image caption: -ਰਜਿੰਦਰ ਸਿੰਘ ਪੁਰੇਵਾਲ

ਭਗਵੰਤ ਮਾਨ ਸਿੱਖਾਂ ਨੂੰ ਕਿਉਂ ਕਰ ਰਿਹਾ ਏ ਬਦਨਾਮ

ਲੰਘੇ ਦਿਨੀਂ ਮੁੱਖ ਮੰਤਰੀ ਭਗਵੰਤ ਮਾਨ ਨੇ ਸਿੱਖ ਰੈਜੀਮੈਂਟ ਬਾਰੇ  ਕਿਹਾ ਕਿ ਸਿੱਖ ਰੈਜੀਮੈਂਟ ਲਈ ਫੌਜ ਨੂੰ ਪੰਜਾਬ ਵਿਚੋਂ ਨੌਜਵਾਨ ਨਹੀਂ ਮਿਲ ਰਹੇ| ਉਨ੍ਹਾਂ ਨੇ ਵੈਸਟਰਨ ਕਮਾਂਡ ਦੇ ਫੌਜ ਮੁਖੀ ਨਾਲ ਹੋਈ ਗੱਲਬਾਤ ਦਾ ਹਵਾਲਾ ਦਿੰਦਿਆਂ ਇਹ ਗੱਲ ਕਹੀ ਸੀ ਕਿ ਭਾਰਤੀ ਫੌਜ ਵਿੱਚ ਸਿੱਖ ਰੈਜੀਮੈਂਟ ਖ਼ਤਰੇ ਵਿੱਚ ਹੈ, ਕਿਉਂਕਿ ਭਰਤੀ ਕਰਨ ਦੇ ਲਈ ਪੰਜਾਬ ਵਿਚੋਂ ਨਵੇਂ ਸਿੱਖ ਨੌਜਵਾਨ ਨਹੀਂ ਮਿਲ ਰਹੇ| ਮਾਨ ਨੇ ਕਿਹਾ  ਸੀ ਕਿ ਇਸ ਦਾ ਸਭ ਤੋਂ ਵੱਡਾ ਕਾਰਨ ਪੰਜਾਬ ਵਿੱਚ ਨਸ਼ੇ ਦਾ ਵਧਣਾ ਜਾਂ ਫੇਰ ਨੌਜਵਾਨਾਂ ਦਾ ਵਿਦੇਸ਼ਾਂ ਵਿੱਚ ਜਾ ਵਸਣਾ ਹੈ| ਮਾਨ ਦਾ ਇਹ ਬਿਆਨ ਸੱਚ ਤੋਂ ਪਰੇ ਹੈ| ਸੁਆਲ ਇਹ ਹੈ ਕਿ ਪੰਜਾਬ ਦੇ ਸਭ ਸਿਖ ਨੌਜਵਾਨ  ਨਸ਼ੇੜੀ ਹਨ ਜਾਂ ਵਿਦੇਸ਼ਾਂ ਨੂੰ ਚਲੇ ਗਏ ਹਨ| ਕਾਂਗਰਸ ਦੇ ਵਿਧਾਇਕ ਪ੍ਰਗਟ ਸਿੰਘ ਨੇ ਮੁੱਖ ਮੰਤਰੀ ਦੇ ਇਸ ਬਿਆਨ ਦਾ ਕਰਦਿਆਂ ਮੁੱਖ ਮੰਤਰੀ ਮਾਨ ਤੇ ਪੰਜਾਬ ਨੂੰ ਬਦਨਾਮ ਕਰਨ ਦਾ ਦੋਸ਼ ਲਗਾਇਆ ਹੈ ਕਿ ਕੇਜਰੀਵਾਲ ਦੇ ਕਹਿਣ ਤੇ ਪੰਜਾਬ ਨੂੰ ਭੰਡਣਾ ਬੰਦ ਕਰੇ ਭਗਵੰਤ ਮਾਨ| ਪ੍ਰਗਟ ਸਿੰਘ ਨੇ ਇੱਕ ਟਵੀਟ ਕਰਦਿਆਂ ਕਿਹਾ ਕਿ  3 ਸਾਲਾਂ ਵਿਚ ਹਰ ਫਰੰਟ ਤੇ ਫੇਲ੍ਹ ਹੋਏ ਭਗਵੰਤ ਮਾਨ ਹੁਣ ਨਸ਼ਿਆਂ ਦੇ ਨਾਂ &rsquoਤੇ ਲੁਧਿਆਣਾ ਚੋਣ ਜਿੱਤਣ ਲਈ ਨਾ ਸਿਰਫ਼ ਲੁਧਿਆਣਾ ਨੂੰ ਬਦਨਾਮ ਕਰ ਰਹੇ ਹਨ, ਸਗੋਂ ਹੁਣ ਤਾਂ ਸਾਡੀ ਮਾਣਯੋਗ ਸਿੱਖ ਰੈਜੀਮੈਂਟ ਨੂੰ ਵੀ ਨਸ਼ਿਆਂ ਨਾਲ ਜੋੜ ਕੇ ਬਦਨਾਮ ਕਰਨ ਲੱਗ ਪਏ ਹਨ|
ਪ੍ਰਗਟ ਸਿੰਘ ਨੇ ਦਲੀਲ ਦਿੱਤੀ ਕਿ ਮੁੱਖ ਮੰਤਰੀ ਜੀ, ਹਕੀਕਤ ਇਹ ਹੈ ਕਿ ਕੇਂਦਰ ਦੀ ਭਾਜਪਾ ਸਰਕਾਰ ਨੇ ਫੌਜੀ ਭਰਤੀਆਂ ਰੱਦ ਕਰਕੇ ਅਗਨੀਵੀਰ ਯੋਜਨਾ ਲਾਗੂ ਕੀਤੀ, ਜਿਸ ਕਰਕੇ ਪੰਜਾਬ ਦੇ ਨੌਜਵਾਨਾਂ ਦਾ ਫੌਜ ਵੱਲ ਰੁਝਾਨ ਘਟਿਆ ਹੈ-ਨਾ ਕਿ ਨਸ਼ਿਆਂ ਕਰਕੇ| ਅੰਕੜਿਆਂ ਅਨੁਸਾਰ, ਪੰਜਾਬ ਵਿੱਚ ਨਸ਼ੇ ਦੀ ਲਤ ਸਿਰਫ਼ 1-2% ਲੋਕਾਂ ਤੱਕ ਸੀਮਿਤ ਹੈ| 92% ਨੌਜਵਾਨ ਅਜੇ ਵੀ ਫੌਜ ਵਿੱਚ ਭਰਤੀ ਲਈ ਯੋਗ ਹਨ| ਬਿਨਾਂ ਤੱਥਾਂ ਦੇ ਬਿਆਨਬਾਜ਼ੀ ਕਰਕੇ, ਭਗਵੰਤ ਮਾਨ ਜੀ, ਤੁਸੀਂ ਸਿਰਫ਼ ਪੰਜਾਬ ਦੇ ਨੌਜਵਾਨਾਂ ਦੀ ਨਹੀਂ, ਸਗੋਂ ਸਾਡੀ ਮਾਣਯੋਗ ਸਿੱਖ ਰੈਜੀਮੈਂਟ ਦੀ ਵੀ ਬੇਇੱਜ਼ਤੀ ਕੀਤੀ ਹੈ| 
ਅਸੀਂ ਪ੍ਰਗਟ ਸਿੰਘ ਦੀ ਦਲੀਲ ਨਾਲ ਸਹਿਮਤ ਹਾਂ ਕਿ ਭਗਵੰਤ ਮਾਨ ਦੀ ਸੋਚ ਸਿਖ ਤੇ ਪੰਜਾਬ ਵਿਰੋਧੀ ਹੈ| ਉਹ ਕੇਂਦਰ ਸਰਕਾਰ ਤੇ ਕੇਜਰੀਵਾਲ ਦੀਆਂ ਹਦਾਇਤਾਂ ਉਪਰ ਚਲ ਰਹੇ ਹਨ| ਕੇਂਦਰ ਸਰਕਾਰ ਪੰਜਾਬ ਤੇ ਸਿਖਾਂ ਨੂੰ ਕੋਈ ਹੱਕ ਨਹੀਂ ਦੇਣਾ ਚਾਹ ਦੇ ਜੋ ਹੱਕ ਹਨ ਉਨ੍ਹਾਂ ਉਪਰ ਛਾਪੇ ਮਾਰ ਰਹੀ ਹੈ| ਫੌਜ ਵਿਚ ਸਿੱਖਾਂ ਦੀ ਗਿਣਤੀ ਘਟਾਈ ਜਾ ਰਹੀ ਹੈ| ਜਾਪਦਾ ਹੈ ਕਿ ਇਹ ਵਰਤਾਰਾ ਸਿਖ ਰੈਜਮੈਂਟ ਨੂੰ ਖਤਮ ਕਰਨ ਦੀ ਸਾਜਿਸ਼ ਹੈ|
ਬੇਅਦਬੀਆਂ ਬਾਰੇ ਅਕਾਲ ਤਖਤ ਦੇ ਜਥੇਦਾਰ ਦਾ ਬਿਆਨ ਸਵਾਗਤਯੋਗ
ਅਕਾਲ ਤਖ਼ਤ ਦੇ ਕਾਰਜਕਾਰੀ ਜਥੇਦਾਰ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਕੇਂਦਰ ਅਤੇ ਸੂਬਾ ਸਰਕਾਰ ਨੂੰ ਬੀਤੇ ਦਿਨੀਂ ਕਿਹਾ ਸੀ ਕਿ ਬੇਅਦਬੀ ਦੀਆਂ ਘਟਨਾਵਾਂ ਰੋਕਣ ਲਈ ਤੁਰੰਤ ਵੱਖਰਾ ਸਖ਼ਤ ਕਾਨੂੰਨ ਬਣਾਇਆ ਜਾਵੇ| ਸਮਾਣਾ ਵਿੱਚ ਲੱਗੇ ਟਾਵਰ ਮੋਰਚੇ ਚ ਸ਼ਿਰਕਤ ਕਰਦਿਆਂ ਉਨ੍ਹਾਂ ਸਪੱਸ਼ਟ ਕੀਤਾ ਸੀ ਕਿ ਸਿੱਖ ਜਗਤ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਮੰਨਦਾ ਹੈ ਅਤੇ ਭਾਰਤ ਦੀ ਸਰਵ ਉੱਚ ਅਦਾਲਤ ਨੇ ਗੁਰੂ ਗ੍ਰੰਥ ਸਾਹਿਬ ਨੂੰ ਜੀਵਤ ਗੁਰੂ ਤਸਦੀਕ ਕੀਤਾ ਹੈ| ਇਸ ਲਈ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਵਿਰੁੱਧ ਸਖ਼ਤ ਤੋਂ ਸਖ਼ਤ ਵੱਖਰਾ ਕਾਨੂੰਨ ਬਣਾਉਣਾ ਜ਼ਰੂਰੀ ਹੈ| ਕਾਨੂੰਨ ਬਣਾਉਣ ਦੀ ਮੰਗ ਲਈ ਪਿਛਲੇ 6 ਮਹੀਨੇ ਤੋਂ 400 ਫੁੱਟ ਉੱਚੇ ਟਾਵਰ ਤੇ ਚੜ੍ਹੇ ਭਾਈ ਗੁਰਜੀਤ ਸਿੰਘ ਫੌਜੀ ਨੂੰ ਪ੍ਰਸ਼ਾਦਾ ਛਕਣ ਦਾ ਹੁਕਮ ਕਰਦਿਆਂ ਜਥੇਦਾਰ ਗੜਗੱਜ ਨੇ ਆਖਿਆ ਸੀ ਕਿ ਸਿੱਖ ਧਰਮ ਵਿਚ ਮਰਨ ਵਰਤ ਰੱਖਣੇ ਸਹੀ ਨਹੀਂ ਹਨ| ਉਨ੍ਹਾਂ ਕਿਹਾ ਕਿ ਉਹ ਭਾਈ ਗੁਰਜੀਤ ਸਿੰਘ ਨੂੰ ਟਾਵਰ ਤੋਂ ਹੇਠਾਂ ਆਉਣ ਲਈ ਨਹੀਂ ਕਹਿ ਸਕਦੇ ਕਿਉਂਕਿ ਸਿੱਖ ਸੰਘਰਸ਼ ਕਰਦੇ ਆਏ ਹਨ|
ਜਥੇਦਾਰ ਗੜਗੱਜ ਨੇ ਆਖਿਆ ਕਿ ਗੁਰੂ ਗ੍ਰੰਥ ਸਾਹਿਬ ਚ ਭਾਰਤ ਦੇ ਕੋਨੇ-ਕੋਨੇ &rsquoਚੋਂ ਆਏ ਭਗਤਾਂ ਦੀ ਬਾਣੀ ਦਰਜ ਹੈ ਅਤੇ ਸਾਂਝੀਵਾਲਤਾ ਦਾ ਉਪਦੇਸ਼ ਹੈ ਫਿਰ ਵੀ ਕੇਂਦਰ ਅਤੇ ਰਾਜ ਸਰਕਾਰ ਸਖ਼ਤ ਕਾਨੂੰਨ ਬਣਾਉਣ ਤੋਂ ਟਾਲਾ ਕਿਉਂ ਵੱਟ ਰਹੀਆਂ ਹਨ? ਉਨ੍ਹਾਂ ਪੰਜਾਬ ਦੇ ਵਿਧਾਇਕਾਂ ਅਤੇ ਸੰਸਦ ਮੈਂਬਰਾਂ ਨੂੰ ਸਵਾਲ ਕੀਤਾ ਕਿ ਉਹ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਲਈ ਸਖ਼ਤ ਕਾਨੂੰਨ ਬਣਾਉਣ ਸਬੰਧੀ ਚੁੱਪ ਕਿਉਂ ਹਨ? ਉਨ੍ਹਾਂ ਕਿਹਾ ਕਿ ਪੰਥਕ ਲੀਡਰਾਂ ਨੂੰ ਵੀ ਸਖ਼ਤ ਕਾਨੂੰਨ ਦੀ ਮੰਗ ਲਈ ਅੱਗੇ ਆਉਣਾ ਚਾਹੀਦਾ ਹੈ|
ਅਸੀਂ ਸਮਝਦੇ ਹਾਂ ਕਿ ਜਥੇਦਾਰ ਅਕਾਲ ਤਖਤ ਸਾਹਿਬ ਨੇ ਸਹੀ ਮਸਲਾ ਉਠਾਇਆ ਹੈ| ਸਮੂਹ ਪੰਜਾਬੀਆਂ ਨੂੰ ਇਸ ਦੀ ਹਮਾਇਤ ਕਰਨੀ ਚਾਹੀਦੀ ਹੈ| ਜੇਕਰ ਅੰਬੇਡਕਰ ਦੇ ਬੁਤ ਦੀ ਬੇਅਦਬੀ ਕਰਨ ਲਈ ਦੇਸ ਧ੍ਰੋਹ ਦਾ ਕੇਸ ਦਰਜ ਹੋ ਸਕਦਾ ਹੈ ਤਾਂ ਗੁਰੂ ਦੀ ਬੇਅਦਬੀ ਦਾ ਕਿਉਂ ਨਹੀਂ ਹੋ ਸਕਦਾ? ਸਪੱਸ਼ਟ ਗੱਲ ਇਹ ਹੈ ਕਿ ਸਤਾਧਾਰੀਆਂ ਦੀ ਸੋਚ ਗੁਰੂ ਗ੍ਰੰਥ ਸਾਹਿਬ ਤੇ ਸਿਖ ਵਿਰੋਧ ਵਿਚ ਖੜੀ ਹੈ| ਇਸੇ ਕਰਕੇ ਨਿਆਂ ਨਹੀਂ ਹੁੰਦਾ|
ਅੰਬੇਡਕਰ ਦੇ ਬੁੱਤ ਤੇ ਖਾਲਿਸਤਾਨੀ ਨਾਅਰੇ ਲਿਖਣ ਵਾਲਿਆਂ ਉਪਰ ਦੇਸ਼ ਧ੍ਰੋਹ ਦਾ ਮੁਕਦਮਾ ਕਿਉਂ?  
ਫਿਲੌਰ ਕਸਬੇ ਵਿਚ ਬੀਤੇ ਦਿਨੀਂ ਜਲੰਧਰ ਦਿਹਾਤੀ ਪੁਲੀਸ ਨੇ ਡਾ. ਭੀਮ ਰਾਓ ਅੰਬੇਡਕਰ ਦੇ ਬੁੱਤ ਦੁਆਲੇ ਬਣਾਏ ਫਰੇਮ ਤੇ ਖਾਲਿਸਤਾਨੀ ਨਾਅਰੇ ਲਿਖਣ ਦੇ ਦੋਸ਼ ਹੇਠ ਦੋ ਮੁਲਜ਼ਮਾਂ ਸੁਖਬੀਰ ਸਿੰਘ ਉਰਫ਼ ਰਾਜਨ (31) ਵਾਸੀ ਨੂਰਪੁਰ ਚੱਠਾ ਅਤੇ  ਅਵਤਾਰ ਸਿੰਘ ਉਰਫ ਤਾਰੀ ਵਾਸੀ ਨਕੋਦਰ ਨੂੰ ਗ੍ਰਿਫ਼ਤਾਰ ਕੀਤਾ ਸੀ| ਐੱਸਐੱਸਪੀ ਗੁਰਮੀਤ ਸਿੰਘ ਅਨੁਸਾਰ ਦੋਵੇਂ ਮੁਲਜ਼ਮ ਕਿਸੇ ਤੀਜੇ ਵਿਅਕਤੀ ਰਾਹੀਂ ਸਿੱਖਸ ਫਾਰ ਜਸਟਿਸ (ਐੱਸਐੱਫਜੇ) ਨਾਲ ਜੁੜੇ ਹੋਏ ਸਨ| ਮੁਲਜ਼ਮਾਂ ਕੋਲੋਂ ਚਾਰ ਫੋਨ ਅਤੇ ਮੋਟਰਸਾਈਕਲ ਬਰਾਮਦ ਕੀਤੇ ਸਨ| ਫਿਲਹਾਲ ਉਨ੍ਹਾਂ ਨੂੰ ਇਸ ਕੰਮ ਲਈ ਕਿੰਨੇ ਪੈਸੇ ਮਿਲੇ ਹਨ? ਇਸ ਬਾਰੇ ਕੋਈ ਸਪੱਸ਼ਟ ਜਾਣਕਾਰੀ ਨਹੀਂ ਹੈ| ਐੱਸਐੱਸਪੀ ਅਨੁਸਾਰ ਮੁਲਜ਼ਮ ਪਹਿਲਾਂ ਵੀ ਚਾਰ ਵਾਰ ਅਜਿਹੇ ਨਾਅਰੇ ਲਿਖ ਚੁੱਕੇ ਹਨ|  ਪੁਲਿਸ ਅਨੁਸਾਰ ਦੋਸ਼ੀਆਂ ਨੇ ਦੱਸਿਆ ਸੀ ਕਿ ਗੁਰਪਤਵੰਤ ਸਿੰਘ ਪੰਨੂ ਦੇ ਕਹਿਣ &rsquoਤੇ ਹੀ 31 ਮਾਰਚ ਨੂੰ ਇਨ੍ਹਾਂ ਮੁਲਜ਼ਮਾਂ ਨੇ ਫਿਲੌਰ ਦੇ ਨੰਗਲ ਇਲਾਕੇ ਵਿੱਚ ਖਾਲਿਸਤਾਨੀ ਨਾਅਰੇ ਲਿਖੇ ਸਨ| ਇਹ ਨਾਅਰੇ ਡਾਕਟਰ ਭੀਮ ਰਾਓ ਅੰਬੇਡਕਰ ਦੇ ਬੁੱਤ ਲਈ ਲਗਾਏ ਗਏ ਸ਼ੋਅ-ਕੇਸ &rsquoਤੇ ਲਿਖੇ ਗਏ ਸਨ| ਪੰਨੂ ਨੇ ਇਸ ਪੂਰੀ ਘਟਨਾ ਦੀ ਵੀਡੀਓ ਵੀ ਜਾਰੀ ਕੀਤੀ ਸੀ| ਵੀਡੀਓ ਵਿਚ ਪੰਨੂ ਨੇ ਆਉਣ ਵਾਲੇ ਦਿਨਾਂ &rsquoਚ ਪੰਜਾਬ &rsquoਚ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦਾ ਦਾਅਵਾ ਵੀ ਕੀਤਾ ਸੀ|
ਪੰਜਾਬ ਟਾਈਮਜ ਅਦਾਰਾ ਅੰਬੇਡਕਰ ਦੇ ਬੁਤਾਂ ਦੀ ਬੇਅਦਬੀ ਨਾਲ ਸਹਿਮਤ ਨਹੀਂ| ਇਸ ਨਾਲ ਭਾਈਚਾਰੇ ਵਿਚ ਵੰਡਾਂ ਪੈਂਦੀਆਂ ਹਨ| ਪੰਜਾਬ ਪਹਿਲਾਂ ਹੀ ਕੇਂਦਰ ਰਾਹੀਂ ਉਲਝਾਇਆ ਜਾ ਰਿਹਾ ਹੈ| ਇਸ ਲਈ  ਸਮੁਚੇ ਪੰਜਾਬੀ ਭਾਈਚਾਰੇ ਨੂੰ ਇਕਮੁੱਠ ਕਰਨ ਦੀ ਲੋੜ ਹੈ|ਫੜੇ ਨੌਜਵਾਨਾਂ ਉਪਰ ਦੇਸ਼ ਵਿਰੋਧੀ ਕੇਸ ਪਾਉਣਾ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਹੈ| ਖਾਲਿਸਤਾਨੀ ਨਾਰੇ ਲਿਖਣ, ਲਗਾਉਣੇ ਕਨੂੰਨ ਅਨੁਸਾਰ ਅਪਰਾਧ ਨਹੀਂ| ਇਨ੍ਹਾਂ ਉਪਰ ਕਨੂੰਨੀ ਨਿਯਮਾਂ ਅਨੁਸਾਰ ਅਸ਼ਾਂਤੀ ਫੈਲਾਉਣ ਦਾ ਕੇਸ ਬਣਦਾ ਸੀ ਨਾ ਕਿ ਦੇਸ਼ ਵਿਰੋਧ ਦਾ|
-ਰਜਿੰਦਰ ਸਿੰਘ ਪੁਰੇਵਾਲ