image caption: ਜਥੇਦਾਰ ਮਹਿੰਦਰ ਸਿੰਘ ਯੂ.ਕੇ.

ਆਰ.ਐੱਸ.ਐੱਸ. ਨੇ ਸਿੱਖੀ ਦਾ ਮੁਗ਼ਲਾਂ ਨਾਲੋਂ ਵੀ ਵੱਧ ਨੁਕਸਾਨ ਕੀਤਾ

ਭਾਰਤ ਦਾ ਇਤਿਹਾਸ ਗਵਾਹ ਹੈ ਕਿ ਸਮਰਾਟ ਅਸ਼ੋਕ ਨੇ ਪਟਨੇ ਗੰਗਾ ਦੇ ਕਿਨਾਰੇ ਮਹਿੰਦਰੂ ਆਣ ਤੇ ਆਪਣੀ ਤਲਵਾਰ ਅਤੇ ਬਾਕੀ ਸ਼ਸਤਰ ਗੰਗਾ ਵਿੱਚ ਸੁੱਟ ਦਿੱਤੇ ਸਨ ਅਤੇ ਹਿੰਦੂ ਧਰਮ ਛੱਡ ਕੇ ਬੁੱਧ ਧਰਮ ਅਪਣਾ ਕੇ ਬੋਧੀ ਬਣ ਗਿਆ ਸੀ। ਪਟਨੇ ਗੰਗਾ ਦੇ ਕਿਨਾਰੇ ਤੋਂ ਹੀ ਗੁਰੂ ਗੋਬਿੰਦ ਸਿੰਘ ਜੀ ਨੇ ਸ਼ਸਤਰਹੀਣ ਹੋ ਕੇ ਜਲਾਲਤ ਅਤੇ ਗ਼ੁਲਾਮੀ ਦਾ ਜੀਵਨ ਜੀਉ ਰਹੇ ਭਾਰਤ ਵਾਸੀਆਂ ਨੂੰ ਸ਼ਸਤਰਧਾਰੀ ਹੋਣ ਦਾ ਸਬਕ ਪੜ੍ਹਾਇਆ ਸੀ ਅਤੇ ਇਸ ਸ਼ਸਤਰਧਾਰੀ ਪੰਥ ਨੇ ਹੀ ਭਾਰਤ ਵਾਸੀਆਂ ਨੂੰ ਮੁਗ਼ਲਾਂ ਦੀ 800 ਸਾਲਾਂ ਦੀ ਗ਼ੁਲਾਮੀ ਤੋਂ ਨਿਜਾਤ ਦਿਵਾ ਕੇ ਬੰਦਾ ਸਿੰਘ ਬਹਾਦਰ ਦੀ ਅਗਵਾਈ ਵਿੱਚ ਗ਼ੁਲਾਮ ਹਿੰਦੂ ਕੌਮ ਨੂੰ ਅਜ਼ਾਦੀ ਵਿੱਚ ਸਾਹ ਲੈਣਾ ਸਿਖਾਇਆ ਸੀ। 
ਖੈਰ, ਇਹ ਇੱਕ ਵੱਖਰਾ ਵਿਸ਼ਾ ਹੈ। ਅਸੀਂ ਗੱਲ ਕਰਦੇ ਸੀ ਕਿ ਜਦੋਂ ਸਮਰਾਟ ਅਸ਼ੋਕ ਹਿੰਦੂ ਧਰਮ ਛੱਡ ਕੇ ਬੋਧੀ ਬਣ ਗਿਆ ਤਾਂ ਬ੍ਰਾਹਮਣਾਂ ਨੂੰ ਆਪਣੇ ਭਵਿੱਖ ਦੀ ਚਿੰਤਾ ਸਤਾਉਣ ਲੱਗੀ, ਕਿਉਂਕਿ ਜੇ ਸਮਰਾਟ ਅਸ਼ੋਕ ਦੇ ਮਗਰ ਲੱਗ ਕੇ ਸਾਰੇ ਹਿੰਦੂ ਬੋਧੀ ਬਣ ਗਏ ਤਾਂ ਬ੍ਰਾਹਮਣਾਂ ਦੀਆਂ ਅੰਧ ਵਿਸ਼ਵਾਸ਼ਾਂ ਅਤੇ ਕਰਮ ਕਾਂਡਾਂ ਦੀਆਂ ਚਲਦੀਆਂ ਦੁਕਾਨਾਂ ਬੰਦ ਹੋ ਜਾਣਗੀਆਂ ਅਤੇ ਬ੍ਰਾਹਮਣਾਂ ਵੱਲੋਂ ਵਰ, ਸਰਾਪਾਂ ਦੇ ਡਰਾਵੇ ਦੇ ਕੇ ਭੋਲੇ-ਭਾਲੇ ਲੋਕਾਂ ਦੀ ਕੀਤੀ ਜਾ ਰਹੀ ਲੁੱਟ-ਖਸੁੱਟ ਬੰਦ ਹੋ ਜਾਵੇਗੀ ਅਤੇ ਉਲ਼ਟਾ ਬ੍ਰਾਹਮਣਾਂ ਨੂੰ ਵੀ ਕਚਕੋਲ ਵਿੱਚ ਭਿਖਿਆ ਮੰਗਣੀ ਪਵੇਗੀ ਅਤੇ ਐਸ਼ੋ-ਆਰਾਮ ਦੀ ਜ਼ਿੰਦਗੀ ਛੱਡ ਕੇ ਭੂੰਜੇ ਸੌਣਾ ਪਵੇਗਾ। ਚਲਾਕ ਬ੍ਰਾਹਮਣਾਂ ਨੇ ਚਾਣਕੀਆ ਨੀਤੀ ਤੋਂ ਕੰਮ ਲਿਆ ਅਤੇ ਆਪਣੇ ਕੁਝ ਅਚਾਰੀਆ (ਬ੍ਰਾਹਮਣ ਪ੍ਰਚਾਰਕਾਂ) ਨੂੰ ਬੁੱਧ ਧਰਮ ਅਪਨਾਉਣ ਦਾ ਹੁਕਮ ਦੇ ਦਿੱਤਾ ਅਤੇ ਜਦੋਂ ਬ੍ਰਾਹਮਣ ਪ੍ਰਚਾਰਕਾਂ ਨੇ ਬੁੱਧ ਧਰਮ ਅਪਣਾ ਲਿਆ ਤਾਂ ਬ੍ਰਾਹਮਣ ਗੁਰੂਆਂ ਨੇ ਬ੍ਰਾਹਮਣਾਂ ਤੋਂ ਬਣੇ ਬੋਧੀ ਪ੍ਰਚਾਰਕਾਂ ਨੂੰ ਚਾਣਕੀਆ ਨੀਤੀ ਦੇ ਅਸੂਲਾਂ ਤੋਂ ਜਾਣੂ ਕਰਵਾਉਂਦਿਆਂ ਆਦੇਸ਼ ਦਿੱਤੇ ਕਿ ਹੁਣ ਤੁਹਾਡੀ ਬਾਣੀ ਅਤੇ ਬਾਣਾ ਬੋਧੀਆਂ ਨਾਲ ਅਭੇਦ ਹੋ ਗਿਆ ਹੈ, ਇਸ ਕਰਕੇ ਹੁਣ ਸਾਰੇ ਭਾਰਤੀ ਬੋਧੀ ਤੁਹਾਨੂੰ ਬ੍ਰਾਹਮਣ ਨਹੀਂ ਸਗੋਂ ਬੋਧੀ ਸਮਝਣਗੇ ਅਤੇ ਹੁਣ ਤੁਸੀਂ (ਭੇਖੀ ਬੋਧੀ) ਜਦੋਂ ਬੁੱਧ ਧਰਮ ਨੂੰ ਭਾਰਤ ਵਿੱਚੋਂ ਨੇਸਤੋਨਾਬੂਦ ਕਰਨ ਅਤੇ ਬੁੱਧ ਧਰਮ ਦੇ ਸਿਧਾਂਤ ਨੂੰ ਮੁੜ ਕੇ ਹਿੰਦੂ ਧਰਮ ਵਿੱਚ ਜਜਬ ਕਰਨ ਲਈ, ਜਿੰਨੀਆਂ ਵੀ ਯੋਜਨਾਵਾਂ ਤਿਆਰ ਕਰੋਗੇ ਲੋਕ ਸਮਝਣਗੇ ਕਿ ਬੁੱਧ ਧਰਮ ਦੇ ਸਿਧਾਂਤਾਂ ਵਿੱਚ ਤਬਦੀਲੀਆਂ ਖ਼ੁਦ ਬੁੱਧ ਧਰਮ ਦੇ ਆਗੂ ਹੀ ਕਰ ਰਹੇ ਹਨ ਅਤੇ ਬ੍ਰਾਹਮਣਾਂ ਤੇ ਕਿਸੇ ਨੂੰ ਸ਼ੱਕ ਵੀ ਨਹੀਂ ਹੋਵੇਗਾ ਕਿ ਬ੍ਰਾਹਮਣ ਕਿਵੇਂ ਬੁੱਧ ਧਰਮ ਨੂੰ ਆਪਣੇ ਵਿੱਚ ਸਮੇਟ ਰਿਹਾ ਹੈ। ਬ੍ਰਾਹਮਣਾਂ ਤੋਂ ਬਣੇ ਭੇਖੀ ਬੋਧੀਆਂ ਨੇ ਸਭ ਤੋਂ ਪਹਿਲਾਂ ਕੌਮ ਇਹ ਕੀਤਾ ਕਿ ਬੁੱਧ ਦੀਆਂ ਮੂਰਤੀਆਂ ਬਣਵਾ ਕੇ ਬੁੱਧ ਮਨਾਂ ਵਿੱਚ ਸਥਾਪਤ ਕਰ ਦਿੱਤੀਆਂ ਅਤੇ ਬੁੱਧ ਧਰਮ ਦੇ ਮੁੱਖ ਸਿਧਾਂਤ ਵਿੱਚ ਹੀ ਰਲ਼ੇਵਾਂ ਕਰ ਦਿੱਤਾ ਗਿਆ ਕਿਉਂਕਿ ਬੁੱਧ ਧਰਮ ਦਾ ਸਿਧਾਂਤ ਮੂਰਤੀ ਪੂਜਾ ਦੀ ਆਗਿਆ ਨਹੀਂ ਦਿੰਦਾ। 
ਬੋਧੀਆਂ ਦੇ ਮਨਾਂ ਵਿੱਚ ਬੁੱਧ ਦੀ ਮੂਰਤੀ ਸਥਾਪਤ ਕਰਨ ਤੋਂ ਬਾਅਦ ਇਹਨਾਂ ਭੇਖੀ ਬੋਧੀਆਂ ਨੇ ਭਾਰਤ ਵਿੱਚ ਜੋ ਬੁੱਧ ਧਰਮ ਦਾ ਹੂਲੀਆ ਵਿਗਾੜਿਆ ਹੈ, ਅੱਜ ਸਾਰਿਆਂ ਦੇ ਸਾਹਮਣੇ ਹੈ ਅਤੇ ਇਹੀ ਖੇਡ ਹੁਣ ਸਿੱਖ ਪੰਥ ਨਾਲ ਖੇਡੀ ਜਾ ਰਹੀ ਹੈ। ਲੀਡਰ ਬ੍ਰਾਹਮਣਾਂ ਨੇ 1947 ਦੀ ਦੇਸ਼ ਦੀ ਵੰਡ ਤੋਂ ਬਾਅਦ ਇਸੇ ਚਾਣਕਿਆ ਨੀਤੀ ਅਨੁਸਾਰ ਹੀ ਸਿੱਖ ਧਰਮ ਨੂੰ ਹਿੰਦੂ ਧਰਮ ਦਾ ਹੀ ਇੱਕ ਅੰਗ ਦੱਸ ਕੇ ਭਾਰਤ ਦੇ ਸੰਵਿਧਾਨ ਵਿੱਚ ਸਿੱਖਾਂ ਨੂੰ ਇੱਕ ਵੱਖਰੀ ਕੌਮ ਮੰਨਣ ਤੋਂ ਇਨਕਾਰ ਕੀਤਾ ਹੋਇਆ ਹੈ। ਭਾਰਤ ਦੀਆਂ ਸਾਰੀਆਂ ਸਿਆਸੀ ਪਾਰਟੀਆਂ, ਕਾਂਗਰਸ, ਭਾਜਪਾ, ਕਾਮਰੇਡ ਆਦਿ ਸਿੱਖਾਂ ਦੀ ਨਸਲਕੁਸ਼ੀ ਵਿੱਚ ਭਾਈਵਾਲ ਹਨ। ਸਿੱਖ ਵਿਰੋਧੀ ਸ਼ਕਤੀਆਂ ਨੇ ਸਿੱਖ ਧਰਮ ਦੇ ਮੁੱਖ ਸਿਧਾਤਾਂ ਨੂੰ ਖ਼ਤਮ ਕਰ ਕੇ ਤੇ ਹਿੰਦੂ ਧਰਮ ਵਿੱਚ ਮਿਲ਼ਗੋਭਾ ਕਰਨ ਵਾਲ਼ਿਆਂ ਨੂੰ ਵੀ ਬਕਾਇਦਾ ਟਰੇਨਿੰਗ ਦਿੱਤੀ ਅਤੇ ਇੱਥੋਂ ਤਕ ਕਿ ਖੰਡੇ-ਬਾਟੇ ਦੀ ਪਹੁਲ ਛਕਾ ਕੇ, ਬਾਣੀ ਤੇ ਬਾਣੇ ਦੇ ਧਾਰਨੀ ਬਣਾ ਕੇ ਸਿੱਖ ਪੰਥ ਵਿੱਚ ਘੁਸਪੈਠ ਕਰਵਾਈ ਹੋਈ ਹੈ। ਸਿੱਖ ਵਿਰੋਧੀ ਸ਼ਕਤੀਆਂ ਅਤੇ ਖ਼ੁਫ਼ੀਆ ਏਜੰਸੀਆਂ ਵੱਲੋਂ ਪਲਾਂਟ ਕੀਤੇ ਗਏ ਭੇਖੀ ਸਿੱਖਾਂ ਨੇ ਜਿੰਨਾ ਵਰਤਮਾਨ ਵਿੱਚ ਸਿੱਖ ਕੌਮ ਦਾ ਨੁਕਸਾਨ ਕੀਤਾ ਹੈ, ਓਨਾ ਅਠਾ੍ਹਰਵੀਂ ਸਦੀ ਵਿੱਚ ਮੁਗ਼ਲ ਸਰਕਾਰਾਂ ਵੱਲੋਂ ਸਿੱਖਾਂ ਦਾ ਖੁਰਾ ਖੋਜ ਮਿਟਾਉਣ ਅਤੇ ਸਿੱਖਾਂ ਦੇ ਸਿਰਾਂ ਦੇ ਮੱੁਲ ਪੈਣ ਸਮੇਂ ਵੀ ਨਹੀਂ ਸੀ ਹੋਇਆ। ਸਿੱਖ ਵਿਰੋਧੀ ਸ਼ਕਤੀਆਂ, ਚਾਣਕਿਆ ਨੀਤੀ ਰਾਹੀਂ ਸਿੱਖਾਂ ਦਾ ਹਿੰਦੂਕਰਨ ਵਿੱਚ ਕਾਮਯਾਬ ਵੀ ਹੋ ਰਹੀਆਂ ਹਨ। ਸਿੱਖੀ ਸਰੂਪ ਵਿੱਚ ਆਰ.ਐੱਸ.ਐੱਸ. (ਰਾਸ਼ਟਰੀ ਸਵੈਮ ਸੇਵਕ ਸੰਘ) ਦੀ ਸ਼ਾਖਾ ਰਾਸ਼ਟਰੀ ਸਿੱਖ ਸੰਗਤ ਸਾਂਝੀਵਾਲਤਾ ਦਾ ਨਾਅਰਾ ਦੇ ਕੇ ਅਜੋਕੀ ਸਿੱਖ ਪਨੀਰੀ ਦਾ ਹਿੰਦੂਕਰਨ ਕਰਨ ਵਿੱਚ ਸਭ ਤੋਂ ਅੱਗੇ ਹੈ। ਹੁਣ ਤਾਂ ਕਈ ਅਖੋਤੀ ਸਿੱਖ ਸੰਪਰਦਾਵਾਂ ਸਿੱਖੀ ਦੀ ਮੁੱਖਧਾਰਾ ਛੱਡ ਕੇ ਬ੍ਰਾਹਮਣਵਾਦ ਦਾ ਪ੍ਰਚਾਰ ਜ਼ੋਰਾਂ-ਸ਼ੋਰਾਂ ਨਾਲ ਕਰ ਰਹੀਆਂ ਹਨ ਅਤੇ ਇਹ ਅਖੋਤੀ ਸਿੱਖ ਸੰਪਰਦਾਵਾਂ, ਖੰਡੇ-ਬਾਟੇ ਦੀ ਪਹੁਲ ਨੂੰ ਜ਼ਰੂਰੀ ਨਹੀਂ ਸਮਝਦੀਆਂ। ਇੱਥੋਂ ਤਕ ਕਿ ਸ਼੍ਰੋਮਣੀ ਕਮੇਟੀ, ਧਰਮ ਪ੍ਰਚਾਰ ਕਮੇਟੀ ਅਤੇ ਸਾਡੇ ਤਖ਼ਤਾਂ ਦੇ ਜਥੇਦਾਰ ਸਾਹਿਬਾਨਾਂ ਨੇ ਵੀ ਗੁਰੂ ਗ੍ਰੰਥ, ਗੁਰੂ ਪੰਥ ਦੀ ਵਿਆਖਿਆ ਆਪੋ-ਆਪਣੇ ਹਿੱਤਾਂ ਨੂੰ ਮੁੱਖ ਰੱਖ ਕੇ ਕੀਤੀ ਹੈ। ਇਸ ਕਰਕੇ ਸਾਡੇ ਤਖ਼ਤਾਂ ਦੇ ਜਥੇਦਾਰ ਸਾਹਿਬਾਨ ਵੀ ਸਿੱਖ ਪੰਥ ਵਿੱਚ ਦੁਫੇੜ ਪਾਉਣ ਦੇ ਦੋਸ਼ ਤੋਂ ਮੁਕਤ ਨਹੀਂ ਹਨ ਕਿਉਂਕਿ ਤਖ਼ਤ ਸ੍ਰੀ ਪਟਨਾ ਸਾਹਿਬ ਅਤੇ ਤਖ਼ਤ ਸ੍ਰੀ ਹਜ਼ੂਰ ਸਾਹਿਬ ਨੰਦੇੜ ਵਿਖੇ ਦਸਵੇਂ ਨਾਨਕ, ਗੁਰੂ ਗੋਬਿੰਦ ਸਿੰਘ ਜੀ ਦੀ ਨਿਰਧਾਰਤ ਕੀਤੀ ਪੰਥਕ ਮਰਯਾਦਾ ਦੀਆਂ ਧੱਜੀਆਂ ਉਡਾਈਆਂ ਜਾ ਰਹੀਆਂ ਹਨ। ਗੁਰੂ ਗ੍ਰੰਥ, ਗੁਰੂ ਪੰਥ ਦੀ ਮਰਯਾਦਾ ਦੀ ਆਧਾਰਸ਼ਿਲਾ, ਇਕਾ ਬਾਣੀ ਇਕੁ ਗੁਰ ਇਕੋ ਸਬਦ ਵੀਚਾਰ' ਹੈ। ਸ਼੍ਰੋਮਣੀ ਅਕਾਲੀ ਦਲ ਦੇ ਸਿੱਖ ਆਗੂਆਂ ਨੇ ਸਿੱਖ ਧਰਮ ਦੇ ਸਿਧਾਂਤਾਂ ਦੀ ਆਪ ਪਾਲਣਾ ਤਾਂ ਕੀ ਕਰਨੀ ਸੀ ਸਗੋਂ ਭਾਜਪਾ ਨੂੰ ਖ਼ੁਸ਼ ਕਰਨ ਲਈ ਹਿੰਦੂ-ਰਹੁ ਰੀਤਾਂ ਅਪਨਾਉਣ ਨੂੰ ਬੁਰਾ ਨਹੀਂ ਸਮਝਿਆ ਅਤੇ ਸ਼੍ਰੋਮਣੀ ਅਕਾਲੀ ਦਲ ਨੇ ਪੰਥਕ ਮਰਯਾਦਾ ਨੂੰ ਛਿੱਕੇ ਟੰਗ ਕੇ ਸ. ਪ੍ਰਕਾਸ਼ ਸਿੰਘ ਬਾਦਲ ਦੀਆਂ ਮੁਕਟ ਪਾ ਕੇ ਹਵਨ ਕਰਦਿਆਂ ਦੀਆਂ ਫ਼ੋਟੋਆਂ ਸ਼ਰੇਆਮ ਅਖ਼ਬਾਰਾਂ ਵਿੱਚ ਛਪਦੀਆਂ ਰਹੀਆਂ ਹਨ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਦੇ ਪ੍ਰਵਾਰਕ ਮੈਂਬਰ ਜੋਤਸ਼ੀਆਂ ਦੇ ਕਹਿਣ ਤੇ ਰਾਸ਼ੀ ਦੇ ਨਗ ਉਂਗਲੀਆਂ ਵਿੱਚ ਧਾਰਨ ਕਰਦੇ ਹਨ ਅਤੇ ਸ਼ਿਵਲੰਿਗ ਦੀ ਪੂਜਾ ਕਰਨ ਨੂੰ ਵੀ ਸਿੱਖ ਧਰਮ ਦੇ ਸਿਧਾਂਤਾਂ ਦੇ ਵਿਰੁੱਧ ਨਹੀਂ ਸਮਝਦੇ। ਭਾਜਪਾ ਪਾਰਟੀ (ਉਸ ਸਮੇਂ) ਦਾ ਸਿੱਖ ਮੈਂਬਰ ਨਵਜੋਤ ਸਿੰਘ ਸਿੱਧੂ ਜਨੇਊ ਪਾ ਕੇ ਹਵਨ ਕਰਨ ਨੂੰ ਸ਼ਾਇਦ ਸਿੱਖ ਧਰਮ ਦਾ ਹੀ ਹਿੱਸਾ ਮੰਨਦਾ ਹੈ ਹਾਲਾਂਕਿ ਗੁਰੂ ਨਾਨਕ ਦਾ ਸਿੱਖ ਜਨੇਊ ਨਹੀਂ ਪਹਿਨਦਾ। ਨਵਜੋਤ ਸਿੱਧੂ ਦੀ ਬਕਾਇਦਾ ਜਨੇਊ ਪਾ ਕੇ ਹਵਨ ਕਰਦੇ ਦੀ ਫੋਟੋ ਵੀ ਵੇਖੀ ਜਾ ਸਕਦੀ ਹੈ। ਭਾਜਪਾ ਨੇ ਨਵਜੋਤ ਸਿੱਧੂ ਦੇ ਜਨੇਊ ਪੁਆ ਕੇ ਪੂਰਨ ਬ੍ਰਾਹਮਣ ਰਹੁ-ਰੀਤੀ ਅਨੁਸਾਰ ਹਵਨ ਕਰਵਾ ਕੇ ਉਸ ਨੂੰ ਲੱਤ ਹੇਠ ਦੀ ਲੰਘਾਇਆ ਹੈ। ਇਸ ਗੱਲ ਦੀ ਸਮਝ ਪਤਾ ਨਹੀਂ ਨਵਜੋਤ ਸਿੱਧੂ ਨੂੰ ਕਦੋਂ ਆਵੇਗੀ। ਹਿੰਦੂਆਂ ਦਾ ਧਰਮ ਪ੍ਰਚਾਰਕ ਰਵੀਸ਼ੰਕਰ ਅੰਮ੍ਰਿਤਸਰ ਸਾਹਿਬ ਵਿਖੇ ਆਪਣੇ ਸਮਾਗਮ ਵਿੱਚ ਗੁਰਬਾਣੀ ਦੀਆਂ ਤੁਕਾਂ ਤਰੋੜ-ਮਰੋੜ ਕੇ ਗਾਣਿਆਂ ਦੀ ਤਰਜ ਤੇ ਗਾ ਕੇ ਸਿੱਖ ਪਰੰਪਰਾਵਾਂ ਦਾ ਮਜ਼ਾਕ ਉਡਾਉਂਦਾ ਹੈ ਤਾਂ ਸਾਹਮਣੇ ਬੈਠੇ ਭਾਜਪਾ ਐੱਮ.ਪੀ. ਨਵਜੋਤ ਸਿੱਧੂ ਅਤੇ ਸ਼੍ਰੋਮਣੀ ਅਕਾਲੀ ਦਲ ਬਾਦਲ ਦਾ ਬਿਕਰਮ ਸਿੰਘ ਮਜੀਠੀਆ, ਰਵੀ ਸ਼ੰਕਰ ਨੂੰ ਗੁਰਬਾਣੀ ਦਾ ਮਜਾਕ ਉਡਾਉਣ ਦੀ ਸ਼ਾਬਾਸ਼ ਦੇ ਕੇ ਵਾਹ-ਵਾਹ ਕਰਦੇ ਆਪਣੀ ਅਕਲ ਦਾ ਨਮੂਨਾ ਪੇਸ਼ ਕਰਦੇ ਵੇਖੇ ਜਾ ਸਕਦੇ ਹਨ।
ਇਸ ਦੇ ਉਲਟ ਭਾਜਪਾ ਦੀ ਨੇਤਾ ਲਕਸ਼ਮੀ ਕਾਂਤਾ ਚਾਵਲਾ ਦੀ ਆਪਣੇ ਹਿੰਦੂ ਧਰਮ ਪ੍ਰਤੀ ਸ਼ਰਧਾ ਦੀ ਉਦਾਹਰਣ ਦਾਸ ਪਾਠਕਾਂ ਨਾਲ ਸਾਂਝੀ ਕਰੇਗਾ। ਅਤਿ ਭਰੋਸੇਯੋਗ ਸੂਤਰਾਂ ਅਨੁਸਾਰ ਬੀਬੀ ਸੁਰਿੰਦਰ ਕੌਰ ਬਾਦਲ (ਜੋ ਹੁਣ ਦੁਨੀਆਂ ਵਿੱਚ ਨਹੀਂ ਰਹੇ) ਵੱਲੋਂ ਅਰੰਭੀ ਲੰਗਰ ਦੀ ਸੇਵਾ ਵਿੱਚ ਪੰਜਾਬ ਵਿਧਾਨ ਸਭਾ ਦੇ ਸਾਰੇ ਹੀ ਵਿਧਾਨਕਾਰ ਪੂਰੀ ਸ਼ਰਧਾ ਅਤੇ ਸਤਿਕਾਰ ਭਾਵਨਾ ਨਾਲ ਭਾਗ ਲੈ ਰਹੇ ਸਨ, ਪਰ ਅਕਾਲੀ-ਭਾਜਪਾ ਸਰਕਾਰ ਵਿੱਚ ਮੰਤਰੀ ਅਤੇ ਅੰਮ੍ਰਿਤਸਰ ਵਿਧਾਨ ਸਭਾ ਹਲਕਾ ਕੇਂਦਰ ਦੀ ਵਿਧਾਨਕਾਰ ਬੀਬੀ ਲਕਸ਼ਮੀ ਕਾਂਤਾ ਚਾਵਲਾ ਨੇ ਨਾ ਸਿਰਫ਼ ਇਸ ਸੇਵਾ ਵਿੱਚ ਭਾਗ ਲੈਣ ਤੋਂ ਹੀ ਕੋਰਾ ਜੁਆਬ ਦਿੱਤਾ, ਸਗੋਂ ਇੱਥੋਂ ਤਕ ਕਹਿ ਦਿੱਤਾ ਕਿ ਸਾਡੇ ਧਰਮ ਦਾ ਅਸੂਲ ਹੈ ਕਿ ਮੰਦਰ ਨੂੰ ਛੱਡ ਕੇ ਹੋਰ ਕਿਸੇ ਥਾਂ ਤੇ ਨਹੀਂ ਜਾਣਾ, ਇਸ ਕਰਕੇ ਉਹ ਗੁਰਦੁਆਰੇ ਮੱਥਾ ਟੇਕਣ ਵੀ ਨਹੀਂ ਜਾਂਦੇ। ਇਸ ਘਟਨਾ ਤੋਂ ਪਿੱਛੋਂ ਬਾਕੀ ਭਾਜਪਾ ਵਿਧਾਨਕਾਰ ਵੀ ਸੇਵਾ ਤੋਂ ਕੰਨੀ ਕਤਰਾਉਂਦੇ ਰਹੇ ਸਨ। ਇੱਥੇ ਹੀ ਬੱਸ ਨਹੀਂ ਉਹਨਾਂ ਹੀ ਦਿਨਾਂ ਵਿੱਚ ਲਕਸ਼ਮੀ ਕਾਂਤਾ ਚਾਵਲਾ ਨੇ ਆਸੂਤੋਸ਼ ਨੂੰ ਆਪਣੇ ਘਰ ਸੱਦ ਕੇ ਹਿੰਦੂ ਰਹੁ ਰੀਤਾਂ ਅਨੁਸਾਰ ਸਮਾਗਮ ਕਰਵਾਇਆ ਸੀ ਅਤੇ ਸਿੱਖ-ਦਿੱਖ ਵਾਲ਼ੇ ਭਾਜਪਾ ਮੈਂਬਰ ਨਵਜੋਤ ਸਿੱਧੂ ਨੇ ਆਸ਼ੂਤੋਸ਼ ਨੂੰ ਜੀ ਆਇਆਂ ਆਖਿਆ ਸੀ। 
ਅੱਜ ਦੇ ਸਿੱਖ ਨੂੰ ਇਹ ਗੱਲ ਬਰੀਕੀ ਨਾਲ ਸਮਝ ਲੈਣੀ ਚਾਹੀਦੀ ਹੈ ਕਿ ਦੂਜੇ ਧਰਮਾਂ ਦਾ ਸਤਿਕਾਰ ਕਰਨ ਦਾ ਇਹ ਅਰਥ ਨਹੀਂ ਕਿ ਅਸੀਂ ਆਪਣੇ ਧਰਮ ਦੇ ਸਿਧਾਂਤਾਂ ਦਾ ਸਤਿਕਾਰ ਭੁੱਲ ਜਾਈਏ, ਮੀਰੀ-ਪੀਰੀ ਦੇ ਮਾਲਕ ਗੁਰੂ ਸਾਹਿਬਾਨ ਨੇ ਸ੍ਰੀ ਹਰਿਮੰਦਰ ਸਾਹਿਬ ਦੇ ਸਾਹਮਣੇ 1608 ਈ: ਵਿੱਚ ਅਕਾਲ ਤਖ਼ਤ ਦੀ ਸਥਾਪਨਾ ਕਰ ਕੇ ਸਿੱਖ ਪੰਥ ਨੂੰ ਦੁਬਿਧਾ ਰਹਿਤ ਸਿਧਾਂਤ ਬਖ਼ਸ਼ਿਆ ਸੀ ਕਿ ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਵਿਖੇ ਹਰ ਧਰਮ ਰੰਗ, ਨਸਲ ਦੇ ਭਿੰਨ ਭਾਵ ਤੋਂ ਉੱਤੇ ਉੱਠ ਕੇ ਸਿੱਖਾਂ ਨੇ ਹਰ ਧਰਮ ਵਾਲ਼ਿਆਂ ਦਾ ਸਤਿਕਾਰ ਕਰਨਾ ਹੈ, ਪਰ ਸਾਹਮਣੇ ਮੀਰੀ-ਪੀਰੀ ਦੇ ਸਿਧਾਂਤ ਨੂੰ ਸਮਰਪਿਤ ਅਕਾਲ ਤਖ਼ਤ ਵੀ ਹੈ ਜਿੱਥੇ ਸਿੱਖ ਪੰਥ ਨੇ ਆਪਣੀ ਵਿਲੱਖਣ ਨਿਆਰੀ ਅਤੇ ਅਜ਼ਾਦ ਹੋਂਦ ਨੂੰ ਵੀ ਬਰਕਰਾਰ ਰੱਖਣਾ ਹੈ। ਭਾਵ ਕਿਸੇ ਵੀ ਧਰਮ ਨੂੰ ਨਿੰਦਣਾ ਨਹੀਂ ਪਰ ਨਾਲ ਹੀ ਸਿਰ ਜਾਵੇ ਤਾਂ ਜਾਵੇ ਪਰ ਸਿੱਖੀ ਸਿਦਕ ਨਾ ਜਾਵੇ&rsquo ਦੇ ਸਿਧਾਂਤ ਤੇ ਪਹਿਰਾ ਦੇਣਾ ਹੈ ਤਾਂ ਹੀ ਸਿੱਖ ਕੌਮ ਦੀ ਚੜ੍ਹਦੀ ਕਲਾ ਹੋ ਸਕਦੀ ਹੈ।
(ਇਹ ਲੇਖ ਅਗਸਤ 2011 ਨੂੰ ਲਿਖਆ ਗਿਆ ਸੀ)
- ਜਥੇਦਾਰ ਮਹਿੰਦਰ ਸਿੰਘ ਯੂ.ਕੇ.