image caption:

29 ਮਾਰਚ 2025 (ਸ਼ਨੀਵਾਰ) ਅੱਜ ਦੀਆਂ ਮੁੱਖ ਖਬਰਾਂ

 ਪਾਸਟਰ ਬਰਜਿੰਦਰ ਦੇ ਹਮਲੇ ਦੀ ਪੀੜਤ ਔਰਤਾਂ ਅਕਾਲ ਤਖ਼ਤ ਸਾਹਿਬ ਪਹੁੰਚੀਆਂ

ਅੰਮ੍ਰਿਤਸਰ: ਪਾਸਟਰ ਬਰਜਿੰਦਰ ਸਿੰਘ ਵਿਰੁੱਧ ਦੋਸ਼ ਲਗਾਉਣ ਵਾਲੀਆਂ ਦੋ ਪੀੜਤ ਔਰਤਾਂ ਸ਼ਨੀਵਾਰ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਪਹੁੰਚੀਆਂ। ਉਨ੍ਹਾਂ ਨੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੂੰ ਆਪਣੀ ਹੱਡ-ਬੀਤੀ ਸੁਣਾਈ ਅਤੇ ਇਨਸਾਫ਼ ਦੀ ਗੁਹਾਰ ਲਗਾਈ। ਜਥੇਦਾਰ ਨੇ ਉਨ੍ਹਾਂ ਨੂੰ ਮਦਦ ਅਤੇ ਨਿਆਂ ਦਾ ਭਰੋਸਾ ਦਿੱਤਾ ਹੈ। ਬਜਿੰਦਰ 'ਤੇ ਗੰਭੀਰ ਦੋਸ਼ ਪੀੜਤ ਔਰਤਾਂ ਨੇ ਦੱਸਿਆ ਕਿ ਬਜਿੰਦਰ ਸਿਰਫ਼ ਉਨ੍ਹਾਂ ਨਾਲ ਹੀ ਨਹੀਂ, ਬਲਕਿ ਹੋਰ ਕਈ ਔਰਤਾਂ ਨਾਲ ਵੀ ਅਣੈਤਿਕ ਵਰਤਾਵ ਕਰ ਚੁੱਕਾ ਹੈ। ਜਦੋਂ ਕਿਸੇ ਨੇ ਵੀ ਵਿਰੋਧ ਕਰਨ ਦੀ ਕੋਸ਼ਿਸ਼ ਕੀਤੀ, ਉਸ ਉੱਤੇ ਹਿੰਸਾ ਕੀਤੀ ਗਈ।

ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ

ਨਵੀਂ ਦਿੱਲੀ  (ਮਨਪ੍ਰੀਤ ਸਿੰਘ ਖਾਲਸਾ):- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਯੋਗਤਾ, ਨਿਯੁਕਤੀ, ਕਾਰਜ ਖੇਤਰ, ਜ਼ਿੰਮੇਵਾਰੀਆਂ ਅਤੇ ਸੇਵਾ ਮੁਕਤੀ ਸਬੰਧੀ ਨਿਯਮ ਨਿਰਧਾਰਤ ਕਰਨ ਲਈ ਸਿੱਖ ਪੰਥ ਦੀਆਂ ਸਮੂਹ ਜਥੇਬੰਦੀਆਂ, ਦਮਦਮੀ ਟਕਸਾਲ, ਨਿਹੰਗ ਸਿੰਘ ਦਲਾਂ, ਆਲਮੀ ਸਿੱਖ ਸੰਸਥਾਵਾਂ, ਸਿੰਘ ਸਭਾਵਾਂ, ਦੀਵਾਨਾਂ, ਸਭਾ ਸੁਸਾਇਟੀਆਂ ਅਤੇ ਦੇਸ਼ ਵਿਦੇਸ਼ ਵਿਚ ਵੱਸਦੇ ਵਿਦਵਾਨਾਂ ਤੇ ਬੁੱਧੀਜੀਵੀਆਂ ਨੂੰ ਆਪਣੇ ਸੁਝਾਅ ਭੇਜਣ ਦੀ ਅਪੀਲ ਕੀਤੀ ਹੈ।
ਉਨ੍ਹਾਂ ਕਿਹਾ ਕਿ ਸਿੱਖ ਕੌਮ ਦੀ ਇਹ ਚਿਰੋਕਣੀ ਮੰਗ ਰਹੀ ਹੈ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਪਦਵੀ ਦੇ ਸਤਿਕਾਰ ਅਤੇ ਮਹੱਤਵ ਦੇ ਮੱਦੇਨਜ਼ਰ ਸੇਵਾ ਨਿਯਮ ਤਹਿ ਕੀਤੇ ਜਾਣ, ਜਿਸ ਨੂੰ ਲੈ ਕੇ ਬੀਤੇ ਕੱਲ੍ਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਇਜਲਾਸ ਵਿੱਚ ਸਿਧਾਂਤਕ ਪ੍ਰਵਾਨਗੀ ਦਾ ਮਤਾ ਪਾਸ ਕੀਤਾ ਗਿਆ ਹੈ। ਇਸ ਮਤੇ ਦੀ ਭਾਵਨਾ ਅਨੁਸਾਰ ਜਥੇਦਾਰ ਸਾਹਿਬ ਦੀ ਨਿਯੁਕਤੀ, ਸੇਵਾਵਾਂ ਅਤੇ ਸੇਵਾ ਮੁਕਤੀ ਬਾਰੇ ਕੌੰਮ ਦੀਆਂ ਸਮੁੱਚੀਆਂ ਜਥੇਬੰਦੀਆਂ ਤੇ ਸੰਸਥਾਵਾਂ ਦੇ ਨਾਲ ਨਾਲ ਸਿੱਖ ਬੁੱਧੀਜੀਵੀਆਂ ਦੇ ਵਿਚਾਰ ਮਹੱਤਵਪੂਰਨ ਹਨ। ਇਸ ਲਈ 20 ਅਪ੍ਰੈਲ 2025 ਤਕ ਸ਼੍ਰੋਮਣੀ ਕਮੇਟੀ ਪਾਸ ਆਪਣੇ ਸੁਝਾਅ ਭੇਜੇ ਜਾਣ ਤਾਂ ਜੋ ਇਨ੍ਹਾਂ ਨੂੰ ਵਿਚਾਰ ਕੇ ਸੇਵਾ ਨਿਯਮਾਂ ਵਾਸਤੇ ਇੱਕ ਸਾਂਝੀ ਕੌਮੀ ਰਾਇ ਬਣਾਈ ਜਾ ਸਕੇ।
ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਇਹ ਸੁਝਾਅ ਸ਼੍ਰੋਮਣੀ ਕਮੇਟੀ ਨੂੰ ਦਸਤੀ ਰੂਪ ਵਿਚ ਜਾਂ ਅਧਿਕਾਰਤ ਈਮੇਲ info@sgpc.net ਅਤੇ ਵਟਸਐਪ ਨੰਬਰ 7710136200 ਉਤੇ ਭੇਜੇ ਜਾਣ।

 

ਕੁਈਨਜ਼ਲੈਂਡ &rsquoਚ ਹੜ੍ਹ ਨਾਲ ਭਾਰੀ ਨੁਕਸਾਨ, ਪ੍ਰਧਾਨ ਮੰਤਰੀ ਅਲਬਾਨੀਜ਼ ਨੇ ਜਾਰੀ ਕੀਤਾ ਫ਼ੰਡ

ਆਸਟਰੇਲੀਆ ਦੇ ਸੂਬੇ ਕੁਈਨਜ਼ਲੈਂਡ ਵਿਚ ਹੜ੍ਹ ਦਾ ਕਹਿਰ ਜਾਰੀ ਹੈ। ਪੱਛਮੀ ਕੁਈਨਜ਼ਲੈਂਡ ਵਿਚ 100 ਤੋਂ ਵੱਧ ਘਰ ਹੜ੍ਹ ਦੇ ਪਾਣੀ ਵਿਚ ਡੁੱਬ ਗਏ ਹਨ ਅਤੇ ਦਰਜਨਾਂ ਲੋਕਾਂ ਨੂੰ ਸੁਰੱਖਿਅਤ ਥਾਵਾਂ &rsquoਤੇ ਪਹੁੰਚਾਇਆ ਗਿਆ ਹੈ। ਅੱਜ ਬ੍ਰਿਸਬੇਨ ਵਿਚ ਬੋਲਦੇ ਹੋਏ ਪ੍ਰਧਾਨ ਮੰਤਰੀ ਐਂਥਨੀ ਅਲਬਾਨੀਜ਼ ਨੇ ਕਿਹਾ ਕਿ ਸਥਾਨਕ ਸਰਕਾਰਾਂ ਲਈ ਫ਼ੰਡਿੰਗ ਉਪਲਬਧ ਕਰਵਾਈ ਗਈ ਹੈ। ਰਾਜ ਅਤੇ ਸੰਘੀ ਫ਼ੰਡਿੰਗ ਵਿਚ 2.5 ਮਿਲੀਅਨ ਡਾਲਰ ਵੀ ਇਨ੍ਹਾਂ ਹੜ੍ਹਾਂ ਦੀਆਂ ਘਟਨਾਵਾਂ ਤੋਂ ਪ੍ਰਭਾਵਿਤ ਪਸ਼ੂਆਂ ਲਈ ਚਾਰਾ ਪਾਉਣ ਲਈ ਅਲਾਟ ਕੀਤੇ ਗਏ ਹਨ। ਅਲਬਾਨੀਜ਼ ਨੇ ਕਿਹਾ ਕਿ ਅਸੀਂ 146 ਸਮੇਤ ਜੋ ਵੀ ਸਰੋਤ ਹੋ ਸਕੇ ਉਪਲਬਧ ਕਰਵਾਵਾਂਗੇ। ਹੜ੍ਹਾਂ ਦੀ ਐਮਰਜੈਂਸੀ ਤੋਂ ਪ੍ਰਭਾਵਿਤ ਕੁਈਨਜ਼ਲੈਂਡ ਦੇ ਵਸਨੀਕਾਂ ਦਾ ਕਹਿਣਾ ਹੈ ਕਿ ਜਾਇਦਾਦ ਨੂੰ ਭਿਆਨਕ ਨੁਕਸਾਨ ਪਹੁੰਚਿਆ ਹੈ। ਹੜ੍ਹ ਦੇ ਪਾਣੀ ਵਿਚ ਫਸੇ ਲੱਖਾਂ ਪਸ਼ੂਆਂ ਅਤੇ ਭੇਡਾਂ ਲਈ ਡਰ ਬਣਿਆ ਹੋਇਆ ਹੈ।

ਮੌਸਮ ਵਿਗਿਆਨ ਬਿਊਰੋ ਨੇ ਚਿਤਾਵਨੀ ਦਿਤੀ ਹੈ ਕਿ ਨਦੀ ਦਾ ਪੱਧਰ 1974 ਦੇ ਹੜ੍ਹਾਂ ਤੋਂ ਵੱਧ ਹੋਣ ਦੀ ਸੰਭਾਵਨਾ ਹੈ। ਬੀਫ਼ ਉਤਪਾਦਕ ਜਿਓਫ ਲੋਇਡ ਨੂੰ ਵੀਰਵਾਰ ਨੂੰ ਉਸ ਦੀ ਜਾਇਦਾਦ ਤੋਂ ਏਅਰਲਿਫ਼ਟ ਕੀਤਾ ਗਿਆ। ਮੌਸਮ ਵਿਗਿਆਨ ਬਿਊਰੋ ਨੇ ਸੂਬੇ ਭਰ ਵਿੱਚ ਹੋਰ ਬਾਰਿਸ਼ ਦੀ ਚਿਤਾਵਨੀ ਦਿਤੀ ਹੈ। ਥੌਮਸਨ ਨਦੀ, ਪਾਰੂ ਨਦੀ ਅਤੇ ਵਾਰੇਗੋ ਨਦੀ ਬੇਸਿਨ ਸਮੇਤ ਨਦੀਆਂ ਲਈ ਕਈ ਹੜ੍ਹ ਚਿਤਾਵਨੀਆਂ ਹਨ। ਬ੍ਰਿਸਬੇਨ ਤੋਂ ਲਗਭਗ 1300 ਕਿਲੋਮੀਟਰ ਦੂਰ 100 ਤੋਂ ਵੱਧ ਲੋਕਾਂ ਦੀ ਆਬਾਦੀ ਵਾਲਾ ਲਾਲ ਮਿੱਟੀ ਵਾਲਾ ਸ਼ਹਿਰ ਜੁੰਡਾਹ ਐਮਰਜੈਂਸੀ ਦਾ ਇਕ ਤਾਜ਼ਾ ਕੇਂਦਰ ਹੈ।

ਪੰਜਾਬ ਵਿੱਚ ਹੋ ਰਹੇ ਧਰਮ ਪਰਿਵਰਤਨ &rsquoਤੇ ਸਿੱਖ ਕਾਰਕੁਨਾਂ ਨੇ ਚਿੰਤਾ ਜ਼ਾਹਿਰ ਕੀਤੀ

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐਸਜੀਪੀਸੀ) ਧਰਮ ਪ੍ਰਚਾਰ (ਧਾਰਮਿਕ ਵਕਾਲਤ) ਕਰਨ ਵਿੱਚ ਸਰਗਰਮ ਹੋਣ ਦਾ ਦਾਅਵਾ ਕਰਦੀ ਆ ਰਹੀ ਹੈ, ਪਰ ਸਿੱਖ ਸਿਵਲ ਸੁਸਾਇਟੀ ਦੇ ਮੈਂਬਰ ਮਹਿਸੂਸ ਕਰਦੇ ਹਨ ਕਿ ਸੂਬੇ ਵਿੱਚ ਧਰਮ ਪਰਿਵਰਤਨ ਦੀ ਉੱਚ ਦਰ, ਖਾਸ ਕਰਕੇ ਈਸਾਈ ਧਰਮ ਵਿੱਚ, ਦੇ ਕਾਰਨ ਇਸਨੂੰ ਹੋਰ ਕੁਝ ਕਰਨ ਦੀ ਲੋੜ ਹੈ।

ਸ਼ੁਕਰਵਾਰ ਨੂੰ ਹੋਈ ਸ਼੍ਰੋਮਣੀ ਕਮੇਟੀ ਦੀ ਮੀਟਿੰਗ ਤੋਂ ਪਹਿਲਾਂ ਇਹ ਚਿੰਤਾ ਜ਼ਾਹਰ ਕਰਦਿਆਂ ਸਿੱਖ ਲੀਗਲ ਏਡ (ਐਸਐਲਏ) ਦੀ ਮੈਂਬਰ ਨੀਨਾ ਸਿੰਘ ਨੇ ਕਿਹਾ ਕਿ ਐਸਜੀਪੀਸੀ ਨੂੰ ਘਰ-ਘਰ ਜਾ ਕੇ ਈਸਾਈ ਮਿਸ਼ਨਰੀਆਂ ਵਾਂਗ ਹੀ ਸਿੱਖ ਧਰਮ ਦਾ ਪ੍ਰਚਾਰ ਕਰਨ ਵਰਗੇ ਹੋਰ ਸਰਗਰਮ ਤਰੀਕੇ ਅਪਣਾਉਣੇ ਚਾਹੀਦੇ ਹਨ। ਦਿਹਾਤੀ ਪੰਜਾਬ ਵਿੱਚ ਧਰਮ ਪਰਿਵਰਤਨ ਦੀ ਉੱਚ ਦਰ 'ਤੇ ਚਿੰਤਾ ਪ੍ਰਗਟ ਕਰਦੇ ਹੋਏ, ਨੀਨਾ ਨੇ ਕਿਹਾ ਕਿ ਐਸਜੀਪੀਸੀ ਨੂੰ ਨਾ ਸਿਰਫ਼ ਧਾਰਮਿਕ ਪ੍ਰਚਾਰ ਲਈ ਵਧੇਰੇ ਫੰਡ ਅਲਾਟ ਕਰਨੇ ਚਾਹੀਦੇ ਹਨ, ਸਗੋਂ ਇਹ ਵੀ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਇਹ ਬਜਟ ਪਾਰਦਰਸ਼ੀ ਹੋਵੇ ਅਤੇ ਵਿਆਪਕ ਦਰਸ਼ਕਾਂ ਤੱਕ ਪਹੁੰਚਣ ਲਈ ਪ੍ਰਭਾਵਸ਼ਾਲੀ ਢੰਗ ਨਾਲ ਵਰਤਿਆ ਜਾਵੇ।

ਆਸਟਰੇਲੀਆ &rsquoਚ ਚੋਣਾਂ ਦੀ ਮਿਤੀ ਦਾ ਐਲਾਨ, 3 ਮਈ ਨੂੰ ਹੋਣਗੀਆਂ ਚੋਣਾਂ

ਸਿਡਨੀ : ਆਸਟਰੇਲੀਆ &rsquoਚ ਚੋਣਾਂ ਦੀ ਮਿਤੀ ਦਾ ਐਲਾਨ ਹੋ ਗਿਆ ਹੈ, ਜਿਥੇ ਹੁਣ 3 ਮਈ ਨੂੰ ਆਮ ਚੋਣਾਂ ਲਈ ਵੋਟਿੰਗ ਹੋਵੇਗੀ। ਇਨ੍ਹਾਂ ਚੋਣਾਂ &rsquoਚ ਵਧਦੀ ਜਾ ਰਹੀ ਮਹਿੰਗਾਈ ਅਤੇ ਲੋਕਾਂ ਦੇ ਰਹਿਣ ਲਈ ਘਰਾਂ ਦੀ ਕਮੀ ਮੁੱਖ ਚੋਣ ਮੁੱਦੇ ਹੋ ਸਕਦੇ ਹਨ। ਦੇਸ਼ ਦੇ ਪ੍ਰਧਾਨ ਮੰਤਰੀ ਐਂਥਨੀ ਅਲਬਾਨੀਜ਼ ਦੀ ਖੱਬੇ-ਪੱਖੀ &lsquoਲੇਬਰ ਪਾਰਟੀ&rsquo ਲਗਾਤਾਰ ਦੂਜੀ ਵਾਰ ਸਰਕਾਰ ਬਣਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਅਲਬਾਨੀਜ਼ ਨੇ ਸ਼ੁੱਕਰਵਾਰ ਨੂੰ ਚੋਣ ਪ੍ਰਕਿਰਿਆ ਸ਼ੁਰੂ ਕਰਨ ਲਈ ਗਵਰਨਰ ਜਨਰਲ ਸੈਮ ਮੋਸਟਿਨ ਦੇ ਸਰਕਾਰੀ ਨਿਵਾਸ ਸਥਾਨ &rsquoਤੇ ਜਾ ਕੇ ਕੰਮ ਕੀਤਾ ਅਤੇ ਬਾਅਦ ਵਿਚ ਸੰਸਦ ਭਵਨ ਵਿਖੇ ਇਕ ਨਿਊਜ਼ ਕਾਨਫ਼ਰੰਸ ਦੌਰਾਨ ਚੋਣ ਮਿਤੀ ਦਾ ਐਲਾਨ ਕੀਤਾ।

ਉਨ੍ਹਾਂ ਕਿਹਾ, &lsquoਸਾਡੀ ਸਰਕਾਰ ਨੇ ਵਿਸ਼ਵਵਿਆਪੀ ਚੁਣੌਤੀਆਂ ਨਾਲ ਨਜਿੱਠਣ ਲਈ ਆਸਟਰੇਲੀਆਈ ਤਰੀਕਾ ਚੁਣਿਆ ਹੈ ਤੇ ਭਵਿੱਖ ਲਈ ਨਿਰਮਾਣ ਕਰਦੇ ਹੋਏ ਲੋਕਾਂ ਨੂੰ ਰਹਿਣ-ਸਹਿਣ ਦੇ ਖ਼ਰਚਿਆਂ ਦੇ ਦਬਾਅ ਨਾਲ ਨਜਿੱਠਣ ਵਿਚ ਮਦਦ ਕਰਨਾਠ ਹੈ। ਕਈ ਵਿਸ਼ਲੇਸ਼ਕਾਂ ਨੇ ਭਵਿੱਖਬਾਣੀ ਕੀਤੀ ਹੈ ਕਿ ਵਿਰੋਧੀ ਧਿਰ ਦੇ ਨੇਤਾ ਪੀਟਰ ਡੱਟਨ ਦੀ ਲਿਬਰਲ ਪਾਰਟੀ ਦੀ ਅਗਵਾਈ ਵਾਲਾ ਕੰਜ਼ਰਵੇਟਿਵ ਗਠਜੋੜ ਚੋਣਾਂ ਵਿਚ ਚੰਗਾ ਪ੍ਰਦਰਸ਼ਨ ਕਰੇਗਾ।

ਜਥੇਦਾਰਾਂ ਦੀ ਨਿਯੁਕਤੀ ਤੇ ਸੇਵਾਮੁਕਤੀ ਸਬੰਧੀ ਵਿਧੀ ਵਿਧਾਨ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਸੁਝਾਅ ਮੰਗੇ

 

ਅੰਮ੍ਰਿਤਸਰ- ਬਜਟ ਇਜਲਾਸ ਵਿੱਚ ਤਖਤਾਂ ਦੇ ਜਥੇਦਾਰਾਂ ਦੀ ਨਿਯੁਕਤੀ, ਸੇਵਾਮੁਕਤੀ ਅਤੇ ਕਾਰਜ ਖੇਤਰ ਬਾਰੇ ਵਿਧੀ ਵਿਧਾਨ ਬਣਾਉਣ ਦਾ ਮਤਾ ਪਾਸ ਕੀਤੇ ਜਾਣ ਤੋਂ ਬਾਅਦ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਸ ਦਿਸ਼ਾ ਵਿੱਚ ਪ੍ਰਕਿਰਿਆ ਆਰੰਭ ਦਿੱਤੀ ਹੈ ਜਿਸ ਤਹਿਤ ਸਿੱਖ ਪੰਥ ਕੋਲੋਂ ਸੁਝਾਅ ਮੰਗੇ ਗਏ ਹਨ ਅਤੇ ਸੁਝਾਅ ਭੇਜਣ ਵਾਸਤੇ ਈਮੇਲ ਅਤੇ ਵਟਸ ਐਪ ਨੰਬਰ ਵੀ ਜਾਰੀ ਕੀਤੇ ਗਏ ਹਨ।

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਅੱਜ ਇਸ ਦਿਸ਼ਾ ਵੱਲ ਪਹਿਲਾ ਕਦਮ ਪੁੱਟਦਿਆਂ ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਦੀ ਯੋਗਤਾ, ਨਿਯੁਕਤੀ, ਕਾਰਜ ਖੇਤਰ, ਜ਼ਿੰਮੇਵਾਰੀਆਂ ਅਤੇ ਸੇਵਾਮੁਕਤੀ ਸਬੰਧੀ ਨਿਯਮ ਨਿਰਧਾਰਤ ਕਰਨ ਲਈ ਸਿੱਖ ਪੰਥ ਦੀਆਂ ਸਮੂਹ ਜਥੇਬੰਦੀਆਂ, ਦਮਦਮੀ ਟਕਸਾਲ, ਨਿਹੰਗ ਸਿੰਘ ਦਲਾਂ, ਆਲਮੀ ਸਿੱਖ ਸੰਸਥਾਵਾਂ, ਸਿੰਘ ਸਭਾਵਾਂ, ਦੀਵਾਨਾਂ, ਸਭਾ ਸੁਸਾਇਟੀਆਂ ਅਤੇ ਦੇਸ਼ ਵਿਦੇਸ਼ ਵਿਚ ਵੱਸਦੇ ਵਿਦਵਾਨਾਂ ਤੇ ਬੁੱਧੀਜੀਵੀਆਂ ਨੂੰ ਆਪਣੇ ਸੁਝਾਅ ਭੇਜਣ ਦੀ ਅਪੀਲ ਕੀਤੀ ਹੈ।

ਡੱਲੇਵਾਲ ਨੇ ਮਰਨ ਵਰਤ ਖਤਮ ਨਹੀਂ ਕੀਤਾ: ਕਿਸਾਨ ਆਗੂ

 

ਚੰਡੀਗੜ੍ਹ,- ਕਿਸਾਨ ਆਗੂ ਅਭਿਮਨਿਊ ਕੋਹਾੜ ਨੇ ਸ਼ਨਿੱਚਰਵਾਰ ਨੂੰ ਕਿਹਾ ਪੰਜਾਬ ਦੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੇ ਆਪਣਾ ਅਣਮਿੱਥੇ ਸਮੇਂ ਲਈ ਸ਼ੁਰੂ ਕੀਤਾ ਮਰਨ ਵਰਤ ਖਤਮ ਨਹੀਂ ਕੀਤਾ ਹੈ, ਭਾਵੇਂ ਕਿ ਉਨ੍ਹਾਂ ਨੇ ਪਿਛਲੇ ਹਫ਼ਤੇ ਸੂਬਾ ਪੁਲੀਸ ਦੁਆਰਾ ਹਿਰਾਸਤ ਵਿਚ ਲਏ ਗਏ ਕਿਸਾਨਾਂ ਨੂੰ ਵੱਖ-ਵੱਖ ਜੇਲ੍ਹਾਂ ਤੋਂ ਰਿਹਾਅ ਕਰਨ ਤੋਂ ਬਾਅਦ ਇਕ ਗਲਾਸ ਪਾਣੀ ਪੀਤਾ ਸੀ।

ਪੰਜਾਬ ਸਰਕਾਰ ਨੇ ਸ਼ੁੱਕਰਵਾਰ ਨੂੰ ਸੁਪਰੀਮ ਕੋਰਟ ਨੂੰ ਦੱਸਿਆ ਕਿ ਡੱਲੇਵਾਲ ਨੇ ਪਾਣੀ ਸਵੀਕਾਰ ਕੀਤਾ ਅਤੇ ਆਪਣਾ ਵਰਤ ਤੋੜ ਦਿੱਤਾ। ਪੰਜਾਬ ਸਰਕਾਰ ਦੇ ਦਾਅਵਿਆਂ ਦਾ ਵਿਰੋਧ ਕਰਦੇ ਹੋਏ ਕੋਹਾੜ ਨੇ ਸ਼ਨਿੱਚਰਵਾਰ ਨੂੰ ਕਿਹਾ ਕਿ ਡੱਲੇਵਾਲ ਨੇ ਸਪੱਸ਼ਟ ਕੀਤਾ ਸੀ ਕਿ ਉਹ ਸਾਰੇ ਕਿਸਾਨਾਂ ਦੀ ਰਿਹਾਈ ਤੋਂ ਬਾਅਦ ਹੀ ਪਾਣੀ ਪੀਣਗੇ ਅਤੇ ਡੱਲੇਵਾਲ ਨੇ ਕਿਸਾਨ ਆਗੂਆਂ ਦੀ ਰਿਹਾਈ ਤੋਂ ਬਾਅਦ ਇਕ ਗਲਾਸ ਪਾਣੀ ਪੀਤਾ ਹੈ। ਉਨ੍ਹਾਂ ਕਿਹਾ, &ldquoਅਸੀਂ ਇਹ ਸਪੱਸ਼ਟ ਕਰਨਾ ਚਾਹੁੰਦੇ ਹਾਂ ਕਿ ਇਕ ਗਲਤ ਪ੍ਰਭਾਵ ਪਾਇਆ ਜਾ ਰਿਹਾ ਸੀ ਕਿ ਡੱਲੇਵਾਲ ਨੇ ਆਪਣਾ ਅਣਮਿੱਥੇ ਸਮੇਂ ਲਈ ਮਰਨ ਵਰਤ ਖਤਮ ਕਰ ਦਿੱਤਾ ਹੈ। ਉਨ੍ਹਾਂ ਦੀ ਭੁੱਖ ਹੜਤਾਲ ਜਾਰੀ ਹੈ।&rdquo


ਪੰਜਾਬੀਆਂ ਨੂੰ ਪਨਾਮਾ ਡਿਪੋਰਟ ਕਰਨ &rsquoਤੇ ਰੋਕ

 ਬੋਸਟਨ : ਟਰੰਪ ਸਰਕਾਰ ਹੁਣ ਪੰਜਾਬੀਆਂ ਨੂੰ ਪਨਾਮਾ ਜਾਂ ਕੌਸਟਾ ਰੀਕਾ ਡਿਪੋਰਟ ਨਹੀਂ ਕਰ ਸਕੇਗੀ। ਜੀ ਹਾਂ, ਬੋਸਟਨ ਦੇ ਜ਼ਿਲ੍ਹਾ ਜੱਜ ਬਰਾਇਨ ਮਰਫ਼ੀ ਵੱਲੋਂ ਪ੍ਰਵਾਸੀਆਂ ਨੂੰ ਉਨ੍ਹਾਂ ਮੁਲਕਾਂ ਵੱਲ ਡਿਪੋਰਟ ਕਰਨ &rsquoਤੇ ਰੋਕ ਲਾ ਦਿਤੀ ਗਈ ਹੈ ਜਿਨ੍ਹਾਂ ਨਾਲ ਉਨ੍ਹਾਂ ਦਾ ਕੋਈ ਵਾਹ-ਵਾਸਤਾ ਨਹੀਂ। ਸਿਰਫ ਐਨਾ ਹੀ ਨਹੀਂ ਅਦਾਲਤ ਵੱਲੋਂ ਅਮਰੀਕਾ ਵਿਚ ਗੈਰਕਾਨੂੰਨੀ ਤੌਰ &rsquoਤੇ ਮੌਜੂਦ ਪ੍ਰਵਾਸੀਆਂ ਨੂੰ ਡਿਪੋਰਟ ਕਰਨ ਤੋਂ ਪਹਿਲਾਂ ਆਪਣਾ ਪੱਖ ਰੱਖਣ ਦਾ ਮੌਕਾ ਦਿਤੇ ਜਾਣ ਦੇ ਹੁਕਮ ਵੀ ਜਾਰੀ ਕੀਤੇ ਗਏ ਹਨ। ਜੱਜ ਬਰਾਇਨ ਮਰਫ਼ੀ ਦਾ ਫੈਸਲਾ ਪ੍ਰਵਾਸੀਆਂ ਨਾਲ ਸਬੰਧਤ ਕਈ ਜਥੇਬੰਦੀਆਂ ਵੱਲੋਂ ਸਾਂਝੇ ਤੌਰ &rsquoਤੇ ਦਾਇਰ ਮੁਕੱਦਮੇ ਉਤੇ ਸੁਣਵਾਈ ਦੌਰਾਨ ਆਇਆ ਹੈ। ਪ੍ਰਵਾਸੀਆਂ ਦੇ ਵਕੀਲਾਂ ਨੇ ਦਲੀਲ ਦਿਤੀ ਕਿ ਅਣਜਾਣ ਮੁਲਕਾਂ ਵੱਲ ਭੇਜੇ ਜਾਣ &rsquoਤੇ ਜਾਨ ਦਾ ਖਤਰਾ ਪੈਦਾ ਹੋ ਜਾਂਦਾ ਹੈ ਅਤੇ ਆਪਣੇ ਜੱਦੀ ਮੁਲਕਾਂ ਵੱਲ ਵਾਪਸੀ ਕਰਨੀ ਬੇਹੱਦ ਮੁਸ਼ਕਲ ਹੋ ਜਾਂਦੀ ਹੈ।

 

ਸ਼੍ਰੋਮਣੀ ਅਕਾਲੀ ਦਲ ਨੇ ਰਿਹਾਅ ਹੋਏ ਕਿਸਾਨਾਂ ਨਾਲ ਜਤਾਈ ਇਕਜੁੱਟਤਾ

ਪਟਿਆਲਾ-  ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਗੁਰਪ੍ਰੀਤ ਰਾਜੂ ਖੰਨਾ ਅਤੇ ਯੂਥ ਅਕਾਲੀ ਦਲ ਦੇ ਪ੍ਰਧਾਨ ਸਰਬਜੀਤ ਝਿੰਜਰ ਨੇ ਬੀਤੀ ਰਾਤ ਰੋਪੜ ਜੇਲ੍ਹ ਤੋਂ 9 ਦਿਨਾਂ ਦੀ ਨਜ਼ਰਬੰਦੀ ਤੋਂ ਬਾਅਦ ਰਿਹਾਅ ਹੋਏ ਕਿਸਾਨਾਂ ਨਾਲ ਮੁਲਾਕਾਤ ਕੀਤੀ। ਆਗੂਆਂ ਨੇ ਰਿਹਾਅ ਹੋਏ ਕਿਸਾਨਾਂ ਦੇ ਘਰ ਪਹੁੰਚਕੇ ਉਨ੍ਹਾਂ ਅਤੇ ਪੂਰੇ ਮੋਰਚੇ ਨਾਲ ਆਪਣੀ ਇਕਜੁੱਟਤਾ ਪ੍ਰਗਟ ਕੀਤੀ। ਕਿਸਾਨਾਂ ਦਾ ਘਰ ਵਾਪਿਸ ਸਵਾਗਤ ਕਰਨ ਤੋਂ ਬਾਅਦ ਮੀਡੀਆ ਨਾਲ ਗੱਲ ਕਰਦਿਆਂ ਗੁਰਪ੍ਰੀਤ ਰਾਜੂ ਖੰਨਾ ਨੇ ਕਿਹਾ, "ਭਗਵੰਤ ਮਾਨ ਸਰਕਾਰ ਵੱਲੋਂ ਸ਼ੰਭੂ ਅਤੇ ਖਨੌਰੀ ਸਰਹੱਦੀ ਮੋਰਚੇ ਨੂੰ ਜ਼ਬਰਦਸਤੀ ਹਟਾਏ ਜਾਣ ਤੋਂ ਬਾਅਦ ਇਨ੍ਹਾਂ ਕਿਸਾਨਾਂ ਨੂੰ ਹਿਰਾਸਤ ਵਿੱਚ ਲਿਆ ਗਿਆ ਸੀ - ਇਹ 'ਆਪ' ਸਰਕਾਰ ਵੱਲੋਂ ਇੱਕ ਵਿਸ਼ਵਾਸਘਾਤ ਸੀ। ਕਿਸਾਨ ਆਗੂਆਂ ਨੂੰ ਮੀਟਿੰਗ ਵਿੱਚ ਬੁਲਾਉਣ ਤੋਂ ਬਾਅਦ, ਸਰਕਾਰ ਨੇ ਉਸੇ ਦਿਨ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ, ਮੋਰਚੇ ਤੋੜ ਦਿੱਤੇ ਅਤੇ ਬਾਕੀ ਪ੍ਰਦਰਸ਼ਨਕਾਰੀ ਕਿਸਾਨਾਂ ਨੂੰ ਹਿਰਾਸਤ ਵਿੱਚ ਲੈ ਲਿਆ। ਜ਼ਖ਼ਮਾਂ 'ਤੇ ਹੋਰ ਲੂਣ ਛਿੜਕਦਿਆਂ, 'ਆਪ' ਸਰਕਾਰ ਨੇ ਆਪਣੇ ਵਿਧਾਇਕਾਂ ਅਤੇ ਪੁਲਿਸ ਨਾਲ ਮਿਲ ਕੇ ਮੋਰਚੇ ਨੂੰ ਪੂਰਾ ਲੁੱਟਿਆ, ਅਤੇ ਸਾਡੇ ਕਿਸਾਨਾਂ ਦੀ ਟਰਾਲੀਆਂ ਅਤੇ ਕੀਮਤੀ ਸਮਾਨ ਚੋਰੀ ਕਰ ਲਿਆ।"

 

 

CM ਮਾਨ ਦੀ ਧੀ ਦਾ ਜਨਮਦਿਨ: ਗੁਰਦਾਸ ਮਾਨ ਅਤੇ ਰਣਜੀਤ ਬਾਵਾ ਨੇ ਪਾਇਆ ਭੰਗੜਾ

 ਮੋਹਾਲੀ &ndash ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਧੀ, ਨਿਆਮਤ, 1 ਸਾਲ ਦੀ ਹੋ ਗਈ। ਇਸ ਉਤਸਵ ਦੇ ਮੌਕੇ 'ਤੇ ਮੁੱਖ ਮੰਤਰੀ ਮਾਨ ਨੇ ਵੱਡੇ ਪੱਧਰ 'ਤੇ ਜਸ਼ਨ ਮਨਾਇਆ, ਜਿਸ ਵਿੱਚ ਪ੍ਰਸਿੱਧ ਪੰਜਾਬੀ ਗਾਇਕ ਗੁਰਦਾਸ ਮਾਨ ਅਤੇ ਰਣਜੀਤ ਬਾਵਾ ਨੇ ਸ਼ਮੂਲੀਅਤ ਕੀਤੀ। ਇਸ ਖੁਸ਼ੀ ਭਰੇ ਮੌਕੇ 'ਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਗੁਰਦਾਸ ਮਾਨ ਅਤੇ ਰਣਜੀਤ ਬਾਵਾ ਨਾਲ ਮਿਲ ਕੇ ਭੰਗੜਾ ਪਾਇਆ। ਇਹ ਦ੍ਰਿਸ਼ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੇ ਹਨ। ਵੀਡੀਓ ਵਿੱਚ ਤਿੰਨਾਂ ਕਲਾਕਾਰਾਂ ਦੀ ਜ਼ਬਰਦਸਤ ਜ਼ਿੰਦਾਦਿਲੀ ਦੇਖਣ ਯੋਗ ਹੈ, ਜਿਸਨੇ ਦਰਸ਼ਕਾਂ ਦਾ ਦਿਲ ਜਿੱਤ ਲਿਆ।