image caption: -ਭਗਵਾਨ ਸਿੰਘ ਜੌਹਲ
ਸਿੱਖ ਜਰਨੈਲ ਸ਼ਹੀਦ ਅਕਾਲੀ ਫੂਲਾ ਸਿੰਘ ਨੂੰ ਯਾਦ ਕਰਦਿਆਂ
  ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਨੂੰ ਅਸਲ ਵਿੱਚ ਵਿਸਥਾਰ ਦੇਣ ਲਈ ਆਪਾ ਕੁਰਬਾਨ ਕਰਨ ਵਾਲੇ ਅਤੇ ਸ਼ਹਾਦਤ ਦਾ ਜੀਮ ਪੀਣ ਵਾਲੇ 96ਵੇਂ ਕਰੋੜੀ ਪੰਥ ਅਕਾਲੀ ਬੁੱਢਾ ਦਲ ਦੇ ਛੇਵੇਂ ਮੁਖੀ ਅਤੇ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਅਕਾਲੀ ਫੂਲਾ ਸਿੰਘ ਨਿਹੰਗ ਸਿੰਘ ਦੀ ਲਾਸਾਨੀ ਕੁਰਬਾਨੀ ਤੇ ਸ਼ਹਾਦਤ ਨੂੰ ਸਿੱਖ ਜਗਤ ਕਦੇ ਵੀ ਨਹੀਂ ਭੁੱਲ ਸਕਦਾ। ਇਸ ਮਹਾਨ ਯੋਧੇ, ਸਿੱਖ ਜਰਨੈਲ, ਸਿਦਕੀ ਸਿੱਖ ਦਾ ਜਨਮ ਸੰਗਰੂਰ ਜ਼ਿਲੇ੍ਹ ਦੇ ਮੂਣਕ ਕਸਬੇ ਤੋਂ ਥੋੜ੍ਹੀ ਦੂਰ ਪੱਛਮ ਵਾਲੇ ਪਾਸੇ ਸਥਿਤ ਸੀਹਾਂ ਪਿੰਡ ਵਿੱਚ ਪਿਤਾ ਸ। ਈਸ਼ਰ ਸਿੰਘ ਦੇ ਗ੍ਰਹਿ ਵਿਖੇ ਮਾਤਾ ਹਰ ਕੌਰ ਦੀ ਕੁੱਖ ਤੋਂ ਜਨਵਰੀ 1760 ਈ: ਵਿੱਚ ਹੋਇਆ । ਜਦੋਂ ਅਹਿਮਦ ਸ਼ਾਹ ਦੁਰਾਨੀ ਨੇ ਕੁੱਪ ਰਹੀੜੇ ਦੇ ਸਥਾਨ &lsquoਤੇ ਵੱਡੇ ਘੱਲੂਘਾਰੇ ਦੌਰਾਨ ਹਜ਼ਾਰਾਂ ਸਿੰਘਾਂ ਨੂੰ ਸ਼ਹੀਦ ਕੀਤਾ, ਉਸ ਸਮੇਂ ਸ। ਈਸ਼ਰ ਸਿੰਘ (ਪਿਤਾ ਜੀ ਅਕਾਲੀ ਬਾਬਾ ਫੂਲਾ ਸਿੰਘ) ਗੰਭੀਰ ਰੂਪ ਵਿੱਚ ਜ਼ਖਮੀ ਹੋਏ, ਜ਼ਖਮ ਬੜੇ ਡੂੰਘੇ ਸਨ, ਠੀਕ ਨਾ ਹੋ ਸਕੇ, ਥੋੜ੍ਹੇ ਸਮੇਂ ਬਾਅਦ ਪੰਜ ਭੂਤਕ ਸਰੀਰ ਤਿਆਗ ਕੇ ਬਾਕੀ ਸ਼ਹੀਦ ਸਿੰਘਾਂ ਨਾਲ ਹੀ ਸਚਖੰਡ ਜਾ ਬਿਰਾਜੇ । ਬੁੱਢਾ ਦਲ ਦੇ ਬਾਣੀ ਬਾਬਾ ਨਰੈਣ ਸਿੰਘ ਨੇ ਅਕਾਲੀ ਬਾਬਾ ਫੂਲਾ ਸਿੰਘ ਨੂੰ ਬਚਪਨ ਵਿੱਚ ਹੀ ਧਾਰਮਿਕ ਗ੍ਰੰਥਾਂ ਦੇ ਅਧਿਐਨ ਦੇ ਨਾਲ-ਨਾਲ ਸ਼ਸਤਰ ਵਿੱਦਿਆ, ਘੋੜ ਸਵਾਰੀ ਅਤੇ ਜੰਗੀ ਕਰਤਬਾਂ ਵਿੱਚ ਨਿਪੁੰਨ ਕੀਤਾ । 
  ਪੂਰਨ ਰੂਪ ਵਿੱਚ ਤਿਆਗੀ ਬਿਰਤੀ ਅਤੇ ਬੰਦਗੀ ਦੇ ਮਾਲਕ ਅਕਾਲੀ ਫੂਲਾ ਸਿੰਘ ਨੇ ਆਪਣਾ ਸਾਰਾ ਘਰ-ਬਾਰ ਅਤੇ ਜਾਇਦਾਦ ਆਪਣੇ ਛੋਟੇ ਭਾਈ ਸ। ਸੰਤਾ ਸਿੰਘ ਨੂੰ ਸੌਂਪ ਕੇ ਨਿਹੰਗ ਸਿੰਘ ਸਜ ਕੇ ਸ਼ਹੀਦਾਂ ਦੀ ਮਿਸਲ ਵਿੱਚ ਸ਼ਾਮਿਲ ਹੋ ਕੇ ਸਿੱਖ ਪੰਥ ਦੀ ਸੇਵਾ ਨਿਭਾਉਣੀ ਸ਼ੁਰੂ ਕੀਤੀ। ਜਦੋਂ ਸੰਨ 1800 ਈ: ਵਿੱਚ ਬਾਬਾ ਨਰੈਣ ਸਿੰਘ ਅਕਾਲ ਚਲਾਣਾ ਕਰ ਗਏ ਤਾਂ ਅਕਾਲੀ ਫੂਲਾ ਸਿੰਘ ਨੂੰ ਜਥੇਦਾਰ ਥਾਪਿਆ ਗਿਆ । ਜਥੇਦਾਰ ਸੰਭਾਲਣ ਤੋਂ ਬਾਅਦ ਬਾਬਾ ਜੀ ਸਚਖੰਡ ਸ੍ਰੀ ਹਰਿਮੰਦਰ ਸਾਹਿਬ ਅਤੇ ਪਾਵਨ ਸਰੋਵਰ ਦੀ ਸੇਵਾ ਲਈ ਸ੍ਰੀ ਅੰਮ੍ਰਿਤਸਰ ਪੁੱਜੇ । ਇਸ ਤੋਂ ਬਾਅਦ ਬਾਬਾ ਜੀ ਨੇ ਸਥਾਈ ਤੌਰ ਤੇ ਅੰਮ੍ਰਿਤਸਰ ਵਿਖੇ ਰਿਹਾਇਸ਼ ਰੱਖਣੀ ਸ਼ੁਰੂ ਕਰ ਦਿੱਤੀ । ਇਸੇ ਰਿਹਾਇਸ਼ ਵਾਲੀ ਜਗ੍ਹਾ ਉੱਤੇ ਹੁਣ ਬੁਰਜ ਅਕਾਲੀ ਫੂਲਾ ਸਿੰਘ (ਛਾਉਣੀ ਨਿਹੰਗ ਸਿੰਘਾਂ) ਜੋ ਮੌਜੂਦਾ ਮੁਖੀ ਪੰਥ ਅਕਾਲੀ ਬੁੱਢਾ ਦਲ 96ਵੇਂ ਕਰੋੜੀ ਜਥੇਦਾਰ ਬਾਬਾ ਬਲਬੀਰ ਸਿੰਘ ਦੇ ਪ੍ਰਬੰਧ ਹੇਠ ਹੈ । ਜਨਵਰੀ 1802 ਈ: ਵਿੱਚ ਜਦੋਂ ਮਹਾਰਾਜਾ ਰਣਜੀਤ ਸਿੰਘ ਨੇ ਅੰਮ੍ਰਿਤਸਰ ਦੇ ਕਬਜ਼ੇ ਲਈ ਭੰਗੀ ਸਰਦਾਰਾਂ ਉੱਤੇ ਹਮਲਾ ਕੀਤਾ ਤਾਂ ਅਕਾਲੀ ਫੂਲਾ ਸਿੰਘ ਨੇ ਦੋਵਾਂ ਧਿਰਾਂ ਵਿੱਚਕਾਰ ਸੁਲਾਹ ਕਰਵਾ ਕੇ ਖੂਨ-ਖਰਾਬੇ ਤੋਂ ਬਚਾ ਲਿਆ ।
  ਸਿੱਖ ਰਾਜ ਦੀਆਂ ਸਰਹੱਦਾਂ ਦੇ ਵਾਧੇ ਲਈ ਨੌਸ਼ਹਿਰੇ ਦੀ ਆਖਰੀ ਲੜਾਈ ਵਿੱਚ ਸੂਰਮਗਤੀ ਅਤੇ ਅਦੁੱਤੀ ਬਹਾਦਰੀ ਦੀ ਮਿਸਾਲ ਨੂੰ ਕਾਇਮ ਰੱਖਦਿਆਂ ਹਾਰ ਨੂੰ ਜਿੱਤ ਵਿੱਚ ਬਦਲਦਿਆਂ ਅਕਾਲੀ ਫੂਲਾ ਸਿੰਘ ਨਿਹੰਗ ਸਿੰਘਾਂ ਨੇ 14 ਮਾਰਚ 1823 ਈ: ਨੂੰ ਜਾਮ-ਏ-ਸ਼ਹਾਦਤ ਨੂੰ ਪ੍ਰਾਪਤ ਕੀਤਾ । ਬਾਬਾ ਜੀ ਦਾ ਸ਼ਹੀਦੀ ਅਸਥਾਨ ਨੌਸ਼ਹਿਰਾ ਤੋਂ 6 ਕਿਲੋਮੀਟਰ ਦੂਰ ਲੰਡੇ ਦਰਿਆ (ਕਾਬਲ ਨਦੀ) ਦੇ ਕੰਢੇ ਅਕੋੜਾ ਪਟਕ (ਸਰਹੱਦੀ ਸੂਬਾ) ਪਾਕਿਸਤਾਨ ਵਿੱਚ ਮੌਜੂਦ ਹੈ । ਬਾਬਾ ਜੀ ਦੀ ਯਾਦ ਵਿੱਚ ਪੂਸਾ ਰੋਡ ਦਿੱਲੀ ਵਿਖੇ ਇਕ ਗੁਰੂ-ਘਰ ਅਤੇ ਸਕੂਲ ਚੱਲ ਰਿਹਾ ਹੈ ।
  ਬਾਬਾ ਜੀ ਦੀ ਸ਼ਹੀਦੀ ਯਾਦ ਹਰ 14 ਮਾਰਚ ਨੂੰ ਬੁਰਜ ਅਕਾਲੀ ਫੂਲਾ ਸਿੰਘ ਅੰਮ੍ਰਿਤਸਰ ਵਿਖੇ ਬੜੀ ਸ਼ਰਧਾ ਤੇ ਸਤਿਕਾਰ ਨਾਲ ਪੰਥ ਅਕਾਲੀ ਬੁੱਢਾ ਦਲ ਦੇ ਮੁਖੀ ਜਥੇਦਾਰ ਬਾਬਾ ਬਲਬੀਰ ਸਿੰਘ 96ਵੇਂ ਕਰੋੜੀ ਦੀ ਅਗਵਾਈ ਵਿੱਚ ਮਨਾਈ ਜਾਂਦੀ ਹੈ ।
-ਭਗਵਾਨ ਸਿੰਘ ਜੌਹਲ