ਪ੍ਰਵਾਸੀ ਲੇਖਿਕਾ ਰੂਬੀ ਸਿੰਘ ਯੂਕੇ ਦਾ ਪਹਿਲਾ ਕਾਵਿ ਸੰਗ੍ਰਹਿ "ਅਣਕਹੇ ਜਜ਼ਬਾਤ" ਲੋਕ ਅਰਪਣ
ਜਲੰਧਰ,- ਯੂਕੇ ਦੀ ਰਹਿਣ ਵਾਲੀ ਪ੍ਰਵਾਸੀ ਲੇਖਿਕਾ ਰੂਬੀ ਸਿੰਘ ਦਾ ਪਹਿਲਾ ਕਾਵਿ ਸੰਗ੍ਰਹਿ "ਅਣਕਹੇ ਜਜ਼ਬਾਤ" ਦੀ ਘੁੰਡ ਚੁਕਾਈ ਪੰਜਾਬ ਪ੍ਰੈਸ ਕਲੱਬ, ਜਲੰਧਰ ਵਿਖੇ ਕੀਤੀ ਗਈ। ਇਹ ਸਮਾਗਮ ਉਨ੍ਹਾਂ ਦੇ ਸਾਹਿਤਕ ਸਫ਼ਰ ਵਿੱਚ ਇੱਕ ਮਹੱਤਵਪੂਰਨ ਮੀਲ ਪੱਥਰ ਵਜੋਂ ਦਰਸਾਇਆ ਗਿਆ, ਜਿਸ ਵਿੱਚ ਕਵਿਤਾ ਪ੍ਰੇਮੀਆਂ, ਸਾਹਿਤਕਾਰਾਂ ਨੂੰ ਸ਼ਾਮਿਲ ਹੋਣ ਦਾ ਸੱਦਾ ਦਿੱਤਾ ਗਿਆ।
ਰੂਬੀ ਸਿੰਘ, ਜੋ ਕਿ ਮੂਲ ਰੂਪ ਵਿੱਚ ਪੰਜਾਬ ਤੋਂ ਹੈ ਅਤੇ ਹੁਣ ਯੂਨਾਈਟਿਡ ਕਿੰਗਡਮ ਵਿੱਚ ਰਹਿੰਦੀ ਹੈ, ਹਮੇਸ਼ਾ ਆਪਣੀਆਂ ਜੜ੍ਹਾਂ ਨਾਲ ਜੁੜੀ ਰਹੀ ਹੈ। 2 ਬੱਚਿਆਂ ਦੀ ਮਾਂ ਰੂਬੀ ਸਿੰਘ ਲੰਡਨ ਵਿਚ ਮੋਟੀਵੇਸ਼ਨ ਸਪੀਕਰ ਵੱਜੋਂ ਕੰਮ ਕਰਦੀ ਹੈ। ਯੂਕੇ ਵਿਚ ਬਿਜ਼ੀ ਲਾਈਫ ਤੇ ਬਾਵਜੂਦ ਉਨ੍ਹਾਂ ਵੱਲੋਂ ਆਪਣੇ ਖਿਆਲਾਂ ਨੂੰ ਕਲਮਬੰਧ ਕਰਨਾ ਬਹੁਤ ਸ਼ਲਾਘਾਯੋਗ ਕੰਮ ਹੈ।
ਰੂਬੀ ਸਿੰਘ ਦਾ ਪਹਿਲਾ ਕਾਵਿ ਸੰਗ੍ਰਹਿ ਭਾਵਨਾਵਾਂ, ਸੱਭਿਆਚਾਰਕ ਪ੍ਰਤੀਬਿੰਬਾਂ ਅਤੇ ਨਿੱਜੀ ਅਨੁਭਵਾਂ ਦੀ ਇੱਕ ਅਮੀਰ ਵਿਰਾਸਤ ਨੂੰ ਦਰਸਾਉਂਦਾ ਹੈ। ਮਿਸਟਰ ਸਿੰਘ ਪਬਲੀਕੇਸ਼ਨ, ਬਠਿੰਡਾ ਵੱਲੋਂ ਇਸ ਕਿਤਾਬ ਨੂੰ ਪਬਲਿਸ਼ ਕੀਤਾ ਗਿਆ। ਇਸ ਕਾਵਿ ਸੰਗ੍ਰਹਿ ਵਿਚ ਵੱਖ-ਵੱਖ ਵਿਸ਼ਿਆਂ ਉਤੇ ਅਧਾਰਿਤ 116 ਦੇ ਕਰੀਬ ਕਵਿਤਾਵਾਂ ਨੂੰ ਬਹੁਤ ਹੀ ਖੂਬਸੂਰਤ ਢੰਗ ਨਾਲ ਸੰਜੋਇਆ ਗਿਆ ਹੈ। ਇਸ ਕਿਤਾਬ ਨੂੰ ਰਾਵਤ ਆਰਟਸ ਦੇ ਜਤਿੰਦਰ ਸਿੰਘ ਰਾਵਤ ਵੱਲੋਂ ਡਿਜਾਇਨ ਕੀਤਾ ਗਿਆ ਹੈ। ਲੇਖਿਕਾ ਵੱਲੋਂ ਜ਼ਿੰਦਗੀ ਦੇ ਹਰ ਰੰਗ ਨੂੰ ਆਪਣੇ ਖਿਆਲਾਂ ਦੀਆਂ ਲੜੀਆਂ ਵਿਚ ਪਰੋ ਕੇ ਸੁੰਦਰ ਕਵਿਤਾਵਾਂ ਦਾ ਰੂਪ ਦਿੱਤਾ ਗਿਆ ਹੈ।
ਇਸ ਮੌਕੇ ਲੇਖਿਕਾ ਰੂਬੀ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਆਪਣੀ ਨਿਜ਼ੀ ਜਿੰਦਗੀ ਵਿਚ ਜੋ ਵੀ ਵਿਚਾਰ ਚੰਗਾ ਲੱਗਦਾ ਸੀ ਉਸ ਨੂੰ ਉਹ ਕਵਿਤਾ ਦਾ ਰੂਪ ਦੇ ਕੇ ਆਪਣੀ ਨਿਜੀ ਡਾਇਰੀ ਵਿਚ ਲਿਖ ਲੈਂਦੀ ਸੀ ਤਾਂ ਜੋ ਉਨ੍ਹਾਂ ਵਿਚਾਰਾਂ ਨੂੰ ਸਾਂਭ ਕੇ ਰੱਖ ਸਕੇ। ਅਕਸਰ ਆਪਣੇ ਦੋਸਤਾਂ ਜਾਂ ਪਰਿਵਾਰਕ ਮੈਂਬਰਾਂ ਨੂੰ ਉਹ ਆਪਣੀਆਂ ਕਵਿਤਾਵਾਂ ਪੜ੍ਹ ਕੇ ਸੁਣਾਉਂਦੀ ਸੀ ਅਤੇ ਸਾਰਿਆਂ ਨੇ ਉਨ੍ਹਾਂ ਨੂੰ ਹੋਰ ਲਿਖਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਨੇ ਰੂਬੀ ਨੂੰ ਉਤਸ਼ਾਹਿਤ ਕੀਤਾ ਕਿ ਉਹ ਆਪਣੇ ਇਨ੍ਹਾਂ ਖੂਬਸੂਰਤ ਵਿਚਾਰਾਂ ਨੂੰ ਪੁਸਤਕ ਦਾ ਰੂਪ ਦੇਵੇ ਤਾਂ ਜੋ ਇਹ ਕਵਿਤਾਵਾਂ ਸਿਰਫ ਉਨ੍ਹਾਂ ਤੱਕ ਸੀਮਿਤ ਨਾ ਰਹੀ ਕੇ ਹੀ ਦੇਸ਼-ਵਿਦੇਸ਼ ਵਿਚ ਵੱਸਦੇ ਕਵਿਤਾ ਪ੍ਰੇਮੀਆਂ ਦੇ ਕੋਲ ਪਹੁੰਚ ਸਕਣ। ਰੂਬੀ ਸਿੰਘ ਦੇ ਇਸ ਸਫਰ ਦੌਰਾਨ ਉਨ੍ਹਾਂ ਦੇ ਪਤੀ ਜਗਤ ਸਿੰਘ ਅਤੇ ਪਰਿਵਾਰ ਨੇ ਬਹੁਤ ਸਪੋਰਟ ਕੀਤਾ ਜਿਸ ਦੀ ਬਦੋਲਤ ਅੱਜ ਉਹ ਆਪਣਾ ਪਹਿਲਾ ਕਦਮ ਪੁੱਟਣ ਵਿਚ ਸਫਲ ਹੋਏ ਹਨ। ਰੂਬੀ ਸਿੰਘ ਨੇ ਦੱਸਿਆ ਕਿ ਕਮਲ ਗਿੱਲ ਯੂਕੇ ਨੇ ਉਨ੍ਹਾਂ ਨੂੰ ਕਿਤਾਬ ਲਿਖਣ ਲਈ ਪ੍ਰੇਰਿਤ ਕੀਤਾ ਜਿਸ ਕਾਰਨ ਅੱਜ ਉਹ ਆਪਣੇ ਖਿਆਲ ਨੂੰ ਇਕ ਪੁਸਤਕ ਦੇ ਰੂਪ ਵਿਚ ਛਪਵਾਉਣ ਵਿਚ ਕਾਮਯਾਬ ਹੋਏ ਹਨ।
ਇਸ ਮੌਕੇ ਮਸ਼ਹੂਰ ਗਾਇਕ ਸੁਖਵਿੰਦਰ ਸਿੰਘ ਸੁੱਖੀ ਵਿਸ਼ੇਸ਼ ਤੋਰ ਤੇ ਪਹੁੰਚੇ ਜਿਨ੍ਹਾਂ ਨੇ ਰੂਬੀ ਸਿੰਘ ਨੂੰ ਉਨ੍ਹਾਂ ਦੇ ਪਹਿਲੇ ਕਾਵਿ ਸੰਗ੍ਰਹਿ ਲਈ ਮੁਬਾਰਕ ਦਿੱਤਾ ਅਤੇ ਪੁਸਤਕ ਵਿਚੋਂ ਆਪਣੀ ਪਸੰਦ ਦੀ ਕਵਿਤਾ ਸਰੋਤਿਆਂ ਨੂੰ ਆਪਣੀ ਖ਼ੂਬਸੂਰਤ ਆਵਾਜ਼ ਵਿਚ ਪੜ ਕੇ ਸੁਣਾਈ।
ਅਖੀਰ ਵਿਚ ਲੇਖਿਕਾ ਵੱਲੋਂ ਰਿਲੀਜ਼ ਸਮਾਗਮ ਵਿਚ ਪਹੁੰਚਣ ਤੇ ਸਾਰੀਆਂ ਦਾ ਧੰਨਵਾਦ ਕੀਤਾ ਗਿਆ ਅਤੇ ਕਿਹਾ ਕਿ ਉਨ੍ਹਾਂ ਨੂੰ ਉਮੀਦ ਹੈ ਕਿ ਪਾਠਕਾਂ ਨੂੰ "ਅਣਕਹੇ ਜਜ਼ਬਾਤ" ਪਸੰਦ ਆਵੇਗੀ। ਇਹ ਕਿਤਾਬ ਭਾਰਤ ਅਤੇ ਯੂਕੇ ਤੋਂ ਇਲਾਵਾ ਹੋਰ ਵੱਖ ਵੱਖ ਮੁਲਕਾਂ ਵਿਚ ਵੀ ਉਪਲਬਧ ਹੋਵੇਗੀ। ਰੂਬੀ ਸਿੰਘ ਆਪਣੇ ਇਸ ਕਾਵਿ ਸੰਗ੍ਰਹਿ ਦੀ ਰਿਲੀਜ਼ ਮੌਕੇ ਕਮਲ ਗਿੱਲ ਯੂਕੇ (ਨਾਵਲਿਸਟ), ਬਿੱਟੂ ਖੰਗੂੜਾ, ਸਰਬਜੀਤ ਢੱਕ ਦਾ ਵਿਸ਼ੇਸ਼ ਧੰਨਵਾਦ ਕੀਤਾ ਜਿਨ੍ਹਾਂ ਨੇ ਉਸ ਨੂੰ ਬਹੁਤ ਸਹਿਯੋਗ ਅਤੇ ਸਪੋਰਟ ਕੀਤਾ ਹੈ।
ਅੱਜ ਦੇ ਘੁੰਡ ਚੁਕਾਈ ਸਮਾਗਮ ਵਿਚ ਰੂਬੀ ਸਿੰਘ ਦੇ ਨਾਲ ਉਨ੍ਹਾਂ ਦੇ ਪਤੀ ਜਗਤ ਸਿੰਘ, ਪੰਜਾਬੀ ਸਿੰਗਰ ਸੁਖਵਿੰਦਰ ਸੁਖੀ, ਕਮਲਜੀਤ ਕਮਲ, ਮਾਤਾ ਨਿਸ਼ਾ ਸ਼ਰਮਾ, ਜਤਿੰਦਰ ਸਿੰਘ ਤੋਂ ਇਲਾਵਾ ਹੋਰ ਬਹੁਤ ਸਾਰੇ ਸਾਹਿਤ ਪ੍ਰੇਮੀ ਅਤੇ ਜਾਣਕਾਰ ਸ਼ਾਮਿਲ ਹੋਏ ਹਨ।