image caption:

28 ਮਾਰਚ 2025 (ਸ਼ੁੱਕਰਵਾਰ) ਅੱਜ ਦੀਆਂ ਮੁੱਖ ਖਬਰਾਂ

 ਮਿਆਂਮਾਰ ਤੇ ਬੈਂਕਾਕ &lsquoਚ ਭਿਆਨਕ ਭੂਚਾਲ
ਮਿਆਂਮਾਰ ਅਤੇ ਬੈਂਕਾਕ &lsquoਚ ਆਏ ਤਿੱਖੇ ਭੂਚਾਲ ਨੇ ਭਾਰੀ ਤਬਾਹੀ ਮਚਾਈ ਹੈ। ਤਾਜ਼ਾ ਰਿਪੋਰਟਾਂ ਮੁਤਾਬਕ, ਮਰਨ ਵਾਲਿਆਂ ਦੀ ਗਿਣਤੀ 100 ਤੋਂ ਵੱਧ ਚੁੱਕੀ ਹੈ। ਲੋਕ ਆਪਣੀ ਜਾਨ ਬਚਾਉਣ ਲਈ ਭੱਜਦੇ ਹੋਏ ਨਜ਼ਰ ਆਏ। ਇੱਕ ਬਹੁ-ਮੰਜ਼ਿਲਾ ਇਮਾਰਤ, ਜਿਸ ਦੀ ਉਸਾਰੀ ਜਾਰੀ ਸੀ, ਭੂਚਾਲ ਦੇ ਝਟਕਿਆਂ ਨੂੰ ਸਹਿਣ ਵਿੱਚ ਅਸਮਰਥ ਰਹੀ ਅਤੇ ਪਲ &lsquoਚ ਢਹਿ ਗਈ। ਇਸ ਹਾਦਸੇ ਦੀਆਂ ਵੀਡੀਓ ਸੋਸ਼ਲ ਮੀਡੀਆ &lsquoਤੇ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ, ਜਿਨ੍ਹਾਂ ਵਿੱਚ ਤਬਾਹੀ ਅਤੇ ਲੋਕਾਂ ਦੀ ਘਬਰਾਹਟ ਦੇਖੀ ਜਾ ਸਕਦੀ ਹੈ।
ਪ੍ਰੋਫੈਸਰ ਭੂ-ਵਿਗਿਆਨੀਆਂ ਅਨੁਸਾਰ, ਭੂਚਾਲ ਦਾ ਕੇਂਦਰ ਮਿਆਂਮਾਰ ਦੇ ਦੱਖਣੀ ਤੱਟ &lsquoਤੇ ਸਾਗਾਇੰਗ ਦੇ ਨੇੜੇ ਸੀ। ਜਰਮਨੀ ਦੇ ਘਢਗ਼ ਭੂ-ਵਿਗਿਆਨ ਕੇਂਦਰ ਅਤੇ ਭੂ-ਵਿਗਿਆਨਕ ਸਰਵੇਖਣ ਮੁਤਾਬਕ, ਇਹ ਭੂਚਾਲ 10 ਕਿਲੋਮੀਟਰ (6.2 ਮੀਲ) ਦੀ ਡੂੰਘਾਈ &lsquoਤੇ ਆਇਆ, ਜਿਸ ਕਰਕੇ ਇਸ ਦੇ ਤੇਜ਼ ਝਟਕੇ ਮਹਿਸੂਸ ਕੀਤੇ ਗਏ।


ਬੈਂਕਾਕ 'ਚ ਭਾਰਤੀ ਦੂਤਾਵਾਸ ਥਾਈਲੈਂਡ 'ਚ ਭਾਰਤੀ ਨਾਗਰਿਕਾਂ ਲਈ ਐਮਰਜੈਂਸੀ ਨੰਬਰ ਜਾਰੀ
ਨਵੀਂ ਦਿੱਲੀ: ਬੈਂਕਾਕ ਵਿਚ ਭਾਰਤੀ ਦੂਤਾਵਾਸ, ਥਾਈਲੈਂਡ ਵਿਚ ਭਾਰਤੀ ਨਾਗਰਿਕਾਂ ਲਈ ਇਕ ਐਮਰਜੈਂਸੀ ਨੰਬਰ +66 618819218 ਜਾਰੀ ਕੀਤਾ ਹੈ, ਜਿਸ ਦੀ ਵਰਤੋਂ ਉਹ ਕਿਸੇ ਵੀ ਐਮਰਜੈਂਸੀ ਦੀ ਸਥਿਤੀ ਵਿਚ ਕਰ ਸਕਦੇ ਹਨ। ਬੈਂਕਾਕ ਅਤੇ ਥਾਈਲੈਂਡ ਦੇ ਹੋਰ ਹਿੱਸਿਆਂ ਵਿਚ ਦਰਜ ਕੀਤੇ ਗਏ ਸ਼ਕਤੀਸ਼ਾਲੀ ਭੂਚਾਲ ਦੇ ਝਟਕਿਆਂ ਤੋਂ ਬਾਅਦ ਦੂਤਾਵਾਸ ਥਾਈਂ ਅਧਿਕਾਰੀਆਂ ਨਾਲ ਤਾਲਮੇਲ ਕਰਕੇ ਸਥਿਤੀ 'ਤੇ ਨੇੜਿਓਂ ਨਜ਼ਰ ਰੱਖ ਰਿਹਾ ਹੈ। ਹੁਣ ਤੱਕ, ਕਿਸੇ ਵੀ ਭਾਰਤੀ ਨਾਗਰਿਕ ਨਾਲ ਸਬੰਧਤ ਕੋਈ ਅਣਸੁਖਾਵੀਂ ਘਟਨਾ ਦੀ ਰਿਪੋਰਟ ਨਹੀਂ ਕੀਤੀ ਗਈ। ਬੈਂਕਾਕ ਵਿਚ ਭਾਰਤੀ ਦੂਤਾਵਾਸ ਅਤੇ ਚਿਆਂਗ ਮਾਈ ਵਿਚ ਕੌਂਸਲੇਟ ਦੇ ਸਾਰੇ ਮੈਂਬਰ ਸੁਰੱਖਿਅਤ ਹਨ।

ਪਾਸਟਰ ਬਜਿੰਦਰ ਸਿੰਘ ਨੂੰ 2018 ਦੇ ਜਿਨਸੀ ਸ਼ੋਸ਼ਣ ਮਾਮਲੇ ਵਿੱਚ ਦੋਸ਼ੀ ਪਾਇਆ
ਚੰਡੀਗੜ੍ਹ- ਪੰਜਾਬ ਦੇ ਮਸ਼ਹੂਰ ਪਾਸਟਰ ਬਜਿੰਦਰ ਸਿੰਘ ਨੂੰ ਮੋਹਾਲੀ ਦੀ ਇੱਕ ਅਦਾਲਤ ਨੇ 2018 ਦੇ ਜਿਨਸੀ ਸ਼ੋਸ਼ਣ ਮਾਮਲੇ ਵਿੱਚ ਦੋਸ਼ੀ ਪਾਇਆ ਹੈ। ਜਿਸ ਸਬੰਧਤ ਸਜ਼ਾ 1 ਅਪ੍ਰੈਲ ਨੂੰ ਸੁਣਾਈ ਜਾਵੇਗੀ।
ਜ਼ਿਕਰਯੋਗ ਹੈ ਕਿ ਇਹ ਮਾਮਲਾ 2018 ਵਿਚ ਜ਼ੀਰਕਪੁਰ ਦੀ ਇਕ ਪੀੜਤਾ ਦੁਆਰਾ ਪਾਸਟਰ ਵਿਰੁੱਧ ਜ਼ਬਰ ਜਨਾਹ ਦੇ ਲਗਾਏ ਦੋਸ਼ ਨਾਲ ਸਬੰਧਤ ਹੈ, ਪੀੜਤਾ ਨੇ ਦੋਸ਼ ਲਗਾਇਆ ਸੀ ਕਿ ਪਾਸਟਰ ਨੇ ਉਸ ਨੂੰ ਵਿਦੇਸ਼ ਲਿਜਾਣ ਦੇ ਬਹਾਨੇ ਉਸ ਨਾਲ ਬਿਨਾਂ ਸਹਿਮਤੀ ਦੇ ਸਬੰਧ ਬਣਾਏ ਸਨ। ਉਸ ਨੇ ਦੋਸ਼ ਲਗਾਇਆ ਕਿ ਪਾਦਰੀ ਨੇ ਉਸਦੀ ਇਕ ਅਸ਼ਲੀਲ ਵੀਡੀਓ ਵੀ ਬਣਾਈ ਸੀ।
ਇਸ ਸਬੰਧੀ 20 ਅਪ੍ਰੈਲ 2018 ਨੂੰ ਜ਼ੀਰਕਪੁਰ ਪੁਲੀਸ ਸਟੇਸ਼ਨ ਵਿਚ ਆਈਪੀਸੀ ਅਤੇ ਆਈਟੀ ਐਕਟ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਇਕ ਐਫਆਈਆਰ ਦਰਜ ਕੀਤੀ ਗਈ ਸੀ। ਬਜਿੰਦਰ ਸਿੰਘ ਤੋਂ ਇਲਾਵਾ ਪੰਜ ਹੋਰਾਂ ( ਪਾਸਟਰ ਜਤਿੰਦਰ, ਪਾਸਟਰ ਅਕਬਰ, ਸੱਤਾਰ ਅਲੀ ਅਤੇ ਸੰਦੀਪ ਪਹਿਲਵਾਨ) ਨੂੰ ਵੀ ਇਸ ਮਾਮਲੇ ਵਿੱਚ ਨਾਮਜ਼ਦ ਕੀਤਾ ਗਿਆ ਸੀ।

ਡੱਲੇਵਾਲ ਨੇ ਪਾਣੀ ਸਵੀਕਾਰ ਕੀਤਾ ਮਰਨ ਵਰਤ ਰਹੇਗਾ ਜਾਰੀ
ਪਿਛਲੇ ਦਿਨਾਂ ਤੋਂ ਇੱਥੇ ਪਾਰਕ ਹਸਪਤਾਲ ਵਿਖੇ ਜ਼ੇਰੇ ਇਲਾਜ ਕਿਸਾਨ ਨੇਤਾ ਜਗਜੀਤ ਸਿੰਘ ਡੱਲੇਵਾਲ ਵੱਲੋਂ ਸਾਰੇ ਕਿਸਾਨਾਂ ਦੀ ਰਿਹਾਈ ਹੋ ਜਾਣ ਉਪਰੰਤ ਪਾਣੀ ਦਾ ਵਰਤ ਤੋੜ ਦਿੱਤਾ ਹੈ। ਜਿਸ ਦੌਰਾਨ ਰਿਟਾਇਰਡ ਏਡੀਜੀਪੀ ਜਸਕਰਨ ਸਿੰਘ ਅਤੇ ਰਿਟਾਇਰਡ ਡੀਆਈਜੀ ਨਰਿੰਦਰ ਭਾਰਗਵ ਨੇ ਉਨਾਂ ਨੂੰ ਪਾਣੀ ਪਿਲਾਇਆ। ਇਸ ਮੌਕੇ ਉਹਨਾਂ ਦੀ ਯੂਨੀਅਨ ਦੇ ਜਨਰਲ ਸਕੱਤਰ ਕਾਕਾ ਸਿੰਘ ਕੋਟੜਾ ਅਤੇ ਦੋ ਹੋਰ ਕਿਸਾਨ ਆਗੂ ਸੁਖਜੀਤ ਸਿੰਘ ਹਰਦੋਝੰਡੇ ਅਤੇ ਕੋਹਾੜ ਵੀ ਮੌਜੂਦ ਹਨ।ਦੱਸ ਦਈਏ ਕਿ ਸਰਕਾਰ ਵੱਲੋਂ ਮੋਰਚਿਆਂ iਖ਼ਲਾਫ਼ ਕੀਤੀ ਕਾਰਵਾਈ ਦੇ ਰੋਸ ਵਜੋਂ ਡੱਲੇਵਾਲ ਨੇ 19 ਮਾਰਚ ਤੋਂ ਪਾਣੀ ਪੀਣਾ ਵੀ ਛੱਡ ਦਿੱਤਾ ਸੀ ਅਤੇ ਨਾ ਹੀ ਉਹ ਟਰੀਟਮੈਂਟ ਲੈ ਰਹੇ ਸਨ। ਕਿਸਾਨਾਂ ਦੀ ਰਿਹਾਈ ਉਪਰੰਤ ਅੱਜ ਤੋਂ ਉਨ੍ਹਾਂ ਨੇ ਪਾਣੀ ਪੀਣਾ ਸ਼ੁਰੂ ਕਰ ਦਿੱਤਾ ਤੇ ਟਰੀਟਮੈਂਟ ਲੈਣ ਦੀ ਸਹਿਮਤੀ ਵੀ ਦੇ ਦਿੱਤੀ ਹੈ। ਪਰ ਆਗੂ ਦਾ ਕਹਿਣਾ ਕਿ ਉਨ੍ਹਾਂ ਦਾ ਮਰਨ ਵਰਤ ਮੰਗਾਂ ਦੀ ਪੂਰਤੀ ਤੱਕ ਜਾਰੀ ਰਹੇਗਾ।ਉਧਰ ਪੰਜਾਬ ਦੇ ਐਡਵੋਕੇਟ ਜਨਰਲ ਗੁਰਮਿੰਦਰ ਸਿੰਘ ਨੇ ਸੁਪਰੀਮ ਕੋਰਟ ਨੂੰ ਦੱਸਿਆ ਕਿ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੇ ਸ਼ੁੱਕਰਵਾਰ ਨੂੰ ਪਾਣੀ ਸਵੀਕਾਰ ਕੀਤਾ ਹੈ। ਜ਼ਿਕਰਯੋਗ ਹੈ ਕਿ ਡੱਲੇਵਾਲ 26 ਨਵੰਬਰ 2024 ਤੋਂ ਕਿਸਾਨਾਂ ਦੀਆਂ ਮੰਗਾਂ ਜਿਨ੍ਹਾਂ ਵਿੱਚ ਸਵਾਮੀਨਾਥਨ ਕਮਿਸ਼ਨ ਦੀਆਂ ਸਿਫ਼ਾਰਸ਼ਾਂ ਨੂੰ ਲਾਗੂ ਕਰਨਾ, ਕਿਸਾਨਾਂ ਅਤੇ ਖੇਤ ਮਜ਼ਦੂਰਾਂ ਲਈ ਪੈਨਸ਼ਨ, ਖੇਤੀ ਕਰਜ਼ਾ ਮੁਆਫ਼ੀ, ਭੂਮੀ ਪ੍ਰਾਪਤੀ ਐਕਟ, 2013 ਦੀ ਬਹਾਲੀ ਅਤੇ 2020-21 ਅੰਦੋਲਨ ਦੌਰਾਨ ਮਾਰੇ ਗਏ ਕਿਸਾਨਾਂ ਦੇ ਪਰਿਵਾਰਾਂ ਨੂੰ ਮੁਆਵਜ਼ਾ ਦੇਣਾ ਸ਼ਾਮਲ ਹੈ, ਲਈ ਮਰਨ ਵਰਤ &rsquoਤੇ ਹਨ।

ਕਿਸਾਨ ਆਗੂ ਸਰਵਣ ਸਿੰਘ ਪੰਧੇਰ ਜੇਲ੍ਹ ਤੋਂ ਰਿਹਾਅ
ਮਾਨਸਾ- ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਪ੍ਰਮੁੱਖ ਆਗੂ ਸਰਵਣ ਸਿੰਘ ਪੰਧੇਰ ਅੱਜ ਸਵੇਰੇ ਸ੍ਰੀ ਮੁਕਤਸਰ ਸਾਹਿਬ ਦੀ ਜੇਲ੍ਹ ਤੋਂ ਰਿਹਾਅ ਹੋ ਗਏ ਹਨ। ਰਿਹਾਈ ਸਬੰਧੀ ਜਾਣਕਾਰੀ ਉਨ੍ਹਾਂ ਵੱਲੋਂ ਇਕ ਆਡੀਓ ਜਾਰੀ ਕੀਤੀ ਗਈ। ਉਨ੍ਹਾਂ ਦੱਸਿਆ ਕਿ ਉਹ ਰਿਹਾਈ ਤੋਂ ਬਾਅਦ ਹੁਣ ਬਹਾਦਰਗੜ੍ਹ ਜਾ ਰਹੇ ਹਨ, ਜਿੱਥੇ ਪਹੁੰਚਣ ਉਪਰੰਤ ਉਹ ਅਗਲਾ ਪ੍ਰੋਗਰਾਮ ਉਲੀਕਣਗੇ।
ਜ਼ਿਕਰਯੋਗ ਹੈ ਕਿ ਸਰਵਣ ਸਿੰਘ ਪੰਧੇਰ ਨੂੰ 19 ਮਾਰਚ ਨੂੰ ਕੇਂਦਰੀ ਮੰਤਰੀਆਂ ਨਾਲ ਗੱਲਬਾਤ ਤੋਂ ਬਾਅਦ ਪੰਜਾਬ ਦੇ ਵਜ਼ੀਰਾਂ ਨਾਲ ਹੋਈ ਮੀਟਿੰਗ ਤੋਂ ਮਗਰੋਂ ਵਾਪਸ ਸ਼ੰਭੂ ਅਤੇ ਖਨੌਰੀ ਬਾਰਡਰਾਂ ਲਈ ਵਾਪਸ ਆਉਂਦਿਆਂ ਪੰਜਾਬ ਪੁਲੀਸ ਵੱਲੋਂ ਹਿਰਾਸਤ ਵਿਚ ਲਿਆ ਗਿਆ ਸੀ।

ਕਰਨਲ ਬਾਠ ਮਾਮਲਾ: ਐੱਫਆਈਆਰ ਵਿਚ ਦੇਰੀ ਸਬੰਧੀ ਦਿੱਤੇ ਜਵਾਬ ਬਾਰੇ ਹਾਈਕੋਰਟ ਨੇ ਪੰਜਾਬ ਪੁਲੀਸ ਨੂੰ ਘੇਰਿਆ
ਚੰਡੀਗੜ੍ਹ- ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਕਿਸਾਨਾਂ ਦੇ ਵਿਰੋਧ ਪ੍ਰਦਰਸ਼ਨਾਂ ਅਤੇ ਹੋਰ ਕਾਰਨਾਂ ਦਾ ਹਵਾਲਾ ਦਿੰਦਿਆਂ ਫੌਜ ਅਧਿਕਾਰੀ &rsquoਤੇ ਹਮਲੇ ਦੇ ਮਾਮਲੇ ਵਿਚ ਐੱਫਆਈਆਰ ਕਰਨ ਵਿੱਚ ਦੇਰੀ ਨੂੰ ਜਾਇਜ਼ ਠਹਿਰਾਉਣ ਦੀ ਪੰਜਾਬ ਦੀ ਕੋਸ਼ਿਸ਼ ਉਲਟ ਪੈ ਗਈ। ਬੈਂਚ ਨੇ ਪੁਲੀਸ ਤੋਂ ਇਸ ਸਮੇਂ ਦੌਰਾਨ ਪਟਿਆਲਾ ਜ਼ਿਲ੍ਹੇ ਵਿਚ ਦਰਜ ਐੱਫਆਈਆਰਜ਼ ਦੀ ਗਿਣਤੀ ਬਾਰੇ ਸਵਾਲ ਕੀਤਾ।
ਅਧਿਕਾਰੀਆਂ ਵਿਰੁੱਧ ਕਾਰਵਾਈ ਦਾ ਹਵਾਲਾ ਦੇ ਕੇ ਪੁਲੀਸ ਦੀ ਇਮਾਨਦਾਰੀ ਨੂੰ ਇਕ ਨਿਰਪੱਖ ਜਾਂਚ ਏਜੰਸੀ ਵਜੋਂ ਸਥਾਪਤ ਕਰਨ ਦੀ ਸਰਕਾਰੀ ਪੱਖ ਦੀ ਕੋਸ਼ਿਸ਼ ਵੀ ਅਦਾਲਤ ਨੂੰ ਯਕੀਨ ਦਿਵਾਉਣ ਵਿਚ ਅਸਫਲ ਰਹੀ। ਬੈਂਚ ਨੇ ਰਾਜ ਨੂੰ ਸਪੱਸ਼ਟ ਤੌਰ &rsquoਤੇ ਇਹ ਦੱਸਣ ਲਈ ਕਿਹਾ ਕਿ ਕੀ ਹੁਣ ਤੱਕ ਕੀਤੀ ਗਈ ਕਾਰਵਾਈ ਕਾਫ਼ੀ ਸੀ। ਬੈਂਚ ਨੇ ਜ਼ੋਰ ਦੇ ਕੇ ਕਿਹਾ, &lsquo&lsquoਤੁਸੀਂ ਪੁਲੀਸ ਮੁਲਾਜ਼ਮਾਂ ਨੂੰ ਮੁਅੱਤਲ ਕਰਕੇ ਕਿਸੇ ਨੂੰ ਮਜਬੂਰ ਨਹੀਂ ਕਰ ਰਹੇ ਹੋ।&rsquo&rsquo
ਆਪਣੇ ਹੁਕਮਾਂ ਵਿਚ ਜਸਟਿਸ ਸੰਦੀਪ ਮੌਦਗਿਲ ਨੇ ਰਾਜ ਨੂੰ ਇਕ ਹਲਫ਼ਨਾਮਾ ਦਾਇਰ ਕਰਨ ਲਈ ਵੀ ਕਿਹਾ ਜਿਸ ਵਿਚ ਦੱਸਿਆ ਗਿਆ ਹੋਵੇ ਕਿ, &ldquo18 ਤੋਂ 23 ਮਾਰਚ ਤੱਕ ਪਟਿਆਲਾ ਦੇ ਖਨੌਰੀ ਸਰਹੱਦ ਅਤੇ ਸ਼ੰਭੂ ਸਰਹੱਦ &rsquoਤੇ ਕਿਸਾਨਾਂ ਦੇ ਵਿਰੋਧ ਪ੍ਰਦਰਸ਼ਨਾਂ ਕਾਰਨ ਜਦੋਂ ਜ਼ਿਲ੍ਹਾ ਪੁਲੀਸ ਹਾਈ ਅਲਰਟ &rsquoਤੇ ਸੀ, ਉਸ ਸਮੇਂ ਦੌਰਾਨ ਪਟਿਆਲਾ ਜ਼ਿਲ੍ਹੇ ਵਿਚ ਕਿੰਨੀਆਂ ਐੱਫਆਈਆਰਜ਼ ਦਰਜ ਕੀਤੀਆਂ ਗਈਆਂ ਸਨ?
ਬੈਂਚ ਨੇ ਸਪੱਸ਼ਟ ਕੀਤਾ ਕਿ ਇਹ ਸਵਾਲ ਇਸ ਲਈ ਉਠਾਇਆ ਗਿਆ ਹੈ ਕਿਉਂਕਿ ਰਾਜ ਨੇ ਕਿਸਾਨਾਂ ਦੇ ਵਿਰੋਧ ਪ੍ਰਦਰਸ਼ਨਾਂ ਨੂੰ ਐਫਆਈਆਰ ਵਿੱਚ ਦੇਰੀ ਦਾ ਬਹਾਨਾ ਦੱਸਿਆ। ਜਸਟਿਸ ਮੌਦਗਿਲ ਨੇ ਰਾਜ ਨੂੰ ਇਹ ਵੀ ਪੁੱਛਿਆ ਕਿ ਉਹ ਇਹ ਸਪੱਸ਼ਟ ਕਰੇ ਕਿ &ldquoਕੀ ਚਾਰ ਦੋਸ਼ੀ ਪੁਲੀਸ ਅਧਿਕਾਰੀਆਂ ਨੂੰ ਮੁਅੱਤਲ ਕਰਨਾ ਅਤੇ ਚਾਰ ਇੰਸਪੈਕਟਰਾਂ ਨੂੰ ਪਟਿਆਲਾ ਜ਼ਿਲ੍ਹਾ ਪੁਲੀਸ ਦੀ ਹੱਦ ਅਤੇ ਅਧਿਕਾਰ ਖੇਤਰ ਤੋਂ ਬਾਹਰ ਤਬਦੀਲ ਕਰਨਾ ਕਾਫ਼ੀ ਹੋਵੇਗਾ?&rdquo
ਅਦਾਲਤ ਨੇ ਰਾਜ ਨੂੰ ਇਹ ਵੀ ਸਪੱਸ਼ਟ ਕਰਨ ਦਾ ਨਿਰਦੇਸ਼ ਦਿੱਤਾ ਕਿ ਅਧਿਕਾਰੀ ਪਾਰਕਿੰਗ ਖੇਤਰ ਵਿੱਚ ਕਿਉਂ ਸਨ, ਉਨ੍ਹਾਂ ਦੀ ਨਿਰਧਾਰਤ ਡਿਊਟੀ ਕੀ ਸੀ ਅਤੇ ਉਹ ਉਸ ਸਮੇਂ ਕਿੱਥੋਂ ਆ ਰਹੇ ਸਨ। ਅਦਾਲਤ ਨੇ ਰਾਜ ਦੀ ਨਿਰਪੱਖ ਜਾਂਚ ਕਰਕੇ ਆਪਣੀ ਸੱਚਾਈ ਸਾਬਤ ਕਰਨ ਲਈ ਵਾਧੂ ਸਮੇਂ ਦੀ ਬੇਨਤੀ ਨੂੰ ਵੀ ਰੱਦ ਕਰ ਦਿੱਤਾ। ਇਸ &rsquoਤੇ ਜਸਟਿਸ ਮੌਦਗਿੱਲ ਨੇ ਟਿੱਪਣੀ ਕੀਤੀ ਕਿ &ldquoਤੁਸੀਂ ਸਿਰਫ਼ ਸਮਾਂ ਖਰੀਦ ਰਹੇ ਹੋ।&rsquo&rsquo
ਉਸੇ ਸਮੇਂ ਜਸਟਿਸ ਮੌਦਗਿਲ ਨੇ ਜ਼ੋਰ ਦੇ ਕੇ ਕਿਹਾ ਕਿ ਐੱਫਆਈਆਰ ਦਰਜ ਹੋਣ ਤੋਂ ਪਹਿਲਾਂ ਦਾ ਸਮਾਂ ਮਹੱਤਵਪੂਰਨ ਸੀ। ਜ਼ਿਕਰਯੋਗ ਹੈ ਕਿ ਪੰਜਾਬ ਪੁਲੀਸ ਦੇ ਅਧਿਕਾਰੀਆਂ ਵੱਲੋਂ ਬੇਰਹਿਮੀ ਨਾਲ ਕੀਤੇ ਹਮਲੇ ਅਤੇ ਬਾਅਦ ਵਿਚ ਜਾਂਚ &rsquoਚ ਹੇਰਾਫੇਰੀ ਦਾ ਦੋਸ਼ ਲਗਾਉਂਦੇ ਹੋਏ, ਕਰਨਲ ਪੁਸ਼ਪਿੰਦਰ ਸਿੰਘ ਬਾਠ ਨੇ ਹਾਈ ਕੋਰਟ ਵਿੱਚ ਪਟੀਸ਼ਨ ਦਾਇਰ ਕੀਤੀ ਸੀ, ਜਿਸ ਵਿੱਚ ਜਾਂਚ ਸੀਬੀਆਈ ਜਾਂ ਕਿਸੇ ਸੁਤੰਤਰ ਏਜੰਸੀ ਨੂੰ ਤਬਦੀਲ ਕਰਨ ਦੀ ਮੰਗ ਕੀਤੀ ਗਈ ਸੀ।

ਸ਼੍ਰੋਮਣੀ ਕਮੇਟੀ ਦਾ 1386.47 ਕਰੋੜ ਦਾ ਬਜਟ ਪੇਸ਼
ਅੰਮ੍ਰਿਤਸਰ- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਸਲਾਨਾ ਬਜਟ ਇਜਲਾਸ ਸ਼ੁੱਕਰਵਾਰ ਨੂੰ ਇਥੇ ਸ਼ੁਰੂ ਹੋ ਗਿਆ। ਇਸ ਮੌਕੇ ਸਾਲ 2025-26 ਲਈ 13 ਅਰਬ 86 ਕਰੋੜ 47 ਲੱਖ 80 ਹਜ਼ਾਰ ਰੁਪਏ ਦਾ ਪ੍ਰਸਤਾਵਿਤ ਬਜਟ ਪੇਸ਼ ਕੀਤਾ ਗਿਆ ਹੈ, ਜੋ ਕਿ ਪਿਛਲੇ ਸਾਲ ਨਾਲੋਂ 10 ਫੀਸਦ ਵੱਧ ਹੈ।
ਬਜਟ ਸ਼੍ਰੋਮਣੀ ਕਮੇਟੀ ਦੇ ਜਨਰਲ ਸਕੱਤਰ ਸ਼ੇਰ ਸਿੰਘ ਮੰਡਵਾਲਾ ਨੇ ਪੇਸ਼ ਕੀਤਾ। ਆਪਣੀ ਬਜਟ ਸਪੀਚ ਵਿੱਚ ਸ੍ਰੀ ਮੰਡਵਾਲਾ ਨੇ ਕਿਹਾ ਹੈ ਕਿ ਇਸ ਵਿਤੀ ਸਾਲ ਵਿੱਚ ਅਨੁਮਾਨਤ ਖ਼ਰਚਾ 1376 ਕਰੋੜ 47 ਲੱਖ ਰੁਪਏ ਦਾ ਹੋਵੇਗਾ। ਇਸ ਨਾਲ ਸ਼੍ਰੋਮਣੀ ਕਮੇਟੀ ਦਾ ਆਮਦਨ ਨਾਲੋਂ 10 ਕਰੋੜ ਰੁਪਏ ਘੱਟ ਖ਼ਰਚ ਹੋਣ ਦਾ ਅਨੁਮਾਨ ਹੈ।
ਇਸ ਤੋਂ ਪਹਿਲਾਂ ਸ਼੍ਰੋਮਣੀ ਕਮੇਟੀ ਦਾ ਬਜਟ ਇਜਲਾਸ ਇਥੇ ਸ੍ਰੀ ਦਰਬਾਰ ਸਾਹਿਬ ਸਮੂਹ ਵਿੱਚ ਤੇਜਾ ਸਿੰਘ ਸਮੁੰਦਰੀ ਹਾਲ ਵਿਖੇ ਅਰਦਾਸ ਮਗਰੋਂ ਆਰੰਭ ਹੋਇਆ।
ਤਖ਼ਤਾਂ ਦੇ ਜਥੇਦਾਰਾਂ ਦੀ ਨਿਯੁਕਤੀ, ਯੋਗਤਾ ਆਦਿ ਬਾਰੇ ਉੱਚ ਪੱਧਰੀ ਕਮੇਟੀ ਬਣਾਉਣ ਦਾ ਫ਼ੈਸਲਾ
ਸ਼੍ਰੋਮਣੀ ਕਮੇਟੀ ਦੇ ਬਜਟ ਇਜਲਾਸ ਵਿੱਚ ਤਖ਼ਤਾਂ ਦੇ ਜਥੇਦਾਰਾਂ ਦੀ ਨਿਯੁਕਤੀ, ਯੋਗਤਾ, ਕਾਰਜ ਖੇਤਰ ਅਤੇ ਸੇਵਾ ਮੁਕਤੀ ਆਦਿ ਬਾਰੇ ਨਿਯਮ ਬਣਾਉਣ ਲਈ ਪ੍ਰਵਾਨਗੀ ਦਿੱਤੀ ਗਈ ਹੈ। ਇਸ ਸਬੰਧ ਵਿੱਚ ਇੱਕ ਉੱਚ ਪੱਧਰੀ ਕਮੇਟੀ ਗਠਿਤ ਕਰਨ ਦਾ ਫੈਸਲਾ ਕੀਤਾ ਗਿਆ ਹੈ।
 


ਕਿੰਗ ਚਾਰਲਸ ਹਸਪਤਾਲ &rsquoਚ ਦਾਖਲ
ਲੰਡਨ- ਕਿੰਗ ਚਾਰਲਸ ਤੀਜੇ ਨੂੰ ਕੈਂਸਰ ਦੇ ਇਲਾਜ ਤੋਂ ਬਾਅਦ ਸਮੱਸਿਆ ਆਉਣ ਕਾਰਨ ਹਸਪਤਾਲ ਦਾਖਲ ਕਰਵਾਇਆ ਗਿਆ। ਬਕਿੰਘਮ ਪੈਲੇਸ ਦੇ ਬੁਲਾਰੇ ਨੇ ਦੱਸਿਆ ਕਿ ਚਾਰਲਸ (76) ਨੂੰ ਕੁਝ ਸਮੇਂ ਲਈ ਹਸਪਤਾਲ ਲਿਜਾਇਆ ਗਿਆ ਪਰ ਉਹ ਆਪਣੀ ਲੰਡਨ ਸਥਿਤ ਰਿਹਾਇਸ਼ &rsquoਤੇ ਪਰਤ ਆਏ ਹਨ ਅਤੇ ਉਨ੍ਹਾਂ ਦੇ ਅੱਜ ਦੇ ਸਾਰੇ ਰੁਝੇਵੇਂ ਰੱਦ ਕਰ ਦਿੱਤੇ ਗਏ ਹਨ। ਦੱਸਣਾ ਬਣਦਾ ਹੈ ਕਿ ਕਿੰਗ ਚਾਰਲਸ ਨੂੰ ਪਿਛਲੇ ਸਾਲ ਫਰਵਰੀ &rsquoਚ ਕੈਂਸਰ ਦੀ ਬਿਮਾਰੀ ਦਾ ਪਤਾ ਲੱਗਿਆ ਸੀ। ਹਾਲੇ ਇਹ ਪਤਾ ਨਹੀਂ ਲੱਗਿਆ ਕਿ ਕੈਂਸਰ ਦੇ ਇਲਾਜ ਦੇ ਉਨ੍ਹਾਂ &rsquoਤੇ ਕੀ ਪ੍ਰਭਾਵ ਪਏ ਹਨ।

ਯੂਏਈ &lsquoਚ 500 ਭਾਰਤੀਆਂ ਸਮੇਤ 1200 ਕੈਦੀਆਂ ਨੂੰ ਈਦ ਦੀ ਰਿਹਾਈ
ਯੂਏਈ ਦੇ ਰਾਸ਼ਟਰਪਤੀ ਸ਼ੇਖ ਮੁਹੰਮਦ ਬਿਨ ਜਾਇਦ ਅਲ ਨਾਹਯਾਨ ਨੇ ਈਦ ਦੇ ਮੌਕੇ &lsquoਤੇ 1,295 ਕੈਦੀਆਂ ਦੀ ਰਿਹਾਈ ਦਾ ਹੁਕਮ ਦਿੱਤਾ ਹੈ। ਪ੍ਰਧਾਨ ਮੰਤਰੀ ਸ਼ੇਖ ਮੁਹੰਮਦ ਬਿਨ ਰਾਸ਼ਿਦ ਅਲ ਮਕਤੂਮ ਨੇ ਵੀ 1,518 ਕੈਦੀਆਂ ਦੀ ਸਜ਼ਾ ਮੁਆਫ਼ੀ ਦਾ ਐਲਾਨ ਕੀਤਾ। ਇਨ੍ਹਾਂ &lsquoਚ 500 ਤੋਂ ਵੱਧ ਭਾਰਤੀ ਨਾਗਰਿਕ ਵੀ ਸ਼ਾਮਲ ਹਨ। ਯੂਏਈ ਸਰਕਾਰ ਰਮਜ਼ਾਨ ਅਤੇ ਈਦ ਦੇ ਮੌਕੇ &lsquoਤੇ ਕੈਦੀਆਂ ਨੂੰ ਰਿਹਾਈ ਦੇਣ ਦੀ ਪਰੰਪਰਾ ਰੱਖਦੀ ਹੈ, ਤਾਂ ਜੋ ਉਹ ਨਵੀਂ ਸ਼ੁਰੂਆਤ ਕਰ ਸਕਣ। ਫ਼ੈਸਲੇ ਦੇ ਤਹਿਤ ਉਹ ਲੋਕ ਜੇਲ੍ਹ ਤੋਂ ਬਾਹਰ ਆਉਣਗੇ, ਜਿਨ੍ਹਾਂ ਨੇ ਆਪਣੀ ਸਜ਼ਾ ਦੇ ਦੌਰਾਨ ਚੰਗਾ ਚਾਲ ਚਲਨ ਦਿਖਾਇਆ। ਇਸ ਰਿਹਾਈ ਦੀ ਵਜ੍ਹਾ ਕਰਕੇ, ਕਈ ਪਰਿਵਾਰ ਆਪਣੇ ਪਿਆਰਿਆਂ ਨਾਲ ਈਦ ਮਨਾਉਣ ਦੇ ਯੋਗ ਹੋਣਗੇ।


ਸ਼੍ਰੋਮਣੀ ਕਮੇਟੀ ਨੇ ਵਾਤਾਵਰਣ ਦਿਹਾੜੇ ਵਜੋਂ ਮਨਾਇਆ ਸ੍ਰੀ ਗੁਰੂ ਹਰਿਰਾਇ ਸਾਹਿਬ ਦਾ ਗੁਰਤਾਗੱਦੀ ਦਿਵਸ

ਨਵੀਂ ਦਿੱਲੀ,  (ਮਨਪ੍ਰੀਤ ਸਿੰਘ ਖਾਲਸਾ):- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਅੱਜ ਸੱਤਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਰਾਇ ਸਾਹਿਬ ਜੀ ਦੇ ਗੁਰਤਾਗੱਦੀ ਦਿਵਸ ਨੂੰ ਵਾਤਾਵਰਣ ਦਿਹਾੜੇ ਵਜੋਂ ਮਨਾਉਂਦਿਆਂ ਸ੍ਰੀ ਦਰਬਾਰ ਸਾਹਿਬ ਸਮੂਹ ਵਿਖੇ ਸਥਿਤ ਗੁਰੂ ਕੇ ਬਾਗ ਵਿਖੇ ਬੂਟੇ ਲਗਾਏ ਗਏ। ਇਸ ਤੋਂ ਪਹਿਲਾਂ ਸ੍ਰੀ ਦਰਬਾਰ ਸਾਹਿਬ ਨਾਲ ਸਬੰਧਤ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ। ਇਸ ਮੌਕੇ ਭਾਈ ਗੁਰਦੇਵ ਸਿੰਘ ਖਾਲਸਾ ਦੇ ਰਾਗੀ ਜਥੇ ਨੇ ਗੁਰਬਾਣੀ ਕੀਰਤਨ ਕੀਤਾ ਅਤੇ ਕਥਾਵਾਚਕ ਭਾਈ ਹਰਮਿੱਤਰ ਸਿੰਘ ਨੇ ਗੁਰਮਤਿ ਵਿਚਾਰਾਂ ਸਾਂਝੀਆਂ ਕੀਤੀਆਂ। ਇਸੇ ਦੌਰਾਨ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਅਤੇ ਲੰਗਰ ਸ੍ਰੀ ਗੁਰੂ ਰਾਮਦਾਸ ਜੀ ਵਿਚਕਾਰ ਸਥਿਤ ਗੁਰੂ ਕੇ ਬਾਗ ਵਿਖੇ ਵਾਤਾਵਰਣ ਦੀ ਸਾਂਭ-ਸੰਭਾਲ ਦੇ ਸੁਨੇਹੇ ਨੂੰ ਅੱਗੇ ਵਧਾਉਂਦਿਆਂ ਬੂਟੇ ਲਗਾ ਕੇ ਗੁਰੂ ਸਾਹਿਬ ਨੂੰ ਸ਼ਰਧਾ ਤੇ ਸਤਿਕਾਰ ਭੇਟ ਕੀਤਾ। ਐਡਵੋਕੇਟ ਧਾਮੀ ਨੇ ਕਿਹਾ ਕਿ ਸੱਤਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਰਾਇ ਸਾਹਿਬ ਜੀ ਦਾ ਜੀਵਨ ਵਾਤਾਵਰਣ ਦੀ ਸਾਂਭ ਸੰਭਾਲ ਲਈ ਪ੍ਰੇਰਣਾ ਦਾਇਕ ਹੈ।

ਗੁਰੂ ਤੇਗ ਬਹਾਦਰ ਇੰਸਟੀਚਿਊਟ ਆਫ਼ ਮੈਨੇਜਮੈਂਟ ਨਾਨਕ ਪਿਆਉ ਨੇ ਨੌਕਰੀ ਮੇਲਾ ਲਗਾਇਆ

ਨਵੀਂ ਦਿੱਲੀ  (ਮਨਪ੍ਰੀਤ ਸਿੰਘ ਖਾਲਸਾ):- ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਧੀਨ ਚੱਲ ਰਹੇ ਅਤੇ ਗੁਰੂ ਗੋਬਿੰਦ ਸਿੰਘ ਇੰਦਰਪ੍ਰਸਥ ਯੂਨੀਵਰਸਿਟੀ ਨਾਲ ਸੰਬੰਧਿਤ ਸ੍ਰੀ ਗੁਰੂ ਤੇਗ ਬਹਾਦਰ ਇੰਸਟੀਚਿਊਟ ਆਫ਼ ਮੈਨੇਜਮੈਂਟ ਐਂਡ ਇਨਫਰਮੇਸ਼ਨ ਟੈਕਨਾਲੋਜੀ ਨਾਨਕ ਪਿਆਉ ਨੇ ਆਈਸੀਏ ਐਜੂਕੇਸ਼ਨ ਸਕਿੱਲ ਲਿਮਟਿਡ ਦੇ ਸਹਿਯੋਗ ਨਾਲ ਆਪਣੇ ਕੈਂਪਸ ਵਿੱਚ ਇੱਕ ਮੈਗਾ ਜੌਬ ਫੇਅਰ ਦਾ ਸਫਲਤਾਪੂਰਵਕ ਆਯੋਜਨ ਕੀਤਾ। ਇਸ ਸਮਾਗਮ ਵਿੱਚ ਉੱਚ ਪੱਧਰੀ ਭਾਗੀਦਾਰੀ ਦੇਖਣ ਨੂੰ ਮਿਲੀ, ਜਿਸ ਵਿੱਚ 31 ਨਾਮਵਰ ਕੰਪਨੀਆਂ ਨੇ ਹਿੱਸਾ ਲਿਆ ਜਿਨ੍ਹਾਂ ਵਿੱਚ ਪੇਟੀਐਮ, ਐਕਸਿਸ ਬੈਂਕ, ਵਰਧਮਾਨ, ਜੇਨਪੈਕ, ਆਰਸੀਐਮ ਅਤੇ ਹੋਰ ਬਹੁਤ ਸਾਰੀਆਂ ਕੰਪਨੀਆਂ ਸ਼ਾਮਲ ਸਨ। ਮੇਲੇ ਵਿੱਚ ਪਲੇਸਮੈਂਟ ਦੇ ਮੌਕਿਆਂ ਲਈ 1,187 ਵਿਦਿਆਰਥੀਆਂ ਨੇ ਰਜਿਸਟ੍ਰੇਸ਼ਨ ਕਰਵਾਈ। ਨੌਕਰੀ ਮੇਲੇ ਰਾਹੀਂ, ਕਾਲਜ ਨੇ ਬੀਬੀਏ, ਬੀਸੀਏ, ਬੀ.ਕਾਮ ਵਰਗੇ ਵੱਖ-ਵੱਖ ਵਿਦਿਅਕ ਖੇਤਰਾਂ ਦੇ ਵਿਦਿਆਰਥੀਆਂ ਨੂੰ ਮੋਹਰੀ ਉਦਯੋਗਾਂ ਵਿੱਚ ਕਰੀਅਰ ਦੇ ਮੌਕਿਆਂ ਦੀ ਪੜਚੋਲ ਕਰਨ ਲਈ ਇੱਕ ਪਲੇਟਫਾਰਮ ਪ੍ਰਦਾਨ ਕੀਤਾ।


ਸ਼੍ਰੋਮਣੀ ਕਮੇਟੀ ਦੇ ਬਜਟ ਇਜਲਾਸ ਦੌਰਾਨ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਯੋਗਤਾ, ਨਿਯੁਕਤੀ, ਕਾਰਜ ਖੇਤਰ, ਸੇਵਾ ਮੁਕਤੀ ਸਬੰਧੀ ਅਤੇ ਹੋਰ ਸਿੱਖ ਮਾਮਲਿਆਂ ਬਾਰੇ ਪਾਸ ਕੀਤੇ ਗਏ ਕਈ ਅਹਿਮ ਮਤੇ

👉 ਕੇਂਦਰ ਸਰਕਾਰ ਪਾਸੋਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350 ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਢੁੱਕਵੀਂ ਯਾਦਗਾਰ ਬਣਾਉਣ ਦੀ ਮੰਗ

ਨਵੀਂ ਦਿੱਲੀ  (ਮਨਪ੍ਰੀਤ ਸਿੰਘ ਖਾਲਸਾ):- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਲਾਨਾ ਬਜਟ ਇਜਲਾਸ ਦੌਰਾਨ ਕਈ ਅਹਿਮ ਮਤਿਆਂ ਨੂੰ ਪ੍ਰਵਾਨਗੀ ਦਿੱਤੀ ਗਈ। ਇਨ੍ਹਾਂ ਵਿਚ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮ ਤੈਅ ਕਰਨ ਨੂੰ ਪ੍ਰਵਾਨਗੀ, ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350 ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਢੁੱਕਵੀਂ ਯਾਦਗਾਰ ਬਣਾਉਣ ਦੀ ਕੇਂਦਰ ਸਰਕਾਰ ਪਾਸੋਂ ਮੰਗ, ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲਿਆਂ ਸਬੰਧੀ ਗ੍ਰਹਿ ਮੰਤਰੀ ਸ੍ਰੀ ਅਮਿਤ ਸ਼ਾਹ ਵੱਲੋਂ ਸੰਸਦ ਵਿਚ ਦਿੱਤੇ ਬਿਆਨ ਦੀ ਨਿਖੇਧੀ, ਪੰਜਾਬ ਤੋਂ ਬਾਹਰ ਸਿੱਖਾਂ ਵਿਰੁੱਧ ਪੈਦਾ ਕੀਤੇ ਜਾ ਰਹੇ ਨਫ਼ਰਤੀ ਮਾਹੌਲ ਦੀ ਨਿਖੇਧੀ, ਮਹਾਰਾਜਾ ਰਣਜੀਤ ਸਿੰਘ ਦੇ ਰਾਜ ਨਾਲ ਸਬੰਧਤ ਇਤਿਹਾਸਕ ਇਮਾਰਤਾਂ ਦੀ ਸਾਂਭ-ਸੰਭਾਲ, ਫ਼ੌਜ ਵਿਚ ਸਿੱਖਾਂ ਦਾ ਰਾਖਵਾਂ ਕੋਟਾਂ ਨਿਰਧਾਰਤ ਕਰਨ, ਬੰਦੀ ਸਿੰਘਾਂ ਦੀ ਰਿਹਾਈ, ਕਿਸਾਨੀ ਸੰਘਰਸ਼ ਆਦਿ ਨਾਲ ਸਬੰਧਤ ਮਤੇ ਸ਼ਾਮਲ ਹਨ।


ਸਿੱਖ ਫੈਡਰੇਸ਼ਨ ਯੂਕੇ ਵੱਲੋਂ ਭਾਈ ਮਹਿਲ ਸਿੰਘ ਜੀ ਬੱਬਰ ਦੇ ਅਕਾਲ ਚਲਾਣੇ ਤੇ ਡੂੰਘੇ ਦੁੱਖ ਦਾ ਪ੍ਰਗਟਾਵਾ

ਨਵੀਂ ਦਿੱਲੀ   (ਮਨਪ੍ਰੀਤ ਸਿੰਘ ਖਾਲਸਾ):-ਬੀਤੇ ਦਿਨੀ ਭਾਈ ਮਹਿਲ ਸਿੰਘ ਜੀ ਇਸ ਫਾਨੀ ਦੁਨੀਆਂ ਨੂੰ ਅਲਵਿਦਾ ਕਹਿ ਗਏ ਹਨ ।ਉਹਨਾਂ ਵੱਲੋਂ ਸਿੱਖ ਕੌਮ ਦੀ ਅਜ਼ਾਦੀ ਲਈ ਕੀਤੇ ਨਿਰਸਵਾਰਥ ਸੰਘਰਸ਼ ਅਤੇ ਕੁਰਬਾਨੀ ਨੂੰ ਸਿੱਖ ਫੈਡਰੇਸ਼ਨ ਯੂਕੇ ਵੱਲੋਂ ਕੇਸਰੀ ਪ੍ਰਣਾਮ ਹੈ। ਸੰਨ 1978 ਵਿਸਾਖੀ ਮੌਕੇ ਨਿਰੰਕਾਰੀਆਂ ਵੱਲੋਂ ਸ਼ਾਂਤਮਈ ਪ੍ਰਦਰਸ਼ਨ ਕਰ ਰਹੇ 13 ਸਿੱਖਾਂ ਦੇ ਕਤਲੇਆਮ ਤੋਂ ਬਾਅਦ ਸੰਤ ਜਰਨੈਲ ਸਿੰਘ ਜੀ ਖ਼ਾਲਸਾ ਭਿੰਡਰਾਂਵਾਲਿਆਂ ਦੀ ਅਗਵਾਈ ਵਿੱਚ ਚੱਲੀ ਸੰਘਰਸ਼ ਦੀ ਲਹਿਰ ਵਿੱਚ ਭਾਈ ਸਾਹਿਬ ਦਾ ਅਹਿਮ ਯੋਗਦਾਨ ਹੈ। ਉਨ੍ਹਾਂ ਨੇ ਬੱਬਰ ਖਾਲਸਾ ਇੰਟਰਨੈਸ਼ਨਲ ਜਥੇਬੰਦੀ ਵਿੱਚ ਰਹਿੰਦਿਆਂ ਸੰਘਰਸ਼ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ ਅਤੇ ਸਿੱਖ ਕੌਮ ਦੀ ਆਨ ਸ਼ਾਨ ਅਤੇ ਪ੍ਰਭੂਸੱਤਾ ਨੂੰ ਕਾਇਮ ਰੱਖਣ ਲਈ ਆਪਣਾ ਸਮੁੱਚਾ ਜੀਵਨ ਸਮਰਪਿਤ ਕੀਤਾ। ਭਾਈ ਮਹਿਲ ਸਿੰਘ ਜੀ ਨੇ ਤਕਰੀਬਨ ਪੰਜ ਦਹਾਕੇ ਸਿੱਖ ਸੰਘਰਸ਼ ਵਿੱਚ ਸੇਵਾ ਕੀਤੀ। ਸੰਘਰਸ਼ ਵਿੱਚ ਹਿੱਸਾ ਪਾਉਣ ਦੇ ਨਾਲ ਗੁਰਧਾਮਾਂ ਦੀ ਕਾਰ ਸੇਵਾ ਵੀ ਕੀਤੀ । ਉਨ੍ਹਾਂ ਦਾ ਸਿੱਖ ਕੌਮ ਦੀ ਅਜ਼ਾਦੀ ਪ੍ਰਤੀ ਸਮਰਪਣ ਅਤੇ ਸੰਘਰਸ਼ ਪ੍ਰਤੀ ਦ੍ਰਿੜ ਵਚਨਬੱਧਤਾ ਆਉਣ ਵਾਲੀਆਂ ਪੀੜ੍ਹੀਆਂ ਲਈ ਪ੍ਰੇਰਨਾ ਦਾ ਸਰੋਤ ਬਣੇਗੀ। ਸਿੱਖ ਫੈਡਰੇਸ਼ਨ ਯੂਕੇ ਵੱਲੋਂ ਭਾਈ ਅਮਰੀਕ ਸਿੰਘ ਗਿੱਲ, ਭਾਈ ਕੁਲਦੀਪ ਸਿੰਘ ਚਹੇੜੂ, ਭਾਈ ਨਰਿੰਦਰਜੀਤ ਸਿੰਘ, ਦਬਿੰਦਰਜੀਤ ਸਿੰਘ, ਭਾਈ ਜਤਿੰਦਰ ਸਿੰਘ ਬਾਸੀ ਅਤੇ ਭਾਈ ਹਰਦੀਸ਼ ਸਿੰਘ ਨੇ ਕਿਹਾ ਕਿ ਅਸੀਂ ਭਾਈ ਮਹਿਲ ਸਿੰਘ ਜੀ ਦੀਆਂ ਕੌਮ ਪ੍ਰਤੀ ਕੁਰਬਾਨੀਆਂ ਨੂੰ ਹਮੇਸ਼ਾ ਸਿਜਦਾ ਕਰਦੇ ਹੋਏ ਗੁਰੂ ਮਹਾਰਾਜ ਜੀ ਦੇ ਪਾਵਨ ਚਰਨਾਂ ਵਿੱਚ ਅਰਦਾਸ ਕਰਦੇ ਹਾਂ ਕਿ ਉਨ੍ਹਾਂ ਦੀ ਰੂਹ ਨੂੰ ਸਦੀਵ ਕਾਲ ਆਪਣੇ ਚਰਨਾਂ ਵਿੱਚ ਨਿਵਾਸ ਬਖ਼ਸ਼ਿਸ਼ ਕਰਨ ਅਤੇ ਸਿੱਖ ਕੌਮ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰਨ ।


ਦਿੱਲੀ ਕਮੇਟੀ ਵਲੋਂ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ, ਸਾਢੇ ਤਿੰਨ ਲੱਖ ਸਹਿਜ ਪਾਠਾਂ ਦੀ ਲੜੀ ਦੀ ਸ਼ੁਰੂਆਤ ਧਰਮ ਪ੍ਰਚਾਰ ਚੇਅਰਮੈਨ, ਕਮੇਟੀ ਮੁੱਖੀ ਅਤੇ ਜਨਰਲ ਸਕੱਤਰ ਕਰਣ: ਭਾਈ ਪਰਮਜੀਤ ਸਿੰਘ ਵੀਰਜੀ

👉 ਦਿੱਲੀ ਕਮੇਟੀ ਦੇ ਸਾਰੇ ਮੈਂਬਰ ਵੀ ਅੱਧਾ-ਅੱਧਾ ਘੰਟਾ ਸਹਿਜ ਪਾਠ ਕਰਨ ਦੀ ਲਾਈਵ ਹਾਜ਼ਰੀ ਜ਼ਰੂਰ ਭਰਨ

ਨਵੀਂ ਦਿੱਲੀ  (ਮਨਪ੍ਰੀਤ ਸਿੰਘ ਖਾਲਸਾ):- ਗੁਰਬਾਣੀ ਰਿਸਰਚ ਫਾਊਂਡੇਸ਼ਨ ਦੇ ਚੇਅਰਮੈਨ ਅਤੇ ਦਿੱਲੀ ਕਮੇਟੀ ਦੀ ਧਰਮ ਪ੍ਰਚਾਰ ਵਿੰਗ ਦੇ ਸਾਬਕਾ ਮੁੱਖੀ ਭਾਈ ਪਰਮਜੀਤ ਸਿੰਘ ਵੀਰਜੀ ਨੇ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ, ਸਾਢੇ ਤਿੰਨ ਲੱਖ ਸਹਿਜ ਪਾਠਾਂ ਦੀ ਲੜੀ ਸ਼ੁਰੂ ਕੀਤੇ ਜਾਣ ਦੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਫ਼ੈਸਲੇ ਦੀ ਸ਼ਲਾਘਾ ਕੀਤੀ ਹੈ। ਉਨ੍ਹਾਂ ਕਿਹਾ ਕਿ ਸੰਗਤਾਂ ਨੂੰ ਗੁਰਬਾਣੀ ਨਾਲ ਜੋੜਨ ਦੇ ਨਜ਼ਰੀਏ ਨਾਲ ਇਹ ਧਰਮ ਪ੍ਰਚਾਰ ਉਪਰਾਲਾ ਸ਼ਲਾਘਾਯੋਗ ਹੈ। ਪਰ ਇਹ ਉਪਰਾਲਾ ਕਰਣ ਵਾਲੇ ਦਿੱਲੀ ਸਿੱਖ ਗੁਰਦੁਆਰਾ ਕਮੇਟੀ ਦੇ ਪ੍ਰਬੰਧਕਾਂ ਸਮੇਤ ਸਾਰੇ ਦਿੱਲੀ ਕਮੇਟੀ ਮੈਂਬਰਾਂ ਨੂੰ ਵੀ ਇੱਕ ਸਹਿਜ ਪਾਠ ਜ਼ਰੂਰ ਕਰਨਾ ਚਾਹੀਦਾ ਹੈ ਤਾਂ ਕਿ ਸੰਗਤਾਂ ਨੂੰ ਹੋਰ ਜਿਆਦਾ ਪ੍ਰੇਰਤ ਕਰਣ ਦੇ ਨਾਲ ਸਭ ਨੂੰ ਪਤਾ ਲਗ ਸਕੇ ਕਿ ਉਨ੍ਹਾਂ ਨੇ ਜਿਹੜੇ ਮੈਂਬਰ ਚੁਣ ਕੇ ਭੇਜੇ ਹਨ ਉਹ ਚੰਗੀ ਤਰ੍ਹਾਂ ਗੁਰਬਾਣੀ ਪੜ ਸਕਦੇ ਹਨ । ਭਾਈ ਪਰਮਜੀਤ ਸਿੰਘ ਵੀਰਜੀ ਨੇ ਕਿਹਾ ਕਿ ਉਨਾਂ ਵੱਲੋ ਬੇਨਤੀ ਹੈ ਕਿ ਦਿੱਲੀ ਕਮੇਟੀ ਦੇ ਧਰਮ ਪ੍ਰਚਾਰ ਚੇਅਰਮੈਨ ਜਸਪ੍ਰੀਤ ਸਿੰਘ ਕਰਮਸਰ 15 ਅਪ੍ਰੈਲ ਨੂੰ ਸੰਗਤਾਂ ਸਾਹਮਣੇ ਯਾਨੀ ਲਾਈਵ ਇੱਕ ਸਹਿਜ ਪਾਠ ਦੀ ਆਰੰਭਤਾ ਕਰਨ, ਉਸ ਤੋਂ ਬਾਅਦ ਦਿੱਲੀ ਕਮੇਟੀ ਪ੍ਰਧਾਨ ਹਰਮੀਤ ਸਿੰਘ ਕਾਲਕਾ, ਜਨਰਲ ਸਕੱਤਰ ਜਗਦੀਪ ਸਿੰਘ ਕਾਹਲੋਂ ਤੇ ਬਾਕੀ ਅਹੁਦੇਦਾਰ ਵੀ ਆਪਣੇ ਸਮੇਂ ਮੁਤਾਬਿਕ ਸਹਿਜ ਪਾਠ ਕਰਨ ਦੀ ਹਾਜ਼ਰੀ ਭਰਨ ਅਤੇ ਇਸ ਤੋਂ ਬਾਅਦ ਦਿੱਲੀ ਕਮੇਟੀ ਦੇ ਸਾਰੇ ਮੈਂਬਰ ਵੀ ਅੱਧਾ-ਅੱਧਾ ਘੰਟਾ ਪਾਠ ਕਰਨ ਦੀ ਹਾਜ਼ਰੀ ਜ਼ਰੂਰ ਭਰਨ। ਉਨ੍ਹਾਂ ਕਿਹਾ ਕਿ ਜਦੋਂ ਵੀ ਦਿੱਲੀ ਕਮੇਟੀ ਦੇ ਅਹੁਦੇਦਾਰ ਜਾਂ ਮੈਂਬਰ ਸਹਿਜ ਪਾਠ ਕਰਨ ਤਾਂ ਉਸ ਸਮੇਂ ਲਾਈਵ ਪਾਠ ਸੁਣਨ ਦੀ ਸਹੂਲਤ ਸੰਗਤਾਂ ਨੂੰ ਜ਼ਰੂਰ ਉਪਲਬਧ ਕਰਾਈ ਜਾਵੇ ।


ਤਖਤ ਪਟਨਾ ਸਾਹਿਬ ਕਮੇਟੀ ਦੁਆਰਾ ਬੱਚਿਆਂ ਨੂੰ ਤਬਲਾ ਸਿਖਲਾਈ ਲਈ ਕਲਾਸ ਸ਼ੁਰੂ

ਨਵੀਂ ਦਿੱਲੀ (ਮਨਪ੍ਰੀਤ ਸਿੰਘ ਖਾਲਸਾ) :- ਤਖਤ ਪਟਨਾ ਸਾਹਿਬ ਕਮੇਟੀ ਵਲੋਂ ਸਮੇਂ-ਸਮੇਂ ਤੇ ਬੱਚਿਆਂ ਨੂੰ ਗੁਰਬਾਣੀ, ਗੁਰੂ ਇਤਿਹਾਸ, ਗਤਕਾ ਸਿਖਲਾਈ ਨਾਲ ਜੋੜਨ ਦੇ ਵਿਸ਼ੇਸ਼ ਯਤਨ ਕੀਤੇ ਜਾਂਦੇ ਹਨ। ਇਸੇ ਕੜੀ ਵਿੱਚ ਕਮੇਟੀ ਨੇ ਬਾਬਾ ਦੀਪ ਸਿੰਘ ਗਤਕਾ ਅਖਾੜੇ ਦੇ ਸਹਿਯੋਗ ਨਾਲ ਬੱਚਿਆਂ ਲਈ ਤਬਲਾ ਸਿਖਲਾਈ ਦੀਆਂ ਕਲਾਸਾਂ ਸ਼ੁਰੂ ਕਰਵਾਈਆਂ ਹਨ। ਇਸ ਮੌਕੇ 'ਤੇ ਕਮੇਟੀ ਦੇ ਧਰਮ ਪ੍ਰਚਾਰ ਦੇ ਚੇਅਰਮੈਨ ਮਹੇੰਦਰਪਾਲ ਸਿੰਘ ਢਿੱਲੋ, ਸਕੱਤਰ ਹਰਬੰਸ ਸਿੰਘ, ਮੈਂਬਰ ਹਰਪਾਲ ਸਿੰਘ ਜੋਹਲ, ਕਥਾ ਵਾਚਕ ਸਤਨਾਮ ਸਿੰਘ ਨੇ ਵਿਸ਼ੇਸ਼ ਤੌਰ 'ਤੇ ਪਹੁੰਚ ਕੇ ਬੱਚਿਆਂ ਦੀ ਹੌਂਸਲਾ ਅਫਜ਼ਾਈ ਕੀਤੀ।
ਸ੍ਰੀ ਮਹੇੰਦਰਪਾਲ ਸਿੰਘ ਢਿੱਲੋ ਨੇ ਦੱਸਿਆ ਕਿ ਕਮੇਟੀ ਵੱਲੋਂ ਉਨ੍ਹਾਂ ਨੂੰ ਧਰਮ ਪ੍ਰਚਾਰ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ ਜਿਸਨੂੰ ਉਹ ਬਖੂਬੀ ਨਿਭਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਅੱਜ ਬੱਚਿਆਂ ਦੀ ਤਬਲਾ ਸਿਖਲਾਈ ਕਲਾਸ ਤੋਂ ਕੰਮ ਦੀ ਸ਼ੁਰੂਆਤ ਕੀਤੀ ਗਈ ਹੈ, ਅਤੇ ਅਗਲੇ ਦਿਨਾਂ ਵਿੱਚ ਧਰਮ ਪ੍ਰਚਾਰ ਦੇ ਕੰਮ ਨੂੰ ਵੱਧ ਚੜ੍ਹ ਕੇ ਕੀਤਾ ਜਾਵੇਗਾ ਅਤੇ ਖਾਸ ਕਰਕੇ ਉਹਨਾਂ ਪਿਛੜੇ ਇਲਾਕਿਆਂ ਵਿੱਚ ਜਾ ਕੇ ਧਰਮ ਦਾ ਪ੍ਰਚਾਰ ਕੀਤਾ ਜਾਵੇਗਾ ਜਿੱਥੇ ਲੋਕਾਂ ਵਿੱਚ ਅੱਜ ਵੀ ਜਾਗਰੂਕਤਾ ਦੀ ਕਮੀ ਹੈ। ਸਮੇਂ-ਸਮੇਂ 'ਤੇ ਅੰਮ੍ਰਿਤ ਸੰਚਾਰ ਦੇ ਪ੍ਰੋਗ੍ਰਾਮ ਵੀ ਕੀਤੇ ਜਾਣਗੇ ਅਤੇ ਗੁਰੂ ਤੇਗ ਬਹਾਦਰ ਜੀ ਦੀ 350 ਸਾਲੀ ਸ਼ਹੀਦੀ ਪੁਰਬ ਨੂੰ ਮਨਾਉਣ ਲਈ ਵੀ ਪ੍ਰੋਗ੍ਰਾਮ ਕੀਤੇ ਜਾਣਗੇ।


ਜੁਝਾਰੂ ਯੋਧੇ ਭਾਈ ਮਹਿਲ ਸਿੰਘ ਜੀ ਬੱਬਰ ਦੇ ਅਕਾਲ ਚਲਾਣੇ ਉਪਰ ਨਿੱਘੀ ਸ਼ਰਧਾਂਜਲੀ: ਜਥੇਦਾਰ ਕਰਮ ਸਿੰਘ ਹਾਲੈਂਡ

ਨਵੀਂ ਦਿੱਲੀ  (ਮਨਪ੍ਰੀਤ ਸਿੰਘ ਖਾਲਸਾ): ਮਰਣੁ ਮੁਣਸਾ ਸੂਰਿਆ ਹਕੁ ਹੈ ਜੋ ਹੋਇ ਮਰਨਿ ਪਰਵਾਣੋ ॥ ਖਾਲਿਸਤਾਨ ਦੀ ਅਜ਼ਾਦੀ ਦੇ ਪਰਵਾਨੇ ਬੱਬਰਾਂ ਦੇ ਜੁਝਾਰੂ ਯੋਧੇ ਭਾਈ ਮਹਿਲ ਸਿੰਘ ਜੀ ਬੱਬਰ ਅਕਾਲ ਪੁਰਖ ਵਲੋ ਬਖਸ਼ੀ ਸੁਆਸਾ ਦੀ ਪੂੰਜੀ ਨੂੰ ਭੋਗ ਕੇ 24 ਮਾਰਚ ਨੂੰ ਅਕਾਲ ਚਲਾਣਾ ਕਰ ਗਏ। ਜਥੇਦਾਰ ਮਹਿਲ ਸਿੰਘ ਬੱਬਰ ਦੇ ਅਕਾਲ ਚਲਾਣੇ ਨਾਲ ਖਾਲਸਾ ਪੰਥ ਨੂੰ ਬਹੁਤ ਵੱਡਾ ਘਾਟਾ ਪਿਆ, ਜਥੇਦਾਰ ਕਰਮ ਸਿੰਘ ਹਾਲੈਂਡ ਨੇ ਦੱਸਿਆ ਕਿ ਭਾਈ ਮਹਿਲ ਸਿੰਘ ਬੱਬਰ ਦੇ ਪਰਿਵਾਰ ਦੀ ਮੋਜੂਦਾ ਸ਼ੰਘਰਸ਼ ਵਿਚ ਬਹੁਤ ਵੱਡੀ ਕੁਰਬਾਨੀ ਹੈ। ਪੰਜਾਬ ਪੁਲਿਸ ਦੇ ਜਾਲਮ ਅਫਸਰ ਗੋਬਿੰਦ ਰਾਮ ਨੇ ਪਰਿਵਾਰ ਉਪਰ ਬਹੁਤ ਜੁਲਮ ਕੀਤੇ। ਜਥੇਦਾਰ ਮਹਿਲ ਸਿੰਘ ਨੇ ਭਾਰਤ ਸਰਕਾਰ ਅੱਗੇ ਗੋਡੇ ਨਹੀ ਟੇਕੇ। ਅੰਤਿਮ ਸਵਾਸਾ ਤੱਕ ਖਾਲਿਸਤਾਨ ਦੀ ਅਜ਼ਾਦੀ ਲਈ ਦ੍ਰਿੜ ਸੰਕਲਪ ਨਾਲ ਲੜਾਈ ਲੜੀ। ਖਾਲਸਾ ਪੰਥ ਹਮੇਸ਼ਾ ਹੀ ਜਥੇਦਾਰ ਮਹਿਲ ਸਿੰਘ ਜੀ ਦੀ ਕੁਰਬਾਨੀ ਨੂੰ ਯਾਦ ਰੱਖੇਗਾ। ਸੰਗਤਾਂ ਜਥੇਦਾਰ ਮਹਿਲ ਸਿੰਘ ਦੀ ਯਾਦ ਵਿੱਚ ਗੁਰਬਾਣੀ ਸਮਾਗਮ ਅਤੇ ਅਰਦਾਸਾ ਕਰਨ।