image caption:

14 ਅਪ੍ਰੈਲ 2024 (ਸੋਮਵਾਰ) ਅੱਜ ਦੀਆਂ ਮੁੱਖ ਖਬਰਾਂ

 16 ਅਪ੍ਰੈਲ ਨੂੰ ਹੋਵੇਗੀ ਸ਼੍ਰੋਮਣੀ ਕਮੇਟੀ ਦੀ ਅੰਤ੍ਰਿੰਗ ਕਮੇਟੀ ਦੀ ਇਕੱਤਰਤਾ

ਨਵੀਂ ਦਿੱਲੀ (ਮਨਪ੍ਰੀਤ ਸਿੰਘ ਖਾਲਸਾ):-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤ੍ਰਿੰਗ ਕਮੇਟੀ ਦੀ ਇਕੱਤਰਤਾ ਹੁਣ 16 ਅਪ੍ਰੈਲ ਨੂੰ ਹੋਵੇਗੀ। ਸ਼੍ਰੋਮਣੀ ਕਮੇਟੀ ਦੇ ਸਕੱਤਰ ਸ. ਪ੍ਰਤਾਪ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਬੀਤੇ ਦਿਨੀ ਅੰਤ੍ਰਿੰਗ ਕਮੇਟੀ ਦੀ ਇਹ ਇਕੱਤਰਤਾ 15 ਅਪ੍ਰੈਲ ਲਈ ਸੱਦੀ ਗਈ ਸੀ, ਪ੍ਰੰਤੂ ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੇ ਰੁਝੇਵਿਆਂ ਕਾਰਣ ਹੁਣ ਇਹ ਮੀਟਿੰਗ 16 ਅਪ੍ਰੈਲ ਨੂੰ ਹੋਵੇਗੀ। ਉਨ੍ਹਾਂ ਦੱਸਿਆ ਕਿ ਇਹ ਇਕੱਤਰਤਾ ਸ਼੍ਰੋਮਣੀ ਕਮੇਟੀ ਦੇ ਮੁੱਖ ਦਫਤਰ ਵਿਖੇ ਸਵੇਰੇ 11 ਵਜੇ ਕੀਤੀ ਜਾਵੇਗੀ। ਸ. ਪ੍ਰਤਾਪ ਸਿੰਘ ਨੇ ਦੱਸਿਆ ਕਿ ਵਿਭਾਗੀ ਕੰਮਾਂ-ਕਾਜਾਂ ਨਾਲ ਸੰਬੰਧਤ ਰੁਟੀਨ ਦੀ ਇਸ ਇਕੱਤਰਤਾ ਦਾ ਏਜੰਡਾ ਪਹਿਲਾਂ ਹੀ ਕਾਰਜਕਾਰਨੀ ਦੇ ਮੈਂਬਰਾਂ ਨੂੰ ਭੇਜਿਆ ਜਾ ਚੁੱਕਾ ਹੈ, ਜਿਸ ਅਨੁਸਾਰ ਕਾਰਵਾਈ ਮੁਕੰਮਲ ਕੀਤੀ ਜਾਵੇਗੀ।

ਪੰਜਾਬੀ ਸਾਂਝਾ ਪਰਿਵਾਰ ਵਲੋਂ ਵਿਸਾਖੀ ਦਾ ਜਸ਼ਨ ਧੂਮਧਾਮ ਨਾਲ ਮਨਾਇਆ ਗਿਆ

ਨਵੀਂ ਦਿੱਲੀ (ਮਨਪ੍ਰੀਤ ਸਿੰਘ ਖਾਲਸਾ):-ਤਿਉਹਾਰ ਕਿਸੇ ਦੇਸ਼ ਜਾਂ ਕੌਮ ਦਾ ਧਾਰਮਿਕ ਜਾਂ ਇਤਿਹਾਸਕ ਵਿਰਸਾ ਹੁੰਦਾ ਹੈ। ਦੇਸ਼ ਵਿਚ ਬਹੁਤ ਸਾਰੇ ਤਿਉਹਾਰ, ਮੇਲੇ ਮਨਾਏ ਜਾਂਦੇ ਹਨ ਪਰ ਵਿਸਾਖੀ ਦਾ ਤਿਉਹਾਰ ਉਨ੍ਹਾਂ ਵਿਚੋਂ ਇਕ ਹੈ। ਇਹ 13 ਅਪ੍ਰੈਲ ਨੂੰ ਵਿਸਾਖ ਦੀ ਸੰਗਰਾਂਦ ਵਾਲੇ ਦਿਨ ਮਨਾਇਆ ਜਾਂਦਾ ਹੈ। ਇਸਦਾ ਸੰਬੰਧ ਇਤਿਹਾਸਿਕ, ਧਾਰਮਿਕ, ਸੱਭਿਆਚਾਰਕ ਆਰਥਿਕ ਪੱਖ ਨਾਲ ਹੈ। ਜੇਕਰ ਪੰਜਾਬੀ ਵਿਰਸੇ ਦੇ ਤਿਉਹਾਰ ਤੇ ਝਾਤ ਮਾਰੀਏ ਤਾਂ ਪੰਜਾਬੀ ਵਿਰਸੇ ਵਿਚ ਵਿਸਾਖੀ ਦਾ ਤਿਉਹਾਰ ਬਹੁਤ ਵੱਡੀ ਅਹਿਮੀਅਤ ਰੱਖਦਾ ਹੈ ਤੇ ਇਹ ਦੇਸਾਂ ਵਿਦੇਸ਼ਾਂ ਵਿਚ ਬਹੁਤ ਲੋਕਪ੍ਰਿਅ ਤਿਓਹਾਰ ਹੈ ਅਤੇ ਇਸ ਦੀ ਆਪਣੀ ਵੱਖਰੀ ਹੀ ਪਛਾਣ ਹੈ। ਪੰਜਾਬੀ ਸਾਂਝਾ ਪਰਿਵਾਰ ਵਲੋਂ ਮੋਤੀ ਨਗਰ ਦੇ ਰਿਟਜ਼ ਬੇਨਕੂਇਟ ਹਾਲ ਵਿਚ ਵਿਸਾਖੀ ਦਾ ਜਸ਼ਨ ਧੂਮਧਾਮ ਨਾਲ ਮਨਾਇਆ ਗਿਆ । ਇਸ ਮੌਕੇ ਭੰਗੜਾ ਪਾਰਟੀ ਵਲੋਂ ਭੰਗੜਾ ਅਤੇ ਗਿੱਧੇ ਦੇ ਰੰਗਾਂਰੰਗ ਪ੍ਰੋਗਰਾਮ ਕੀਤੇ ਗਏ ਜਿਨ੍ਹਾਂ ਨੂੰ ਦੇਖਦਿਆਂ ਹਾਜ਼ਿਰੀਨ ਲੋਕਾਂ ਨੇ ਵੀਂ ਇਸ ਵਿਚ ਹਿੱਸਾ ਲੈ ਕੇ ਹੋਰ ਰੰਗ ਭਰ ਦਿੱਤੇ ਸਨ ।

ਫਿਲਮਾਂ ਰਾਹੀਂ ਸਿੱਖੀ ਸਵਾਂਗ ਦੇ ਸਿਧਾਂਤਕ ਕੁਰਾਹੇ ਨੂੰ ਰੋਕਣ ਲਈ ਪੰਥ ਕਰੇ ਸਾਂਝਾ ਫੈਸਲਾ: ਸਿੱਖ ਜੱਥੇ ਅਤੇ ਸਖਸ਼ੀਅਤਾਂ

👉 ਸਿੱਖੀ ਸਵਾਂਗ ਪੇਸ਼ ਕਰਦੀਆਂ ਫਿਲਮਾਂ ਸਬੰਧੀ ਸਿੱਖ ਜਥਿਆਂ ਅਤੇ ਸਿੱਖ ਸਖਸ਼ੀਅਤਾਂ ਨੇ ਜਾਰੀ ਕੀਤਾ ਸਾਂਝਾ ਬਿਆਨ

ਨਵੀਂ ਦਿੱਲੀ (ਮਨਪ੍ਰੀਤ ਸਿੰਘ ਖਾਲਸਾ):- ਗੁਰੂ ਸਾਹਿਬਾਨ, ਉਹਨਾਂ ਦੇ ਮਾਤਾ-ਪਿਤਾ, ਗੁਰੂ ਕੇ ਮਹਿਲ, ਸਾਹਿਬਜ਼ਾਦੇ, ਗੁਰੂ ਸਾਹਿਬਾਨ ਦੇ ਜੀਵਨ ਨਾਲ ਸਬੰਧਤ ਮਹਾਨ ਗੁਰਸਿੱਖਾਂ ਅਤੇ ਸ਼ਹੀਦਾਂ ਦੀਆਂ ਨਕਲਾਂ ਲਾਹੁਣ ਅਤੇ ਸਵਾਂਗ ਰਚਣ ਦੀ ਗੁਰਮਤਿ ਅਨੁਸਾਰ ਸਖਤ ਮਨਾਹੀ ਹੈ। ਪਿਛਲੇ ਸਮੇਂ ਅਜਿਹੀਆਂ ਫ਼ਿਲਮਾਂ ਸਬੰਧੀ ਸਿੱਖ ਸੰਗਤ ਵਿੱਚ ਭਾਰੀ ਰੋਸ ਨੂੰ ਵੇਖਦਿਆਂ ਅਜਿਹੀਆਂ ਫ਼ਿਲਮਾਂ &rsquoਤੇ ਪੱਕੀ ਰੋਕ ਲਾਉਣ ਸਬੰਧੀ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵੀ ਇਕ ਮਤਾ ਪਾਸ ਕੀਤਾ ਸੀ ਪਰ ਉਸ ਤੋਂ ਬਾਅਦ ਵਪਾਰੀਆਂ ਅਤੇ ਨਕਲਚੀਆਂ ਨੇ ਗੁਰੂ ਸਾਹਿਬਾਨ ਅਤੇ ਸਾਹਿਬਜ਼ਾਦਿਆਂ ਦਾ ਸਵਾਂਗ ਛੱਡ ਕੇ ਅਕਾਲੀ ਫ਼ੌਜ ਦੇ ਪਵਿੱਤਰ ਬਾਣੇ ਅਤੇ ਸਸਤਰਾਂ ਦੇ ਅਦਬ ਨੂੰ ਢਾਹ ਲਾਉਣੀ ਸ਼ੁਰੂ ਕਰ ਦਿੱਤੀ ਹੈ। ਪਿਛਲੇ ਸਮੇਂ ਵਿੱਚ &lsquoਮਸਤਾਨੇ&rsquo ਨਾਮ ਹੇਠ ਆਈ  ਅਜਿਹੀ ਇੱਕ ਫ਼ਿਲਮ ਤੋਂ ਬਾਅਦ ਹੁਣ &lsquoਅਕਾਲ&rsquo ਨਾਮ ਹੇਠ ਇੱਕ ਫ਼ਿਲਮ ਜਾਰੀ ਹੋਈ ਹੈ ਅਤੇ ਅਜਿਹੀਆਂ ਹੋਰ ਪਤਾ ਨਹੀ ਕਿੰਨੀਆਂ ਫ਼ਿਲਮਾਂ ਬਣ ਰਹੀਆਂ ਹੋਣਗੀਆਂ। ਬਾਣਾ ਅਕਾਲ ਪੁਰਖ ਦੀ ਰਹਿਮਤ ਹੈ ਜਿਸ ਰਾਹੀਂ ਪਰਮ ਮਨੁੱਖ ਸਮੁੱਚੀ ਲੋਕਾਈ ਲਈ ਪ੍ਰੇਰਨਾ, ਪ੍ਰੇਮ, ਅਧਿਆਤਮ, ਜਤ, ਸਤ, ਸੁਰੱਖਿਆ, ਵਿਸ਼ਵਾਸ, ਸਿਦਕ ਅਤੇ ਸਬਰ ਸਮੋਈ ਰੱਖਦਾ ਹੈ। ਇਹ ਗੁਰੂ ਦੀ ਬਖ਼ਸ਼ਿਸ਼ ਹੈ, ਇਹ ਆਮ ਵਸਤਰ ਨਹੀਂ ਹਨ ਕਿ ਕੋਈ ਵੀ ਪਾ ਲਵੇ ਪਰ ਹੁਣ ਲਗਾਤਾਰ ਇਹ ਫ਼ਿਲਮਾਂ ਵਾਲੇ ਨਕਲਚੀ ਗੁਰੂ ਕੇ ਬਾਣੇ, ਸਸਤਰ, ਗੁਰੂ ਦੀ ਹਜ਼ੂਰੀ ਆਦਿ ਅਜਿਹੀਆਂ ਪਵਿੱਤਰ ਅਤੇ ਉੱਚੀਆਂ ਸੁੱਚੀਆਂ ਬਖਸ਼ਿਸ਼ਾਂ ਦੀ ਨਕਲ ਕਰਨ ਲੱਗੇ ਹੋਏ ਹਨ। ਆਪਣੇ ਵਪਾਰ ਲਈ ਇਹ ਪ੍ਰਚਾਰ ਕਰਨ ਦਾ ਢੋਂਗ ਕਰ ਰਹੇ ਹਨ। ਪੰਥ ਆਪਣੀਆਂ ਇਹਨਾਂ ਪਵਿੱਤਰ ਬਖਸ਼ਿਸ਼ਾਂ ਦੀ ਨਕਲ ਦੀ ਕਿਸੇ ਕੀਮਤ &rsquoਤੇ ਪ੍ਰਵਾਨਗੀ ਨਹੀ ਦੇਵੇਗਾ।

ਮਹਾਰਾਸ਼ਟਰ ਸਰਕਾਰ ਵੱਲੋਂ ਸ਼੍ਰੀ ਗੁਰੂ ਤੇਗ਼ ਬਹਾਦੁਰ ਜੀ ਅਤੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੀ 350ਵੀਂ ਸ਼ਤਾਬਦੀ ਮੌਕੇ ਹੋਣਗੇ ਰਾਜ ਪੱਧਰੀ ਸਮਾਗਮ: ਬਲ ਮਲਕੀਤ ਸਿੰਘ

👉 ਮਹਾਰਾਸ਼ਟਰ ਸਰਕਾਰ ਵੱਲੋਂ ਸਿੱਖ ਸਮਾਜ ਲਈ ਐਮਨੇਸਟੀ ਸਕੀਮ ਦਾ ਵਿਸਥਾਰ ਅਤੇ ਗੁਰੂ ਨਾਨਕ ਧਰਮਸ਼ਾਲਾਵਾਂ ਲਈ ਆਰਥਿਕ ਮਦਦ ਦਾ ਵਾਅਦਾ

ਨਵੀਂ ਦਿੱਲੀ (ਮਨਪ੍ਰੀਤ ਸਿੰਘ ਖਾਲਸਾ):- ਸੰਤ ਗਿਆਨੀ ਹਰਨਾਮ ਸਿੰਘ ਜੀ ਖਾਲਸਾ, ਪ੍ਰਧਾਨ ਸੰਤ ਸਮਾਜ, ਮੁਖੀ ਦਮਦਮੀ ਟਕਸਾਲ ਦੀ ਅਗਵਾਈ ਹੇਠ ਪੇਸ਼ ਕੀਤੇ ਗਏ ਮੰਗ ਪੱਤਰ ਦੇ ਅਧਾਰ &rsquoਤੇ ਖਾਲਸਾ ਸਾਜਨਾ ਦਿਵਸ ਵਿਸਾਖੀ ਦੇ ਪਵਿੱਤਰ ਮੌਕੇ &lsquoਤੇ ਮਹਾਰਾਸ਼ਟਰ ਸਰਕਾਰ ਦੇ ਮਾਣਯੋਗ ਮੁੱਖ ਮੰਤਰੀ ਸ੍ਰੀ ਦੇਵੇਂਦਰ ਫਡਣਵੀਸ ਵੱਲੋਂ ਸਿੱਖ ਭਾਈਚਾਰੇ ਲਈ ਇਤਿਹਾਸਕ ਐਲਾਨ ਕੀਤੇ ਗਏ, ਜੋ ਮਹਾਰਾਸ਼ਟਰ ਦੇ ਗੁਰੂ ਨਾਨਕ ਨਾਮ ਲੇਵਾ ਸੰਗਤ ਲਈ ਉਮੀਦਾਂ ਭਰਪੂਰ ਹਨ। ਸੰਤ ਗਿਆਨੀ ਹਰਨਾਮ ਸਿੰਘ ਜੀ ਖਾਲਸਾ ਵਲੋਂ ਪੇਸ਼ ਕੀਤੀਆਂ ਮੁੱਖ ਮੰਗਾਂ ਅਤੇ ਮਸਲੇਆਂ ਅੰਦਰ ਸ਼੍ਰੀ ਗੁਰੂ ਤੇਗ ਬਹਾਦੁਰ ਜੀ ਦੀ 350ਵੀਂ ਸ਼ਹੀਦੀ ਸ਼ਤਾਬਦੀ ਅਤੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੀ 350ਵੀਂ ਗੁਰਤਾ ਗੱਦੀ ਸ਼ਤਾਬਦੀ ਨੂੰ ਰਾਜ ਪੱਧਰ &rsquoਤੇ ਮਨਾਇਆ ਜਾਵੇ ਅਤੇ ਉਪਰੋਕਤ ਸ਼ਤਾਬਦੀਆਂ ਲਈ ਰਾਜ ਪੱਧਰੀ ਸਮਾਗਮ ਕਮੇਟੀ ਦਾ ਗਠਨ ਕੀਤਾ ਜਾਏ । ਸਿੰਧੀ ਸਮਾਜ ਲਈ ਘੋਸ਼ਿਤ ਐਮਨੇਸਟੀ ਸਕੀਮ ਨੂੰ ਸਿੱਖ, ਹਿੰਦੂ ਪੰਜਾਬੀ, ਸਿਕਲੀਘਰ ਅਤੇ ਗੁਰੂ ਨਾਨਕ ਨਾਮ ਲੇਵਾ ਸੰਗਤ &rsquoਤੇ ਵੀ ਲਾਗੂ ਕਰਣ ਦੇ ਨਾਲ ਮਦਰਸਿਆਂ ਨੂੰ ਮਿਲਣ ਵਾਲੀ 10 ਲੱਖ ਰੁਪਏ ਦੀ ਸਾਲਾਨਾ ਮਦਦ ਦੀ ਤਰਜ਼ &rsquoਤੇ ਗੁਰੂ ਨਾਨਕ ਧਰਮਸ਼ਾਲਾਵਾਂ ਨੂੰ ਵੀ ਆਰਥਿਕ ਸਹਿਯੋਗ ਦਿੱਤਾ ਜਾਵੇ।

ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਖਾਲਸਾ ਸਾਜਨਾ ਦਿਵਸ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ

ਨਵੀਂ ਦਿੱਲੀ (ਮਨਪ੍ਰੀਤ ਸਿੰਘ ਖਾਲਸਾ): ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਖਾਲਸਾ ਸਾਜਨਾ ਦਿਵਸ ਪੂਰਨ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ।
ਇਸ ਮੌਕੇ ਕਮੇਟੀ ਅਧੀਨ ਵੱਖ-ਵੱਖ ਗੁਰਦੁਆਰਾ ਸਾਹਿਬਾਨ ਵਿਚ ਧਾਰਮਿਕ ਦੀਵਾਨ ਸਜਾਏ ਗਏ ਜਦੋਂ ਕਿ ਮੁੱਖ ਸਮਾਗਮ ਗੁਰਦੁਆਰਾ ਮਜਨੂੰ ਕਾ ਟਿੱਲਾ ਵਿਖੇ ਕਰਵਾਇਆ ਗਿਆ।
ਇਸ ਸਮਾਗਮ ਨੂੰ ਸੰਬੋਧਨ ਕਰਦਿਆਂ ਕਮੇਟੀ ਦੇ ਪ੍ਰਧਾਨ ਸਰਦਾਰ ਹਰਮੀਤ ਸਿੰਘ ਕਾਲਕਾ ਨੇ ਕਿਹਾ ਕਿ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ 13 ਅਪ੍ਰੈਲ 1699 ਨੂੰ ਸ੍ਰੀ ਆਨੰਦਪੁਰ ਸਾਹਿਬ ਦੀ ਪਵਿੱਤਰ ਧਰਤੀ &rsquoਤੇ ਖਾਲਸਾ ਪੰਥ ਦੀ ਸਾਜਨਾ ਕੀਤੀ। ਉਹਨਾਂ ਕਿਹਾ ਕਿ ਗੁਰੂ ਸਾਹਿਬ ਨੇ ਜ਼ਬਰ ਤੇ ਜ਼ੁਲਮ ਦੇ ਖਿਲਾਫ ਲੜਨ ਵਾਸਤੇ ਖਾਲਸਾਈ ਫੌਜ ਖੜ੍ਹੀ ਕੀਤੀ ਸੀ। ਉਹਨਾਂ ਕਿਹਾ ਕਿ ਗੁਰੂ ਸਾਹਿਬ ਨੇ 14 ਜੰਗਾਂ ਲੜੀਆਂ ਤੇ ਸਾਰੀਆਂ ਵਿਚ ਫਤਿਹ ਹਾਸਲ ਕੀਤੀ। ਉਹਨਾਂ ਕਿਹਾ ਕਿ ਗੁਰੂ ਸਾਹਿਬ ਨੇ ਸਾਨੂੰ ਵਿਲੱਖਣ ਰੂਪ ਦੇ ਕੇ ਖਾਲਸਾ ਸਾਜਿਆ। ਉਹਨਾਂ ਕਿਹਾ ਕਿ ਅੱਜ ਸਾਡੀ ਜ਼ਿੰਮੇਵਾਰੀ ਬਣਦੀ ਹੈ ਕਿ ਅਸੀਂ ਗੁਰੂ ਸਾਹਿਬ ਨਾਲ ਜੁੜੇ ਸਾਰੇ ਦਿਹਾੜੇ ਮਨਾਈਏ ਤੇ ਗੁਰੂ ਸਾਹਿਬ ਦਾ ਜਸ ਗਾਇਨ ਕਰੀਏ। ਉਹਨਾਂ ਕਿਹਾ ਕਿ ਗੁਰੂ ਸਾਹਿਬ ਨੇ ਖਾਲਸਾ ਰੂਪ ਨੂੰ ਬਹੁਤ ਵਡਿਆਈ ਦਿੱਤੀ ਹੈ। ਗੁਰੂ ਸਾਹਿਬ ਨੇ ਸਾਨੂੰ ਗੁਰੂ ਗ੍ਰੰਥ ਸਾਹਿਬ ਤੋਂ ਬਾਣੀ ਪੜ੍ਹਨ ਤੇ ਅਕਾਲ ਪੁਰਖ ਦੀ ਉਸਤਤ ਕਰਨ ਦਾ ਸੰਦੇਸ਼ ਦਿੱਤਾ। ਇਸ ਮੌਕੇ ਆਗੂਆਂ ਨੇ ਸੰਗਤ ਨੂੰ ਅਪੀਲ ਕੀਤੀ ਕਿ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350 ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ੍ਰੀ ਸਹਿਜ ਪਾਠ ਦੀ ਆਰੰਭਤਾ 15 ਅਪ੍ਰੈਲ ਨੂੰ ਸਵੇਰੇ 11.00 ਵਜੇ ਭਾਈ ਲੱਖੀ ਸ਼ਾਹ ਵਣਜਾਰਾ ਹਾਲ ਗੁਰਦੁਆਰਾ ਰਕਾਬਗੰਜ ਸਾਹਿਬ ਕੰਪਲੈਕਸ ਵਿਚ ਕੀਤੀ ਜਾਵੇਗੀ। ਉਹਨਾਂ ਨੇ ਸੰਗਤਾਂ ਨੂੰ ਅਪੀਲ ਕੀਤੀ ਕਿ ਉਹ ਵੱਧ ਤੋਂ ਵੱਧ ਗਿਣਤੀ ਵਿਚ ਇਸ ਪ੍ਰੋਗਰਾਮ ਵਿਚ ਸ਼ਾਮਲ ਹੋਣ। ਉਹਨਾਂ ਕਿਹਾ ਕਿ ਜਦੋਂ ਅਸੀਂ ਬਾਣੀ ਪੜ੍ਹਾਂਗੇ ਤਾਂ ਸਾਡਾ ਜੀਵਨ ਬਦਲੇਗਾ। ਉਹਨਾਂ ਕਿਹਾ ਕਿ ਸਹਿਜ ਪਾਠਾਂ ਦੀ ਲੜੀ ਵਾਸਤੇ ਅਸੀਂ ਸੰਗਤਾਂ ਨੂੰ ਘਰਾਂ ਵਾਸਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਵੀ ਉਪਲਬਧ ਕਰਾਵਾਂਗੇ। ਜਿਹੜੇ ਘਰਾਂ ਵਿਚ ਸਰੂਪ ਸੁਸ਼ੋਭਿਤ ਕਰਨ ਲਈ ਥਾਂ ਨਹੀਂ, ਉਹਨਾਂ ਵਾਸਤੇ ਸੈਂਚੀਆਂ ਵੀ ਉਪਲਬਧ ਕਰਾਵਾਂਗੇ। ਉਹਨਾਂ ਸੰਗਤਾਂ ਨੂੰ ਅਪੀਲ ਕੀਤੀ ਕਿ 200 ਦਿਨ ਦਾ ਸਮਾਂ ਸੰਗਤਾਂ ਕੋਲ ਹੈ, ਜਿਸ ਦੌਰਾਨ ਉਹ ਆਪਣੇ ਸਹਿਜ ਪਾਠ ਸੰਪੰਨ ਕਰ ਸਕਦੇ ਹਨ।

ਗੁਰੂ ਗੋਬਿੰਦ ਸਿੰਘ ਜੀ ਦੇ ਦਰਸਾਏ ਸਿਧਾਂਤਾਂ &rsquoਤੇ ਚੱਲਦੇ ਹੋਏ ਸਰਬ ਸਾਂਝੀਵਾਲਤਾ ਵਾਲੇ ਸਮਾਜ "ਖਾਲਸਾ ਰਾਜ ਖਾਲਿਸਤਾਨ" ਦੀ ਉਸਾਰੀ ਕਰਣ ਵਿਚ ਆਪਣਾ ਯੋਗਦਾਨ ਪਾਇਆ ਜਾਏ: ਜਗਤਾਰ ਸਿੰਘ ਤਾਰਾ

ਦਸਮੇਸ਼ ਪਿਤਾ ਨੇ ਸ੍ਰੀ ਆਨੰਦਪੁਰ ਸਾਹਿਬ ਦੀ ਪਾਵਨ ਧਰਤੀ &rsquoਤੇ ਗੁਰਦੁਆਰਾ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਪੰਜ ਪਿਆਰਿਆਂ ਨੂੰ ਖੰਡੇ ਬਾਟੇ ਦੀ ਦਾਤ ਦੇ ਕੇ ਖ਼ਾਲਸਾ ਪੰਥ ਦੀ ਸਥਾਪਨਾ ਦਾ ਮੁੱਢ ਬੰਨ੍ਹਿਆ। ਹਿੰਦੋਸਤਾਨ ਦੇ ਲੰਮੇ ਇਤਿਹਾਸ ਵਿੱਚ ਪਹਿਲੀ ਵਾਰੀ ਕੋਈ ਧਰਮ ਸਿਆਸੀ ਬਣਿਆ। ਜਿਸ ਵਿੱਚੋਂ ਇੱਕ ਅਜਿਹੀ ਕੌਮ ਦਾ ਜਨਮ ਹੋਇਆ ਜੋ ਆਪਣੇ ਆਪ ਵਿੱਚ ਇੱਕ ਵਿਲੱਖਣ ਅਤੇ ਵੱਖਰੀ ਕਿਸਮ ਦੀ ਸੀ। ਨੀਵੀਂ ਜਾਤ ਦੇ ਜਿਨ੍ਹਾਂ ਲੋਕਾਂ ਨੂੰ ਪਹਿਲਾਂ ਤ੍ਰਿਸਕਾਰ ਦੀ ਨਜ਼ਰ ਨਾਲ ਵੇਖਿਆ ਜਾਂਦਾ ਸੀ। ਜਿਨ੍ਹਾਂ ਨੇ ਸ਼ਸ਼ਤਰਾਂ ਨੂੰ ਕਦੇ ਹੱਥ ਵੀ ਨਹੀਂ ਸੀ ਲਗਾਇਆ, ਉਨ੍ਹਾਂ ਲੋਕਾਂ ਨੇ ਹੀ ਗੁਰੂ ਗੋਬਿੰਦ ਸਿੰਘ ਜੀ ਦੀ ਅਗਵਾਈ ਵਿੱਚ ਕੇਵਲ ਬਹਾਦਰੀ ਦੇ ਗੁਣ ਹੀ ਗ੍ਰਹਿਣ ਨਾ ਕੀਤੇ, ਸਗੋਂ ਉਹ ਦੇਸ਼, ਧਰਮ, ਸਮਾਜ ਅਤੇ ਆਮ ਲੋਕਾਂ ਲਈ ਆਪਣਾ ਆਪਾ ਵਾਰਨ ਲਈ ਤਿਆਰ ਹੋ ਗਏ। ਗੁਰੂ ਸਾਹਿਬ ਨੇ ਆਪਣੇ ਸਿੱਖਾਂ ਵਿੱਚੋਂ ਨਿੱਜਵਾਦ ਦੀ ਭਾਵਨਾ ਨੂੰ ਖ਼ਤਮ ਕਰਕੇ ਦੂਜੇ ਲਈ ਜਾਨ ਵਾਰਨ ਦਾ ਜਜ਼ਬਾ ਅਤੇ ਚਾਅ ਪੈਦਾ ਕੀਤਾ। ਨਿਰਾਸ਼ਾਵਾਦੀ ਸਮਾਜ ਵਿੱਚੋਂ ਜੁਰਅੱਤ ਵਾਲਾ ਵਾਤਾਵਰਨ ਪੈਦਾ ਕੀਤਾ।

ਖਾਲਸੇ ਦੇ ਪ੍ਰਗਟ ਦਿਹਾੜੇ ਦੀਆਂ ਬਹੁਤ ਬਹੁਤ ਮੁਬਾਰਕਾਂ, ਕੌਮ ਨੂੰ ਇੱਕ ਮੁੱਠ ਹੋ ਕੇ ਅਜ਼ਾਦੀ ਵੱਲ ਵਧਣ ਦੀ ਅਪੀਲ: ਰੇਸ਼ਮ ਸਿੰਘ ਬੱਬਰ

ਨਵੀਂ ਦਿੱਲੀ (ਮਨਪ੍ਰੀਤ ਸਿੰਘ ਖਾਲਸਾ):- ਜਰਮਨੀ ਦੇ ਜਲਾਵਤਨੀ ਸਿੰਘਾਂ ਨੇ ਖਾਲਸੇ ਦੇ ਪ੍ਰਗਟ ਦਿਹਾੜੇ ਦੀਆਂ ਬਹੁਤ ਬਹੁਤ ਮੁਬਾਰਕਾਂ ਦੇਣ ਦੇ ਨਾਲ ਕੌਮ ਨੂੰ ਇੱਕ ਮੁੱਠ ਹੋ ਕੇ ਅਜ਼ਾਦੀ ਵੱਲ ਵਧਣ ਦੀ ਅਪੀਲ ਕਰਦਿਆਂ ਕਿਹਾ ਕਿ ਜਉ ਤਉ ਪ੍ਰੇਮ ਖੇਲਣ ਕਾ ਚਾਉ ।। ਸਿਰ ਧਰਿ ਤਲੀ ਗਲੀ ਮੇਰੀ ਆਉ।। ਗੁਰਬਾਣੀ ਦੇ ਫੁਰਮਾਨ ਉਪਰ ਪਹਿਰਾ ਦੇਂਦਿਆ ਸਾਲ 1978 ਦੀ ਵਿਸਾਖੀ ਤੇ ਤੇਰ੍ਹਾਂ ਸਿੰਘਾਂ ਦੀ ਸ਼ਹਾਦਤ ਅਤੇ ਅਠੱਤਰ ਸਿੰਘਾਂ ਦੇ ਜ਼ਖ਼ਮੀ ਹੋਣ ਤੇ ਸਰਕਾਰ ਦੇ ਨਾਲ ਪੁਲਿਸ ਦੀ ਮਿਲੀਭੁਗਤ ਨਾਲ ਕੋਈ ਇਨਸਾਫ ਨਾ ਮਿਲਣ ਕਰਕੇ ਦੋਸ਼ੀਆਂ ਦੇ ਸਾਫ ਬਰੀ ਹੋ ਜਾਣ ਦੇ ਰੋਸ ਵਜੋਂ ਬਦਲਾ ਲੈਣ ਲਈ ਅਖੰਡ ਕੀਰਤਨੀ ਜਥੇ ਦੇ ਕੁਝ ਸਿੰਘਾਂ ਨੇ ਕਮਰਕਸੇ ਕਰ ਲਏ। ਸਮਾਂ ਆਉਣ ਤੇ ਬੱਬਰ ਖਾਲਸਾ ਜਥੇਬੰਦੀ ਦੇ ਰੂਪ ਵਿੱਚ ਦੁਸ਼ਟਾਂ ਨੂੰ ਸੋਧਣ ਲੱਗੇ। ਨਰਕਧਾਰੀਆਂ ਅਤੇ ਦੁਸਟਾਂ ਦੇ ਲੱਗ ਰਹੇ ਸੋਧਿਆਂ ਨੇ ਸਰਕਾਰ ਦੀ ਨੀਂਦ ਹਰਾਮ ਕਰਕੇ ਰੱਖ ਦਿੱਤੀ। ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਦੇ ਕਹੇ ਬੋਲ "ਜਿਸ ਦਿਨ ਦਰਬਾਰ ਸਾਹਿਬ ਅੰਦਰ ਭਾਰਤੀ ਫੌਜਾਂ ਦਾ ਪੈਰ ਪਿਆ ਖਾਲਿਸਤਾਨ ਦੀ ਨੀਂਹ ਰੱਖੀ ਜਾਵੇਗੀ" ਤੇ ਪਹਿਰਾ ਦਿੰਦਿਆਂ ਬੱਬਰਾਂ ਵੱਲੋਂ ਜੂਨ 1984 ਤੋਂ ਆਪਣੇ ਆਜ਼ਾਦ ਦੇਸ਼ ਖਾਲਿਸਤਾਨ ਦੀ ਸਥਾਪਤੀ ਲਈ ਜੰਗ ਜਾਰੀ ਹੈ।


ਹਰਿਆਣਾ ਦੇ ਮੁੱਖ ਮੰਤਰੀ ਨੇ ਜਥੇਦਾਰ ਕੁਲਦੀਪ ਸਿੰਘ ਗੜਗੱਜ ਨਾਲ ਕੀਤੀ ਮੁਲਾਕਾਤ

ਨਵੀਂ ਦਿੱਲੀ (ਮਨਪ੍ਰੀਤ ਸਿੰਘ ਖਾਲਸਾ):- ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਅੱਜ ਖ਼ਾਲਸਾ ਸਾਜਣਾ ਦਿਵਸ ਵਿਸਾਖੀ ਮੌਕੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਸ੍ਰੀ ਅਨੰਦਪੁਰ ਸਾਹਿਬ ਵਿਖੇ ਨਤਮਸਤਕ ਹੋਣ ਪੁੱਜੇ। ਇਸ ਉਪਰੰਤ ਸ੍ਰੀ ਨਾਇਬ ਸਿੰਘ ਸੈਣੀ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਤੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨਾਲ ਉਨ੍ਹਾਂ ਦੇ ਰਿਹਾਇਸ਼ ਦਫ਼ਤਰ ਪੁੱਜ ਕੇ ਮੁਲਾਕਾਤ ਕੀਤੀ। ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਹਰਿਆਣਾ ਦੇ ਮੁੱਖ ਮੰਤਰੀ ਨਾਲ ਸੂਬੇ ਵਿੱਚ ਵੱਸਦੇ ਸਿੱਖਾਂ ਦੇ ਮਸਲੇ ਹੱਲ ਕਰਨ ਸਬੰਧੀ ਚੰਗੇ ਮਾਹੌਲ ਵਿੱਚ ਵਿਚਾਰ ਚਰਚਾ ਕੀਤੀ। ਜਥੇਦਾਰ ਗੜਗੱਜ ਨੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੂੰ ਲੋਈ, ਸਿੱਖ ਸਾਹਿਤ ਤੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੀ ਤਸਵੀਰ ਦੇ ਕੇ ਸਨਮਾਨ ਦਿੱਤਾ।
ਹਰਿਆਣਾ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਮਾਮਲੇ ਵਿੱਚ ਜਥੇਦਾਰ ਕੁਲਦੀਪ ਸਿੰਘ ਗੜਗੱਜ ਨੇ ਸ੍ਰੀ ਨਾਇਬ ਸਿੰਘ ਸੈਣੀ ਨੂੰ ਕਿਹਾ ਕਿ ਸੂਬਾ ਸਰਕਾਰ ਨੂੰ ਜਲਦ ਹੀ ਚੁਣੇ ਹੋਏ ਮੈਂਬਰਾਂ ਸਬੰਧੀ ਸਮੁੱਚੀ ਪ੍ਰਕਿਰਿਆ ਮੁਕੰਮਲ ਕਰਕੇ ਉਨ੍ਹਾਂ ਨੂੰ ਸੰਗਤ ਦੀਆਂ ਭਾਵਨਾਵਾਂ ਦਾ ਸਤਿਕਾਰ ਕਰਦਿਆਂ ਗੁਰੂ ਘਰਾਂ ਦਾ ਪ੍ਰਬੰਧ ਸੌਂਪਣਾ ਚਾਹੀਦਾ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਭਾਵੇਂ ਸਿੱਖ ਕੌਮ ਸਮੁੱਚੇ ਰੂਪ ਵਿੱਚ ਸ਼੍ਰੋਮਣੀ ਕਮੇਟੀ ਤੋਂ ਵੱਖਰੀ ਹਰਿਆਣਾ ਗੁਰਦੁਆਰਾ ਕਮੇਟੀ ਨਾਲ ਸਹਿਮਤ ਨਹੀਂ ਪਰ ਜਦੋਂ ਹੁਣ ਗੁਰਦੁਆਰਾ ਚੋਣਾਂ ਮੁਕੰਮਲ ਹੋ ਚੁੱਕੀਆਂ ਹਨ ਤਾਂ ਪ੍ਰਬੰਧ ਸੰਗਤ ਦੀਆਂ ਭਾਵਨਾਵਾਂ ਅਨੁਸਾਰ ਸੌਂਪਣਾ ਚਾਹੀਦਾ ਹੈ ਅਤੇ ਗੁਰੂ ਘਰਾਂ ਵਿੱਚੋਂ ਸਰਕਾਰੀ ਦਖਲ ਖਤਮ ਕਰਨਾ ਚਾਹੀਦਾ ਹੈ। ਜਥੇਦਾਰ ਗੜਗੱਜ ਨੇ ਕਿਹਾ ਕਿ ਸਿੱਖ ਗੁਰਦੁਆਰਾ ਐਕਟ 1925 ਅੱਜ ਵੀ ਕਾਇਮ ਹੈ ਇਸ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਲ ਸਬੰਧਤ ਹਰਿਆਣਾ ਦੇ ਸਮੁੱਚੇ ਹਲਕੇ ਕਾਇਮ ਰਹਿਣੇ ਚਾਹੀਦੇ ਹਨ ਕਿਉਂਕਿ ਇਹ ਸਿੱਖ ਵਿਰਾਸਤ ਨਾਲ ਸਬੰਧਤ ਮਾਮਲਾ ਹੈ।

ਸ. ਸੁਖਬੀਰ ਸਿੰਘ ਬਾਦਲ ਦੇ ਮੁੜ ਪ੍ਰਧਾਨ ਬਣਨ &rsquoਤੇ ਐਡਵੋਕੇਟ ਧਾਮੀ, ਭਾਈ ਮਹਿਤਾ, ਭਾਈ ਚਾਵਲਾ, ਐਡਵੋਕੇਟ ਸਿਆਲਕਾ ਤੇ ਸ. ਭਿੱਟੇਵੱਡ ਨੇ ਦਿੱਤੀ ਵਧਾਈ

ਨਵੀਂ ਦਿੱਲੀ (ਮਨਪ੍ਰੀਤ ਸਿੰਘ ਖਾਲਸਾ):- ਸ਼੍ਰੋਮਣੀ ਅਕਾਲੀ ਦਲ ਦੇ ਮੁੜ ਪ੍ਰਧਾਨ ਚੁਣੇ ਜਾਣ &rsquoਤੇ ਸ. ਸੁਖਬੀਰ ਸਿੰਘ ਬਾਦਲ ਨੂੰ ਸ਼੍ਰੋਮਣੀ ਕਮੇਟੀ ਮੈਂਬਰ ਪ੍ਰਧਾਨ ਸਰਦਾਰ ਹਰਜਿੰਦਰ ਸਿੰਘ ਧਾਮੀ, ਮੈਂਬਰ ਭਾਈ ਰਾਜਿੰਦਰ ਸਿੰਘ ਮਹਿਤਾ, ਭਾਈ ਅਮਰਜੀਤ ਸਿੰਘ ਚਾਵਲਾ, ਐਡਵੋਕੇਟ ਭਗਵੰਤ ਸਿੰਘ ਸਿਆਲਕਾ ਤੇ ਸ. ਸੁਰਜੀਤ ਸਿੰਘ ਭਿੱਟੇਵੱਡੇ ਨੇ ਵਧਾਈ ਦਿੱਤੀ ਹੈ। ਸ਼੍ਰੋਮਣੀ ਕਮੇਟੀ ਮੈਂਬਰਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਸਿੱਖ ਪੰਥ ਦੀ ਵਾਹਦ ਉਹ ਤਰਜਮਾਨ ਸਿਆਸੀ ਜਥੇਬੰਦੀ ਹੈ, ਜਿਸ ਨੇ ਹਮੇਸ਼ਾ ਹੀ ਪੰਥ, ਪੰਜਾਬ ਦੇ ਨਾਲ-ਨਾਲ ਦੁਨੀਆਂ ਭਰ ਅੰਦਰ ਵੱਸਦੇ ਸਿੱਖ ਭਾਈਚਾਰੇ ਲਈ ਅਵਾਜ਼ ਬੁਲੰਦ ਕੀਤੀ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਆਪਣੇ ਲੋਕਾਂ ਦੇ ਹਰ ਦੁੱਖ ਸੁੱਖ ਵੇਲੇ ਡੱਟ ਕੇ ਨਾਲ ਖੜਿਆ ਪੰਜਾਬ ਦਾ ਜੋ ਵੀ ਵਿਕਾਸ ਹੋਇਆ ਉਹ ਕੇਵਲ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸਮੇਂ ਹੀ ਹੋਇਆ।


ਵਿਸਾਖੀ ਪੁਰਬ ਨੂੰ ਸਮਰਪਿਤ 30ਵੀਂ ਸਲਾਨਾ ਖਾਲਸਾ ਡੇਅ ਪਰੇਡ ਆਕਲੈਂਡ ਦੇ ਓਤਾਹੂਹੂ (ਨਿਊਜ਼ੀਲੈਂਡ) ਵਿੱਚ ਕੀਤੀ ਗਈ ਆਯੋਜਿਤ

ਨਵੀਂ ਦਿੱਲੀ (ਮਨਪ੍ਰੀਤ ਸਿੰਘ ਖਾਲਸਾ): &mdash ਨਿਊਜ਼ੀਲੈਂਡ ਦੇ ਆਕਲੈਂਡ ਵਿਖ਼ੇ ਸਿੱਖ ਭਾਈਚਾਰੇ ਦੇ ਹਜ਼ਾਰਾਂ ਮੈਂਬਰ ਐਤਵਾਰ ਨੂੰ ਓਟਾਹੂਹੂ ਵਿੱਚ ਖਾਲਸਾ ਪੰਥ ਦੇ ਸਾਜਨਾ ਦਿਵਸ ਨੂੰ ਸਮਰਪਿਤ 30ਵੀਂ ਸਾਲਾਨਾ ਖਾਲਸਾ ਦਿਵਸ ਪਰੇਡ (ਨਗਰ ਕੀਰਤਨ) ਵਿੱਚ ਹਿੱਸਾ ਲੈਣ ਲਈ ਇਕੱਠੇ ਹੋਏ। ਇਹ ਸਮਾਗਮ ਵਿਸਾਖੀ ਦੀ ਯਾਦ ਦਿਵਾਉਂਦਾ ਹੈ, ਜੋ ਕਿ 1699 ਵਿੱਚ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਖਾਲਸਾ ਪੰਥ ਦੀ ਇਤਿਹਾਸਕ ਸਥਾਪਨਾ ਨੂੰ ਦਰਸਾਉਂਦਾ ਹੈ, ਅਤੇ ਦੁਨੀਆ ਭਰ ਦੇ ਸਿੱਖਾਂ ਲਈ ਮਾਣ, ਵਿਸ਼ਵਾਸ ਅਤੇ ਭਾਈਚਾਰੇ ਦਾ ਇੱਕ ਮਹੱਤਵਪੂਰਨ ਮੌਕਾ ਹੈ। ਖਾਲਸਾ ਦਿਵਸ ਪਰੇਡ ਦੁਪਹਿਰ 12:30 ਵਜੇ ਗੁਰਦੁਆਰੇ ਤੋਂ ਸ਼ੁਰੂ ਹੋ ਕੇ ਓਟਾਹੁਹੁ ਦੇ ਵੱਖ ਵੱਖ ਇਲਾਕੀਆਂ ਵਿੱਚੋਂ ਦੀ ਲੰਘਿਆ। ਸ਼ਰਧਾਲੂਆਂ ਨੇ "ਸਤਿਨਾਮ ਵਾਹਿਗੁਰੂ" ਦਾ ਜਾਪ ਕਰਦੇ ਹੋਏ ਅਤੇ ਗੁਰਬਾਣੀ ਗਾ ਕੇ, ਰੂਹਾਨੀਅਤ ਅਤੇ ਏਕਤਾ ਦਾ ਮਾਹੌਲ ਸਿਰਜਦੇ ਹੋਏ, ਸੜਕਾਂ 'ਤੇ ਸ਼ਾਂਤੀਪੂਰਵਕ ਮਾਰਚ ਕੀਤਾ। ਨਗਰ ਕੀਰਤਨ ਦੀ ਅਗਵਾਈ ਪੰਜ ਪਿਆਰੇ ਕਰ ਰਹੇ ਸਨ, ਜੋ ਰਵਾਇਤੀ ਪਹਿਰਾਵੇ ਵਿੱਚ ਸਜੇ ਹੋਏ ਸਨ, ਜੋ ਕਿ ਖਾਲਸਾ ਵਿੱਚ ਸ਼ਾਮਲ ਹੋਏ ਮੂਲ ਪੰਜ ਸਿੱਖਾਂ ਦਾ ਪ੍ਰਤੀਕ ਸਨ। ਉਨ੍ਹਾਂ ਤੋਂ ਬਾਅਦ ਇੱਕ ਸੁੰਦਰ ਢੰਗ ਨਾਲ ਸਜਾਇਆ ਗਿਆ ਫਲੋਟ ਸੀ ਜਿਸ ਵਿੱਚ ਚਵਰ ਤਖਤ ਦੇ ਮਾਲਕ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਲਿਜਾਇਆ ਗਿਆ ਸੀ, ਜਿਸਦੇ ਪਿੱਛੇ ਸੈਂਕੜੇ ਸੰਗਤ ਸ਼ਰਧਾ ਨਾਲ ਚੱਲ ਰਹੀ ਸੀ। ਇਸ ਸਾਲ ਦੀ ਪਰੇਡ ਦਾ ਇੱਕ ਮਹੱਤਵਪੂਰਨ ਪਹਿਲੂ ਇੱਕ ਟਰੱਕ ਸੀ ਜਿਸ ਵਿੱਚ 1984 ਵਿੱਚ ਹਰਿਮੰਦਰ ਸਾਹਿਬ 'ਤੇ ਭਾਰਤੀ ਫੌਜ ਦੇ ਹਮਲੇ ਨੂੰ ਦਰਸਾਇਆ ਗਿਆ ਸੀ, ਜਿਸ ਵਿੱਚ ਅਕਾਲ ਤਖ਼ਤ ਸਾਹਿਬ ਦੀ ਕੀਤੀ ਗਈ ਤਬਾਹੀ ਦਾ ਦ੍ਰਿਸ਼ ਵੀ ਸ਼ਾਮਲ ਸੀ, ਅਤੇ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਦੀਆਂ ਤਸਵੀਰਾਂ ਵੀ ਲੱਗੀਆਂ ਹੋਈਆਂ ਸਨ। ਇਸ ਫਲੋਟ ਨੇ ਭਾਗੀਦਾਰਾਂ ਅਤੇ ਦਰਸ਼ਕਾਂ ਦੋਵਾਂ ਦਾ ਧਿਆਨ ਖਿੱਚਿਆ।