿਕਰਮਜੀਤ ਸਿੰਘ ਸਾਹਨੀ, ਐਮਪੀ - ਪੰਜਾਬ ਤੋਂ ਰਾਜ ਸਭਾ ਦੇ ਮੈਂਬਰ ਨੇ ਅੱਜ ਸੰਸਦ ਵਿੱਚ ਅੰਧਵਿਸ਼ਵਾਸਾਂ, ਕਾਲੇ ਜਾਦੂ ਅਤੇ ਚਮਤਕਾਰਾਂ ਰਾਹੀਂ ਮਾਸੂਮ ਲੋਕਾਂ ਦੇ ਸੋਸ਼ਣ ਵਿਰੁੱਧ ਕਾਨੂੰਨ ਬਣਾਉਣ ਦੀ ਮੰਗ ਕੀਤੀ। ਡਾ.ਵਿਕਰਮਜੀਤ ਨੇ ਕਿਹਾ ਕਿ ਇਹ ਬਹੁਤ ਚਿੰਤਾਜਨਕ ਹੈ ਕਿ ਲੱਖਾਂ ਲੋਕ ਅਖੌਤੀ ਚਮਤਕਾਰਾਂ ਦੇ ਧੋਖਾਧੜੀ ਵਾਲੇ ਅਕਾਇਆਂ ਦਾ ਸ਼ਿਕਾਰ ਹੋ ਰਹੇ ਹਨ ਜਿਨ੍ਹਾਂ ਦੀ ਵਰਤੋਂ ਧਾਰਮਿਕ ਧਰਮ ਪਰਿਵਰਤਨ ਨੂੰ ਉਤਸ਼ਾਹ ਦੇਣ ਲਈ ਕੀਤੀ ਜਾ ਰਹੀ ਹੈ। ਡਾ. ਵਿਕਰਮਜੀਤ ਨੇ ਅੱਗੇ ਕਿਹਾ ਕਿ ਮਹਾਰਾਸ਼ਟਰ ਸਰਕਾਰ ਪਹਿਲਾਂ ਹੀ ਕਾਲੇ ਜਾਦੂ ਅਤੇ ਅੰਧਵਿਸ਼ਵਾਸਾਂ ਵਿਰੁੱਧ ਇੱਕ ਕਾਨੂੰਨ ਪਾਸ ਕਰ ਚੁੱਕੀ ਹੈ, ਅਤੇ ਇਹ ਇੱਕ ਸਜ਼ਾਯੋਗ ਜੁਰਮ ਹੈ। ਉਨ੍ਹਾਂ ਦੁਹਰਾਇਆ ਕਿ ਸੰਸਦ ਨੂੰ ਮਾਸੂਮ ਲੋਕਾਂ ਨੂੰ ਧਰਮ ਪਰਿਵਰਤਨ ਲਈ ਭਰਮਾਉਣ ਵਾਲੇ ਇਨ੍ਹਾਂ ਘਿਨਾਉਣੇ ਯਤਨਾ ਨੂੰ ਅਪਰਾਧ ਦਾ ਦਰਜਾ ਦੇਣ ਲਈ ਰਾਸ਼ਟਰੀ ਪੱਧਰ &lsquoਤੇ ਇੱਕ ਕਾਨੂੰਨ ਪਾਸ ਕਰਨਾ ਚਾਹੀਦਾ ਹੈ।
ਜੇਠੂਵਾਲ ਵਿਖੇ "ਸਿੱਖੀ ਸੇਵਾ ਗੁਰਮਤਿ ਵਿਦਿਆਲੇ" ਦਾ ਰਖਿਆ ਗਿਆ ਨੀਂਹ ਪੱਥਰ
ਨਵੀਂ ਦਿੱਲੀ  (ਮਨਪ੍ਰੀਤ ਸਿੰਘ ਖਾਲਸਾ) ਪੰਥਕ ਆਗੂ ਭਾਈ ਪਰਮਜੀਤ ਸਿੰਘ ਅਕਾਲੀ ਅਤੇ ਭਾਈ ਰਮਿੰਦਰ ਸਿੰਘ ਖਾਲਸਾ ਆਸਟ੍ਰੇਲੀਆ ਵਲੋਂ ਅੰਮ੍ਰਿਤਸਰ ਬਟਾਲਾ ਰੋਡ ਵਿਖੇ ਗੁਰਮਤਿ ਪ੍ਰਚਾਰ-ਪ੍ਰਸਾਰ ਨੂੰ ਪ੍ਰਫੁਲਿਤ ਕਰਨ ਲਈ "ਸਿੱਖੀ ਸੇਵਾ ਗੁਰਮਤਿ ਵਿਦਿਆਲੇ" ਦਾ ਨੀਂਹ ਪੱਥਰ ਸ੍ਰੀ ਸੁਖਮਨੀ ਸਾਹਿਬ ਜੀ ਦੀ ਪਾਵਨ ਬਾਣੀ ਦੇ ਭੋਗ ਉਪਰੰਤ ਵਿਦਿਆਲੇ ਲਈ ਜਮੀਨ ਦਾਨ ਕਰਨ ਵਾਲੇ ਸਰਦਾਰ ਸਵਰਨ ਸਿੰਘ ਜੀ ਦੇ ਪਰਿਵਾਰ ਕੋਲੋਂ ਅਤੇ ਦਮਦਮੀ ਟਕਸਾਲ ਦੇ ਮੁਖੀ ਸੰਤ ਗਿਆਨੀ ਹਰਨਾਮ ਸਿੰਘ ਭਿੰਡਰਾਂਵਾਲੇ ਮਹਾਂਪੁਰਸ਼ਾਂ ਵਲੋਂ ਮਹਿਤਾ ਚੌਂਕ ਤੋਂ ਪਹੁੰਚੇ ਬਾਬਾ ਅਜੀਤ ਸਿੰਘ ਵਲੋਂ ਰੱਖਿਆ ਗਿਆ। ਇਸ ਮੌਕੇ ਰਾਜਸੀ ਧਾਰਮਿਕ ਸਖਸ਼ੀਅਤਾਂ ਵਲੋਂ ਵੱਡੀ ਪੱਧਰ ਤੇ ਹਾਜਰੀਆਂ ਭਰੀਆਂ ਜਿੰਨਾ ਵਿਚ ਦਮਦਮੀ ਟਕਸਾਲ ਤੋਂ ਪਹੁੰਚੇ ਗਿਆਨੀ ਗੁਰਦੀਪ ਸਿੰਘ, ਵਾਰਿਸ ਪੰਜਾਬ ਜਥੇਬੰਦੀ ਦੇ ਮੁਖੀ ਖਡੂਰ ਸਭਾ ਹਲਕੇ ਤੋਂ ਮੈਂਬਰ ਪਾਰਲੀਮੈਂਟ ਭਾਈ ਅੰਮ੍ਰਿਤ ਪਾਲ ਸਿੰਘ ਦੇ ਮਾਤਾ ਬਲਵਿੰਦਰ ਕੌਰ ਜੀ, ਦਸਮੇਸ਼ ਤਰਨਾ ਦਲ ਜਥੇਬੰਦੀ ਦੇ ਮੁਖੀ ਬਾਬਾ ਮੇਜਰ ਸਿੰਘ ਜੀ ਵਲੋਂ ਭਾਈ ਬੀਹਰ ਸਿੰਘ ਗਿਆਨੀ ਦਲਜੀਤ ਸਿੰਘ ਵਲੋਂ ਭਾਈ ਸਿੱਖ ਯੂਥ ਪਾਵਰ ਆਫ਼ ਪੰਜਾਬ ਤੋਂ ਭਾਈ ਪ੍ਰਦੀਪ ਸਿੰਘ ਲੁਧਿਆਣਾ ਅਤੇ ਬੇਅੰਤ ਨਿਹੰਗ ਸਿੰਘ ਫੌਜਾਂ ਵਲੋਂ ਵਲੋਂ ਹਾਜਰੀ ਲਵਾਈ ਗਈ । ਇਸ ਮੌਕੇ ਗਿਆਨੀ ਤੇਜਬੀਰ ਸਿੰਘ ਦਮਦਮੀ ਟਕਸਾਲ, ਸਮਾਜ ਸੇਵੀ ਬਘੇਲ ਸਿੰਘ ਦੇ ਪਿਤਾ ਜਥੇਦਾਰ ਕ੍ਰਿਪਾਲ ਸਿੰਘ, ਭਾਈ ਹਰਜੋਤ ਸਿੰਘ ਅਕਾਲੀ, ਭਾਈ ਗੁਰਜੀਤ ਸਿੰਘ ਅਕਾਲੀ, ਭਾਈ ਰਾਜਵੀਰ ਸਿੰਘ ਅਕਾਲੀ, ਭਾਈ ਜਗਰੂਪ ਸਿੰਘ, ਸਿਮਰ ਸਿੰਘ ਬੱਗਾ, ਜਗਜੀਤ ਸਿੰਘ ਮਰਹਾਣਾ, ਅਮਨਪ੍ਰੀਤ ਸਿੰਘ ਬੱਲ, ਸਰਪੰਚ ਤਰਸੇਮ ਸਿੰਘ, ਬਿਕਰਮਜੀਤ ਸਿੰਘ, ਗੁਰਪ੍ਰੀਤ ਸਿੰਘ, ਪਲਵਿੰਦਰ ਸਿੰਘ, ਦਲਜੀਤ ਸਿੰਘ, ਪ੍ਰਦੀਪ ਸਿੰਘ ਕਿਸਾਨ ਆਗੂ ਕੁਲਬੀਰ ਸਿੰਘ, ਸੈਨਿਕ ਸੰਘਰਸ਼ ਯੂਨੀਅਨ ਆਗੂ ਤਸਵੀਰ ਸਿੰਘ ਫੌਜੀ, ਨੰਬਰਦਾਰ ਜਗਵਿੰਦਰ ਸਿੰਘ, ਗਗਨਦੀਪ ਸਿੰਘ ਬੁੱਟਰ, ਉਸਤਾਦ ਮੰਗਲ ਸਿੰਘ, ਵਿਦਿਆਲੇ ਲਈ ਜਮੀਨ ਦਾਨ ਕਰਨ ਵਾਲੇ ਸਵਰਗੀ ਸਰਦਾਰ ਸਵਰਨ ਸਿੰਘ ਜੀ ਦੇ ਸਮੁੱਚਾ ਪਰਿਵਾਰ ਹਾਜਰ ਸੀ, ਜਿੰਨਾ ਦਾ ਭਾਈ ਪਰਮਜੀਤ ਸਿੰਘ ਅਕਾਲੀ ਵਲੋਂ ਸਨਮਾਨ ਕੀਤਾ ਗਿਆ, ਸਟੇਜ ਸੈਕਟਰੀ ਦੀ ਸੇਵਾ ਪ੍ਰਚਾਰਕ ਭਾਈ ਸ਼ਮਸ਼ੇਰ ਸਿੰਘ ਵਲੋਂ ਨਿਭਾਈ ਗਈ ।
ਸ਼੍ਰੋਮਣੀ ਕਮੇਟੀ ਨੇ ਆਪਸੀ ਟਕਰਾਅ ਤੋਂ ਬਚਣ ਵਾਸਤੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਦੀ ਸੇਵਾ ਸੰਭਾਲ ਲਈ ਕੀਤਾ ਸੰਖੇਪ ਸਮਾਗਮ-ਸਕੱਤਰ ਸ਼੍ਰੋਮਣੀ ਕਮੇਟੀ
ਨਵੀਂ ਦਿੱਲੀ (ਮਨਪ੍ਰੀਤ ਸਿੰਘ ਖਾਲਸਾ):- ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਨਵ-ਨਿਯੁਕਤ ਜਥੇਦਾਰ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਦੇ ਸੇਵਾ ਸੰਭਾਲਣ ਬਾਰੇ ਕੀਤੇ ਜਾ ਰਹੇ ਗੁੰਮਰਾਹਕੁੰਨ ਪ੍ਰਚਾਰ ਸਬੰਧੀ ਪ੍ਰਤੀਕਿਰਿਆ ਦਿੰਦਿਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਕੱਤਰ ਸ. ਪ੍ਰਤਾਪ ਸਿੰਘ ਨੇ ਕਿਹਾ ਕਿ ਮੌਜੂਦਾ ਸਮੇਂ ਪੰਥਕ ਹਾਲਾਤਾਂ ਦੇ ਮੱਦੇਨਜ਼ਰ ਆਪਸੀ ਟਕਰਾਅ ਤੋਂ ਬਚਣ ਲਈ ਜਥੇਦਾਰ ਸਾਹਿਬ ਦਾ ਸੇਵਾ ਸੰਭਾਲ ਸਮਾਗਮ ਸੰਖੇਪ ਰੂਪ ਵਿਚ ਕੀਤਾ ਗਿਆ ਸੀ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਸਿੱਖ ਜਥੇਬੰਦੀਆਂ ਦਾ ਸਤਿਕਾਰ ਕਰਦੀ ਹੈ ਅਤੇ ਇਹ ਹਰਗਿਜ ਨਹੀਂ ਚਾਹੁੰਦੀ ਕਿ ਸਿੱਖਾਂ ਵਿਚ ਆਪਸੀ ਟਕਰਾਅ ਵਾਲੀ ਸਥਿਤੀ ਬਣੇ। ਉਨ੍ਹਾਂ ਕਿਹਾ ਕਿ ਅੰਤ੍ਰਿੰਗ ਕਮੇਟੀ ਵੱਲੋਂ ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਨਿਯੁਕਤ ਕੀਤੇ ਗਿਆਨੀ ਕੁਲਦੀਪ ਸਿੰਘ ਦੇ ਸੇਵਾ ਸੰਭਾਲਣ ਦਾ ਸਮਾਗਮ 10 ਮਾਰਚ ਨੂੰ ਰੱਖਿਆ ਗਿਆ ਸੀ, ਪ੍ਰੰਤੂ ਕੁਝ ਨਿਹੰਗ ਸਿੰਘ ਜਥੇਬੰਦੀਆਂ ਵੱਲੋਂ ਵਿਰੋਧ ਕਰਨ ਅਤੇ ਪ੍ਰਸ਼ਾਸਨ ਵੱਲੋਂ ਮਾਹੌਲ ਖ਼ਰਾਬ ਹੋਣ ਦੀਆਂ ਰਿਪੋਰਟਾਂ ਕਰਕੇ ਇਹ ਸਮਾਗਮ ਸੰਖੇਪ ਰੂਪ ਵਿਚ ਕੀਤਾ ਗਿਆ। ਉਨ੍ਹਾਂ ਕਿਹਾ ਕਿ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਅੰਮ੍ਰਿਤ ਵੇਲੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਪਹੁੰਚੇ ਸਨ, ਜਿਨ੍ਹਾਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿਚ ਤਖ਼ਤ ਸਾਹਿਬ ਦੇ ਮੁੱਖ ਗ੍ਰੰਥੀ ਵੱਲੋਂ ਅਰਦਾਸ ਕਰਨ ਉਪਰੰਤ ਪੰਜ ਪਿਆਰੇ ਸਾਹਿਬਾਨ ਵੱਲੋਂ ਦਸਤਾਰ ਭੇਟ ਕੀਤੀ। ਇਸ ਮਗਰੋਂ ਸਿੰਘ ਸਾਹਿਬ ਤਖਤ ਸ੍ਰੀ ਕੇਸਗੜ ਸਾਹਿਬ ਵਿਖੇ ਮੱਥਾ ਟੇਕਣ ਪੁੱਜੇ ਅਤੇ ਅੰਮ੍ਰਿਤ ਵੇਲੇ ਪਹਿਲੀ ਅਰਦਾਸ ਵਿਚ ਸ਼ਾਮਲ ਹੋਏ। ਇਸ ਸਮੇਂ ਵੱਡੀ ਗਿਣਤੀ ਵਿਚ ਸੰਗਤਾਂ ਵੀ ਤਖ਼ਤ ਸਾਹਿਬ ਵਿਖੇ ਮੌਜੂਦ ਸਨ। ਉਨ੍ਹਾਂ ਕਿਹਾ ਕਿ ਇਹ ਗੱਲ ਬਿਲਕੁਲ ਗ਼ਲਤ ਹੈ ਕਿ ਜਥੇਦਾਰ ਸਾਹਿਬ ਦੇ ਤਖ਼ਤ ਸਾਹਿਬ &rsquoਤੇ ਜਾਣ ਸਮੇਂ ਸ਼ਸਤਰ ਵੀ ਸੁਭਾਇਮਾਨ ਨਹੀਂ ਸਨ। ਜਥੇਦਾਰ ਸਾਹਿਬ ਜਦੋਂ ਤਖ਼ਤ ਸਾਹਿਬ &rsquoਤੇ ਨਤਮਸਤਕ ਹੋਣ ਗਏ ਸਨ, ਉਸ ਸਮੇਂ ਅੰਮ੍ਰਿਤ ਵੇਲੇ ਦੀ ਸੇਵਾ ਉਪਰੰਤ ਵਿਛਾਈ ਕਰਕੇ ਇਤਿਹਾਸਕ ਸ਼ਸਤਰ ਸਜਾਏ ਜਾ ਚੁੱਕੇ ਸਨ।
ਸ. ਪ੍ਰਤਾਪ ਸਿੰਘ ਨੇ ਕਿਹਾ ਕਿ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਹੋਲਾ ਮਹੱਲਾ ਕੌਮੀ ਜਾਹੋ-ਜਲਾਲ ਨਾਲ ਮਨਾਇਆ ਜਾਂਦਾ ਹੈ ਅਤੇ ਇਨ੍ਹਾਂ ਸਮਾਗਮਾਂ ਵਿਚ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਦੀ ਮੌਜੂਦਗੀ ਜ਼ਰੂਰੀ ਹੁੰਦੀ ਹੈ। ਇਸੇ ਦੇ ਮੱਦੇਨਜ਼ਰ ਸੇਵਾ ਸੰਭਾਲ ਸਮਾਗਮ ਰੱਖਿਆ ਗਿਆ ਸੀ। ਉਨ੍ਹਾਂ ਸੰਗਤਾਂ ਨੂੰ ਅਪੀਲ ਕੀਤੀ ਕਿ ਗੁੰਮਰਾਹਕੁੰਨ ਪ੍ਰਚਾਰ ਤੋਂ ਸੁਚੇਤ ਰਿਹਾ ਜਾਵੇ।
ਹੋਲੇ ਮਹੱਲੇ ਦੇ ਸਮਾਗਮਾਂ ਵਿੱਚ ਪੰਥ ਵੱਧ ਚੜ੍ਹ ਕੇ ਹਿੱਸਾ ਲਵੇ: ਗਿਆਨੀ ਕੁਲਦੀਪ ਸਿੰਘ
ਨਵੀਂ ਦਿੱਲੀ, (ਮਨਪ੍ਰੀਤ ਸਿੰਘ ਖਾਲਸਾ):- ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਕਾਰਜਕਾਰੀ ਜਥੇਦਾਰ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਕਿਹਾ ਕਿ ਸਿੱਖ ਕੌਮ ਉੱਪਰ ਗੁਰੂ ਸਾਹਿਬ ਦੀ ਬਹੁਤ ਬਖਸ਼ਿਸ਼ ਹੈ ਅਤੇ ਉਨ੍ਹਾਂ ਸਾਨੂੰ ਕਈ ਕੌਮੀ ਤਿਉਹਾਰ ਬਖ਼ਸ਼ਿਸ਼ ਕੀਤੇ ਹਨ, ਜੋ ਸਾਨੂੰ ਹਮੇਸ਼ਾ ਗੁਰੂ ਸਾਹਿਬ ਨਾਲ ਜੋੜਕੇ ਰੱਖਦੇ ਹਨ, ਸਾਡੇ ਵਿੱਚ ਜੋਸ਼, ਜਜ਼ਬਾ ਤੇ ਚੜ੍ਹਦੀ ਕਲਾ ਭਰਦੇ ਹਨ। ਇਨ੍ਹਾਂ ਹੀ ਤਿਉਹਾਰਾਂ ਵਿੱਚੋਂ ਸਿੱਖ ਕੌਮ ਦਾ ਕੌਮੀ ਤਿਉਹਾਰ ਹੈ ਹੋਲਾ ਮਹੱਲਾ ਜੋ ਖ਼ਾਲਸੇ ਦੀ ਜਨਮ ਭੂਮੀ ਸ੍ਰੀ ਅਨੰਦਪੁਰ ਸਾਹਿਬ ਦੀ ਪਵਿੱਤਰ ਧਰਤੀ &lsquoਤੇ ਮਨਾਇਆ ਜਾਂਦਾ ਹੈ। ਜਿਸ ਵਿੱਚ ਵੱਖ-ਵੱਖ ਨਿਹੰਗ ਸਿੰਘ ਜਥੇਬੰਦੀਆਂ, ਦਲ ਪੰਥ, ਸੰਪਰਦਾਵਾਂ, ਟਕਸਾਲਾਂ, ਨਿਰਮਲੇ, ਉਦਾਸੀ, ਸਿੰਘ ਸਭਾਵਾਂ, ਸੇਵਾ ਪੰਥੀ ਅਤੇ ਹੋਰ ਲੱਖਾਂ ਦੀ ਗਿਣਤੀ ਵਿੱਚ ਸਿੱਖ ਸੰਗਤ ਗੁਰੂ ਸਾਹਿਬ ਜੀ ਦੇ ਦਰ &rsquoਤੇ ਪੁੱਜਦੀ ਹੈ। ਉਨ੍ਹਾਂ ਕਿਹਾ ਕਿ ਇਸ ਮੌਕੇ ਜਿੱਥੇ ਖ਼ਾਲਸਾਈ ਕਰਤੱਵ ਦਿਖਾਏ ਜਾਂਦੇ ਹਨ, ਉਥੇ ਹੀ ਸਮੁੱਚੀ ਸੰਗਤ ਗੁਰੂ ਸਾਹਿਬ ਜੀ ਦੇ ਸੱਚੇ ਤਖ਼ਤ ਤੇ ਨਤਮਸਤਕ ਹੁੰਦਿਆਂ ਗੁਰਸਿੱਖੀ ਜੀਵਨ ਦੀ ਦਾਤ ਮੰਗਦੀ ਹੈ। ਪਰ ਪਿਛਲੇ ਕੁਝ ਸਮੇਂ ਤੋਂ ਕੁਝ ਇੱਕ ਐਸੀਆਂ ਮੰਦਭਾਗੀਆਂ ਘਟਨਾਵਾਂ ਉੱਥੇ ਵਾਪਰੀਆਂ ਹਨ, ਜਿਨ੍ਹਾਂ ਨੇ ਸਾਨੂੰ ਸੁਚੇਤ ਕੀਤਾ ਹੈ ਕਿ ਜਦੋਂ ਅਸੀਂ ਸੱਚੇ ਪਾਤਸ਼ਾਹ ਦੇ ਦਰ &rsquoਤੇ ਜਾਈਏ ਤਾਂ ਬਹੁਤ ਹੀ ਪ੍ਰੇਮ ਭਾਵਨਾ ਨਾਲ ਹਾਜ਼ਰੀ ਭਰੀਏ ਤੇ ਉੱਥੇ ਕਿਸੇ ਵੀ ਤਰੀਕੇ ਦੀ ਕੋਈ ਐਸੀ ਗੱਲ ਨਾ ਕਰੀਏ ਜਿਹੜੀ ਗੁਰਮਤਿ ਅਨੁਸਾਰ ਨਾ ਹੋਵੇ। ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਨੇ ਕਿਹਾ ਕਿ ਸਾਡੇ ਜਿਹੜੇ ਬੱਚੇ ਹਾਲੇ ਸਾਬਤ ਸੂਰਤ ਨਹੀਂ, ਉਹ ਜਦੋਂ ਸ੍ਰੀ ਅਨੰਦਪੁਰ ਸਾਹਿਬ ਜਾਣ ਤਾਂ ਸਿਰ ਉੱਤੇ ਦਸਤਾਰ ਸਜਾ ਕੇ ਜਾਣ, ਇਹ ਦਸਤਾਰ ਗੁਰੂ ਸਾਹਿਬ ਜੀ ਪ੍ਰਤੀ ਸਾਡੇ ਪ੍ਰੇਮ ਦਾ ਪ੍ਰਤੀਕ ਹੈ ਕਿ ਅਸੀਂ ਆਪਣੇ ਸਤਿਗੁਰੂ ਦੇ ਘਰ &lsquoਚ ਜਾ ਰਹੇ ਹਾਂ। ਉਨ੍ਹਾਂ ਕਿਹਾ ਕਿਉਂਕਿ ਅਸੀਂ ਸਭ ਜਾਣਦੇ ਹਾਂ ਕਿ ਅਸੀਂ ਸਾਰੇ ਸ੍ਰੀ ਅਨੰਦਪੁਰ ਸਾਹਿਬ ਦੇ ਵਾਸੀ ਹਾਂ ਤੇ ਸਾਡੇ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਅਤੇ ਮਾਤਾ ਸਾਹਿਬ ਕੌਰ ਜੀ ਹਨ। ਅਸੀਂ ਆਪਸ ਵਿੱਚ ਇੱਕ ਸਾਂਝਾ ਪਰਿਵਾਰ ਖ਼ਾਲਸਾ ਪੰਥ ਹਾਂ। ਹੁਣ ਜਦੋਂ ਪਰਿਵਾਰ ਇਕੱਠਾ ਹੋ ਰਿਹਾ ਹੈ ਤਾਂ ਉਸ ਵੇਲੇ ਮਾਹੌਲ ਚੜ੍ਹਦੀ ਕਲਾ ਤੇ ਖ਼ਾਲਸਾਈ ਜਾਹੋ ਜਲਾਲ ਵਾਲਾ ਬਣਦਾ ਹੈ। ਸਿੰਘ ਸਾਹਿਬ ਨੇ ਸਮੁੱਚੀ ਕੌਮ ਨੂੰ ਅਪੀਲ ਕੀਤੀ ਕਿ ਜਿੱਥੇ ਅਸੀਂ ਵੱਧ ਚੜ੍ਹ ਕੇ ਹੋਲੇ ਮਹੱਲੇ ਦੇ ਸਮਾਗਮਾਂ ਵਿੱਚ ਹਿੱਸਾ ਲਈਏ, ਗੁਰੂ ਸਾਹਿਬ ਜੀ ਦੇ ਦਰ ਉੱਤੇ ਨਤਮਸਤਕ ਹੋਈਏ ਉੱਥੇ ਹੀ ਗੁਰੂ ਸਾਹਿਬ ਅੱਗੇ ਸਮਰਪਣ ਭਾਵਨਾ ਨੂੰ ਪੇਸ਼ ਕਰਦੇ ਹੋਏ ਸਤਿਗੁਰੂ ਜੀ ਦੇ ਹੁਕਮਾਂ ਅਨੁਸਾਰ ਚੱਲੀਏ।
ਪੰਜਾਬ ਸਰਕਾਰ ਨੇ ਨਸ਼ਾ ਤਸਕਰਾਂ ਦੀਆਂ ਉਸਾਰੀਆਂ ਨੂੰ ਢਾਹੁਣ ਦੀ ਕਾਰਵਾਈ ਜਾਰੀ ਰੱਖਦਿਆਂ 'ਯੁੱਧ ਨਸ਼ਿਆਂ ਵਿਰੁੱਧ' ਮੁਹਿੰਮ ਨੂੰ ਤੇਜ਼ ਕੀਤਾ
ਨਵੀਂ ਦਿੱਲੀ  (ਮਨਪ੍ਰੀਤ ਸਿੰਘ ਖਾਲਸਾ):- ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸੂਬੇ ਵਿੱਚੋਂ ਨਸ਼ਾ ਤਸਕਰਾਂ ਦੇ ਨੈਟਵਰਕ ਨੂੰ ਪੂਰੀ ਤਰ੍ਹਾਂ ਖ਼ਤਮ ਕਰਨ ਲਈ ਵਿੱਢੀ ਗਈ 'ਯੁੱਧ ਨਸ਼ਿਆਂ ਵਿਰੁੱਧ' ਮੁਹਿੰਮ ਦੇ ਸਕਾਰਾਤਮਕ ਸਿੱਟੇ ਸਾਹਮਣੇ ਆ ਰਹੇ ਹਨ ਅਤੇ ਇਸ ਪਹਿਲਕਦਮੀ ਨਾਲ ਆਮ ਲੋਕ ਵੱਡੀ ਰਾਹਤ ਮਹਿਸੂਸ ਕਰ ਰਹੇ ਹਨ। ਪੰਜਾਬ ਸਰਕਾਰ ਨੇ 'ਯੁੱਧ ਨਸ਼ਿਆਂ ਵਿਰੁੱਧ' ਮੁਹਿੰਮ ਨੂੰ ਹੋਰ ਤੇਜ਼ ਕਰ ਦਿੱਤਾ ਹੈ ਜਿਸ ਤਹਿਤ ਅੱਜ ਕਈ ਜ਼ਿਲ੍ਹਿਆਂ ਵਿੱਚ ਨਸ਼ਾ ਤਸਕਰਾਂ ਦੀ ਮਲਕੀਅਤ ਵਾਲੀਆਂ ਗੈਰ-ਕਾਨੂੰਨੀ ਉਸਾਰੀਆਂ ਢਾਹੀਆਂ ਗਈਆਂ। ਅੱਜ ਕੀਤੀਆਂ ਗਈਆਂ ਇਨ੍ਹਾਂ ਕਾਰਵਾਈਆਂ ਵਿੱਚ ਜ਼ਿਲ੍ਹਾ ਪੁਲਿਸ ਅਧਿਕਾਰੀਆਂ ਦੀ ਨਿਗਰਾਨੀ ਹੇਠ ਨਵਾਂਸ਼ਹਿਰ ਅਤੇ ਸੁਨਾਮ ਊਧਮ ਸਿੰਘ ਵਾਲਾ &lsquoਚ ਨਸ਼ਾ ਤਸਕਰਾਂ ਨਾਲ ਸਬੰਧਤ ਨਾਜਾਇਜ਼ ਉਸਾਰੀਆਂ ਨੂੰ ਢਾਹਣਾ ਸ਼ਾਮਲ ਹੈ।
ਨਵਾਂਸ਼ਹਿਰ ਦੇ ਕੱਲਰਾਂ ਮੁਹੱਲੇ ਵਿੱਚ ਸ਼ਹੀਦ ਭਗਤ ਸਿੰਘ ਨਗਰ ਪੁਲਿਸ ਨੇ ਸਥਾਨਕ ਸਿਵਲ ਪ੍ਰਸ਼ਾਸਨ ਦੇ ਸਹਿਯੋਗ ਨਾਲ ਨਸ਼ਾ ਤਸਕਰੀ ਵਿੱਚ ਸ਼ਾਮਲ ਤਿੰਨ ਪਰਿਵਾਰਾਂ ਦੀਆਂ ਗੈਰ-ਕਾਨੂੰਨੀ ਉਸਾਰੀਆਂ ਨੂੰ ਢਾਹ ਦਿੱਤਾ। ਐਸਐਸਪੀ ਡਾ. ਮਹਿਤਾਬ ਸਿੰਘ ਨੇ ਦੱਸਿਆ ਕਿ ਇਹ ਕਾਰਵਾਈ ਬੀਰੋ, ਸ਼ਿੰਦੋ ਅਤੇ ਸੰਤੋਸ਼ ਨਾਮਕ ਔਰਤਾਂ ਵਿਰੁੱਧ ਕੀਤੀ ਗਈ ਹੈ, ਜਿਨ੍ਹਾਂ 'ਤੇ ਸਮੂਹਿਕ ਤੌਰ 'ਤੇ ਕਈ ਕੇਸ ਦਰਜ ਹਨ, ਜਿਨ੍ਹਾਂ ਵਿੱਚੋਂ ਇੱਕ ਪਰਿਵਾਰ ਵਿਰੁੱਧ ਹੀ 14 ਕੇਸ ਦਰਜ ਹਨ। ਉਨ੍ਹਾਂ ਦੱਸਿਆ ਕਿ ਨਾਜਾਇਜ਼ ਉਸਾਰੀਆਂ ਨੂੰ ਢਾਹੁਣ ਦੀ ਇਹ ਕਾਰਵਾਈ ਨਗਰ ਕੌਂਸਲ ਦੀ ਬੇਨਤੀ 'ਤੇ ਕੀਤੀ ਗਈ ਸੀ ਅਤੇ ਨਗਰ ਕੌਂਸਲ ਨੂੰ ਇਨ੍ਹਾਂ ਗੈਰ-ਕਾਨੂੰਨੀ ਉਸਾਰੀਆਂ ਨੂੰ ਢਾਹੁਣ ਲਈ ਪੁਲਿਸ ਸਹਾਇਤਾ ਦੀ ਲੋੜ ਸੀ। ਸਥਾਨਕ ਨਿਵਾਸੀ ਇਨ੍ਹਾਂ ਨਸ਼ਾ ਤਸਕਰਾਂ ਤੋਂ ਬਹੁਤ ਪ੍ਰੇਸ਼ਾਨ ਸਨ ਅਤੇ ਹੁਣ ਪੰਜਾਬ ਸਰਕਾਰ ਦੀ ਇਸ ਕਾਰਵਾਈ ਦਾ ਸਵਾਗਤ ਕਰ ਰਹੇ ਹਨ। ਉਨ੍ਹਾਂ ਅੱਗੇ ਕਿਹਾ ਕਿ ਲੋਕਾਂ ਨੇ ਪੰਜਾਬ ਸਰਕਾਰ ਵੱਲੋਂ ਸੂਬੇ ਵਿੱਚੋਂ ਨਸ਼ਿਆਂ ਨੂੰ ਖਤਮ ਕਰਨ ਲਈ ਕੀਤੇ ਜਾ ਰਹੇ ਇਨ੍ਹਾਂ ਯਤਨਾਂ ਦੀ ਹਮਾਇਤ ਕੀਤੀ ਹੈ। ਇਸ ਦੇ ਨਾਲ ਹੀ ਐਸਐਸਪੀ ਸਰਤਾਜ ਸਿੰਘ ਚਾਹਲ ਦੀ ਨਿਗਰਾਨੀ ਹੇਠ ਸੁਨਾਮ ਊਧਮ ਸਿੰਘ ਵਾਲਾ ਵਿੱਚ ਜ਼ਿਲ੍ਹਾ ਪ੍ਰਸ਼ਾਸਨ ਅਤੇ ਪੁਲਿਸ ਵਿਭਾਗ ਦੀ ਸਾਂਝੀ ਟੀਮ ਨੇ ਅਨਾਜ ਮੰਡੀ ਦੇ ਮੁੱਖ ਗੇਟ ਨੇੜੇ ਨਸ਼ਾ ਤਸਕਰ ਬੁੱਧ ਸਿੰਘ ਉਰਫ ਬੁੱਧੂ ਨਾਲ ਸਬੰਧਤ ਗੈਰ-ਕਾਨੂੰਨੀ ਉਸਾਰੀ ਨੂੰ ਢਾਹ ਦਿੱਤਾ। ਇਸ ਵਿਅਕਤੀ ਨੇ ਮਾਰਕੀਟ ਕਮੇਟੀ ਸੁਨਾਮ ਨਾਲ ਸਬੰਧਤ ਜਗ੍ਹਾ 'ਤੇ ਗੈਰ-ਕਾਨੂੰਨੀ ਕਬਜ਼ਾ ਕੀਤਾ ਹੋਇਆ ਸੀ ਅਤੇ ਕਥਿਤ ਤੌਰ 'ਤੇ ਨਸ਼ੀਲੇ ਪਦਾਰਥਾਂ ਦੀਆਂ ਗਤੀਵਿਧੀਆਂ ਲਈ ਇੱਕ ਘਰ ਅਤੇ ਦੁਕਾਨ ਚਲਾ ਰਿਹਾ ਸੀ। ਉਨ੍ਹਾਂ ਅੱਗੇ ਕਿਹਾ ਕਿ ਉਸ ਵਿਰੁੱਧ ਐਨਡੀਪੀਐਸ ਐਕਟ ਅਤੇ ਆਬਕਾਰੀ ਐਕਟ ਤਹਿਤ ਕਈ ਮਾਮਲੇ ਦਰਜ ਕੀਤੇ ਗਏ ਹਨ। ਦੋਵਾਂ ਐਸਐਸਪੀਜ਼ ਨੇ ਆਪਣੇ ਖੇਤਰਾਂ ਵਿੱਚ ਨਸ਼ੀਲੇ ਪਦਾਰਥਾਂ ਦੇ ਤਸਕਰਾਂ ਨੂੰ ਸਖ਼ਤ ਚੇਤਾਵਨੀਆਂ ਜਾਰੀ ਕਰਦਿਆਂ ਕਿਹਾ ਹੈ ਕਿ ਜਾਂ ਤਾਂ ਨਸ਼ਾ ਤਸਕਰ ਆਪਣੀ ਮਰਜ਼ੀ ਨਾਲ ਨਸ਼ਿਆਂ ਦੀ ਤਸਕਰੀ ਛੱਡ ਦੇਣ ਜਾਂ ਗੰਭੀਰ ਸਿੱਟੇ ਭੁਗਤਣ ਲਈ ਤਿਆਰ ਰਹਿਣ। ਉਨ੍ਹਾਂ ਨੇ ਲੋਕਾਂ ਨੂੰ ਨਸ਼ਿਆਂ ਨਾਲ ਸਬੰਧਤ ਗਤੀਵਿਧੀਆਂ ਬਾਰੇ ਜਾਣਕਾਰੀ ਦੇਣ ਦੀ ਅਪੀਲ ਕਰਦਿਆਂ ਇਨ੍ਹਾਂ ਗੈਰ-ਕਾਨੂੰਨੀ ਗਤੀਵਿਧੀਆਂ ਵਿੱਚ ਸ਼ਾਮਲ ਮੁਲਜ਼ਮਾਂ ਵਿਰੁੱਧ ਫੌਰੀ ਢੰਗ ਨਾਲ ਸਖ਼ਤ ਕਾਰਵਾਈ ਦਾ ਭਰੋਸਾ ਦਿੱਤਾ। ਦੋਵੇਂ ਪੁਲਿਸ ਅਧਿਕਾਰੀਆਂ ਨੇ ਦੁਹਰਾਇਆ ਕਿ ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਲਈ ਸਰਕਾਰ ਦੀ ਵਚਨਬੱਧਤਾ ਦੇ ਹਿੱਸੇ ਵਜੋਂ ਨਸ਼ਾ ਤਸਕਰੀ ਦੇ ਨੈੱਟਵਰਕਾਂ ਅਤੇ ਗੈਰ-ਕਾਨੂੰਨੀ ਉਸਾਰੀਆਂ ਵਿਰੁੱਧ ਅਜਿਹੀਆਂ ਕਾਰਵਾਈਆਂ ਜਾਰੀ ਰਹਿਣਗੀਆਂ।
ਪੰਜਾਬੀ ਹੈਲਥ ਅਤੇ ਸਿੱਖਿਆ ਓਰਗੇਨਾਇਜੈਸ਼ਨ ਕੈਨੇਡਾ ਵਲੋਂ ਮਹਿਲਾ ਦਿਵਸ ਮਨਾਇਆ ਗਿਆ
ਨਵੀਂ ਦਿੱਲੀ  (ਮਨਪ੍ਰੀਤ ਸਿੰਘ ਖਾਲਸਾ):- ਪੰਜਾਬੀ ਹੈਲਥ ਅਤੇ ਸਿੱਖਿਆ ਓਰਗੇਨਾਇਜੈਸ਼ਨ ਜੋ ਕਿ ਕੈਨੇਡਾ ਅੰਦਰ ਪਿੱਛਲੇ 22 ਸਾਲਾਂ ਤੋ ਇੰਡੀਅਨ ਭਾਈਚਾਰੇ ਦੀ ਸੇਵਾ ਕਰ ਰਹੀ ਹੈ । ਓਰਗੇਨਾਇਜੈਸ਼ਨ ਦੇ ਪ੍ਰਧਾਨ ਸਰਦਾਰ ਤਰਨਤੇਜ ਸਿੰਘ ਹੁੰਦਲ ਅਤੇ ਸਕੱਤਰ ਸਰਦਾਰ ਲਖਵਿੰਦਰ ਸਿੰਘ ਉੱਪਲ ਨੇ ਦਸਿਆ ਕਿ ਓਰਗੇਨਾਇਜੈਸ਼ਨ ਵਲੋਂ ਮਹਿਲਾ ਦਿਵਸ ਮੌਕੇ ਇਕ ਵਿਸ਼ੇਸ਼ ਪ੍ਰੋਗਰਾਮ ਕਰਵਾਇਆ ਗਿਆ ਸੀ। ਇਸ ਪ੍ਰੋਗਰਾਮ ਅੰਦਰ ਦਲਵਿੰਦਰ ਕੌਰ ਔਲਖ, ਹਰਪ੍ਰੀਤ ਕੌਰ ਅਤੇ ਸਵਿਤਾ ਗਾਵਰੀ ਨੇ ਉਚੇਚੇ ਤੌਰ ਤੇ ਹਾਜ਼ਿਰੀ ਭਰ ਕੇ ਹਾਜਿਰ ਸੰਗਤਾਂ ਨੂੰ ਸੰਸਾਰ ਅੰਦਰ ਮਹਿਲਾਵਾਂ ਦੀਆਂ ਉਪਲਭਦੀਆਂ, ਉਨ੍ਹਾਂ ਦੇ ਅਧਿਕਾਰ ਅਤੇ ਉਨ੍ਹਾਂ ਦੀਆਂ ਸ਼ਕਤੀਆਂ ਬਾਰੇ ਉਸਾਰੂ ਚਰਚਾ ਕੀਤੀ । ਇਸ ਮੌਕੇ ਬੱਚਿਆਂ ਨੇ ਵੱਖ ਵੱਖ ਗੇਮਾਂ ਖੇਡ ਕੇ ਸਰੋਤਿਆਂ ਦਾ ਮਨ ਮੋਹ ਲਿਆ । ਇਸ ਪ੍ਰੋਗਰਾਮ ਵਿਚ ਗਿੱਧਾ ਅਤੇ ਭੰਗੜੇ ਦੀਆਂ ਟੀਮਾਂ ਨੇ ਆਪਣੇ ਜਲਵੇ ਦਿਖਾਂਦਿਆਂ ਸਮਾਂ ਬੰਨ ਦਿੱਤਾ ਸੀ । ਓਰਗੇਨਾਇਜੈਸ਼ਨ ਦੇ ਸਕੱਤਰ ਸਰਦਾਰ ਲਖਵਿੰਦਰ ਸਿੰਘ ਉੱਪਲ ਨੇ ਦਸਿਆ ਕਿ ਇਸ ਤਰ੍ਹਾਂ ਦੇ ਪ੍ਰੋਗਰਾਮ ਓਰਗੇਨਾਇਜੈਸ਼ਨ ਦੇ ਡਾਇਰੈਕਟਰ ਦਲਵਿੰਦਰ ਕੌਰ ਔਲਖ, ਰਾਹੁਲ ਗਾਵਰੀ, ਕਪਿਲ ਦੇਵ, ਜੋਗਿੰਦਰ ਸਿੰਘ ਸਿੱਧੂ, ਅੰਮ੍ਰਿਤਪਾਲ ਕੌਰ, ਸੁਨੀਲ ਸਦਾਰਗਾਨੀ, ਮੰਜੂ ਚੋਪੜਾ ਅਤੇ ਵੱਖ ਵੱਖ ਸਹਿਯੋਗੀਆਂ ਦੀ ਮਦਦ ਦੇ ਨਾਲ ਨੇਪਰੇ ਚੜ੍ਹਦੇ ਹਨ । ਸਰਦਾਰ ਉੱਪਲ ਨੇ ਦਸਿਆ ਕਿ ਓਰਗੇਨਾਇਜੈਸ਼ਨ ਵਲੋਂ ਵਿਸਾਖੀ ਪੁਰਬ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ ਤੇ ਅਸੀਂ ਨਵੇਂ ਮੈਂਬਰ ਅਤੇ ਚੰਗੇ ਉਪਰਾਲਿਆ ਨੂੰ ਜੀਅ ਆਇਆ ਆਖਦੇ ਹਾਂ ਤੇ ਮਹਿਲਾ ਦਿਵਸ ਮੌਕੇ ਕਰਵਾਏ ਗਏ ਪ੍ਰੋਗਰਾਮ ਵਿਚ ਹਾਜ਼ਿਰੀ ਭਰਣ ਵਾਲਿਆਂ ਦਾ ਧੰਨਵਾਦ ਕਰਦੇ ਹਾਂ ।
ਉØੱਘੇ ਚਿੱਤਰਕਾਰ ਸ: ਸਰੂਪ ਸਿੰਘ ਨਹੀਂ ਰਹੇ
ਉਹਨਾਂ ਬਣਾਏ ਹੋਏ ਗੁਰ ਇਤਿਹਾਸ ਅਤੇ ਸਿੱਖ ਪੰਥ ਦੀਆਂ ਅਹਿਮ ਸ਼ਖਸੀਅਤਾਂ ਦੇ ਚਿੱਤਰ ਡਰਬੀ ਸਿੱਖ ਅਜਾਇਬਘਰ ਵਿਖੇ ਸੁਸ਼ੋਭਿਤ ਹਨ - ਸ: ਪੁਰੇਵਾਲ
ਲੈਸਟਰ (ਪੰਜਾਬ ਟਾਈਮਜ਼) - ਲੈਸਟਰ ਵਾਸੀ ਉੱਘੇ ਚਿਤਰਕਾਰ ਸ: ਸਰੂਪ ਸਿੰਘ ਬੀਤੇ ਦਿਨੀਂ ਸਦੀਵੀ ਵਿਛੋੜਾ ਦੇ ਗਏ ਹਨ। ਸ: ਸਰੂਪ ਸਿੰਘ ਪਿਛਲੇ ਕੁੱਝ ਸਮੇਂ ਤੋਂ ਬਿਮਾਰ ਚੱਲ ਰਹੇ ਸਨ । ਉਹਨਾਂ ਨੇ ਆਪਣੇ ਜੀਵਨ ਵਿੱਚ ਗੁਰ ਇਤਿਹਾਸ ਅਤੇ ਸਿੱਖ ਇਤਿਹਾਸ ਨਾਲ ਸੰਬੰਧਿਤ ਬਹੁਤ ਸਾਰੀ ਚਿੱਤਰਕਾਰੀ ਕੀਤੀ।
1940 ਵਿੱਚ ਪੰਜਾਬ ਵਿੱਚ ਜਨਮੇ ਸ: ਸਰੂਪ ਸਿੰਘ ਸਮੁੰਦਰੀ ਰਸਤੇ ਰਾਹੀਂ 19 ਸਾਲ ਦੀ ਉਮਰ ਵਿੱਚ ਇੰਗਲੈਂਡ ਆਏ ਸਨ ਤੇ ਆਪਣੀ ਜ਼ਿੰਦਗੀ ਦਾ ਲੰਮਾ ਸਮਾਂ ਉਹ ਇਥੇ ਰਹੇ ਤੇ ਸਾਰੀ ਜ਼ਿੰਦਗੀ ਚਿੱਤਰਕਾਰੀ &lsquoਤੇ ਲਾ ਦਿੱਤੀ। ਉਹਨਾਂ ਨੇ ਕੁੱਝ ਸਾਲ ਪਹਿਲਾਂ ਆਪਣੀ ਜ਼ਿੰਦਗੀ ਭਰ ਦੀ ਇਹ ਕਮਾਈ ਵੱਡ ਅਕਾਰੀ ਚਿੱਤਰ ਜਿਹਨਾਂ ਵਿੱਚ ਗੁਰੂ ਸਾਹਿਬਾਨ ਅਤੇ ਸਿੱਖ ਇਤਿਹਾਸ ਦੀਆਂ ਅਹਿਮ ਸ਼ਖਸੀਅਤਾਂ ਦੇ ਚਿੱਤਰ ਸਿੱਖ ਅਜਾਇਬਘਰ ਡਰਬੀ ਨੂੰ ਕਾਨੂੰਨੀ ਕਾਰਵਾਈ ਕਰਕੇ ਸਿਰਫ਼ 1 ਪੌਂਡ ਵਿੱਚ ਭੇਂਟ ਕਰ ਦਿੱਤੇ ਸਨ, ਜੋ ਅਜਾਇਬਘਰ ਦੀ ਆਰਟ ਗੈਲਰੀ ਵਿੱਚ ਸੁਸ਼ੋਭਿਤ ਹਨ । ਤਸਵੀਰਾਂ ਰਾਹੀਂ ਇਤਿਹਾਸ ਦਾ ਚਿੱਤਰਣ ਬਹੁਤ ਹੀ ਵਧੀਆ ਤੇ ਆਹਲਾ ਦਰਜੇ ਦਾ ਕੀਤਾ ਗਿਆ ਹੈ। ਇਸ ਅਜਾਇਬਘਰ ਵਿੱਚ ਸ: ਸਰੂਪ ਸਿੰਘ ਉਹਨਾਂ ਦੀ ਧਰਮ ਪਤਨੀ ਦੀ ਤਸਵੀਰ ਵੀ ਲਗਾਈ ਗਈ ਹੈ। ਪੰਜਾਬੀ ਸਾਹਿਤ ਕਲਾ ਕੇਂਦਰ ਯੂ ਕੇ ਦੀ ਪ੍ਰਧਾਨ ਬੀਬੀ ਕੁਲਵੰਤ ਕੌਰ ਨੇ ਬੜੇ ਭਰੇ ਮਨ ਨਾਲ ਦੱਸਿਆ ਕਿ ਸ: ਸਰੂਪ ਸਿੰਘ ਨੇ ਜਿੱਥੇ ਗੁਰੂ ਸਾਹਿਬਾਨ ਦੇ ਚਿੱਤਰ ਬਣਾਏ ਉਥੇ ਉਹਨਾਂ ਨੇ ਵਿਸ਼ਵ ਦੀਆਂ ਪ੍ਰਮੁੱਖ ਸ਼ਖਸੀਅਤਾਂ ਦੇ ਚਿੱਤਰ ਵੀ ਬਣਾਏ ਸਨ। ਯੂ ਕੇ ਦੇ ਲੇਖਕ ਸੰਤੋਖ ਸਿੰਘ ਭੁੱਲਰ ਨੇ &lsquoਰੰਗਾਂ ਦਾ ਯਾਦੂਗਰ&rsquo ਕਿਤਾਬ ਲਿਖ ਕੇ ਸ: ਸਰੂਪ ਸਿੰਘ ਦੀ ਇਸ ਕਲਾ ਅਤੇ ਉਹਨਾਂ ਦੇ ਜ਼ਿੰਦਗੀ ਭਰ ਦੇ ਕੰਮ ਨੂੰ ਸੰਭਾਲਣ ਦਾ ਯਤਨ ਕੀਤਾ ਸੀ। ਯਾਦ ਰਹੇ ਉਹਨਾਂ ਦੇ ਕਲਾਕਾਰੀ ਦੇ ਕੰਮ ਨੂੰ ਵੇਖਦਿਆਂ ਇੰਗਲੈਂਡ ਦੀ ਮਹਾਰਾਣੀ ਐਲਿਜ਼ਾਬੈਥ ਨੇ ਉਹਨਾਂ ਨੂੰ ਐਮ ਬੀ ਈ ਦਾ ਖਿਤਾਬ ਦੇ ਕੇ ਨਿਵਾਜਿਆ ਸੀ।
ਗੁਰਦੁਆਰਾ ਸਿੰਘ ਸਭਾ ਡਰਬੀ ਦੇ ਪ੍ਰਧਾਨ ਸ: ਰਘਬੀਰ ਸਿੰਘ, ਸਿੱਖ ਅਜਾਇਬਘਰ ਡਰਬੀ ਦੇ ਚੇਅਰਮੈਨ ਸ: ਰਾਜਿੰਦਰ ਸਿੰਘ ਪੁਰੇਵਾਲ ਅਤੇ ਅਜਾਇਬਘਰ ਦੀ ਸਾਰੀ ਟੀਮ ਵੱਲੋਂ ਸ: ਸਰੂਪ ਸਿੰਘ ਦੀ ਅਕਾਲ ਚਲਾਣੇ ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਅਤੇ ਪਰਿਵਾਰ ਨਾਲ ਹਮਦਰਦੀ ਜ਼ਾਹਿਰ ਕੀਤੀ ਹੈ। ਸ: ਰਾਜਿੰਦਰ ਸਿੰਘ ਪੁਰੇਵਾਲ ਨੇ ਦੱਸਿਆ ਕਿ ਉਹਨਾਂ ਦੀ ਯਾਦ ਵਿੱਚ ਸ੍ਰੀ ਗੁਰੂ ਸਿੰਘ ਸਭਾ ਡਰਬੀ ਵਿਖੇ ਸ਼ਰਧਾਂਜ਼ਲੀ ਸਮਾਗਮ ਆਉਂਦੇ ਦਿਨਾਂ ਵਿੱਚ ਆਯੋਜਿਤ ਕੀਤਾ ਜਾਵੇਗਾ, ਜਿਸ ਦੌਰਾਨ ਉਹਨਾਂ ਦੀਆਂ ਪੰਥ ਪ੍ਰਤੀ ਸੇਵਾਵਾਂ ਵਾਸਤੇ ਸ਼ਰਧਾ ਦੇ ਫੁੱਲ ਭੇਂਟ ਕੀਤੇ ਜਾਣਗੇ।