image caption: ਜਥੇਦਾਰ ਮਹਿੰਦਰ ਸਿੰਘ ਯੂ.ਕੇ.

ਖਾਲਸਾ ਪੰਥ ਦੀ ਸਾਜਨਾ ਬਨਾਮ ਮਨੂੰ ਸਿਮਰਤੀ ਦਾ ਹਿੰਦੂ ਵਿਧਾਨ

1947 ਤੋਂ ਬਾਅਦ ਭਾਰਤ ਵਿੱਚ ਜਿਸ ਦੀ ਵੀ ਸਰਕਾਰ ਬਣੀ ਉਸ ਨੇ ਹਿੰਦੂ ਬਹੁਗਿਣਤੀ ਨੂੰ ਖ਼ੁਸ਼ ਕਰਨ ਦਾ ਯਤਨ ਕੀਤਾ। ਇੰਦਰਾ ਗਾਂਧੀ ਵੀ ਆਰ. ਐੱਸ. ਐੱਸ. ਨੂੰ ਖ਼ੁਸ਼ ਕਰਨ ਲਈ ਯਤਨਸ਼ੀਲ ਰਹਿੰਦੀ ਰਹੀ ਹੈ ਤੇ ਉਸ ਨੇ ਹੀ ਅਜ਼ਾਦੀ ਲਹਿਰ ਦੇ ਗ਼ੱਦਾਰ ਸਾਵਰਕਰ ਨੂੰ ਸੁਤੰਤਰਤਾ ਸੈਨਾਨੀ ਕਹਿ ਕੇ ਉਸ ਦੀ ਫ਼ੋਟੋ ਪਾਰਲੀਮੈਂਟ ਵਿੱਚ ਲਵਾਈ ਸੀ ਤੇ ਹੁਣ ਨਰਿੰਦਰ ਮੋਦੀ ਅਜ਼ਾਦੀ ਦੇ ਗ਼ੱਦਾਰ ਸਾਵਰਕਰ ਦੀ ਫ਼ੋਟੋ ਨੂੰ ਮੱਥਾ ਟੇਕ ਕੇ ਪਾਰਲੀਮੈਂਟ ਦਾ ਸ਼ੈਸ਼ਨ ਸ਼ੁਰੂ ਕਰਦਾ ਹੈ। 
ਇੱਥੇ ਇਹ ਵੀ ਵਰਣਨਯੋਗ ਹੈ ਕਿ ਭਾਰਤ ਸਰਕਾਰ ਵੱਲੋਂ ਦੀਵਾਨ ਸਿੰਘ ਕਾਲੇਪਾਣੀ ਦੀ ਦੇਸ਼ ਦੀ ਆਜ਼ਾਦੀ ਲਈ ਦਿੱਤੀ ਕੁਰਬਾਨੀ ਨੂੰ ਪ੍ਰਮਾਣਿਆ ਗਿਆ ਅਤੇ ਅਗਸਤ 28, 1987 ਨੂੰ ਪਾਰਲੀਮੈਂਟ ਵਿੱਚ ਇਹ ਐਲਾਨ ਕੀਤਾ ਗਿਆ ਕਿ ਅੰਡੇਮਾਨ ਨਿੱਕੋਬਾਰ ਦੀ ਧਰਤੀ ਤੋਂ ਇੱਕੋ ਇੱਕ ਸੁਤੰਤਰਤਾ ਸੈਲਾਨੀ ਦੀਵਾਨ ਸਿੰਘ ਕਾਲੇਪਾਣੀ ਹੀ ਹੋਇਆ ਹੈ। ਪੰਥ ਦੇ ਅਵੇਸਲੇਪਣ ਦਾ ਨਤੀਜਾ ਹੈ ਕਿ ਅਸਲੀ 'ਸੁਤੰਤਰਤਾ ਸੈਲਾਨੀ' ਦੀਵਾਨ ਸਿੰਘ ਕਾਲੇਪਾਣੀ ਦੀ ਫ਼ੋਟੋ ਸਿੱਖ ਪਾਰਲੀਮੈਂਟ ਵਿੱਚ ਨਹੀਂ ਲਗਵਾ ਸਕੇ। 
ਭਾਜਪਾ ਸਰਕਾਰ ਦੇ ਸਾਬਕਾ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ 2015 ਵਿੱਚ ਲੋਕ ਸਭਾ ਵਿੱਚ ਸੁਝਾਅ ਦਿੱਤਾ ਸੀ ਕਿ ਭਾਰਤੀ ਸੰਵਿਧਾਨ ਵਿੱਚ ਧਰਮ ਨਿਰਪੱਖ ਦੀ ਥਾਂ ਪੰਥ ਨਿਰਪੱਖ ਸ਼ਬਦ ਦੀ ਵਰਤੋਂ ਹੋਣੀ ਚਾਹੀਦੀ ਹੈ। ਇਸੇ ਤਰ੍ਹਾਂ ਹਿੰਦੂ ਰਾਸ਼ਟਰ ਦੇ ਮੱੁਦਈ ਤੇ ਆਰ.ਐੱਸ.ਐੱਸ. ਦੇ ਮੌਜੂਦਾ ਮੁਖੀ ਮੋਹਨ ਭਾਗਵਤ ਨੇ ਐਲਾਨਦਿਆਂ ਕਿਹਾ ਕਿ : ਹਿੰਦੂ ਧਰਮ ਦੇ ਵਿੱਚ ਹੋਰ ਪੰਥਾਂ ਨੂੰ ਹਜ਼ਮ ਕਰ ਜਾਣ ਦੀ ਤਾਕਤ ਹੈ, ਇਹ ਹਾਜ਼ਮਾ ਥੋੜਾ ਵਿਗੜ ਗਿਆ ਸੀ ਜਿਸ ਦੇ ਸਿੱਟੇ ਅਸੀਂ ਹੁਣ ਭੁਗਤ ਰਹੇ ਹਾਂ ਪਰ ਹੁਣ ਹਿੰਦੂ ਧਰਮ ਦੇ ਵਿੱਚ ਹੋਰ ਪੰਥਾਂ ਨੂੰ ਹਜ਼ਮ ਕਰਨ ਦੇ ਹਾਜ਼ਮੇ ਨੂੰ ਦੁਬਾਰਾ ਠੀਕ ਕੀਤਾ ਜਾਵੇਗਾ। 
ਜਿੱਥੋਂ ਤਕ ਆਰ.ਐੱਸ.ਐੱਸ. ਦੇ ਮੁੱਖੀ ਮੋਹਨ ਭਾਗਵਤ ਅਨੁਸਾਰ ਹਿੰਦੂ ਧਰਮ ਦੇ ਹਾਜ਼ਮੇ ਦੀ ਗੱਲ ਹੈ, ਇਹ ਮੰਨਣਾ ਪਵੇਗਾ ਕਿ ਹਿੰਦੂਵਾਦ ਦਾ ਹਾਜ਼ਮਾ ਸੱਚਮੁੱਚ ਹੀ ਬਹੁਤ ਮਜਬੂਤ ਹੈ ਕਿਉਂਕਿ ਹਿੰਦੂਵਾਦ ਦੇ ਮੱੁਦਈ ਗਾਂ ਨੂੰ ਮਾਂ ਕਹਿਣ-ਮੰਨਣ ਦੀ ਧਰਮ ਨੀਤੀ ਦੇ ਹੁੰਦਿਆਂ ਹੋਇਆਂ ਵੀ ਜਿਵੇਂ ਗਊ ਮਾਸ ਨੂੰ ਵੇਚ ਕੇ ਪੈਸਾ ਹਜ਼ਮ ਕਰ ਜਾਂਦੇ ਹਨ, ਉਸ ਨਾਲ਼ ਤਾਂ ਹਿੰਦੂਵਾਦ ਦੇ ਹਾਜ਼ਮੇ ਦੀ ਸੱਚਮੁੱਚ ਹੀ ਦਾਦ ਦੇਣੀ ਬਣਦੀ ਹੈ। ਮੁਸਲਮਾਨਾਂ ਨੂੰ ਮਲੇਛ ਕਹਿ ਕੇ ਨਫ਼ਰਤ ਕਰਨ ਦੇ ਬਾਵਜੂਦ ਜਿਵੇਂ ਹਿੰਦੂਵਾਦ ਦੇ ਪਹਿਰੇਦਾਰ ਬ੍ਰਾਹਮਣ ਬੀਰਬਲ ਵਰਗਿਆਂ ਨੂੰ ਦਾਜ ਵਿੱਚ ਦੇ ਕੇ ਅਤੇ ਆਪਣੇ ਹੱਥੀਂ ਆਪਣੀਆਂ ਧੀਆਂ ਅਕਬਰ ਜਿਹੇ ਮੁਸਲਮਾਨ ਸ਼ਾਸਕਾਂ ਨੂੰ ਦੇ ਕੇ ਉਹਨਾਂ ਨੂੰ ਆਪਣੇ ਜਵਾਈ ਬਣਾਉਂਦੇ ਰਹੇ ਹਨ, ਉਹਨਾਂ ਚੋਂ ਵੀ ਹਿੰਦੂਵਾਦ ਦੇ ਹਾਜ਼ਮੇ ਦੀ ਮਜਬੂਤੀ ਡਲਕਾਂ ਮਾਰਦੀ ਹੈ। 
ਨਰਿੰਦਰ ਮੋਦੀ ਦੀ ਸਰਕਾਰ ਅਤੇ ਆਰ.ਐੱਸ.ਐੱਸ. ਭਾਰਤ ਨੂੰ ਹਿੰਦੂ ਰਾਸ਼ਟਰ ਬਣਾਉਣ ਲਈ ਯਤਨਸ਼ੀਲ ਹੈ, ਇਹ ਦੋਵੇਂ ਧਿਰਾਂ ਹਿੰਦੂਤਵ ਅਤੇ ਹਿੰਦੂ ਰਾਸ਼ਟਰ ਵਿੱਚ ਕੋਈ ਭੇਦ ਨਹੀਂ ਸਮਝਦੀਆਂ, ਹਿੰਦੂ ਰਾਸ਼ਟਰ ਬਣਾਉਣ ਲਈ ਚਾਲਕ ਸ਼ਕਤੀ ਮਨੂੰ ਸਿਮਰਤੀ ਹੈ ਜਿਸਦਾ ਆਧਾਰ ਬ੍ਰਾਹਮਣਵਾਦ ਹੈ।
ਹਿੰਦੂਤਵ ਦੇ ਦੋ ਪ੍ਰਮੁੱਖ ਨਿਸ਼ਾਨੇ ਹਨ, ਪਹਿਲਾ ਛੋਟੀਆਂ ਪਛਾਣਾਂ ਦੀ ਵਿਲੱਖਣ ਪਛਾਣ ਨੂੰ ਖ਼ਤਮ ਕਰਨਾ। ਦੂਸਰਾ ਜਿਹੜੀ ਪਛਾਣ ਇਸ ਦੇ ਦਾਇਰੇ ਵਿੱਚ ਨਹੀਂ ਆਉਂਦੀ, ਉਸ ਵਿਰੁੱਧ ਦੇਸ਼-ਧ੍ਰੋਹੀ ਦਾ ਲੇਬਲ ਲਾ ਕੇ ਉਸ ਵਿਰੁੱਧ ਜ਼ਹਿਰ ਭਰ ਕੇ ਅਤੇ ਹਰ ਹੀਲਾ ਵਰਤ ਕੇ ਉਸ ਨੂੰ ਪੂਰੀ ਤਰ੍ਹਾਂ ਨਿੱਸਲ ਕਰ ਦੇਣਾ ਤਾਂ ਕਿ ਉਹ ਆਪਣਾ ਸਿਰ ਨਾ ਚੁੱਕ ਸਕੇ। ਇਸ ਮਕਸਦ ਦੀ ਪੂਰਤੀ ਲਈ ਸਾਮ, ਦਾਮ, ਦੰਡ, ਭੇਦ ਦੀ ਨੀਤੀ ਅਪਣਾਈ ਜਾ ਰਹੀ ਹੈ (ਕਿਸਾਨੀ ਅੰਦੋਲਨ ਦੌਰਾਨ 26 ਜਨਵਰੀ ਨੂੰ ਕਿਸਾਨ ਸੰਯੁਕਤ ਮੋਰਚੇ ਦੇ ਆਗੂਆਂ ਦੀ ਗ਼ਲਤੀ ਨਾਲ਼ ਲਾਲ ਕਿਲ੍ਹੇ ਤੇ ਵਾਪਰੀ ਘਟਨਾ ਨੂੰ ਇਸ ਨਾਲ਼ ਜੋੜ ਕੇ ਵੇਖਿਆ ਜਾ ਸਕਦਾ ਹੈ)। 
ਹਿੰਦੂ ਰਾਸ਼ਟਰ ਦੀ ਸਮਰਥਕ ਆਰ.ਐੱਸ.ਐੱਸ. ਤੇ ਨਰਿੰਦਰ ਮੋਦੀ ਦੀ ਸਰਕਾਰ ਦੇ ਮੰਤਰੀ ਭਾਰਤ ਵਿੱਚ ਧਰਮ ਨਿਰਪੱਖ ਸੰਵਿਧਾਨ ਬਦਲ ਕੇ ਮਨੂੰ ਸਿਮਰਤੀ ਦਾ ਵਿਧਾਨ ਲਾਗੂ ਕਰਨ ਦੀ ਸ਼ਰੇਆਮ ਵਕਾਲਤ ਕਰ ਰਹੇ ਹਨ ਅਤੇ ਬਹਾਨਾ ਇਹ ਲਾ ਰਹੇ ਹਨ ਕਿ ਭਾਰਤ ਦਾ ਮੌਜੂਦਾ ਧਰਮ ਨਿਰਪੱਖ ਸੰਵਿਧਾਨ ਮਨੁੱਖਾਂ ਨੇ ਬਣਾਇਆ ਹੈ ਜਦ ਕਿ ਮਨੂੰ ਸਿਮਰਤੀ ਦਾ ਵਿਧਾਨ ਈਸ਼ਵਰੀ-ਕ੍ਰਿਤ ਹੈ। ਵਿਸ਼ਵ ਹਿੰਦੂ ਪ੍ਰੀਸ਼ਦ ਦੇ ਪ੍ਰਧਾਨ ਪ੍ਰਵੀਨ ਤੋਗੜੀਆ ਨੇ ਬਜਰੰਗ ਦਲ ਦੇ ਸ਼ੱਤ ਰੋਜਾ ਸਿਖਲਾਈ ਕੈਂਪ ਦੀ ਸਮਾਪਤੀ ਤੇ ਸ਼ੌਰੀਆ ਸੰਮੇਲਨ ਨੂੰ ਸੰਬੋਧਿਤ ਹੁੰਦਿਆ ਕਿਹਾ ਸੀ, ਦੇਸ਼ ਦੇ ਸੰਵਿਧਾਨ ਵਿੱਚੋਂ ਧਰਮ ਨਿਰਪੱਖ ਸ਼ਬਦ ਹਟਾ ਕੇ ਇਸ ਨੂੰ, ਭਾਰਤ ਹਿੰਦੂ ਰਿਪਬਲਿਕ' ਕਰ ਦੇਣਾ ਚਾਹੀਦਾ ਹੈ ਤਾਂ ਹੀ ਭਾਰਤ ਹਿੰਦੂ ਰਾਸ਼ਟਰ ਬਣੇਗਾ। ਅਜਿਹਾ ਹੋਣ ਨਾਲ਼, ਇੱਕ ਹਿੰਦੂ ਨੂੰ ਛਡ ਕੇ ਕੋਈ ਵੀ ਦੂਸਰੇ ਧਰਮਾਂ ਨਾਲ਼ ਸੰਬੰਧਿਤ ਵਿਅਕਤੀ ਦੇਸ਼ ਦਾ ਪ੍ਰਧਾਨ ਮੰਤਰੀ, ਜਸਟਿਸ, ਜ਼ਿਲ੍ਹਾ ਅਧਿਕਾਰੀ ਅਤੇ ਪੁਲੀਸ ਮੁਖੀ ਨਹੀਂ ਬਣ ਸਕੇਗਾ ਭਾਵ ਪੂਰੇ ਭਾਰਤ ਦੀ ਰਾਜਸੀ ਸ਼ਕਤੀ ਕੇਵਲ ਹਿੰਦੂਆਂ ਦੇ ਹੱਥ ਹੋਵੇਗੀ।
ਪ੍ਰਵੀਨ ਤੋਗੜੀਆ ਨੇ ਘੱਟ ਗਿਣਤੀਆਂ ਨੂੰ ਸਪਸ਼ਟਤਾ ਨਾਲ਼ ਦੱਸ ਦਿੱਤਾ ਹੈ ਕਿ ਸੰਵਿਧਾਨਕ ਤੌਰ ਤੇ ਭਾਰਤ ਦੇ ਹਿੰਦੂ ਰਾਸ਼ਟਰ ਬਣਨ ਤੋਂ ਬਾਅਦ ਉਹਨਾਂ ਦੀ ਔਕਾਤ ਕੀ ਹੋਵੇਗੀ। 
ਇਸੇ ਤਰ੍ਹਾਂ ਯੂ.ਪੀ. ਦੇ ਮੁੱਖ ਮੰਤਰੀ ਅਦਿੱਤਿਆ ਨਾਥ ਯੋਗੀ ਨੇ ਤਾਂ ਇੱਥੋਂ ਤਕ ਆਖ ਦਿੱਤਾ ਹੈ ਕਿ : ਸੈਕੂਲਰ' ਸ਼ਬਦ ਘੜਨ ਵਾਲ਼ੇ ਨੂੰ ਆਪਣੇ ਗ਼ੁਨਾਹ ਦੀ ਮਾਫ਼ੀ ਮੰਗਣੀ ਚਾਹੀਦੀ ਹੈ। ਅਖ਼ਬਾਰ ਦੈਨਿਕ ਜਾਗਰਣ ਦੇ ਇੱਕ ਸਮਾਗਮ ਦੌਰਾਨ ਯੋਗੀ ਨੇ ਕਿਹਾ, ਮੇਰਾ ਮਾਨਨਾ ਹੈ ਕਿ ਆਜ਼ਾਦੀ ਕੇ ਬਾਅਦ ਭਾਰਤ ਮੇਂ ਸਭਸੇ ਬੜਾ ਝੂਠ, ਧਰਮ-ਨਿਰਪੇਕਸ਼ (ਸੈਕੂਲਰ) ਸ਼ਬਦ ਹੈ, ਨਾਗਰਿਕੋਂ ਕੇ ਸਾਥ, ਭਾਰਤ ਕੇ ਲੋਗੋਂ ਕੋ ਸਾਥ ! ਉਨ ਲੋਗੋਂ ਕੋ ਮਾਫ਼ੀ ਮਾਂਗਨੀ ਚਾਹੀਏ ਜਿਨਹੋਂ ਨੇ ਇਸ ਸ਼ਬਦ ਕੋ ਜਨਮ ਦੀਆ ਔਰ ਯੇ ਸ਼ਬਦ ਇਸਤੇਮਾਲ ਕਰਤੇ ਹੈਂ। ਕੋਈ ਵਿਵਸਥਾ ਧਰਮ ਨਿਰਪੇਕਸ਼ ਨਹੀਂ ਹੋ ਸਕਤੀ।
ਜ਼ਾਹਰ ਹੈ ਕਿ ਅਦਿੱਤਿਆ ਨਾਥ ਯੋਗੀ ਇਹ ਕਹਿਣਾ ਚਾਹੁੰਦਾ ਹੈ ਕਿ ਭਾਰਤੀ ਸੰਵਿਧਾਨ ਨੂੰ ਹਿੰਦੂ ਸੰਵਿਧਾਨ ਅਨੁਸਾਰ ਮਨੂੰ ਸਿਮਰਤੀ ਅਧਾਰਿਤ ਬਣਾਇਆ ਜਾਵੇ। ਇਸ ਮਨੂੰ ਸਿਮਰਤੀ ਦੇ ਜਨਮ ਦਾਤੇ ਮਨੂੰ ਦਾ ਦਾਅਵਾ ਹੈ ਕਿ ਬ੍ਰਹਮਾ ਨੇ ਕਨੂੰਨ-ਪ੍ਰਣਾਲੀ ਆਪ ਤਿਆਰ ਕੀਤੀ ਤੇ ਉਸ ਨੂੰ (ਮਨੂੰ ਨੂੰ) ਸਿਖਾਈ। ਮਨੂੰ ਨੇ ਇਹ ਭ੍ਰਿਗੂ ਨੂੰ ਸਮਝਾਈ ਤੇ ਭ੍ਰਿਗੂ ਨੇ ਫਿਰ ਰਿਸ਼ੀਆਂ ਨੂੰ ਸਿਖਾਈ। ਉਹ ਇਹ ਵੀ ਕਹਿੰਦਾ ਹੈ ਕਿ ਜੋ ਆਦਮੀ ਆਪਣੇ ਜਾਤੀ ਧਰਮ ਨੂੰ ਨਹੀਂ ਮੰਨਦਾ ਉਹ ਦੈਂਤ ਦੀ ਜੂਨ ਵਿੱਚ ਪੈਂਦਾ ਹੈ। ਗੀਤਾ ਦਾ ਵੀ ਇਹੀ ਉਪਦੇਸ਼ ਹੈ ਕਿ ਕਰਮ ਤੇ ਗੁਣ ਦੀ ਦਰਜਾਬੰਦੀ ਅਨੁਸਾਰ ਚਾਰ ਜਾਤਾਂ ਮੈਂ (ਭਗਵਾਨ ਨੇ) ਬਣਾਈਆਂ ਹਨ। ਰਿਗਵੇਦ ਅਨੁਸਾਰ, ਮੂੰਹ ਬ੍ਰਾਹਮਣ ਹੈ, ਬਾਹਾਂ ਖੱਤਰੀ, ਲੱਤਾਂ ਵੈਸ਼ ਅਤੇ ਪੈਰ ਸ਼ੂਦਰ ਹਨ। ਮਨੂੰ ਨੇ ਵੇਦਾਂ ਨੂੰ ਆਪਣੇ ਧਰਮ ਸ਼ਾਸਤਰ ਨੂੰ ਤੇ ਹੋਰ ਧਾਰਮਿਕ ਗ੍ਰੰਥਾਂ ਨੂੰ ਰੂਹਾਨੀ ਸਿੱਧ ਕਰਨ ਉੱਤੇ ਹੀ ਬਸ ਨਹੀਂ ਕੀਤੀ। ਉਸ ਦਾ ਅਸਲੀ ਮੁੱਦਾ ਇਹ ਸੀ ਕਿ ਜਾਤ-ਪਾਤੀ ਪ੍ਰਬੰਧ ਤੇ ਬ੍ਰਾਹਮਣਾਂ ਦੀ ਪਦਵੀ ਨੂੰ ਧਾਰਮਿਕ ਪ੍ਰਵਾਨਗੀ ਦਿੱਤੀ ਜਾਵੇ। ਇਸ ਲਈ ਉਸ ਨੇ ਫੁਰਮਾਨ ਕੀਤਾ ਕਿ ਬ੍ਰਾਹਮਣ ਦੀ ਸਿੱਖਿਆ ਮਨੁੱਖ ਵਾਸਤੇ ਉੱਤਮ ਹੈ, ਕਿਉਂਕਿ ਇਸ ਦੀ ਨੀਂਹ ਵੇਦ ਹਨ। ਜਾਤ-ਪਾਤੀ ਵਿਚਾਰਧਾਰਾ ਦੀ ਮੁੱਖ ਧਾਰਨਾ ਇਹ ਹੈ ਕਿ ਮਨੁੱਖ ਅਸੂਲੀ ਤੌਰ ਤੇ ਹੀ ਬਰਾਬਰ ਨਹੀਂ ਹੁੰਦੇ ਅਤੇ ਉਹਨਾਂ ਵਿਚਾਲੇ ਸਦਾ ਹੀ ਨਾ ਬਰਾਬਰੀ ਰਹਿੰਦੀ ਹੈ। ਜਾਤ-ਪਾਤੀ ਪ੍ਰਬੰਧ ਤੇ ਹੋਰ ਪਿਛਾਂਹ-ਖਿੱਚੂ ਸਮਾਜਿਕ ਨਿਯਮਾਂ ਨੂੰ ਪ੍ਰਵਾਨਗੀ ਦੇਣ ਦੇ ਨਾਲ਼ ਮਨੂੰ ਸਿਮਰਤੀ ਨੂੰ ਬ੍ਰਾਹਮਣਾਂ ਨੇ ਰਾਜਸੀ ਸੰਵਿਧਾਨ ਵਜੋਂ ਵੀ ਸਥਾਪਤ ਕੀਤਾ। ਮਨੁੱਖੀ ਨਾ-ਬਰਾਬਰੀ ਬ੍ਰਾਹਮਣੀ ਵਿਚਾਰਧਾਰਾ ਦਾ ਐਲਾਨਿਆ ਤੱਤ ਹੈ। ਇਹੀ ਇਸ ਦੇ ਸਮਾਜਕ ਪ੍ਰਬੰਧ ਦੀ ਨੀਂਹ ਹੈ। ਇਸ ਅਨੁਸਾਰ ਪਰਮਾਤਮਾ ਇੱਕ ਵਿਸ਼ਵ ਵਿਆਪੀ ਪਿਤਾ ਦੇ ਸਮਾਨ ਨਹੀਂ ਹੈ ਸਗੋਂ ਨਾ-ਬਰਾਬਰੀ ਵਾਲ਼ੇ ਵਰਨਾਂ ਦਾ ਰਚਨਹਾਰਾ ਹੈ। ਪਰਮਾਤਮਾ ਨੇ ਸ਼ੂਦਰਾਂ ਨੂੰ ਦੂਜੀਆਂ ਜਾਤਾਂ ਦਾ ਗ਼ੁਲਾਮ ਬਣਾ ਕੇ ਪੈਦਾ ਕੀਤਾ। ਦੂਸਰਾ ਪ੍ਰਮਾਤਮਾ ਕੇਵਲ ਆਰੀਆ ਲੋਕਾਂ ਦਾ ਰੱਬ ਸੀ, ਜਿਨ੍ਹਾਂ ਵਿੱਚ ਸ਼ੂਦਰ ਸ਼ਾਮਲ ਨਹੀ ਸਨ। ਹਰੇਕ ਨੂੰ ਅਜਿਹੀ ਪਦਵੀ ਨਹੀਂ ਮਿਲ਼ ਸਕਦੀ, ਕਿਉਂਕਿ ਦੇਵਤੇ ਹਰੇਕ ਨਾਲ਼ ਸਾਂਝ ਨਹੀਂ ਰੱਖਦੇ। ਸ਼ੂਦਰ ਜਮਾਂਦਰੂ ਹੀ ਨਾ-ਬਰਾਬਰ ਹਨ, ਉਹਨਾਂ ਵਿਚਾਲੇ ਫਰਕ ਉਤਨਾ ਹੀ ਹੈ ਜਿਤਨਾ ਮਨੁੱਖਾਂ ਤੇ ਕੀੜਿਆਂ ਮਕੌੜਿਆਂ ਵਿਚਾਲੇ। ਇਹ ਗੱਲ ਧਿਆਨ ਨਾਲ਼ ਸਮਝਣ ਵਾਲ਼ੀ ਹੈ ਕਿ ਮਨੂੰ ਸਿਮਰਤੀ ਦੇ ਕਰਤਾ ਮਨੂੰ ਨੇ ਇਹ ਨਾ-ਬਰਾਬਰੀ ਜਾਤ-ਪਾਤ ਵਿਚਾਰਧਾਰਾ ਨੂੰ ਅਸੂਲੀ ਤੌਰ ਤੇ ਮੰਨਿਆ।
ਅਸੀਂ ਉੱਪਰ ਜ਼ਿਕਰ ਕਰ ਆਏ ਹਾਂ ਕਿ ਨਰਿੰਦਰ ਮੋਦੀ ਤੇ ਉਸ ਦੀ ਸਰਕਾਰ ਅਤੇ ਆਰ.ਐੱਸ.ਐੱਸ. ਭਾਰਤ ਦੇ 'ਧਰਮ-ਨਿਰਪੱਖ' ਸੰਵਿਧਾਨ ਨੂੰ ਬਦਲ ਕੇ ਵਰਣ-ਵੰਡ ਅਧਾਰਿਤ ਮਨੂੰ ਸਿਮਰਤੀ ਦਾ ਵਿਧਾਨ ਲਾਗੂ ਕਰ ਕੇ ਭਾਰਤ ਨੂੰ ਹਿੰਦੂ ਰਾਸ਼ਟਰ ਬਣਾਉਣ ਲਈ ਕਿੰਨੀ ਤੇਜ਼ੀ ਨਾਲ਼ ਅੱਗੇ ਵੱਧ ਰਹੀ ਹੈ, ਇਸ ਦੀ ਮਿਸਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪਾਰਲੀਮੈਂਟ ਵਿੱਚ 'ਮਨੂੰ ਸਿਮਰਤੀ' ਤਹਿਤ ਦਿੱਤੀ ਉਹ ਸਟੇਟਮੈਂਟ ਹੈ, ਜਿਸ ਵਿੱਚ ਉਸ ਨੇ ਕਿਸਾਨ ਅੰਦੋਲਨਕਾਰੀਆਂ ਲਈ ਪਰਜੀਵੀ (ੀਂਸ਼ਓਛਠ) ਸ਼ਬਦ ਦੀ ਵਰਤੋਂ ਕੀਤੀ ਸੀ, ਭਾਵ ਨਰਿੰਦਰ ਮੋਦੀ ਕਿਸਾਨ ਅੰਦੋਲਨਕਾਰੀਆਂ ਨੂੰ ਕੀੜੇ ਮਕੌੜੇ ਆਖ ਕੇ ਸੰਬੋਧਨ ਹੋਇਆ। 
ਇਤਿਹਾਸ ਦੇ ਪਿਛੋਕੜ ਵਿੱਚ ਜਾ ਕੇ ਵੇਖੀਏ ਤਾਂ ਪਤਾ ਲਗਦਾ ਹੈ ਕਿ ਆਰੀਆ ਲੋਕ ਭਾਵੇਂ ਆਪ ਇੱਕ ਸਾਰ ਸਮੂਹ ਨਹੀਂ ਸਨ ਪਰ ਉਹਨਾਂ ਨੇ ਭਾਰਤ ਦੇ ਮੂਲ ਨਿਵਾਸੀਆਂ (ਦ੍ਰਾਵਿੜਾਂ) ਨੂੰ ਯੁੱਧ ਵਿੱਚ ਹਰਾ ਦਿੱਤਾ ਸੀ ਤੇ ਮੈਦਾਨੀ ਇਲਾਕਿਆਂ ਤੋਂ ਖਦੇੜ ਦਿੱਤਾ ਸੀ ਜੋ ਰਹਿ ਗਏ ਉਹਨਾਂ ਨੂੰ ਆਪਣੇ ਦਾਸ ਬਣਾਇਆ ਸੀ। ਬ੍ਰਾਹਮਣਵਾਦ ਨੇ ਆਪਣੇ ਆਪ ਨੂੰ ਮਜਬੂਤ ਕਰਨ ਲਈ ਵਰਣ-ਧਰਮ ਅਤੇ ਜਾਤੀ ਪ੍ਰਬੰਧ ਨੂੰ ਅਧਾਤਮਕ ਪੱਖ ਤੋਂ ਜਾਇਜ਼ ਕਰਾਰ ਦੇਣ ਲਈ ਧਰਮ ਨੂੰ ਫਰਜ਼ ਬਣਾ ਦਿੱਤਾ। ਮੱਧ-ਯੁੱਗ ਵਿੱਚ ਭਗਤਾਂ ਵੱਲੋਂ ਫੋਕੀਆਂ ਰਸਮਾਂ ਅਤੇ ਜਾਤੀ ਅਧਾਰ ਤੇ ਪੈਦਾ ਕੀਤੀ ਵੰਡ ਨੂੰ ਅਧਿਆਤਮਕ ਪੱਖ ਤੋਂ ਚੁਣੌਤੀ ਜ਼ਰੂਰ ਦਿੱਤੀ ਗਈ ਸੀ, ਪਰ ਭਗਤਾਂ ਵੱਲੋਂ ਬ੍ਰਾਹਮਣਵਾਦ ਦੇ ਬਰਾਬਰ ਕੋਈ ਸਮਾਜਕ ਸੰਗਠਨ ਕਾਇਮ ਨਹੀਂ ਕੀਤਾ ਗਿਆ, ਜੋ ਵਰਣ-ਵੰਡ ਤੇ ਅਧਾਰਿਤ ਜਾਤ-ਪਾਤੀ ਸਿਸਟਮ ਨੂੰ ਖ਼ਤਮ ਕਰ ਸਕੇ। ਨਤੀਜੇ ਵਜੋਂ ਬ੍ਰਾਹਮਣਵਾਦ ਨੇ ਥੋੜੇ ਸਮੇਂ ਪਿੱਛੋਂ ਹੀ ਭਗਤੀ ਲਹਿਰ ਨੂੰ ਆਪਣੇ ਵਿੱਚ ਜਜ਼ਬ ਕਰ ਲਿਆ ਅਤੇ ਭਗਤਾਂ ਦੇ ਮੰਦਰ ਬਣਾ ਦਿੱਤੇ। ਮੁਗਲ ਰਾਜ ਸਮੇਂ ਬ੍ਰਾਹਮਣਾਂ ਨੇ ਮੁਗਲਾਂ ਦੀ ਰਾਜਸੀ ਗ਼ੁਲਾਮੀ ਤਾਂ ਕਬੂਲ ਕਰ ਲਈ, ਪਰ ਸਮਾਜਿਕ ਪੱਧਰ &rsquoਤੇ ਹਿੰਦੂ ਸਮਾਜ ਵਿੱਚ ਵਰਤਾਰਾ ਮਨੂੰ ਸਿਮਰਤੀ ਵਾਲ਼ਾ ਹੀ ਰੱਖਿਆ। ਗੁਰੂ ਨਾਨਕ ਸਾਹਿਬ ਦੇ ਆਗਮਨ ਤੋਂ ਪਹਿਲਾਂ ਹਿੰਦੂ ਸਮਾਜ ਦੇ ਸਾਰੇ ਰੀਤੀ-ਰਿਵਾਜ ਵਰਣ-ਵੰਡ ਦੀ ਬ੍ਰਾਹਮਣੀ ਪ੍ਰਥਾ ਅਨੁਸਾਰ ਹੀ ਕੀਤੇ ਜਾਂਦੇ ਸਨ। ਗੁਰੂ ਨਾਨਕ ਸਾਹਿਬ ਨੇ ਚਹੁੰ ਵਰਣਾਂ ਨੂੰ ਇੱਕ ਥਾਂ ਕਰ ਕੇ ਸੱਚਾ ਪੰਥ ਚਲਾਇਆ ਅਰਥਾਤ, ਚਾਰਿ ਵਰਨ ਗੁਰ ਸਿੱਖ ਕਰਿ ਗੁਰਮੁਖਿ ਸਚਾ ਪੰਥ ਚਲਾਇਆ (ਭਾਈ ਗੁਰਦਾਸ ਜੀ)। ਪੰਥ ਦੀ ਪਰਿਭਾਸ਼ਾ ਸਾਰੇ ਗੁਰੂ-ਕਾਲ ਵਿੱਚ ਵਿਕਸਤ ਹੁੰਦੀ ਗਈ ਤੇ ਸਹਿਜੇ-ਸਹਿਜੇ ਨਾਨਕ ਪੰਥ 1699 ਦੀ ਵੈਸਾਖੀ ਨੂੰ ਅਨੰਦਪੁਰ ਵਿਖੇ ਖ਼ਾਲਸਾ ਪੰਥ ਦੇ ਰੂਪ ਵਿੱਚ ਪ੍ਰਗਟ ਹੋਇਆ। 
ਗੁਰ ਬਰ ਅਕਾਲ ਦੇ ਹੁਕਮ ਸਿਉ ਉਪਜਿਓ ਿਬਿਗਆਨਾ, ਤਬ ਸਹਿਜੇ ਰਚਿਓ ਖਾਲਸਾ ਸਾਬਤ ਮਰਦਾਨਾ॥
ਮਨੂੰ ਸਿਮਰਤੀ ਦੀ ਵਰਣ-ਵੰਡ ਅਨੁਸਾਰ ਕੋਈ ਧਰਮ ਅਧਿਕਾਰ ਤੋਂ ਵੰਚਿਤ ਸੀ ਤੇ ਕੋਈ ਰਾਜ ਅਧਿਕਾਰ ਤੋਂ ਵੰਚਿਤ ਸੀ। ਗੁਰੂ ਨਾਨਕ ਪਾਤਸ਼ਾਹ ਨੇ ਧਰਮ ਦਾ ਇੱਕ ਵਿਸਥਾਰਤ ਤੇ ਇਕਾਗਰ ਨਜ਼ਰੀਆ ਬਣਾਇਆ। ਇਸ ਦ੍ਰਿਸ਼ਟੀਕੋਣ ਅਨੁਸਾਰ ਧਰਮ ਦਾ ਮਤਲਬ ਹੈ ਸਮੁੱਚੀ ਜ਼ਿੰਦਗੀ ਵੱਲੋਂ ਪਾਈਆਂ ਗਈਆਂ ਵੰਗਾਰਾਂ ਨੂੰ ਨਜਿੱਠਣਾ। ਕਿਉਂਕਿ ਸਮੂਹ ਜ਼ਿੰਦਗੀ ਇੱਕ ਇਕਾਈ ਹੈ, ਇਸ ਦੇ ਟੋਟੇ ਨਹੀਂ ਕੀਤੇ ਜਾ ਸਕਦੇ ਅਤੇ ਇਸ ਨੂੰ ਮਨਮਰਜ਼ੀ ਅਨੁਸਾਰ, ਧਾਰਮਿਕ, ਸਮਾਜੀ ਤੇ ਸਿਆਸੀ ਵੱਖਰੇ-ਵੱਖਰੇ ਹਿੱਸਿਆਂ ਵਿੱਚ ਨਹੀਂ ਵੰਡਿਆ ਜਾ ਸਕਦਾ। ਸਮੁੱਚੇ ਤੌਰ ਤੇ ਧਰਮ ਦਾ ਨਿਸ਼ਾਨਾ ਸਿਰਫ਼ ਵਿਅਕਤੀ ਦੇ ਚਰਿੱਤਰ ਨੂੰ ਹੀ ਬਦਲਣਾ ਨਹੀਂ, ਸਗੋਂ ਉਸ ਦੇ ਸਮਾਜੀ ਤੇ ਸਿਆਸੀ ਵਾਤਾਵਰਣ ਨੂੰ ਵੀ ਬਦਲਣਾ ਹੈ। ਕਿਉਂਕਿ ਇਹ ਵਾਤਾਵਰਣ ਵਿਅਕਤੀ ਦੇ ਚਰਿੱਤਰ ਦੀ ਉਸਾਰੀ ਨੂੰ ਨਿਸ਼ਚਿਤ ਕਰਦਾ ਹੈ ਇਸ ਲਈ ਧਰਮ ਦਾ ਨਿਸ਼ਾਨਾ ਹੈ ਕਿ ਮਨੁੱਖ ਤੇ ਸਮਾਜ ਨੂੰ ਰੂਹਾਨੀ, ਮਾਨਸਿਕ ਤੇ ਸਰੀਰਕ ਗ਼ੁਲਾਮੀ ਤੋਂ ਅਜ਼ਾਦ ਕਰ ਕੇ ਦੋਹਾਂ ਵਿੱਚ ਪੂਰਨ ਅਜ਼ਾਦੀ ਦੀ ਤਬਦੀਲੀ ਲਿਆਉਣ ਦੇ ਨਾਲ਼-ਨਾਲ਼ ਵਰਣ-ਵੰਡ ਦੇ ਅਨਿਆਂ ਭਰੇ ਸਮਾਜੀ ਅਤੇ ਸਿਆਸੀ ਪ੍ਰਬੰਧ ਨੂੰ ਖ਼ਤਮ ਕਰਨਾ ਵੀ ਲਾਜ਼ਮੀ ਹੈ। ਸਿੱਖ ਗੁਰੂਆਂ ਨੇ ਆਪਣੀ ਬਾਣੀ ਵਿੱਚ ਵਾਰ-ਵਾਰ ਜ਼ੋਰ ਦਿੱਤਾ ਹੈ ਕਿ ਸਾਰੀਆਂ ਮਾਨਵੀ ਬੁਰਾਈਆਂ ਦੀ ਜੜ੍ਹ ਹਉਮੈਂ ਜਾਂ ਨਿੱਜਵਾਦ ਹੈ ਤੇ ਇਸ ਦਾ ਇਲਾਜ ਨਾਮ ਜਾਂ ਰੱਬ ਨਾਲ਼ ਜੁੜਨਾ ਹੀ ਹੈ।
ਸਿੱਖ ਗੁਰੂਆਂ ਨੇ ਆਪਣੀ ਬਾਣੀ ਵਿੱਚ ਹਉਮੈਂ ਦੀ ਚੇਤਨਤਾ ਨੂੰ ਬਦਲਣ ਉੱਤੇ ਇੰਨਾ ਵੱਧ ਜ਼ੋਰ ਦਿੱਤਾ ਹੈ ਕਿ ਕਈ ਲੋਕ ਗ਼ਲਤੀ ਨਾਲ਼ ਸਿੱਖ ਧਰਮ ਨੂੰ ਸਿਰਫ਼ ਨਾਮ-ਮਾਰਗ ਹੀ ਸਮਝ ਲੈਂਦੇ ਹਨ ਅਤੇ ਇਸ ਦੇ ਸਮਾਜੀ ਅਤੇ ਸਿਆਸੀ (ਮੀਰੀ ਪੀਰੀ) ਅਰਥਾਂ ਨੂੰ ਵਿਸਾਰ ਦਿੰਦੇ ਹਨ ਅਤੇ ਉਸ ਰੋਲ ਨੂੰ ਵੀ ਭੁੱਲ ਜਾਂਦੇ ਹਨ ਜੋ ਸਿੱਖ ਗੁਰੂਆਂ ਨੇ ਇਤਿਹਾਸ ਵਿੱਚ ਅਦਾ ਕੀਤਾ ਹੈ। ਗੁਰੂ ਨਾਨਕ ਪਾਤਸ਼ਾਹ ਨੇ ਸਿੱਖ ਪੰਥ (ਨਿਰਮਲ ਪੰਥ) ਨੂੰ ਐਸੇ ਫ਼ਿਰਕੇ ਦੇ ਤੌਰ ਤੇ ਜਥੇਬੰਦ ਨਹੀਂ ਕੀਤਾ ਜੋ ਸਿਰਫ਼ ਧਰਮ ਦੇ ਪਰੰਪਰਾਈ ਭਾਰਤੀ ਤੌਰ-ਤਰੀਕਿਆਂ ਅਨੁਸਾਰ ਚਲਦਾ ਰਹੇ, ਬਲਕਿ ਸਿੱਖ ਪੰਥ ਨੂੰ (ਖ਼ਾਲਸਾ ਪੰਥ) ਜਾਤ-ਪਾਤੀ ਸਮਾਜ ਨੂੰ ਬਦਲਣ ਧਾਰਮਿਕ ਤੇ ਸਿਆਸੀ ਜਬਰ ਦਾ ਮੁਕਾਬਲਾ ਕਰਨ ਅਤੇ ਆਮ ਜਨਤਾ ਦੇ ਹੱਥ ਸਿਆਸੀ ਤਾਕਤ ਹਾਸਲ ਕਰਨ ਦਾ ਵਸੀਲਾ ਬਣਾਇਆ। ਜਦੋਂ ਖ਼ਾਲਸੇ (ਸਿੱਖ ਪੰਥ) ਦੇ ਪਹਿਲੀ ਵਾਰ ਰਾਜਸੀ ਤਾਕਤ ਹੱਥ ਆਈ ਤਾਂ ਹਿੰਦੂ ਸਮਾਜ ਦੀਆਂ ਨਜ਼ਰਾਂ ਵਿੱਚ ਜੋ ਸਭ ਤੋਂ ਨੀਵੇਂ ਸਨ ਉਹ ਹੀ ਰਾਜਸੀ ਸੱਤਾ ਵਿੱਚ ਬਰਾਬਰ ਦੇ ਭਾਈਵਾਲ ਬਣੇ ਅਤੇ ਗੁਰੂ ਗੋਬਿੰਦ ਸਿੰਘ ਜੀ ਦੀ ਇਸ ਭਵਿੱਖਬਾਣੀ &rsquoਤੇ ਮੋਹਰ ਲੱਗੀ ਕਿ, ਸ਼ੂਦਰੋਂ ਕੋ ਸਰਦਾਰ ਬਨਾਊਂ, ਰਾਜ ਕਰਨ ਕੀ ਰੀਤ ਸਿਖਾਊਂ ਤਬੈ ਗੋਬਿੰਦ ਸਿੰਘ ਨਾਮ ਕਹਾਊਂ। 
ਗੁਰੂ ਨਾਨਕ ਪਾਤਸ਼ਾਹ ਨੇ 'ਹਿੰਦ' ਦੇ ਪੈਰਾਂ ਵਿੱਚ ਪਏ ਹਰ ਪ੍ਰਕਾਰ ਦੇ ਸੰਗਲ਼ ਭਾਵੇਂ ਉਹ ਸਿਆਸੀ ਸਨ, ਰਾਜਨੀਤਕ ਸਨ ਤੇ ਭਾਵੇਂ ਧਾਰਮਿਕ ਵਹਿਮਾਂ-ਭਰਮਾਂ ਦੇ ਜਾਂ ਵੈਦਿਕ ਧਰਮ ਦੀ ਵਰਣ-ਵੰਡ ਦੇ ਸ਼ਾਸ਼ਕ ਸਨ, ਨੂੰ ਕੱਟਣ ਲਈ ਜਗਤ ਵਿੱਚ ਸਿੱਕਾ ਮਾਰ ਕੇ ਨਿਰਮਲ ਪੰਥ ਚਲਾਇਆ। ਪੰਥ ਦੀ ਪਰਿਭਾਸ਼ਾ ਸਾਰੇ ਗੁਰੂ ਕਾਲ ਵਿੱਚ ਵਿਕਸਤ ਹੁੰਦੀ ਗਈ ਅਤੇ 1699 ਈ. ਦੀ ਵੈਸਾਖੀ ਨੂੰ ਅਨੰਦਪੁਰ ਸਾਹਿਬ ਵਿਖੇ ਦਸਵੇਂ ਨਾਨਕ ਗੁਰੂ ਗੋਬਿੰਦ ਸਿੰਘ ਜੀ ਨੇ ਸੀਸ ਭੇਟ ਕੌਤਕ ਵਰਤ ਕੇ ਨਾਨਕ ਪੰਥ ਵਿੱਚੋਂ ਖ਼ਾਲਸਾ ਪ੍ਰਗਟ ਕੀਤਾ। ਪ੍ਰਗਟਿਓ ਖ਼ਾਲਸਾ ਪ੍ਰਮਾਤਮਾ ਕੀ ਮੌਜ, ਖ਼ਾਲਸਾ ਅਕਾਲ ਪੁਰਖ ਕੀ ਫ਼ੌਜ। ਭਾਵ ਖ਼ਾਲਸੇ ਨੇ ਗੁਰੂ ਗ੍ਰੰਥ ਸਾਹਿਬ ਦੀ ਅਗਵਾਈ ਵਿੱਚ ਸੰਸਾਰ &rsquoਤੇ ਹਲੇਮੀ ਰਾਜ ਸਥਾਪਤ ਕਰਨ ਲਈ ਅੰਬੈਸਡਰ ਬਣਨਾ ਹੈ, ਫੁਰਮਾਣ ਹੈ, ਰਚ ਦੀਨੋ ਖਾਲਸਾ ਜਗਤ ਕਉ ਦੈਨ ਸੰਥ॥ ਖ਼ਾਲਸਾ ਨਾ ਜੰਮਦਾ ਹੈ ਨਾ ਮਰਦਾ ਹੈ। ਖ਼ਾਲਸਾ ਤਾਂ ਦਸਵੇਂ ਨਾਨਕ ਗੁਰੂ ਗੋਬਿੰਦ ਸਿੰਘ ਜੀ ਦੇ ਖ਼ਾਲਸਾ ਪੰਥ ਨੂੰ ਬਖ਼ਸ਼ਿਸ਼ ਕੀਤੇ ਸਿੱਖੀ ਇਮਾਨ ਜੋਤਿ ਤੇ ਜੁਗਤਿ ਦੇ ਸਿਧਾਂਤ ਵਿੱਚੋਂ ਪ੍ਰਗਟ ਹੁੰਦਾ ਹੈ ਅਤੇ ਖ਼ਾਲਸਾ ਗੁਰੂ ਨਾਨਕ ਗੁਰੂ ਗੋਬਿੰਦ ਸਿੰਘ ਦੀ ਨਾਦੀ ਸੰਤਾਨ ਹੈ। 
ਭਾਈ ਨੰਦ ਲਾਲ ਜੀ ਆਪਣੀ ਰਚਨਾ ਜੋਤਿ ਬਿਗਾਸ ਵਿੱਚ ਲਿਖਦੇ ਹਨ ਕਿ: ਹਮੂ ਗੁਰੂ ਗੋਬਿੰਦ ਸਿੰਘ ਹਮੂ ਨਾਨਕ ਅਸਤ ਭਾਵ ਓਹੀ ਗੁਰੂ ਗੋਬਿੰਦ ਸਿੰਘ ਹੈ ਅਤੇ ਓਹੀ ਗੁਰੂ ਨਾਨਕ ੍ਹੇ ਅਤੇ ਇਸੇ ਤਰ੍ਹਾਂ ਦਸਮ ਪਿਤਾ ਦੇ ਸਮਕਾਲੀ ਲਿਖਾਰੀ ਭਾਈ ਪ੍ਰਹਿਲਾਦ ਸਿੰਘ ਜੀ ਨੇ ਆਪਣੇ ਰਹਿਤਨਾਮਾ' ਵਿੱਚ ਿਲਿਖਆ ਹੈ ਕਿ ਹੁਕਿਮ ਹੋਆ ਸਿਰੀ ਵਾਕ ਪਾਤਸ਼ਾਹੀ: 10 ਲਾਲ ਦਰਿਆਈ ਕੇ ਪ੍ਰਥਾਇ। ਪੰਥ ਚਲਬੋ ਜਗਤ ਮੈਂ, ਗੁਰ ਨਾਨਕ ਪ੍ਰਸਾਦਿ, ਰਹਿਤ ਬਤਾਈਏ ਖਾਲਸੇ, ਸੁਣ ਭਾਈ ਪ੍ਰਹਿਲਾਦ॥ ਦੋਹਰਾ - ਗੁਰੂ ਖਾਲਸਾ ਮਾਨੀਅਹਿ, ਪਰਗਟ ਗੁਰਾਂ ਕੀ ਦੇਹ, ਜੋ ਸਿੱਖ ਮੋ ਮਿਲਬੋ ਚਹਿਹ ਖੋਜ ਇਨਹੁ ਮਹਿ ਲੇਹੁ। ਵਿਦਵਾਨ ਅਹਿਮਦ ਸ਼ਾਹ ਬਟਾਲੀਏ ਨੇ ਤਵਾਰੀਖ-ਏ-ਹਿੰਦ ਲਿਖੀ ਜੋ ਅੱਜ ਤਕ ਹੱਥ ਲਿਖਤ ਰੂਪ ਵਿੱਚ ਹੈ ਪਰ ਉਸ ਦਾ ਕੁਝ ਹਿੱਸਾ ਇੱਕ ਅੰਤਿਕਾ ਦੇ ਰੂਪ ਵਿੱਚ ਸੋਹਨ ਲਾਲ ਸੂਰੀ ਦੇ ਗ੍ਰੰਥ ਉਮਦਾਉ ਤਾਵਾਰੀਖ ਦੇ ਨਾਲ਼ 1880 ਵਿੱਚ ਛਾਪਿਆ ਗਿਆ।
1699 ਦੀ ਵੈਸਾਖੀ ਨੂੰ ਅਨੰਦਪੁਰ ਸਾਹਿਬ ਵਿਖੇ ਵਾਪਰੀ ਘਟਨਾ ਦਾ ਜੋ ਚਸ਼ਮਦੀਦ ਵੇਰਵਾ ਸਰਕਾਰੀ ਸੂਹੀਏ ਨੇ ਔਰੰਗਜ਼ੇਬ ਨੂੰ ਭੇਜਿਆ ਉਸ ਦਾ ਉਲੇਖ ਮੁਸਲਮਾਨ ਇਤਿਹਾਸਕਾਰ ਅਹਿਮਦ ਸ਼ਾਹ ਬਟਾਲਵੀ ਨੇ ਇਸ ਪ੍ਰਕਾਰ ਕੀਤਾ ਹੈ: ਗੁਰੂ ਗੋਬਿੰਦ ਸਿੰਘ ਨੇ ਪ੍ਰੀਖਿਆ ਵਿੱਚੋਂ ਪਾਸ ਹੋਏ ਪੰਜ ਸਿੱਖਾਂ ਨੂੰ ਖੰਡੇ ਦੀ ਪਹੁਲ ਦੇ ਕੇ ਸਿੰਘ ਸਾਜਿਆ ਤੇ ਉਹਨਾਂ ਨੇ ਸਾਧ ਸੰਗਤ ਦੇ ਵਿਸ਼ਾਲ ਇਕੱਠ ਨੂੰ ਸੰਬੋਧਨ ਕਰਦਿਆਂ ਹੋਰਨਾਂ ਗੱਲਾਂ ਤੋਂ ਇਲਾਵਾ ਇਹ ਵੀ ਆਖਿਆ : ਮੈਂ ਚਾਹੁੰਦਾ ਹਾਂ ਤੁਸੀਂ ਸਾਰੇ ਇੱਕ ਰਾਹ ਤੇ ਚੱਲੋ ਤੇ ਇੱਕ ਧਰਮ ਅਪਣਾਉ। ਵੱਖ-ਵੱਖ ਜਾਤਾਂ ਦੇ ਭੇਦ ਮਿਟਾ ਦਿਓ। ਹਿੰਦੂਆਂ ਦੀਆਂ ਚਾਰ ਜਾਤਾਂ ਜਿਨ੍ਹਾਂ ਦਾ ਵਰਣਨ ਸ਼ਾਸ਼ਤਰਾਂ ਵਿੱਚ ਆਇਆ ਹੈ, ਮੁੱਢ ਤੋਂ ਹੀ ਮੁਕਾ ਦਿਓ ਅਤੇ ਇੱਕ ਦੂਜੇ ਨਾਲ਼ੋਂ ਆਪਣੇ ਆਪ ਨੂੰ ਵੱਡਾ ਨਾ ਸਮਝੋ। ਪੁਰਾਣੇ ਧਰਮ ਗ੍ਰੰਥਾਂ ਉੱਤੇ ਵਿਸ਼ਵਾਸ ਨਾ ਰੱਖੋ। ਕੋਈ ਵੀ ਗਣੇਸ਼ ਆਦਿ ਵੱਲ ਧਿਆਨ ਨਾ ਦੇਵੇ। ਧਾਰਮਿਕ ਅਸਥਾਨਾਂ ਉੱਤੇ ਯਾਤਰਾ ਕਰਨਾ ਵਿਅਰਥ ਹੈ। ਰਾਮ, ਕ੍ਰਿਸ਼ਨ, ਬ੍ਰਹਮਾ ਅਤੇ ਦੁਰਗਾ ਆਦਿ ਨੂੰ ਪੂਜਣ ਦੀ ਕੋਈ ਲੋੜ ਨਹੀਂ। ਸਿਰਫ਼ ਗੁਰੂ ਨਾਨਕ ਅਤੇ ਬਾਕੀ ਗੁਰੂਆਂ ਉੱਤੇ ਵਿਸ਼ਵਾਸ ਲਿਆਉ। ਸਾਰੀਆਂ ਜਾਤਾਂ ਇੱਕੋ ਬਾਟੇ ਵਿੱਚੋਂ ਖੰਡੇ ਦੀ ਪਹੁਲ ਛਕ ਕੇ ਇੱਕ ਦੂਜੇ ਲਈ ਪਿਆਰ ਪੈਦਾ ਕਰ ਕੇ ਨਫ਼ਰਤ ਨੂੰ ਦੂਰ ਕਰੋ।
ਇਸ ਉਪਦੇਸ਼ ਰਾਹੀਂ ਗੁਰੂ ਗੋਬਿੰਦ ਸਿੰਘ ਨੇ ਲੋਕਾਂ ਨੂੰ ਕੁਲ ਨਾਸ਼, ਧਰਮ ਨਾਸ਼, ਕ੍ਰਿਤ ਨਾਸ਼, ਭ੍ਰਮ ਨਾਸ਼, ਕ੍ਰਮ ਨਾਸ਼ ਦਾ &lsquoਨਾਸ਼ ਸਿਧਾਂਤ&rsquo ਦਿੱਤਾ। 
ਚਾਰੇ ਵਰਣ ਏਕ ਭਾਈ ਗੁਰੂ ਕਾ ਨਾਤਾ ਚਹੁੰ ਵਰਣਾਂ ਨੂੰ ਇੱਕੋ ਜਿਹਾ ਹੈ, ਇਸ ਵਿੱਚ ਵਿਕਲਪ ਨਹੀਂ ਕੋਈ। ਗੁਰੂ ਗੋਬਿੰਦ ਸਿੰਘ ਜੀ ਨੇ ਵਰਣ ਆਸ਼ਰਮ ਪੁਰ ਅਧਾਰਿਤ ਜਾਤੀਆਂ ਅਤੇ ਕਿੱਤਿਆਂ ਦੀ ਵੰਡ, ਸਥਾਪਤ ਵੈਦਿਕ ਧਰਮ ਅਤੇ ਉਹਨਾਂ ਦੀਆਂ ਧਾਰਮਿਕ ਪੁਸਤਕਾਂ ਸਾਰੇ ਭਰਮਾਂ ਅਤੇ ਜਾਤੀ ਵੰਡ ਅਨੁਸਾਰ ਸਮਾਜਿਕ ਵੰਡ ਦਾ ਜ਼ੋਰਦਾਰ ਖੰਡਨ ਕੀਤਾ।ਪਹੁਲਧਾਰੀਆ ਨੂੰ ਰਹਿਤਾਂ, ਕੁਰਹਿਤਾਂ ਦੱਸੀਆਂ। ਕਰ ਅਰਦਾਸ ਰਹਤ ਕੀ ਭਲੇ, ਪੰਚਾਮ੍ਰਿਤ ਅਡਿ ਪਾਚਉ ਮਿਲੇ। ਜਾਤ ਪਾਤ ਕੋ ਭੇਦ ਨਾ ਕੋਈ। ਚਾਰ ਵਰਣ ਅਚਵਹਿ ਇੱਕ ਹੋਈ। ਮਤਿ ਊਚੀ ਰਾਖਹੁ ਮਨ ਨੀਵਾਂ। ਸਿਮਰਹੁ ਵਾਹਿਗੁਰੂ ਸੁੱਖ ਸੀਵਾਂ। ਗੋਰ ਮੜ੍ਹੀ ਅਰ ਪੰਥ ਅਨੇਕਾਂ। ਆਨ ਨਾ ਮਾਨੇ ਰਾਖ ਵਿਵੇਕਾਂ। ਅਤੇ ਸੀਸ ਨਾ ਮੁੰਡਾਵ ਮੀਤ, ਹੁਕਾ ਤਜਿ ਭਲੀ ਰੀਤ। ਜੀਵਨ ਦਿਨ ਚਾਰ ਸਮਝ ਦੇਖ, ਬੂਝ, ਮਨ ਵੀਚਾਰ, ਵਾਹਿਗੁਰੂ ਜੀ ਕਾ ਖਾਲਸਾ ਕਹਾਈਐ ॥
ਪ੍ਰੋ. ਪੂਰਨ ਸਿੰਘ ਜੀ ਨੇ ਆਪਣੀ ਕਵਿਤਾ ਵਿੱਚ ਉਕਤ ਵਾਰਤਾ ਨੂੰ ਇੰਝ ਬਿਆਨ ਕੀਤਾ ਹੈ : ਜਦੋਂ ਮੈਂ ਉਸ ਖੰਡੇ ਦੀ ਸ਼ਕਤੀ ਦਾ ਗੀਤ ਗਾਉਂਦਾ ਹਾਂ, ਜਿਸ ਨਾਲ਼ ਪ੍ਰਿਥਮੇ ਪ੍ਰਭੂ ਨੇ ਰਚਨਾ ਰਚੀ ਹੈ, ਜੋ ਉਸ ਦੀ ਆਪਣੀ ਅਕਾਲੀ ਹੋਂਦ ਤੋਂ ਸਿਰਜੀ ਗਈ ਹੈ। ਜੁੱਤੀਆਂ ਗੰਢਣ ਵਾਲਿਓ, ਚਮੜਾ ਰੰਗਣ ਵਾਲਿਓ, ਕੱਪੜਾ ਉਨਣ ਵਾਲਿਓ, ਧੋਬੀਓ, ਕਲਾਲੋ, ਦੱਬੇ ਲਿਤਾੜੇ ਕਿਰਤੀਓ, ਕਿਸਾਨੋ, ਆਉ ਮੇਰੇ ਕੋਲ਼ੋਂ ਇਸ ਰੱਬੀ ਜੋਤਿ ਨੂੰ ਪਕੜੋ, ਇਹ ਕੇਵਲ ਤੁਹਾਡੇ ਲਈ ਹੈ, ਇਹ ਬ੍ਰਹਮ ਗਿਆਨ ਦੀ ਜੋਤੀ ਹੈ। ਫੜੋ, ਇਹ ਤੁਹਾਡੀ ਆਤਮਾ ਹੈ, ਇਸ ਮਹਾਂ-ਜੋਤੀ ਦੀ ਅਰਾਧਨਾ ਕਰੋ, ਅਤੇ ਸੂਰਜੀ ਪ੍ਰਕਾਸ਼ ਵਿੱਚ ਵਿਚਰੋ। ਗੁਰੂ ਦਾ ਸ਼ਬਦ ਜੀਵਨ ਹੈ, ਉਸ ਦਾ ਨਾਮ ਅਭਿਨਾਸ਼ੀ ਹੈ, ਜਦੋਂ ਤਕ ਇਸ ਦੀ ਨਿਹਚਲ ਜੋਤ ਨਿਸਬਾਸਰ ਤੁਹਾਡੇ ਅੰਦਰ ਜਗਦੀ ਹੈ, ਤੁਸੀਂ ਪਵਿੱਤਰਤਾ ਦੇ ਸਮਰਾਟ-ਖ਼ਾਲਸਾ ਹੋ। (ਪ੍ਰੋ. ਪੂਰਨ ਸਿੰਘ) 
ਗੁਰੂ ਗੋਬਿੰਦ ਸਿੰਘ ਜੀ ਨੇ ਹਿੰਦੂ ਪਹਾੜੀ ਰਾਜਿਆਂ ਨੂੰ ਵੀ ਖੰਡੇ ਬਾਟੇ ਦੀ ਪਾਹੁਲ ਛਕ ਕੇ ਖ਼ਾਲਸੇ ਦੀ ਅਗਵਾਈ ਕਬੂਲ ਕਰਨ ਲਈ ਸੱਦਾ ਭੇਜਿਆ, ਪਰ ਹਿੰਦੂ ਰਾਜਿਆਂ ਨੇ ਜਾਤ ਅਭਿਮਾਨ ਕਰਕੇ ਅਖੌਤੀ ਨੀਵੀਆਂ ਜਾਤਾਂ ਨਾਲ਼ ਬੈਠ ਕੇ ਇੱਕੋ ਬਾਟੇ ਵਿੱਚੋਂ ਖੰਡੇ ਦੀ ਪਾਹੁਲ ਛਕਣ ਤੋਂ ਇਨਕਾਰ ਕਰ ਦਿੱਤਾ। ਗੁਰੂ ਸਾਹਿਬ ਦੇ ਇਸ ਸੱਦੇ ਦਾ ਹਿੰਦੂ ਪਹਾੜੀ ਰਾਜਿਆਂ ਨੇ ਜੋ ਜੁਆਬ ਦਿੱਤਾ, ਉਹ ਬਹੁਤ ਹੀ ਮਹੱਤਵਪੂਰਨ ਹੈ, ਉਹਨਾਂ ਕਿਹਾ ਚਾਰ ਸ਼ਰਨ ਤੁਮ ਇੱਕ ਜਾ ਕੀਨੇ, ਅੰਮ੍ਰਿਤ ਨਿਜ ਉਪਦੇਸ਼ ਸੋ ਦੀਨੇ। ਹਮਰੀ ਜਾਤ ਅਧਿਕ ਜਗ ਮਾਹੀ, ਕਿਮ ਹਮ ਚਵਰ ਬਰਨ ਸੰਗ ਖਾਹੀ। ਤੁਮਰੇ ਪੰਥ ਰਾਜ ਕਿਮ ਦੇ ਹੈਂ। ਅਜਾ (ਬੱਕਰੀਆਂ) ਗੰਨੇ ਮਾਰ ਸੋ ਲਹੈ ਹੈਂ। ਕੋ ਕਿਰਸਾਨੀ ਕਰਤ ਮਹਾਨਾ ਕੋ ਬਪਾਰੀ ਅਧਿਕ ਸੁਜਾਨਾ। ਨੀਚ ਜਾਤ ਕਹਿ ਨੀਹਲ ਵਾਸੀ। ਹਮਰੋ ਰਾਜ ਖੋਹ ਜਗ ਹਾਸੀ। ਇਹ ਤੋ ਬਡ ਅਚਰਜ ਕੀ ਬਾਤਾ। ਦੁਆਦਸ ਜਾਤ (ਕਸ਼ਤਰੀ ਬ੍ਰਾਹਮਣਾਂਦੀਆਂ) ਸਨਾਤਕਾ ਨਾਤਾ (ਭਾਵ ਛੋਟੀਆਂ ਜਾਤਾਂ ਨਾਲ਼ ਸਾਡਾ ਉਚ ਜਾਤੀ ਵਾਲ਼ਿਆਂ ਦਾ ਕੀ ਮੇਲ) ਤੁਮ ਤੋ ਬਾਰਾਂ ਜਾਤ ਸਿਨਾਤ ਮਿਲਾਵੈਂ ॥ ਇਨ ਕੋ ਤੀਰ ਕਮਾਨ ਸਿਖਾਵੈ॥
ਇਸ ਜੁਆਬ ਵਿੱਚੋਂ ਹਿੰਦੂ ਪਹਾੜੀ ਰਾਜਿਆਂ ਦਾ ਜਾਤ ਘੁਮੰਡ ਤੇ ਉਹਨਾਂ ਦਾ ਜਗੀਰੂ ਤੁਅਸਬ ਉਹਨਾਂ ਦੇ ਸਿਰ ਚੜ੍ਹ ਕੇ ਬੋਲਦਾ ਹੈ। ਗੁਰੂ ਸਾਹਿਬ ਵੱਲੋਂ ਸਾਰੀਆਂ ਉੱਚੀਆਂ ਨੀਵੀਆਂ ਜਾਤਾਂ ਨੂੰ ਇੱਕੋ ਬਾਟੇ ਵਿੱਚੋਂ ਖੰਡੇ ਦੀ ਪੲਹੁਲ ਛਕਾਉਣੀ ਅਤੇ ਉੱਚੀਆਂ ਜਾਤਾਂ ਦਾ ਨੀਵੀਆਂ ਜਾਤਾਂ ਨਾਲ਼ ਰਲ਼-ਮਿਲ਼ ਬੈਠਣਾ ਨੀਚਾਂ ਦੇ ਹੱਥ ਰਾਜਸੀ ਸੱਤਾ ਸੌਂਪਣੀ ਦਾ ਵਰਤਾਰਾ ਹਿੰਦੂ ਰਾਜਿਆਂ ਲਈ ਅਚੰਭੇ ਵਾਲ਼ੀ ਗੱਲ ਸੀ (ਇਹ ਤੋਂ ਬਡ ਅਚਰਜ ਕੀ ਬਾਤਾ) ਸਗੋਂ ਇਸ ਨਾਲ਼ ਉਹਨਾਂ ਨੂੰ ਆਪਣੀ ਸਾਰੀ ਚੌਧਰ ਤੇ ਸ਼ਾਨ ਵੀ ਘੱਟੇ ਵਿੱਚ ਰੁਲ਼ਦੀ ਦਿਖਦੀ ਸੀ (ਹਮਰੋ ਰਾਜ ਖੋਹ ਜਗ ਹਾਸੀ) ਇਸ ਕਰਕੇ ਹਿੰਦੂ ਰਾਜਿਆਂ ਨੂੰ ਮੁਗ਼ਲ ਹਕੂਮਤ ਵਿਰੁੱਧ ਗੁਰੂ ਗੋਬਿੰਦ ਸਿੰਘ ਜੀ ਦਾ ਸਾਥ ਦੇਣ ਦੀ ਬਜਾਇ, ਗੁਰੂ ਸਾਹਿਬ ਦੇ ਖ਼ਿਲਾਫ਼ ਮੁਗਲ ਹਾਕਮਾਂ ਦਾ ਪੱਖ ਲੈਣਾ ਵਧੇਰੇ ਯੋਗ ਜਾਪਿਆ ਸੀ। ਉਪਰੋਕਤ ਕਾਰਨਾਂ ਤਹਿਤ ਹਿੰਦੂ ਰਾਜਿਆਂ ਨੇ ਸਗੋਂ ਖ਼ਾਲਸੇ ਦਾ ਇੰਨਾ ਵਿਰੋਧ ਕੀਤਾ ਕਿ 'ਸ੍ਰੀ ਗੁਰ ਸ਼ੋਭਾ ਦੇ ਲਿਖਾਰੀ ਕਵੀ ਸੈਨਾਪਤੀ ਦੇ ਸ਼ਬਦਾਂ ਅਨੁਸਾਰ ਇਉਂ ਜਾਪਦਾ ਸੀ ਕਿ :
ਏਕ ਓਰ ਭਯੋ ਖਾਲਸਾ ਏਕ ਓਰ ਸੰਸਾਰ। (ਨੋਟ-ਉਕਤ ਇਤਿਹਾਸਕ ਸੱਚਾਈ ਦੇ ਉਲ਼ਟ ਪ੍ਰਚਾਰਿਆ ਇਹ ਜਾ ਰਿਹਾ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਖ਼ਾਲਸਾ ਪੰਥ ਦੀ ਸਾਜਨਾ ਹਿੰਦੂਆਂ ਦੀ ਰਾਖੀ ਲਈ ਕੀਤੀ।)
ਐਲ.ਕੇ. ਅਡਵਾਨੀ ਨੇ ਆਪਣੀ ਪੁਸਤਕ 'ਮਾਈ ਕੰਟਰੀ ਮਾਈ ਲਾਈਫ਼' ਦੇ ਪੰਨਾ 424 ਉੱਤੇ ਲਿਖਿਆ ਹੈ : THE KHALSA PANTH WAS CREATED THREE §NDRED YEARS AGO BY GURU GOBIND SINGH, THE LAST OF THE TEN GURUS TO DEFEND THE HINDUS AND PROTECT HINDUISM FROM THE BIGOTED MUSLIM RULERS OF THE TIME ਭਾਵ, ਦਸਾਂ ਗੁਰੂਆਂ ਵਿੱਚੋਂ ਅਖ਼ੀਰਲੇ ਗੁਰੂ, ਗੁਰੂ ਗੋਬਿੰਦ ਸਿੰਘ ਨੇ ਹਿੰਦੂ ਧਰਮ ਨੂੰ ਕੱਟੜ ਮੁਸਲਮਾਨ ਹਾਕਮਾਂ ਤੋਂ ਬਚਾਉਣ ਲਈ 300 ਸਾਲ ਪਹਿਲਾਂ ਖ਼ਾਲਸਾ ਪੰਥ ਪੈਦਾ ਕੀਤਾ ਸੀ। 
ਹਥਲਾ ਲੇਖ ਐਲ.ਕੇ. ਅਡਵਾਨੀ ਦੀ ਉਕਤ ਨਿਰਮੂਲ ਟਿੱਪਣੀ ਨੂੰ ਮੁੱਢੋਂ ਰੱਦ ਕਰਦਾ ਹੈ ਕਿਉਂਕਿ ਗੁਰੂ ਗੋਬਿੰਦ ਸਿੰਘ ਜੀ ਨੇ ਖ਼ਾਲਸਾ ਪੰਥ ਪੈਦਾ ਨਹੀਂ ਸੀ ਕੀਤਾ ਸਗੋਂ ਗੁਰੂ ਨਾਨਕ ਦੇ ਸਿੱਕਾ ਮਾਰ ਕੇ ਚਲਾਏ ਨਿਰਮਲ ਪੰਥ ਵਿੱਚੋਂ ਖ਼ਾਲਸਾ ਪ੍ਰਗਟ ਕੀਤਾ ਹੈ &lsquoਪ੍ਰਗਟਿਓ ਖ਼ਾਲਸਾ ਪਰਮਾਤਮ ਕੀ ਮੌਜ, ਖ਼ਾਲਸਾ ਅਕਾਲ ਪੁਰਖ ਕੀ ਫ਼ੌਜ। 
ਖ਼ਾਲਸਾ ਪੰਥ ਦੀ ਤਿਆਰੀ ਦਸਾਂ ਸਿੱਖ ਗੁਰੂਆਂ ਨੇ ਕੀਤੀ। ਸਿੱਖ ਰਹਿਤ ਮਰਿਆਦਾ ਦੇ ਪੰਨਾ 27 ਉੱਤੇ ਇਸ ਦੀ ਵਿਆਖਿਆ ਇਸ ਪ੍ਰਕਾਰ ਕੀਤੀ ਗਈ ਹੈ : ਗੁਰੂ ਪੰਥ : ਤਿਆਰ ਬਰ ਤਿਆਰ ਸਿੰਘਾਂ ਦੇ ਸਮੁੱਚੇ ਸਮੂਹ ਨੂੰ ਗੁਰੂ ਪੰਥ ਆਖਦੇ ਹਨ ਇਸ ਦੀ ਤਿਆਰੀ ਦਸਾਂ ਗੁਰੂ ਸਾਹਿਬਾਨ ਨੇ ਕੀਤੀ ਅਤੇ ਦਸਮ ਗੁਰੂ ਜੀ ਨੇ ਇਸ ਦਾ ਅੰਤਮ ਸਰੂਪ ਬੰਨ੍ਹ ਕੇ ਗੁਰਿਆਈ ਸੌਂਪੀ। ਦਸਾਂ ਸਿੱਖ ਗੁਰੂਆਂ ਨੇ ਖ਼ਾਲਸਾ ਪੰਥ (ਨਿਰਮਲ ਪੰਥ ਤੋਂ ਖ਼ਾਲਸਾ ਪੰਥ) ਦੀ ਨੀਂਹ ਸੰਪੂਰਨ ਰਾਜਸੀ ਅਜ਼ਾਦੀ ਅਤੇ ਮੁਕੰਮਲ ਸਵੈ-ਨਿਰਭਰਤਾ ਉੱਤੇ ਰੱਖੀ ਸੀ। ਖ਼ਾਲਸਾ ਜਮਾਤ ਇੱਕ ਐਸਾ ਸਿਆਸੀ ਨਿਜ਼ਾਮ ਘੜਨ ਵਾਸਤੇ ਸਾਜੀ ਗਈ ਸੀ, ਜੋ ਸਭ ਦਾ ਸਾਂਝਾ ਹੋਵੇ ਅਤੇ ਜਿਸ ਵਿੱਚ ਹਰ ਮਨੁੱਖ ਆਪਣੇ ਅਕੀਦੇ ਅਨੁਸਾਰ ਬੇ-ਖ਼ੌਫ਼ ਆਪਣੀ ਉੱਨਤੀ ਕਰ ਸਕੇ ਅਤੇ ਇੱਕ ਜਨ-ਸਮੂਹ ਨੂੰ ਕਿਸੇ ਦੂਜੇ ਜਨ-ਸਮੂਹ ਦੀ ਗ਼ੁਲਾਮੀ ਦਾ ਜੂਲ਼ਾ ਨਾ ਚੁੱਕਣਾ ਪਵੇ। ਰਾਜਨੀਤੀ ਉਹੀ ਪ੍ਰਮਾਤਮਾ ਦੇ ਹੁਕਮ ਅਨੁਸਾਰ ਹੋ ਸਕਦੀ ਹੈ, ਜਿਹੜੀ ਮਨੁੱਖ ਦੇ ਖੇੜੇ ਖ਼ੁਸ਼ੀਆਂ ਦੇ ਹੱਕ ਨੂੰ ਨਿਰਸੰਕੋਚ ਤਸਲੀਮ ਕਰੇ ਅਤੇ ਹਰ ਮਨੁੱਖ ਦੇ ਆਪਣੀ ਜ਼ਮੀਰ ਅਨੁਸਾਰ ਜਿਊਣ ਦੇ ਹੱਕ ਨੂੰ ਸਪਸ਼ਟ ਮੰਨੇ। ਹਰ ਮਨੁੱਖ ਦੇ ਸਵੈ-ਮਾਣ ਅਤੇ ਅਣਖ਼ ਨਾਲ਼ ਜੀਊਣ ਦੇ ਹੱਕ ਦੀ ਰਾਖੀ ਕਰਨਾ ਰਾਜਨੀਤੀ ਦਾ ਪਹਿਲਾ ਫ਼ਰਜ਼ ਹੈ : ਹੁਣਿ ਹੁਕਮੁ ਹੋਆ ਮਿਹਰਵਾਣ ਦਾ ॥ ਪੈ ਕੋਇ ਨ ਕਿਸੈ ਰਞਾਣਦਾ ॥ ਸਭ ਸੁਖਾਲੀ ਵੁਠੀਆ ਇਹੁ ਹੋਆ ਹਲੇਮੀ ਰਾਜੁ ਜੀਉ॥ (ਸਿਰੀ ਰਾਗੁ ਅੰਗ 73) 
ਲੋਕ ਭਾਖਾ ਵਿੱਚ ਗੁਰੂ ਗੋਬਿੰਦ ਸਿੰਘ ਜੀ ਦੀ ਬਖਸ਼ੀ ਸਖ਼ਸ਼ੀ ਅਜਾਦੀ ਦਾ ਬੋਲਾ, ਹੰਨੇ ਹੰਨੇ ਮੀਰੀ ਪ੍ਰਚਲਤ ਹੈ। ਭਾਈ ਰਤਨ ਸਿੰਘ ਭੰਗੂ ਏਸ ਪੱਖ ਦੀ ਵਿਆਖਿਆ ਕਰਦੇ ਫੁਰਮਾਉਂਦੇ ਹਨ "ਕਾਣ ਨਾ ਕਿਸਹੂ ਕੀ ਇਹ ਰਾਖਤ, ਸ਼ਹਿਨਸ਼ਾਹ ਖੁਦ ਹੀ ਕੋ ਭਾਖਤ" ਉਪਰੋਕਤ ਸੰਕਲਪ ਸਿੱਖੀ ਤੇ ਸਿਆਸਤ ਸੰਬੰਧੀ ਮੁੱਢਲੇ ਸੰਕਲਪ ਤੋਂ ਘੜੇ ਗਏ ਹਨ, ਜਿਸ ਅਨੁਸਾਰ ਪਰਮਾਤਮਾ ਹੀ ਸੱਚਾ ਪਾਤਸ਼ਾਹ ਹੈ।
ਕੋਊ ਹਰਿ ਸਮਾਨਿ ਨਹੀ ਰਾਜਾ ॥ ਏ ਭੂਪਤਿ ਸਭ ਦਿਵਸ ਚਾਰਿ ਕੇ ਝੂਠੇ ਕਰਤ ਦਿਵਾਜਾ ॥
(ਅੰਗ -856)
ਵਰਤਮਾਨ ਵਿੱਚ ਇਹ ਵੀ ਇਤਿਹਾਸਕ ਤੱਥ ਵਿਚਾਰਨਯੋਗ ਹੈ ਕਿ ਪਿਛਲੇ ਸਮੇਂ ਜੇਕਰ ਸਿੱਖ ਕੌਮ ਜਿਊਂਦੀ ਰਹਿ ਸਕੀ ਹੈ ਤਾਂ ਗੁਰੂ ਗ੍ਰੰਥ ਸਾਹਿਬ ਦੇ ਮੂਲ ਗੁਰਮਤਿ ਸਿਧਾਂਤਾਂ ਨਾਲ਼ ਜੁੜ ਕੇ ਹੀ ਜਿਊਂਦੀ ਰਹਿ ਸਕੀ ਹੈ ਅਤੇ ਜੇਕਰ ਸਿੱਖ ਆਪਣੇ ਮੂਲ ਨਾਲ਼ੋਂ ਟੁੱਟ ਕੇ ਭਟਕਦੇ ਰਹੇ ਅਤੇ ਜੇਕਰ, ਸਿਰ ਜਾਵੇ ਤਾਂ ਜਾਵੇ, ਮੇਰਾ ਸਿੱਖੀ ਸਿਦਕ ਨਾ ਜਾਵੇ ਵਾਲ਼ੀ ਪੁਰਾਤਨ ਮੜ੍ਹਕ ਨੂੰ ਛੱਡ ਕੇ ਆਪਣੇ ਨਿਜ ਸੁਆਰਥ ਲਈ ਵੋਟਾਂ ਬਣ-ਬਣ ਵਿਕਦੇ ਰਹੇ ਤਾਂ ਸਿੱਖੋ ਆਪਣੀ ਜਨਮ ਭੂਮੀ ਪੰਜਾਬ ਵਿੱਚ ਹੀ ਗ਼ੁਲਾਮਾਂ ਵਾਲ਼ਾ ਜੀਵਨ ਬਤੀਤ ਕਰਨਗੇ ਅਤੇ ਕਰ ਰਹੇ ਹਨ। ਸਮਾਂ ਮੰਗ ਕਰਦਾ ਹੈ ਕਿ ਸਿੱਖ ਪੰਥ ਨੂੰ ਆਪਣੇ ਮਾਣਮੱਤੇ ਇਤਿਹਾਸ &rsquoਤੇ ਮਾਣ ਕਰਨ ਦੇ ਨਾਲ਼-ਨਾਲ਼ ਸਿੱਖ ਇਤਿਹਾਸ &rsquoਚੋਂ ਸਮੋਏ ਸਿੱਖ ਕਿਰਦਾਰ ਦੇ ਹਾਣੀ ਬਣ ਕੇ ਵੀ ਵਿਖਾਉਣਾ ਪਵੇਗਾ।
ਇੱਥੇ ਖ਼ਾਲਸਾ ਸਮਾਚਾਰ 4 ਫ਼ਰਵਰੀ 1937, ਜਿਲਦ 37, ਅੰਕ 52 ਦੇ ਪੰਨਾ-4 ਦਾ ਹਵਾਲਾ ਦੇਣਾ ਵੀ ਕੁਥਾਂ ਨਹੀਂ ਹੋਵੇਗਾ ਜੋ ਹੇਠ ਲਿਖੇ ਅਨੁਸਾਰ ਹੈ : ਸ੍ਰੀ ਗੁਰੂ ਸਿੰਘ ਸਭਾ ਬੰਬੇ ਵੱਲੋਂ ਗੁਰਪੁਰਬ ਸਪਤਮੀ ਰੌਣਕ ਨਾਲ਼ ਮਨਾਇਆ ਗਿਆ। ਜਲਸੇ ਦੇ ਪ੍ਰਧਾਨ ਡਾਕਟਰ ਕਰਤਾਕੋਟੀ ਸ਼ੰਕਰਚਾਰੀਆ ਜੀ ਸਨ। ਡਾਕਟਰ ਅੰਬੇਦਕਰ ਜੀ ਨੇ ਤਕਰੀਰ ਕਰਦੇ ਹੋਏ ਕਿਹਾ : &lsquoਹਿੰਦੂ ਜਾਤੀ ਦੇ ਉਦਾਰ ਦਾ ਇੱਕੋ ਜ਼ਰ੍ਹੀਆ ਹੈ ਤੇ ਉਹ ਹੈ 'ਗੁਰੂ ਗ੍ਰੰਥ ਸਾਹਿਬ ਜੀ'। ਹਿੰਦੂ ਅਤੇ ਸਿੱਖਾਂ ਵਿੱਚ ਬੁਨਿਆਦੀ ਫ਼ਰਕ ਹੈ। ਹਿੰਦੂ ਧਰਮ ਸੁਸਾਇਟੀ ਨੂੰ ਚਾਰ ਵਰਨਾਂ ਤੇ ਤਕਸੀਮ ਕਰਨ ਵਾਲ਼ੇ ਵਰਨ ਆਸ਼ਰਮਾਂ ਦੇ ਅਸੂਲਾਂ &rsquoਤੇ ਨਿਰਭਰ ਰੱਖਦਾ ਹੈ, ਪਰ ਸਿੱਖ ਧਰਮ ਵਿੱਚ ਇੱਕ ਹੀ ਵਰਨ ਹੈ। ਮੈਂ ਕੋਈ ਚੀਜ਼ ਇਤਨੀ ਸ਼ਾਨਦਾਰ, ਇਤਨੀ ਸੁੰਦਰ ਤੇ ਇਤਨੀ ਆਦਿ ਤੋਂ ਅੰਤ ਤਕ ਜਮਹੂਰੀ ਲਿਖਤ ਵਿੱਚ ਨਹੀਂ ਪੜ੍ਹੀ ਜਿਤਨੀ ਕਿ ਪਹਾੜੀ ਰਾਜਿਆਂ ਦੇ ਨਾਲ਼ ਗੁਰੂ ਗੋਬਿੰਦ ਸਿੰਘ ਜੀ ਦੀ ਗੱਲਬਾਤ ਹੈ ਅਤੇ ਉਹ ਹੀ ਸਿੱਖ ਧਰਮ ਦਾ ਨਿਚੋੜ ਹੈ।
ਅੰਤ ਵਿੱਚ ਇਹਨਾਂ ਸ਼ਬਦਾਂ ਰਾਹੀਂ ਸਮਾਪਤੀ ਕਰਦੇ ਹਾਂ ਕਿ ਮੋਦੀ ਸਰਕਾਰ ਦੀ ਸਰਪ੍ਰਸਤੀ ਹੇਠ ਹਿੰਦੂਤਵ ਦੀ ਵਿਚਾਰਧਾਰਾ ਇਸ ਵੇਲ਼ੇ ਭਾਰਤ ਵਿੱਚ ਪੂਰੀ ਤਰ੍ਹਾਂ ਵੱਧ-ਫੁੱਲ ਰਹੀ ਹੈ। ਹਿੰਦੂਤਵ ਦੀ ਰੀੜ ਦੀ ਹੱਡੀ ਜਾਤ-ਪਾਤ ਅਧਾਰਿਤ ਵਰਣ ਆਸ਼ਰਮ ਸਿਸਟਮ ਹੈ। ਰਿਸ਼ੀ ਮੰਨੂ ਨੇ ਇਸ ਸੰਬੰਧੀ ਸਖ਼ਤ ਕਨੂੰਨੀ ਵਿਵਸਥਾ ਕੀਤੀ ਅਤੇ ਇਸ ਨੂੰ ਪੂਰੀ ਤਰ੍ਹਾਂ ਜਨਮ ਅਧਾਰਿਤ ਬਣਾ ਕੇ ਦਲਿਤਾਂ-ਸ਼ੂਦਰਾਂ ਨੂੰ ਉਹਨਾਂ ਦੇ ਮੁੱਢਲੇ ਹੱਕਾਂ ਤੋਂ ਵਾਂਝਿਆ ਕਰ ਦਿੱਤਾ। ਮੰਨੂ ਰਿਸ਼ੀ ਦੀ ਇਸ ਹਿੰਦੂ ਕਨੂੰਨ ਦੀ ਪੁਸਤਕ ਦਾ ਨਾਂ ਮੰਨੂ ਸਿਮ੍ਰਤੀ ਹੈ, ਜਿਸ ਨੂੰ ਆਰ.ਐੱਸ.ਐੱਸ. ਤੇ ਨਰਿੰਦਰ ਮੋਦੀ ਦੀ ਸਰਕਾਰ ਭਾਰਤ ਦੇ ਸੰਵਿਧਾਨ ਦੇ ਤੌਰ &rsquoਤੇ ਭਵਿੱਖ ਵਿੱਚ ਲਾਗੂ ਕਰਨ ਲਈ ਪੱਬਾਂ ਭਾਰ ਹੈ। ਨਰਿੰਦਰ ਮੋਦੀ ਨੇ ਤਾਂ ਸੰਭਾਵੀ ਹਿੰਦੂ-ਰਾਸ਼ਟਰ ਦੀ ਨਵੀਂ ਸੰਸਦ ਦਾ ਨੀਂਹ ਪੱਥਰ ਵੀ ਹਿੰਦੂ ਧਰਮ ਦੀਆਂ ਰਹੁ ਰੀਤਾਂ ਅਨੁਸਾਰ ਬ੍ਰਾਹਮਣਾਂ ਕੋਲ਼ੋਂ ਹਵਨ ਕਰਵਾ ਕੇ ਰੱਖ ਦਿੱਤਾ ਹੈ, ਜਦਕਿ ਭਾਰਤ ਵਿੱਚ ਚਾਰ ਮੁੱਖ ਧਰਮਾਂ (ਸਿੱਖ ਧਰਮ, ਹਿੰਦੂ ਧਰਮ, ਇਸਲਾਮ, ਇਸਾਈ) ਦੇ ਲੋਕ ਵੀ ਵੱਸਦੇ ਹਨ, ਇਸ ਤੋਂ ਇਲਾਵਾ ਜੈਨੀ ਤੇ ਬੋਧੀ ਵੀ ਹਨ। ਜਾਤ-ਪਾਤ ਪ੍ਰਬੰਧ ਵਿੱਚ ਜੋ ਬਹੁਗਿਣਤੀ ਹਿੰਦੂ ਆਬਾਦੀ ਦਾ ਮਹੱਤਵਪੂਰਨ ਤੱਤ ਹੈ ਵਿੱਚ ਤਕਰੀਬਨ 6500 ਸਮਾਜਕ ਵੰਡੀਆਂ ਹਨ। ਭਾਰਤ ਵਿੱਚ ਮਨੂੰ ਸਿਮ੍ਰਤੀ ਦਾ ਵਿਧਾਨ ਲਾਗੂ ਕਰਨ ਵਿੱਚ ਪੰਥ ਦਾ ਗੁਰੂ ਗ੍ਰੰਥ, ਗੁਰੂ ਪੰਥ' ਦਾ ਸੰਵਿਧਾਨਕ ਸਭ ਤੋਂ ਵੱਡਾ ਅੜਿੱਕਾ ਹੈ। ਦਸਾਂ ਸਿੱਖ ਗੁਰੂਆਂ ਦਾ ਸਿਰਜਿਆ ਖ਼ਾਲਸਾ ਪੰਥ ਅਜਿਹਾ ਗਾਡੀ ਰਾਹ ਹੈ ਜਿਸ ਉੱਤੇ ਚਲਦੇ ਮਨੁੱਖ ਜਾਤੀ ਦੇ ਹਲਤ-ਪਲਤ ਇਹ-ਲੋਕ ਤੇ ਪ੍ਰਲੋਕ ਦੋਵੇਂ ਸੰਵਰ ਸਕਦੇ ਹਨ। ਇਉਂ ਮੰਨ ਕੇ ਅਤੇ ਇਹ ਪੱਕਾ ਨਿਸ਼ਚਾ ਕਰ ਕੇ ਹੀ ਅੱਜ ਕੱਲ੍ਹ ਦੇ ਭਾਰਤ ਵਿੱਚ ਖ਼ਾਲਸਾ ਪੰਥ ਦਾ ਸਹੀ ਕਰਤੱਵ ਤੇ ਰਾਜਨੀਤਕ ਪ੍ਰੋਗਰਾਮ ਸਮਝਿਆ ਤੇ ਉਲੀਕਿਆ ਜਾ ਸਕਦਾ ਹੈ। ਭਾਰਤ ਵਿੱਚ ਵੱਸਦੀਆਂ ਸਮੂਹ ਘੱਟ ਗਿਣਤੀਆਂ ਨੂੰ ਮਨੂੰ-ਸਿਮ੍ਰਤੀ ਦੀ ਹਿੰਦੂਤਵੀ ਵਿਚਾਰਧਾਰਾ ਦਾ ਡਟ ਕੇ ਵਿਰੋਧ ਕਰਨਾ ਚਾਹੀਦਾ ਹੈ ਕਿਉਂਕਿ ਜੇ ਆਰ.ਐੱਸ.ਐੱਸ. ਤੇ ਮੋਦੀ ਦੀ ਭਾਜਪਾ ਸਰਕਾਰ ਹਿੰਦੂ ਰਾਸ਼ਟਰ ਬਣਾ ਕੇ ਮਨੂੰ-ਸਿਮਰਤੀ ਦਾ ਵਿਧਾਨ ਲਾਗੂ ਕਰਨ ਵਿੱਚ ਕਾਮਯਾਬ ਹੋ ਗਈ ਤਾਂ ਇਸ ਦਾ ਸਭ ਤੋਂ ਵੱਧ ਸੰਤਾਪ ਵਰਣ-ਵੰਡ ਅਨੁਸਾਰ ਅਖੌਤੀ ਨੀਵੀ ਜਾਤ ਦੇ ਹਿੰਦੂਆਂ ਨੰ ਭੋਗਣਾ ਪਵੇਗਾ। ਭਾਰਤ ਦਾ ਮੌਜੂਦਾ ਸੰਵਿਧਾਨ ਕਿਸਾਨਾਂ ਤੇ ਮਜਦੂਰਾਂ ਨੂੰ ਆਪਣਾ ਹੱਕ ਮੰਗਣ ਦਾ ਅਧਿਕਾਰ ਦਿੰਦਾ ਹੈ, ਇਸ ਦੇ ਉਲ਼ਟ ਮਨੂੰ ਸਿਮਰਤੀ ਦਾ ਹਿੰਦੂਤਵੀ ਕਨੂੰਨ ਕਿਸਾਨਾਂ ਤੇ ਮਜ਼ਦੂਰਾਂ ਕੋਲ਼ੋਂ ਉਹਨਾਂ ਦੇ ਮਨੁੱਖੀ ਹੱਕ ਖੋਂਹਦਾ ਹੈ। ਅੱਜ ਪੂਰੇ ਸੰਸਾਰ ਵਿੱਚ ਨਰਿੰਦਰ ਮੋਦੀ ਤੇ ਉਸ ਦੀ ਸਰਕਾਰ ਵੱਲੋਂ ਮਨੁੱਖੀ ਹੱਕਾਂ ਦੀਆਂ ਧੱਜੀਆਂ ਉਡਾਏ ਜਾਣ ਦੀ ਨਿਖੇਧੀ ਵਿਸ਼ਵ ਭਰ ਦੇ ਮੀਡੀਏ ਵਿੱਚ ਹੋ ਰਹੀ ਹੈ ਪਰ ਆਰ.ਐੱਸ.ਐੱਸ. ਤੇ ਨਰਿੰਦਰ ਮੋਦੀ ਦੀ ਸਰਕਾਰ ਭਾਰਤ ਨੂੰ ਹਿੰਦੂ ਰਾਸ਼ਟਰ ਬਣਾਉਣ ਲਈ ਬਜ਼ਿੱਦ ਹੈ। 
-ਜਥੇਦਾਰ ਮਹਿੰਦਰ ਸਿੰਘ ਯੂ.ਕੇ.