image caption:

11 ਅਪ੍ਰੈਲ 2025 (ਸ਼ੁੱਕਰਵਾਰ) ਅੱਜ ਦੀਆਂ ਮੁੱਖ ਖਬਰਾਂ

 ਚੀਨ ਨੇ ਆਪਣੇ ਨਾਗਰਿਕਾਂ ਨੂੰ ਕਿਹਾ, ਅਮਰੀਕਾ ਜਾਣ ਤੋਂ ਪਹਿਲਾਂ ਸੋਚੋ, ਜਾਰੀ ਕੀਤੀ ਐਡਵਾਈਜ਼ਰੀ

ਬੀਜਿੰਗ : ਚੀਨ ਨੇ ਅਮਰੀਕਾ ਦੀ ਯਾਤਰਾ ਕਰਨ ਵਾਲੇ ਆਪਣੇ ਨਾਗਰਿਕਾਂ ਲਈ ਇੱਕ ਐਡਵਾਈਜ਼ਰੀ ਜਾਰੀ ਕੀਤੀ ਹੈ। ਸੱਭਿਆਚਾਰ ਅਤੇ ਸੈਰ-ਸਪਾਟਾ ਮੰਤਰਾਲੇ ਨੇ ਬੁੱਧਵਾਰ ਨੂੰ ਇੱਕ ਯਾਤਰਾ ਸੰਬੰਧੀ ਐਡਵਾਇਜ਼ਰੀ ਵਿੱਚ ਚੀਨੀ ਨਾਗਰਿਕਾਂ ਨੂੰ ਦੇਸ਼ ਦੀ ਯਾਤਰਾ ਕਰਨ ਤੋਂ ਪਹਿਲਾਂ ਅਮਰੀਕਾ ਦੀ ਸਥਿਤੀ ਦਾ ਪੂਰੀ ਤਰ੍ਹਾਂ ਮੁਲਾਂਕਣ ਕਰਨ ਲਈ ਕਿਹਾ। ਇਸ ਵਿੱਚ ਕਿਹਾ ਗਿਆ ਹੈ ਕਿ ਅਮਰੀਕਾ ਵਿੱਚ ਸੁਰੱਖਿਆ ਸਥਿਤੀ ਅਤੇ ਵਿਗੜਦੇ ਚੀਨ-ਅਮਰੀਕਾ ਵਪਾਰਕ ਸਬੰਧਾਂ ਦੇ ਕਾਰਨ ਯਾਤਰਾ ਜ਼ੋਖਮ ਭਰੀ ਹੋ ਸਕਦੀ ਹੈ।
ਇਸ ਤੋਂ ਇਲਾਵਾ, ਚੀਨ ਦੇ ਸਿੱਖਿਆ ਮੰਤਰਾਲੇ ਨੇ ਵਿਦਿਆਰਥੀਆਂ ਲਈ ਇੱਕ ਵੱਖਰੀ ਚੇਤਾਵਨੀ ਜਾਰੀ ਕੀਤੀ ਹੈ। ਇਸ ਵਿੱਚ, ਵਿਦਿਆਰਥੀਆਂ ਨੂੰ ਅਮਰੀਕਾ ਜਾਣ ਤੋਂ ਬਚਣ ਦੀ ਸਲਾਹ ਦਿੱਤੀ ਗਈ ਹੈ, ਕਿਉਂਕਿ ਉਨ੍ਹਾਂ ਨੂੰ ਉੱਥੇ ਵੀਜ਼ਾ, ਕਾਗਜ਼ੀ ਕਾਰਵਾਈ ਜਾਂ ਕਾਨੂੰਨੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਜਿ਼ਕਰਯੋਗ ਹੈ ਕਿ ਚੀਨ ਅਤੇ ਅਮਰੀਕਾ ਟੈਰਿਫ ਨੂੰ ਲੈ ਕੇ ਆਹਮੋ-ਸਾਹਮਣੇ ਹੋ ਗਏ ਹਨ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਚੀਨੀ ਸਾਮਾਨ 'ਤੇ 125% ਟੈਰਿਫ ਲਗਾ ਦਿੱਤਾ ਹੈ। ਇਸ ਦੇ ਨਾਲ ਹੀ, ਚੀਨ ਨੇ ਅਮਰੀਕੀ ਸਾਮਾਨਾਂ 'ਤੇ 84% ਟੈਰਿਫ ਲਗਾਉਣ ਦਾ ਐਲਾਨ ਕੀਤਾ ਹੈ।

ਨਿਊਜ਼ੀਲੈਂਡ ਦੇ ਸਿੱਖਾਂ ਨੇ ਸਿਮਰਨਜੀਤ ਸਿੰਘ ਮਾਨ ਵਲੋਂ ਡਾ. ਅੰਬੇਡਕਰ ਬਾਰੇ ਦਿੱਤੇ ਬਿਆਨ ਤੇ ਕੀਤਾ ਚਿੰਤਾਵਾਂ ਦਾ ਪ੍ਰਗਟਾਵਾ

ਨਵੀਂ ਦਿੱਲੀ  (ਮਨਪ੍ਰੀਤ ਸਿੰਘ ਖਾਲਸਾ):- ਨਿਊਜੀਲੈਂਡ ਦੇ ਸਿੱਖਾਂ ਨੇ ਸਾਬਕਾ ਪਾਰਲੀਮੈਂਟ ਮੈਂਬਰ ਅਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਰਦਾਰ ਸਿਮਰਨਜੀਤ ਸਿੰਘ ਮਾਨ ਵਲੋਂ ਡਾ. ਬੀ.ਆਰ. ਅੰਬੇਡਕਰ ਦੇ ਬੁੱਤ ਦੀ ਬੇਅਦਬੀ ਬਾਰੇ ਹਾਲੀਆ ਬਿਆਨ ਬਾਰੇ ਚਿੰਤਾ ਦਾ ਪ੍ਰਗਟਾਵਾ ਕੀਤਾ ਹੈ । ਪਾਤਸ਼ਾਹੀ ਦਾਵਾ ਅਤੇ ਸਿੱਖਸ ਔਫ ਨਿਊਜੀਲੈਂਡ ਵਲੋਂ ਰਵਿੰਦਰ ਸਿੰਘ ਜੋਹਲ ਵਲੋਂ ਸਰਦਾਰ ਮਾਨ ਨੂੰ ਲਿਖੇ ਪੱਤਰ ਵਿਚ ਕਿਹਾ ਕਿ ਡਾ ਅੰਬੇਡਕਰ ਨੂੰ ਰੰਗਰੇਟਾ ਸਿੱਖਾਂ ਦੇ ਨੇਤਾ ਵਜੋਂ ਦਰਸਾਇਆ ਗਿਆ ਤੁਹਾਡਾ ਚਿੱਤਰਣ ਇਤਿਹਾਸਕ ਤੌਰ 'ਤੇ ਗਲਤ ਹੈ - ਉਹ ਸਿੱਖ ਨਹੀਂ ਸਨ, ਪੰਜਾਬ ਤੋਂ ਨਹੀਂ ਸਨ, ਅਤੇ ਅੰਤ ਵਿੱਚ ਬੁੱਧ ਧਰਮ ਅਪਣਾ ਲਿਆ ਸੀ। ਉਨ੍ਹਾਂ ਨੂੰ ਸਿਰਫ਼ ਜਾਤ ਦੇ ਆਧਾਰ 'ਤੇ ਸਿੱਖ ਇਤਿਹਾਸ ਨਾਲ ਜੋੜਨਾ ਗੁੰਮਰਾਹਕੁੰਨ ਹੈ ਅਤੇ ਸਿੱਖ ਧਰਮ ਦੁਆਰਾ ਜਾਤ-ਅਧਾਰਤ ਪਛਾਣ ਨੂੰ ਰੱਦ ਕਰਨ ਦੇ ਵਿਰੁੱਧ ਹੈ। ਤੁਸੀਂ ਇਹ ਵੀ ਦਾਅਵਾ ਕੀਤਾ ਸੀ ਕਿ ਉਨ੍ਹਾਂ ਦੇ ਬੁੱਤ 'ਤੇ "ਸਿੱਖ ਹਿੰਦੂ ਨਹੀਂ ਹਨ" ਲਿਖਣਾ ਇੱਕ ਅਪਮਾਨ ਹੈ। ਪਰ ਅੰਬੇਡਕਰ ਇੱਕ ਸਿਆਸਤਦਾਨ ਸਨ, ਧਾਰਮਿਕ ਹਸਤੀ ਨਹੀਂ, ਅਤੇ ਇਹ ਨਾਅਰਾ ਭਾਰਤੀ ਸੰਵਿਧਾਨ ਦੀ ਧਾਰਾ 25(ਬੀ) ਦੇ ਵਿਰੁੱਧ ਇੱਕ ਜਾਇਜ਼ ਵਿਰੋਧ ਹੈ, ਜਿਸਨੂੰ ਉਨ੍ਹਾਂ ਨੇ ਲਿਖਿਆ ਸੀ ਅਤੇ ਜੋ ਸਿੱਖਾਂ ਨੂੰ ਹਿੰਦੂਆਂ ਵਜੋਂ ਸ਼੍ਰੇਣੀਬੱਧ ਕਰਦਾ ਹੈ। ਇਸ ਮੁੱਖ ਮੁੱਦੇ ਨੂੰ ਨਜ਼ਰਅੰਦਾਜ਼ ਕਰਨਾ ਸਿੱਖ ਪਛਾਣ ਅਤੇ ਪ੍ਰਭੂਸੱਤਾ ਲਈ ਸੰਘਰਸ਼ ਤੋਂ ਭਟਕਦਾ ਹੈ। ਨਿਊਜ਼ੀਲੈਂਡ ਵਿੱਚ ਸਿੱਖ ਭਾਈਚਾਰੇ ਦੇ ਮੈਂਬਰਾਂ ਵਜੋਂ, ਅਸੀਂ ਐਡਵੋਕੇਟ ਪੰਨੂ ਦੀ ਅਗਵਾਈ ਵਿੱਚ ਚਲ ਰਹੇ ਸ਼ਾਂਤਮਈ ਰੈਫਰੈਂਡਮ ਦਾ ਸਮਰਥਨ ਕਰਦੇ ਹਾਂ ਤੇ ਤੁਹਾਡੀ ਜਾਣਕਾਰੀ ਲਈ ਦਸ ਰਹੇ ਹਾਂ ਕਿ ਬੀਤੀ 17 ਨਵੰਬਰ ਨੂੰ ਇਥੋਂ ਦੀ ਕੁਲ ਸਿੱਖਾਂ ਦੀ ਅਬਾਦੀ ਵਿੱਚੋ 37,500 ਤੋਂ ਵੱਧ ਸਿੱਖਾਂ ਨੇ ਖਾਲਿਸਤਾਨ ਲਈ ਵੋਟ ਪਾਈ ਸੀ । ਸਾਨੂੰ ਦਸਿਆ ਜਾਏ ਕਿ ਤੁਸੀਂ ਸਿੱਖ ਪ੍ਰਭੂਸੱਤਾ ਤੋਂ ਇਨਕਾਰ ਕਰਨ ਵਾਲੇ ਸੰਵਿਧਾਨ ਦਾ ਬਚਾਅ ਕਰਦੇ ਹੋਏ ਖਾਲਿਸਤਾਨ ਪ੍ਰਾਪਤ ਕਰਨ ਦਾ ਇਰਾਦਾ ਕਿਵੇਂ ਰੱਖਦੇ ਹੋ? ਤੁਹਾਡਾ ਇਹ ਦੋਸ਼ ਕਿ ਸ੍ਰੀ ਪੰਨੂ ਜਾਤੀ ਨਫ਼ਰਤ ਫੈਲਾਉਂਦੇ ਹਨ, ਬੇਬੁਨਿਆਦ ਜਾਪਦਾ ਹੈ। ਉਨ੍ਹਾਂ ਦੇ ਸੰਦੇਸ਼ ਨੇ ਦਲਿਤਾਂ ਨੂੰ ਜਾਤੀਵਾਦ ਨੂੰ ਰੱਦ ਕਰਨ ਅਤੇ ਬਾਬਾ ਰਵਿਦਾਸ ਦੇ ਸਮਾਨਤਾ ਦੇ ਮਾਰਗ 'ਤੇ ਚੱਲਣ ਲਈ ਉਤਸ਼ਾਹਿਤ ਕੀਤਾ - ਇੱਕ ਸੰਦੇਸ਼ ਜੋ ਸਿੱਖ ਕਦਰਾਂ-ਕੀਮਤਾਂ ਨਾਲ ਮੇਲ ਖਾਂਦਾ ਹੈ। ਅਸੀਂ ਤੁਹਾਨੂੰ ਆਪਣਾ ਸਟੈਂਡ ਸਪੱਸ਼ਟ ਕਰਨ ਦੀ ਤਾਕੀਦ ਕਰਦੇ ਹਾਂ ਕਿਉਕਿ ਸਿੱਖ ਲੀਡਰਸ਼ਿਪ ਨੂੰ ਸੱਚਾਈ, ਗੁਰਮਤਿ ਅਤੇ ਪ੍ਰਭੂਸੱਤਾ ਦੀ ਭਾਵਨਾ 'ਤੇ ਖੜ੍ਹਾ ਹੋਣਾ ਚਾਹੀਦਾ ਹੈ।


ਵਿਸਾਖੀ ਦਾ ਤਿਓਹਾਰ ਸਮੈਥਵਿਕ ਗੁਰਦੁਆਰਾ ਸਾਹਿਬ ਅਤੇ ਕੈਨਾਲ ਐਂਡ ਰਿਵਰ ਟਰੱਸਟ ਵਲੋਂ ਨਹਿਰ ਕਿਨਾਰੇ ਕੀਤਾ ਗਿਆ ਆਯੋਜਿਤ

 ਨਵੀਂ ਦਿੱਲੀ  (ਮਨਪ੍ਰੀਤ ਸਿੰਘ ਖਾਲਸਾ):- ਖਾਲਸਾ ਪੰਥ ਦਾ ਸਾਜਨਾ ਦਿਵਸ ਵਿਸਾਖੀ ਦਾ ਤਿਓਹਾਰ ਮਨਾਉਣ ਦਾ ਇਕ ਵਿਸ਼ੇਸ਼ ਪ੍ਰੋਗਰਾਮ, ਯੂਕੇ ਦੇ ਸਮੈਥਵਿਕ ਗੁਰਦੁਆਰਾ ਸਾਹਿਬ ਅਤੇ ਕੈਨਾਲ ਐਂਡ ਰਿਵਰ ਟਰੱਸਟ ਵਲੋਂ ਨਹਿਰ ਕਿਨਾਰੇ ਆਯੋਜਿਤ ਕੀਤਾ ਗਿਆ ਜੋ ਕਿ ਪ੍ਰਬੰਧਕਾਂ ਵਲੋਂ ਇੱਕ ਸ਼ਾਨਦਾਰ ਨਿਵੇਕਲੀ ਸਫਲਤਾ ਸੀ। ਕੈਨਾਲ ਐਂਡ ਰਿਵਰ ਟਰੱਸਟ ਅਤੇ ਗੁਰੂ ਨਾਨਕ ਗੁਰਦੁਆਰਾ ਸਮੈਥਵਿਕ ਦੁਆਰਾ ਸਾਂਝੇਦਾਰੀ ਵਿੱਚ ਆਯੋਜਿਤ, ਇਹ ਪ੍ਰੋਗਰਾਮ ਟੋਲ ਹਾਊਸ (ਬ੍ਰਿਜ ਸਟਰੀਟ ਨੌਰਥ, ਸਮੈਥਵਿਕ ਰਾਹੀਂ ਨਹਿਰ ਦਾ ਪ੍ਰਵੇਸ਼ ਦੁਆਰ) ਦੇ ਨੇੜੇ ਹੋਇਆ ਅਤੇ ਇਸ ਵਿਚ ਸਾਰੇ ਧਰਮਾਂ ਦੇ ਪਰਿਵਾਰਾਂ ਅਤੇ ਸੈਲਾਨੀਆਂ ਦਾ ਸਵਾਗਤ ਕੀਤਾ ਗਿਆ। ਇਹ ਦਿਨ ਹਰ ਉਮਰ ਲਈ ਮੁਫਤ ਗਤੀਵਿਧੀਆਂ ਨਾਲ ਭਰਿਆ ਹੋਇਆ ਸੀ, ਜਿਸ ਵਿੱਚ ਉਛਾਲ ਭਰਨੀਆਂ, ਰੱਸਾਕਸ਼ੀ, ਕਾਇਆਕਿੰਗ, ਪ੍ਰੇਰਨਾਦਾਇਕ ਵਿਸਾਖੀ ਭਾਸ਼ਣ ਉਪਰੰਤ ਲੰਗਰ ਸਾਰੇ ਹਾਜ਼ਰੀਨ ਨੂੰ ਦਿੱਤਾ ਜਾਂਦਾ ਹੈ ਜੋ ਕਿ ਸਿੱਖ ਪਰੰਪਰਾ ਦੀ ਨਿਰਸਵਾਰਥ ਸੇਵਾ ਨੂੰ ਜਾਰੀ ਰੱਖਦਾ ਹੈ। ਇਸ ਸਮਾਗਮ ਵਿੱਚ ਬੋਲਦਿਆਂ, ਗੁਰੂ ਨਾਨਕ ਗੁਰਦੁਆਰਾ ਸਮੈਥਵਿਕ ਦੇ ਪ੍ਰਧਾਨ ਕੁਲਦੀਪ ਸਿੰਘ ਦਿਓਲ ਨੇ ਕਿਹਾ ਕਿ ਕੁਦਰਤ ਸਿੱਖ ਧਰਮ ਦਾ ਕੇਂਦਰ ਹੈ, ਅਤੇ ਸਾਨੂੰ ਆਪਣੇ ਵਾਤਾਵਰਣ ਦਾ ਸਤਿਕਾਰ ਕਰਨਾ ਅਤੇ ਉਨ੍ਹਾਂ ਦੀ ਦੇਖਭਾਲ ਕਰਨਾ ਸਿਖਾਇਆ ਜਾਂਦਾ ਹੈ। ਇਸ ਤਰ੍ਹਾਂ ਦੇ ਸਮਾਗਮ ਵੱਖ ਵੱਖ ਭਾਈਚਾਰੇ ਨੂੰ ਉਨ੍ਹਾਂ ਦੇ ਪਿਛੋਕੜ ਦੀ ਪਰਵਾਹ ਕੀਤੇ ਬਿਨਾਂ ਕੁਦਰਤ ਨਾਲ ਜੋੜਨ ਵਿੱਚ ਮਦਦ ਕਰਦੇ ਹਨ, ਅਤੇ ਸਾਨੂੰ ਬਰਮਿੰਘਮ ਵਰਗੇ ਭੀੜ-ਭੜੱਕੇ ਵਾਲੇ ਸ਼ਹਿਰ ਦੇ ਦਿਲ ਵਿੱਚ ਵੀ ਮੌਜੂਦ ਸੁੰਦਰਤਾ ਅਤੇ ਸ਼ਾਂਤੀ ਦੀ ਯਾਦ ਦਿਵਾਉਂਦੇ ਹਨ। ਅਸੀਂ ਕੈਨਾਲ ਐਂਡ ਰਿਵਰ ਟਰੱਸਟ ਅਤੇ ਉਨ੍ਹਾਂ ਦੇ ਸਮਰਪਿਤ ਵਲੰਟੀਅਰਾਂ ਦੇ ਧੰਨਵਾਦੀ ਹਾਂ ਕਿ ਉਨ੍ਹਾਂ ਨੇ ਇਸ ਦਿਨ ਨੂੰ ਭਾਈਚਾਰੇ ਲਈ ਯਾਦਗਾਰੀ ਬਣਾਉਣ ਲਈ ਸਾਡੇ ਨਾਲ ਭਾਈਵਾਲੀ ਕੀਤੀ। ਉਨ੍ਹਾਂ ਵਿਸਾਖੀ ਬਾਰੇ ਹਾਜ਼ਰੀਨ ਸੰਗਤਾਂ ਨੂੰ ਦਸਦੇ ਹੋਏ ਕਿਹਾ ਕਿ ਸਿੱਖ ਕੈਲੰਡਰ ਵਿੱਚ ਵਿਸਾਖੀ ਇੱਕ ਮਹੱਤਵਪੂਰਨ ਤਿਓਹਾਰ ਹੈ, ਜੋ 1699 ਵਿੱਚ 10ਵੇਂ ਗੁਰੂ, ਗੁਰੂ ਗੋਬਿੰਦ ਸਿੰਘ ਜੀ ਦੁਆਰਾ ਖਾਲਸਾ ਦੇ ਗਠਨ ਦੀ ਯਾਦ ਦਿਵਾਉਂਦਾ ਹੈ। ਖਾਲਸਾ ਨੂੰ ਨਿਆਂ ਲਈ ਖੜ੍ਹੇ ਹੋਣ, ਕਮਜ਼ੋਰਾਂ ਦੀ ਰੱਖਿਆ ਕਰਨ ਅਤੇ ਧਾਰਮਿਕਤਾ ਨੂੰ ਬਰਕਰਾਰ ਰੱਖਣ ਲਈ ਬਣਾਇਆ ਗਿਆ ਸੀ। ਵਿਸਾਖੀ ਸਿੱਖ ਧਰਮ ਦੇ ਜਨਮ ਸਥਾਨ, ਪੰਜਾਬ ਵਿੱਚ ਰਵਾਇਤੀ ਵਾਢੀ ਦੇ ਤਿਉਹਾਰ ਨੂੰ ਵੀ ਦਰਸਾਉਂਦੀ ਹੈ। ਗੁਰੂ ਨਾਨਕ ਗੁਰਦੁਆਰਾ ਸਮੈਥਵਿਕ ਲੋਕਾਂ ਨੂੰ ਇਕੱਠੇ ਲਿਆਉਣ, ਏਕਤਾ ਨੂੰ ਉਤਸ਼ਾਹਿਤ ਕਰਨ ਅਤੇ ਵਿਸ਼ਵਾਸ ਅਤੇ ਸੱਭਿਆਚਾਰ ਨੂੰ ਇੱਕ ਸਮਾਵੇਸ਼ੀ, ਸਵਾਗਤਯੋਗ ਤਰੀਕੇ ਨਾਲ ਮਨਾਉਣ ਲਈ ਵਚਨਬੱਧ ਹੈ।


ਹਰਿਆਣਾ ਦੇ ਰੋਹਤਕ &rsquoਚ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਸਿੱਖੀ ਦਾ ਪ੍ਰਚਾਰ

ਨਵੀਂ ਦਿੱਲੀ,   (ਮਨਪ੍ਰੀਤ ਸਿੰਘ ਖਾਲਸਾ):- ਧਰਮ ਪ੍ਰਚਾਰ ਦੀ ਲਹਿਰ ਨੂੰ ਪ੍ਰਚੰਡ ਕਰਨ ਲਈ ਕੀਤੇ ਜਾ ਰਹੇ ਯਤਨਾਂ ਦੇ ਤਹਿਤ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਤੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਅੱਜ ਹਰਿਆਣਾ ਦੇ ਰੋਹਤਕ ਸ਼ਹਿਰ ਵਿਖੇ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਚਰਨਛੋਹ ਪ੍ਰਾਪਤ ਅਸਥਾਨ ਗੁਰਦੁਆਰਾ ਸ੍ਰੀ ਬੰਗਲਾ ਸਾਹਿਬ ਵਿਖੇ ਨਤਮਸਤਕ ਹੋਏ ਅਤੇ ਇਲਾਕੇ ਦੀ ਸੰਗਤ ਨਾਲ ਗੁਰਮਤਿ ਵਿਚਾਰਾਂ ਦੀ ਸਾਂਝ ਪਾਈ। ਇਸ ਮੌਕੇ ਜਾਟ ਭਾਈਚਾਰੇ ਵਿੱਚੋਂ ਵੱਡੀ ਗਿਣਤੀ ਵਿੱਚ ਸਿੰਘ ਸਜੇ ਹਰਿਆਣਾ ਦੇ ਨਿਵਾਸੀ ਸ. ਮਨੋਜ ਸਿੰਘ ਦੂਹਨ ਦੀ ਅਗਵਾਈ ਵਿੱਚ ਗੁਰੂ ਘਰ ਵਿਖੇ ਸੰਗਤ ਰੂਪ ਵਿੱਚ ਸ਼ਾਮਲ ਹੋਏ ਜਿਨ੍ਹਾਂ ਨੂੰ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਸਿੰਘ ਸਜਣ ਦੀ ਵਧਾਈ ਦਿੱਤੀ। ਜਥੇਦਾਰ ਗੜਗੱਜ ਨੇ ਕਿਹਾ ਕਿ ਕਿਸਾਨ ਅੰਦੋਲਨ ਵੇਲੇ ਸਭ ਦੇ ਇਕਜੁੱਟ ਹੋਣ ਮੌਕੇ ਪੰਜਾਬ, ਹਰਿਆਣਾ, ਰਾਜਸਥਾਨ ਤੇ ਪੱਛਮੀ ਉੱਤਰ ਪ੍ਰਦੇਸ਼ ਦੇ ਲੋਕਾਂ ਦੀਆਂ ਸਾਂਝਾ ਬਣੀਆਂ ਅਤੇ ਇਸੇ ਦੌਰਾਨ ਇਨ੍ਹਾਂ ਖੇਤਰਾਂ ਦੇ ਵੱਖ-ਵੱਖ ਭਾਈਚਾਰਿਆਂ ਖਾਸ ਕਰ ਜਾਟ ਭਾਈਚਾਰੇ ਦੇ ਲੋਕ ਸਿੱਖੀ ਵਿੱਚ ਸ਼ਾਮਲ ਹੋਏ। ਜਥੇਦਾਰ ਗੜਗੱਜ ਨੇ ਸੰਗਤ ਨਾਲ ਵਿਚਾਰ ਕਰਦਿਆਂ ਕਿਹਾ ਕਿ ਗੁਰਬਾਣੀ ਸਾਨੂੰ ਸਾਂਝੀਵਾਲਤਾ ਤੇ ਆਪਸੀ ਭਾਈਚਾਰੇ ਦਾ ਸੰਦੇਸ਼ ਦਿੰਦੀ ਹੈ, ਇਸ ਲਈ ਸਿੱਖੀ ਅੰਦਰ ਹਰ ਵਰਗ ਦਾ ਬਰਾਬਰ ਸਤਿਕਾਰ ਹੈ। ਉਨ੍ਹਾਂ ਭਗਤ ਧੰਨਾ ਜੀ, ਭਗਤ ਰਵੀਦਾਸ ਜੀ ਅਤੇ ਭਗਤ ਕਬੀਰ ਜੀ ਸਮੇਤ ਸਮੂਹ ਭਗਤ ਸਾਹਿਬਾਨਾਂ ਦੀ ਬਾਣੀ ਦੇ ਹਵਾਲੇ ਨਾਲ ਸਮੂਹ ਸੰਗਤ ਨੂੰ ਸਿੱਖੀ ਨਾਲ ਜੁੜਨ ਦੀ ਪ੍ਰੇਰਨਾ ਕੀਤੀ। ਇਸ ਦੌਰਾਨ ਜਥੇਦਾਰ ਕੁਲਦੀਪ ਸਿੰਘ ਗੜਗੱਜ ਨੇ ਸਰ ਛੋਟੂ ਰਾਮ ਜਾਟ ਮਾਡਲ ਸਕੂਲ ਦਾ ਦੌਰਾ ਵੀ ਕੀਤਾ। ਉਨ੍ਹਾਂ ਕਿਹਾ ਕਿ 100 ਸਾਲ ਪਹਿਲਾਂ ਸਾਂਝੇ ਪੰਜਾਬ ਵਿੱਚ ਇੱਕ ਆਗੂ ਅਜਿਹਾ ਸੀ ਜੋ ਕਿਸਾਨੀ ਦੇ ਮੁੱਦਿਆਂ ਨੂੰ ਸਮਝ ਰਹੇ ਸਨ ਅਤੇ ਉਨ੍ਹਾਂ ਦੀ ਸਮਾਜਿਕ ਆਰਥਿਕ ਹਾਲਤ ਨੂੰ ਬਿਹਤਰ ਬਣਾਉਣ ਲਈ ਉੱਧਮ ਕਰ ਰਹੇ ਸਨ। ਉਨ੍ਹਾਂ ਸ਼ਾਹੂਕਾਰਾਂ ਦੇ ਕਰਜ਼ ਤੋਂ ਕਿਸਾਨਾਂ ਨੂੰ ਬਚਾਉਣ ਦਾ ਹੰਭਲਾ ਮਾਰਿਆ। ਸਰ ਛੋਟੂ ਰਾਮ ਕਿਸਾਨ ਆਗੂ ਇੰਨੇ ਦੂਰਦ੍ਰਿਸ਼ਟੀ ਵਾਲੇ ਸਨ ਕਿ ਉਨ੍ਹਾਂ ਦੇ ਕਿਸਾਨ ਕਲਿਆਣ ਕੋਸ਼ ਤੋਂ ਵਜ਼ੀਫ਼ੇ ਬਦੌਲਤ ਮੁਹੰਮਦ ਅਬਦੁੱਸ ਸਲਾਮ ਵਰਗੇ ਪੜ੍ਹੇ ਜੋ ਅੱਗੇ ਜਾ ਕੇ ਨੋਬਲ ਪੁਰਸਕਾਰ ਸਨਮਾਨਤ ਵਿਗਿਆਨੀ ਹੋਏ ਹਨ।


ਦਿੱਲੀ ਕਮੇਟੀ ਚੋਣਾਂ ਦਾ ਵਜਿਆ ਬਿਗੁਲ, ਅਕਾਲੀ ਆਗੂਆਂ ਨੇ ਕੀਤਾ ਸਵਾਗਤ

ਨਵੀਂ ਦਿੱਲੀ  (ਮਨਪ੍ਰੀਤ ਸਿੰਘ ਖਾਲਸਾ):- ਦਿੱਲੀ ਹਾਈ ਕੋਰਟ ਦੀ ਜਸਟਿਸ ਮਿੰਨੀ ਪੁਸ਼ਕਰਣਾ ਨੇ ਦਿੱਲੀ ਸਰਕਾਰ ਦੇ ਮੁੱਖ ਸਕੱਤਰ ਨੂੰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਆਮ ਚੋਣਾਂ ਲਈ ਸਿੱਖ ਵੋਟਰਾਂ ਦੀਆਂ ਫੋਟੋ ਵਾਲੀ ਨਵੀਂ ਵੋਟਰ ਸੂਚੀ ਤਿਆਰ ਕਰਨ ਲਈ ਇੱਕ ਮਹੀਨੇ ਵਿੱਚ ਸਾਰੇ ਪ੍ਰਬੰਧ ਕਰਨ ਅਤੇ 5 ਮਹੀਨਿਆਂ ਦੇ ਅੰਦਰ ਨਵੀਂ ਵੋਟਰ ਸੂਚੀ ਪ੍ਰਕਾਸ਼ਿਤ ਕਰਨ ਦੇ ਹੁਕਮ ਦਿੱਤੇ ਹਨ। ਇਸ ਸਬੰਧ ਵਿੱਚ, ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਪਰਮਜੀਤ ਸਿੰਘ ਸਰਨਾ ਅਤੇ ਮਨਜੀਤ ਸਿੰਘ ਜੀਕੇ ਨੇ ਅੱਜ ਮੀਡੀਆ ਨੂੰ ਸੰਬੋਧਨ ਕਰਦੇ ਹੋਏ ਆਮ ਚੋਣਾਂ ਦਾ ਬਿਗੁਲ ਵੱਜਣ ਦਾ ਸਵਾਗਤ ਕੀਤਾ। ਸ਼੍ਰੋਮਣੀ ਅਕਾਲੀ ਦਲ ਦੇ ਸੂਬਾ ਦਫ਼ਤਰ ਵਿਖੇ ਬੋਲਦਿਆਂ ਸਰਨਾ ਨੇ ਦਾਅਵਾ ਕੀਤਾ ਕਿ ਇਸ ਫੈਸਲੇ ਨਾਲ ਦਿੱਲੀ ਕਮੇਟੀ ਦੇ ਪ੍ਰਬੰਧਕਾਂ ਅਤੇ ਉਨ੍ਹਾਂ ਦੇ ਆਕਾਵਾਂ ਦਾ ਹੰਕਾਰ ਚਕਨਾਚੂਰ ਹੋ ਗਿਆ ਹੈ, ਕਿਉਂਕਿ ਇਹ ਗੁਰਮੀਤ ਸਿੰਘ ਸ਼ੰਟੀ ਅਤੇ ਮਨਜੀਤ ਸਿੰਘ ਜੀਕੇ ਦੀਆਂ ਪਟੀਸ਼ਨਾਂ 'ਤੇ ਆਇਆ ਇੱਕ ਇਤਿਹਾਸਕ ਫੈਸਲਾ ਹੈ। ਇੱਕ ਤਰ੍ਹਾਂ ਨਾਲ, ਚੋਣ ਪ੍ਰਕਿਰਿਆ ਨੂੰ ਸਮੇਂ ਸਿਰ ਪੂਰਾ ਕਰਨ ਦੀ ਜ਼ਿੰਮੇਵਾਰੀ ਦਿੱਲੀ ਸਰਕਾਰ ਦੇ ਮੁੱਖ ਸਕੱਤਰ 'ਤੇ ਪਾ ਕੇ, ਅਦਾਲਤ ਨੇ ਰਾਜਨੀਤਿਕ ਦਖਲਅੰਦਾਜ਼ੀ ਦੇ ਡਰ ਨੂੰ ਕਿਨਾਰੇ ਕਰ ਦਿੱਤਾ ਹੈ। ਇਸ ਲਈ, ਹੁਣ ਸਮਾਂ ਆ ਗਿਆ ਹੈ ਕਿ ਦਿੱਲੀ ਕਮੇਟੀ ਦੇ ਪ੍ਰਬੰਧਕ ਆਪਣੀਆਂ ਨਾਕਾਮੀਆਂ ਅਤੇ ਭ੍ਰਿਸ਼ਟਾਚਾਰ ਲਈ ਸੰਗਤ ਨੂੰ ਤੁਰੰਤ ਜਵਾਬ ਦੇਣ। ਇਸ ਲਈ, ਦਿੱਲੀ ਦੀ ਸੰਗਤ ਨੂੰ ਵੀ ਵੋਟਿੰਗ ਪ੍ਰਕਿਰਿਆ ਵਿੱਚ ਉਤਸ਼ਾਹ ਨਾਲ ਹਿੱਸਾ ਲੈਣਾ ਚਾਹੀਦਾ ਹੈ ਅਤੇ ਗੁਰਦੁਆਰਿਆਂ, ਕਾਲਜਾਂ ਅਤੇ ਸਕੂਲਾਂ ਦਾ ਪ੍ਰਬੰਧ ਯੋਗ ਹੱਥਾਂ ਨੂੰ ਸੌਂਪਣਾ ਚਾਹੀਦਾ ਹੈ। ਅਦਾਲਤ ਦੇ ਫੈਸਲੇ ਬਾਰੇ ਵਿਸਥਾਰ ਵਿੱਚ ਜਾਣਕਾਰੀ ਦਿੰਦੇ ਹੋਏ ਜੀਕੇ ਨੇ ਕਿਹਾ ਕਿ ਹੁਣ ਮੁੱਖ ਸਕੱਤਰ ਨੂੰ ਹਰ ਹਾਲਤ ਵਿੱਚ 4 ਹਫ਼ਤਿਆਂ ਦੇ ਅੰਦਰ ਮੀਟਿੰਗ ਕਰਨੀ ਪਵੇਗੀ ਅਤੇ ਨਵੀਂ ਵੋਟਰ ਸੂਚੀ ਤਿਆਰ ਕਰਨ ਦਾ ਕੰਮ ਸ਼ੁਰੂ ਕਰਨ ਲਈ ਸਾਰੇ ਪ੍ਰਬੰਧ ਕਰਨੇ ਪੈਣਗੇ। ਇਸ ਤੋਂ ਬਾਅਦ, 4 ਮਹੀਨੇ 21 ਦਿਨਾਂ ਦੇ ਅੰਦਰ ਨਵੀਂ ਵੋਟਰ ਸੂਚੀ ਨੂੰ ਪ੍ਰਕਾਸ਼ਤ ਕਰਕੇ ਚੋਣਾਂ ਕਰਵਾਉਣੀਆਂ ਪੈਣਗੀਆਂ। ਇਸ ਲਈ, ਇਹ ਮੰਨ ਲਿਆ ਜਾਣਾ ਚਾਹੀਦਾ ਹੈ ਕਿ ਆਮ ਚੋਣਾਂ 2025 ਵਿੱਚ ਹੋਣਗੀਆਂ। ਜੀਕੇ ਨੇ ਕਿਹਾ ਕਿ ਜਿਨ੍ਹਾਂ ਲੋਕਾਂ ਨੇ ਪਿਛਲੀਆਂ ਚੋਣਾਂ ਵਿੱਚ 100 ਬਿਸਤਰਿਆਂ ਵਾਲਾ ਬਾਲਾ ਸਾਹਿਬ ਹਸਪਤਾਲ ਅਤੇ ਗੁਰੂ ਤੇਗ ਬਹਾਦਰ ਯੂਨੀਵਰਸਿਟੀ ਬਣਾਉਣ ਦਾ ਵਾਅਦਾ ਕੀਤਾ ਸੀ, ਪਰ ਉਨ੍ਹਾਂ ਨੇ ਪਹਿਲਾਂ ਤੋਂ ਸਥਾਪਿਤ ਸੰਸਥਾਵਾਂ ਵੀ ਬਰਬਾਦ ਕਰ ਦਿੱਤੀਆਂ ਹਨ। ਇਸੇ ਲਈ ਦਿੱਲੀ ਦੀ ਸੰਗਤ ਇੰਨ੍ਹਾਂ ਨੂੰ ਸਬਕ ਸਿਖਾਉਣ ਲਈ ਤਿਆਰ ਹੈ। ਇਸ ਮੌਕੇ ਦਿੱਲੀ ਕਮੇਟੀ ਮੈਂਬਰ ਕਰਤਾਰ ਸਿੰਘ ਵਿੱਕੀ ਚਾਵਲਾ, ਪਰਮਜੀਤ ਸਿੰਘ ਰਾਣਾ, ਸਤਨਾਮ ਸਿੰਘ ਖੀਵਾ, ਅਕਾਲੀ ਆਗੂ ਡਾ: ਪਰਮਿੰਦਰ ਪਾਲ ਸਿੰਘ, ਹਰਜਿੰਦਰ ਸਿੰਘ, ਜਤਿੰਦਰ ਸਿੰਘ ਬੌਬੀ, ਬਖਸ਼ੀਸ਼ ਸਿੰਘ ਆਦਿਕ ਹਾਜ਼ਰ ਸਨ|

ਫਿਲਮੀ ਸਵਾਂਗ ਦਾ ਕੁਰਾਹਾ ਬੰਦ ਕਰਨ ਲਈ ਖਾਲਸਾਈ ਰਿਵਾਇਤ ਅਨੁਸਾਰ ਸਾਂਝਾ ਫੈਸਲਾ ਹੋਵੇ: ਪੰਚ ਪ੍ਰਧਾਨੀ ਪੰਥਕ ਜਥਾ

👉 ਅਕਾਲ ਫਿਲਮ ਵਿਰੁਧ ਸਿੱਖ ਸੰਗਤਾਂ ਵਿਚ ਭਖਿਆ ਰੋਹ

(ਮਨਪ੍ਰੀਤ ਸਿੰਘ ਖਾਲਸਾ): ਪੰਥ ਸੇਵਕ ਸਖਸ਼ੀਅਤਾਂ ਦੇ ਪੰਚ ਪ੍ਰਧਾਨੀ ਪੰਥਕ ਜਥੇ ਵੱਲੋਂ ਸਿੱਖ ਸੰਗਤਾਂ ਤੇ ਜਥਿਆਂ ਵੱਲੋਂ &ldquoਅਕਾਲ&rdquo ਫਿਲਮ ਦੇ ਕੀਤੇ ਜਾ ਰਹੇ ਵਿਰੋਧ ਨੂੰ ਜਾਇਜ਼ ਕਰਾਰ ਦਿੰਦਿਆਂ ਕਿਹਾ ਗਿਆ ਹੈ ਕਿ &lsquoਗੁਰਮਤਿ ਮਾਰਗ&rsquo ਗੁਰ-ਸ਼ਬਦ ਅਤੇ ਗੁਰੂ-ਆਸ਼ੇ ਨੂੰ ਜੀਵਨ ਅਮਲ ਵਿੱਚ ਧਾਰਨ ਕਰਨ ਦਾ ਪੰਧ ਹੈ। ਗੁਰੂ ਸਾਹਿਬਾਨ ਨੇ ਸਿੱਖਾਂ ਨੂੰ &lsquoਬਿਪਰਨ ਕੀ ਰੀਤ&rsquo ਤੋਂ ਨਿਰਲੇਪ ਰਹਿਣ ਦਾ ਉਪਦੇਸ਼ ਦਿੰਦਿਆਂ, ਇਸ &rsquoਤੇ ਚੱਲਣ ਦੀ ਸਖਤ ਮਨਾਹੀ ਕੀਤੀ ਹੈ। ਗੁਰਮਤਿ ਦੇ ਪਾਂਧੀਆਂ ਲਈ ਗੁਰ-ਸ਼ਬਦ ਅਤੇ ਗੁਰੂ-ਆਸ਼ੇ ਦੇ ਪ੍ਰਚਾਰ-ਪ੍ਰਸਾਰ ਵਾਸਤੇ ਅਪਣਾਇਆ ਜਾਣ ਵਾਲਾ ਢੰਗ-ਤਰੀਕਾ ਵੀ ਗੁਰਮਤਿ ਅਨੁਸਾਰੀ ਹੀ ਹੋਣਾ ਚਾਹੀਦਾ ਹੈ। ਇਸ ਕਰਕੇ ਸਿੱਖ ਇਤਿਹਾਸ ਦੀ ਜਾਣਕਾਰੀ ਦੇਣ ਜਾਂ ਗੁਰ-ਸ਼ਬਦ ਦੇ ਪ੍ਰਚਾਰ ਲਈ &lsquoਬਿਪਰਨ ਕੀ ਰੀਤ&rsquo ਵਾਲੇ ਢੰਗ-ਤਰੀਕੇ ਬਿਲਕੁਲ ਨਹੀਂ ਅਪਣਾਏ ਜਾ ਸਕਦੇ। ਖਾਲਸਾਈ ਰਿਵਾਇਤ ਵਿੱਚ ਗੁਰੂ ਸਾਹਿਬਾਨ, ਗੁਰੂ ਸਾਹਿਬਾਨ ਦੇ ਮਾਤਾ-ਪਿਤਾ, ਗੁਰੂ ਕੇ ਮਹਿਲਾਂ, ਸਾਹਿਬਜ਼ਾਦਿਆਂ, ਗੁਰੂ ਜੀਵਨ ਨਾਲ ਸੰਬੰਧਤ ਮਹਾਨ ਗੁਰਸਿੱਖਾਂ ਅਤੇ ਸਿੱਖ ਸ਼ਹੀਦਾਂ ਦੀਆਂ ਨਕਲਾਂ ਉਤਾਰਨ ਅਤੇ ਉਹਨਾਂ ਦੇ ਸਵਾਂਗ ਰਚਣ ਦੀ ਆਗਿਆ ਨਹੀਂ ਹੈ।
ਇਸ ਲਈ &lsquoਅਕਾਲ&rsquo ਨਾਮੀ ਫਿਲਮ, ਜਿਸ ਵਿੱਚ ਦਸਮੇਸ਼ ਪਿਤਾ ਜੀ ਦੀ ਬਖਸ਼ਿਸ਼ ਅਕਾਲੀ ਬਾਣੇ ਪਹਿਨ ਕੇ ਨਾਟਕੀ ਸਵਾਂਗ ਰਚੇ ਗਏ ਹਨ, ਬੰਦ ਕਰਵਾਉਣ ਲਈ ਸਿੱਖ ਸੰਗਤਾਂ ਅਤੇ ਜਥਿਆਂ ਵਲੋਂ ਯਤਨ ਕੀਤੇ ਜਾ ਰਹੇ ਹਨ। ਇਹ ਫਿਲਮ ਰੋਕਣ ਲਈ ਪੰਥ ਦੇ ਸੇਵਾਦਾਰ ਜਥਿਆਂ, ਸਥਾਨਕ ਸੰਗਤਾਂ, ਗੁਰਦੁਆਰਾ ਪ੍ਰਬੰਧਕ ਕਮੇਟੀਆਂ ਤੇ ਸਮਾਜ-ਸੇਵੀ ਸੰਸਥਾਵਾਂ ਵੱਲੋਂ ਕੀਤੇ ਜਾ ਰਹੇ ਮਤੇ ਸੰਗਤ ਦੀਆਂ ਭਾਵਨਾਵਾਂ ਦਾ ਪ੍ਰਤੱਖ ਪ੍ਰਗਟਾਵਾ ਹਨ। ਇਸ ਲਈ ਇਹ ਫਿਲਮ ਬੰਦ ਹੋਣੀ ਚਾਹੀਦੀ ਹੈ। ਪੰਚ ਪ੍ਰਧਾਨੀ ਪੰਥਕ ਜਥੇ ਦਾ ਸਾਂਝਾ ਬਿਆਨ ਜਾਰੀ ਕਰਦਿਆਂ ਭਾਈ ਦਲਜੀਤ ਸਿੰਘ ਬਿੱਟੂ, ਭਾਈ ਹਰਦੀਪ ਸਿੰਘ ਮਹਿਰਾਜ ਅਤੇ ਭਾਈ ਭੁਪਿੰਦਰ ਸਿੰਘ ਭਲਵਾਨ ਨੇ ਕਿਹਾ ਕਿ ਫਿਲਮਾਂ ਵਾਲਿਆਂ ਵੱਲੋਂ ਪੈਸੇ ਦੇ ਜੋਰ ਉੱਤੇ ਫਿਲਮ ਚਲਾਉਣ ਦੇ ਯਤਨ ਕਰਨੇ ਜਾਂ ਸਿੱਖ ਸੰਗਤਾਂ ਦੇ ਵਿਰੋਧ ਨੂੰ ਪੈਸੇ ਜਾਂ ਪ੍ਰਸ਼ਾਸਨ ਰਾਹੀਂ ਦੱਬਣ ਦੀ ਕੋਸ਼ਿਸ਼ ਕਰਨੀ ਸੁਹਿਰਦ ਸਿੱਖ ਹਿੱਸਿਆਂ ਨੂੰ ਵੰਗਾਰ ਪਾਉਣ ਦੇ ਤੁੱਲ ਹੈ। ਇਹਨਾਂ ਨੂੰ ਅਜਿਹੀਆਂ ਕਾਰਵਾਈਆਂ ਤੋਂ ਬਾਜ ਆਉਣਾ ਚਾਹੀਦਾ ਹੈ। ਇਸ ਦੇ ਨਾਲ ਹੀ ਖਾਲਸਾ ਪੰਥ ਦੀਆਂ ਸੰਸਥਾਵਾਂ ਤੇ ਸੰਪਰਦਾਵਾਂ ਨੂੰ ਵੀ ਆਪਣਾ ਫਰਜ਼ ਪਛਾਣਦਿਆਂ ਗੁਰਮਤਿ ਦੇ ਅਸੂਲਾਂ ਉੱਤੇ ਪਹਿਰਾ ਦੇਣ ਲਈ ਅੱਗੇ ਆਉਣਾ ਚਾਹੀਦਾ ਹੈ।


ਤਰਨ ਤਾਰਨ ਜ਼ਿਲ੍ਹੇ ਦੇ ਕੰਗ ਪਿੰਡ ਪੁੱਜੇ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਸਿੱਖ ਬੀਬੀ ਦੇ ਕਤਲ ਮਾਮਲੇ &rsquoਚ ਪਰਿਵਾਰ ਨਾਲ ਕੀਤਾ ਦੁੱਖ ਸਾਂਝਾ

ਕਿਹਾ- ਸਿੱਖ ਬੀਬੀ ਦੇ ਕਾਤਲ ਤੁਰੰਤ ਗ੍ਰਿਫ਼ਤਾਰ ਕਰੇ ਪੰਜਾਬ ਸਰਕਾਰ- ਜਥੇਦਾਰ ਕੁਲਦੀਪ ਸਿੰਘ ਗੜਗੱਜ

ਨਵੀਂ ਦਿੱਲੀ  ਮਨਪ੍ਰੀਤ ਸਿੰਘ ਖਾਲਸਾ):- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਅੱਜ ਤਰਨ ਤਾਰਨ ਜ਼ਿਲ੍ਹੇ ਦੇ ਕੰਗ ਪਿੰਡ ਵਿਖੇ ਉਸ ਪੀੜਤ ਸਿੱਖ ਪਰਿਵਾਰ ਦੇ ਘਰ ਪੁੱਜੇ ਜਿੱਥੇ ਬੀਤੇ ਦਿਨੀਂ ਨੌਜਵਾਨ ਸਿੱਖ ਬੀਬੀ ਗੁਰਪ੍ਰੀਤ ਕੌਰ ਦਾ ਗੁਰਬਾਣੀ ਦਾ ਪਾਠ ਕਰਦੇ ਹੋਏ ਦਿਨ ਦਿਹਾੜੇ ਬੜੀ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ ਸੀ। ਜਥੇਦਾਰ ਗੜਗੱਜ ਨੇ ਸਿੱਖ ਬੀਬੀ ਦੇ ਪਰਿਵਾਰਕ ਮੈਂਬਰਾਂ ਅਤੇ ਬੱਚਿਆਂ ਨਾਲ ਮੁਲਾਕਾਤ ਕਰਕੇ ਉਨ੍ਹਾਂ ਦਾ ਦੁੱਖ ਸਾਂਝਾ ਕੀਤਾ। ਇਸ ਮੌਕੇ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨੇ ਪਰਿਵਾਰ ਨਾਲ ਬੈਠ ਕੇ ਗੁਰਬਾਣੀ ਦਾ ਜਾਪ ਕਰਕੇ ਕਰਤਾ ਪੁਰਖ ਅੱਗੇ ਖੁਦ ਅਰਦਾਸ ਕੀਤੀ ਕਿ ਉਹ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ, ਵਿਛੜੀ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਅਤੇ ਪਰਿਵਾਰ ਨੂੰ ਚੜ੍ਹਦੀ ਕਲਾ ਬਖ਼ਸ਼ਣ। ਉਨ੍ਹਾਂ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਤਰਫ਼ੋਂ ਪਰਿਵਾਰ ਨੂੰ ਇਨਸਾਫ਼ ਦਿਵਾਉਣ ਵਿੱਚ ਹਰ ਪੱਧਰ ਉੱਤੇ ਸਹਿਯੋਗ ਦਾ ਭਰੋਸਾ ਦਿੱਤਾ। ਇਸ ਮੌਕੇ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨੇ ਪੰਜਾਬ ਸੂਬੇ ਅੰਦਰ ਵਿਗੜੀ ਅਮਨ ਕਾਨੂੰਨ ਦੀ ਸਥਿਤੀ ਉੱਤੇ ਵੀ ਸਵਾਲ ਚੁੱਕਦਿਆਂ ਕਿਹਾ ਕਿ ਸਰਕਾਰ ਲੋਕਾਂ ਦੀ ਰਾਖੀ ਕਰਨ ਵਿੱਚ ਪੂਰੀ ਤਰ੍ਹਾਂ ਫੇਲ੍ਹ ਹੈ। ਉਨ੍ਹਾਂ ਕਿਹਾ ਕਿ ਇਹ ਸਰਕਾਰਾਂ ਦੀ ਜਿੰਮੇਵਾਰੀ ਹੈ ਕਿ ਉਹ ਆਪਣੇ ਨਾਗਰਿਕਾਂ ਦੀ ਜਾਨ ਮਾਲ ਦੀ ਰਾਖੀ ਕਰੇ ਅਤੇ ਇਸ ਪਰਿਵਾਰ ਦਾ ਦੁੱਖ ਬਹੁਤ ਵੱਡਾ ਹੈ। ਉਨ੍ਹਾਂ ਸਮੂਹ ਅਮਨ ਪਸੰਦ ਲੋਕਾਂ ਨੂੰ ਇਸ ਪਰਿਵਾਰ ਦਾ ਨਿਆਂ ਦਿਵਾਉਣ ਵਿੱਚ ਸਾਥ ਦੇਣ ਲਈ ਵੀ ਆਖਿਆ। ਉਨ੍ਹਾਂ ਸਮੁੱਚੇ ਪੰਜਾਬ ਦੇ ਪਿੰਡ ਵਾਸੀਆਂ ਅਤੇ ਸਮਾਜ ਨੂੰ ਆਪਣੇ ਆਲੇ-ਦੁਆਲੇ ਦਾ ਧਿਆਨ ਰੱਖਣ ਅਤੇ ਸ਼ਰਾਰਤੀ ਤੇ ਅਪਰਾਧੀ ਅਨਸਰਾਂ ਵਿਰੁੱਧ ਇੱਕਜੁੱਟਤਾ ਨਾਲ ਨਜਿੱਠਣ ਲਈ ਕਿਹਾ। ਪੀੜਤ ਪਰਿਵਾਰ ਨੇ ਜਥੇਦਾਰ ਨੂੰ ਦੱਸਿਆ ਕਿ ਤਿੰਨ ਦਿਨ ਬੀਤ ਜਾਣ ਦੇ ਬਾਵਜੂਦ ਵੀ ਹੁਣ ਤੱਕ ਪੁਲਿਸ ਵੱਲੋਂ ਹੱਤਿਆ ਕਰਨ ਵਾਲੇ ਦੋਸ਼ੀ ਗ੍ਰਿਫ਼ਤਾਰ ਨਹੀਂ ਕੀਤੇ ਗਏ ਹਨ। ਜਥੇਦਾਰ ਗੜਗੱਜ ਨੇ ਪੰਜਾਬ ਸਰਕਾਰ ਨੂੰ ਸਖ਼ਤੀ ਨਾਲ ਕਿਹਾ ਕਿ ਇਸ ਘਟਨਾ ਦੇ ਦੋਸ਼ੀਆਂ ਨੂੰ ਤੁਰੰਤ ਗ੍ਰਿਫ਼ਤਾਰ ਕਰਕੇ ਸਾਹਮਣੇ ਲਿਆਂਦਾ ਜਾਵੇ ਅਤੇ ਕਾਨੂੰਨ ਮੁਤਾਬਕ ਸਖ਼ਤ ਤੋਂ ਸਖ਼ਤ ਸਜ਼ਾ ਦਿਵਾ ਕੇ ਪਰਿਵਾਰ ਨੂੰ ਇਨਸਾਫ਼ ਦਿੱਤਾ ਜਾਵੇ। ਉਨ੍ਹਾਂ ਕਿਹਾ ਕਿ ਸਮੁੱਚਾ ਖ਼ਾਲਸਾ ਪੰਥ ਇਸ ਪਰਿਵਾਰ ਦੇ ਨਾਲ ਖੜ੍ਹਾ ਹੈ ਅਤੇ ਸਰਕਾਰ ਸਮਾਜ ਵਿੱਚ ਖੁੱਲ੍ਹੇ ਤੌਰ &rsquoਤੇ ਵਿਚਰ ਰਹੇ ਅਪਰਾਧੀ ਅਨਸਰਾਂ ਨੂੰ ਤੁਰੰਤ ਨੱਥ ਪਾਵੇ।

ਅੰਮ੍ਰਿਤਸਰ ਤੋਂ ਨਾਂਦੇੜ ਬਸ ਸੇਵਾ ਦੇ ਯਾਤਰੀਆਂ ਦਾ ਬੇਲਾਮਾਊਂਟ ਹੋਟਲ ਵਿਖੇ ਕੀਤਾ ਗਿਆ ਸੁਆਗਤ

ਨਵੀਂ ਦਿੱਲੀ,  (ਮਨਪ੍ਰੀਤ ਸਿੰਘ ਖਾਲਸਾ): ਇੰਡੋ ਕੈਨੇਡੀਅਨ ਵੱਲੋਂ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਹਜ਼ੂਰ ਸਾਹਿਬ ਨਾਂਦੇੜ ਲਈ ਸਲੀਪਰ ਬਸ ਸੇਵਾ ਸ਼ੁਰੂ ਕੀਤੀ ਗਈ ਹੈ, ਜਿਸਦੀ ਪਹਿਲੀ ਯਾਤਰਾ ਦੌਰਾਨ ਦਿੱਲੀ ਬਾਰਡਰ 'ਤੇ ਬੇਲਾਮਾਊਂਟ ਹੋਟਲ ਦੇ ਮਾਲਕ ਡਾ. ਗੁਰਮੀਤ ਸਿੰਘ ਤੇ ਮਨਦੀਪ ਸਿੰਘ ਵੱਲੋਂ ਯਾਤਰਾ ਵਿਚ ਸ਼ਾਮਲ ਸ਼ਰਧਾਲੂਆਂ ਦਾ ਸ਼ਾਨਦਾਰ ਸਵਾਗਤ ਕੀਤਾ ਗਿਆ। ਇਸ ਮੌਕੇ 'ਤੇ ਹਜ਼ੂਰ ਸਾਹਿਬ ਬੋਰਡ ਦੇ ਪ੍ਰਸ਼ਾਸਕ ਡਾ. ਵਿਜੈ ਸਤਬੀਰ ਸਿੰਘ, ਸਲਾਹਕਾਰ ਜਸਵੰਤ ਸਿੰਘ ਬੋਬੀ, ਇੰਡੋ ਕੈਨੇਡੀਅਨ ਦੇ ਸੀਈਓ ਐਸ.ਐਸ. ਕੋਹਲੀ, ਅਤੇ ਪਟਨਾ ਸਾਹਿਬ ਬੋਰਡ ਦੇ ਮੀਡੀਆ ਪ੍ਰਭਾਰੀ ਸੁਦੀਪ ਸਿੰਘ ਹਾਜ਼ਰ ਹੋਏ ਅਤੇ ਸੰਗਤ ਦਾ ਸਵਾਗਤ ਕੀਤਾ।ਡਾ. ਵਿਜੈ ਸਤਬੀਰ ਸਿੰਘ ਅਤੇ ਜਸਵੰਤ ਸਿੰਘ ਬੋਬੀ ਨੇ ਸ਼ਰਧਾਲੂਆਂ ਨੂੰ ਹਜ਼ੂਰ ਸਾਹਿਬ ਵਿਖੇ ਮਜ਼ਬੂਤ ਪ੍ਰਬੰਧਾਂ ਦਾ ਭਰੋਸਾ ਦਿੱਤਾ, ਜਦਕਿ ਡਾ. ਗੁਰਮੀਤ ਸਿੰਘ ਨੇ ਹਰ ਰੋਜ਼ ਇਸ ਸਥਾਨ 'ਤੇ ਲੰਗਰ ਦੀ ਵਿਵਸਥਾ ਕਰਨ ਦੀ ਗੱਲ ਕੀਤੀ। ਤੁਹਾਨੂੰ ਦੱਸ ਦਈਏ ਕਿ ਇਹ ਸੇਵਾ ਇੰਡੋ ਕੈਨੇਡੀਅਨ ਵੱਲੋਂ ਸ਼ੁਰੂ ਕੀਤੀ ਗਈ ਹੈ ਅਤੇ ਹਰ ਰੋਜ਼ ਇੱਕ ਬਸ ਅੰਮ੍ਰਿਤਸਰ ਤੋਂ ਤੇ ਦੂਜੀ ਹਜ਼ੂਰ ਸਾਹਿਬ ਤੋਂ ਚਲਾਈ ਜਾਵੇਗੀ ਜੋ ਲਗਭਗ 36 ਘੰਟਿਆਂ ਦਾ ਸਫ਼ਰ ਕਰਕੇ ਆਪਣੇ ਗੰਟਵਯ ਸਥਾਨ 'ਤੇ ਪਹੁੰਚੇਗੀ। ਬਸ ਵਿਚ ਯਾਤਰਾ ਦੌਰਾਨ ਸਾਰੀਆਂ ਸੁਵਿਧਾਵਾਂ ਉਪਲੱਬਧ ਹਨ ਅਤੇ ਸਿਰਫ 4000 ਰੁਪਏ ਵਿਚ ਸੰਗਤ ਨੂੰ ਇਹ ਸੇਵਾ ਦਿੱਤੀ ਜਾ ਰਹੀ ਹੈ। ਤਖ਼ਤ ਪਟਨਾ ਸਾਹਿਬ ਕਮੇਟੀ ਦੇ ਪ੍ਰਧਾਨ ਜਗਜੋਤ ਸਿੰਘ ਸੋਹੀ ਅਤੇ ਮੀਡੀਆ ਪ੍ਰਭਾਰੀ ਸੁਦੀਪ ਸਿੰਘ ਵੱਲੋਂ ਇੰਡੋ ਕੈਨੇਡੀਅਨ ਕੋਲੋਂ ਮੰਗ ਕੀਤੀ ਗਈ ਹੈ ਕਿ ਇਹ ਬਸ ਤਖ਼ਤ ਪਟਨਾ ਸਾਹਿਬ ਲਈ ਵੀ ਚਲਾਈ ਜਾਵੇ, ਜਿਸ ਉੱਤੇ ਉਨ੍ਹਾਂ ਨੇ ਜਲਦ ਵਿਚਾਰ ਕਰਕੇ ਇਹ ਸੇਵਾ ਸ਼ੁਰੂ ਕਰਨ ਦਾ ਭਰੋਸਾ ਦਿੱਤਾ ਹੈ।

ਟਰੰਪ ਦੇ ਟੈਕਸਾਂ ਖ਼ਿਲਾਫ਼ ਚੀਨ ਵੱਲੋਂ &lsquoਕੌਮਾਂਤਰੀ ਸਾਂਝਾ ਮੋਰਚਾ&rsquo ਬਣਾਉਣ ਦੀ ਕੋਸ਼ਿਸ਼

ਅਮਰੀਕਾ ਵੱਲੋਂ ਟੈਕਸ ਵਧਾਏ ਜਾਣ ਤੋਂ ਔਖੇ ਹੋਏ ਚੀਨ ਨੇ ਹੋਰ ਮੁਲਕਾਂ ਤੱਕ ਪਹੁੰਚ ਬਣਾਉਣੀ ਸ਼ੁਰੂ ਕਰ ਦਿੱਤੀ ਹੈ। ਇੰਝ ਜਾਪਦਾ ਹੈ ਕਿ ਪੇਈਚਿੰਗ, ਅਮਰੀਕਾ ਨੂੰ ਫ਼ੈਸਲਾ ਵਾਪਸ ਲੈਣ ਲਈ ਮਜਬੂਰ ਕਰਨ ਵਾਸਤੇ ਸਾਂਝਾ ਮੋਰਚਾ ਬਣਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਚੀਨ ਦੀਆਂ ਕੋਸ਼ਿਸ਼ਾਂ ਦੇ ਬਾਵਜੂਦ ਉਸ ਨੂੰ ਕੋਈ ਖਾਸ ਹੁੰਗਾਰਾ ਨਹੀਂ ਮਿਲ ਰਿਹਾ ਹੈ ਕਿਉਂਕਿ ਜ਼ਿਆਦਾਤਰ ਮੁਲਕ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੀ ਵਪਾਰ ਜੰਗ ਦੇ ਨਿਸ਼ਾਨੇ &rsquoਤੇ ਆਏ ਚੀਨ ਨਾਲ ਗੱਠਜੋੜ ਕਰਨ ਦੇ ਇੱਛੁਕ ਨਹੀਂ ਹਨ। ਆਲਮੀ ਬਾਜ਼ਾਰ &rsquoਚ ਮੰਦੀ ਦੇ ਖ਼ਦਸ਼ੇ ਕਾਰਨ ਬੁੱਧਵਾਰ ਨੂੰ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਜ਼ਿਆਦਾਤਰ ਮੁਲਕਾਂ &rsquoਤੇ ਲਾਏ ਗਏ ਟੈਕਸਾਂ ਨੂੰ 90 ਦਿਨਾਂ ਲਈ ਰੋਕ ਦਿੱਤਾ ਹੈ। ਉਂਝ ਚੀਨ &rsquoਤੇ ਟੈਕਸ ਵਧਾ ਕੇ 125 ਫ਼ੀਸਦ ਕਰ ਦਿੱਤਾ ਹੈ। ਚੀਨੀ ਵਿਦੇਸ਼ ਮੰਤਰਾਲੇ ਦੇ ਤਰਜਮਾਨ ਲਿਨ ਜਿਆਨ ਨੇ ਵੀਰਵਾਰ ਨੂੰ ਪ੍ਰੈੱਸ ਕਾਨਫਰੰਸ ਦੌਰਾਨ ਕਿਹਾ, &lsquo&lsquoਢੁੱਕਵਾਂ ਕਾਰਨ ਹੋਵੇ ਤਾਂ ਲੋਕ ਉਸ ਨੂੰ ਹਮਾਇਤ ਦਿੰਦੇ ਹਨ। ਅਮਰੀਕਾ ਲੋਕਾਂ ਦੀ ਹਮਾਇਤ ਨਹੀਂ ਲੈ ਸਕਿਆ ਹੈ ਅਤੇ ਅਖੀਰ &rsquoਚ ਨਾਕਾਮ ਹੋ ਜਾਵੇਗਾ।&rsquo&rsquo ਇਸ ਘਟਨਾਕ੍ਰਮ ਦਰਮਿਆਨ ਚੀਨ ਨੇ ਯੂਰਪ &rsquoਤੇ ਵੀ ਧਿਆਨ ਕੇਂਦਰਤ ਕੀਤਾ ਹੈ। ਚੀਨੀ ਪ੍ਰਧਾਨ ਮੰਤਰੀ ਲੀ ਕਿਆਂਗ ਅਤੇ ਯੂਰੋਪੀ ਕਮਿਸ਼ਨ ਦੀ ਮੁਖੀ ਉਰਸਲਾ ਵੋਨ ਡੇਰ ਲੇਯੇਨ ਵਿਚਾਲੇ ਫੋਨ &rsquoਤੇ ਗੱਲਬਾਤ ਹੋਈ ਜਿਸ ਰਾਹੀਂ ਦੁਨੀਆ ਨੂੰ ਇਕ ਹਾਂ-ਪੱਖੀ ਸੁਨੇਹਾ ਦੇਣ ਦੀ ਕੋਸ਼ਿਸ਼ ਕੀਤੀ ਗਈ ਹੈ। ਖ਼ਬਰ ਏਜੰਸੀ ਸਿਨਹੁਆ ਮੁਤਾਬਕ ਚੀਨ, ਯੂਰੋਪੀ ਕਮਿਸ਼ਨ ਨਾਲ ਰਲ ਕੇ ਕੰਮ ਕਰਨ ਲਈ ਤਿਆਰ ਹੈ। ਚੀਨ ਦੇ ਵਣਜ ਮੰਤਰੀ ਵਾਂਗ ਵੇਨਤਾਓ ਅਤੇ ਯੂਰੋਪੀ ਕਮਿਸ਼ਨ ਦੇ ਵਪਾਰ ਤੇ ਆਰਥਿਕ ਸੁਰੱਖਿਆ ਮਾਮਲਿਆਂ ਦੇ ਕਮਿਸ਼ਨਰ ਸੇਫਕੋਵਿਕ ਵਿਚਕਾਰ ਅਮਰੀਕੀ ਟੈਕਸਾਂ ਦੇ ਮੁੱਦੇ &rsquoਤੇ ਮੰਗਲਵਾਰ ਨੂੰ ਵੀਡੀਓ ਕਾਨਫਰੰਸ ਰਾਹੀਂ ਚਰਚਾ ਹੋਈ।

ਬੰਗਲਾਦੇਸ਼: ਸ਼ੇਖ ਹਸੀਨਾ ਤੇ ਧੀ ਖ਼ਿਲਾਫ਼ ਗ੍ਰਿਫ਼ਤਾਰੀ ਵਾਰੰਟ ਜਾਰੀ
ਇੱਥੋਂ ਦੀ ਇਕ ਅਦਾਲਤ ਨੇ ਸਾਬਕਾ ਪ੍ਰਧਾਨ ਮੰਤਰੀ ਤੇ ਆਵਾਮੀ ਲੀਗ ਦੀ ਆਗੂ ਸ਼ੇਖ ਹਸੀਨਾ, ਉਨ੍ਹਾਂ ਦੀ ਧੀ ਸਾਇਮਾ ਵਾਜੇਦ ਪਤੁਲ ਅਤੇ 17 ਹੋਰਾਂ ਖ਼ਿਲਾਫ਼ ਭ੍ਰਿਸ਼ਟਾਚਾਰ ਦੇ ਇਕ ਮਾਮਲੇ ਵਿੱਚ ਅੱਜ ਨਵਾਂ ਗ੍ਰਿਫ਼ਤਾਰੀ ਵਾਰੰਟ ਜਾਰੀ ਕੀਤਾ ਹੈ। ਉਨ੍ਹਾਂ &rsquoਤੇ ਧੋਖਾਧੜੀ ਨਾਲ ਇਕ ਰਿਹਾਇਸ਼ੀ ਪਲਾਟ ਹਾਸਲ ਕਰਨ ਦਾ ਦੋਸ਼ ਹੈ। ਢਾਕਾ ਮੈਟਰੋਪੋਲੀਟਿਨ ਦੇ ਸੀਨੀਅਰ ਵਿਸ਼ੇਸ਼ ਜੱਜ ਜ਼ਾਕਿਰ ਹੁਸੈਨ ਗ਼ਾਲਿਬ ਨੇ ਭ੍ਰਿਸ਼ਟਾਚਾਰ ਰੋਕਥਾਮ ਕਮਿਸ਼ਨ ਵੱਲੋਂ ਦਾਖ਼ਲ ਦੋਸ਼ ਪੱਤਰ ਨੂੰ ਸਵੀਕਾਰ ਕਰ ਲਿਆ ਕਿਉਂਕਿ ਮੁਲਜ਼ਮ ਫ਼ਰਾਰ ਹਨ, ਇਸ ਵਾਸਤੇ ਅਦਾਲਤ ਨੇ ਉਨ੍ਹਾਂ ਖ਼ਿਲਾਫ਼ ਗ੍ਰਿਫ਼ਤਾਰੀ ਵਾਰੰਟ ਜਾਰੀ ਕੀਤਾ।

ਪੰਜਾਬ ਕੈਬਨਿਟ ਨੇ ਪ੍ਰੋਫੈਸਰਾਂ ਦੀ ਸੇਵਾ ਮੁਕਤੀ ਹੱਦ ਵਧਾਈ

ਚੰਡੀਗੜ੍ਹ,- ਪੰਜਾਬ ਕੈਬਨਿਟ ਨੇ ਅੱਜ ਮੈਡੀਕਲ ਕਾਲਜਾਂ ਦੇ ਪ੍ਰੋਫੈਸਰਾਂ ਦੀ ਸੇਵਾ ਮੁਕਤੀ ਦੀ ਉਮਰ ਹੁਣ 62 ਸਾਲ ਤੋਂ ਵਧਾ ਕੇ 65 ਸਾਲ ਕਰ ਦਿੱਤੀ ਹੈ। ਮੁੱਖ ਮੰਤਰੀ ਭਗਵੰਤ ਮਾਨ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ &rsquoਚ ਅੱਜ ਹੋਏ ਇਸ ਫੈਸਲੇ ਦਾ ਕਰੀਬ 48 ਪ੍ਰੋਫੈਸਰਾਂ ਨੂੰ ਫਾਇਦਾ ਹੋਵੇਗਾ, ਜੋ ਆਉਦੇ ਦਿਨਾਂ ਵਿੱਚ ਸੇਵਾ ਮੁਕਤ ਹੋਣੇ ਹਨ। ਇਸ ਦੌਰਾਨ ਪੰਜਾਬ ਕੈਬਨਿਟ ਨੇ ਅਨੁਸੂਚਿਤ ਜਾਤੀਆਂ ਅਤੇ ਅਨੁਸੂਚਿਤ ਜਨਜਾਤੀਆਂ ਲਈ ਰਾਖਵੀਆਂ ਏਜੀ ਦਫ਼ਤਰ ਵਿੱਚ 25 ਫੀਸਦ ਸੀਟਾਂ ਨੂੰ ਭਰਨ ਦਾ ਫੈਸਲਾ ਲਿਆ ਹੈ

ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਦੇ ਹਸਪਤਾਲਾਂ ਵਿਚਲੇ ਮਾਹਿਰ ਡਾਕਟਰਾਂ ਦੀ ਸੇਵਾ ਮੁਕਤੀ ਦੀ ਉਮਰ ਹੱਦ 58 ਸਾਲ ਤੋਂ ਵਧਾ ਕੇ 65 ਸਾਲ ਕਰ ਦਿੱਤੀ ਗਈ ਹੈ। ਇਨ੍ਹਾਂ ਡਾਕਟਰਾਂ ਦੀ ਸੇਵਾ ਮੁਕਤੀ 58 ਸਾਲ ਤੋਂ ਹੋਣ ਬਾਅਦ ਉਨ੍ਹਾਂ ਨੂੰ ਮੁੜ ਠੇਕੇ ਅਧਾਰਿਤ ਭਰਤੀ ਕੀਤਾ ਜਾਵੇਗਾ।

ਅੰਮ੍ਰਿਤਧਾਰੀ ਮਹਿਲਾ ਕਤਲ ਮਾਮਲਾ: ਪਰਿਵਾਰ ਨਾਲ ਦੁੱਖ ਸਾਂਝਾ ਕਰਨ ਲਈ ਪਿੰਡ ਕੰਗ ਪੁੱਜੇ ਜਥੇਦਾਰ ਗੜਗੱਜ

ਹਲਕਾ ਖਡੂਰ ਸਾਹਿਬ ਦੇ ਪਿੰਡ ਕੰਗ ਵਿਖੇ ਬੀਤੇ ਦਿਨੀ ਕਤਲ ਕੀਤੀ ਗਈ ਅੰਮ੍ਰਿਤਧਾਰੀ ਮਹਿਲਾ ਗੁਰਪੀਤ ਕੌਰ ਦੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਲਈ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਪਿੰਡ ਕੰਗ ਵਿਖੇ ਪੁੱਜੇ । ਇਸ ਮੌਕੇ ਜਥੇਦਾਰ ਗੜਗੱਜ ਵੱਲੋਂ ਪਰਿਵਾਰ ਨਾਲ ਹਮਦਰਦੀ ਪ੍ਰਗਟ ਕੀਤੀ ਗਈ। ਇਸ ਮੌਕੇ ਜਥੇਦਾਰ ਕੁਲਦੀਪ ਸਿੰਘ ਗੜਗੱਜ ਨੇ ਕਿਹਾ ਕਿ ਦਿਨ ਦਿਹਾੜੇ ਦੋ ਅਣਪਛਾਤੇ ਵਿਅਕਤੀਆਂ ਵੱਲੋਂ ਘਰ ਵਿੱਚ ਦਾਖ਼ਲ ਹੋ ਕੇ ਪਾਠ ਕਰ ਰਹੀ ਅੰਮ੍ਰਿਤਧਾਰੀ ਬੀਬੀ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ, ਜਿਸ ਤੋਂ ਪਤਾ ਲੱਗਦਾ ਹੈ ਕਿ ਪੰਜਾਬ ਵਿਚ ਅਮਨ ਕਾਨੂੰਨ ਦੀ ਸਥਿਤੀ ਡਾਵਾਂਡੋਲ ਹੈ,। ਉਨ੍ਹਾਂ ਕਿਹਾ ਕਿ ਪੁਲੀਸ ਪ੍ਰਸ਼ਾਸਨ ਦਾ ਵੱਡਾ ਹਿੱਸਾ ਸਿਆਸੀ ਲੀਡਰਾਂ ਦੀ ਆਓ ਭਗਤ ਵਿੱਚ ਵਿਅਸਤ ਹੈ ਅਤੇ ਆਮ ਲੋਕ ਆਪਣੇ-ਆਪ ਨੂੰ ਅਸੁਰੱਖਿਅਤ ਮਹਿਸੂਸ ਕਰ ਰਹੇ ਹਨ।

ਹੰਸਰਾਜ ਹੰਸ ਦੀ ਪਤਨੀ ਦੇ ਭੋਗ &rsquoਤੇ ਪੁੱਜੇ ਮੁੱਖ ਮੰਤਰੀ ਮਾਨ

 ਜਲੰਧਰ : ਪੰਜਾਬ ਦੇ ਪ੍ਰਸਿੱਧ ਸੂਫ਼ੀ ਗਾਇਕ ਅਤੇ ਭਾਜਪਾ ਦੇ ਸਾਬਕਾ ਮੈਂਬਰ ਪਾਰਲੀਮੈਂਟ ਹੰਸਰਾਜ ਹੰਸ ਦੀ ਪਤਨੀ ਰੇਸ਼ਮ ਕੌਰ ਨਮਿਤ ਪਾਠ ਦਾ ਭੋਗ ਅਤੇ ਅੰਤਿਮ ਅਰਦਾਸ ਜਲੰਧਰ ਦੇ ਗੁਰਦੁਆਰਾ ਸਿੰਘ ਸਭਾ ਮਾਡਲ ਟਾਊਨ ਵਿਖੇ ਹੋਈ, ਜਿੱਥੇ ਮੁੱਖ ਮੰਤਰੀ ਭਗਵੰਤ ਮਾਨ ਸਮੇਤ ਹੋਰ ਸਿਆਸੀ ਲੀਡਰਾਂ ਦੇ ਨਾਲ-ਨਾਲ ਕਈ ਫਿਲਮੀ ਹਸਤੀਆਂ ਨੇ ਸ਼ਮੂਲੀਅਤ ਕੀਤੀ ਅਤੇ ਪਰਿਵਾਰ ਦੇ ਨਾਲ ਦੁੱਖ ਸਾਂਝਾ ਕੀਤਾ। ਪ੍ਰਮੁੱਖ ਸਖ਼ਸ਼ੀਅਤਾਂ ਦੀ ਆਮਦ ਨੂੰ ਦੇਖਦਿਆਂ ਇਸ ਮੌਕੇ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਹੋਏ ਸਨ। ਭਾਜਪਾ ਦੇ ਨੇਤਾ ਅਤੇ ਸਾਬਕਾ ਐਮਪੀ ਹੰਸਰਾਜ ਹੰਸ ਦੀ ਪਤਨੀ ਰੇਸ਼ਮ ਕੌਰ ਨਮਿਤ ਪਾਠ ਦਾ ਭੋਗ ਅਤੇ ਅੰਤਿਮ ਅਰਦਾਸ ਜਲੰਧਰ ਦੇ ਗੁਰਦੁਆਰਾ ਸਿੰਘ ਸਭਾ ਮਾਡਲ ਟਾਊਨ ਵਿਖੇ ਹੋਈ, ਜਿੱਥੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ, ਉਨ੍ਹਾਂ ਦੀ ਮਾਤਾ ਹਰਪਾਲ ਕੌਰ ਸਮੇਤ ਹੋਰ ਸਿਆਸੀ ਲੀਡਰ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਪੁੱਜੇ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਆਖਿਆ ਕਿ ਪੰਜਾਬ ਦੇ ਮਸ਼ਹੂਰ ਕਲਾਕਾਰ ਹੰਸਰਾਜ ਹੰਸ ਨੂੰ ਉਨ੍ਹਾਂ ਦੀ ਪਤਨੀ ਦੇ ਜਾਣ ਨਾਲ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਏ, ਅਸੀਂ ਇਸ ਘੜੀ ਵਿਚ ਉਨ੍ਹਾਂ ਦੇ ਨਾਲ ਦੁੱਖ ਸਾਂਝਾ ਕਰਨ ਲਈ ਪੁੱਜੇ ਆਂ। ਪ੍ਰਮਾਤਮਾ ਵਿਛੜੀ ਆਤਮਾ ਨੂੰ ਆਪਣੇ ਚਰਨਾਂ ਵਿਚ ਨਿਵਾਸ਼ ਬਖਸ਼ੇ ਅਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖ਼ਸ਼ੇ।


ਅੰਮ੍ਰਿਤਪਾਲ ਦੇ ਸਾਥੀ ਪੱਪਲਪ੍ਰੀਤ ਨੂੰ ਅੰਮ੍ਰਿਤਸਰ ਲਿਆਂਦਾ

 ਅੰਮ੍ਰਿਤਸਰ &ndash &lsquoਵਾਰਿਸ ਪੰਜਾਬ ਦੇ&rsquo ਦੇ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਦੇ ਕਰੀਬੀ ਸਹਿਯੋਗੀ ਪੱਪਲਪ੍ਰੀਤ ਸਿੰਘ ਨੂੰ ਅਸਾਮ ਦੀ ਡਿਬਰੂਗੜ੍ਹ ਜੇਲ੍ਹ ਤੋਂ ਅੰਮ੍ਰਿਤਸਰ ਲਿਆਂਦਾ ਗਿਆ ਹੈ। ਉੱਤੇ ਲੱਗਿਆ ਰਾਸ਼ਟਰੀ ਸੁਰੱਖਿਆ ਕਾਨੂੰਨ (ਐਨਐਸਏ) ਹੁਣ ਖਤਮ ਕਰ ਦਿੱਤਾ ਗਿਆ ਹੈ। ਪੁਲਿਸ ਅੱਜ ਉਸਨੂੰ ਅਜਨਾਲਾ ਅਦਾਲਤ ਵਿੱਚ ਪੇਸ਼ ਕਰਨ ਦੀ ਤਿਆਰੀ ਵਿੱਚ ਹੈ। ਅਦਾਲਤ ਬਾਹਰ ਪਹੁੰਚੀ ਪੱਪਲਪ੍ਰੀਤ ਦੀ ਮਾਂ ਨੇ ਕਿਹਾ ਕਿ ਉਸਦੇ ਪੁੱਤਰ ਨੇ ਨਸ਼ੇ ਤੋਂ ਦੂਰ ਰਹਿਣ ਲਈ ਅੰਮ੍ਰਿਤਪਾਲ ਸਿੰਘ ਦੇ ਨੇੜੇ ਜਾਣਾ ਚੁਣਿਆ। "ਉਸਦਾ ਕੋਈ ਅਪਰਾਧਿਕ ਰਿਕਾਰਡ ਨਹੀਂ ਸੀ। ਜਦੋਂ ਅੰਮ੍ਰਿਤਪਾਲ ਨੂੰ ਗ੍ਰਿਫ਼ਤਾਰ ਕੀਤਾ ਗਿਆ, ਉਹ ਸਿਰਫ਼ ਉਸਦੀ ਮਦਦ ਕਰ ਰਿਹਾ ਸੀ। ਪਰ ਸਜ਼ਾ ਇੰਨੀ ਸਖ਼ਤ ਦਿੱਤੀ ਗਈ, ਜੋ ਉਸ ਦੇ ਕੀਤੇ ਨਾਲ ਮੇਲ ਨਹੀਂ ਖਾਂਦੀ।" 

ਅਮਰੀਕਾ ਤੋਂ ਡਿਪੋਰਟ ਪ੍ਰਵਾਸੀ ਦੀ ਵਾਪਸੀ ਯਕੀਨੀ ਬਣਾਉਣ ਦੇ ਹੁਕਮ

 ਵਾਸ਼ਿੰਗਟਨ : ਅਮਰੀਕਾ ਦੀ ਸੁਪਰੀਮ ਕੋਰਟ ਨੇ ਟਰੰਪ ਸਰਕਾਰ ਨੂੰ ਵੱਡਾ ਝਟਕਾ ਦਿੰਦਿਆਂ ਗਲਤ ਤਰੀਕੇ ਨਾਲ ਡਿਪੋਰਟ ਕੀਤੇ ਪ੍ਰਵਾਸੀ ਨੂੰ ਵਾਪਸ ਲਿਆਉਣ ਦੇ ਹੁਕਮ ਦਿਤੇ ਹਨ। ਜ਼ਿਲ੍ਹਾ ਅਦਾਲਤ ਵੱਲੋਂ ਟਰੰਪ ਸਰਕਾਰ ਨੂੰ ਸੋਮਵਾਰ ਰਾਤ ਤੱਕ ਵਾਪਸੀ ਯਕੀਨੀ ਬਣਾਉਣ ਦੀ ਹਦਾਇਤ ਦਿਤੀ ਗਈ ਸੀ ਪਰ ਸੁਪਰੀਮ ਕੋਰਟ ਦੇ ਚੀਫ਼ ਜਸਟਿਸ ਜੌਹਨ ਰੌਬਰਟਸ ਨੇ ਹੇਠਲੀ ਅਦਾਲਤ ਦੇ ਹੁਕਮਾਂ &rsquoਤੇ ਰੋਕ ਲਾ ਦਿਤੀ। ਹੁਣ ਮਾਮਲਾ ਡੂੰਘਾਈ ਨਾਲ ਵਿਚਾਰਨ ਮਗਰੋਂ ਸੁਪਰੀਮ ਕੋਰਟ ਨੇ ਕਿਹਾ ਕਿ ਜ਼ਿਲ੍ਹਾ ਅਦਾਲਤ ਦੇ ਹੁਕਮਾਂ ਦੀ ਪਾਲਣਾ ਹੋਣੀ ਚਾਹੀਦੀ ਹੈ ਅਤੇ ਅਲ ਸਲਵਾਡੋਰ ਦੀ ਜੇਲ ਵਿਚ ਭੇਜੇ ਕਿਲਮਰ ਅਬਰੈਗੋ ਗਾਰਸ਼ੀਆ ਦੀ ਵਾਪਸੀ ਦੇ ਪ੍ਰਬੰਧ ਕੀਤੇ ਜਾਣ।

ਚੀਨ ਵੱਲੋਂ ਅਮਰੀਕਾ &rsquoਤੇ ਮੋੜਵਾਂ ਵਾਰ

ਬੀਜਿੰਗ : ਅਮਰੀਕਾ ਅਤੇ ਚੀਨ ਦਰਮਿਆਨ ਕਾਰੋਬਾਰੀ ਜੰਗ ਖਤਰਨਾਕ ਹੱਦ ਤੱਕ ਵਧ ਚੁੱਕੀ ਹੈ ਅਤੇ ਹੁਣ ਚੀਨ ਵੱਲੋਂ ਅਮਰੀਕਾ ਉਤੇ 125 ਫੀ ਸਦੀ ਟੈਰਿਫਸ ਲਾਉਣ ਦਾ ਐਲਾਨ ਕੀਤਾ ਗਿਆ ਹੈ। ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਕਿਹਾ ਕਿ ਚੀਨ ਕਿਸੇ ਤੋਂ ਡਰਦਾ ਨਹੀਂ ਅਤੇ ਪਿਛਲੇ 70 ਸਾਲ ਵਿਚ ਹੋਈ ਤਰੱਕੀ ਸਖਤ ਮਿਹਨਤ ਅਤੇ ਆਪਣੇ ਆਪ &rsquoਤੇ ਨਿਰਭਰ ਰਹਿਣ ਦਾ ਨਤੀਜਾ ਹੈ। ਉਨ੍ਹਾਂ ਅੱਗੇ ਕਿਹਾ ਕਿ ਕਾਰੋਬਾਰੀ ਜੰਗ ਵਿਚ ਕੋਈ ਜੇਤੂ ਨਹੀਂ ਰਹਿ ਸਕਦਾ। ਦੁਨੀਆਂ ਵਿਰੁੱਧ ਫੈਸਲਿਆਂ ਦਾ ਮਤਲਬ ਹੈ ਆਪਣੇ ਵਿਰੁੱਧ ਫੈਸਲੇ ਲੈਣਾ। ਜਿਨਪਿੰਗ ਨੇ ਇਹ ਟਿੱਪਣੀਆਂ ਸਪੇਨ ਦੇ ਪ੍ਰਧਾਨ ਮੰਤਰੀ ਪੈਡਰੋ ਸਾਂਚੇਜ਼ ਨਾਲ ਮੁਲਾਕਾਤ ਦੌਰਾਨ ਕੀਤੀਆਂ। ਟਰੰਪ ਵੱਲੋਂ ਟੈਰਿਫਸ ਦੇ ਐਲਾਲ ਮਗਰੋਂ ਚੀਨ ਦੌਰੇ &rsquoਤੇ ਜਾਣ ਵਾਲੇ ਸਾਂਚੇਜ਼ ਪਹਿਲੇ ਯੂਰਪੀ ਆਗੂ ਹਨ।


ਅਮਰੀਕਾ ਵਿੱਚ ਹੈਲੀਕਾਪਟਰ ਹਾਦਸਾ, ਸੀਮੇਂਸ ਕੰਪਨੀ ਦੇ ਸੀਈਓ, ਪਤਨੀ ਅਤੇ ਤਿੰਨ ਬੱਚਿਆਂ ਦੀ ਮੌਤ
ਨਿਊਯਾਰਕ : ਅਮਰੀਕਾ ਦੇ ਨਿਊਯਾਰਕ ਵਿੱਚ ਵੀਰਵਾਰ ਨੂੰ ਇੱਕ ਹੈਲੀਕਾਪਟਰ ਹਡਸਨ ਨਦੀ ਵਿੱਚ ਹਾਦਸਾਗ੍ਰਸਤ ਹੋ ਗਿਆ। ਇਸ ਹਾਦਸੇ ਵਿੱਚ ਹੈਲੀਕਾਪਟਰ ਵਿੱਚ ਬੈਠੇ ਸਾਰੇ 6 ਲੋਕਾਂ ਦੀ ਮੌਤ ਹੋ ਗਈ।
ਇਨ੍ਹਾਂ ਵਿੱਚ ਇੰਜੀਨੀਅਰਿੰਗ ਕੰਪਨੀ ਸੀਮੇਂਸ ਦੇ ਸੀਈਓ ਅਗਸਟਿਨ ਐਸਕੋਬਾਰ, ਉਨ੍ਹਾਂ ਦੀ ਪਤਨੀ ਮਰਸ ਕੈਂਪਰੂਬੀ ਅਤੇ ਉਨ੍ਹਾਂ ਦੇ ਤਿੰਨ ਬੱਚੇ ਸ਼ਾਮਿਲ ਹਨ। ਬੱਚੇ 4, 5 ਅਤੇ 11 ਸਾਲ ਦੇ ਸਨ। ਇਹ ਪਰਿਵਾਰ ਸਪੇਨ ਦਾ ਰਹਿਣ ਵਾਲਾ ਸੀ।
ਹੈਲੀਕਾਪਟਰ ਦਾ 36 ਸਾਲਾ ਪਾਇਲਟ ਵੀ ਉਨ੍ਹਾਂ ਦੇ ਨਾਲ ਮਾਰਿਆ ਗਿਆ। ਪਾਇਲਟ ਦਾ ਨਾਮ ਹਾਲੇ ਸਾਹਮਣੇ ਨਹੀਂ ਆਇਆ ਹੈ। ਨਿਊਯਾਰਕ ਸਿਟੀ ਫਾਇਰ ਡਿਪਾਰਟਮੈਂਟ ਅਨੁਸਾਰ, ਹਾਦਸੇ ਤੋਂ ਠੀਕ ਪਹਿਲਾਂ ਬੈੱਲ 206 ਜਹਾਜ਼ ਦੋ ਟੁਕੜਿਆਂ ਵਿੱਚ ਟੁੱਟ ਗਿਆ। ਇਸਦਾ ਪਿਛਲਾ ਹਿੱਸਾ ਅਤੇ ਰੋਟਰ ਬਲੇਡ ਸਰੀਰ ਤੋਂ ਵੱਖ ਹੋ ਗਏ ਸਨ।
ਐਮਰਜੈਂਸੀ ਅਮਲੇ ਨੇ ਸਾਰੇ ਪੀੜਤਾਂ ਨੂੰ ਨਦੀ ਤੋਂ ਬਚਾਇਆ। ਇਨ੍ਹਾਂ ਵਿੱਚੋਂ ਚਾਰ ਨੂੰ ਮੌਕੇ 'ਤੇ ਹੀ ਮ੍ਰਿਤਕ ਐਲਾਨ ਦਿੱਤਾ ਗਿਆ, ਜਦੋਂਕਿ ਦੋ ਦੀ ਹਸਪਤਾਲ ਪਹੁੰਚਣ ਤੋਂ ਬਾਅਦ ਮੌਤ ਹੋ ਗਈ।