image caption: -ਭਗਵਾਨ ਸਿੰਘ ਜੌਹਲ

7 ਅਪ੍ਰੈਲ ਨੂੰ ਜਨਮ ਦਿਨ ਤੇ ਵਿਸ਼ੇਸ਼, ਸਿੱਖ ਵਿਦਵਾਨ ਤੇ ਚਿੰਤਕ ਪ੍ਰੋ: ਗੁਰਬਚਨ ਸਿੰਘ ਤਾਲਿਬ ਨੂੰ ਯਾਦ ਕਰਦਿਆਂ

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਸ਼ਵ ਦਾ ਉਹ ਮਹਾਨ ਗ੍ਰੰਥ ਹੈ, ਜਿਸ ਦਾ ਅਧਿਐਨ ਕਰਨ ਲਈ ਸੰਸਾਰ ਦਾ ਹਰ ਵਿਦਵਾਨ ਖਾਹਿਸ਼ ਰੱਖਦਾ ਹੈ । ਇਸ ਪਾਵਨ ਗ੍ਰੰਥ ਵਿੱਚ ਦਰਜ ਹਰ ਫੁਰਮਾਨ ਸਮੁੱਚੀ ਮਨੁੱਖਤਾ ਲਈ ਸਰਬ-ਸਾਂਝਾ ਹੈ । ਪ੍ਰਸਿੱਧ ਸਿੱਖ ਚਿੰਤਕ ਤੇ ਉੱਘੇ ਵਿਦਵਾਨ ਪ੍ਰੋ: ਗੁਰਬਚਨ ਸਿੰਘ ਤਾਲਿਬ ਵਿਸ਼ਵ ਦੀ ਉਹ ਸਿੱਖ ਸ਼ਖ਼ਸੀਅਤ ਸਨ, ਜਿਨ੍ਹਾਂ ਅੰਗ੍ਰੇਜ਼ੀ ਭਾਸ਼ਾ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਦਾ ਅਨੁਵਾਦ ਕਰਕੇ ਅਜਿਹਾ ਚਿਰ ਸਥਾਈ ਕਾਰਜ ਕੀਤਾ, ਜਿਹੜਾ ਸਦੀਆਂ ਤੱਕ ਯਾਦ ਕੀਤਾ ਜਾਂਦਾ ਰਹੇਗਾ, ਇਸ ਮਹਾਨ ਕਾਰਜ ਲਈ ਉਨ੍ਹਾਂ ਨੂੰ ਸਖਤ ਘਾਲਣਾ ਘਾਲਣੀ ਪਈ । ਇਸੇ ਅਨੁਵਾਦ ਸਦਕਾ ਹੀ ਸਮੁੱਚੇ ਸੰਸਾਰ ਵਿੱਚ ਗੁਰਮਤਿ ਦਾ ਪ੍ਰਚਾਰ ਤੇ ਪ੍ਰਸਾਰ ਕਰਕੇ ਉਨ੍ਹਾਂ ਨੂੰ ਅੰਤਰਰਾਸ਼ਟਰੀ ਪੱਧਰ ਦੇ ਸਾਰੇ ਵਿਸ਼ਵ ਵਿਆਪੀ ਧਰਮਾਂ ਦੇ ਵਿਦਵਾਨਾਂ ਵਿੱਚੋਂ ਉੱਚ ਕੋਟੀ ਦੇ ਵਿਦਵਾਨ ਵਜੋਂ ਮਾਣ ਸਤਿਕਾਰ ਮਿਲਿਆ । ਅੱਜ ਜਦੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਦਾ ਅਨੁਵਾਦ ਕਾਰਜ ਦੇਸ਼ ਅਤੇ ਵਿਦੇਸ਼ ਦੀਆਂ ਅਨੇਕਾਂ ਭਾਸ਼ਾਵਾਂ ਵਿੱਚ ਹੋ ਚੁੱਕਾ ਹੈ, ਉਸ ਸਮੇਂ ਧਰਮ ਦੀ ਦੁਨੀਆਂ ਦੇ ਉਹ ਲੋਕ ਜੋ ਸਿੱਖ ਧਰਮ ਦੇ ਸੰਦੇਸ਼ ਅਤੇ ਪਾਵਨ ਬਾਣੀ ਦੇ ਉਪਦੇਸ਼ ਨੂੰ ਵਿਸ਼ਵ ਦੇ ਕੋਨੇ-ਕੋਨੇ ਪਹੁੰਚਾਉਣਾ ਚਾਹੁੰਦੇ ਹਨ, ਉਹ ਪ੍ਰੋ: ਤਾਲਿਬ ਦੀ ਪ੍ਰਸ਼ੰਸਾ ਕਰਦੇ ਹਨ ।
ਪ੍ਰੋ: ਤਾਲਿਬ ਦਾ ਜਨਮ ਉਸ ਸਮੇਂ ਦੀ ਜੀਂਦ ਰਿਆਸਤ ਦੇ ਮੂਣਕ ਕਸਬੇ ਵਿੱਚ ਸ: ਕਰਤਾਰ ਸਿੰਘ ਅਤੇ ਮਾਤਾ ਜੈ ਕੌਰ ਦੇ ਗ੍ਰਹਿ ਵਿਖੇ 7 ਅਪ੍ਰੈਲ, 1911 ਨੂੰ ਹੋਇਆ । ਪ੍ਰੋ: ਗੁਰਬਚਨ ਸਿੰਘ ਤਾਲਿਬ ਨੇ 1927 ਈ: ਵਿੱਚ ਸਟੇਟ ਹਾਈ ਸਕੂਲ, ਸੰਗਰੂਰ ਤੋਂ ਵਜ਼ੀਫੇ ਸਾਹਿਤ ਦੱਸਵੀਂ ਦੀ ਪ੍ਰੀਖਿਆ ਪਾਸ ਕੀਤੀ । ਇਥੇ ਇਨ੍ਹਾਂ ਦੇ ਪਿਤਾ ਜੀ ਰਿਆਸਤ ਵਿੱਚ ਸਰਕਾਰੀ ਮੁਲਾਜ਼ਮ ਸਨ । ਇਸ ਤੋਂ ਪਿੱਛੋਂ ਇਸ ਹੋਣਹਾਰ ਨੌਜਵਾਨ ਨੇ ਖ਼ਾਲਸਾ ਕਾਲਜ ਅੰਮ੍ਰਿਤਸਰ ਤੋਂ 1933 ਈ: ਵਿੱਚ ਪੰਜਾਬ ਯੂਨੀਵਰਸਿਟੀ ਤੋਂ ਪਹਿਲੇ ਸਥਾਨ &lsquoਤੇ ਰਹਿ ਕੇ ਐੱਮ।ਏ। ਅੰਗ੍ਰੇਜ਼ੀ ਪਾਸ ਕੀਤੀ । ਇਸ ਤੋਂ ਬਾਅਦ ਇਸੇ ਖ਼ਾਲਸਾ ਕਾਲਜ ਅੰਮ੍ਰਿਤਸਰ ਵਿੱਚ ਅੰਗ੍ਰੇਜ਼ੀ ਦੇ ਲੈਕਚਰਾਰ ਵਜੋਂ ਵਿਦਵਤਾ ਦੇ ਪੱਖ ਤੋਂ ਖੂਬ ਨਾਮਣਾ ਖੱਟਿਆ ।
ਪ੍ਰੋ: ਗੁਰਬਚਨ ਸਿੰਘ ਤਾਲਿਬ ਨੇ ਇਨ੍ਹਾਂ ਮੱੁਢਲੇ ਸਾਲਾਂ ਵਿੱਚ ਅਨੇਕਾਂ ਵਿੱਦਿਆਰਥੀਆਂ ਨੂੰ ਅੰਗ੍ਰੇਜ਼ੀ ਵਿਸ਼ੇ ਵਿੱਚ ਨਿਪੁੰਨ ਕੀਤਾ । 1940 ਈ: ਵਿੱਚ ਪ੍ਰੋ: ਤਾਲਿਬ ਨੇ ਖ਼ਾਲਸਾ ਕਾਲਜ ਛੱਡ ਕੇ ਸਿੱਖ ਨੈਸ਼ਨਲ ਕਾਲਜ ਲਾਹੌਰ ਵਿਖੇ ਅੰਗ੍ਰੇਜ਼ੀ ਦੇ ਲੈਕਚਰਾਰ ਵਜੋਂ ਸੇਵਾ ਆਰੰਭ ਕੀਤੀ । ਪ੍ਰੋ: ਤਾਲਿਬ ਦੀ ਵਿਦਵਤਾ ਤੋਂ ਅੰਗ੍ਰੇਜ਼ ਵਿਦਵਾਨ ਵੀ ਕਾਇਲ ਸਨ । 1969 ਤੋਂ 1973 ਤੱਕ ਇਨ੍ਹਾਂ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿਖੇ ਗੁਰੂ ਨਾਨਕ ਚੇਅਰ ਵਿੱਚ ਸਿੱਖ ਧਰਮ ਦੇ ਅਧਿਐਨ ਦੇ ਪ੍ਰੋਫੈਸਰ ਵਜੋਂ ਸੇਵਾਵਾਂ ਨਿਭਾਈਆਂ । ਇਸ ਤੋਂ ਬਾਅਦ ਕੁਝ ਕੁ ਸਮੇਂ ਲਈ ਬਨਾਰਸ ਹਿੰਦੂ ਯੂਨੀਵਰਸਿਟੀ ਵਿੱਚ ਵੀ ਗੁਰੂ ਨਾਨਕ ਚੇਅਰ ਲਈ ਵੀ ਫਰਜ਼ ਨਿਭਾਏ । ਹੁਣ ਸਿਹਤ ਦੀ ਖਰਾਬੀ ਰਹਿਣ ਕਰਕੇ ਪਟਿਆਲਾ ਆ ਗਏ । ਇਸ ਸਮੇਂ ਪੰਜਾਬੀ ਯੂਨੀਵਰਸਿਟੀ ਵਿੱਚ ਫੈਲੋ ਵਜੋਂ ਆਪਣੀ ਡਿਊਟੀ ਨੂੰ ਨਿਭਾਇਆ ।
ਪ੍ਰੋ: ਗੁਰਬਚਨ ਸਿੰਘ ਤਾਲਿਬ ਨੇ ਆਪਣੇ ਜੀਵਨ ਦੇ ਯਾਦਗਾਰੀ ਕਾਰਜ 1976 ਈ: ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅਨੁਵਾਦ ਨੂੰ ਆਰੰਭ ਕੀਤਾ । ਇਸ ਕਾਰਜ ਦੀ ਸੰਪੂਰਨਤਾ ਤੋਂ ਪਿੱਛੋਂ 1985 ਈ: ਵਿੱਚ ਭਾਰਤ ਸਰਕਾਰ ਵੱਲੋਂ ਸਾਹਿਤ ਦੇ ਖੇਤਰ ਵਿੱਚ ਪਾਏ ਯੋਗਦਾਨ ਵਜੋਂ ਪਦਮ-ਭੂਸ਼ਣ ਦਾ ਸਨਮਾਨ ਪ੍ਰਾਪਤ ਕੀਤਾ । ਹੁਣ ਪ੍ਰੋ: ਗੁਰਬਚਨ ਸਿੰਘ ਤਾਲਿਬ ਨੂੰ ਇੰਡੀਅਨ ਕੌਂਸਲ ਆਫ਼ ਹਿਸਟੋਰੀਅਨ ਰਿਸਰਚ ਨਵੀਂ ਦਿੱਲੀ ਵੱਲੋਂ ਰਾਸ਼ਟਰੀ ਫੈਲੋਸ਼ਿੱਪ ਵੀ ਦਿੱਤੀ ਗਈ । ਪ੍ਰੋ: ਤਾਲਿਬ ਨੂੰ ਇਸ ਗੱਲ ਲਈ ਪੂਰੀ ਸੰਤੁਸ਼ਟੀ ਸੀ ਕਿ ਆਪਣੇ ਜੀਵਨ ਦਾ ਯਾਦਗਾਰੀ ਕਾਰਜ ਪਾਵਨ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਅਨੁਵਾਦ ਚਾਰ ਭਾਗਾਂ ਵਿੱਚ ਸੰਪੂਰਨ ਹੋ ਚੁੱਕਾ ਸੀ । ਇਸ ਕਾਰਜ ਤੋਂ ਇਲਾਵਾ ਪ੍ਰੋ: ਤਾਲਿਬ ਨੇ ਅੰਗ੍ਰੇਜ਼ੀ ਭਾਸ਼ਾ ਦੀਆਂ ਬਹੁਤ ਸਾਰੀਆਂ ਪੁਸਤਕਾਂ ਪਾਠਕਾਂ ਨੂੰ ਭੇਟ ਕੀਤੀਆਂ । ਪੰਜਾਬੀ ਭਾਸ਼ਾ ਦੇ ਸਾਹਿਤਕ ਖੇਤਰ ਵਿੱਚ ਵੀ ਸਮੇਂ-ਸਮੇਂ ਆਪਣਾ ਭਰਪੂਰ ਯੋਗਦਾਨ ਪਾਇਆ । ਪੰਜਾਬੀ ਵਿੱਚ ਛਪੀਆਂ ਪੁਸਤਕਾਂ ਵਿੱਚ ਅਣਪਛਾਤੇ ਰਾਹ, ਆਧੁਨਿਕ ਪੰਜਾਬੀ ਸਾਹਿਤ, ਆਧੁਨਿਕ ਵਾਰਤਿਕ ਲਿਖਾਰੀ, ਪਵਿੱਤਰ ਜੀਵਨ ਕਥਾਵਾਂ, ਬਾਬਾ ਸ਼ੇਖ ਫ਼ਰੀਦ ਜੀਵਨ - ਵਾਰਤਾ ਤੇ ਸਿੱਖਿਆ ਆਦਿ ਪੁਸਤਕਾਂ ਨਾਲ ਪੰਜਾਬੀ ਸਾਹਿਤ ਦੀ ਝੋਲੀ ਪਾ ਕੇ ਪੰਜਾਬੀ ਮਾਂ-ਬੋਲੀ ਦੀ ਸੇਵਾ ਵੀ ਕੀਤੀ । ਇਸ ਤੋਂ ਇਲਾਵਾ ਅਨੇਕਾਂ ਖੋਜ ਪੱਤਰ ਅਤੇ ਲੇਖ ਵੀ ਪ੍ਰਕਾਸ਼ਿਤ ਕੀਤੇ ।
ਸਮੁੱਚੇ ਵਿਸ਼ਵ ਵਿੱਚ ਗੁਰਬਾਣੀ ਦੇ ਉਪਦੇਸ਼ ਅਤੇ ਗੁਰਮਤਿ ਦੇ ਪ੍ਰਚਾਰ ਅਤੇ ਪ੍ਰਸਾਰ ਨੂੰ ਆਪਣੇ ਜੀਵਨ ਦਾ ਉਦੇਸ਼ ਸਮਝਕੇ ਕਰਨ ਵਾਲੀ ਮਹਾਨ ਸ਼ਖ਼ਸੀਅਤ 9 ਅਪ੍ਰੈਲ, 1986 ਈ: ਨੂੰ ਪਟਿਆਲਾ ਸ਼ਹਿਰ ਵਿੱਚ ਦਿਲ ਦੀ ਹਰਕਤ ਬੰਦ ਹੋ ਜਾਣ ਕਰਕੇ ਆਪਣੇ ਅਨੇਕਾਂ ਸਨੇਹੀਆਂ ਨੂੰ ਹਮੇਸ਼ਾਂ ਲਈ ਅਲਵਿਦਾ ਆਖ ਗਈ । ਅੱਜ ਵੀ ਸਾਡੇ ਸੁਹਿਰਦ ਵਿਦਵਾਨਾਂ ਲਈ ਉਨ੍ਹਾਂ ਦਾ ਜੀਵਨ ਪ੍ਰੇਰਨਾ ਦਾ ਸਰੋਤ ਹੈ । ਸਾਡੇ ਕੋਲ ਅੱਜ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅਨੁਵਾਦ ਦੇ ਚਾਰ ਭਾਗ ਉਨ੍ਹਾਂ ਦੀ ਯਾਦ ਵਿੱਚ ਮੌਜੂਦ ਹਨ ।
-ਭਗਵਾਨ ਸਿੰਘ ਜੌਹਲ