image caption: -ਭਗਵਾਨ ਸਿੰਘ ਜੌਹਲ
(13 ਅਪ੍ਰੈਲ) ਦਸਤਾਰ ਦਿਵਸ ‘ਤੇ ਵਿਸ਼ੇਸ਼ ਸਿੱਖ ਦੇ ਪਹਿਰਾਵੇ ਦਾ ਅਹਿਮ ਅੰਗ ਦਸਤਾਰ
ਅੱਜ ਸਿੱਖ ਧਰਮ ਵਿੱਚ ਵਿਸ਼ਵਾਸ ਰੱਖਣ ਵਾਲੇ ਦਸਤਾਰ ਧਾਰੀ ਲੋਕ ਸਮੁੱਚੇ ਵਿਸ਼ਵ ਵਿੱਚ ਫੈਲੇ ਹੋਏ ਹਨ । ਅਸਲ ਵਿੱਚ ਵਿਸ਼ਵ ਦੇ ਛੋਟੇ-ਵੱਡੇ ਧਰਮਾਂ ਵਿੱਚੋਂ ਸਿੱਖ ਧਰਮ ਸੰਸਾਰ ਦਾ ਵਿਲੱਖਣ ਅਤੇ ਵੱਖਰੀ ਪਹਿਚਾਨ ਰੱਖਣ ਵਾਲਾ ਧਰਮ ਹੈ । ਸਿੱਖ ਦੇ ਪਹਿਰਾਵੇ ਵਿੱਚ ਦਸਤਾਰ ਦਾ ਵਿਸ਼ੇਸ ਸਥਾਨ ਹੈ । ਅੱਜ ਜਦੋਂ ਸਿੱਖ ਧਰਮ ਵਿਸ਼ਵ ਵਿਆਪੀ ਹੋ ਚੁੱਕਾ ਹੈ ਤਾਂ ਵੱਖ-ਵੱਖ ਦੇਸ਼ਾਂ ਵਿੱਚ ਵੱਖ-ਵੱਖ ਚੁਣੌਤੀਆਂ ਵਿੱਚੋਂ ਸਾਡੀ ਦਸਤਾਰ ਲਈ ਪੈਦਾ ਹੋ ਰਹੀਆਂ ਸਮੱਸਿਆਵਾਂ ਕਰਕੇ ਸਮੁੱਚੀ ਦੁਨੀਆਂ ਦੇ ਮੀਡੀਆ ਵਿੱਚ ਵੱਖ-ਵੱਖ ਭਾਸ਼ਾਵਾਂ ਵਿੱਚ ਸਮੇਂ-ਸਮੇਂ ਖ਼ਬਰਾਂ ਛੱਪਦੀਆਂ ਰਹਿੰਦੀਆਂ ਹਨ, ਭਾਵੇਂ ਏਸ਼ੀਆ ਦੇ ਬਹੁਤ ਸਾਰੇ ਦੇਸ਼ਾਂ ਵਿੱਚ ਦੂਸਰੇ ਧਰਮਾਂ ਦੇ ਲੋਕ ਵੀ ਦਸਤਾਰ ਜਾਂ ਪਗੜੀ ਧਾਰਨ ਕਰਕੇ ਆਪਣੀ ਵੱਖਰੀ ਪਹਿਚਾਣ ਕਰਕੇ ਜਾਣੇ ਜਾਂਦੇ ਹਨ । ਗੁਰੂ ਕਾਲ ਵਿੱਚ ਸਾਰੇ ਗੁਰੂ ਸਾਹਿਬਾਨ ਅਤੇ ਗੁਰੂ ਨਾਨਕ ਲੇਵਾ ਸਿੱਖ ਦਸਤਾਰ ਧਾਰਨ ਕਰਦੇ ਸਨ । ਸਰਬੰਸਦਾਨੀ ਪਿਤਾ ਦਸਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ 1699 ਈ: ਦੀ ਵੈਸਾਖੀ ਦੇ ਪਾਵਨ ਅਵਸਰ &lsquoਤੇ ਪੰਜਾਂ ਪਿਆਰਿਆਂ ਨੂੰ ਅੰਮ੍ਰਿਤ ਛਕਾਉਣ ਦੀ ਵਿਲੱਖਣ ਘਟਨਾ ਸਮੇਂ ਦਸਤਾਰ ਨੂੰ ਸਿੱਖਾਂ ਦੇ ਅਤਿ ਜ਼ਰੂਰੀ ਪਹਿਰਾਵੇ ਦਾ ਅੰਗ ਬਣਾ ਦਿੱਤਾ । ਦਸਤਾਰ ਹੀ ਹੈ, ਜਿਹੜੀ ਪੰਜਾਂ ਕਕਾਰਾਂ ਵਿੱਚੋਂ ਕੇਸਾਂ ਦੀ ਸੰਭਾਲ ਲਈ ਪਹਿਨਣ ਵਾਲੇ ਬਸਤਰਾਂ ਵਿੱਚ ਅਹਿਮ ਸਥਾਨ ਰੱਖਦੀ ਹੈ । ਇਸ ਦਸਤਾਰ ਤੋਂ ਬਿਨਾਂ ਸਿੱਖ ਦਾ ਸਰੂਪ ਕਿਆਸਿਆ ਵੀ ਨਹੀਂ ਜਾ ਸਕਦਾ ।
ਸੌਣ ਸਮੇਂ ਜਾਂ ਅਰਾਮ ਕਰਨ ਸਮੇਂ ਛੋਟੀ ਦਸਤਾਰ ਸਜਾਉਣਾ ਸਿੱਖ ਲਈ ਲਾਜ਼ਮੀ ਹੈ, ਜਿਸ ਨੂੰ ਕੇਸਕੀ ਦਾ ਨਾਂਅ ਦਿੱਤਾ ਗਿਆ ਹੈ । ਆਮ ਤੌਰ ਤੇ ਅੰਮ੍ਰਿਤਧਾਰੀ ਸਿੱਖ ਦਸਤਾਰ ਦੇ ਹੇਠਾਂ ਕੇਸਕੀ ਸਜਾਉਂਦੇ ਹਨ । ਭਾਵੇਂ ਇਸ ਖਿੱਤੇ ਦੇ ਕੁਝ ਦੇਸ਼ਾਂ ਵਿੱਚ ਸਿਰ ਨੂੰ ਢੱਕਣ ਲਈ ਮੁੱਢ-ਕਦੀਮ ਤੋਂ ਪਗੜੀ ਦੀ ਵਰਤੋਂ ਹੁੰਦੀ ਆਈ ਹੈ । ਪਰ ਆਰੀਆ ਸੱਭਿਅਤਾ ਦੇ ਲੋਕਾਂ ਵਿੱਚ ਪਗੜੀ ਬੰਨਣ ਦਾ ਰਿਵਾਜ਼ ਬਹੁਤ ਪੁਰਾਣਾ ਹੈ । ਪੰਜਾਬ ਦੀ ਸੱਭਿਅਤਾ ਵਿੱਚ ਦਸਤਾਰ ਧਾਰਨ ਕਰਨੀ ਸਾਡੇ ਸਮਾਜ ਅਤੇ ਸੱਭਿਆਚਾਰ ਦਾ ਹਿੱਸਾ ਰਿਹਾ ਹੈ । ਹਰ ਧਰਮ ਤੇ ਜਾਤ ਦੇ ਲੋਕ ਦਸਤਾਰ ਸਜਾਉਂਦੇ ਰਹੇ ਹਨ ।
ਸਾਡੀ ਪੰਜਾਬੀ ਭਾਸ਼ਾ ਦੇ ਮੁਹਾਵਰਿਆਂ, ਲੋਕ-ਅਖਾਣਾਂ ਅਤੇ ਵਿਰਾਸਤੀ ਲੋਕ ਗੀਤਾਂ, ਸ਼ੈਲੀਆਂ ਵਿੱਚ ਦਸਤਾਰ, ਪੱਗ, ਪਗੜੀ ਦੀ ਅਹਿਮੀਅਤ ਵੀ ਓਨੀ ਹੀ ਪੁੁਰਾਣੀ ਹੈ, ਜਿੰਨੀ ਸਾਡੀ ਭਾਸ਼ਾ ਅਤੇ ਮਾਂ-ਬੋਲੀ ਦੇ ਜਨਮ ਦੀ ਗਾਥਾ । ਜਦੋਂ ਅੰਗ੍ਰੇਜ਼ਾਂ ਨੇ ਭਾਰਤ ਵਿੱਚ ਪ੍ਰਵੇਸ਼ ਕੀਤਾ ਤਾਂ ਅੰਗ੍ਰੇਜ਼ੀ ਸੱਭਿਆਚਾਰ ਨੇ ਦਸਤਾਰ ਨੂੰ ਕੇਵਲ ਸਿੱਖ ਸਮਾਜ ਤੱਕ ਹੀ ਸੀਮਤ ਕਰ ਦਿੱਤਾ । ਅਸੀਂ ਅੱਜ ਵੀ ਦੇਖਦੇ ਹਾਂ ਕਿ ਹਿੰਦੂ ਸਮਾਜ ਵਿੱਚ ਖੁਸ਼ੀ ਜਾਂ ਗ਼ਮੀ ਦੇ ਸਮਾਗਮਾਂ ਵਿੱਚ ਪਗੜੀ ਬੰਨ੍ਹਣ ਦਾ ਰਿਵਾਜ਼ ਵੀ ਬਾ-ਦਸਤੂਰ ਚੱਲ ਰਿਹਾ ਹੈ । ਕਿਸੇ ਬਜ਼ੁਰਗ ਦੀ ਮੌਤ ਤੋਂ ਪਿੱਛੋਂ ਉਸ ਦੇ ਪੁੱਤਰ ਨੂੰ ਦਸਤਾਰ ਜਾਂ ਪਗੜੀ ਸਮਾਜਿਕ ਜ਼ਿੰਮੇਵਾਰੀ ਨੂੰ ਸੰਭਾਲਣ ਦੇ ਚਿੰਨ ਵਜੋਂ ਦਿੱਤੀ ਜਾਂਦੀ ਹੈ ।
ਦੂਜੇ ਵੱਡੇ ਸੰਸਾਰ ਯੁੱਧ (1939 ਤੋਂ 1944) ਸਮੇਂ ਅੰਗ੍ਰੇਜ਼ਾਂ ਦੇ ਅਧੀਨ ਲੜ ਰਹੇ ਸਿੱਖ ਫੌਜੀਆਂ ਨੂੰ ਲੋਹ-ਟੋਪ ਪਾਉਣ ਦੇ ਆਦੇਸ਼ ਅੰਗ੍ਰੇਜ਼ੀ ਹਕੂਮਤ ਵੱਲੋਂ ਦਿੱਤੇ ਗਏ ਸਨ । ਵੱਡੀ ਗਿਣਤੀ ਵਿੱਚ ਜਾਨੀ ਨੁਕਸਾਨ ਨੂੰ ਘੱਟ ਕਰਨ ਦੇ ਡਰ ਵਜੋਂ ਅਜਿਹਾ ਲਾਜ਼ਮੀ ਕੀਤਾ ਗਿਆ ਸੀ । ਭਾਰਤ ਵਿੱਚ ਰਾਜ ਕਰ ਰਹੀ ਬਰਤਾਨਵੀ ਸਰਕਾਰ ਨੇ ਤਾਂ ਇਥੋਂ ਤੱਕ ਕਹਿ ਦਿੱਤਾ ਸੀ ਕਿ ਅਸੀਂ ਏਨਾ ਜਾਨੀ ਨੁਕਸਾਨ ਹੋਣ ਤੇ ਸਿੱਖ ਫੌਜੀਆਂ ਦੀਆਂ ਵਿਧਵਾਵਾਂ ਨੂੰ ਪੈਨਸ਼ਨ ਦੇਣ ਦਾ ਬੋਝ ਨਹੀਂ ਚੁੱਕ ਸਕਦੇ । ਪਰ ਇਸ ਤੋਂ ਉਲਟ ਸਾਡੇ ਸਾਰੇ ਸਿੱਖ ਫੌਜੀ ਜਵਾਨਾਂ ਅਤੇ ਅਫ਼ਸਰਾਂ ਨੇ ਇਸ ਗੱਲ ਨੂੰ ਪ੍ਰਵਾਨ ਕਰ ਲਿਆ ਕਿ ਜਦੋਂ ਕਿਸੇ ਦਸਤਾਰ ਧਾਰੀ ਜਵਾਨ ਦੀ ਮੌਤ ਸਿਰ ਵਿੱਚ ਗੋਲੀ ਲੱਗਣ ਨਾਲ ਹੋਵੇਗੀ ਤਾਂ ਉਸ ਦੀ ਵਿਧਵਾ ਤੇ ਪਰਿਵਾਰਕ ਪੈਨਸ਼ਨ ਨਹੀਂ ਲਈ ਜਾਵੇਗੀ । ਸਮੁੱਚਾ ਦੂਜਾ ਵਿਸ਼ਵ ਯੁੱਧ ਬਿਨਾਂ ਲੋਹ-ਟੋਪ ਪਹਿਨਣ ਤੋਂ ਦਸਤਾਰਾਂ ਸਜਾ ਕੇ ਲੜਿਆ । ਸਿੱਖੀ ਸਿਦਕ ਲਈ ਦਸਤਾਰ ਦੀ ਅਹਿਮੀਅਤ ਤੇ ਪਹਿਚਾਣ ਦੀ ਖ਼ਾਤਰ ਜ਼ਿੰਦਗੀ ਦਾ ਬਲੀਦਾਨ ਤੇ ਸ਼ਹਾਦਤ ਦਾ ਜਾਮ ਪੀਣ ਨੂੰ ਪਹਿਲ ਦਿੱਤੀ । ਪਰਿਵਾਰਾਂ ਦੀ ਆਰਥਿਕ ਤੰਗੀ ਨੂੰ ਤਾਂ ਜਰ ਲਵਾਂਗੇ, ਪਰ ਦਸਤਾਰ ਨੂੰ ਆਂਚ ਨਹੀਂ ਲੱਗਣ ਦੇਣੀ । ਸਾਡੇ ਸਿੱਖ ਜਵਾਨ ਇਹ ਭਲੀ ਭਾਂਤ ਇਸ ਗੱਲ ਨੂੰ ਸਮਝਦੇ ਸਨ ਕਿ ਵਿਸ਼ਵ ਭਰ ਦੇ ਦੇਸ਼ਾਂ ਵਿੱਚ ਸਾਡੀ ਪਹਿਚਾਣ ਦਸਤਾਰ ਕਰਕੇ ਹੀ ਬਣਦੀ ਹੈ ।
ਡਾ: ਰਤਨ ਸਿੰਘ ਜੱਗੀ ਸਿੱਖ ਵਿਸ਼ਵ ਕੋਸ਼ ਵਿੱਚ ਇਸ ਗੱਲ ਦੀ ਗਵਾਹੀ ਭਰਦੇ ਹਨ ਕਿ ਹੁਣ ਤੱਕ ਹੋਏ ਦੋਵਾਂ ਵਿਸ਼ਵ ਯੁੱਧਾਂ ਦੌਰਾਨ 83055 ਦਸਤਾਰ ਧਾਰੀ ਸਿੱਖਾਂ ਨੇ ਸ਼ਹਾਦਤ ਦਾ ਜਾਮ ਪੀਤਾ ਅਤੇ ਦੋਵਾਂ ਲੜਾਈਆਂ ਦੌਰਾਨ ਅੰਗ੍ਰੇਜ਼ੀ ਹਕੂਮਤ ਨੇ ਜੰਗ ਦੀ ਭੱਠੀ ਵਿੱਚ ਬਾਲਟ ਵਜੋਂ ਦਸਤਾਰਧਾਰੀ ਫੌਜੀਆਂ ਦੀ ਅਹੂਤੀ ਦਿੱਤੀ । ਦੋਵਾਂ ਵਿਸ਼ਵ ਯੁੱਧਾਂ ਦੌਰਾਨ 1,09,045 ਸਿੱਖ ਜਵਾਨ ਜ਼ਖਮੀ ਹੋਏ ਸਨ । ਸਾਡੇ ਪੁਰਖਿਆਂ ਦੀ ਇਹ ਗਾਥਾ ਦਸਤਾਰ ਪਹਿਨਣ ਵਾਲੇ ਸਿੱਖਾਂ ਲਈ ਮਾਣ ਵਾਲੀ ਗੱਲ ਨਹੀਂ । 
ਸ੍ਰੀ ਅਕਾਲ ਤਖ਼ਤ ਸਾਹਿਬ ਦੇ ਆਦੇਸ਼ ਮੁਤਾਬਿਕ ਵਰਤਮਾਨ ਸਮੇਂ ਵਿੱਚ ਖ਼ਾਲਸਾ ਸਾਜਨਾ ਦਿਵਸ ਨੂੰ ਸਿੱਖ ਦਸਤਾਰ ਦਿਵਸ ਵਜੋਂ ਮਨਾਉਣਾ ਦਸਤਾਰ ਸਿੱਖ ਦੇ ਪਹਿਰਾਵੇ ਦੇ ਅਹਿਮ ਅੰਗ ਦਾ ਸੁਨੇਹਾ ਦਿੰਦਾ ਹੈ । ਅਸੀਂ ਰੋਜ਼ਾਨਾ ਪੜ੍ਹਦੇ ਸੁਣਦੇ ਹਾਂ, ਸਾਡੇ ਪ੍ਰਵਾਸੀ ਭਾਰਤੀ ਸਿੱਖ ਵੀਰਾਂ ਨੂੰ ਅੱਜ ਵੀ ਦਸਤਾਰ ਸਿੱਖੀ ਦੇ ਵੱਕਾਰ ਦਾ ਮਸਲਾ ਬਣ ਜਾਂਦਾ ਹੈ । ਬਹੁਤ ਸਾਰੇ ਦੇਸ਼ਾਂ ਵਿੱਚ ਸਿੱਖਾਂ ਨੂੰ ਦਸਤਾਰ ਸਜਾ ਕੇ ਨੌਕਰੀ ਜਾਂ ਹੋਰ ਕਾਰੋਬਾਰ ਕਰਨ ਦੀ ਇਜਾਜ਼ਤ ਮਿਲੀ ਹੋਈ ਹੈ । ਪਰ ਦਸਤਾਰ ਲਈ ਸੰਘਰਸ਼ ਅਜੇ ਵੀ ਜਾਰੀ ਹੈ ।
ਬਹੁਤ ਸਾਰੇ ਦੇਸ਼ਾਂ ਵਿੱਚ ਸਿੱਖ ਭੈਣਾਂ-ਵੀਰਾਂ ਨੂੰ ਦੋਪਹੀਆ ਸਵਾਰੀ ਨੂੰ ਚਲਾਉਣ ਸਮੇਂ ਲੋਹ-ਟੋਪ ਪਹਿਨਣ ਤੋਂ ਛੋਟ ਮਿਲੀ ਹੋਈ ਹੈ । ਪਰ ਇਸ ਚੱਲ ਰਹੇ ਸੰਘਰਸ਼ ਦੌਰਾਨ ਦਸਤਾਰ ਦੀ ਸਰਵਉੱਚਤਾ ਨੂੰ ਪ੍ਰਵਾਨ ਕਰਕੇ ਹਰ ਸਿੱਖ ਨੂੰ ਆਪਣੇ ਫਰਜ਼ਾਂ ਤੇ ਕਰਤਵਾਂ ਨੂੰ ਸਮਝਣਾ ਪਵੇਗਾ । ਸਿੱਖ ਦਸਤਾਰ ਦਿਵਸ ਸਮੇਂ ਸੁੰਦਰ ਦਸਤਾਰ-ਦੁਮਾਲਾ ਮੁਕਾਬਲੇ ਕਰਵਾ ਰਹੀਆਂ ਸੰਸਥਾਵਾਂ, ਸਭਾ, ਸੁਸਾਇਟੀਆਂ ਨੂੰ ਹੋਰ ਵਧੇਰੇ ਉਤਸ਼ਾਹ ਤੇ ਲਗਨ ਨਾਲ ਦਸਤਾਰ ਦੀ ਪਹਿਚਾਣ ਲਈ ਗਹਿਰ ਗੰਭੀਰ ਯਤਨ ਕਰਨੇ ਪੈਣਗੇ ।
-ਭਗਵਾਨ ਸਿੰਘ ਜੌਹਲ