image caption:

16 ਅਪ੍ਰੈਲ 2025 (ਬੁੱਧਵਾਰ) ਅੱਜ ਦੀਆਂ ਮੁੱਖ ਖਬਰਾਂ

ਹਾਈ ਕੋਰਟ ਵੱਲੋਂ ਪ੍ਰਤਾਪ ਬਾਜਵਾ ਨੂੰ ਵੱਡੀ ਰਾਹਤ, 22 ਅਪਰੈਲ ਤੱਕ ਗ੍ਰਿਫ਼ਤਾਰੀ &rsquoਤੇ ਰੋਕ ਲਾਈ

ਚੰਡੀਗੜ੍ਹ- ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਕਾਂਗਰਸੀ ਆਗੂ ਤੇ ਵਿਧਾਨ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੂੰ ਵੱਡੀ ਰਾਹਤ ਦਿੱਤੀ ਹੈ। ਪ੍ਰਤਾਪ ਬਾਜਵਾ ਨੇ &lsquoਬੰਬਾਂ ਬਾਰੇ ਬਿਆਨ&rsquo ਮਾਮਲੇ ਵਿਚ ਪੰਜਾਬ ਪੁਲੀਸ ਵੱਲੋਂ ਮੁਹਾਲੀ ਦੇ ਫੇਜ਼ 7 ਥਾਣੇ ਵਿਚ ਦਰਜ ਐਫਆਈਆਰ ਰੱਦ ਕਰਾਉਣ ਲਈ ਹਾਈ ਕੋਰਟ ਵਿੱਚ ਪਟੀਸ਼ਨ ਦਾਇਰ ਕੀਤੀ ਸੀ। ਹਾਈ ਕੋਰਟ ਨੇ ਅੱਜ ਮਾਮਲੇ ਦੀ ਸੁਣਵਾਈ ਮਗਰੋਂ ਪ੍ਰਤਾਪ ਬਾਜਵਾ ਦੀ ਗ੍ਰਿਫਤਾਰੀ ਉਤੇ 22 ਅਪਰੈਲ ਤੱਕ ਰੋਕ ਲਗਾ ਦਿੱਤੀ ਹੈ। ਅਦਾਲਤ ਨੇ ਬਾਜਵਾ ਨੂੰ ਪ੍ਰੈੱਸ ਵਿੱਚ ਕਿਸੇ ਵੀ ਤਰ੍ਹਾਂ ਦੀ ਬਿਆਨਬਾਜ਼ੀ ਕਰਨ ਤੋਂ ਵੀ ਰੋਕ ਦਿੱਤਾ ਹੈ। ਹਾਈ ਕੋਰਟ ਨੇ ਪ੍ਰਤਾਪ ਸਿੰਘ ਬਾਜਵਾ ਨੂੰ ਪੁਲੀਸ ਜਾਂਚ ਵਿੱਚ ਸਹਿਯੋਗ ਕਰਨ ਲਈ ਕਿਹਾ ਹੈ।

ਅਮਰੀਕੀ ਉਪ ਰਾਸ਼ਟਰਪਤੀ ਜੇਡੀ ਵਾਂਸ ਅਗਲੇ ਹਫ਼ਤੇ ਦੇ ਸ਼ੁਰੂ &rsquoਚ ਕਰਨਗੇ ਭਾਰਤ ਦਾ ਦੌਰਾ

ਨਵੀਂ ਦਿੱਲੀ- ਅਮਰੀਕਾ ਦੇ ਉਪ ਰਾਸ਼ਟਰਪਤੀ ਜੇਡੀ ਵਾਂਸ ਅਤੇ ਉਨ੍ਹਾਂ ਦੀ ਪਤਨੀ ਊਸ਼ਾ ਵਾਂਸ ਅਗਲੇ ਹਫ਼ਤੇ ਦੇ ਸ਼ੁਰੂ ਵਿੱਚ ਭਾਰਤ ਦਾ ਦੌਰਾ ਕਰਨਗੇ। ਇਸ ਦੌਰਾਨ ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਵੀ ਮੁਲਾਕਾਤ ਕਰਨਗੇ। ਵਾਂਸ ਦੇ ਬੁਲਾਰੇ ਨੇ ਸੀਬੀਐੱਸ ਨਿਊਜ਼ ਨੂੰ ਦੱਸਿਆ ਕਿ ਅਮਰੀਕੀ ਉਪ ਰਾਸ਼ਟਰਪਤੀ ਇਸ ਹਫ਼ਤੇ ਇਟਲੀ ਦੀ ਯਾਤਰਾ ਕਰਨਗੇ ਅਤੇ ਫਿਰ ਭਾਰਤ ਜਾਣਗੇ। ਮਾਮਲੇ ਦੇ ਜਾਣਕਾਰ ਲੋਕਾਂ ਨੇ ਦੱਸਿਆ ਕਿ ਅਮਰੀਕਾ ਦੇ ਕੌਮੀ ਸੁਰੱਖਿਆ ਸਲਾਹਕਾਰ ਮਾਈਕਲ ਵਾਲਟਜ਼ ਨੇ ਵੀ ਅਗਲੇ ਹਫ਼ਤੇ ਦੇ ਸ਼ੁਰੂ ਵਿੱਚ ਭਾਰਤ ਆਉਣ ਦੀ ਯੋਜਨਾ ਬਣਾਈ ਸੀ ਪਰ ਉਨ੍ਹਾਂ ਦਾ ਦੌਰਾ ਮੁਲਤਵੀ ਕਰ ਦਿੱਤਾ ਗਿਆ ਹੈ।


ਅਮਰੀਕਾ ਨੇ ਚੀਨ &rsquoਤੇ 245 ਫ਼ੀਸਦ ਜਵਾਬੀ ਟੈਕਸ ਲਾਇਆ

ਵਾਸ਼ਿੰਗਟਨ- ਵ੍ਹਾਈਟ ਹਾਊਸ ਨੇ ਕਿਹਾ ਕਿ ਵਿਸ਼ਵ ਦੇ ਦੋ ਵੱਡੇ ਅਰਥਚਾਰਿਆਂ ਵਿਚਾਲੇ ਵਪਾਰ ਜੰਗ ਦੌਰਾਨ ਚੀਨ ਨੂੰ ਆਪਣੀ ਜਵਾਬੀ ਕਾਰਵਾਈ ਕਾਰਨ ਹੁਣ ਅਮਰੀਕਾ &rsquoਚ ਦਰਾਮਦ &rsquoਤੇ 245 ਫ਼ੀਸਦ ਤੱਕ ਟੈਕਸ ਦਾ ਸਾਹਮਣਾ ਕਰਨਾ ਪਵੇਗਾ। ਰਾਸ਼ਟਰਪਤੀ ਡੋਨਲਡ ਟਰੰਪ ਨੇ ਸੋਸ਼ਲ ਮੀਡੀਆ ਪਲੈਟਫਾਰਮ &lsquoਟਰੁੱਥ&rsquo ਉੱਤੇ ਮੰਗਲਵਾਰ ਨੂੰ ਵੱਖਰੇ ਤੌਰ &rsquoਤੇ ਦਿੱਤੀ ਜਾਣਕਾਰੀ &rsquoਚ ਕਿਹਾ ਕਿ ਚੀਨ ਨੇ ਵੱਡੇ ਬੋਇੰਗ ਸੌਦੇ ਤਹਿਤ ਜਹਾਜ਼ ਖਰੀਦਣ ਤੋਂ ਇਨਕਾਰ ਕਰ ਦਿੱਤਾ ਹੈ। ਇਸ ਬਿਆਨ ਨੇ ਉਨ੍ਹਾਂ ਖ਼ਬਰਾਂ ਦੀ ਪੁਸ਼ਟੀ ਕੀਤੀ ਹੈ ਜਿਨ੍ਹਾਂ &rsquoਚ ਦਾਅਵਾ ਕੀਤਾ ਗਿਆ ਹੈ ਕਿ ਚੀਨ ਨੇ ਆਪਣੀਆਂ ਹਵਾਈ ਕੰਪਨੀਆਂ ਨੂੰ ਅਮਰੀਕੀ ਜਹਾਜ਼ ਨਿਰਮਾਤਾ ਕੰਪਨੀ ਬੋਇੰਗ ਤੋਂ ਜਹਾਜ਼ਾਂ ਦੀ ਸਪਲਾਈ ਨਾ ਲੈਣ ਲਈ ਆਖਿਆ ਹੈ।


ਖੁਦ ਡਿਪੋਰਟ ਹੋਣ ਵਾਲੇ ਗ਼ੈਰਕਾਨੂੰਨੀ ਪਰਵਾਸੀਆਂ ਲਈ ਟਿਕਟ ਦਾ ਪ੍ਰਬੰਧ ਕਰਾਂਗੇ: ਟਰੰਪ

ਵਾਸ਼ਿੰਗਟਨ- ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਕਿਹਾ ਕਿ ਉਹ ਮੁਲਕ &rsquoਚ ਗ਼ੈਰਕਾਨੂੰਨੀ ਤੌਰ &rsquoਤੇ ਰਹਿ ਰਹੇ ਉਨ੍ਹਾਂ ਪਰਵਾਸੀਆਂ ਨੂੰ ਪੈਸੇ ਅਤੇ ਜਹਾਜ਼ ਦੀ ਟਿਕਟ ਦੇਣਗੇ ਜੋ ਆਪਣੀ ਮਰਜ਼ੀ ਨਾਲ ਡਿਪੋਰਟ ਹੋਣਗੇ। ਟਰੰਪ ਨੇ ਮੰਗਲਵਾਰ ਨੂੰ ਪ੍ਰਸਾਰਿਤ &lsquoਫੌਕਸ ਨੋਟੀਸਿਆਸ&rsquo ਨਾਲ ਇੰਟਰਵਿਊ ਦੌਰਾਨ ਕਿਹਾ ਕਿ ਉਨ੍ਹਾਂ ਦੇ ਪ੍ਰਸ਼ਾਸਨ ਨੇ ਹਾਲੇ &lsquoਕਾਤਲਾਂ&rsquo ਨੂੰ ਦੇਸ਼ &rsquoਚੋਂ ਕੱਢਣ &rsquoਤੇ ਧਿਆਨ ਕੇਂਦਰਤ ਕੀਤਾ ਹੋਇਆ ਹੈ। ਅਮਰੀਕਾ &rsquoਚ ਗ਼ੈਰਕਾਨੂੰਨੀ ਢੰਗ ਨਾਲ ਰਹਿ ਰਹੇ ਹੋਰ ਲੋਕਾਂ ਲਈ ਟਰੰਪ ਨੇ ਕਿਹਾ ਕਿ ਉਹ &lsquoਸਵੈ ਡਿਪੋਰਟੇਸ਼ਨ&rsquo ਪ੍ਰੋਗਰਾਮ ਨੂੰ ਲਾਗੂ ਕਰਨਗੇ। ਉਨ੍ਹਾਂ ਯੋਜਨਾ ਬਾਰੇ ਥੋੜ੍ਹੀ ਜਿਹੀ ਜਾਣਕਾਰੀ ਦਿੱਤੀ ਅਤੇ ਕਿਹਾ ਕਿ ਅਮਰੀਕਾ ਗ਼ੈਰਕਾਨੂੰਨੀ ਪਰਵਾਸੀਆਂ ਨੂੰ ਜਹਾਜ਼ ਦਾ ਕਿਰਾਇਆ ਅਤੇ ਕੁਝ ਪੈਸੇ ਦੇਵੇਗਾ। ਟਰੰਪ ਨੇ ਕਿਹਾ, &lsquo&lsquoਅਸੀਂ ਉਨ੍ਹਾਂ ਨੂੰ ਕੁਝ ਪੈਸੇ ਦੇਵਾਂਗੇ। ਅਸੀਂ ਉਨ੍ਹਾਂ ਨੂੰ ਜਹਾਜ਼ ਦੀ ਟਿਕਟ ਦੇਵਾਂਗੇ ਅਤੇ ਜੇ ਉਹ ਚੰਗੇ ਹਨ ਅਤੇ ਵਾਪਸ ਆਉਣਾ ਚਾਹੁੰਦੇ ਹਨ ਤਾਂ ਅਸੀਂ ਉਨ੍ਹਾਂ ਨਾਲ ਕੰਮ ਕਰਾਂਗੇ। ਅਸੀਂ ਉਨ੍ਹਾਂ ਨਾਲ ਮਿਲ ਕੇ ਕੰਮ ਕਰਾਂਗੇ ਤਾਂ ਜੋ ਉਨ੍ਹਾਂ ਨੂੰ ਛੇਤੀ ਤੋਂ ਛੇਤੀ ਵਾਪਸ ਲਿਆਂਦਾ ਜਾ ਸਕੇ।&rsquo&rsquo ਰਾਸ਼ਟਰਪਤੀ ਨੇ ਕਿਹਾ ਕਿ ਉਹ ਚਾਹੁੰਦੇ ਹਨ ਕਿ ਹੋਟਲਾਂ ਅਤੇ ਖੇਤਾਂ &rsquoਚ ਕਾਮੇ ਮਿਲ ਸਕਣ। ਉਨ੍ਹਾਂ ਕਿਹਾ ਕਿ ਨਵੀਂ ਯੋਜਨਾ ਨਾਲ ਕਿਸਾਨਾਂ ਨੂੰ ਬਹੁਤ ਵੱਡੀ ਰਾਹਤ ਮਿਲੇਗੀ। ਉਨ੍ਹਾਂ ਕਿਹਾ ਕਿ ਉਹ ਚਾਹੁਦੇ ਹਨ ਕਿ ਲੋਕ ਕਾਨੂੰਨੀ ਢੰਗ ਨਾਲ ਮੁਲਕ &rsquoਚ ਆ ਕੇ ਕੰਮ ਕਰਨ।

ਪੰਜਾਬ ਕਾਂਗਰਸ ਵੱਲੋਂ ਚੰਡੀਗੜ੍ਹ ਵਿੱਚ ਈਡੀ ਦਫਤਰ ਅੱਗੇ ਧਰਨਾ

ਚੰਡੀਗੜ੍ਹ- ਪੰਜਾਬ ਕਾਂਗਰਸ ਨੇ ਅੱਜ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਅਗਵਾਈ ਹੇਠ ਚੰਡੀਗੜ੍ਹ ਦੇ ਸੈਕਟਰ ਨੌਂ ਵਿਚਲੇ ਈਡੀ ਦਫਤਰ ਦੇ ਬਾਹਰ ਰੋਸ ਪ੍ਰਦਰਸ਼ਨ ਕੀਤਾ। ਇਸ ਮੌਕੇ ਵੱਡੀ ਗਿਣਤੀ ਵਿੱਚ ਕਾਂਗਰਸੀ ਆਗੂਆਂ ਨੇ ਸ਼ਮੂਲੀਅਤ ਕਰਦਿਆਂ ਕੇਂਦਰ ਸਰਕਾਰ ਉੱਤੇ ਕੇਂਦਰੀ ਜਾਂਚ ਏਜੰਸੀਆਂ ਦੀ ਦੁਰਵਰਤੋਂ ਕਰਨ ਦੇ ਦੋਸ਼ ਲਾਏ।

ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਕਿ ਭਾਜਪਾ ਸਰਕਾਰ ਸੋਨੀਆ ਗਾਂਧੀ ਅਤੇ ਰਾਹੁਲ ਗਾਂਧੀ ਵਿਰੁੱਧ ਝੂਠੇ ਕੇਸ ਦਰਜ ਕਰਕੇ ਬਦਨਾਮ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਭਾਜਪਾ ਦੀਆਂ ਧੱਕੇਸ਼ਾਹੀਆਂ ਨੂੰ ਕਾਂਗਰਸ ਪਾਰਟੀ ਹਰਗਿਜ਼ ਬਰਦਾਸ਼ਤ ਨਹੀਂ ਕਰੇਗੀ ਅਤੇ ਦੇਸ਼ ਭਰ ਵਿੱਚ ਵੱਡੇ ਪੱਧਰ ਉੱਤੇ ਸੰਘਰਸ਼ ਕਰਕੇ ਇਸ ਮੰਦਭਾਗੀ ਕਾਰਵਾਈ ਦਾ ਵਿਰੋਧ ਕਰੇਗੀ। ਉਨ੍ਹਾਂ ਕਿਹਾ, &lsquo&lsquoਅਸੀਂ ਕਿਸੇ ਵੀ ਤਾਨਾਸ਼ਾਹੀ ਤਾਕਤ ਅੱਗੇ ਗੋਡੇ ਨਹੀਂ ਟੇਕਾਂਗੇ।&rsquo&rsquo


ਭਾਜਪਾ ਵੱਲੋਂ ਪੰਜਾਬ ਵਿੱਚ &lsquoਇੱਕ ਰਾਸ਼ਟਰ, ਇੱਕ ਚੋਣ&rsquo ਮੁਹਿੰਮ ਦਾ ਆਗਾਜ਼

ਚੰਡੀਗੜ੍ਹ,- ਪੰਜਾਬ ਭਾਜਪਾ ਨੇ ਦੇਸ਼ ਵਿੱਚ &lsquoਇੱਕ ਰਾਸ਼ਟਰ, ਇੱਕ ਚੋਣ&rsquo ਮੁਹਿੰਮ ਨੂੰ ਤੇਜ਼ੀ ਨਾਲ ਅੱਗੇ ਵਧਾਉਂਦਿਆਂ ਅੱਜ ਸੂਬੇ ਵਿੱਚ ਵੀ ਇਸ ਮੁਹਿੰਮ ਦਾ ਆਗਾਜ਼ ਕਰ ਦਿੱਤਾ ਹੈ। ਚੰਡੀਗੜ੍ਹ ਸਥਿਤ ਭਾਜਪਾ ਦਫਤਰ ਵਿੱਚ ਮੁਹਿੰਮ ਦੇ ਕਨਵੀਨਰ ਐਸਐਸ ਚੰਨੀ ਅਤੇ ਕੋ-ਕਨਵੀਨਰ ਪਰਮਪਾਲ ਕੌਰ ਨੇ ਇਸ ਮੁਹਿੰਮ ਦੇ ਗੀਤ ਨੂੰ ਰਿਲੀਜ਼ ਕੀਤਾ।

ਇਸ ਮੌਕੇ ਐਸਐਸ ਚੰਨੀ ਨੇ ਕਿਹਾ ਕਿ ਦੇਸ਼ ਵਿੱਚ ਵੱਖ-ਵੱਖ ਸਮੇਂ &rsquoਤੇ ਚੋਣਾਂ ਹੋਣ ਨਾਲ ਸਰਕਾਰੀ ਪੈਸੇ ਅਤੇ ਸਰਕਾਰੀ ਤੰਤਰ ਦੀ ਵਧੇਰੇ ਦੁਰਵਰਤੋਂ ਹੁੰਦੀ ਹੈ ਜੇਕਰ ਦੇਸ਼ ਵਿੱਚ &lsquoਇੱਕ ਰਾਸ਼ਟਰ, ਇੱਕ ਚੋਣ&rsquo ਮੁਹਿਮ ਸ਼ੁਰੂ ਹੋ ਜਾਂਦੀ ਹੈ ਤਾਂ ਸਰਕਾਰ ਦੇ ਰੁਪਏ ਅਤੇ ਤੰਤਰ ਦੀ ਬੱਚਤ ਕੀਤੀ ਜਾ ਸਕੇਗੀ। ਉਨ੍ਹਾਂ ਕਿਹਾ ਕਿ ਦੇਸ਼ ਦੀ ਆਜ਼ਾਦੀ ਤੋਂ ਬਾਅਦ ਦੇਸ਼ ਵਿੱਚ ਇੱਕੋ ਸਮੇਂ ਸਾਰੀਆਂ ਚੋਣਾਂ ਹੁੰਦੀਆਂ ਸਨ, ਪਰ ਸਾਲ 1967 ਤੋਂ ਬਾਅਦ ਸਮੀਕਰਨ ਵਿਗੜ ਗਏ ਅਤੇ ਇਹ ਚੋਣਾਂ ਅੱਗੇ ਪਿੱਛੇ ਹੋਣ ਲੱਗੀਆਂ।

ਸਨੀ ਦਿਓਲ ਦੀ ਫ਼ਿਲਮ &lsquoਜਾਟ&rsquo ਵਿਵਾਦਾਂ &rsquoਚ ਘਿਰੀ

ਜਲੰਧਰ- ਬੌਲੀਵੁੱਡ ਅਦਾਕਾਰ ਸੰਨੀ ਦਿਓਲ ਅਤੇ ਰਣਦੀਪ ਹੁੱਡਾ ਦੀ ਹਾਲ ਹੀ ਵਿੱਚ ਰਿਲੀਜ਼ ਹੋਈ ਫਿਲਮ &lsquoਜਾਟ&rsquo ਪੰਜਾਬ ਵਿੱਚ ਵਿਵਾਦਾਂ ਵਿੱਚ ਘਿਰੀ ਜਾਪਦੀ ਹੈ। ਈਸਾਈ ਭਾਈਚਾਰੇ ਨੇ ਰਣਦੀਪ ਹੁੱਡਾ ਦੇ ਸੀਨ &rsquoਤੇ ਸਖ਼ਤ ਇਤਰਾਜ਼ ਜਤਾਇਆ ਹੈ ਅਤੇ ਮਾਮਲੇ ਵਿੱਚ ਫਿਲਮ ਨਿਰਮਾਤਾਵਾਂ ਖ਼ਿਲਾਫ਼ ਐੱਫਆਈਆਰ ਦਰਜ ਕਰਨ ਦੀ ਮੰਗ ਕੀਤੀ ਹੈ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇ ਦੋ ਦਿਨਾਂ ਦੇ ਅੰਦਰ ਐੱਫਆਈਆਰ ਦਰਜ ਨਹੀਂ ਕੀਤੀ ਗਈ ਤਾਂ ਪੰਜਾਬ ਪੱਧਰ &rsquoਤੇ ਸਿਨੇਮਾਘਰਾਂ ਦਾ ਘਿਰਾਓ ਕੀਤਾ ਜਾਵੇਗਾ। ਈਸਾਈ ਭਾਈਚਾਰੇ ਵੱਲੋਂ ਇਸ ਸਬੰਧੀ ਜਲੰਧਰ ਕਮਿਸ਼ਨਰੇਟ ਪੁਲੀਸ ਨੂੰ ਲਿਖਤੀ ਸ਼ਿਕਾਇਤ ਦਿੱਤੀ ਗਈ ਸੀ ਅਤੇ ਜਲਦੀ ਤੋਂ ਜਲਦੀ ਐੱਫਆਈਆਰ ਦਰਜ ਕਰਨ ਦੀ ਮੰਗ ਕੀਤੀ ਗਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਈਸਾਈ ਭਾਈਚਾਰੇ ਦੇ ਲੋਕ ਕੱਲ੍ਹ ਸਿਨੇਮਾ-ਘਰ ਦਾ ਘਿਰਾਓ ਕਰਨ ਜਾ ਰਹੇ ਸਨ ਪਰ ਪੁਲੀਸ ਨੇ ਕਿਸੇ ਤਰ੍ਹਾਂ ਉਨ੍ਹਾਂ ਨੂੰ ਮਨਾ ਲਿਆ। ਇਸ ਮਗਰੋਂ ਇਸ ਮਾਮਲੇ ਸਬੰਧੀ ਸ਼ਿਕਾਇਤ ਦਰਜ ਕਰਵਾਈ ਗਈ ਅਤੇ ਜਲੰਧਰ ਕਮਿਸ਼ਨਰੇਟ ਪੁਲੀਸ ਦੇ ਸੰਯੁਕਤ ਕਮਿਸ਼ਨਰ ਨੇ ਢੁੱਕਵੀਂ ਕਾਰਵਾਈ ਦਾ ਭਰੋਸਾ ਦਿੱਤਾ ਹੈ। ਜ਼ਿਕਰਯੋਗ ਹੈ ਕਿ ਫਿਲਮ &lsquoਜਾਟ&rsquo 10 ਅਪਰੈਲ ਨੂੰ ਸਿਨੇਮਾ ਘਰਾਂ ਵਿੱਚ ਰਿਲੀਜ਼ ਹੋਈ ਸੀ। ਇਸ ਵਿੱਚ ਸੰਨੀ ਦਿਓਲ, ਰਣਦੀਪ ਹੁੱਡਾ ਅਤੇ ਵਿਨੀਤ ਕੁਮਾਰ ਸਿੰਘ ਮੁੱਖ ਭੂਮਿਕਾ ਵਿੱਚ ਹਨ। ਫਿਲਮ ਦੇ ਨਿਰਦੇਸ਼ਕ ਗੋਪੀਚੰਦ ਮਾਲੀਨੇਨੀ ਜਦੋਂਕਿ ਨਿਰਮਾਤਾ ਨਵੀਨ ਮਾਲੀਨੇਨੀ ਹਨ।


ਕਾਂਗਰਸ ਦੀ ਹਾਲਤ 90 ਸਾਲਾ ਬਜ਼ੁਰਗ ਵਰਗੀ ਹੋਈ: ਮਾਨ

ਮੁੱਖ ਮੰਤਰੀ ਭਗਵੰਤ ਮਾਨ ਨੇ ਵਿਰੋਧੀ ਧਿਰ ਕਾਂਗਰਸ &rsquoਤੇ ਵਿਅੰਗ ਕੱਸਦਿਆਂ ਕਿਹਾ ਕਿ ਇਸ ਪਾਰਟੀ ਦੀ ਹਾਲਤ 90 ਸਾਲ ਦੇ ਬਿਮਾਰ ਬਜ਼ੁਰਗ ਵਰਗੀ ਹੋਈ ਪਈ ਹੈ, ਜਦਕਿ ਅਕਾਲੀ ਦਲ ਵਾਲੇ ਰੱਬ ਨੇ ਮਾਰ ਦਿੱਤੇ ਕਿਉਂਕਿ ਉਨ੍ਹਾਂ ਨੇ ਅਕਾਲ ਤਖ਼ਤ ਨਾਲ ਪੰਗਾ ਲਿਆ ਹੋਇਆ ਹੈ। ਮੁੱਖ ਮੰਤਰੀ ਨੇ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ &rsquoਤੇ ਵਰ੍ਹਦਿਆਂ ਕਿਹਾ ਕਿ ਉਹ ਕਹਿੰਦੇ ਹਨ ਕਿ ਪੰਜਾਬ ਵਿੱਚ 50 ਬੰਬ ਆਏ ਸਨ, 18 ਚੱਲ ਗਏ ਅਤੇ 32 ਹੋਰ ਚੱਲਣ ਲਈ ਪਏ ਹਨ। ਉਨ੍ਹਾਂ ਕਿਹਾ ਕਿ ਜਦੋਂ ਉਨ੍ਹਾਂ ਨੂੰ ਬੰਬਾਂ ਦਾ ਖੁਲਾਸਾ ਕਰਨ ਲਈ ਕਿਹਾ ਗਿਆ ਤਾਂ ਹੁਣ ਉਹ ਕਾਨੂੰਨੀ ਸ਼ਿਕੰਜੇ ਤੋਂ ਬਚਣ ਵਾਸਤੇ ਵਕੀਲ ਭਾਲਦੇ ਫਿਰਦੇ ਹਨ। ਉਨ੍ਹਾਂ ਦੋਸ਼ ਲਾਇਆ ਕਿ ਪ੍ਰਤਾਪ ਬਾਜਵਾ ਬੰਬਾਂ ਦੀ ਕਹਾਣੀ ਘੜ ਕੇ ਲੋਕਾਂ ਵਿੱਚ ਦਹਿਸ਼ਤ ਫੈਲਾ ਰਹੇ ਹਨ। ਉਨ੍ਹਾਂ ਕਾਂਗਰਸੀ ਆਗੂ ਨੂੰ ਸਵਾਲ ਕੀਤਾ ਕਿ ਕੀ ਬਾਜਵਾ ਇਨ੍ਹਾਂ ਬੰਬਾਂ ਦੇ ਫਟਣ ਦਾ ਇਤਜ਼ਾਰ ਕਰ ਰਹੇ ਹਨ। ਮੁੱਖ ਮੰਤਰੀ ਦਿੜ੍ਹਬਾ ਹਲਕੇ ਦੇ ਪਿੰਡ ਛਾਜਲੀ ਦੇ &lsquoਸਕੂਲ ਆਫ ਐਮੀਨੈਂਸ ਵਿੱਚ &lsquoਪੰਜਾਬ ਸਿੱਖਿਆ ਕ੍ਰਾਂਤੀ&rsquo ਤਹਿਤ ਲੈਬ ਅਤੇ ਕਲਾਸ ਰੂਮ ਦਾ ਉਦਘਾਟਨ ਕਰਨ ਉਪਰੰਤ ਸਮਾਗਮ ਨੂੰ ਸੰਬੋਧਨ ਕਰ ਰਹੇ ਸਨ।

 ਖਾਲਸਾ ਸਾਜਨਾ ਦਿਵਸ ਨੂੰ ਸਮਰਪਿਤ ਲਵੀਨੀਓ (ਰੋਮ) ਵਿਖੇ 27 ਅਪ੍ਰੈਲ ਨੂੰ ਸਜਾਇਆ ਜਾਵੇਗਾ ਵਿਸ਼ਾਲ ਨਗਰ ਕੀਰਤਨ

ਰੋਮ ਇਟਲੀ  (ਗੁਰਸ਼ਰਨ ਸਿੰਘ ਸੋਨੀ) ਇਟਲੀ ਦੀ ਰਾਜਧਾਨੀ ਰੋਮ ਦੇ ਪ੍ਰਸਿੱਧ ਸ਼ਹਿਰ ਲਵੀਨੀਓ ਵਿੱਚ ਸਥਿਤ ਪੁਰਾਤਨ ਗੁਰਦੁਆਰਾ ਗੋਬਿੰਦਸਰ ਸਾਹਿਬ ਲਵੀਨੀਓ ਦੀ ਸਮੂਹ ਪ੍ਰਬੰਧਕ ਕਮੇਟੀ ਵਲੋ ਇਲਾਕੇ ਦੀਆਂ ਸਮੂਹ ਸੰਗਤਾ, ਸੇਵਾਦਾਰਾਂ ਤੇ ਇਲਾਕੇ ਦੇ ਸਮੂਹ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਦੇ ਸਹਿਯੋਗ ਨਾਲ 27 ਅਪ੍ਰੈਲ 2025 ਦਿਨ ਐਤਵਾਰ ਨੂੰ ਲਵੀਨੀਓ ਸ਼ਹਿਰ ਵਿਖੇ ਖਾਲਸਾ ਸਾਦਨਾ ਦਿਵਸ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ ਸਜਾਇਆ ਜਾ ਰਿਹਾ ਹੈ। ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋ ਪ੍ਰੈੱਸ ਨਾਲ ਜਾਣਕਾਰੀ ਸਾਝੀ ਕਰਦਿਆੰ ਦੱਸਿਆ ਕਿ 25 ਅਪ੍ਰੈਲ 2025 ਦਿਨ ਸੁਕਰਵਾਰ ਨੂੰ ਇਲਾਹੀ ਬਾਣੀ ਦੇ ਸ਼੍ਰੀ ਆਖੰਡ ਪਾਠ ਆਰੰਭ ਕਰਵਾਏ ਜਾਣਗੇ ਤੇ 27 ਅਪ੍ਰੈਲ ਦਿਨ ਐਤਵਾਰ ਸਵੇਰੇ 10 ਵਜੇ ਸੰਪੂਰਨਤਾਂ ਦੇ ਨਾਲ ਸ਼੍ਰੀ ਆਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਜਾਣਗੇ। ਭੋਗ ਉਪਰੰਤ ਸੰਗਤਾਂ ਨੂੰ ਗੁਰਬਾਣੀ ਕੀਰਤਨ ਸਰਵਣ ਕਰਵਾਇਆ ਜਾਵੇਗਾ। ਅਤੇ ਉਸ ਦਿਨ ਹੀ 27 ਅਪ੍ਰੈਲ ਦਿਨ ਐਤਵਾਰ ਦੁਪਿਹਰ ਠੀਕ 12 ਵਜੇ ਗੁਰਦੁਆਰਾ ਸਾਹਿਬ ਤੋ ਪੰਜ ਪਿਆਰਿਆਂ ਤੇ ਪੰਜ ਨਿਸ਼ਾਨਚੀ ਸਿੰਘਾਂ ਦੀ ਅਗਵਾਈ ਹੇਠ ਤੇ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆਂ ਹੇਠ ਵਿਸ਼ਾਲ ਨਗਰ ਕੀਰਤਨ ਦੀ ਆਰੰਭਤਾਂ ਕੀਤੀ ਜਾਵੇਗੀ। ਜੋ ਕਿ ਲਵੀਨੀਓ ਸ਼ਹਿਰ ਦੀਆਂ ਵੱਖ ਵੱਖ ਗਲੀਆਂ ਵਿਚੋ ਹੁੰਦਾ ਹੋਇਆ ਸ਼ਹਿਰ ਦੇ ਸ਼ਟੇਸ਼ਨ ਵਾਲੀ ਪਾਰਕਿੰਗ ਵਿੱਚ ਪਹੁੰਚੇਗਾਂ ।

ਇੰਗਲੈਂਡ ਦੇ ਵੱਖ ਵੱਖ ਗੁਰੂ ਘਰਾਂ ਚ ਖਾਲਸਾ ਸਾਜਨਾ ਦਿਵਸ ਵੱਡੇ ਪੱਧਰ ਤੇ ਮਨਾਇਆ ਗਿਆ

ਲੈਸਟਰ (ਇੰਗਲੈਂਡ), ( ਸੁਖਜਿੰਦਰ ਸਿੰਘ ਢੱਡੇ)- ਖਾਲਸਾ ਸਾਜਨਾ ਦਿਵਸ ਵਿਸਾਖੀ ਜਿੱਥੇ ਪੰਜਾਬ ਸਮੇਤ ਵੱਖ-ਵੱਖ ਸੂਬਿਆ ਚ ਵੱਡੇ ਪੱਧਰ ਤੇ ਮਨਾਇਆ ਗਿਆ ਉੱਥੇ ਵਿਦੇਸ਼ਾਂ ਚ ਵੀ ਖਾਲਸਾ ਸਾਜਨਾ ਦਿਵਸ ਵਿਸਾਖੀ ਵੱਡੇ ਪੱਧਰ ਤੇ ਮਨਾਇਆ ਗਿਆ ਇਸ ਮੌਕੇ ਤੇ ਵੱਖ ਵੱਖ ਗੁਰੂ ਘਰਾਂ ਚ ਧਾਰਮਿਕ ਸਮਾਗਮ ਕਰਵਾਏ ਗਏ , ਇਸੇ ਤਰ੍ਹਾਂ ਇੰਗਲੈਂਡ ਦੇ ਵੱਖ ਵੱਖ ਗੁਰੂ ਘਰਾਂ ਚ ਵੀ ਵਿਸਾਖੀ ਦੇ ਸਬੰਧ ਚ ਸ਼੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਉਣ ਉਪਰੰਤ ਵਿਸਾਲ ਧਾਰਮਿਕ ਸਮਾਗਮ ਕਰਾਏ ਗਏ ,ਅਤੇ ਵੱਖ ਵੱਖ ਪ੍ਰਕਾਰ ਦੇ ਗੁਰੂ ਕੇ ਲੰਗਰ ਵੀ ਵਰਤਾਏ ਗਏ। ਇਸ ਮੌਕੇ ਤੇ ਵੱਡੀ ਗਿਣਤੀ ਚ ਸੰਗਤਾਂ ਵੱਲੋਂ ਗੁਰੂ ਘਰਾਂ ਚ ਨਤਮਸਤਕ ਹੋ ਕੇ ਗੁਰੂ ਮਹਾਰਾਜ ਦੀ ਪ੍ਰਤੀ ਆਪਣੀ ਸ਼ਰਧਾ ਦਾ ਪ੍ਰਗਟਾਵਾ ਵੀ ਕੀਤਾ ਗਿਆ।ਖਾਲਸਾ ਸਾਜਨਾ ਦਿਵਸ ਮੌਕੇ ਵੱਖ ਵੱਖ ਗੁਰੂ ਘਰਾਂ ਚ ਨਿਸ਼ਾਨ ਸਾਹਿਬ ਉੱਪਰ ਨਵਾਂ ਚੋਲਾ ਸਾਹਿਬ ਚੜਾਉਣ ਦੀਆਂ ਸੇਵਾਵਾਂ ਵੀ ਨਿਭਾਈਆਂ ਗਈਆਂ। ਖਾਲਸਾ ਸਾਜਨਾ ਦਿਵਸ ਵਿਸਾਖੀ ਦੇ ਸੰਬੰਧ ਵਿੱਚ ਇੰਗਲੈਂਡ ਦੇ ਸ਼ਹਿਰ ਲੈਸਟਰ ਦੇ ਗੁਰਦੁਆਰਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਅਤੇ ਗੁਰਦੁਆਰਾ ਰਾਮਗੜੀਆ ਸਾਹਿਬ ਸ੍ਰੀ ਗੁਰੂ ਰਾਮਦਾਸ ਵੇਅ ਵਿਖੇ ਵੀ ਵੱਡੀ ਪੱਧਰ ਤੇ ਧਾਰਮਿਕ ਦੀਵਾਨ ਸਜਾਏ ਗਏ , ਅਤੇ ਰਾਗੀ ਢਾਡੀ ਜਥਿਆਂ ਵੱਲੋਂ ਗੁਰੂ ਜਸ ਗਾਇਨ ਕੀਤਾ ਗਿਆ।


ਹੈਲੀਕਾਪਟਰ ਤਬਾਹ ਹੋ ਕੇ ਹਡਸਨ ਦਰਿਆ ਵਿਚ ਡਿੱਗਾ, ਪਾਇਲਟ ਸਮੇਤ ਸਪੇਨੀ ਪਰਵਿਾਰ ਦੇ 5 ਜੀਆਂ ਦੀ ਮੌਤ

ਸੈਕਰਾਮੈਂਟੋ,ਕੈਲੀਫੋਰਨੀਆ (ਹੁਸਨ ਲੜੋਆ ਬੰਗਾ)- ਇਕ ਹੈਲੀਕਾਪਟਰ ਤਬਾਹ ਹੋ ਕੇ ਹਡਸਨ ਦਰਿਆ ਵਿਚ ਡਿੱਗ ਜਾਣ ਦੀ ਖਬਰ ਹੈ ਜਿਸ ਵਿਚ ਸਵਾਰ ਪਾਇਲਟ ਸਮੇਤ ਸਾਰੇ 6 ਜਣਿਆਂ ਦੀ ਮੌਤ ਹੋ ਗਈ। ਹੈਲੀਕਾਪਟਰ ਵਿਚ ਸਪੇਨ ਤੋਂ ਆਇਆ ਸੈਲਾਨੀ ਪਰਿਵਾਰ ਸਵਾਰ ਸੀ ਜੋ ਅਸਮਾਨ ਉਪਰੋਂ ਨਿਊਯਾਰਕ ਸ਼ਹਿਰ ਤੇ ਇਸ ਦੇ ਆਸ ਦੇ ਖੇਤਰ ਦਾ ਨਜ਼ਾਰਾ ਵੇਖਣਾ ਚਹੁੰਦਾ ਸੀ। ਨਿਊ ਯਾਰਕ ਸ਼ਹਿਰ ਦੇ ਮੇਅਰ ਏਰਿਕ ਐਡਮਜ ਨੇ ਕਿਹਾ ਹੈ ਕਿ ਸਾਈਟਸੀਇੰਗ ਕੰਪਨੀ ਨਿਊ ਯਾਰਕ ਦਾ ਇਕ ਇੰਜਣ ਵਾਲਾ ਬੈੱਲ 206 ਹੈਲੀਕਾਪਟਰ ਦੁਪਹਿਰ ਬਾਅਦ 3.15 ਵਜੇ ਉਡਾਣ ਭਰਨ ਤੋਂ ਛੇਤੀ ਬਾਅਦ ਦਰਿਆ ਵਿਚ ਜਾ ਡਿੱਗਾ। ਉਨਾਂ ਕਿਹਾ ਕਿ ਮਾਰੇ ਗਏ ਸਪੇਨੀ ਪਰਿਵਾਰ ਦੇ ਜੀਆਂ ਵਿਚ ਦੋ ਬਾਲਗ ਤੇ 3 ਬੱਚੇ ਸ਼ਾਮਿਲ ਹਨ। ਹਾਲਾਂ ਕਿ ਰਾਹਤ ਟੀਮ ਨੇ ਤੁਰੰਤ ਸਾਰੇ 6 ਲੋਕਾਂ ਨੂੰ ਪਾਣੀ ਵਿਚੋਂ ਕੱਢ ਲਿਆ ਸੀ ਪਰੰਤੂ ਉਨਾਂ ਨੂੰ ਬਚਾਇਆ ਨਹੀਂ ਜਾ ਸਕਿਆ। 4 ਨੂੰ ਤਾਂ ਮੌਕੇ ਉਪਰ ਹੀ ਮ੍ਰਿਤਕ ਐਲਾਨ ਦਿੱਤਾ ਗਿਆ ਜਦ ਕਿ 2 ਨੂੰ ਸਥਾਨਕ ਹਸਪਤਾਲ ਲਿਜਾਇਆ ਗਿਆ ਜਿਥੇ ਉਹ ਦਮ ਤੋੜ ਗਏ। ਮਾਰੇ ਗਏ ਪਰਿਵਾਰ ਦੇ ਜੀਆਂ ਦੇ ਨਾਂ ਤੁਰੰਤ ਜਾਰੀ ਨਹੀਂ ਕੀਤੇ ਹਨ। ਐਡਮਜ ਨੇ ਕਿਹਾ ਹੈ ਕਿ ਘਟਨਾ ਦੇ ਕਾਰਨ ਦੀ ਜਾਂਚ ਕੀਤੀ ਜਾ ਰਹੀ ਹੈ ਪਰੰਤੂ ਲੱਗਦਾ ਹੈ ਕਿ ਹੈਲੀਕਾਪਟਰ ਉਲਟਾ ਦਰਿਆ ਵਿਚ ਡਿੱਗਾ ਹੈ। ਜਿਸ ਸਮੇ ਇਹ ਹਾਦਸਾ ਹੋਇਆ ਉਸ ਸਮੇ ਅਸਮਾਨ ਵਿਚ ਬਦਲ ਛਾਏ ਹੋਏ ਸਨ ਤੇ 10 ਤੋਂ 15 ਮੀਲ ਪ੍ਰਤੀ ਘੰਟੇ ਦੀ ਰਫਤਾਰ ਨਾਲ ਹਵਾ ਚੱਲ ਰਹੀ ਸੀ। ਇਥੇ ਜਿਕਰਯੋਗ ਹੈ ਕਿ ਸੈਲਾਨੀ ਅਕਸਰ ਹੀ ਸਟੈਚੂ ਆਫ ਲਿਬਰਟੀ, ਏਲਿਸ ਆਈਲੈਂਡ, ਦ ਐਂਪਾਇਰ ਸਟੇਟ ਬਿਲਡਿੰਗ ਤੇ ਵਾਲ ਸਟਰੀਟ ਸਮੇਤ ਸਮੁੱਚੇ ਨਿਊ ਯਾਰਕ ਸ਼ਹਿਰ ਉਪਰ ਅਸਮਾਨ ਉਪਰੋਂ ਝਾਤੀ ਮਾਰਨ ਲਈ ਹੈਲੀਕਾਪਟਰ ਕਿਰਾਏ 'ਤੇ ਲੈਂਦੇ ਹਨ। ਕੰਪਨੀ ਪ੍ਰਤੀ ਵਿਅਕਤੀ ਤਕਰੀਬਨ 274 ਡਾਲਰ ਲੈਂਦੀ ਹੈ।

ਗ੍ਰਿਫਤਾਰ ਪ੍ਰਵਾਸੀਆਂ ਨੂੰ ਹਜਾਰਾਂ ਮੀਲ ਦੂਰ ਲਿਜਾਇਆ ਜਾ ਰਿਹਾ ਤਾਂ ਜੋ ਉਹ ਵਕੀਲਾਂ ਦੀ ਮੱਦਦ ਨਾ ਲੈ ਸਕਣ, ਦਾਇਰ ਪਟੀਸ਼ਨ ਵਿੱਚ ਖੁਲਾਸਾ
ਸੈਕਰਾਮੈਂਟੋ,ਕੈਲੀਫੋਰਨੀਆ (ਹੁਸਨ ਲੜੋਆ ਬੰਗਾ)- ਵਕੀਲਾਂ ਦੁਆਰਾ ਦਾਇਰ ਪਟੀਸ਼ਨ ਵਿਚ ਦੋਸ਼ ਲਾਇਆ ਗਿਆ ਹੈ ਕਿ ਇਮੀਗ੍ਰੇਸ਼ਨ ਐਂਡ ਕਸਟਮਜ ਇਨਫੋਰਸਮੈਂਟ ਦੁਆਰਾ ਪ੍ਰਵਾਸੀਆਂ ਨੂੰ ਗ੍ਰਿਫਤਾਰ ਕਰਕੇ ਉਨਾਂ ਦੇ ਘਰਾਂ ਤੋਂ ਹਜਾਰਾਂ ਮੀਲ ਦੂਰ ਲਿਜਾਇਆ ਜਾ ਰਿਹਾ ਹੈ ਤਾਂ ਜੋ ਉਹ ਕਾਨੂੰਨੀ ਮਦਦ ਨਾ ਲੈ ਸਕਣ। ਪਟੀਸ਼ਨ ਅਨੁਸਾਰ ਜਾਰਜਟਾਊਨ ਯੁਨੀਵਰਸਿਟੀ ਵਿਚ ਭਾਰਤੀ ਮੂਲ ਦੇ ਪ੍ਰੋਫੈਸਰ ਬਦਰ ਖਾਨ ਸੂਰੀ ਨੂੰ ਸੰਘੀ ਅਧਿਕਾਰੀਆਂ ਦੁਆਰਾ ਅਰਲਿੰਗਟਨ, ਵਰਜੀਨੀਆ ਵਿਚ ਉਸ ਦੇ ਘਰ ਦੇ ਬਾਹਰੋਂ ਗ੍ਰਿਫਤਾਰ ਕੀਤਾ ਗਿਆ ਤੇ ਉਸ ਨੂੰ 1000 ਮੀਲ ਦੂਰ ਇਕ ਦਿਹਾਤੀ ਜੇਲ ਵਿਚ ਲਿਜਾਇਆ ਗਿਆ। ਵਕੀਲਾਂ ਦੁਆਰਾ ਦਾਇਰ ਸੋਧੀ ਅਪੀਲ ਵਿਚ ਕਿਹਾ ਗਿਆ ਹੈ ਕਿ ਖਾਨ ਸੂਰੀ ਕੋਲ ਬਕਾਇਦਾ ਵੀਜਾ ਹੈ ਤੇ ਉਹ ਪ੍ਰੋਫੈਸਰ ਵਜੋਂ ਕੰਮ ਕਰਨ ਦੇ ਨਾਲ ਨਾਲ ਪੜਾਈ ਵੀ ਕਰ ਰਿਹਾ ਹੈ। ਉਸ ਨੂੰ ਹੱਥ ਕੜੀਆਂ ਲਾ ਕੇ ਚਾਂਟਿਲੀ, ਵਰਜੀਨੀਆ ਲਿਜਾਇਆ ਗਿਆ ਜਿਥੇ ਉਸ ਦੇ ਉਂਗਲੀਆਂ ਦੇ ਨਿਸ਼ਾਨ ਲਏ ਗਏ ਤੇ ਹੋਰ ਕਾਗਜ਼ੀ ਕਾਰਵਾਈ ਕੀਤੀ ਗਈ। ਅੱਧੀ ਰਾਤ ਨੂੰ ਉਸ ਨੂੰ ਫਾਰਮਵਿਲੇ , ਵਰਜੀਨੀਆ ਵਿਚ ਇਕ ਬੰਦੀ ਕੇਂਦਰ ਵਿਚ ਲਿਜਾਇਆ ਗਿਆ ਜਿਥੋਂ ਉਸ ਨੂੰ ਆਈ ਸੀ ਈ ਦੇ ਰਿਚਮਾਂਡ ਦਫਤਰ ਵਿਚ ਭੇਜ ਦਿੱਤਾ ਗਿਆ। ਪਟੀਸ਼ਨ ਅਨੁਸਾਰ ਇਸ ਤੋਂ ਬਾਅਦ ਸੂਰੀ ਨੂੰ ਅਲੈਗਜੈਂਡਰੀਆ, ਲੋਇਸਿਆਨਾ ਵਿਖੇ ਬੰਦੀ ਕੇਂਦਰ ਵਿੱਚ ਲਿਜਾਇਆ ਗਿਆ ਜਿਥੇ ਉਸ ਨੂੰ ਕਿਹਾ ਗਿਆ ਅਗਲੇ ਦਿਨ ਉਸ ਨੂੰ ਨਿਊ ਯਾਰਕ ਭੇਜ ਦਿੱਤਾ ਜਾਵੇਗਾ ਪਰੰਤੂ ਇਸ ਦੀ ਬਜਾਏ ਬੇੜੀਆਂ ਵਿਚ ਜਕੜੇ ਸੂਰੀ ਨੂੰ ਅਲਵਰਾਡੋ, ਟੈਕਸਾਸ ਵਿਚ ਪਰੇਰੀਲੈਂਡ ਡਿਟੈਨਸ਼ਨ ਸੈਂਟਰ ਵਿਚ ਭੇਜ ਦਿੱਤਾ ਗਿਆ। ਜਿਥੇ ਉਸ ਨੂੰ ਬਹੁਤ ਹੀ ਭੈੜੇ ਹਾਲਾਤ ਵਿਚ ਰਖਿਆ ਗਿਆ ਹੈ। ਹੋਰ ਗ੍ਰਿਫਤਾਰ ਪ੍ਰਵਾਸੀਆਂ ਨਾਲ ਵੀ ਅਜਿਹਾ ਸਲੂਕ ਕੀਤਾ ਜਾ ਰਿਹਾ ਹੈ ਜਿਨਾਂ ਵਿਚ ਟਫਟਸ ਯੁਨੀਵਰਸਿਟੀ ਦਾ ਗਰੈਜੂਏਟ ਵਿਦਿਆਰਥੀ ਰੂਮੇਸਾ ਉਜ਼ਤੁਰਕ ਤੇ ਸਾਬਕਾ ਕੋਲੰਬੀਆ ਯੁਨੀਵਰਸਿਟੀ ਦਾ ਗਰੈਜੂਏਟ ਵਿਦਿਆਰਥੀ ਮਹਿਮੂਦ ਖਲੀਲ ਵੀ ਸ਼ਾਮਿਲ ਹੈ। ਵਕੀਲਾਂ ਦਾ ਕਹਿਣਾ ਹੈ ਕਿ ਟਰੰਪ ਪ੍ਰਸ਼ਾਸਨ ਇਹ ਸਾਰੇ ਦਾਅਪੇਚ ਇਸ ਲਈ ਵਰਤ ਰਿਹਾ ਹੈ ਤਾਂ ਜੋ ਗ੍ਰਿਫਤਾਰ ਪ੍ਰਵਾਸੀਆਂ ਨੂੰ ਵਕੀਲਾਂ, ਪਰਿਵਾਰਾਂ ਤੇ ਹੋਰ ਮੱਦਦਗਾਰ ਪ੍ਰਣਾਲੀ ਤੋਂ ਦੂਰ ਰੱਖਿਆ ਜਾ ਸਕੇ।

ਅਮਰੀਕਾ ਦੀਆਂ ਪ੍ਰਮੁੱਖ ਯੁਨੀਵਰਸਿਟੀਆਂ ਦੇ ਅਨੇਕਾਂ ਕੌਮਾਂਤਰੀ ਵਿਦਿਆਰਥੀਆਂ ਦੇ ਵੀਜ਼ੇ ਰੱਦ
ਸੈਕਰਾਮੈਂਟੋ,ਕੈਲੀਫੋਰਨੀਆ (ਹੁਸਨ ਲੜੋਆ ਬੰਗਾ)- ਯੂ ਐਸ ਇਮੀਗ੍ਰੇਸ਼ਨ ਪ੍ਰਸ਼ਾਸਨ ਵੱਲੋਂ ਹਾਵਰਡ,ਟਫਟਸ ਤੇ ਸਟੈਂਫੋਰਡ ਸਮੇਤ ਪ੍ਰਮੁੱਖ ਯੁਨੀਵਰਸਿਟੀਆਂ ਦੇ ਅਨੇਕਾਂ ਕੌਮਾਂਤਰੀ ਵਿਦਿਆਰਥੀਆਂ ਦੇ ਵੀਜ਼ੇ ਰੱਦ ਕਰ ਦੇਣ ਦੀ ਖਬਰ ਹੈ। ਮਾਸ ਮੀਡੀਆ ਬਲੂਮਬਰਗ
ਅਨੁਸਾਰ ਇਮੀਗ੍ਰੇਸ਼ਨ ਪ੍ਰਸ਼ਾਸਨ ਦੀ ਇਸ ਕਾਰਵਾਈ ਨੇ ਯੁਨੀਵਰਸਿਟੀਆਂ ਦੇ ਅਧਿਕਾਰੀਆਂ ਨੂੰ ਹੈਰਾਨ ਕਰ ਦਿੱਤਾ ਹੈ। ਜਿਨਾਂ ਵਿਦਿਆਰਥੀਆਂ ਦੇ ਵੀਜ਼ੇ ਰੱਦ ਕੀਤੇ ਗਏ ਹਨ ਉਨਾਂ ਵਿਚ ਯੁਨੀਵਰਸਿਟੀਆਂ ਵਿਚ ਇਸ ਸਮੇ ਪੜ ਰਹੇ ਵਿਦਿਆਰਥੀ ਤੇ ਹਾਲ ਹੀ ਵਿਚ ਗਰੈਜੂਏਟ ਬਣੇ ਵਿਦਿਆਰਥੀ ਵੀ ਸ਼ਾਮਿਲ ਹਨ। ਲਾਸ ਏਂਜਲਸ ਟਾਈਮਜ਼ ਦੀ ਰਿਪੋਰਟ ਅਨੁਸਾਰ ਇਕੱਲੇ ਕੈਲੀਫੋਰਨੀਆ ਵਿਚ ਯੂ ਸੀ ਐਲ ਏ, ਯੂ ਸੀ ਬਰਕਲੇ, ਯੂ ਸੀ ਡੇਵਿਸ, ਯੂ ਸੀ ਸੈਨ ਡਇਏਗੋ, ਯੂ ਸੀ ਸਾਂਤਾ ਕਰੂਜ਼ ਤੇ ਸਟੈਂਫੋਰਡ ਸਮੇਤ ਅਨੇਕਾਂ ਸਿੱਖਿਆ ਸੰਸਥਾਵਾਂ ਦੇੇ ਦਰਜ਼ਨਾਂ ਵਿਦਿਆਰਥੀਆਂ ਦੇ ਵੀਜ਼ੇ ਰੱਦ ਕਰ ਦਿੱਤੇ ਗਏ ਹਨ। ਸਟੈਂਫੋਰਡ ਦੇ ਅਧਿਕਾਰੀਆਂ ਨੇ ਕਿਹਾ ਹੈ ਕਿ ਉਨਾਂ ਨੂੰ ਆਪਣੇ 6 ਵਿਦਿਆਰਥੀਆਂ ਦੇ ਵੀਜ਼ੇ ਰੱਦ ਕਰ ਦੇਣ ਬਾਰੇ ਜਾਣਕਾਰੀ ਹੈ। ਉਨਾਂ ਇਹ ਵੀ ਕਿਹਾ ਹੈ ਕਿ ਜੇਕਰ ਕਾਨੂੰਨੀ ਮਜਬੂਰੀ ਨਾ ਹੋਵੇ ਤਾਂ ਉਹ ਇਮੀਗ੍ਰੇਸ਼ਨ ਪ੍ਰਸ਼ਾਸਨ ਨਾਲ ਵਿਦਿਆਰਥੀਆਂ ਦਾ ਨਿੱਜੀ ਰਿਕਾਰਡ ਸਾਂਝਾ ਨਹੀਂ ਕਰਦੇ। ਹਾਵਰਡ ਦੇ 3 ਮੌਜੂਦਾ ਤੇ 2 ਸਾਬਕਾ ਗਰੈਜੂਏਟ ਵਿਦਿਆਰਥੀਆਂ ਦੇ ਵੀਜ਼ੇ ਰੱਦ ਕਰ ਦਿੱਤੇ ਹਨ। ਏ ਪੀ ਦੀ ਇਕ ਰਿਪੋਰਟ ਵਿਚ ਡਾਰਟਮਾਊਥ ਕਾਲਜ, ਮਿਨੀਸੋਟਾ ਸਟੇਟ ਯੁਨੀਵਰਸਿਟੀ, ਐਰੀਜ਼ੋਨਾ ਸਟੇਟ ਯੁਨੀਵਰਸਿਟੀ ਤੇ ਯੁਨੀਵਰਸਿਟੀ ਆਫ ਓਰੇਗੋਨ ਦੇ ਕਈ ਵਿਦਿਆਰਥੀਆਂ ਦੇ ਵੀਜ਼ੇ ਰੱਦ ਕਰ ਦੇਣ ਦੀ ਪੁਸ਼ਟੀ ਕੀਤੀ ਗਈ ਹੈ। ਇਮੀਗ੍ਰ੍ਰੇਸ਼ਨ ਪ੍ਰਸ਼ਾਸਨ ਵੱਲੋਂ ਡਰਾਈਵਿੰਗ ਨਿਯਮਾਂ ਦੀ ਉਲੰਘਣਾ ਸਮੇਤ ਛੋਟੇ ਮੋਟੇ ਅਪਰਾਧ ਤਹਿਤ ਵਿਦਿਆਰਥੀਆਂ ਵਿਰੁੱਧ ਕਾਰਵਾਈ ਕੀਤੀ ਜਾ ਰਹੀ ਹੈ ਜਿਸ ਤੋਂ ਸਿੱਖਿਆ ਸੰਸਥਾਵਾਂ ਦੇ ਪ੍ਰਬੰਧਕ ਪ੍ਰੇਸ਼ਾਨ ਹਨ।


ਆਈ ਆਰ ਐਸ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਲੱਭਣ ਲਈ ਇਮੀਗ੍ਰੇਸ਼ਨ ਏਜੰਟਾਂ ਨਾਲ ਟੈਕਸ ਜਾਣਕਾਰੀ ਸਾਂਝੀ ਕਰਨ ਲਈ ਸਹਿਮਤ

ਸੈਕਰਾਮੈਂਟੋ,ਕੈਲੀਫੋਰਨੀਆ (ਹੁਸਨ ਲੜੋਆ ਬੰਗਾ)- ਇੰਟਰਨਲ ਰੈਵਨਿਊ ਸਰਵਿਸ ( ਆਈ ਆਰ ਐਸ ) ਨੇ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਲੱਭਣ ਲਈ ਸੰਘੀ ਇਮੀਗ੍ਰੇਸ਼ਨ ਏਜੰਟਾਂ ਨਾਲ ਟੈਕਸ ਜਾਣਕਾਰੀ ਸਾਂਝੀ ਕਰਨ ਬਾਰੇ ਸਹਿਮਤੀ ਦੇ ਦਿੱਤੀ ਹੈ। ਇਹ ਜਾਣਕਾਰੀ ਅਦਾਲਤੀ ਦਸਤਾਵੇਜ਼ ਤੋਂ ਮਿਲੀ ਹੈ। ਅਮਰੀਕਾ ਵਿਚ ਗੈਰ ਕਾਨੂੰਨੀ ਤੌਰ &#39ਤੇ ਰਹਿ ਰਹੇ ਲੱਖਾਂ ਪ੍ਰਵਾਸੀਆਂ ਕੋਲ ਸ਼ੋਸਲ ਸਕਿਉਰਿਟੀ ਨੰਬਰ ਨਹੀਂ ਹੈ ਤੇ ਉਹ ਹਰ ਸਾਲ ਟੈਕਸ ਭਰਨ ਲਈ ਵਿਅਕਤੀਗੱਤ ਟੈਕਸਦਾਤਾ ਪਛਾਣ ਨੰਬਰ (ਆਈ ਟੀ ਆਈ ਐਨ) ਦੀ ਵਰਤੋਂ ਕਰਦੇ ਹਨ। ਆਈ ਆਰ ਐਸ ਕੋਲ ਇਨਾਂ ਗੈਰ ਕਾਨੂੰਨੀ ਪ੍ਰਵਾਸੀਆਂ ਦੇ ਨਾਂ ਤੇ ਪਤੇ ਮੌਜੂਦ ਹਨ। ਇਸ ਸਾਲ ਫਰਵਰੀ ਦੇ ਸ਼ੁਰੂ ਵਿਚ ਹੋਮਲੈਂਡ ਸਕਿਉਰਿਟੀ ਸਕੱਤਰ ਕ੍ਰਿਸਟੀ ਨੋਏਮ ਨੇ ਖਜ਼ਾਨਾ ਵਿਭਾਗ ਜੋ ਇੰਟਰਨਲ ਰੈਵਨਿਊ ਸਰਵਿਸ ਦਾ ਕੰਮਕਾਜ਼ ਵੇਖਦਾ ਹੈ, ਨੂੰ ਪ੍ਰਵਾਸੀਆਂ ਨੂੰ ਲੱਭਣ ਵਿੱਚ ਮੱਦਦ ਕਰਨ ਦੀ ਬੇਨਤੀ ਕੀਤੀ ਸੀ। ਨਿਆਂ ਵਿਭਾਗ ਦੇ ਵਕੀਲਾਂ ਨੇ ਅਦਾਲਤ ਵਿਚ ਆਈ ਆਰ ਐਸ ਤੇ ਡਿਪਾਰਟਮੈਂਟ ਆਫ ਹੋਮਲੈਂਡ ਸਕਿਉਰਿਟੀ ਵਿਚਾਲੇ ਹੋਏ ਸੋਧੇ ਹੋਏ ਕਰਾਰ ਦੀ ਕਾਪੀ ਦਾਇਰ ਕੀਤੀ। ਇਸ ਸਮਝੌਤੇ ਤਹਿਤ ਇਮੀਗ੍ਰੇਸ਼ਨ ਐਂਡ ਕਸਟਮਜ ਇਨਫੋਰਸਮੈਂਟ ਗੈਰ ਕਾਨੂੰਨੀ ਪ੍ਰਵਾਸੀਆਂ ਦੇ ਪਤੇ ਤੇ ਹੋਰ ਵੇਰਵਾ ਲੈ ਸਕੇਗੀ।


ਅਮਰੀਕਾ ਵੱਲੋਂ ਦੱਖਣੀ ਸੁਡਾਨ ਦੇ ਸਾਰੇ ਨਾਗਰਿਕਾਂ ਦੇ ਵੀਜ਼ੇ ਰੱਦ ਕੀਤੇ ਜਾਣਗੇ- ਮਾਰਕੋ ਰੁਬੀਓ
ਸੈਕਰਾਮੈਂਟੋ,ਕੈਲੀਫੋਰਨੀਆ (ਹੁਸਨ ਲੜੋਆ ਬੰਗਾ)- ਅਮਰੀਕਾ ਦੇ ਵਿਦੇਸ਼ ਮੰਤਰੀ ਮਾਰਕੋ ਰੁਬੀਓ ਨੇ ਐਲਾਨ ਕੀਤਾ ਹੈ ਕਿ ਦੱਖਣੀ ਸੁਡਾਨ ਦੇ ਸਾਰੇ ਪਾਸਪੋਰਟ ਧਾਰਕਾਂ ਦੇ ਵੀਜ਼ੇ ਰੱਦ ਕੀਤੇ ਜਾ ਰਹੇ ਹਨ। ਉਸ ਨੇ ਦੋਸ਼ ਲਾਇਆ ਹੈ ਕਿ ਦੱਖਣੀ ਸੁਡਾਨ ਦੀ ਆਰਜੀ ਸਰਕਾਰ ਟਰੰਪ ਪ੍ਰਸ਼ਾਸਨ ਦੁਆਰਾ ਦੇਸ਼ ਵਿਚੋਂ ਕੱਢੇ ਸੁਡਾਨੀਆਂ ਨੂੰ ਵਾਪਿਸ ਲੈਣ ਤੋਂ ਨਾਂਹ ਕਰ ਰਹੀ ਹੈ। ਇਹ ਪਹਿਲੀ ਘਟਨਾ ਹੈ ਜਿਸ ਵਿਚ ਟਰੰਪ ਪ੍ਰਸ਼ਾਸਨ ਦੁਆਰਾ ਕਿਸੇ ਇਕ ਦੇਸ਼ ਦੇ ਪਾਸਪਰੋਟ ਧਾਰਕਾਂ ਵਿਰੁੱਧ ਕਾਰਵਾਈ ਕਰਨ ਦਾ ਐਲਾਨ ਕੀਤਾ ਗਿਆ ਹੈ। ਰਾਸ਼ਟਰਪਤੀ ਡੋਨਾਲਡ ਟਰੰਪ ਪਹਿਲਾਂ ਹੀ ਚਿਤਾਵਨੀ ਦੇ ਚੁੱਕੇ ਹਨ ਕਿ ਆਪਣੇ ਨਾਗਰਿਕਾਂ ਨੂੰ ਵਾਪਿਸ ਨਾ ਲੈਣ ਵਾਲੇ ਦੇਸ਼ਾਂ ਵਿਰੁੱਧ ਕਾਰਵਾਈ ਕੀਤੀ ਜਾਵੇਗੀ। ਰੁਬੀਓ ਨੇ ਜਾਰੀ ਇਕ ਬਿਆਨ ਵਿਚ ਕਿਹਾ ਹੈ ਕਿ ਹੁਣ ਸਮਾ ਆ ਗਿਆ ਹੈ ਕਿ ਦੱਖਣੀ ਸੁਡਾਨ ਦੀ ਆਰਜੀ ਸਰਕਾਰ ਅਮਰੀਕਾ ਦਾ ਲਾਹਾ ਲੈਣਾ ਬੰਦ ਕਰ ਦੇਵੇ। ਉਨਾਂ ਕਿਹਾ ਹੈ ਕਿ &#39&#39 ਹਰੇਕ ਦੇਸ਼ ਨੂੰ ਹਰ ਹਾਲਤ ਵਿਚ ਆਪਣੇ ਸ਼ਹਿਰੀ ਸਮਾਬੱਧ ਤਰੀਕੇ ਨਾਲ ਵਾਪਿਸ ਲੈਣੇ ਪੈਣਗੇ ਜਦੋਂ ਅਮਰੀਕਾ ਸਮੇਤ ਕੋਈ ਵੀ ਦੇਸ਼ ਉਨਾਂ ਨੂੰ ਕੱਢਣ ਦਾ ਫੈਸਲਾ ਕਰਦਾ ਹੈ।&#39&#39
ਰੁਬੀਓ ਨੇ ਹੋਰ ਕਿਹਾ ਹੈ ਕਿ ਦੱਖਣੀ ਸੁਡਾਨ ਦੇ ਲੋਕਾਂ ਦਾ ਅਮਰੀਕਾ ਵਿਚ ਦਾਖਲਾ ਰੋਕਣ ਲਈ ਉਨਾਂ ਨੂੰ ਵੀਜ਼ੇ ਜਾਰੀ ਕਰਨਾ ਵੀ ਬੰਦ ਕਰ ਦੇਵੇਗਾ। ਉਨਾਂ ਕਿਹਾ ਕਿ ਦੱਖਣੀ ਸੁਡਾਨ ਜਦੋਂ ਮੁਕੰਮਲ ਸਹਿਯੋਗ ਕਰਨਾ ਸ਼ੁਰੂ ਕਰ ਦੇਵੇਗਾ ਤਾਂ ਅਸੀਂ ਆਪਣੀ ਕਾਰਵਾਈ
ਉਪਰ ਪੁਨਰ ਵਿਚਾਰ ਕਰਾਂਗੇ। ਬਾਈਡਨ ਪ੍ਰਸ਼ਾਸਨ ਨੇ ਦੱਖਣੀ ਸੁਡਾਨੀ ਨਾਗਰਿਕਾਂ ਲਈ 2023 ਵਿਚ ਆਰਜੀ ਸੁਰੱਖਿਆ ਪ੍ਰੋਗਰਾਮ ਸ਼ੁਰੂ ਕੀਤਾ ਸੀ ਜਿਸ ਤਹਿਤ ਦੱਖਣੀ ਸੁਡਾਨੀ ਨਾਗਰਿਕਾਂ ਨੂੰ ਅਮਰੀਕਾ ਵਿਚ ਪਨਾਹ ਮਿਲੀ ਹੋਈ ਹੈ। ਇਥੇ ਜਿਕਰਯੋਗ ਹੈ ਕਿ
ਦੱਖਣੀ ਸੁਡਾਨ ਵਿਚ ਪਿਛਲੇ ਹਫਤੇ ਪਹਿਲੇ ਉੱਪ ਰਾਸ਼ਟਰਪਤੀ ਰੀਕ ਮੈਚਰ ਨੂੰ ਘਰ ਵਿਚ ਨਜਰਬੰਦ ਕਰ ਦੇਣ ਉਪਰੰਤ ਗ੍ਰਹਿ ਯੁੱਧ ਦਾ ਖਦਸ਼ਾ ਪ੍ਰਗਟਾਇਆ ਜਾ ਰਿਹਾ ਹੈ।


ਭਾਰਤੀ ਮੂਲ ਦੇ ਭਾਰਤ ਆਨੰਦ ਲਿਓਨਾਰਡ ਐਨ ਸਟਰਨ ਸਕੂਲ ਆਫ ਬਿਜ਼ਨਸ ਦੇ ਡੀਨ ਨਿਯੁਕਤ
ਸੈਕਰਾਮੈਂਟੋ,ਕੈਲੀਫੋਰਨੀਆ (ਹੁਸਨ ਲੜੋਆ ਬੰਗਾ)- ਨਿਊਯਾਰਕ ਯੁਨੀਵਰਸਿਟੀ ਨੇ ਭਾਰਤੀ ਮੂਲ ਦੇ ਭਾਰਤ ਐਨ ਆਨੰਦ ਨੂੰ ਲਿਓਨਾਰਡ ਐਨ ਸਟਰਨ ਸਕੂਲ ਆਫ ਬਿਜ਼ਨਸ ਦਾ ਅਗਲਾ ਡੀਨ ਨਿਯੁਕਤ ਕਰਨ ਦਾ ਐਲਾਨ ਕੀਤਾ ਹੈ। ਇਸ ਵੇਲੇ ਉਹ ਹਾਵਰਡ ਯੁਨੀਵਰਸਿਟੀ ਵਿਚ ਉੱਪ ਪ੍ਰਧਾਨ ਤੇ ਹਾਵਰਡ ਬਿਜ਼ਨਸ ਸਕੂਲ ਵਿਚ ਪ੍ਰੋਫੈਸਰ ਹਨ। ਉਹ ਆਪਣਾ ਨਵਾਂ ਅਹੁੱਦਾ ਅਗਸਤ 2025 ਵਿਚ ਸੰਭਾਲਣਗੇ। ਯੁਨੀਵਰਸਿਟੀ ਵੱਲੋਂ ਜਾਰੀ ਇਕ ਪ੍ਰੈਸ ਬਿਆਨ ਵਿਚ ਕਿਹਾ ਗਿਆ ਹੈ ਕਿ ਆਨੰਦ ਨੂੰ ਡਿਜ਼ੀਟਲ ਤੇ ਸਿੱਖਿਆ ਦੇ ਖੇਤਰ ਵਿਚ ਲੰਬਾ ਤਜ਼ਰਬਾ ਹੈ। ਉਨਾਂ ਨੇ ਕਈ ਪ੍ਰਮੁੱਖ ਅਹੁੱਦਿਆਂ ਉਪਰ ਕੰਮ ਕੀਤਾ ਹੈ। ਉਹ ਐਚ ਬੀ ਐਸ ਆਨਲਾਈਨ ਦੇ ਸੀਨੀਅਰ ਐਸੋਸੀਏਟ ਡੀਨ ਰਹਿ ਚੁੱਕੇ ਹਨ ਜਿਥੇ ਉਨਾਂ ਨੇ ਆਨ ਲਾਈਨ ਬਿਜ਼ਨਸ ਸਿੱਖਿਆ ਦਾ ਨਵਾਂ ਰੂਪ ਜਾਰੀ ਕਰਨ ਵਿਚ ਮੱਦਦ ਕੀਤੀ । ਉਨਾਂ ਨੇ ਕੋਵਿਡ ਮਹਾਂਮਾਰੀ ਦੌਰਾਨ ਸਿੱਖਿਆ ਪ੍ਰਤੀ ਪਹੁੰਚ ਨੂੰ ਨਵੀਂ ਦਿਸ਼ਾ ਦੇਣ ਵਿੱਚ ਪ੍ਰਮੁੱਖ ਭੂਮਿਕਾ ਨਿਭਾਈ ਹੈ।