image caption:

25 ਮਾਰਚ 2025 (ਮੰਗਲਵਾਰ) ਅੱਜ ਦੀਆਂ ਮੁੱਖ ਖਬਰਾਂ

 ਨਰਾਇਣ ਸਿੰਘ ਚੌੜਾ ਨੂੰ ਮਿਲੀ ਜ਼ਮਾਨਤ
ਨਰਾਇਣ ਸਿੰਘ ਚੌੜਾ ਨੂੰ ਕੁਝ ਸਮੇਂ ਪਹਿਲਾਂ ਅਕਾਲੀ ਲੀਡਰ ਸੁਖਬੀਰ ਸਿੰਘ ਬਾਦਲ ਉਤੇ ਗੋਲੀ ਚਲਾਉਣ ਦੇ ਮਾਮਲੇ ਵਿਚ ਗ੍ਰਿਫ਼ਤਾਰ ਕੀਤਾ ਸੀ। ਉਨ੍ਹਾਂ ਦੇ ਵਕੀਲ ਨੇ ਅਦਾਲਤ ਵਿੱਚ ਜ਼ਮਾਨਤ ਦੀ ਅਰਜ਼ੀ ਦਾਖਲ ਕੀਤੀ ਸੀ। ਅਦਾਲਤੀ ਫੈਸਲਾ ਅਦਾਲਤ ਨੇ ਸਾਰੀਆਂ ਦਲੀਲਾਂ ਸੁਣਨ ਮਗਰੋ ਉਨ੍ਹਾਂ ਦੀ ਜ਼ਮਾਨਤ ਮਨਜ਼ੂਰ ਕਰ ਲਈ। ਹੁਣ ਨਰਾਇਣ ਸਿੰਘ ਰਿਹਾਅ ਹੋਣਗੇ ਅਤੇ ਮਾਮਲੇ ਦੀ ਆਗਾਮੀ ਸੁਣਵਾਈ ਜਾਰੀ ਰਹੇਗੀ।

RSS ਆਗੂ ਰੁਲਦਾ ਸਿੰਘ ਹੱਤਿਆਕਾਂਡ ਮਾਮਲੇ &lsquoਚ ਜਗਤਾਰ ਸਿੰਘ ਤਾਰਾ ਬਰੀ
ਪਟਿਆਲਾ : ਪਟਿਆਲਾ ਵਿੱਚ ਸੀਨੀਅਰ ਆਰਐਸਐਸ ਆਗੂ ਰੁਲਦਾ ਸਿੰਘ ਦੇ ਕਤਲ ਕੇਸ ਵਿੱਚ ਪੁਲਿਸ ਨੇ ਜਗਤਾਰ ਸਿੰਘ ਅਤੇ ਰਮਨਦੀਪ ਸਿੰਘ ਗੋਲਡੀ ਨੂੰ ਬਰੀ ਕਰ ਦਿੱਤਾ ਹੈ। ਇਸ ਦੌਰਾਨ, ਜਗਤਾਰ ਸਿੰਘ ਤਾਰਾ ਨੂੰ ਸਜ਼ਾ ਸੁਣਾਉਣ ਤੋਂ ਬਾਅਦ, ਉਸਨੂੰ ਇੱਕ ਹੋਰ ਕੇਸ ਲਈ ਵਾਪਸ ਚੰਡੀਗੜ੍ਹ ਜੇਲ੍ਹ ਭੇਜ ਦਿੱਤਾ ਗਿਆ। ਜਗਤਾਰ ਸਿੰਘ ਤਾਰਾ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੇ ਕਤਲ ਕੇਸ ਵਿੱਚ ਵੀ ਦੋਸ਼ੀ ਹੈ। ਇਸ ਮਾਮਲੇ ਵਿੱਚ ਪੰਜ ਲੋਕਾਂ ਨੂੰ ਪਹਿਲਾਂ ਹੀ ਬਰੀ ਕੀਤਾ ਜਾ ਚੁੱਕਾ ਹੈ।

ਇਹ ਮਾਮਲਾ ਲਗਭਗ 16 ਸਾਲ ਪੁਰਾਣਾ ਹੈ। 28 ਜੁਲਾਈ, 2009 ਦੀ ਸ਼ਾਮ ਨੂੰ, ਜਦੋਂ ਸੀਨੀਅਰ ਆਰਐਸਐਸ ਨੇਤਾ ਰੁਲਦਾ ਸਿੰਘ ਆਪਣੀ ਕਾਰ ਵਿੱਚ ਅਨਾਜ ਮੰਡੀ ਸਰਹਿੰਦ ਰੋਡ ਸਥਿਤ ਆਪਣੇ ਘਰ ਪਹੁੰਚੇ, ਤਾਂ ਤਿੰਨ ਅਣਪਛਾਤੇ ਨੌਜਵਾਨਾਂ ਨੇ ਉਨ੍ਹਾਂ ਦੇ ਘਰ ਦੇ ਸਾਹਮਣੇ ਉਨ੍ਹਾਂ ਨੂੰ ਗੋਲੀ ਮਾਰ ਦਿੱਤੀ। ਉਸਨੂੰ ਗੰਭੀਰ ਹਾਲਤ ਵਿੱਚ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ।ਲਗਭਗ 2 ਹਫ਼ਤਿਆਂ ਬਾਅਦ ਉਸਦੀ ਮੌਤ ਹੋ ਗਈ। ਪੁਲਿਸ ਨੇ ਉਸ ਸਮੇਂ ਚਾਰ ਸ਼ੱਕੀਆਂ ਨੂੰ ਗ੍ਰਿਫ਼ਤਾਰ ਕੀਤਾ ਸੀ, ਜਿਨ੍ਹਾਂ ਨੂੰ 2015 ਵਿੱਚ ਸਬੂਤਾਂ ਦੀ ਘਾਟ ਕਾਰਨ ਬਰੀ ਕਰ ਦਿੱਤਾ ਗਿਆ ਸੀ। ਉਹ ਭਾਰਤੀ ਜਨਤਾ ਪਾਰਟੀ ਦੇ ਐਨਆਰਆਈ ਵਿੰਗ ਦੇ ਮੁਖੀ ਵੀ ਸਨ।

ਪਾਸਟਰ ਬਜਿੰਦਰ ਸਿੰਘ ਮਾਮਲਾ: ਪੀੜਤਾ ਕੌਮੀ ਮਹਿਲਾ ਕਮਿਸ਼ਨ ਅੱਗੇ ਪੇਸ਼ ਹੋਈ
ਪਾਸਟਰ ਬਜਿੰਦਰ ਸਿੰਘ ਵੱਲੋਂ ਕਥਿਤ ਤੌਰ &rsquoਤੇ ਜਿਨਸੀ ਸ਼ੋਸ਼ਣ ਦਾ ਸ਼ਿਕਾਰ ਹੋਈ ਲੜਕੀ ਮੰਗਲਵਾਰ ਨੂੰ ਇੱਥੇ ਕੌਮੀ ਮਹਿਲਾ ਕਮਿਸ਼ਨ (NCW) ਦੇ ਸਾਹਮਣੇ ਪੇਸ਼ ਹੋਈ। ਜ਼ਿਕਰਯੋਗ ਹੈ ਕਿ ਪੰਜਾਬ ਦੇ ਜਲੰਧਰ ਜ਼ਿਲ੍ਹੇ ਦੇ ਇਕ ਪਿੰਡ ਵਿਚ ਚਰਚ ਦੇ ਪਾਦਰੀ ਅਤੇ ਸਵੈ-ਘੋਸ਼ਿਤ ਈਸਾਈ ਪ੍ਰਚਾਰਕ ਬਜਿੰਦਰ ਸਿੰਘ (42) &rsquoਤੇ 22 ਸਾਲਾ ਲੜਕੀ ਦੀ ਸ਼ਿਕਾਇਤ ਦੇ ਆਧਾਰ &rsquoਤੇ ਜਿਨਸੀ ਸ਼ੋਸ਼ਣ ਦੇ ਦੋਸ਼ਾਂ ਵਿੱਚ ਮਾਮਲਾ ਦਰਜ ਕੀਤਾ ਗਿਆ ਹੈ।

ਆਪਣੀ ਪੁਲੀਸ ਸ਼ਿਕਾਇਤ ਵਿੱਚ ਲੜਕੀ ਨੇ ਦੋਸ਼ ਲਾਇਆ ਹੈ ਕਿ ਬਜਿੰਦਰ ਸਿੰਘ ਉਸ ਨੂੰ ਟੈਕਸਟ ਸੁਨੇਹੇ ਭੇਜਦਾ ਸੀ ਅਤੇ ਕਥਿਤ ਤੌਰ &rsquoਤੇ ਐਤਵਾਰ ਨੂੰ ਚਰਚ ਦੇ ਇਕ ਕੈਬਿਨ ਵਿੱਚ ਉਸਨੂੰ ਇਕੱਲਾ ਬਿਠਾਉਂਦਾ ਸੀ, ਜਿਸ ਦੌਰਾਨ ਉਹ ਉਸਨੂੰ ਇਤਰਜ਼ਯੋਗ ਢੰਗ ਨਾਲ ਛੂੰਹਦਾ ਸੀ। ਪੁਲੀਸ ਨੇ ਪਾਦਰੀ ਵਿਰੁੱਧ ਜਿਨਸੀ ਸ਼ੋਸ਼ਣ, ਪਿੱਛਾ ਕਰਨਾ ਅਤੇ ਅਪਰਾਧਿਕ ਧਮਕੀ ਦੇ ਤਹਿਤ ਮਾਮਲਾ ਦਰਜ ਕੀਤਾ ਹੈ।


ਵਿਰੋਧੀ ਧਿਰ ਦੀ ਆਵਾਜ਼ ਦਬਾਉਣ ਦੀ ਕੋਸ਼ਿਸ਼ ਕਰ ਰਹੇ ਨੇ ਸਪੀਕਰ: ਖਹਿਰਾ
ਚੰਡੀਗੜ੍ਹ,- ਪੰਜਾਬ ਵਿਧਾਨ ਸਭਾ ਦੇ ਬਜਟ ਸੈਸ਼ਨ ਦੇ ਦੂਜੇ ਦਿਨ ਅੱਜ ਕਾਂਗਰਸ ਦੇ ਵਿਧਾਇਕਾਂ ਨੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੂੰ ਕਥਿਤ ਤੌਰ &rsquoਤੇ ਸਦਨ ਵਿੱਚ ਬੋਲਣ ਦਾ ਮੌਕਾ ਨਾ ਦਿੱਤੇ ਜਾਣ ਦੇ ਵਿਰੋਧ ਵਿੱਚ ਪੰਜਾਬ ਵਿਧਾਨ ਸਭਾ ਵਿੱਚੋਂ ਵਾਕਆਊਟ ਕੀਤਾ। ਕਾਂਗਰਸੀ ਵਿਧਾਇਕ ਸੁਖਪਾਲ ਖਹਿਰਾ ਨੇ ਵਿਧਾਨ ਸਭਾ &rsquoਚੋਂ ਵਾਕਆਊਟ ਕਰਨ ਤੋਂ ਬਾਅਦ ਕਿਹਾ ਕਿ ਸਪੀਕਰ ਵੱਲੋਂ ਵਿਰੋਧੀਆਂ ਦੀ ਆਵਾਜ਼ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸੇ ਲਈ ਸਦਨ ਵਿੱਚੋਂ ਵਿਰੋਧੀ ਧਿਰ ਦੇ ਵਿਧਾਇਕਾਂ ਨੂੰ ਬੋਲਣ ਦਾ ਸਮਾਂ ਘੱਟ ਦਿੱਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਸਪੀਕਰ ਵੱਲੋਂ ਪਿਛਲੇ ਸਾਲ ਤੋਂ ਉਨ੍ਹਾਂ ਨੂੰ ਵਿਧਾਨ ਸਭਾ ਦੀ ਕਾਰਵਾਈ ਵਿੱਚ ਹਿੱਸਾ ਲੈਣ ਤੋਂ ਰੋਕਿਆ ਜਾ ਰਿਹਾ ਹੈ। ਸ੍ਰੀ ਖਹਿਰਾ ਨੇ ਕਿਹਾ ਕਿ ਉਸ ਵੱਲੋਂ ਸਿਫ਼ਰ ਕਾਲ ਵਿੱਚ ਕਿਸਾਨੀ ਦੀ ਗੱਲ ਕੀਤੀ ਜਾਣੀ ਸੀ, ਜਿਸ ਲਈ ਉਸ ਨੇ ਆਪਣੀ ਗੱਲ ਰੱਖਣ ਲਈ 10 ਵਾਰ ਵਿਧਾਨ ਸਭਾ ਵਿੱਚ ਹੱਥ ਖੜ੍ਹਾ ਕੀਤਾ ਪਰ ਵਿਧਾਨ ਸਭਾ ਸਪੀਕਰ ਵੱਲੋਂ ਉਨ੍ਹਾਂ ਨੂੰ ਬੋਲਣ ਨਹੀਂ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਵਿਧਾਨ ਸਭਾ ਵਿੱਚ ਕੁੱਲ 117 ਵਿਧਾਇਕਾਂ ਵਿੱਚੋਂ ਕਾਂਗਰਸੀ ਵਿਧਾਇਕਾਂ ਨੂੰ ਬਣਦਾ ਸਮਾਂ ਨਹੀਂ ਦਿੱਤਾ ਜਾ ਰਿਹਾ, ਬਲਕਿ ਸੱਤਾਧਾਰੀ ਧਿਰ ਦੇ ਵਿਧਾਇਕਾਂ ਨੂੰ ਸਮਾਂ ਦਿੱਤਾ ਜਾ ਰਿਹਾ ਹੈ। ਸਪੀਕਰ ਵੱਲੋਂ ਵਿਰੋਧੀ ਧਿਰ ਨੂੰ ਚੁੱਪ ਕਰਵਾ ਕੇ ਲੋਕਤੰਤਰੀ ਬਹਿਸ ਦੇ ਮੂਲ ਅਰਥਾਂ &rsquoਤੇ ਹਮਲਾ ਕੀਤਾ ਜਾ ਰਿਹਾ ਹੈ, ਜਿਸ ਨੂੰ ਬਰਾਦਸ਼ਤ ਨਹੀਂ ਕੀਤਾ ਜਾਵੇਗਾ।


ਸ਼੍ਰੋਮਣੀ ਕਮੇਟੀ ਦੇ ਬਜਟ ਇਜਲਾਸ ਵਿਚ ਤਖ਼ਤਾਂ ਦੇ ਜਥੇਦਾਰਾਂ ਨੂੰ ਫ਼ਾਰਗ ਕਰਨ ਦੇ ਮਤੇ ਰੱਦ ਕਰਨ ਦੀ ਮੰਗ
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸ਼੍ਰੋਮਣੀ ਅਕਾਲੀ ਦਲ ਦੀ ਵਿਰੋਧੀ ਧਿਰ ਨਾਲ ਸਬੰਧਤ ਚਾਰ ਮੈਂਬਰਾਂ ਨੇ ਅੱਜ ਸ਼੍ਰੋਮਣੀ ਕਮੇਟੀ ਦੇ ਸਕੱਤਰ ਨੂੰ ਇੱਕ ਪੱਤਰ ਸੌਂਪ ਕੇ ਤਿੰਨੋਂ ਜਥੇਦਾਰਾਂ ਨੂੰ ਫਾਰਗ ਕਰਨ ਵਾਲੇ ਅੰਤ੍ਰਿੰਗ ਕਮੇਟੀ ਦੇ ਦੋਵੇਂ ਮਤੇ ਰੱਦ ਕਰਨ ਸਬੰਧੀ ਏਜੰਡਾ ਜਨਰਲ ਹਾਊਸ ਦੀ ਮੀਟਿੰਗ ਵਿੱਚ ਰੱਖਣ ਦੀ ਅਪੀਲ ਕੀਤੀ ਹੈ। ਪੱਤਰ ਦੇਣ ਵਾਲੇ 4 ਸ਼੍ਰੋਮਣੀ ਕਮੇਟੀ ਮੈਂਬਰਾਂ ਵਿੱਚ ਬੀਬੀ ਕਿਰਨਜੋਤ ਕੌਰ, ਭਾਈ ਮਨਜੀਤ ਸਿੰਘ, ਹਰਜਾਪ ਸਿੰਘ ਸੁਲਤਾਨਵਿੰਡ ਅਤੇ ਅਮਰੀਕ ਸਿੰਘ ਸ਼ਾਹਪੁਰ ਸ਼ਾਮਿਲ ਸਨ।

ਪੱਤਰ ਸੌਂਪਣ ਤੋਂ ਬਾਅਦ ਮੀਡੀਆ ਨਾਲ ਗੱਲ ਕਰਦਿਆਂ ਭਾਈ ਮਨਜੀਤ ਸਿੰਘ ਨੇ ਦੱਸਿਆ ਕਿ ਇਸ ਪੱਤਰ ਰਾਹੀਂ ਉਨ੍ਹਾਂ ਨੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਕੋਲੋਂ ਮੰਗ ਕੀਤੀ ਹੈ ਕਿ 28 ਮਾਰਚ ਨੂੰ ਬਜਟ ਸਬੰਧੀ ਹੋ ਰਹੇ ਜਨਰਲ ਇਜਲਾਸ ਵਿੱਚ ਤਿੰਨਾਂ ਜਥੇਦਾਰਾਂ ਨੂੰ ਫਾਰਗ ਕਰਨ ਵਾਲੇ ਅੰਤ੍ਰਿੰਗ ਕਮੇਟੀ ਦੇ ਮਤੇ ਰੱਦ ਕੀਤੇ ਜਾਣ। ਉਨ੍ਹਾਂ ਕਿਹਾ ਕਿ ਇਹ ਮਤੇ ਰੱਦ ਕਰਨ ਦਾ ਏਜੰਡਾ ਜਨਰਲ ਹਾਊਸ ਦੀ ਮੀਟਿੰਗ ਦੇ ਏਜੰਡੇ ਵਿੱਚ ਸ਼ਾਮਿਲ ਕੀਤਾ ਜਾਵੇ।

ਉਨ੍ਹਾਂ ਕਿਹਾ ਕਿ 7 ਮਾਰਚ ਨੂੰ ਹੋਈ ਅੰਤ੍ਰਿੰਗ ਕਮੇਟੀ ਦੀ ਮੀਟਿੰਗ ਵਿੱਚ ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਅਤੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਸੁਲਤਾਨ ਸਿੰਘ ਦੀਆਂ ਸੇਵਾਵਾਂ ਖਤਮ ਕੀਤੀਆਂ ਗਈਆਂ ਸਨ। ਇਸ ਤੋਂ ਪਹਿਲਾਂ 10 ਫਰਵਰੀ ਨੂੰ ਅੰਤ੍ਰਿੰਗ ਕਮੇਟੀ ਦੀ ਮੀਟਿੰਗ ਵਿੱਚ ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੀਆਂ ਸੇਵਾਵਾਂ ਖਤਮ ਕੀਤੀਆਂ ਗਈਆਂ ਸਨ। ਉਨ੍ਹਾਂ ਨੇ ਸ਼੍ਰੋਮਣੀ ਕਮੇਟੀ ਦੀ ਇਸ ਕਾਰਵਾਈ ਦੀ ਸਖਤ ਨਿੰਦਾ ਕੀਤੀ ਹੈ।


ਟਰੰਪ ਵੱਲੋਂ ਵੈਨੇਜ਼ੁਏਲਾ ਦੇ ਤੇਲ ਖਰੀਦਦਾਰਾਂ &lsquoਤੇ 25% ਟੈਰਿਫ ਲਗਾਉਣ ਦਾ ਐਲਾਨ
ਵਾਸ਼ਿੰਗਟਨ &ndash ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਵੈਨੇਜ਼ੁਏਲਾ ਤੋਂ ਤੇਲ ਅਤੇ ਗੈਸ ਖਰੀਦਣ ਵਾਲੇ ਦੇਸ਼ਾਂ &lsquoਤੇ 25% ਟੈਰਿਫ ਲਗਾਉਣ ਦੀ ਯੋਜਨਾ ਬਣਾਈ ਹੈ। 2 ਅਪ੍ਰੈਲ 2025 ਤੋਂ ਲਾਗੂ ਹੋਣ ਵਾਲਾ ਇਹ ਨਵਾਂ ਟੈਕਸ, ਭਾਰਤ ਅਤੇ ਚੀਨ ਵਰਗੀਆਂ ਵੱਡੀਆਂ ਅਰਥਵਿਵਸਥਾਵਾਂ &lsquoਤੇ ਪ੍ਰਭਾਵ ਪਾ ਸਕਦਾ ਹੈ, ਜਦਕਿ ਵਿਸ਼ਵ ਵਪਾਰ ਵਿੱਚ ਅਣਉਹੰਦੇਪਣ ਨੂੰ ਵਧਾ ਸਕਦਾ ਹੈ। ਟਰੰਪ ਦੀ ਨਵੀਂ ਵਪਾਰਕ ਨੀਤੀ ਜਨਵਰੀ 2025 ਵਿੱਚ ਵ੍ਹਾਈਟ ਹਾਊਸ ਵਾਪਸੀ ਤੋਂ ਬਾਅਦ, ਟਰੰਪ ਵਪਾਰਕ ਉਪਾਵਾਂ ਰਾਹੀਂ ਸਹਿਯੋਗੀਆਂ ਅਤੇ ਵਿਰੋਧੀਆਂ &lsquoਤੇ ਦਬਾਅ ਬਣਾਉਣ ਦੀ ਨੀਤੀ ਅਪਣਾ ਰਹੇ ਹਨ। ਸੋਮਵਾਰ, 24 ਮਾਰਚ ਨੂੰ ਜਾਰੀ ਹੁਕਮ ਅਨੁਸਾਰ, ਵੈਨੇਜ਼ੁਏਲਾ ਤੋਂ ਆਯਾਤ ਕੀਤੇ ਜਾਣ ਵਾਲੇ ਤੇਲ &lsquoਤੇ 25% ਵਾਧੂ ਟੈਰਿਫ ਲਗਾਇਆ ਜਾਵੇਗਾ।


ਅਮਰੀਕਾ ਨੇ ਇੱਕ ਦਿਨ ਵਿੱਚ ਵੇਚੇ 1000 Gold Card, ਇੱਕ ਦੀ ਕੀਮਤ 44 ਕਰੋੜ ਰੁਪਏ
ਰਾਸ਼ਟਰਪਤੀ ਡੋਨਾਲਡ ਟਰੰਪ ਦਾ ਗੋਲਡ ਕਾਰਡ ਵੀਜ਼ਾ ਪ੍ਰੋਗਰਾਮ ਅਧਿਕਾਰਤ ਤੌਰ &lsquoਤੇ ਲਾਂਚ ਹੋਣ ਤੋਂ ਪਹਿਲਾਂ ਹੀ ਸੁਪਰਹਿੱਟ ਹੋ ਗਿਆ ਹੈ। ਅਮਰੀਕੀ ਵਪਾਰਕ ਸਕੱਤਰ ਹਾਵਰਡ ਲੁਟਨਿਕ ਨੇ ਸੋਮਵਾਰ ਨੂੰ ਦਾਅਵਾ ਕੀਤਾ ਕਿ ਉਨ੍ਹਾਂ ਨੇ ਇੱਕ ਦਿਨ ਵਿੱਚ 1000 ਗੋਲਡ ਕਾਰਡ ਵੇਚੇ ਹਨ। ਇੱਕ ਗੋਲਡ ਕਾਰਡ ਦੀ ਕੀਮਤ 5 ਮਿਲੀਅਨ ਡਾਲਰ (44 ਕਰੋੜ ਭਾਰਤੀ ਰੁਪਏ) ਹੈ। ਇਸ ਦਾ ਮਤਲਬ ਹੈ ਕਿ ਸਿਰਫ਼ ਇੱਕ ਦਿਨ ਵਿੱਚ 44,000 ਕਰੋੜ ਰੁਪਏ ਦੇ ਗੋਲਡ ਕਾਰਡ ਵਿਕ ਗਏ।

ਹਾਵਰਡ ਨੇ ਕਿਹਾ ਕਿ ਲੋਕ ਗੋਲਡ ਕਾਰਡ ਲੈਣ ਲਈ ਲਾਈਨਾਂ ਵਿੱਚ ਲੱਗ ਰਹੇ ਹਨ। ਹਾਲਾਂਕਿ, ਇਹ ਪ੍ਰੋਗਰਾਮ ਅਧਿਕਾਰਤ ਤੌਰ &lsquoਤੇ ਲਗਭਗ ਦੋ ਹਫ਼ਤਿਆਂ ਬਾਅਦ ਸ਼ੁਰੂ ਹੋਵੇਗਾ। ਐਲੋਨ ਮਸਕ ਇਸ ਵੇਲੇ ਇਸ ਲਈ ਸਾਫਟਵੇਅਰ ਵਿਕਸਤ ਕਰ ਰਿਹਾ ਹੈ। ਟਰੰਪ ਸਰਕਾਰ 10 ਲੱਖ ਗੋਲਡ ਕਾਰਡਾਂ ਦੇ ਟੀਚੇ ਵੱਲ ਕੰਮ ਕਰ ਰਹੀ ਹੈ। ਪ੍ਰਸ਼ਾਸਨ ਦਾ ਮੰਨਣਾ ਹੈ ਕਿ ਇਹ ਬਹੁਤ ਮੁਸ਼ਕਲ ਨਹੀਂ ਹੈ ਕਿਉਂਕਿ ਦੁਨੀਆ ਵਿੱਚ 3.7 ਕਰੋੜ ਲੋਕ ਇਸਨੂੰ ਖਰੀਦ ਸਕਦੇ ਹਨ। ਅਮਰੀਕੀ ਸਰਕਾਰ ਇਸ ਪ੍ਰੋਗਰਾਮ ਤੋਂ ਇਕੱਠੇ ਕੀਤੇ ਪੈਸੇ ਦੀ ਵਰਤੋਂ ਦੇਸ਼ ਦੇ ਕਰਜ਼ੇ ਨੂੰ ਘਟਾਉਣ ਲਈ ਕਰੇਗੀ।

ਹਾਵਰਡ ਲੂਟਨਿਕ ਨੇ ਕਿਹਾ ਕਿ ਗੋਲਡ ਕਾਰਡ ਖਰੀਦਣ ਵਾਲਿਆਂ ਨੂੰ ਅਮਰੀਕਾ ਵਿੱਚ ਅਣਮਿੱਥੇ ਸਮੇਂ ਲਈ ਰਹਿਣ ਦਾ ਅਧਿਕਾਰ ਮਿਲੇਗਾ। ਕਾਰਡ ਖਰੀਦਣ ਵਾਲਿਆਂ ਦੀ ਵੀ ਜਾਂਚ ਕੀਤੀ ਜਾਵੇਗੀ ਕਿ ਕੀ ਉਹ ਕਾਨੂੰਨ ਦੀ ਪਾਲਣਾ ਕਰਨ ਵਾਲੇ ਚੰਗੇ ਲੋਕ ਹਨ ਜਾਂ ਨਹੀਂ। ਜੇਕਰ ਕਾਰਡ ਖਰੀਦਣ ਵਾਲਾ ਵਿਅਕਤੀ ਗੈਰ-ਕਾਨੂੰਨੀ ਗਤੀਵਿਧੀਆਂ ਵਿੱਚ ਸ਼ਾਮਲ ਹੈ ਤਾਂ ਅਮਰੀਕਾ ਇਸ ਕਾਰਡ ਨੂੰ ਹਮੇਸ਼ਾ ਲਈ ਰੱਦ ਕਰ ਸਕਦਾ ਹੈ। ਟਰੰਪ ਦਾ ਕਹਿਣਾ ਹੈ ਕਿ ਗੋਲਡ ਵੀਜ਼ਾ ਕਾਰਡ ਨਾਗਰਿਕਾਂ ਨੂੰ ਗ੍ਰੀਨ ਕਾਰਡ ਵਰਗੇ ਵਿਸ਼ੇਸ਼ ਅਧਿਕਾਰ ਦੇਵੇਗਾ। ਇਹ ਨਵਾਂ ਵੀਜ਼ਾ ਪ੍ਰੋਗਰਾਮ ਦੇਸ਼ ਵਿੱਚ ਨਿਵੇਸ਼ ਵਧਾਏਗਾ, ਇਸ ਦੇ ਨਾਲ ਹੀ EB-5 ਨਾਲ ਸਬੰਧਤ ਧੋਖਾਧੜੀ ਨੂੰ ਰੋਕਿਆ ਜਾਵੇਗਾ ਅਤੇ ਨੌਕਰਸ਼ਾਹੀ &lsquoਤੇ ਲਗਾਮ ਲਗਾਈ ਜਾਵੇਗੀ।

ਯੂਪੀ ਵਾਸੀਆਂ ਦੀਆਂ ਉਮੀਦਾਂ &rsquoਤੇ ਖਰੀ ਨਹੀਂ ਉਤਰੀ ਭਾਜਪਾ: ਮਾਇਆਵਤੀ
ਲਖਨਊ- ਬਹੁਜਨ ਸਮਾਜ ਪਾਰਟੀ ਮੁਖੀ ਮਾਇਆਵਤੀ ਨੇ ਅੱਜ ਕਿਹਾ ਕਿ ਉੱਤਰ ਪ੍ਰਦੇਸ਼ ਵਿੱਚ ਭਾਜਪਾ ਸਰਕਾਰ ਆਪਣੇ ਅੱਠ ਸਾਲਾਂ ਦੇ ਕਾਰਜਕਾਲ ਦੌਰਾਨ ਲੋਕਾਂ ਦੀਆਂ ਉਮੀਦਾਂ &rsquoਤੇ ਪੂਰੀ ਤਰ੍ਹਾਂ ਖਰੀ ਨਹੀਂ ਉਤਰੀ। ਉਨ੍ਹਾਂ ਦਾਅਵਾ ਕੀਤਾ ਕਿ 2017 ਵਿੱਚ ਭਾਜਪਾ ਦੇ ਸੂਬੇ ਦੀ ਸੱਤਾ ਸੰਭਾਲਣ ਮਗਰੋਂ ਅਮਨ ਕਾਨੂੰਨ ਦੀ ਵਿਵਸਥਾ ਬਹੁਤ ਜ਼ਿਆਦਾ ਖ਼ਰਾਬ ਹੋ ਗਈ ਹੈ। ਉਨ੍ਹਾਂ ਦੀਆਂ ਇਹ ਟਿੱਪਣੀਆਂ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਵੱਲੋਂ ਆਪਣੀ ਸਰਕਾਰ ਦੀਆਂ ਪ੍ਰਾਪਤੀਆਂ ਗਿਣਾਏ ਜਾਣ ਤੋਂ ਬਾਅਦ ਆਈਆਂ ਹਨ।

ਮਾਇਆਵਤੀ ਨੇ ਸੋਸ਼ਲ ਮੀਡੀਆ ਪਲੇਟਫਾਰਮ &lsquoਐਕਸ&rsquo ਉੱਤੇ ਕਿਹਾ, &lsquo&lsquoਨਾ ਕਾਂਗਰਸ, ਨਾ ਭਾਜਪਾ, ਅਤੇ ਨਾ ਹੀ ਕਿਸੇ ਹੋਰ ਪਾਰਟੀ ਨੂੰ ਆਪਣੇ ਸਿਆਸੀ ਲਾਹੇ ਲਈ ਸਾਡੇ ਦੇਸ਼ ਦੇ ਸੰਵਿਧਾਨ ਨੂੰ ਬਦਲਣ ਦੀ ਇਜਾਜ਼ਤ ਦਿੱਤੀ ਜਾਵੇਗੀ, ਖਾਸ ਕਰ ਰਾਖਵੇਂਕਰਨ ਦੇ ਮਾਮਲੇ ਵਿੱਚ। ਲੋੜ ਪੈਣ &rsquoਤੇ ਬਸਪਾ ਅਜਿਹੀ ਕਿਸੇ ਵੀ ਕੋਸ਼ਿਸ਼ ਖ਼ਿਲਾਫ਼ ਸੰਘਰਸ਼ ਲਈ ਪੂਰੀ ਤਰ੍ਹਾਂ ਤਿਆਰ ਹੈ।&rsquo&rsquo

ਥਾਈਲੈਂਡ ਦੀ ਪ੍ਰਧਾਨ ਮੰਤਰੀ ਖ਼ਿਲਾਫ਼ ਬੇਭਰੋਸਗੀ ਮਤਾ ਪੇਸ਼
ਬੈਂਕਾਕ- ਥਾਈ ਪ੍ਰਧਾਨ ਮੰਤਰੀ ਪੈਤੋਂਗਤਾਰਨ ਸ਼ਿਨਵਾਤਰਾ ਨੂੰ ਅੱਜ ਸੰਸਦ ਵਿੱਚ ਬੇਭਰੋਸਗੀ ਮਤੇ ਦਾ ਸਾਹਮਣਾ ਕਰਨਾ ਪਿਆ ਕਿਉਂਕਿ ਵਿਰੋਧੀ ਧਿਰ ਨੇ ਦੋਸ਼ ਲਗਾਇਆ ਕਿ ਉਹ ਆਪਣੇ ਪਿਤਾ, ਜੋ ਕਿ ਇਕ ਸਾਬਕਾ ਪ੍ਰਧਾਨ ਮੰਤਰੀ ਵੀ ਹਨ, ਤੋਂ ਅਣਉਚਿਤ ਢੰਗ ਨਾਲ ਪ੍ਰਭਾਵਿਤ ਹੈ ਅਤੇ ਦੇਸ਼ ਨੂੰ ਗਲਤ ਤਰੀਕੇ ਨਾਲ ਚਲਾ ਰਹੀ ਹੈ। ਪੈਤੋਂਗਤਾਰਨ ਜਿਨ੍ਹਾਂ ਨੇ ਪਿਛਲੇ ਸਾਲ ਅਹੁਦਾ ਸੰਭਾਲਿਆ ਸੀ, ਨੂੰ ਬੁੱਧਵਾਰ ਨੂੰ ਆਪਣੇ ਸੱਤਾਧਾਰੀ ਗੱਠਜੋੜ ਦੇ ਸਮਰਥਨ ਨਾਲ ਆਪਣੇ ਪਹਿਲੇ ਬੇਭਰੋਸਗੀ ਮਤੇ ਤੋਂ ਬਚਣ ਦੀ ਆਸ ਹੈ। ਸੰਸਦ ਵਿੱਚ ਵਿਰੋਧੀ ਧਿਰ ਦੇ ਨੇਤਾ ਨੱਥਾਫੋਂਗ

ਰੂਏਂਗਪਨਿਆਵੁਤ ਨੇ ਕਿਹਾ ਕਿ ਪੈਤੋਂਗਤਾਰਨ ਦੇਸ਼ ਦੀਆਂ ਕਈ ਪੁਰਾਣੀਆਂ ਸਮੱਸਿਆਵਾਂ ਦਾ ਹੱਲ ਕਰਨ ਵਿੱਚ ਅਸਫ਼ਲ ਰਹੀ ਹੈ, ਜਿਨ੍ਹਾਂ ਵਿੱਚ ਧੀਮਾ ਅਰਥਚਾਰਾ, ਹਵਾ ਪ੍ਰਦੂਸ਼ਣ, ਅਪਰਾਧ ਅਤੇ ਭ੍ਰਿਸ਼ਟਾਚਾਰ ਸ਼ਾਮਲ ਹਨ। ਉਨ੍ਹਾਂ ਕਿਹਾ ਕਿ ਪੈਤੋਂਗਤਾਰਨ ਦੀ ਸਰਕਾਰ ਉਨ੍ਹਾਂ ਦੇ ਪਰਿਵਾਰ ਅਤੇ ਉਨ੍ਹਾਂ ਦੇ ਪਿਤਾ ਤੇ ਸਾਬਕਾ ਪ੍ਰਧਾਨ ਮੰਤਰੀ ਥਾਕਸਿਨ ਸ਼ਿਨਵਾਤਰਾ ਦੇ ਹਿੱਤਾਂ ਦੀ ਸੇਵਾ ਕਰ ਰਹੀ ਹੈ। ਥਾਕਸਿਨ ਸ਼ਿਨਵਾਤਰਾ ਕਾਫੀ ਜ਼ਿਆਦਾ ਵਿਵਾਦਤ ਸਿਆਸੀ ਵਿਅਕਤੀ ਹਨ। ਪੈਤੋਂਗਤਾਰਨ ਫਿਊ ਥਾਈ ਪਾਰਟੀ ਦੀ ਮੁਖੀ ਹਨ ਜੋ ਕਿ ਥਾਕਸਿਨ ਨਾਲ ਜੁੜੀਆਂ ਲੋਕਪ੍ਰਿਯ ਪਾਰਟੀਆਂ ਦੀ ਲੜੀ ਵਿੱਚ ਨਵੀਂ ਹੈ। ਉਨ੍ਹਾਂ ਨੂੰ 2006 ਦੇ ਫੌਜ ਵੱਲੋਂ ਕੀਤੇ ਤਖ਼ਤਾਪਲਟ ਵਿੱਚ ਹਟਾ ਦਿੱਤਾ ਗਿਆ ਸੀ। ਉਹ ਜਲਾਵਤਨ ਹੋ ਗਏ ਸਨ ਅਤੇ ਹਾਲ ਹੀ ਵਿੱਚ ਥਾਈਲੈਂਡ ਪਰਤੇ ਹਨ। ਥਾਕਸਨ ਲਗਪਗ ਦੋ ਦਹਾਕਿਆਂ ਤੋਂ ਡੂੰਘੀ ਸਿਆਸੀ ਵੰਡ ਦੇ ਕੇਂਦਰ ਵਿੱਚ ਰਹੇ ਹਨ।

ਅਮਰੀਕਾ ਦੀ ਯੂਕਰੇਨੀ ਤੇ ਰੂਸੀ ਵਫ਼ਦਾਂ ਨਾਲ ਜੰਗਬੰਦੀ ਬਾਰੇ ਵਾਰਤਾ ਸ਼ੁਰੂ
ਕੀਵ- ਯੂਕਰੇਨ &rsquoਚ ਜੰਗਬੰਦੀ ਲਈ ਅਮਰੀਕੀ ਅਤੇ ਰੂਸੀ ਵਾਰਤਾਕਾਰਾਂ ਵਿਚਕਾਰ ਸਾਊਦੀ ਅਰਬ ਦੀ ਰਾਜਧਾਨੀ ਰਿਆਧ &rsquoਚ ਅੱਜ ਤੋਂ ਵਾਰਤਾ ਸ਼ੁਰੂ ਹੋ ਗਈ ਹੈ। ਰੂਸੀ ਖ਼ਬਰ ਏਜੰਸੀ ਤਾਸ ਮੁਤਾਬਕ ਇਸ ਤੋਂ ਪਹਿਲਾਂ ਅਮਰੀਕੀ ਅਧਿਕਾਰੀਆਂ ਨੇ ਯੂਕਰੇਨੀ ਵਫ਼ਦ ਨਾਲ ਗੱਲਬਾਤ ਕੀਤੀ ਸੀ। ਇਨ੍ਹਾਂ ਵੱਖੋ-ਵੱਖਰੀਆਂ ਮੀਟਿੰਗਾਂ ਦਾ ਮਕਸਦ ਰੂਸ ਅਤੇ ਯੂਕਰੇਨ ਵੱਲੋਂ ਇਕ-ਦੂਜੇ ਦੇ ਮੁਲਕ &rsquoਤੇ ਊਰਜਾ ਤੇ ਸ਼ਹਿਰੀ ਟਿਕਾਣਿਆਂ &rsquoਤੇ ਹਮਲੇ ਰੋਕਣਾ ਹੈ। ਇਸ ਦੇ ਨਾਲ ਕਾਲੇ ਸਾਗਰ &rsquoਚ ਵਪਾਰਕ ਜਹਾਜ਼ਾਂ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਵੀ ਗੱਲਬਾਤ ਕੀਤੀ ਜਾਵੇਗੀ। ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਵੱਲੋਂ ਦੋਵੇਂ ਮੁਲਕਾਂ ਦੇ ਮੁਖੀਆਂ ਨਾਲ ਫੋਨ &rsquoਤੇ ਗੱਲਬਾਤ ਮਗਰੋਂ ਯੂਕਰੇਨ ਅਤੇ ਰੂਸ ਸੀਮਤ ਜੰਗਬੰਦੀ ਲਈ ਸਿਧਾਂਤਕ ਤੌਰ &rsquoਤੇ ਰਾਜ਼ੀ ਹੋਏ ਸਨ।


ਬ੍ਰਿਟੇਨ ਵਲੋਂ ਭਾਰਤੀਆਂ ਸਮੇਤ ਕਈ ਅਸਫ਼ਲ ਸ਼ਰਨਾਰਥੀਆਂ ਨੂੰ ਪੱਛਮੀ ਬਾਲਕਨ ਦੇ ਪ੍ਰਵਾਸੀ ਕੇਂਦਰਾਂ &rsquoਚ ਭੇਜਣ ਦੀ ਤਿਆਰੀ
ਬ੍ਰਿਟੇਨ ਵਿੱਚ ਅਸਫ਼ਲ ਸ਼ਰਨਾਰਥੀਆਂ, ਜਿਨ੍ਹਾਂ ਵਿੱਚ ਭਾਰਤ ਤੋਂ ਵੀ ਆਉਣ ਵਾਲੇ ਲੋਕ ਸ਼ਾਮਲ ਹਨ, ਨੂੰ ਪੱਛਮੀ ਬਾਲਕਨ ਅਤੇ ਹੋਰ ਤੀਜੇ ਦੇਸ਼ਾਂ ਦੇ ਪ੍ਰਵਾਸੀ ਕੇਂਦਰਾਂ ਵਿੱਚ ਭੇਜਿਆ ਜਾ ਸਕਦਾ ਹੈ, ਜੋ ਕਿ ਪ੍ਰਧਾਨ ਮੰਤਰੀ ਕੀਰ ਸਟਾਰਮਰ ਦੀ ਛੋਟੀਆਂ ਕਿਸ਼ਤੀਆਂ ਰਾਹੀਂ ਆਉਣ ਵਾਲਿਆਂ ਨੂੰ ਰੋਕਣ ਦੀ ਯੋਜਨਾ ਦਾ ਹਿੱਸਾ ਹੈ। ਸਰਕਾਰੀ ਸੂਤਰਾਂ ਨੇ ਕਿਹਾ ਕਿ ਸਟਾਰਮਰ ਦੀ ਅਗਵਾਈ ਵਾਲੀ ਲੇਬਰ ਸਰਕਾਰ ਅਲਬਾਨੀਆ, ਸਰਬੀਆ ਅਤੇ ਬੋਸਨੀਆ ਵਰਗੇ ਦੇਸ਼ਾਂ ਵਿੱਚ &lsquoਵਾਪਸੀ ਕੇਂਦਰਾਂ&rsquo ਦੀ ਇੱਕ ਲੜੀ ਖੋਲ੍ਹਣ ਦੀ ਯੋਜਨਾ ਬਣਾ ਰਹੀ ਹੈ, ਜਿੱਥੇ ਸ਼ਰਧਾਰਥੀਆਂ ਨੂੰ ਨਾਮਨਜ਼ੂਰ ਕੀਤੇ ਜਾਣ ਅਤੇ ਸਾਰੀਆਂ ਅਪੀਲਾਂ ਨੂੰ ਰੱਦ ਕਰਨ ਬਾਅਦ ਭੇਜਿਆ ਜਾਵੇਗਾ।

ਭਾਰਤ ਵਰਗੇ ਯੂਕੇ ਦੇ ਕਾਨੂੰਨ ਅਧੀਨ ਸੁਰੱਖਿਅਤ ਮੰਨੇ ਜਾਂਦੇ ਦੇਸ਼ਾਂ ਤੋਂ ਨਾਮਨਜ਼ੂਰ ਸ਼ਰਨਾਰਥੀਆਂ ਨੂੰ ਇਨ੍ਹਾਂ ਕੇਂਦਰਾਂ ਵਿੱਚ ਅਸਥਾਈ ਤੌਰ &rsquoਤੇ ਨਜ਼ਰਬੰਦ ਕੀਤਾ ਜਾ ਸਕਦਾ ਹੈ ਜਦੋਂ ਕਿ ਉਨ੍ਹਾਂ ਨੂੰ ਉਨ੍ਹਾਂ ਦੇ ਦੇਸ਼ ਵਾਪਸ ਭੇਜਣ ਦੇ ਪ੍ਰਬੰਧ ਕੀਤੇ ਜਾਂਦੇ ਹਨ। ਅਫ਼ਗ਼ਾਨਿਸਤਾਨ ਵਰਗੇ ਬ੍ਰਿਟੇਨ ਦੇ ਕਾਨੂੰਨ ਤਹਿਤ ਅਸੁਰੱਖਿਅਤ ਮੰਨੇ ਜਾਣ ਵਾਲੇ ਦੇਸ਼ਾਂ ਤੋਂ ਅਸਫ਼ਲ ਸ਼ਰਨਾਰਥੀਆਂ ਨੂੰ ਵੀ ਇਨ੍ਹਾਂ ਕੇਂਦਰਾਂ ਵਿੱਚ ਭੇਜਿਆ ਜਾ ਸਕਦਾ ਹੈ।