ਜਥੇਦਾਰ ਅਕਾਲੀ ਫੂਲਾ ਸਿੰਘ ਜੀ
ਤੇਗ ਦੇ ਧਨੀ, ਬਚਨ ਦੇ ਬਲੀ, ਸੰਤ ਸਿਪਾਹੀ, ਸੁਤੰਤਰ ਨਿਰਭੈ ਅਤੇ ਨਿਰਵੈਰ ਜੋਧੇ ਅਕਾਲੀ ਫੂਲਾ ਸਿੰਘ ਦਾ ਜਨਮ ਇਲਾਕਾ ਬਾਂਗਰ ਦੇ ਛੋਟੇ ਜਿਹੇ ਪਿੰਡ ਸ਼ੀਹਾਂ ਵਿਖੇ, ਨਿਸ਼ਾਨਾ ਵਾਲੀਆ ਮਿਸਲ ਦੇ ਸੇਵਾਦਾਰ ਸ। ਈਸ਼ਰ ਸਿੰਘ ਦੇ ਘਰ 1761 ਈਸਵੀ ਨੂੰ ਹੋਇਆ । ਅਕਾਲੀ ਜੀ ਦੀ ਮਾਤਾ ਦਾ ਨਾਂ ਹਰ ਕੌਰ ਅਤੇ ਪਿਤਾ ਦਾ ਈਸ਼ਰ ਸਿੰਘ ਸੀ । ਸ। ਈਸ਼ਰ ਸਿੰਘ ਦੇ ਘਰ ਦੋ ਪੁੱਤਰ ਪੈਦਾ ਹੋਏ ਫੂਲਾ ਸਿੰਘ ਅਤੇ ਸੰਤ ਸਿੰਘ । ਫੂਲਾ ਸਿੰਘ ਨੇ ਗ੍ਰਿਸਤ ਨਹੀਂ ਸੀ ਧਾਰਨ ਕੀਤੀ । ਸ। ਈਸ਼ਰ ਸਿੰਘ ਜੀ ਦੇ ਦੂਜੇ ਪੁੱਤਰ ਸੰਤ ਸਿੰਘ ਦੀ ਅੰਸ਼ ਵੰਸ਼ ਸ੍ਰੀ ਤਰਨਤਾਰਨ ਸਾਹਿਬ ਨਿਹੰਗਾਂ ਦੀ ਬਾਹੀ ਵਿੱਚ ਰਹਿੰਦੀ ਹੈ । ਫੂਲਾ ਸਿੰਘ ਦੇ ਪਿਤਾ ਸ। ਈਸ਼ਰ ਸਿੰਘ ਜੀ ਵੱਡੇ ਘੱਲੂਘਾਾਰੇ ਦੀ ਲੜਾਈ ਵਿੱਚ ਗੰਭੀਰ ਜ਼ਖ਼ਮੀ ਹੋ ਗਏ ਸਨ, ਇਲਾਜ ਕਰਨ ਦੇ ਬਾਵਜੂਦ ਵੀ ਸ। ਈਸ਼ਰ ਸਿੰਘ ਦੇ ਜ਼ਖ਼ਮ ਠੀਕ ਨਾ ਹੋ ਸਕੇ ਅਤੇ ਉਨ੍ਹਾਂ ਨੇ ਆਪਣਾ ਅੰਤਿਮ ਸਮਾਂ ਨੇੜੇ ਵੇਖ ਕੇ ਬਾਲਕ ਫੂਲਾ ਸਿੰਘ ਦੇ ਪਾਲਣ ਪੋਸ਼ਣ ਦੀ ਅਤੇ ਸ਼ਸ਼ਤਰ ਅਤੇ ਸ਼ਾਸਤਰ ਦੀ ਵਿੱਦਿਆ ਦਿਵਾਉਣ ਦੀ ਜ਼ਿੰਮੇਵਾਰੀ ਆਪਣੇ ਸਤਸੰਗੀ ਅਕਾਲੀ ਨਰੈਣ ਸਿੰਘ ਨੂੰ ਸੌਂਪ ਦਿੱਤੀ । ਅਕਾਲੀ ਨਰੈਣ ਸਿੰਘ ਜੀ ਮਿਸਲ ਸ਼ਹੀਦਾਂ ਦੇ ਰਤਨ ਰੂਪ ਵਜੋਂ ਜਾਣੇ ਜਾਂਦੇ ਸਨ ।
ਅਕਾਲੀ ਬਾਬਾ ਨਰੈਣ ਸਿੰਘ ਜੀ ਨੇ ਬਾਲਕ ਫੂਲਾ ਸਿੰਘ ਜੀ ਨੂੰ ਦੱਸ ਕੁ ਵਰ੍ਹਿਆਂ ਦੀ ਆਯੂ ਤੱਕ ਹੀ ਸ਼ਾਸਤਰ ਵਿੱਦਿਆ ਵਿੱਚ ਨਿਪੁੰਨ ਕਰ ਦਿੱਤਾ । ਬਾਲਕ ਫੂਲਾ ਸਿੰਘ ਜੀ ਏਨੀ ਤੀਖਣ ਬੁੱਧੀ ਦੇ ਮਾਲਿਕ ਸਨ ਕਿ ਉਨ੍ਹਾਂ ਨੇ ਨਿਤਨੇਮ ਤੋਂ ਬਿਨਾਂ ਹੋਰ ਵੀ ਬਹੁਤ ਸਾਰੀਆਂ ਬਾਣੀਆਂ ਜ਼ੁਬਾਨੀ ਕੰਠ ਕਰ ਲਈਆਂ ਸਨ । ਬਾਲਕ ਫੂਲਾ ਸਿੰਘ ਨੂੰ ਬਾਣੀ ਨਾਲ ਇੰਨਾ ਲਗਾਉ ਸੀ ਕਿ ਖੇਡ ਕੁਦ ਦੀ ਅਲਬੇਲੀ ਅਵਸਥਾ ਵਿੱਚ ਵੀ ਜਦ ਕਿਸ ਨੂੰ ਦਿਸਦੇ ਗੁਰਬਾਣੀ ਪੜ੍ਹਦੇ ਹੀ ਦਿਸਦੇ । ਅਕਾਲੀ ਬਾਬਾ ਨਰੈਣ ਸਿੰਘ ਜੀ ਨੇ ਜਦੋਂ ਵੇਖਿਆ ਕਿ ਫੂਲਾ ਸਿੰਘ ਧਾਰਮਿਕ ਵਿੱਦਿਆ ਵਿੱਚ ਨਿਪੁੰਨ ਹੋ ਗਏ ਹਨ ਤਾਂ ਉਨ੍ਹਾਂ ਨੇ ਫੂਲਾ ਸਿੰਘ ਨੂੰ ਸ਼ਸ਼ਤਰ ਵਿੱਦਿਆ ਵੀ ਦੇਣੀ ਆਰੰਭ ਕਰ ਦਿੱਤੀ ਜੋ ਉਸ ਵੇਲੇ ਹਰ ਇਕ ਸਿੱਖ ਬੱਚੇ ਲਈ ਅਤੀ ਜ਼ਰੂਰੀ ਹੁੰਦੀ ਸੀ । ਘੋੜ ਸਵਾਰੀ, ਤੀਰ ਅੰਦਾਜੀ, ਨੇਜੇ ਬਾਜੀ ਅਤੇ ਢਾਲ-ਤਲਵਾਰ ਦੇ ਕਰਤੱਵਾਂ ਦੀ ਵੀ ਫੂਲਾ ਸਿੰਘ ਨੇ ਦ੍ਰਿੜਤਾ ਤੇ ਦਲੇਰੀ ਨਾਲ ਜਲਦੀ ਹੀ ਨਿਪੁੰਨਤਾ ਹਾਸਲ ਕਰ ਲਈ ਸੀ । ਅਕਾਲੀ ਨਰੈਣ ਸਿੰਘ ਆਪਣੇ ਸਾਰੇ ਸ਼ਸ਼ਤਰ ਵਿੱਦਿਆ ਦੇ ਵਿੱਦਿਆਰਥੀਆਂ ਨੂੰ ਹੋਲੇ ਮਹੱਲੇ ਦੀ ਪਰੰਪਰਾ ਅਨੁਸਾਰ ਫਰਜੀ ਮੈਦਾਨੇ ਜੰਗ ਵਿੱਚ ਲੈ ਜਾਂਦੇ ਅਤੇ ਸਾਰੇ ਵਿੱਦਿਆਰਥਆਂ ਨੂੰ ਦੋ ਹਿੱਸਿਆਂ ਵਿੱਚ ਵੰਡ ਕੇ ਮਸਨੂਈ ਯੁੱਧ ਕਵਾਉਂਦੇ । ਇਸ ਜੰਗੀ ਅਭਿਆਸ ਵਿੱਚ ਫੂਲਾ ਸਿੰਘ ਦੀ ਸ਼ਸਤਰ ਵਿੱਦਿਆ ਦੇ ਜੌਹਰ ਵੇਖ ਕੇ ਅਕਾਲੀ ਨਰੈਣ ਸਿੰਘ ਜੀ ਬਹੁਤ ਖੁਸ਼ ਹੁੰਦੇ, ਇਸ ਕਰਕੇ ਫੂਲਾ ਸਿੰਘ ਨੇ ਨਰੈਣ ਸਿੰਘ ਦੇ ਦਿਲ ਵਿੱਚ ਵਿਸ਼ੇਸ਼ ਥਾਂ ਬਣਾ ਲਈ ਸੀ ।
ਇਨ੍ਹਾਂ ਦਿਨਾਂ ਵਿੱਚ ਹੀ ਫੂਲਾ ਸਿੰਘ ਜੀ ਦੀ ਮਾਤਾ ਦੇ ਪੌੜੀਆਂ ਤੋਂ ਡਿੱਗਣ ਨਾਲ ਗੰਭੀਰ ਸੱਟਾਂ ਲੱਗ ਗਈਆਂ ਸਨ, ਜਿਸ ਕਰਕੇ ਉਨ੍ਹਾਂ ਦੇ ਬਚਣ ਦੀ ਕੋਈ ਉਮੀਦ ਨਾ ਰਹੀ, ਮਾਤਾ ਜੀ ਨੇ ਆਪਣਾ ਅੰਤਿਮ ਸਮਾਂ ਨੇੜੇ ਦੇਖ ਕੇ ਆਪਣੇ ਧਰਮੀ ਪੁੱਤਰ ਫੂਲਾ ਸਿੰਘ ਨੂੰ ਜੋ ਸਿੱਖਿਆ ਦਿੱਤੀ, ਬਾਬਾ ਪ੍ਰੇਮ ਸਿੰਘ ਹੋਤੀ ਨੇ ਬੜੇ ਸੁੰਦਰ ਲਫ਼ਜਾਂ ਵਿੱਚ ਹੇਠ ਲਿਖੇ ਅਨੁਸਾਰ ਦਰਜ ਕੀਤਾ ਹੈ, ਤੂੰ ਆਪਣੇ ਬਲੀ ਪਿਤਾ ਦਾ ਪੁੱਤਰ ਹੈਂ, ਤੇ ਮਹਾਨ ਤੇਜੱਸਵੀ ਯੋਧੇ ਤੇਗ਼ਧਾਰੀ ਗੁਰੂ ਦਾ ਸਿੱਖ ਹੈਂ, ਉਨ੍ਹਾਂ ਦੇ ਹੀ ਪਾਏ ਪੂਰਨਿਆਂ &lsquoਤੇ ਤੁਰਨ ਲਈ ਤੱਤਪਰ ਰਹੀਂ ਤੇ ਆਪਣੀ ਸੰਗਤ ਦੇ ਅਪਾਰ ਗੂੜੇ ਰੰਗ ਨਾਲ ਹੋਰ ਬਲੀ ਬੀਰ ਤੇ ਉਮੰਗੀ ਯੋਧੇ ਪੈਦਾ ਕਰੀਂ ਜੋ ਧਰਮ, ਪੰਥ ਤੇ ਦੀਨਾਂ ਦੀ ਰਾਖੀ ਲਈ ਆਪਣਾ ਆਪ ਲਾ ਦੇਣਾ ਸਧਾਰਨ ਜਹੀ ਖੇਡ ਹੀ ਸਮਝਣ, ਤੰੂ ਸੱਚਿਆਈ ਨਾਲ ਸਦੀਵੀ ਪਿਆਰ ਕਰੀਂ, ਸਤਿਗੁਰੂ ਦੀ ਬਾਣੀ ਚਿੱਤ ਧਰੀਂ, ਆਪ ਜਪੀਂ ਤੇ ਹੋਰਨਾਂ ਨੂੰ ਜਪਾਵੀਂ, ਪੰਥ ਲਈ ਜੀਣਾ, ਪੰਥ ਲਈ ਮਰਨਾ, ਧਰਮ ਦੇ ਵਾਧੇ ਅਤੇ ਪੰਥ ਦੇ ਵਾਧੇ ਦੀ ਸੇਵਾ ਵਿੱਚ ਹੀ ਆਪਣਾ ਕਲਿਆਣ ਸਮਝਣਾ । ਮੋਹ ਮਾਇਆ ਤੋਂ ਨਿਰਲੇਪ ਰਹਿ ਕੇ ਮਨ ਗੁਰੂ ਚਰਨਾਂ ਵਿੱਚ ਜੋੜੀ ਰੱਖਣਾ, ਤੂੰ ਸਿੱਖ ਹੈਂ ਹੋਰ ਵਧੀਕ ਕੀ ਦੱਸਾਂ, ਬੱਸ ਸਿੱਖੀ ਜੀਵਨ ਬਤੀਤ ਕਰੀਂ ਤਾਂ ਕਿ ਮੇਰੀ ਕੁੱਖ ਨੂੰ ਦਾਗ਼ ਨਾ ਲੱਗੇ । ਪੁੱਤਰ ਮੈਂ ਤੈਨੂੰ ਗੁਰੂ ਦੇ ਹਵਾਲੇ ਛੱਡ ਕੇ ਜਾ ਰਹੀਂ ਹਾਂ ਤੇ ਏਨਾ ਆਖ ਕੇ ਮਾਤਾ ਨੇ ਸਦਾ ਲਈ ਅੱਖਾਂ ਮੀਟ ਲਈਆਂ ਅਤੇ ਗੁਰੂ ਚਰਨਾਂ ਵਿੱਚ ਜਾ ਬਿਰਾਜੀ ।
ਆਪਣੀ ਮਾਤਾ ਦੇ ਸਸਕਾਰ ਅਤੇ ਅੰਤਿਮ ਅਰਦਾਸ ਤੋਂ ਬਾਅਦ ਧਾਰਮਿਕ ਰਸਮਾਂ ਦੀ ਸਮਾਪਤੀ ਕਰਨ ਤੋਂ ਬਾਅਦ ਫੂਲਾ ਸਿੰਘ ਪੱਕੇ ਤੌਰ ਤੇ ਅਕਾਲੀ ਨਰੈਣ ਸਿੰਘ ਦੇ ਡੇਰੇ ਤੇ ਆ ਗਏ, ਇਥੇ ਆ ਕੇ ਫੂਲਾ ਸਿੰਘ ਨੇ ਅਕਾਲੀ ਸ਼ਸ਼ਤਰ ਬਸ਼ਤਰ ਪਹਿਨ ਲਏ ਅਤੇ ਮਿਸਲ-ਸ਼ਹੀਦਾਂ ਵਿੱਚ ਸ਼ਾਮਿਲ ਹੋ ਗਏ । ਇਨ੍ਹੀਂ ਦਿਨੀਂ ਅਕਾਲੀ ਨਰੈਣ ਸਿੰਘ ਜੀ ਅਨੰਦਪੁਰ ਵਿਖੇ ਰਹਿੰਦੇ ਸਨ, ਫੂਲਾ ਸਿੰਘ ਜੀ ਨੇ ਅਕਾਲੀ ਨਰੈਣ ਸਿੰਘ ਦੇ ਜਥੇ ਨਾਲ ਰਲ ਕੇ ਅਨੰਦਪੁਰ ਇਤਿਹਾਸਕ ਗੁਰਦੁਆਰਿਆਂ ਦੀ ਸੇਵਾ ਸੰਭਾਲ ਕਰਦੇ ਰਹੇ । ਫੂਲਾ ਸਿੰਘ ਜੀ ਦਾ ਜੰਗੀ ਅਭਿਆਸ, ਸ਼ੁੱਧ ਆਚਰਣ, ਧਾਰਮਿਕ ਜੋਸ਼, ਸੇਵਾ ਸਿਮਰਣ, ਦ੍ਰਿੜਤਾ ਤੇ ਦਲੇਰੀ ਦਾ ਜਥੇ ਵਿੱਚ ਏਨਾ ਪ੍ਰਭਾਵ ਵੱਧ ਗਿਆ ਕਿ ਅਕਾਲੀ ਨਰੈਣ ਜੀ ਤੋਂ ਬਾਅਦ ਫੂਲਾ ਸਿੰਘ ਹੀ ਜਥੇ ਦੇ ਜਥੇਦਾਰ ਥਾਪੇ ਗਏ ਅਤੇ ਇਸ ਤੋਂ ਬਾਅਦ ਆਪ ਜੀ ਜਥੇਦਾਰ ਅਕਾਲੀ ਫੂਲਾ ਸਿੰਘ ਦੇ ਨਾਮ ਨਾਲ ਪ੍ਰਸਿੱਧ ਹੋਏ ਅਤੇ ਆਪਣੇ ਆਪ ਨੂੰ ਸਮੁੱਚੇ ਪੰਥ ਦਾ ਸੇਵਾਦਾਰ ਸਮਝਦੇ ਰਹੇ ।
ਸੰਨ 1857 (1800 ਈਸਵੀ) ਨੂੰ ਅਕਾਲੀ ਫੂਲਾ ਸਿੰਘ ਜਥੇ ਸਮੇਤ ਸ੍ਰੀ ਅੰਮ੍ਰਿਤਸਰ ਸਾਹਿਬ ਆ ਗਏ ਅਤੇ ਆਪ ਜੀ ਨੇ ਇਥੇ ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਹੋਰਨਾਂ ਗੁਰਦੁਆਰਿਆਂ ਅੰਦਰ ਜੋ ਗੁਰਮਤਿ ਵਿਰੁੱਧ ਕੁਰੀਤੀਆਂ ਪ੍ਰਚੱਲਤ ਹੋ ਗਈਆਂ ਸਨ ਉਹ ਬੰਦ ਕਰਵਾਈਆਂ ਅਤੇ ਗੁਰਮਤਿ ਅਨਸਾਰੀ ਨਵੇਂ ਸਿਰਿਉਂ ਸੇਵਾ ਸ਼ੁਰੂ ਕਰਵਾਈ, ਆਪ ਜੀ ਨੇ ਅਕਾਲ ਤਖ਼ਤ ਅਤੇ ਅੰਮ੍ਰਿਤਸਰ ਦੇ ਸਾਰੇ ਗੁਰਦੁਆਰਿਆਂ ਅਤੇ ਸਰੋਵਰਾਂ ਦਾ ਪ੍ਰਬੰਧ ਆਪਣੀ ਨਿਗਰਾਨੀ ਹੇਠ ਕਰਕੇ ਸੁਧਾਰ ਕੀਤਾ । ਇਨ੍ਹਾਂ ਹੀ ਦਿਨਾਂ ਵਿੱਚ 1801 ਈ। ਨੂੰ ਮਹਾਰਾਜਾ ਰਣਜੀਤ ਨੇ ਸ੍ਰੀ ਅੰਮ੍ਰਿਤਸਰ ਨੂੰ ਖ਼ਾਲਸਾ ਰਾਜ ਨਾਲ ਮਿਲਾਉਣ ਲਈ ਚੜ੍ਹਾਈ ਕਰ ਦਿੱਤੀ, ਏਥੇ ਇਹ ਦੱਸਣਾ ਕੁਥਾਂਹ ਨਹੀਂ ਹੋਵੇਗਾ ਕਿ ਭੰਗੀਆਂ ਮਿਸਲ ਦੇ ਸਰਦਾਰ ਮਹਾਰਾਜਾ ਰਣਜੀਤ ਸਿੰਘ ਦੇ ਪਿਤਾ ਮਹਾ ਸਿੰਘ ਦੇ ਸਮੇਂ ਤੋਂ ਹੀ ਉਨ੍ਹਾਂ ਦੇ ਵਿਰੋਧੀ ਸਨ ਅਤੇ ਅਜੇ ਤੱਕ ਉਹ ਮਹਾਰਾਜਾ ਰਣਜੀਤ ਸਿੰਘ ਦੇ ਅਨੁਸਾਰੀ ਨਹੀਂ ਸੀ ਹੋਏ ।
ਜਦੋਂ ਮਹਾਰਾਜਾ ਰਣਜੀਤ ਸਿੰਘ ਨੇ ਭੰਗੀਆਂ ਮਿਸਲ ਦੇ ਸਰਦਾਰਾਂ &lsquoਤੇ ਚੜ੍ਹਾਈ ਕੀਤੀ ਤਾਂ ਲੜਾਈ ਆਰੰਭ ਹੁੰਦਿਆਂ ਹੀ ਅਕਾਲੀ ਫੂਲਾ ਸਿੰਘ ਦੋਨੋਂ ਸਿੱਖ ਫੌਜਾਂ ਦੇ ਵਿੱਚਕਾਰ ਹੋ ਖਲੋਤੇ ਅਤੇ ਦੋਹਾਂ ਸਿੱਖ ਸਰਦਾਰਾਂ ਨੂੰ ਘਰ ਵਿੱਚ ਲੜਨ ਤੋਂ ਮਨ੍ਹਾਂ ਕਰ ਦਿੱਤਾ । ਆਪ ਜੀ ਨੇ ਦੋਹਾਂ ਧਿਰਾਂ ਵਿੱਚ ਸੁਲ੍ਹਾ ਕਰਵਾ ਦਿੱਤੀ, ਭੰਗੀ ਸਰਦਾਰ ਰਣਜੀਤ ਸਿੰਘ ਦੇ ਅਨਸਾਰੀ ਹੋ ਗਏ ਅਤੇ ਮਹਾਰਾਜਾ ਰਣਜੀਤ ਸਿੰਘ ਨੇ ਉਨ੍ਹਾਂ ਦੇ ਗੁਜ਼ਾਰੇ ਲਈ ਬਹੁਤ ਸਾਰੀ ਜਗੀਰ ਬਖ਼ਸ਼ ਦਿੱਤੀ । ਅਕਾਲੀ ਫੂਲਾ ਸਿੰਘ ਦੀ ਇਸ ਦੂਰ ਅੰਦੇਸ਼ੀ ਨੇ ਖ਼ਾਲਸਾ ਪੰਥ ਵਿੱਚ ਅਕਾਲੀ ਜੀ ਦਾ ਰੁੱਤਬਾ ਹੋਰ ਵੀ ਉੱਚਾ ਕਰ ਦਿੱਤਾ । ਸਮਾਂ ਤੇ ਸਥਾਨ ਆਗਿਆ ਨਹੀਂ ਦਿੰਦਾ ਕਿ ਖ਼ਾਲਸਾ ਰਾਜ ਦੇ ਵਾਧੇ ਲਈ ਕਸੂਰ ਮਲਤਾਨ ਅਤੇ ਕਸ਼ਮੀਰ ਨੂੰ ਖ਼ਾਲਸਾ ਰਾਜ ਵਿੱਚ ਮਿਲਾਉਣ ਲਈ ਅਕਾਲੀ ਜੀ ਵੱਲੋਂ ਮਹਾਰਾਜਾ ਰਣਜੀਤ ਸਿੰਘ ਦੀ ਕੀਤੀ ਜੰਗੀ ਸਹਾਇਤਾ ਦਾ ਵਿਸਥਾਰ ਲਿਖਿਆ ਜਾ ਸਕੇ । ਏਥੇ ਜ਼ਿਕਰਯੋਗ ਹੈ ਕਿ ਅਕਾਲੀ ਫੂਲਾ ਸਿੰਘ ਜੀ ਨੇ ਖ਼ਾਲਸਾ ਰਾਜ ਦੇ ਵਾਧੇ ਲਈ ਮਹਾਰਾਜਾ ਰਣਜੀਤ ਸਿੰਘ ਦੀ ਸਹਾਇਤਾ ਪੂਰਨ ਸੁਤੰਤਰ ਹੋ ਕੇ ਕੀਤੀ ਅਤੇ ਮਹਾਰਾਜਾ ਰਣਜੀਤ ਸਿੰਘ ਦੀ ਅਧੀਨਗੀ ਨਹੀਂ ਕਬੂਲ ਕੀਤੀ । ਜਥੇਦਾਰ ਅਕਾਲੀ ਫੂਲਾ ਸਿੰਘ ਜੀ ਨੇ ਮੀਰੀ ਪੀਰੀ ਦੇ ਮਾਲਿਕ ਅਤੇ ਅਕਾਲ ਤਖ਼ਤ ਦੇ ਸਾਜਣਹਾਰ ਛੇਵੇਂ ਪਾਤਿਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਸਿਧਾਂਤ ਅਤੇ ਪਰੰਪਰਾ ਨੂੰ ਕਾਇਮ ਰੱਖਿਆ ਕਿ ਅਕਾਲ ਤਖ਼ਤ ਨਾ ਮੁਗਲਾਂ ਦੀ ਦਿੱਲੀ ਹਕੂਮਤ ਦੇ ਅਧੀਨ ਹੋਇਆ ਅਤੇ ਨਾ ਹੀ ਕਿਸੇ ਸਿੱਖ ਰਾਜੇ ਦੇ ਅਧੀਨ ਹੈ, ਅਕਾਲ ਤਖ਼ਤ ਦੀ ਹੋਂਦ ਤੇ ਮਰਿਯਾਦਾ ਸੁਤੰਤਰ ਹੈ । ਅਕਾਲ ਤਖ਼ਤ ਸਿੱਖ ਪੰਥ ਦੀਆਂ ਧਾਰਮਿਕ ਅਤੇ ਰਾਜਨੀਤਕ ਰੁਚੀਆਂ ਦਾ ਸੁਮੇਲ ਹੈ ।
ਅਕਾਲੀ ਫੂਲਾ ਸਿੰਘ ਜੀ ਖ਼ਾਲਸਾ ਰਾਜ ਦੇ ਉਸਰਈਏ ਅਤੇ ਮੁਦਈ ਹੋਣ ਕਰਕੇ ਆਪ ਜੀ ਦਾ ਮਹਾਰਾਜਾ ਰਣਜੀਤ ਨਾਲ ਹੇਠ ਲਿਖੇ ਕਾਰਣਾਂ ਕਰਕੇ ਮੱਤ ਭੇਦ ਹੋ ਗਏ (1) ਮਹਾਰਾਜਾ ਰਣਜੀਤ ਸਿੰਘ ਦਾ ਡੋਗਰਿਆਂ ਨੂੰ ਜ਼ਿੰਮੇਵਾਰੀਆਂ ਦੇ ਅਹੁਦੇ ਦੇਣਾ । (2) ਮਿਸਰ ਗੰਗਾ ਰਾਮ ਦੀਆਂ ਮਨ ਭਾਉਂਦੀਆਂ ਕਾਰਵਾਈਆਂ । (3) ਇਸੇ ਮਿਸਰ (ਬ੍ਰਾਹਮਣ) ਦਾ ਆਪਣੇ ਸਾਕਾ ਸੰਬੰਧੀਆਂ ਨੂੰ ਆਪਣੇ ਦਰਬਾਰ ਵਿੱਚ ਭਰਤੀ ਕਰ ਕੇ ਫੌਜ ਵਿੱਚ ਉੱਚੇ ਅਹੁਦਿਆਂ &lsquoਤੇ ਤਾਇਨਾਤ ਕਰਨਾ । (4) ਇਨ੍ਹਾਂ ਲੋਕਾਂ ਦਾ ਸ਼ਹਿਜ਼ਾਦਾ ਖੜਗ ਸਿੰਘ ਤੇ ਮਹਾਰਾਜਾ ਰਣਜੀਤ ਸਿੰਘ ਵਿੱਚ ਫੁੱਟ ਪੁਆਉਣ ਲਈ ਜਤਨ ਕਰਦੇ ਰਹਿਣਾ । (5) ਕੰਵਰ ਸ਼ੇਰ ਸਿੰਘ ਤੋਂ ਮਹਾਰਾਜੇ ਦਾ ਦਿਲ ਬਦਜ਼ਨ ਕਰਦੇ ਰਹਿਣਾ । ਇਨ੍ਹਾਂ ਗੱਲਾਂ ਕਰਕੇ ਅਤੇ ਭਵਿੱਖ ਵਿੱਚ ਖ਼ਾਲਸਾ ਰਾਜ ਦੀ ਨੀਂਹ ਕਮਜ਼ੋਰ ਹੁੰਦੀ ਦੇਖ ਕੇ ਆਪ ਇਸ ਖ਼ਤਰੇ ਨੂੰ ਅਨੁਭਵ ਕਰ ਕੇ ਸਿੱਧੇ ਲਾਹੌਰ ਪਹੁੰਚ ਗਏ । ਇਧਰ ਜਦ ਡੋਗਰਿਆਂ ਅਤੇ ਮਿਸਰਾਂ ਨੂੰ ਜਿਹੜੇ ਉੱਚ ਅਹੁਦੇ ਹਥਿਆਉਣ ਲਈ ਅੰਮ੍ਰਿਤ ਛੱਕ ਕੇ ਭੇਖੀ ਸਿੱਖ ਬਣੇ ਹੋਏ ਸਨ ਨੂੰ ਅਕਾਲੀ ਫੂਲਾ ਸਿੰਘ ਜੀ ਦੇ ਮਹਾਰਾਜੇ ਨੂੰ ਮਿਲਣ ਲਈ ਲਾਹੌਰ ਪਹੁੰਚਣ ਦੀ ਖ਼ਬਰ ਮਿਲੀ ਤਾਂ ਇਨ੍ਹਾਂ ਭੇਖੀ ਗੱਦਾਰਾਂ ਨੇ ਐਸੀਆਂ ਚਾਲਾਂ ਚੱਲੀਆਂ ਕਿ ਕਈ ਦਿਨਾਂ ਤੱਕ ਅਕਾਲੀ ਫੂਲਾ ਸਿੰਘ ਜੀ ਨੂੰ ਮਹਾਰਾਜਾ ਰਣਜੀਤ ਸਿੰਘ ਨਾਲ ਨਾ ਮਿਲਣ ਦਿੱਤਾ ਗਿਆ । ਅਕਾਲੀ ਫੂਲਾ ਸਿੰਘ ਇਕ ਦਿਨ ਬਦੋ ਬਦੀ ਕਿਲੇ ਅੰਦਰ ਜਾ ਵੜੇ ਅਤੇ ਮਹਾਰਾਜਾ ਰਣਜੀਤ ਸਿੰਘ ਨੂੰ ਜਾ ਫਤਹਿ ਗਜਾਈ । ਮਹਾਰਾਜਾ ਅੱਗੋਂ ਬੜੇ ਪਿਆਰ ਤੇ ਸਤਿਕਾਰ ਨਾਲ ਮਿਲਿਆ ਅਤੇ ਜਦੋਂ ਲੰਗਰ ਦਾ ਗੱਫਾ ਅੱਗੋਂ ਰੱਖਿਆ ਤਾਂ ਅਕਾਲੀ ਜੀ ਨੇ ਲੰਗਰ ਸਵੀਕਾਰ ਕਰਨ ਤੋਂ ਇਹ ਕਹਿ ਕੇ ਸੰਕੋਚ ਕੀਤਾ ਕਿ ਸਿੰਘ ਸਾਹਿਬ ਜੀ ਆਪ ਖ਼ਾਲਸਾ ਰਾਜ ਵਿੱਚ ਅਨਮਤੀਆਂ ਮਿਸਰਾਂ ਨੂੰ ਡੋਗਰਿਆਂ ਨੂੰ ਅਹੁਦੇ ਦੇ ਕੇ ਆਪ ਨੀਤੀ ਦੇ ਵਿਰੁੱਧ ਕੰਮ ਕਰ ਰਹੇ ਹੋ, ਇਹ ਤਰੀਕਾ ਖ਼ਾਲਸਾ ਰਾਜ ਲਈ ਬਹੁਤ ਹੀ ਹਾਨੀਕਾਰਕ ਹੈ । ਸ੍ਰੀ ਕਲਗੀਧਰ ਪਾਤਿਸ਼ਾਹ ਜੀ ਨੇ ਆਪ ਨੂੰ ਆਪਣੇ ਪਿਆਰੇ ਪੰਥ ਦਾ ਮਾਲੀ ਥਾਪਿਆ ਹੈ ਜੇਕਰ ਆਪ ਆਪਣੇ ਇਸ ਤਰੀਕੇ ਨੂੰ ਨਹੀਂ ਬਦਲੋਗੇ ਤਾਂ ਇਹ ਸਾਡੀ ਆਪ ਜੀ ਨੂੰ ਛੇਕੜਲੀ ਫਤਹਿ ਹੈ ਆਪ ਜਾਣੋ ਤੇ ਆਪ ਦਾ ਕੰਮ ਜਾਣੇ । ਮਹਾਰਾਜਾ ਰਣਜੀਤ ਸਿੰਘ ਨੇ ਸਾਰੀ ਗੱਲ ਬਾਤ ਨੂੰ ਬੜੇ ਠੰਡੇ ਮਨ ਨਾਲ ਸੁਣਿਆ ਪਰ ਇਸ ਨੂੰ ਵਰਤੋਂ ਵਿੱਚ ਲਿਆਉਣ ਲਈ ਅਕਾਲੀ ਜੀ ਨੂੰ ਕੋਈ ਤਸੱਲੀ ਬਖ਼ਸ਼ ਜਵਾਬ ਨਾ ਦੇ ਸਕੇ । ਅਕਾਲੀ ਫੂਲਾ ਸਿੰਘ ਨੇ ਉਸੇ ਵੇਲੇ ਬਿਨਾਂ ਅੰਨ ਪਾਣੀ ਛਕਿਆਂ ਹੀ ਲਾਹੌਰ ਤੋਂ ਕੂਚ ਕਰ ਦਿੱਤਾ ਤੇ ਦੂਜੇ ਦਿਨ ਸ੍ਰੀ ਅੰਮ੍ਰਿਤਸਰ ਪਹੁੰਚ ਗਏ ਅਤੇ ਇਥੋਂ ਉਸੇ ਦਿਨ 11 ਭਾਦਰੋਂ (ਸੰਮਤ 1871 ਬਿਕਰਮੀ ਨੂੰ) ਸ੍ਰੀ ਅਨੰਦਪੁਰ ਸਾਹਿਬ ਵੱਲ ਜਾਣ ਦੀ ਤਿਆਰੀ ਕਰ ਦਿੱਤੀ । ਅਕਾਲੀ ਫੂਲਾ ਸਿੰਘ ਜਦੋਂ ਸਣੇ ਅਕਾਲੀ ਦਲ ਦੇ ਅਨੰਦਪੁਰ ਵੱਲ ਵਧਿਆ ਤਾਂ ਅੰਗ੍ਰੇਜ਼ੀ ਵਕੀਲ ਜੋ ਕਿ ਲੁਧਿਆਣੇ ਸੀ ਬੜਾ ਘਬਰਾਇਆ ਭਾਵੇਂ ਉਸ ਦਾ ਇਹ ਵਹਿਮ ਸੀ ਕਿ ਉਸ ਨੇ ਇਸ ਬਾਰੇ ਬ੍ਰਿਟਿਸ਼ ਏਜੰਟ ਨੂੰ ਰਿਪੋਰਟ ਭੇਜੀ, ਪਰ ਅਕਾਲੀ ਜੀ ਬਿਨਾਂ ਰੋਕ ਟੋਕ ਸਿੱਧੇ ਅਨੰਦਪੁਰ ਪਹੁੰਚ ਗਏ ।
ਅਕਾਲੀ ਫੂਲਾ ਸਿੰਘ ਜੀ ਨੂੰ ਅਨੰਦਪੁਰ ਪਹੁੰਚਿਆਂ ਅਜੇ ਥੋੜੇ ਦਿਨ ਹੀ ਬੀਤੇ ਸਨ ਕਿ ਦੇਵ ਨੇਤ ਨਾਲ ਸ਼ਾਹਜ਼ਾਦਾ ਪ੍ਰਤਾਪ ਸਿੰਘ ਜੀਂਦ ਦੀ ਕਈ ਰਿਆਸਤੀ ਕੰਮਾਂ ਵਿੱਚ ਸੰਪਤੀ ਭੇਦ ਦੇ ਕਾਰਣ ਸਰਕਾਰ ਨਾਲ ਖਟਪਟੀ ਹੋ ਗਈ ਅਤੇ ਇਸ ਆਪਣੇ ਬਚਾਉ ਲਈ 16 ਅੱਸੂ, ਸੰਮਤ 1871 ਬਿਕਰਮੀ ਨੂੰ ਸਿੱਧਾ ਸ੍ਰੀ ਅਨੰਦਪੁਰ ਸਾਹਿਬ ਪਹੁੰਚਾ ਅਤੇ ਅਕਾਲੀ ਫੂਲਾ ਸਿੰਘ ਕੋਲ ਪਨਾਹ ਲੈ ਲਈ, ਅਕਾਲੀ ਜੀ ਦਾ ਡੇਰਾ ਜੋ ਸਦਾ ਲੋੜਵੰਦਾਂ ਅਤੇ ਦੀਨਾਂ ਦੀ ਰੱਖਿਆ ਲਈ ਸਦਾ ਖੁੱਲ੍ਹਾ ਰਹਿੰਦਾ ਸੀ ਆਪ ਜੀ ਨੇ ਕੰਵਰ ਪ੍ਰਤਾਪ ਸਿੰਘ ਨੂੰ ਆਪ ਕੋਲ ਠਹਿਰਾ ਲਿਆ, ਜਦੋਂ ਇਸ ਗੱਲ ਦਾ ਅੰਗ੍ਰੇਜ਼ੀ ਏਜੰਟ ਨੂੰ ਪਤਾ ਲੱਗਾ ਤਾਂ ਉਨ੍ਹਾਂ ਅਕਾਲੀ ਜੀ ਤੋਂ ਕੰਵਰ ਪ੍ਰਤਾਪ ਸਿੰਘ ਦੀ ਮੰਗ ਕੀਤੀ ਪਰ ਅਕਾਲੀ ਜੀ ਨੇ ਇਹ ਆਖ ਕੇ ਏਜੰਟ ਵਾਪਿਸ ਭੇਜ ਦਿੱਤਾ ਕਿ ਅਸੀਂ ਪ੍ਰਤਾਪ ਸਿੰਘ ਨੂੰ ਤੇਰੇ ਹਵਾਲੇ ਨਹੀਂ ਕਰ ਸਕਦੇ ਕਿਉਂਕਿ ਗੁਰੂ ਦਾ ਦਰ ਸਭ ਲਈ ਖੁੱਲ੍ਹਾ ਹੈ, ਆਏ ਨੂੰ ਅਸੀਂ ਕੱਢਦੇ ਨਹੀਂ ਅਤੇ ਜਾਂਦੇ ਨੂੰ ਰੋਕਦੇ ਨਹੀਂ । ਅਕਾਲੀ ਜੀ ਦਾ ਜਵਾਬ ਸੁਣ ਕੇ ਅੰਗ੍ਰੇਜ਼ੀ ਏਜੰਟ ਨੇ ਸਤੰਬਰ ਸੰਨ 1814 ਨੂੰ ਲਿਖਿਆ ਕਿ ਅਕਾਲੀ ਫੂਲਾ ਸਿੰਘ ਅੰਗ੍ਰੇਜ਼ੀ ਇਲਾਕੇ ਵਿੱਚ ਗੜਬੜ ਕਰਨ ਲਈ ਆਇਆ ਹੈ ਇਸ ਕਰਕੇ ਇਸ ਨੂੰ ਆਪਣੇ ਇਲਾਕੇ ਵਿੱਚ ਮੰਗਵਾ ਲਵੋ । ਅੰਗ੍ਰੇਜ਼ੀ ਏਜੰਟ ਦੀ ਇਹ ਚਿੱਠੀ ਜਦੋਂ ਮਹਾਰਾਜਾ ਰਣਜੀਤ ਸਿੰਘ ਦੇ ਦਰਬਾਰੀਆਂ ਨੇ ਪੜ੍ਹੀ ਤਾਂ ਉਨ੍ਹਾਂ ਨੇ ਇਕ ਡੂੰਘੀ ਸਾਜਿਸ਼ ਕਰਕੇ ਅਕਾਲੀ ਫੂਲਾ ਸਿਘ ਨੂੰ ਅੰਗ੍ਰੇਜ਼ਾਂ ਅਤੇ ਮਹਾਰਾਜੇ ਵਿੱਚ ਫੁੱਟ ਪਾਉਣ ਵਾਲਾ ਦੱਸਕੇ ਉਸ ਤੋਂ ਮਨਜ਼ੂਰੀ ਲੈ ਲਈ ਕਿ ਫਿਲੌਰ ਦੇ ਕਿਲੇਦਾਰ ਨੂੰ ਹੁਕਮ ਦਿੱਤਾ ਕਿ ਅਕਾਲੀ ਫੂਲਾ ਸਿੰਘ &lsquoਤੇ ਚੜ੍ਹਾਈ ਕਰ ਕੇ ਉਸ ਨੂੰ ਜਿਸ ਤਰ੍ਹਾਂ ਹੋ ਸਕੇ ਆਪਣੇ ਇਲਾਕੇ ਵਿੱਚ ਲਿਆਂਦਾ ਜਾਵੇ । ਦੀਵਾਨ ਮੋਤੀ ਰਾਮ ਇਸ ਹੁਕਮ ਅਨੁਸਾਰ ਅਕਤੂਬਰ 1814 ਨੂੰ ਮਾਖੋਵਾਲ ਦੇ ਮੈਦਾਨ ਵਿੱਚ ਮੋਤੀ ਰਾਮ ਨੇ ਜਦੋਂ ਆਪਣੀ ਫੌਜ ਨੂੰ ਅਕਾਲੀ ਫੂਲਾ ਸਿੰਘ ਨੂੰ ਫੌਜੀ ਘੇਰਾ ਪਾ ਕੇ ਗ੍ਰਿਫ਼ਤਾਰ ਕਰਨ ਦਾ ਹੁਕਮ ਦਿੱਤਾ, ਤਾਂ ਮੋਤੀ ਰਾਮ ਹੱਕਾ-ਬੱਕਾ ਰਹਿ ਗਿਆ ਜਦੋਂ ਉਸ ਦੀ ਫੌਜ ਨੇ ਅੱਗੇ ਵੱਧਣ ਤੋਂ ਸਾਫ ਇਨਕਾਰ ਕਰ ਦਿੱਤਾ ਅਤੇ ਹਥਿਆਰ ਜਮੀਨ ਉੱਤੇ ਰੱਖ ਕੇ ਆਖਿਆ, ਕਿ ਅਸੀਂ ਅਕਾਲੀ ਫੂਲਾ ਸਿੰਘ ਵਰਗੇ ਧਰਮੀ ਯੋਧੇ ਮਹਾਂਪੁਰਖ ਨੂੰ ਗ੍ਰਿਫ਼ਤਾਰ ਕਰਨ ਦੀ ਅਵੱਗਿਆ ਨਹੀਂ ਕਰਾਂਗੇ ਭਾਵੇਂ ਸਾਨੂੰ ਆਪਣਾ ਸਿਰ ਵੀ ਕਿਉਂ ਨਾ ਦੇਣਾ ਪਵੇ । ਇਸ ਘਟਨਾ ਤੋਂ ਸਾਫ ਜਾਹਿਰ ਹੋ ਜਾਂਦਾ ਹੈ ਕਿ ਅਕਾਲੀ ਫੂਲਾ ਸਿੰਘ ਜੀ ਦਾ ਆਮ ਲੋਕਾਂ ਦੇ ਦਿਲਾਂ ਵਿੱਚ ਕਿਨਾ ਡੂੰਘਾ ਪਿਆਰ ਸਤਿਕਾਰ ਅਤੇ ਦਬਦਬਾ ਸੀ । ਖ਼ਾਲਸਾ ਰਾਜ ਦੇ ਗੁੱਝੇ ਵੈਰੀਆਂ ਦੀ ਅਕਾਲੀ ਜੀ ਨੂੰ ਬਦਨਾਮ ਕਰਨ ਦੀ ਇਹ ਕੋਸ਼ਿਸ਼ ਉਦੋਂ ਅਸਫਲ ਹੋ ਗਈ ਜਦੋਂ ਮਹਾਰਾਜਾ ਰਣਜੀਤ ਸਿੰਘ ਨੇ ਅਕਾਲੀ ਫੂਲਾ ਸਿੰਘ ਦੀ ਅਦੁੱਤੀ ਸੂਰਮਤਾਈ ਤੇ ਕੌਮ ਵਿੱਚ ਅਮਿੱਟ ਪਿਆਰ ਵੇਖਿਆ ਤਾਂ ਉਸ ਨੇ ਉਸੀ ਵਕਤ ਫੌਜ ਨੂੰ ਵਾਪਿਸ ਮੁੜਨ ਲਈ ਹੁਕਮ ਭਿਜਵਾ ਦਿੱਤਾ ।
ਇਸ ਘਟਨਾ ਤੋਂ ਬਾਅਦ ਮਹਾਰਾਜਾ ਰਣਜੀਤ ਸਿੰਘ ਨੇ ਬਾਬਾ ਸਾਹਿਬ ਸਿੰਘ ਬੇਦੀ ਦੀ ਡਿਊਟੀ ਲਾਈ ਕਿ ਜਿਸ ਤਰ੍ਹਾਂ ਵੀ ਹੋ ਸਕੇ ਅਕਾਲੀ ਜੀ ਨੂੰ ਸਾਡੇ ਪਾਸ ਲੈ ਕੇ ਆਉ ਅਤੇ ਸਾਡੇ ਵੱਲੋਂ ਉਨ੍ਹਾਂ ਨੂੰ ਭਰੋਸਾ ਦਿਵਾਉ ਕਿ ਜਿਥੋਂ ਤੱਕ ਹੋ ਸਕੇਗਾ ਸਹਿਜੇ ਉਨ੍ਹਾਂ ਦੀ ਇੱਛਾ ਪੂਰੀ ਕੀਤੀ ਜਾਵੇਗੀ । ਬਾਬਾ ਸਾਹਿਬ ਜੀ ਨੇ ਅਕਾਲੀ ਫੂਲਾ ਸਿੰਘ ਪਾਸ ਮਹਾਰਾਜਾ ਰਣਜੀਤ ਸਿੰਘ ਦਾ ਸੁਨੇਹਾ ਦੇ ਕੇ ਬੇਨਤੀ ਕੀਤੀ ਕਿ ਆਪ ਜੀ ਵਾਪਿਸ ਅੰਮ੍ਰਿਤਸਰ ਆ ਜਾਉ । ਅਕਾਲੀ ਫੂਲਾ ਸਿੰਘ ਜੀ ਦਾ ਕਿਸੇ ਨਾਲ ਜਾਤੀ ਵੈਰ ਤਾਂ ਹੈ ਨਹੀਂ ਸੀ ਇਸ ਕਰਕੇ ਉਹ ਵਾਪਿਸ ਅੰਮ੍ਰਿਤਸਰ ਸਾਹਿਬ ਪੰਥ ਦੀ ਸੇਵਾ ਲਈ ਮੁੜ ਪਏ । ਮਹਾਰਾਜਾ ਰਣਜੀਤ ਸਿੰਘ ਨੂੰ ਜਦੋਂ ਅਕਾਲੀ ਫੂਲਾ ਸਿਘ ਜੀ ਦੇ ਅੰਮ੍ਰਿਤਸਰ ਪਹੁੰਚਣ ਦੀ ਖ਼ਬਰ ਮਿਲੀ ਤਾਂ ਸ਼ੇਰੇ ਪੰਜਾਬ ਉਸੇ ਵੇਲੇ ਕਈ ਨਾਮਵਰ ਸਰਦਾਰਾਂ ਨੂੰ ਆਪਣੇ ਨਾਲ ਲੈ ਕੇ ਸ੍ਰੀ ਅੰਮ੍ਰਿਤਸਰ ਅਕਾਲੀ ਫੂਲਾ ਸਿੰਘ ਜੀ ਨੂੰ ਮਿਲਣ ਆਏ ਤੇ ਬਹੁਤ ਪ੍ਰਸੰਨ ਹੋਏ । ਸ਼ੇਰੇ ਪੰਜਾਬ ਨੇ ਲੰਗਰ ਦੀ ਜਗੀਰ ਵਧਾਈ ਅਤੇ ਬਹੁਤ ਸਾਰੀਆਂ ਬਾਰਕਾਂ ਬਣਵਾਵਣ ਦਾ ਹੁਕਮ ਦਿੱਤਾ, ਦਾ ਨਾਮ ਅਕਾਲੀਆਂ ਦੀ ਛਾਉਣੀ ਪ੍ਰਸਿੱਧ ਹੋਇਆ (ਸ਼ਹਿਰ ਦੇ ਇਸ ਹਿੱਸੇ ਨੂੰ ਹੁਣ ਤੱਕ ਨਿਹੰਗਾਂ ਦੀ ਛਉਣੀ ਆਖਦੇ ਹਨ) ਉਸ ਸਮੇਂ ਅਕਾਲੀ ਫੂਲਾ ਸਿੰਘ ਪਾਸ ਅਕਾਲੀ ਦਲ ਵਿੱਚ 3000 ਹਜ਼ਾਰ ਤੋਂ ਵੱਧ ਜਵਾਨ ਤਿਆਰ-ਬਰ-ਤਿਆਰ ਰਹਿੰਦੇ ਸਨ । ਜਿਨ੍ਹਾਂ ਵਿੱਚੋਂ 1200 ਘੋੜ ਸਵਾਰ ਅਤੇ ਬਾਕੀ ਪੈਦਲ ਜਵਾਨ ਸਨ ।
ਖ਼ਾਲਸਾ ਰਾਜ ਦਾ ਅਟਕੋਂ ਪਾਰ ਤੱਕ ਝੰਡਾ ਝੂਲਦਾ ਸੀ ਪਠਾਣ ਕੌਮ ਦੇ ਆਗੂਆਂ ਨੇ ਕਈ ਵਾਰੀ ਸਿੱਖਾਂ ਨਾਲ ਟੱਕਰ ਲਈ ਅਤੇ ਬਹੁਤ ਬੁਰੀ ਤਰ੍ਹਾਂ ਹਾਰਦੇ ਰਹੇ । ਇਸ ਵਾਰ ਕਾਬਲ ਦਾ ਵਜੀਰ ਮੁਹੰਮਦ ਅਜੀਮ ਖਾਂ ਸਿੱਖਾਂ ਨਾਲ ਆਰ-ਪਾਰ ਦੀ ਲੜਾਈ ਲੜਨਾ ਚਾਹੁੰਦਾ ਸੀ, ਉਹ ਜਨਵਰੀ 1823 ਨੂੰ ਕਾਬਲੋਂ ਤੁਰਿਆ ਤੇ ਮਾਰਚ 1823 ਨੂੰ ਦਰਿਆ ਲੁੰਡੇ ਦੇ ਕੰਢੇ ਖੇਸ਼ਗੀ ਦੇ ਮੈਦਾਨ ਵਿੱਚ ਆ ਪੁੱਜਾ, ਪਠਾਣ ਨੌਸ਼ਹਿਰੇ ਅਤੇ ਸਿੱਖ ਆਕੌੜਾ ਦੇ ਮੈਦਾਨ ਵਿੱਚ ਡੱਟ ਗਏ । ਸਿੱਖਾਂ ਨੇ 14 ਮਾਰਚ, 1823 ਈਸਵੀ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਹਜੂਰ ਧਰਮ ਯੁੱਧ ਵਾਸਤੇ ਅਰਦਾਸਾ ਸੋਧਿਆ । ਇਸ ਅਰਦਾਸੇ ਵਿੱਚ ਮਹਾਰਾਜਾ ਰਣਜੀਤ ਸਿੰਘ, ਜੰਗੀ ਸਰਦਾਰ ਅਤੇ ਅਕਾਲੀ ਫੂਲਾ ਸਿੰਘ ਹਾਜ਼ਰ ਸਨ । ਗੁਰਮਤਾ ਸੋਧਿਆ ਗਿਆ ਕਿ ਵੈਰੀ ਉੱਤੇ ਧਾਵਾ ਬੋਲਿਆ ਜਾਵੇ । ਅਕਾਲੀ ਫੂਲਾ ਸਿੰਘ ਦਾ ਜਥਾ ਮੈਦਾਨੇ ਜੰਗ ਨੂੰ ਰਵਾਨਾ ਹੋ ਚੁੱਕਾ ਜਦੋਂ ਸ਼ੇਰੇ ਪੰਜਾਬ ਨੂੰ ਸੂਹੀਏ ਖ਼ਬਰ ਦਿੱਤੀ ਪਠਾਣਾ ਕੋਲ ਭਾਰੀ ਤੋਪਖਾਨੇ ਬੀੜੇ ਹੋਏ ਹਨ ਅਤੇ ਸਿੱਖਾਂ ਦਾ ਵੱਡਾ ਤੋਪਖਾਨਾ ਜੋ ਜਰਨੈਲ ਬਨਤੂਰਾ ਲੈ ਕੇ ਆ ਰਿਹਾ ਹੈ ਉਹ ਅਜੇ ਪਹੁੰਚਿਆ ਨਹੀਂ, ਇਸ ਕਰਕੇ ਫੂਲਾ ਸਿੰਘ ਨੂੰ ਅੱਗੇ ਵੱਧਣ ਤੋਂ ਰੋਕ ਲਿਆ ਜਾਵੇ । ਜਦੋਂ ਅਕਾਲੀ ਫੂਲਾ ਸਿੰਘ ਨੂੰ ਅੱਗੇ ਵੱਧਣ ਤੋਂ ਰੋਕਣ ਦਾ ਸੁਨੇਹਾ ਪਹੁੰਚਿਆ, ਤਾਂ ਅਕਾਲੀ ਫੂਲਾ ਸਿੰਘ ਨੇ ਉੱਤਰ ਦਿੱਤਾ ਕਿ ਗੁਰਮਤਾ ਅਤੇ ਅਰਦਾਸ ਕਰਕੇ ਰੁਕਣਾ, ਗੁਰਮਤੇ ਦੀ ਮਰਿਯਾਦਾ ਦੀ ਉਲੰਘਣਾ ਹੈ ਇਸ ਕਰਕੇ ਅਸੀਂ ਹਮਲਾ ਜਰੂਰ ਕਰਾਂਗੇ, ਮਹਾਰਾਜੇ ਨੂੰ ਆਪਣੇ ਤੋਪਖਾਣੇ ਤੇ ਮਾਣ ਹੈ ਸਾਨੂੰ ਗੁਰੂ ਦੇ ਸੋਧੇ ਅਰਦਾਸੇ ਉੱਪਰ ਮਾਣ ਹੈ । ਅਕਾਲੀ ਜੀ ਨੇ ਅੱਗੇ ਵੱਧ ਕੇ ਏਡਾ ਕਹਿਰੀ ਹੱਲਾ ਕੀਤਾ ਕਿ ਪਠਾਣਾਂ ਦੇ ਪੈਰ ਉੱਖੜ ਗਏ, ਅਕਾਲੀ ਫੌਜ ਨੂੰ ਅੱਗੇ ਵੱਧਦੀ ਵੇਖ ਕੇ ਮਹਾਰਾਜਾ ਨੇ ਦੂਜੀ ਫੌਜ ਨੂੰ ਵੀ ਅੱਗੇ ਵੱਧਣ ਦਾ ਹੁਕਮ ਦੇ ਦਿੱਤਾ । ਨੌਸ਼ਹਿਰੇ ਦੇ ਮੈਦਾਨ ਵਿੱਚ ਬੜਾ ਘਮਸਾਣ ਦਾ ਯੁੱਧ ਹੋਇਆ, ਜਿੱਤ ਖ਼ਾਲਸੇ ਦੀ ਹੋਈ ਪਰ ਇਸ ਯੁੱਧ ਵਿੱਚ ਅਕਾਲੀ ਫੂਲਾ ਸਿੰਘ ਜੀ ਅਰਦਾਸ ਅਤੇ ਗੁਰਮਤੇ ਦੀ ਮਾਣ ਮਰਿਯਾਦਾ ਨੂੰ ਕਾਇਮ ਰੱਖਦੇ ਹੋਏ ਸ਼ਹੀਦੀ ਪਾ ਗਏ । ਅਗਲੇ ਦਿਨ 15 ਮਾਰਚ 1823 ਨੂੰ ਅਕਾਲੀ ਫੂਲਾ ਸਿੰਘ ਜੀ ਦਾ ਅੰਤਿਮ ਸੰਸਕਾਰ ਦਰਿਆ ਲੁੰਡੇ ਦੇ ਕੰਢੇ ਫੌਜਾਂ ਵੱਲੋਂ ਸਲਾਮੀ ਦੇ ਕੇ ਕੀਤਾ ਗਿਆ । ਸ਼ੇਰੇ ਪੰਜਾਬ ਨੇ ਅਕਾਲੀ ਫੂਲਾ ਸਿੰਘ ਦੀ ਯਾਦ ਵਿੱਚ ਉਥੇ ਸਮਾਧ ਬਣਾਉਣ ਦਾ ਹੁਕਮ ਦਿੱਤਾ ਤੇ ਨਾਲ ਹੀ ਚੌਖੀ ਜਗੀਰ ਵੀ ਲਗਾ ਦਿੱਤੀ । ਇਥੇ ਇਹ ਵੀ ਦੱਸਣ ਯੋਗ ਹੈ ਕਿ ਉਪਰੋਕਤ ਜਿਸ ਜੰਗ ਵਿੱਚ ਅਕਾਲੀ ਫੂਲਾ ਸਿੰਘ ਜੀ ਸ਼ਹੀਦ ਹੋਏ ਉਸ ਜੰਗ ਵਿੱਚ ਜਿੱਤ ਖ਼ਾਲਸਾ ਫੌਜਾਂ ਦੀ ਹੋਈ ਤੇ ਪਠਾਨ ਮੈਦਾਨ ਛੱਡ ਕੇ ਭੱਜ ਗਏ । 
ਇਹ ਲੇਖ ਬਾਬਾ ਪ੍ਰੇਮ ਸਿੰਘ ਹੋਤੀ ਦੀ ਪੁਸਤਕ ਜੀਵਨੀ ਅਕਾਲੀ ਫੂਲਾ ਸਿੰਘ &lsquoਤੇ ਆਧਾਰਿਤ ਹੈ । 
-ਜਥੇਦਾਰ ਮਹਿੰਦਰ ਸਿੰਘ ਖਹਿਰਾ