ਪੰਜਾਬ ਵਿਚ ਬੇਅੰਤ ਦਾ ਰਾਜ ਪਰਤਿਆ ਝੂਠੇ ਮੁਕਾਬਲਿਆਂ ਬਾਰੇ ਅਵਾਜ਼ ਚੱੁਕਣ ਪੰਜਾਬੀ

-ਰਜਿੰਦਰ ਸਿੰਘ ਪੁਰੇਵਾਲ

ਪੰਜਾਬ ਵਿਚ ਝੂਠੇ ਮੁਕਾਬਲਿਆਂ ਤੋਂ ਜਾਪਦਾ ਹੈ ਕਿ ਬੇਅੰਤ ਸਿੰਘ ਦੇ ਅਨਿਆਂਕਾਰੀ ਰਾਜ ਦਾ ਦੌਰ ਪਰਤ ਆਇਆ ਹੈ| ਕੁਝ ਸਮੇਂ ਤੋਂ ਅਪਰਾਧੀਆਂ ਖਾਸ ਕਰਕੇ ਗੈਂਗਸਟਰਾਂ ਤੇ ਕਥਿਤ ਖਾੜਕੂਆਂ ਨਾਲ ਮੁਕਾਬਲਿਆਂ ਚ ਲਗਾਤਾਰ ਵਾਧਾ ਦਰਜ ਹੋਇਆ ਹੈ| ਮੌਜੂਦਾ ਵਰ੍ਹੇ ਜਨਵਰੀ ਤੋਂ ਲੈ ਕੇ 31 ਮਾਰਚ ਤੱਕ 41 ਪੁਲੀਸ ਮੁਕਾਬਲੇ ਹੋਏ ਹਨ ਜੋ ਪਿਛਲੇ ਸਾਲ ਹੋਏ ਕੁੱਲ 64 ਮੁਕਾਬਲਿਆਂ ਨਾਲੋਂ ਕਿਤੇ ਜ਼ਿਆਦਾ ਹਨ| ਹਾਲੇ ਤੱਕ ਕਿਸੇ ਵੀ ਪੀੜਤ ਦੇ ਪਰਿਵਾਰ ਨੇ ਜਨਤਕ ਤੌਰ ਤੇ ਮੁਕਾਬਲਿਆਂ ਉਪਰ ਨਾ ਸਵਾਲ ਖੜ੍ਹੇ ਕੀਤੇ ਹਨ ਅਤੇ ਨਾ ਹੀ ਉਨ੍ਹਾਂ ਨੂੰ ਫਰਜ਼ੀ ਦੱਸਿਆ ਹੈ| ਪਰ ਮਨੁੱਖੀ ਅਧਿਕਾਰ ਸੰਗਠਨ ਅਵਾਜ ਉਠਾ ਰਹੇ ਹਨ| ਪੀੜਤ ਪਰਿਵਾਰ ਦਹਿਸ਼ਤ ਵਿਚ ਹਨ| ਦਬੀ ਜ਼ੁਬਾਨ ਵਿਚ ਇਨ੍ਹਾਂ ਮੁਕਾਬਲਿਆਂ ਉਪਰ ਦੁਖ ਪ੍ਰਗਟਾ ਰਹੇ ਹਨ| ਬਹੁਤੇ ਇਹ ਗਰੀਬ ਪਰਿਵਾਰ ਹਨ ਜੋ ਇਨਸਾਫ ਲਈ ਲੜ ਹੀ ਨਹੀਂ ਸਕਦੇ| ਤਕਰੀਬਨ ਦੋ ਦਿਨਾਂ ਚ ਇਕ ਮੁਕਾਬਲਾ ਹੋ ਰਿਹਾ ਹੈ ਜਿਥੋਂ ਪਤਾ ਲਗਦਾ ਹੈ ਕਿ ਪੁਲੀਸ ਨੂੰ ਸੂਬਾ ਸਰਕਾਰ ਅਤੇ ਸਿਖਰਲੇ ਅਧਿਕਾਰੀਆਂ ਦੀ ਪ੍ਰਵਾਨਗੀ ਮਿਲੀ ਹੋਈ ਹੈ|
ਹਾਲੀਆ ਦੋ ਘਟਨਾਵਾਂ ਦੌਰਾਨ ਅੰਮ੍ਰਿਤਸਰ ਵਿੱਚ ਹੱਤਿਆ ਦਾ ਇਕ ਮੁਲਜ਼ਮ ਅਤੇ ਪਟਿਆਲਾ ਚ ਇਕ ਅਗ਼ਵਾਕਾਰ ਪੁਲੀਸ ਗੋਲੀਬਾਰੀ ਚ ਮਾਰੇ ਗਏ| ਇਨ੍ਹਾਂ ਤੋਂ ਇਲਾਵਾ ਪੁਲੀਸ ਨਾਲ ਮੁਕਾਬਲਿਆਂ ਦੌਰਾਨ ਗੈਂਗਸਟਰਾਂ, ਨਸ਼ਾ ਤਸਕਰਾਂ ਅਤੇ ਕਾਤਲਾਂ ਸਮੇਤ ਕਰੀਬ 45 ਅਪਰਾਧੀਆਂ ਦੀਆਂ ਲੱਤਾਂ ਤੇ ਗੋਲੀਆਂ ਲੱਗੀਆਂ ਹਨ| ਇਨ੍ਹਾਂ ਘਟਨਾਵਾਂ ਤੋਂ ਇਕ ਗੱਲ ਉੱਭਰ ਕੇ ਸਾਹਮਣੇ ਆਈ ਹੈ ਕਿ ਪੰਜਾਬ ਪੁਲੀਸ ਨੇ ਅਦਾਲਤੀ ਨਿਆਂ ਤੋਂ ਬਾਹਰ ਜਾਕੇ ਜੁਰਮ ਖ਼ਿਲਾਫ਼ ਤਿੱਖਾ ਰੁਖ਼ ਅਪਣਾਇਆ ਹੈ ਪਰ ਸੱਤਾ ਦੀ ਸੰਭਾਵੀ ਦੁਰਵਰਤੋਂ ਦਾ ਖ਼ਤਰਾ ਵੀ ਵਧ ਗਿਆ ਹੈ| ਇੰਜ ਜਾਪਦਾ ਹੈ ਕਿ ਮੁਕਾਬਲਿਆਂ ਦਾ ਅਧਿਕਾਰ ਮਿਲਣ ਕਾਰਨ ਪਿਛਲੇ ਮਹੀਨੇ ਪਟਿਆਲਾ ਚ ਥਲ ਸੈਨਾ ਦੇ ਕਰਨਲ ਅਤੇ ਉਸ ਦੇ ਪੁੱਤਰ ਦੀ ਕਰੀਬ 12 ਪੁਲੀਸ ਕਰਮੀਆਂ ਵੱਲੋਂ ਕੁੱਟਮਾਰ ਕਰਨ ਨਾਲ ਵਧੀਕੀਆਂ ਵਧ ਗਈਆਂ ਹਨ|
ਮਨੁੱਖੀ ਹੱਕਾਂ ਬਾਰੇ ਕਾਰਕੁਨ ਨਵਕਿਰਨ ਸਿੰਘ ਤੇ ਪੰਥਕ ਆਗੂ ਗਿਆਨੀ ਕੇਵਲ ਸਿੰਘ ਸਾਬਕਾ ਜਥੇਦਾਰ ਅਕਾਲ ਤਖਤ ਸਾਹਿਬ ਨੇ ਪੁਲੀਸ ਨੂੰ ਮੁਕਾਬਲਿਆਂ ਲਈ ਦਿੱਤੀਆਂ ਖੁੱਲ੍ਹੀਆਂ ਤਾਕਤਾਂ ਖ਼ਿਲਾਫ਼ ਚਿਤਾਵਨੀ ਦਿੱਤੀ ਹੈ| ਉਨ੍ਹਾਂ ਕਿਹਾ, ਵਿਸ਼ੇਸ਼ ਅਧਿਕਾਰ ਮਿਲਣ ਨਾਲ ਵਿਅਕਤੀ ਕਾਨੂੰਨ ਆਪਣੇ ਹੱਥਾਂ ਚ ਲੈ ਲੈਂਦਾ ਹੈ| ਪੰਜਾਬ ਵਿਚ ਦਰਬਾਰਾ ਸਿੰਘ ਤੋਂ ਲੈਕੇ ਬੇਅੰਤ ਸਿੰਘ ਰਾਜ ਦੌਰਾਨ ਫ਼ਰਜ਼ੀ ਮੁਕਾਬਲਿਆਂ ਦਾ ਇਤਿਹਾਸ ਰਿਹਾ ਹੈ| ਇਹਨਾਂ ਝੂਠੇ ਮੁਕਾਬਲਿਆਂ ਤੇ ਪੱਚੀ ਹਜ਼ਾਰ ਲਵਾਰਸ ਲਾਸ਼ਾਂ ਦਾ ਪਰਦਾਫਾਸ਼ ਜਸਵੰਤ ਸਿੰਘ ਖਾਲੜਾ ਨੇ ਕੀਤਾ ਸੀ| ਪੁਲਿਸ ਨੇ ਖੁਣਸ ਖਾਕੇ ਉਸਨੂੰ ਵੀ ਲਵਾਰਸ ਲਾਸ਼ ਬਣਾ ਦਿੱਤਾ ਸੀ| ਇਹ ਖ਼ਤਰਨਾਕ ਰੁਝਾਨ ਹੈ ਜੋ ਕਾਨੂੰਨ ਦੇ ਰਾਜ ਨੂੰ ਕਮਜ਼ੋਰ ਬਣਾਉਂਦਾ ਹੈ| ਜੇ ਇਸ ਰੁਝਾਨ ਨੂੰ ਠੱਲ੍ਹ ਨਾ ਪਈ ਤਾਂ ਮੈਨੂੰ ਮਹਿਸੂਸ ਹੁੰਦਾ ਹੈ ਕਿ ਬੇਕਸੂਰ ਵਿਅਕਤੀਆਂ ਨੂੰ ਵੀ ਨੁਕਸਾਨ ਪਹੁੰਚਾਇਆ ਜਾ ਸਕਦਾ ਹੈ|
ਡੀਜੀਪੀ ਗੌਰਵ ਯਾਦਵ ਦਾ ਇਸ ਬਾਰੇ ਕਹਿਣਾ ਹੈ ਕਿ ਪੁਲੀਸ ਅਪਰੇਸ਼ਨਾਂ ਦੌਰਾਨ ਅਪਰਾਧੀਆਂ ਨੂੰ ਸਰੀਰਕ ਤੌਰ ਤੇ ਨੁਕਸਾਨ ਪਹੁੰਚਾਏ ਜਾਣ ਦੀ ਕੋਈ ਨੀਤੀ ਨਹੀਂ ਹੈ| ਉਂਜ ਪੁਲੀਸ ਤੇ ਹਥਿਆਰਬੰਦ ਮਸ਼ਕੂਕਾਂ ਵੱਲੋਂ ਗੋਲੀਆਂ ਚਲਾਉਣ ਤੇ ਜਵਾਬ ਦੇਣਾ ਜ਼ਰੂਰੀ ਹੋ ਜਾਂਦਾ ਹੈ| ਹਾਲੀਆ ਮੁਕਾਬਲਿਆਂ ਚ ਅਪਰਾਧੀਆਂ ਨੇ ਪਹਿਲਾਂ ਗੋਲੀਆਂ ਚਲਾਈਆਂ ਹਨ| ਫਿਰ ਵੀ ਸਾਡੀਆਂ ਟੀਮਾਂ ਨੇ ਸੰਜਮ ਵਰਤਿਆ ਅਤੇ ਉਨ੍ਹਾਂ ਸਿਰਫ਼ ਲੱਤਾਂ ਤੇ ਨਿਸ਼ਾਨਾ ਲਾਇਆ ਤਾਂ ਜੋ ਉਹ ਫ਼ਰਾਰ ਨਾ ਹੋ ਸਕਣ|
ਡੀਜੀਪੀ ਦਾ ਬਿਆਨ ਸ਼ੱਕੀ ਕਿਸਮ ਦਾ ਹੈ| ਕਿਉਂਕਿ ਪੁਲੀਸ ਦੀ ਫਿਲਮੀ ਕਹਾਣੀ ਇਕੋ ਜਿਹੀ ਹੈ ਜੋ ਖਾੜਕੂਵਾਦ ਦੇ ਦਿਨਾਂ ਦੌਰਾਨ ਘੜੀ ਜਾਂਦੀ ਸੀ| ਮਨੁੱਖੀ ਅਧਿਕਾਰ ਸੰਗਠਨਾਂ, ਸਮੂਹ ਪੰਜਾਬੀਆਂ ਨੂੰ ਕਨੂੰਨ ਦਾ ਰਾਜ ਲਿਆਉਣ ਲਈ ਇਨ੍ਹਾਂ ਝੂਠੇ ਮੁਕਾਬਲਿਆਂ ਦਾ ਵਿਰੋਧ ਕਰਨਾ ਚਾਹੀਦਾ ਹੈ| ਅੱਜਕਲ੍ਹ ਪੰਜਾਬ ਕੇਜਰੀਵਾਲ ਸੁਪਰ ਚੀਫ ਮਨਿਸਟਰ ਬਣਕੇ ਚਲਾ ਰਿਹਾ ਹੈ| ਉਸਦੇ ਬਿਆਨਾਂ ਤੋਂ ਜਾਪਦਾ ਹੈ ਕਿ ਭਗਵੰਤ ਮਾਨ ਦੀ ਥਾਂ ਉਹ ਚੀਫ ਮਨਿਸਟਰ ਹੋਵੇ| ਆਪ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਪੰਜਾਬ ਸਰਕਾਰ ਵਲੋਂ ਨਸ਼ਿਆਂ ਵਿਰੁੱਧ ਛੇੜੇ ਯੁੱਧ ਨੂੰ ਹੋਰ ਤੇਜ਼ ਕਰਨ ਦੀ ਅਪੀਲ ਕਰਦਿਆਂ ਕਿਹਾ ਕਿ ਜੇਕਰ ਨਸ਼ਾ ਤਸਕਰਾਂ ਨੇ ਜਿਊਣਾ ਹੈ ਤਾਂ ਉਹ ਨਸ਼ਿਆਂ ਦੀ ਤਸਕਰੀ ਤੋਂ ਤੌਬਾ ਕਰ ਜਾਣ ਜਾਂ ਫਿਰ ਪੰਜਾਬ ਤੋਂ ਬਾਹਰ ਚਲੇ ਜਾਣ| ਨਸ਼ਿਆਂ ਵਿਰੁੱਧ&rsquo ਸਰਕਾਰੀ ਮੁਹਿੰਮ ਇਕ ਡਰਾਮਾ ਬਣਕੇ ਰਹਿ ਗਈ ਹੈ| ਅਜੇ ਤਕ ਕੋਈ ਵੱਡਾ ਸਮਗਲਰ ਫੜਿਆ ਨਹੀਂ ਗਿਆ| 
-ਰਜਿੰਦਰ ਸਿੰਘ ਪੁਰੇਵਾਲ