image caption: -ਭਗਵਾਨ ਸਿੰਘ ਜੌਹਲ
(21 ਮਾਰਚ) ਸ਼ਹੀਦੀ ਦਿਨ ‘ਤੇ ਵਿਸ਼ੇਸ਼, ਮਾਨਵੀ ਗੁਣਾਂ ਦਾ ਮੁਜੱਸਮਾ - ਦਸਮ ਪਿਤਾ ਦਾ ਲਾਡਲਾ ਪੀਰ ਬੁੱਧੂ ਸ਼ਾਹ
ਧਰਮ ਦੀਆਂ ਪੱਕੀਆਂ ਤੇ ਤੰਗ ਸੀਮਾਵਾਂ ਤੋਂ ਉੱਪਰ ਦੀ ਸੋਚ ਦੇ ਧਾਰਨੀ ਅਤੇ ਮਾਨਵੀ ਗੁਣਾਂ ਦੇ ਮੁਜੱਸਮੇ ਪੀਰ ਬੁੱਧੂ ਸ਼ਾਹ ਨੂੰ ਹਰ ਸਿੱਖ ਬੜੀ ਸ਼ਰਧਾ ਤੇ ਸਤਿਕਾਰ ਨਾਲ ਯਾਦ ਕਰਦਾ ਹੈ । ਭੰਗਾਣੀ ਦੇ ਯੁੱਧ ਤੋਂ ਉਪਰੰਤ ਪੀਰ ਜੀ ਨੇ ਆਪਣੇ ਚਾਰ ਪੁੱਤਰਾਂ ਵਿੱਚੋਂ ਦੋ ਪੁੱਤਰ ਸੱਯਦ ਅਸ਼ਰਫ਼ ਸ਼ਾਹ ਅਤੇ ਸੱਯਦ ਮੁਹੰਮਦ ਸ਼ਾਹ ਅਤੇ ਸਕੇ ਭਾਈ ਭੂਰੇ ਸ਼ਾਹ ਨੂੰ ਅਤੇ ਸੱਤ ਸੌ ਮੁਰੀਦਾਂ ਵਿੱਚੋਂ ਅਨੇਕਾਂ ਮੁਰੀਦ ਸ਼ਹੀਦ ਕਰਵਾ ਕੇ ਸਾਹਿਬ-ਏ-ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਬਖ਼ਸ਼ਿਸ ਪ੍ਰਾਪਤ ਕੀਤੀ । ਇਤਿਹਾਸਕ ਹਵਾਲਿਆਂ ਮੁਤਾਬਕ ਪੀਰ ਬੁੱਧੂ ਸ਼ਾਹ ਦਾ ਜਨਮ 13 ਜੂਨ, 1647 ਈ: ਨੂੰ ਸਯਦ ਗੁਲਾਮ ਸ਼ਾਹ ਦੇ ਘਰ ਅੰਬਾਲਾ ਜ਼ਿਲੇ੍ਹ ਦੇ ਸਢੌਰਾ ਕਸਬੇ ਵਿੱਚ ਹੋਇਆ । ਪੀਰ ਜੀ ਦਾ ਪੂਰਾ ਨਾਂਅ ਸਯਦ ਬਦਰੁੱਦੀਨ ਸ਼ਾਹ ਸੀ । ਪੀਰ ਜੀ ਬਚਪਨ ਤੋਂ ਹੀ ਘੱਟ ਬੋਲਣ ਵਾਲੇ, ਗੰਭੀਰ ਅਤੇ ਸਾਦੇ ਸੁਭਾਅ ਵਾਲੇ ਸਨ । ਇਸੇ ਕਰਕੇ ਲੋਕਾਂ ਨੇ ਪੀਰ ਜੀ ਨੂੰ ਬੁੱਧੂ ਕਹਿਣਾ ਸ਼ੁਰੂ ਕਰ ਦਿੱਤਾ । ਇਹ ਨਾਂਅ ਪੀਰ ਜੀ ਦੇ ਸੁਭਾਅ ਕਰਕੇ ਪੱਕੇ ਤੌਰ &lsquoਤੇ ਉਨ੍ਹਾਂ ਨਾਲ ਜੁੜ ਗਿਆ । ਪੀਰ ਜੀ ਦੇ ਵੱਡੇ-ਵਡੇਰੇ ਪਹਿਲਾਂ ਸਮਾਣੇ ਰਹਿੰਦੇ ਸਨ, ਪਰ ਇਸ ਤੋਂ ਪਿੱਛੋਂ ਸਢੌਰੇ ਆ ਵਸੇ । ਜਿਸ ਮੁਹੱਲੇ ਵਿੱਚ ਇਹ ਪਰਿਵਾਰ ਆ ਕੇ ਵਸਿਆ, ਉਹ ਬਾਅਦ ਵਿੱਚ ਸਯਦਾਂ ਵਾਲਾ ਮੁਹੱਲਾ ਕਰਕੇ ਪ੍ਰਸਿੱਧ ਹੋਇਆ ।
ਪੀਰ ਜੀ ਦੀ ਸ਼ਾਦੀ ਮੁਗਲ ਸੈਨਾ ਦੇ ਇਕ ਵੱਡੇ ਜਰਨੈਲ ਸੈਦ ਖਾਨ ਦੀ ਭੈਣ ਨਸੀਰਾਂ ਨਾਲ ਹੋਈ । ਜਦੋਂ ਬਾਲ ਗੁਰੂ ਗੋਬਿੰਦ ਰਾਏ (ਸਿੰਘ) ਸ੍ਰੀ ਪਟਨਾ ਸਾਹਿਬ ਤੋਂ ਸ੍ਰੀ ਅਨੰਦਪੁਰ ਸਾਹਿਬ ਨੂੰ ਜਾਣ ਸਮੇਂ ਕੁਝ ਸਮੇਂ ਲਖਨੌਰ ਰੁਕੇ ਤਾਂ ਪੀਰ ਭੀਖਣ ਸ਼ਾਹ ਜਦੋਂ ਬਾਲ ਗੁਰੂ ਸਾਹਿਬ ਦੇ ਦਰਸ਼ਨ ਕਰਨ ਲਈ ਆਏ ਤਾਂ ਉਸ ਸਮੇਂ ਪੀਰ ਬੁੱਧੂ ਸ਼ਾਹ ਨੇ ਵੀ ਗੁਰੂ ਸਾਹਿਬ ਦੇ ਦਰਸ਼ਨ ਕੀਤੇ । ਇਸ ਤੋਂ ਪਿੱਛੋਂ ਪੀਰ ਜੀ ਦਿੱਲੀ ਵਿਖੇ ਗੋਸ਼ਾ-ਨਸ਼ੀਨ ਰਹਿਣ ਤੋਂ ਉਪਰੰਤ ਜਦੋਂ ਵਾਪਸ ਸਢੌਰਾ ਆਏ ਤਾਂ ਪੀਰ ਜੀ ਨੂੰ ਦਸਮ ਪਿਤਾ ਗੁਰੂ ਗੋਬਿੰਦ ਸਿੰਘ ਜੀ ਦੀ ਪਾਉਂਟਾ ਸਾਹਿਬ ਦੀ ਆਮਦ ਬਾਰੇ ਪਤਾ ਲੱਗਾ । ਪਿਆਰ ਵਿੱਚ ਬਿਹਬਲ ਪੀਰ ਜੀ ਨੇ ਗੁਰੂ ਨਾਨਕ ਸਾਹਿਬ ਦੇ ਦੱਸਵੇਂ ਸਰੂਪ ਗੁਰੂ ਗੋਬਿੰਦ ਸਿੰਘ ਜੀ ਦੇ ਪਾਉਂਟਾ ਸਾਹਿਬ ਵਿਖੇ ਦਰਸ਼ਨ ਕੀਤੇ । ਆਪ ਗੁਰੂ ਸਾਹਿਬ ਜੀ ਦੀ ਸ਼ਖ਼ਸੀਅਤ ਤੋਂ ਅਜਿਹੇ ਪ੍ਰਭਾਵਿਤ ਹੋਏ ਕਿ ਰੱਬੀ ਗੁਣਾਂ ਦੇ ਮੁਜੱਸਮੇ ਦਸਮ ਪਿਤਾ ਜੀ ਹਮੇਸ਼ਾਂ ਅੰਗ-ਸੰਗ ਰਹਿਣ ਲਈ ਬੇਨਤੀ ਕਰਨ ਲਈ ਹੱਥ ਜੁੜ ਗਏ ।
ਇਕ ਵਾਰ ਅਜਿਹਾ ਸਮਾਂ ਆਇਆ, ਜਦੋਂ ਸਮੇਂ ਦੇ ਬਾਦਸ਼ਾਹ ਔਰੰਗਜ਼ੇਬ ਨੇ ਆਪਣੀ ਫੌਜ ਦੇ ਬਹੁਤ ਸਾਰੇ ਪਠਾਣਾਂ ਨੂੰ ਨੌਕਰੀ ਤੋਂ ਜਵਾਬ ਦੇ ਦਿੱਤਾ । ਉਹ ਸਾਰੇ ਪਠਾਣ ਪੀਰ ਜੀ ਕੋਲ ਆਪਣੇ ਦੁੱਖੜੇ ਰੋਣ ਲਈ ਪਹੁੰਚੇ । ਪੀਰ ਜੀ ਨੇ ਉਨ੍ਹਾਂ ਪਠਾਣਾਂ ਨੂੰ ਨੌਕਰੀ ਦਿਵਾਉਣ ਲਈ ਪਾਉਂਟਾ ਸਾਹਿਬ ਜਾ ਕੇ ਗੁਰੂ ਸਾਹਿਬ ਨੂੰ ਬੇਨਤੀ ਕੀਤੀ । ਗੁਰੂ ਸਾਹਿਬ ਨੇ ਪੀਰ ਜੀ ਦੀ ਬੇਨਤੀ ਮੰਨਦਿਆਂ ਸਾਰੇ ਪਠਾਣਾਂ ਨੂੰ ਆਪਣੇ ਪਾਸ ਰੱਖ ਲਿਆ । ਪਰ ਜਦੋਂ ਪਹਾੜੀ ਰਾਜਿਆਂ ਵੱਲੋਂ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਨੂੰ ਮਜ਼ਬੂਰ ਕਰਕੇ ਲੜਾਈ ਛੇੜ ਦਿੱਤੀ ਗਈ ਤਾਂ ਇਨ੍ਹਾਂ ਪਠਾਣਾਂ ਵਿੱਚੋਂ ਇਕ ਪਠਾਣ ਜਰਨੈਲ ਕਾਲੇ ਖਾਨ ਤੋਂ ਬਿਨਾਂ ਬਾਕੀ ਤਿੰਨ ਜਰਨੈਲ ਤੀਖਨ ਖਾਨ, ਨਜ਼ਾਬਤ ਖਾਨ ਅਤੇ ਹਯਾਤ ਖਾਨ ਨਮਕ-ਹਰਾਮੀ ਕਰਕੇ ਗੁਰੂ ਸਾਹਿਬ ਨੂੰ ਛੱਡ ਕੇ ਚਲੇ ਗਏ । ਕੇਵਲ ਛੱਡਿਆ ਹੀ ਨਹੀਂ, ਸਗੋਂ ਪਹਾੜੀ ਰਾਜਿਆਂ ਦੀ ਫੌਜ ਨਾਲ ਜਾ ਰਲੇ । ਜਦੋਂ ਪੀਰ ਜੀ ਨੂੰ ਇਹ ਖਬਰ ਮਿਲੀ ਤਾਂ ਪੀਰ ਜੀ ਆਪਣੇ ਸੱਤ ਸੌ ਮੁਰੀਦਾਂ, ਚਾਰ ਪੁੱਤਰਾਂ ਅਤੇ ਇਕ ਭਰਾ ਸਮੇਤ ਭੰਗਾਣੀ ਦੇ ਮੈਦਾਨ ਵਿੱਚ ਪੁੱਜੇ ਅਤੇ ਇਸ ਗਹਿਗੱਚ ਯੁੱਧ ਵਿੱਚ ਆਪਣਾ ਯੋਗਦਾਨ ਪਾਇਆ । ਇਸ ਯੁੱਧ ਵਿੱਚ ਪੀਰ ਜੀ ਦੇ ਅਨੇਕਾਂ ਮੁਰੀਦਾਂ, ਦੋ ਪੁੱਤਰਾਂ ਅਤੇ ਇਕ ਭਰਾ ਨੇ ਸ਼ਹਾਦਤ ਦਾ ਜਾਮ ਪੀਤਾ ।
ਇਤਿਹਾਸਕ ਤੱਥ ਇਸ ਗੱਲ ਨੂੰ ਬਿਆਨ ਕਰਦੇ ਹਨ, ਜਦੋਂ ਕਲਗੀਧਰ ਪਾਤਸ਼ਾਹ ਨੇ ਯੁੱਧ ਤੋਂ ਉਪਰੰਤ ਬੇਸ਼ਕੀਮਤੀ ਵਸਤੂਆਂ, ਧਨ ਦੌਲਤ ਪੀਰ ਜੀ ਨੂੰ ਬਖ਼ਸ਼ਿਸ਼ ਵਜੋਂ ਲੈਣ ਲਈ ਕਿਹਾ ਤਾਂ ਪੀਰ ਜੀ ਨਿਮਾਣੇ ਸਿੱਖ ਸ਼ਰਧਾਲੂ ਵਜੋਂ ਹੱਥ ਜੋੜ ਕੇ ਗੁਰੂ ਸਾਹਿਬ ਦੇ ਸਨਮੁੱਖ ਖਲੋ ਗਏ, ਇਹ ਵਸਤਾਂ ਸਵੀਕਾਰ ਕਰਨ ਤੋਂ ਇਨਕਾਰ ਕਰ ਦਿੱਤਾ । ਉਸ ਸਮੇਂ ਗੁਰੂ ਸਾਹਿਬ ਕੇਸ਼ਾਂ ਨੂੰ ਕੰਘੇ ਨਾਲ ਸੰਵਾਰ ਕੇ ਦਸਤਾਰ ਸਜਾਉਣ ਦੀ ਤਿਆਰੀ ਵਿੱਚ ਸਨ । ਪੀਰ ਜੀ ਨੇ ਬੜੀ ਅਧੀਨਗੀ ਨਾਲ ਕੰਘੇ ਵਿੱਚ ਫਸੇ ਗੁਰੂ ਸਾਹਿਬ ਦੇ ਰੋਮਾਂ (ਕੇਸਾਂ) ਨੂੰ ਆਪਣੀ ਝੋਲੀ ਫੈਲਾਅ ਕੇ ਪ੍ਰਵਾਨ ਕੀਤਾ । ਕੰਘੇ ਸਮੇਤ ਕੇਸਾਂ ਨੂੰ ਪ੍ਰਾਪਤ ਕਰਕੇ ਇਸ ਵੱਡਮੁੱਲੇ ਤੋਹਫ਼ੇ ਨੂੰ ਆਪਣੇ ਜੀਵਨ ਦੌਰਾਨ ਸੰਭਾਲ ਕੇ ਰੱਖਣ ਅਤੇ ਦਰਸ਼ਨ-ਦੀਦਾਰੇ ਕਰਨ ਦਾ ਸੁਭਾਗ ਜੀਵਨ ਭਰ ਨਿਭਾਇਆ । ਗੁਰੂ ਸਾਹਿਬ ਨੇ ਭਰੇ ਦੀਵਾਨ ਵਿੱਚ ਪਾਉਂਟਾ ਸਾਹਿਬ ਦੀ ਪਾਵਨ ਧਰਤੀ ਤੋਂ ਇਸ ਵੱਡਮੁੱਲੇ ਤੋਹਫੇ ਤੋਂ ਇਲਾਵਾ ਇਕ ਛੋਟੀ ਕ੍ਰਿਪਾਨ, ਦਸਤਾਰ ਅਤੇ ਹੁਕਮਨਾਮਾ ਵੀ ਪੀਰ ਜੀ ਨੂੰ ਬਖ਼ਸ਼ਿਆ, ਜੋ ਸਮਾਂ ਪੈ ਕੇ ਪੀਰ ਜੀ ਦੇ ਵਾਰਸਾਂ ਨੂੰ ਜਗੀਰ ਪ੍ਰਦਾਨ ਕਰਕੇ ਮਹਾਰਾਜਾ ਨਾਭਾ ਸ: ਭਰਪੂਰ ਸਿੰਘ ਨੇ ਸ਼ਰਧਾ ਸਹਿਤ ਆਪਣੇ ਮਹਿਲਾਂ ਵਿੱਚ ਇਨ੍ਹਾਂ ਵਸਤਾਂ ਨੂੰ ਸੁਸ਼ੋਭਿਤ ਕੀਤਾ । ਪਰ ਭਰੋਸੇਯੋਗ ਗਵਾਹੀ ਤੋਂ ਪਤਾ ਲੱਗਾ ਹੈ ਕਿ ਇਹ ਛੋਟੀ ਕ੍ਰਿਪਾਨ ਪੀਰ ਜੀ ਦੇ ਮੌਜੂਦਾ ਵਾਰਸਾਂ ਪਾਸ ਅਮਰੀਕਾ ਦੇ ਸ਼ਹਿਰ ਲਾਸ ਏਂਜਲਸ ਵਿੱਚ ਸਤਿਕਾਰ ਨਾਲ ਸਾਂਭੀ ਹੋਈ ਹੈ ।
ਪੀਰ ਜੀ ਵੱਲੋਂ ਗੁਰੂ ਸਾਹਿਬ ਦੀ ਭੰਗਾਣੀ ਦੇ ਯੁੱਧ ਵਿੱਚ ਕੀਤੀ ਸਹਾਇਤਾ ਕਰਕੇ ਬਾਦਸ਼ਾਹ ਔਰੰਗਜ਼ੇਬ ਦੇ ਕੰਨ ਭਰੇ ਗਏ । ਔਰੰਗਜ਼ੇਬ ਨੇ ਸਢੌਰੇ ਦੇ ਹਾਕਮ ਉਸਮਾਨ ਖਾਨ ਨੂੰ ਪੀਰ ਜੀ ਨੂੰ ਕਤਲ ਕਰਨ ਦਾ ਆਦੇਸ਼ ਦਿੱਤਾ । ਸਰਹਿੰਦ ਦੇ ਫੌਜਦਾਨ ਨੇ ਬਾਦਸ਼ਾਹ ਦੇ ਹੁਕਮ ਨੂੰ ਉਸਮਾਨ ਖਾਨ ਤੱਕ ਪਹੁੰਚਾਇਆ । ਪੀਰ ਜੀ ਨੂੰ ਇਹ ਖਬਰ ਪਹਿਲਾਂ ਹੀ ਮਿਲ ਚੁੱਕੀ ਸੀ, ਉਨ੍ਹਾਂ ਆਪਣਾ ਪਰਿਵਾਰ ਨਾਹਨ ਅਤੇ ਸਮਾਣਾ ਭੇਜ ਦਿੱਤਾ । ਸਢੌਰੇ ਦੇ ਹਾਕਮ ਉਸਮਾਨ ਖਾਨ ਨੇ 21 ਮਾਰਚ, 1704 ਨੂੰ ਪੀਰ ਬੁੱਧੂ ਸ਼ਾਹ ਨੂੰ ਬੜੀ ਬੇਦਰਦੀ ਨਾਲ ਟੋਟੇ-ਟੋਟੇ ਕਰਕੇ ਸ਼ਹੀਦ ਕੀਤਾ । ਜਦੋਂ ਬਾਬਾ ਬੰਦਾ ਸਿੰਘ ਬਹਾਦਰ ਪੰਜਾਬ ਵੱਲ ਵਧਿਆ ਤਾਂ ਸਭ ਤੋਂ ਪਹਿਲਾਂ ਉਸ ਨੇ ਸਢੌਰੇ ਦੀ ਇੱਟ ਨਾਲ ਇੱਟ ਖੜਕਾਈ ਅਤੇ ਉਸਮਾਨ ਖਾਨ ਨੂੰ ਮੌਤ ਦੇ ਘਾਟ ਉਤਾਰਿਆ । ਇਤਿਹਾਸ ਦੇ ਖੋਜੀ ਤੱਥਾਂ ਮੁਤਾਬਿਕ ਪੀਰ ਜੀ ਦੀ ਅੰਸ਼-ਵੰਸ਼ ਦੇ ਪਰਿਵਾਰ 1947 ਈ: ਵਿੱਚ ਦੇਸ਼ ਦੀ ਵੰਡ ਸਮੇਂ ਪੱਛਮੀ ਪੰਜਾਬ (ਪਾਕਿਸਤਾਨ) ਦੇ ਝੰਗ ਜ਼ਿਲ੍ਹੇ ਜਾ ਵਸੇ । ਪੀਰ ਜੀ ਦੇ ਜੱਦੀ ਘਰ ਦੀ ਖੋਜ ਕਰਕੇ ਹੁਣ ਇਸ ਅਸਥਾਨ ਨੂੰ ਗੁਰਦੁਆਰਾ ਸਾਹਿਬ ਵਿੱਚ ਬਦਲ ਦਿੱਤਾ ਗਿਆ ਹੈ । ਸਮੁੱਚਾ ਸਿੱਖ ਜਗਤ ਅੱਜ ਪੀਰ ਜੀ ਦੇ ਜਨਮ ਦਿਨ &lsquoਤੇ ਪੀਰ ਜੀ ਦੀ ਕੁਰਬਾਨੀ, ਸ਼ਰਧਾ, ਗੁਰੂ ਪਿਆਰ ਪ੍ਰਤੀ ਨਤਮਸਤਕ ਹੋ ਰਿਹਾ ਹੈ ।
-ਭਗਵਾਨ ਸਿੰਘ ਜੌਹਲ