image caption: -ਗੁਰਮੀਤ ਸਿੰਘ ਪਲਾਹੀ

ਔਰੰਗਜ਼ੇਬ ਨੂੰ ਜਿਊਂਦਾ ਕਰਨ ਦਾ ਯਤਨ

ਮੁਗਲ ਬਾਦਸ਼ਾਹ ਔਰੰਗਜ਼ੇਬ ਨੂੰ ਇਸ ਦੁਨੀਆਂ ਤੋਂ ਰੁਖ਼ਸਤ ਹੋਇਆਂ 300 ਸਾਲ ਤੋਂ ਵੱਧ ਸਮਾਂ ਬੀਤ ਚੁੱਕਾ ਹੈ| ਭਾਜਪਾ ਸ਼ਾਸਤ ਸੂਬੇ ਮਹਾਰਾਸ਼ਟਰ ਵਿੱਚ ਉਸਦੀ ਕਬਰ ਨੂੰ ਲੈ ਕੇ ਹੰਗਾਮਾ ਹੋ ਰਿਹਾ ਹੈ| ਸਿਆਸਤਦਾਨ ਇਸ ਬੇਮਤਲਬ ਵਿਸ਼ੇ ਨੂੰ ਲੈ ਕੇ ਹੋ ਹੱਲਾ ਕਰ ਰਹੇ ਹਨ| ਨਾਗਪੁਰ (ਮਹਾਰਾਸ਼ਟਰ) ਵਿੱਚ ਤਾਂ ਫਿਰਕੂ ਦੰਗੇ ਵੀ ਸ਼ੁਰੂ ਹੋ ਗਏ| ਔਰੰਗਜ਼ੇਬ ਦੀ ਕਬਰ ਨੂੰ ਢਾਹੁਣ ਦੇ ਨਾਅਰੇ ਲਗਾਏ ਗਏ, ਜਿਹੜੀ ਕਬਰ ਬਾਦਸ਼ਾਹ ਔਰੰਗਜ਼ੇਬ ਦੀ ਇੱਛਾ ਅਨੁਸਾਰ ਬੇਹੱਦ ਸਧਾਰਨ ਅਤੇ ਨਿੱਕੀ ਬਣੀ ਹੋਈ ਹੈ| ਔਰੰਗਜ਼ੇਬ ਨੂੰ ਕਰੂਰ ਸ਼ਾਸਕ ਦੱਸ ਕੇ ਉਸ ਦੀ ਇਸ ਕਬਰ ਪੁੱਟ ਦੇਣ ਨੂੰ ਕੌਮੀ ਮਸਲਾ ਬਣਾ ਕੇ ਪੇਸ਼ ਕੀਤਾ ਜਾ ਰਿਹਾ ਹੈ| ਔਰੰਗਜ਼ੇਬ ਦੀ ਕਬਰ ਪੁੱਟਣ ਨਾਲ, ਜਿਸ ਨੂੰ ਵਿਸ਼ੇਸ਼ ਰਾਸ਼ਟਰੀ ਮੁੱਦਾ ਬਣਾਇਆ ਜਾ ਰਿਹਾ ਹੈ, ਕੀ ਇਸ ਨਾਲ ਲੋਕਾਂ ਦੇ ਅਸਲੀ ਮੁੱਦੇ ਬੇਰੁਜ਼ਗਾਰੀ, ਗਰੀਬੀ, ਲਾਚਾਰੀ ਅਤੇ ਭ੍ਰਿਸ਼ਟਾਚਾਰ ਖ਼ਤਮ ਹੋ ਜਾਣਗੇ| ਦੇਸ਼ ਦੇ ਨੇਤਾ ਲੋਕਾਂ ਦਾ ਧਿਆਨ ਭਟਕਾਉਣ ਲਈ, ਆਪਣੀਆਂ ਗੱਦੀਆਂ ਬਚਾਉਣ ਅਤੇ ਨਵੀਆਂ ਗੱਦੀਆਂ ਹਥਿਆਉਣ ਲਈ ਨਿਤ ਨਵੇਂ ਮੁੱਦੇ ਪੈਦਾ ਕਰ ਰਹੇ ਹਨ, ਤਾਂ ਕਿ ਲੋਕ ਆਪਣੀਆਂ ਅਸਲ ਤਕਲੀਫ਼ਾਂ ਅਤੇ ਮਸਲਿਆਂ ਵੱਲ ਧਿਆਨ ਹੀ ਨਾ ਦੇ ਸਕਣ|
ਸਿੱਟੇ ਵਜੋਂ ਦੇਸ਼ ਚ ਔਰੰਗਜ਼ੇਬ ਦੀ ਸੋਚ ਜਿੰਦਾ ਹੀ ਨਹੀਂ ਹੋ ਰਹੀ, ਸਗੋਂ ਫੈਲ ਰਹੀ ਹੈ| ਕੱਟੜ ਹਿੰਦੂਤਵੀ ਸੋਚ ਦੇ ਸੌਦਾਗਰ ਦੇਸ਼ ਵਿੱਚ ਘੱਟ ਗਿਣਤੀਆਂ ਤੇ ਹਮਲੇ ਕਰ ਰਹੇ ਹਨ| ਮੁਸਲਮਾਨਾਂ ਦੀਆਂ ਖ਼ਾਮੀਆਂ ਕੱਢ ਕੇ ਲੋਕਾਂ ਨੂੰ ਭੜਕਾਉਣ ਦਾ ਯਤਨ ਹੋ ਰਿਹਾ ਹੈ| ਕੱਟੜ ਮੁਸਲਿਮ ਔਰੰਗਜ਼ੇਬ ਦੇ ਹੱਕ ਆ ਖੜੇ ਹੋਏ ਹਨ| ਧਰਮ ਅਧਾਰਤ ਸਿਆਸਤ ਅੱਜ ਦੀ ਸਿਆਸਤ ਦਾ ਧੁਰਾ ਬਣਦੀ ਜਾ ਰਹੀ ਹੈ, ਜੋ ਦੇਸ਼ ਦੇ ਸੰਵਿਧਾਨ ਦੀ ਲੋਕਤੰਤਰੀ ਰੂਹ ਨੂੰ ਖੋਰਾ ਲਾ ਰਹੀ ਹੈ| ਮਸਜਿਦਾਂ ਦੇ ਸਾਹਮਣਿਓਂ  ਜਲੂਸ ਕੱਢਣਾ, ਰੌਲਾ-ਰੱਪਾ ਮਚਾਉਣਾ, ਜ਼ੋਰ - ਸ਼ੋਰ ਨਾਲ ਵਾਜੇ ਵਜਾਉਣਾ, ਮੁਸਲਮਾਨਾਂ ਖ਼ਿਲਾਫ਼ ਨਾਅਰੇਬਾਜ਼ੀ ਕਰਨਾ ਦੇਸ਼ ਵਿਚ ਆਮ ਜਿਹੀ ਗੱਲ ਬਣ ਗਈ ਹੈ| ਇਸ ਸਾਰੇ ਮਾਹੌਲ ਦਾ ਸਿੱਟਾ ਇਹ ਨਿਕਲ ਰਿਹਾ ਹੈ ਕਿ ਸ਼ਿਵ ਸੈਨਾ (ਬਾਲ ਠਾਕਰੇ) ਦੇ ਉੱਘੇ ਆਗੂ ਤੇ ਰਾਜ ਸਭਾ ਮੈਂਬਰ ਸੰਜੇ ਰਾਊਤ ਨੂੰ ਆਪਣੇ ਅਖ਼ਬਾਰ ਵਿਚ ਲਿਖਣਾ ਪਿਆ,&lsquo&lsquoਪਿਛਲੇ 10 ਸਾਲਾਂ ਵਿਚ ਭਾਰਤ &lsquoਚ ਹਿੰਦੂ ਤੇ ਮੁਸਲਮਾਨ ਦੋ ਵੱਖ-ਵੱਖ ਰਾਸ਼ਟਰ ਬਣ ਗਏ ਹਨ|ਇਹ ਮਾਹੌਲ ਬਟਵਾਰੇ ਵਰਗਾ ਹੈ| ਸ਼ਿਵ ਰਾਏ (ਸ਼ਿਵਾ ਜੀ) ਦੇ ਇਤਿਹਾਸ ਨੂੰ ਬਦਲਣਾ,ਹਿੰਦੂ ਤੇ ਮੁਸਲਮਾਨਾਂ ਲਈ ਵੱਖਰੀਆਂ ਦੁਕਾਨਾਂ ਦੀ ਮੰਗ ਕਰਨਾ, ਇਹ ਸਭ ਇੱਕ ਸੋਚੀ ਸਮਝੀ ਮੂਰਖਤਾ ਹੈ| ਜੋ ਭਾਰਤ ਨੂੰ ਹਿੰਦੂ ਪਾਕਿਸਤਾਨ ਬਣਨ ਵੱਲ ਤੱਕ ਰਹੀ ਹੈ|&rsquo&rsquo
ਇਹ ਸੱਚਮੁੱਚ ਦੇਸ਼ ਭਾਰਤ ਲਈ ਮੰਦਭਾਗਾ ਹੈ| ਉਸ ਭਾਰਤ ਲਈ, ਜਿਸ ਵਿੱਚ ਵੱਖੋ-ਵੱਖਰੇ ਧਰਮਾਂ, ਬੋਲੀਆਂ, ਸੱਭਿਆਚਾਰਾਂ ਵਾਲੇ ਵੰਨ-ਸਵੰਨੇ ਲੋਕ ਵੱਸਦੇ ਹਨ ਅਤੇ ਜਿਹਨਾਂ ਦੀ ਆਪਸੀ ਸਾਂਝ ਪੀਡੀ ਹੈ| ਇਹ ਮਾਹੌਲ ਭਾਰਤ ਦੀ ਏਕਤਾ ਅਤੇ ਅਖੰਡਤਾ ਲਈ ਖ਼ਤਰੇ ਦੀ ਘੰਟੀ ਹੈ| ਇਹ ਦੇਸ਼ ਦੇ ਵਿਕਾਸ ਲਈ ਵੀ ਸੁਖਾਵਾਂ ਨਹੀਂ| ਬਹੁਗਿਣਤੀ ਦੀਆਂ ਧਾਰਮਿਕ ਭਾਵਨਾਵਾਂ ਨੂੰ ਉਛਾਲਣਾ ਅਤੇ ਘੱਟ ਗਿਣਤੀਆਂ ਦੀਆਂ ਭਾਵਨਾਵਾਂ ਨੂੰ ਦਬਾਅ ਦੇਣਾ ਦੇਸ਼ ਦੀਆਂ ਪੁਰਾਣੀਆਂ ਰਵਾਇਤਾਂ ਤੇ ਕਦਰਾਂ ਕੀਮਤਾਂ ਦਫਨ ਕਰਨ ਦੇ ਬਰਾਬਰ ਹੈ| ਭਾਵਨਾਵਾਂ ਨੂੰ ਭੜਕਾਉਣ ਦੀ ਖੇਡ ਭਾਰਤੀ ਸੁਭਾਅ ਦੇ ਅਨੁਕੂਲ ਵੀ ਨਹੀਂ ਹੈ, ਕਿਉਂਕਿ ਭਾਰਤੀ ਹਿੰਸਕ ਨਹੀਂ ਹਨ| ਅੱਜ ਜਦੋਂ ਦੇਸ਼ ਵਿੱਚ ਧਾਰਮਿਕ ਜਨੂੰਨ ਪੈਦਾ ਕੀਤਾ ਜਾ ਰਿਹਾ ਹੈ ਅਤੇ ਉਹ ਵੀ ਹਾਕਮਾਂ ਵੱਲੋਂ ਤਾਂ ਇਹ ਧਰਮ ਦੀ ਨਕਲੀ ਰੱਖਿਆ ਦੀ ਭਾਵਨਾ ਪੈਦਾ ਕਰ ਰਿਹਾ ਹੈ|
ਬਿਨਾਂ ਸ਼ੱਕ ਔਰੰਗਜ਼ੇਬ ਨੇ ਆਪਣੇ ਰਾਜ ਵਿੱਚ ਅੱਤਿਆਚਾਰ ਕੀਤੇ| ਉਸ ਸਮੇਂ ਅਨੇਕਾਂ ਮੰਦਰ, ਮਸਜਿਦਾਂ, ਗਿਰਜਾ ਘਰ ਅਤੇ ਵਿਲੱਖਣ ਕਲਾ ਦੇ ਪ੍ਰਤੀਕ ਸਥਾਨ ਉਸਦੀ  ਬੇਰਹਿਮੀ ਦਾ ਸ਼ਿਕਾਰ ਹੋਏ| ਪਰ ਇਹਨਾਂ ਸਾਰੀਆਂ ਘਟਨਾਵਾਂ ਨੂੰ ਵਾਪਰਿਆਂ ਮੁੱਦਤਾਂ ਬੀਤ ਗਈਆਂ| ਔਰੰਗਜ਼ੇਬ ਮਰ ਮੁੱਕ ਗਿਆ, ਹਿੰਦੂ ਮੁਸਲਮਾਨ ਇਸ ਦੇਸ਼ ਵਿੱਚ ਸਦੀਆਂ ਤੋਂ ਇਕੱਠੇ ਰਹੇ| ਪਰ ਸਮਾਂ ਬੀਤਿਆਂ ਕਿਸੇ ਨਾ ਕਿਸੇ ਵੇਲੇ ਜਾਤ ਅਤੇ ਧਰਮ ਵਿੱਚ ਪਈ ਕੁੜੱਤਣ ਭਿਆਨਕ ਰੂਪ ਧਾਰਦੀ ਹੈ| ਇਹ ਸਿਆਸੀ ਪਾਰਟੀਆਂ ਲਈ ਸੁਨਹਿਰੀ ਮੌਕਾ ਬਣ ਜਾਂਦੀ ਹੈ| ਉਹ ਇਸ ਮੌਕੇ ਨੂੰ ਵਰਤਦੇ ਹਨ, ਆਪਣੇ ਹਿੱਤ ਸਾਧਦੇ ਹਨ| ਲੋਕਾਂ ਚ ਵੰਡੀਆਂ ਵੱਡੀਆਂ ਕਰਦੇ ਹਨ| ਨਫ਼ਰਤਾਂ ਤੇ ਈਰਖਾ ਨਾਲ ਵੱਡਾ ਪਾੜਾ ਖੜਾ ਕਰਦੇ ਹਨ| ਇਹ ਪਾੜਾ, ਇਹ ਨਫ਼ਰਤ, ਮਾਨਸਿਕ, ਸਰੀਰਕ ਤੇ ਸਮੂਹਿਕ ਕਤਲੇਆਮ ਇਥੋਂ ਤੱਕ ਕਿ ਨਸਲਕੁਸ਼ੀ ਤੱਕ ਵੀ ਪੁੱਜ ਜਾਂਦਾ ਹੈ|
ਇਹੋ ਕਾਰਨ ਹੈ ਕਿ ਔਰੰਗਜ਼ੇਬੀ ਸੋਚ ਨਾਲ ਦੇਸ਼ ਵਿੱਚ ਕਦੇ ਸਾਂਭਲ ਵਾਪਰਦਾ ਹੈ, ਕਦੇ ਨਾਗਪੁਰ ਵਾਪਰਦਾ ਹੈ| ਕਦੀ ਨਾਗਾਲੈਂਡ, ਮਨੀਪੁਰ, ਜੰਮੂ-ਕਸ਼ਮੀਰ ਇਸਦੀ ਲਪੇਟ ਵਿਚ ਆਉਂਦੇ ਹਨ| ਕਦੇ 84 ਵਾਪਰਦੀ ਹੈ, ਸਿੱਖਾਂ ਦਾ ਕਤਲੇਆਮ ਹੁੰਦਾ ਹੈ| ਇਹ ਔਰੰਗਜ਼ੇਬੀ ਸੋਚ ਵਾਲੀ ਮਾਨਸਿਕਤਾ ਕਿਸੇ ਇੱਕ ਧਰਮ ਦੇ ਚੌਧਰੀਆਂ ਦਾ ਵਿਰਸਾ ਨਹੀਂ ਰਹੀ, ਇਹ ਔਰੰਗਜ਼ੇਬੀ ਸੋਚ ਸਮੇਂ-ਸਮੇਂ ਬਣੇ ਸ਼ਾਸਕਾਂ ਦਾ ਵਿਰਸਾ ਰਹੀ ਹੈ| ਔਰੰਗਜ਼ੇਬ ਵੇਲੇ ਇਹ ਮੁਗਲ ਸਮਰਾਟ ਦਾ ਹਥਿਆਰ ਬਣੀ, ਅੱਜ ਇਹ ਹਿੰਦੂਤਵੀ ਸੋਚ ਵਾਲਿਆਂ ਦਾ ਵੱਡਾ ਹਥਿਆਰ ਹੈ| ਨਸਲੀ ਵਿਤਕਰਾ ਗ਼ਰੀਬ ਵਰਗਾਂ ਨਾਲ ਧੱਕੇਸ਼ਾਹੀ ਦਾ ਇੱਕ ਨਮੂਨਾ ਮਾਤਰ ਹੈ, ਇਹ ਵੱਡੇ ਢੁੱਠਾਂ ਵਾਲੇ ਔਰੰਗਜ਼ੇਬੀ ਸੋਚ ਵਾਲਿਆਂ ਦੀ ਗ਼ਰੀਬਾਂ, ਲਿਤਾੜਿਆਂ ਨੂੰ ਗੁਲਾਮ ਸਮਝਣ ਦੀ ਮਾਨਸਿਕਤਾ ਦਾ ਹਿੱਸਾ ਹੈ|
ਅਸਲ ਵਿੱਚ ਸ਼ੈਤਾਨੀ ਦਿਮਾਗ, ਸਮਾਜ ਵਿਰੋਧੀ ਤੱਤ, ਆਪਣਾ ਉੱਲੂ ਸਿੱਧਾ ਕਰਨ ਲਈ, ਬਦਲੇ ਦੀ ਭਾਵਨਾ ਪੈਦਾ ਕਰਦੇ ਹਨ, ਆਪਸੀ ਟਕਰਾਅ ਦੀ ਸਥਿਤੀ ਪੈਦਾ ਕਰਦੇ ਹਨ| ਦੇਸ਼ ਭਾਰਤ ਨੇ ਇਹੋ-ਜਿਹੇ ਅਨੇਕਾਂ ਮੌਕੇ ਵੇਖੇ ਹਨ| 47 ਇਹੋ-ਜਿਹੇ ਦਰਦਨਾਕ ਕਾਰਿਆਂ ਦੀ ਸ਼ਰਮਨਾਕ ਦਾਸਤਾਨ ਬਣੀ|
ਵਿਗੜੀ ਮਾਨਸਿਕਤਾ ਵਾਲੇ ਨੇਤਾਵਾਂ ਨੇ ਦੇਸ਼ ਵਿੱਚ ਫਿਰਕੂ ਅਤੇ ਧਾਰਮਿਕ ਨਫ਼ਰਤ ਵਧਾਈ ਹੈ| ਉੱਤਰ ਪ੍ਰਦੇਸ਼ ਦੀ ਭਾਜਪਾ ਵਿਧਾਇਕ ਕਹਿੰਦੀ ਹੈ, ਮੁਸਲਮਾਨਾਂ ਲਈ ਹਸਪਤਾਲਾਂ ਵਿਚ ਵੱਖਰੇ ਕਾਰਡ ਬਣਾਓ| ਮਹਾਰਾਸ਼ਟਰ ਦਾ ਇੱਕ ਮੰਤਰੀ ਨਿਤੇਸ਼ ਰਾਏ ਮਹਾਰਾਸ਼ਟਰ ਚ ਹਿੰਦੂਆਂ ਅਤੇ ਮੁਸਲਮਾਨਾਂ ਲਈ ਵੱਖ-ਵੱਖ ਮਟਨ ਦੀਆਂ ਦੁਕਾਨਾਂ ਬਣਾਉਣ ਦੀ ਘੋਸ਼ਣਾ ਕਰਦਾ ਹੈ| ਕੀ ਇਹੋ-ਜਿਹੀਆਂ ਗੱਲਾਂ ਦੇਸ਼ ਦਾ ਸਮਾਜਿਕ ਅਤੇ ਕੌਮੀ ਮਾਹੌਲ ਜਹਿਰੀਲਾ ਨਹੀਂ ਕਰ ਰਹੀਆਂ? 
ਦੇਸ਼ ਦੀ ਆਜ਼ਾਦੀ ਲਈ ਹਿੰਦੂਆਂ, ਸਿੱਖਾਂ ਤੇ ਮੁਸਲਮਾਨਾਂ ਨੇ ਇਕੱਠਿਆਂ ਲੜਾਈ ਲੜੀ| ਬਲੀਦਾਨ ਦਿੱਤਾ| ਭਾਰਤ ਦੀ ਆਜ਼ਾਦੀ ਵਿਚ ਕਈ ਮੁਸਲਿਮ ਕ੍ਰਾਂਤੀਕਾਰੀ ਫਾਂਸੀ ਤੇ ਚੜ੍ਹੇ ਸਨ ਅਤੇ  ਕਈ ਮੁਸਲਿਮ ਸੁਤੰਤਰਤਾ ਸੈਨਾਨੀ ਅੰਡੇਮਾਨ ਦੇ ਕਾਲੇ ਪਾਣੀ ਦੀ ਸਜ਼ਾ ਭੁਗਤਦਿਆਂ ਉੱਥੇ ਹੀ ਮਰ ਗਏ| ਉਹਨਾਂ ਦਾ ਯੋਗਦਾਨ ਦੇਸ਼ ਨਿਰਮਾਣ ਪ੍ਰਤੀ ਨਕਾਰਿਆ ਨਹੀਂ ਜਾ ਸਕਦਾ, ਪਰ ਸਥਿਤੀਆਂ ਦੇਸ਼ ਵਿੱਚ ਇਹੋ-ਜਿਹੀਆਂ ਪੈਦਾ ਹੋ ਕੀਤੀਆਂ ਜਾ ਰਹੀਆਂ ਹਨ ਕਿ ਵੱਡਾ ਯੋਗਦਾਨ ਦੇਣ ਵਾਲੇ ਇਹ ਲੋਕ ਹੀਣ ਭਾਵਨਾ ਦਾ ਸ਼ਿਕਾਰ ਹੋ ਰਹੇ ਹਨ ਅਤੇ ਇਹ ਸਭ ਕੁਝ ਉਸ ਦੇਸ਼ ਵਿੱਚ ਹੋ ਰਿਹਾ ਹੈ, ਜਿਸ ਦੇਸ਼ ਵਿੱਚ ਦੇਸ਼ ਦੇ ਸੰਵਿਧਾਨ ਅਨੁਸਾਰ ਸਭ ਲਈ ਬਰਾਬਰ ਦੇ ਅਧਿਕਾਰ ਮਿਲੇ ਹੋਏ ਹਨ| ਜਿਸ ਦੇਸ਼ ਦਾ ਸੰਵਿਧਾਨ ਹਰ ਧਰਮ ਨੂੰ ਬਰਾਬਰ ਸਮਝਦਾ ਹੈ| ਦੇਸ਼ ਜਿਹੜਾ ਗਣਤੰਤਰ ਹੈ, ਧਰਮ ਨਿਰਪੱਖ ਹੈ|
ਪਰ ਪਿਛਲੇ ਕੁਝ ਸਾਲਾਂ ਤੋਂ ਦੇਸ਼ ਦੀ ਧਰਮ ਨਿਰਪੱਖਤਾ ਦੀਆਂ ਧੱਜੀਆਂ ਉਡਾਈਆਂ ਗਈਆਂ| ਮਸਜਿਦਾਂ ਹੇਠ ਮੰਦਰ ਖੰਗਾਲੇ ਗਏ| ਅਯੋਧਿਆ ਮੰਦਰਾਂ ਦੀ ਉਸਾਰੀ ਅਤੇ ਵਿਸ਼ੇਸ਼ ਧਰਮਿਕ ਉਤਸਵਾਂ ਵਿਚ ਦੇਸ਼ ਦੇ ਕਾਰਜਕਾਰੀ ਮੁਖੀ ਨੇ ਵਿਸ਼ੇਸ਼ ਭੂਮਿਕਾ ਨਿਭਾਈ, ਜੋ ਦੇਸ਼-ਵਿਦੇਸ਼ ਵਿਚ ਵੱਡੀ ਚਰਚਾ ਦਾ ਵਿਸ਼ਾ ਰਹੀ| ਜਿਹਨਾਂ ਰਾਹਾਂ ਤੇ ਅੱਜ ਭਾਜਪਾ ਨੇਤਾ ਤੁਰ ਰਹੇ ਹਨ, ਕਦੇ ਕਾਂਗਰਸ ਦੀ ਇੰਦਰਾ ਗਾਂਧੀ ਨੇ ਸਿਆਸੀ ਲਾਭ ਲਈ, ਹਰ ਧਰਮ ਦੇ ਲੋਕਾਂ ਦੀ ਆਸਥਾ ਨੂੰ ਵਰਤ ਕੇ, ਵੋਟਾਂ ਲੈਣ ਦੀ ਖੇਡ ਖੇਡੀ| ਇਹੋ ਖੇਡ ਕਾਂਗਰਸ ਪਾਰਟੀ ਕਰਨਾਟਕ ਵਿੱਚ ਘੱਟ ਗਿਣਤੀਆਂ ਨੂੰ ਰਿਜ਼ਰਵੇਸ਼ਨ ਦੇਣ ਦਾ ਫ਼ੈਸਲਾ ਕਰਕੇ ਖੇਡ ਰਹੀ ਹੈ|
ਦੇਸ਼ ਵਿੱਚ ਇੱਕ ਪਾਸੇ ਕੱਟੜਪੰਥੀ ਮੁਸਲਮਾਨ ਹਨ, ਦੂਜੇ ਪਾਸੇ ਕੱਟੜਵਾਦੀ ਹਿੰਦੂ ਹਨ| ਦੋਵਾਂ ਦੀ ਸੋਚ ਸੌੜੀ ਹੈ| ਦੋਵਾਂ ਪਾਸੇ ਔਰੰਗਜ਼ੇਬੀ ਸੋਚ ਵਾਲਿਆਂ ਦੀ ਕਮੀ ਨਹੀਂ ਹੈ| ਪਰ ਜਿਸ ਢੰਗ ਨਾਲ ਦੇਸ਼ ਦੀ ਇਸ ਵੇਲੇ ਦੀ ਹਕੂਮਤ ਅਤੇ ਕੁਝ ਹੋਰ ਸਿਆਸਤਦਾਨ ਫਿਰਕੂ ਭਾਵਨਾਵਾਂ ਭੜਕਾਉਣ ਵਾਲੀ ਗੰਦੀ ਖੇਡ ਖੇਡ ਕੇ ਦੇਸ਼ ਨੂੰ ਬਰਬਾਦ ਕਰਨ ਦੇ ਰਸਤੇ &rsquoਤੇ ਪਾ ਰਹੇ ਹਨ, ਇਹ ਤਾਲਿਬਾਨੀ ਸੋਚ ਹੈ| ਇਹ ਔਰੰਗਜ਼ੇਬੀ ਸੋਚ ਹੈ| ਇਹ ਸੋਚ ਕਦਾਚਿਤ ਵੀ ਦੇਸ਼ ਹਿੱਤ ਵਿੱਚ ਨਹੀਂ ਹੈ|
ਫਿਰਕੂਵਾਦ ਦੀ ਅੱਗ ਭੈੜੀ ਹੈ| ਇਹ ਜ਼ਹਿਰੀਲੀ ਨਫ਼ਰਤ ਦੀ ਉਪਜ ਹੈ| ਦਰਅਸਲ ਜਦੋਂ ਮਨੁੱਖ ਦੇ ਅੰਦਰ ਸ਼ੈਤਾਨ ਜਾਗ ਜਾਂਦਾ ਹੈ ਤਾਂ ਉਸਨੂੰ ਇਸ ਨਾਲ ਕੋਈ ਫ਼ਰਕ ਨਹੀਂ ਪੈਂਦਾ ਕਿ ਉਹ ਕਿਸ ਨੂੰ ਬੇਰਹਿਮੀ ਨਾਲ ਮਾਰ ਰਿਹਾ ਹੈ| ਵੋਟਾਂ ਦੀ ਰਾਜਨੀਤੀ ਵੀ ਬੇਰਹਿਮੀ ਨਾਲ ਦੂਜੀ ਧਿਰ ਨੂੰ ਮਾਰਨ ਦਾ ਰਾਹ ਬਣਦੀ ਜਾ ਰਹੀ ਹੈ| ਇਸੇ ਕਰਕੇ ਔਰੰਗਜ਼ੇਬੀ ਸੋਚ ਵਧ-ਫੁੱਲ ਰਹੀ ਹੈ| ਭਾਰਤ ਵਿੱਚ ਸਿਆਸਤਦਾਨਾਂ ਇਸ ਵੱਡੇ ਹਥਿਆਰ ਦੀ ਵਰਤੋਂ ਖੁੱਲ੍ਹ ਕੇ ਕਰਨ ਵਿਚ ਕੋਈ ਸੰਕੋਚ ਨਹੀਂ ਕਰ ਰਹੇ| 
ਬਿਨਾਂ ਸ਼ੱਕ ਦੇਸ਼ ਦੇ ਲੋਕ  ਲੋਕ ਵਿਰੋਧੀ ਸਿਆਸਤਦਾਨਾਂ, ਕੱਟੜ ਪੰਥੀਆਂ ਦੀ ਔਰੰਗਜ਼ੇਬੀ ਸੋਚ ਪ੍ਰਤੀ ਸੁਚੇਤ ਹੋ ਰਹੇ ਹਨ, ਲੋਕਾਂ ਨੂੰ ਵਰਗਲਾਉਣ ਲਈ ਵਰਤੇ ਜਾਂਦੇ ਸਿਆਸੀ ਸੰਦਾਂ ਦੀ ਵਰਤੋਂ ਪ੍ਰਤੀ ਸਮਝ ਵੀ ਵਧਾ ਰਹੇ ਹਨ, ਪਰ ਲੋਕਾਂ ਨੂੰ ਆਪਸੀ ਭਰੋਸਾ ਵਧਾਉਣ ਵਾਲੀ ਸਮਝ ਵੀ ਪੈਦਾ ਕਰਨੀ ਪਵੇਗੀ, ਤਾਂ ਕਿ ਕਬਰਾਂ ਚ ਪਈ ਔਰੰਗਜ਼ੇਬੀ ਸੋਚ ਉਹਨਾਂ ਨੂੰ ਪਰੇਸ਼ਾਨ ਨਾ ਕਰ ਸਕੇ|
ਗੁਰਮੀਤ ਸਿੰਘ ਪਲਾਹੀ