ਪਿਛਲੇ 15 ਸਾਲਾਂ ਤੋਂ ਇਟਲੀ ਪ੍ਰਵਾਸ ਕੱਟ ਰਹੇ ਪੰਜਾਬੀ ਸਤਵਿੰਦਰਪਾਲ ਸਿੰਘ ਦੀ ਕੰਮ ਤੇ ਸੱਟ ਲੱਗਣ ਦੌਰਾਨ ਹਸਪਤਾਲ ਵਿੱਚ ਮੌਤ,ਮਰਹੂਮ ਨੇ ਕੁਝ ਮਹੀਨਿਆਂ ਬਾਅਦ ਹੀ ਵਿਆਹ ਕਰਵਾਉਣ ਜਾਣਾ ਸੀ ਪੰਜਾਬ
ਰੋਮ ਇਟਲੀ (ਗੁਰਸ਼ਰਨ ਸਿੰਘ ਸੋਨੀ) ਜਿਲ੍ਹਾ ਲਾਤੀਨਾ ਦੇ ਕਸਬਾ ਬੋਰਗੋ ਸੰਤਾ ਮਰੀਆਂ (ਲਾਤੀਨਾ) ਵਿਖੇ ਬੀਤੇ ਦਿਨ ਇੱਕ ਪੰਜਾਬੀ ਨੌਜਵਾਨ ਸਤਵਿੰਦਰ ਪਾਲ ਸਿੰਘ (ਸੈਮੀ)34ਸਾਲਾ ਕੰਮ ਦੌਰਾਨ ਸਟਰਿੰਗ ਤੋ ਡਿੱਗ ਜਾਣ ਕਰਕੇ ਗੰਭੀਰ ਰੂਪ ਵਿੱਚ ਜ਼ਖਮੀ ਹੋ ਜਾਣ ਤੇ ਹੈਲੀਕਾਪਟਰ ਰਾਹੀਂ ਰਾਜਧਾਨੀ ਰੋਮ ਦੇ ਸੰਨ ਕਮੀਲੋ ਵੱਡੇ ਹਸਪਤਾਲ ਵਿੱਚ ਜ਼ੇਰੇ ਇਲਾਜ ਸੀ ਜਿੱਥੇ ਕਿ ਅੱਜ ਸਵੇਰੇ 9 ਵਜੇ ਜਖ਼ਮਾਂ ਦੀ ਤਾਬ ਨਾ ਝੱਲਦਿਆਂ ਦਮ ਤੋੜ ਗਿਆ। ਪਿਛਲੇ ਪੰਜ ਦਿਨਾਂ ਤੋਂ ਰੋਮ ਦੇ ਹਸਪਤਾਲ ਵਿੱਚ ਜਿੰਦਗੀ ਤੇ ਮੌਤ ਦੀ ਲੜਾਈ ਲੜ੍ਹ ਰਿਹਾ ਸਤਵਿੰਦਰ ਸਿੰਘ ਅੱਜ ਜਿੰਦਗੀ ਦੀ ਜੰਗ ਹਾਰ ਗਿਆ ਜਿਸ ਕਾਰਨ ਇਲਾਕੇ ਭਰ ਦੇ ਭਾਰਤੀ ਭਾਈਚਾਰੇ ਵਿੱਚ ਸੋਗ ਦੀ ਲਹਿਰ ਛਾਈ ਹੋਈ ਹੈ।ਇਸ ਮੰਦਭਾਗੀ ਖਬਰ ਦੀ ਜਾਣਕਾਰੀ ਦਿੰਦਿਆਂ ਇਲਾਕੇ ਦੇ ਉੱਘੇ ਸਮਾਜ ਸੇਵਕ ਤੇ ਸਿੱਖ ਆਗੂ ਨੱਛਤਰ ਸਿੰਘ ਸਾਬਕਾ ਪ੍ਰਧਾਨ ਗੁਰਦੁਆਰਾ ਸਿੰਘ ਸਭਾ ਚਿਸਤੇਰਨਾ ਦੀ ਲਾਤੀਨਾ ਨੇ ਦੱਸਿਆ ਕਿ ਇਹ ਨੌਜਵਾਨ ਸੰਨ 2009 ਵਿੱਚ ਇਟਲੀ 9 ਮਹੀਨੇ ਵਾਲੇ ਪੇਪਰਾਂ ਉਪੱਰ ਘਰ ਦੀ ਗਰੀਬੀ ਦੂਰ ਕਰਨ ਤੇ ਭੱਵਿਖ ਨੂੰ ਬਿਹਤਰ ਬਣਾਉਣ ਇਟਲੀ ਆਇਆ ਸੀ ਪਰ ਕੀ ਖਬ਼ਰ ਸੀ ਕਿ ਘਰ ਦੀ ਤੰਗੀਆਂ ਤਰੁੱਛੀਆਂ ਉਸ ਨੂੰ ਜਿਉਂਦਿਆ ਭਾਰਤ ਨਹੀਂ ਜਾਣ ਦੇਣਗੀਆਂ ਤੇ 15-16 ਬਾਅਦ ਉਸ ਦੇ ਪਿੰਡ ਇਹ ਹੀ ਖਬ਼ਰ ਜਾਵੇਗੀ ਕਿ ਸਤਵਿੰਦਰ ਪਾਲ ਸਿੰਘ ਹੁਣ ਇਸ ਦੁਨੀਆਂ ਵਿੱਚ ਨਹੀਂ ਰਿਹਾ।ਬੁੱਢੀ ਮਾਂ ਦਾ ਸਹਾਰਾ ਬਣਨ ਤੇ ਛੋਟੇ ਭਰਾ ਦੇ ਭੱਵਿਖ ਨੂੰ ਉਜਵੱਲ ਬਣਾਉਣ ਲਈ ਇਟਲੀ ਆਏ ਮਰਹੂਮ ਸਤਵਿੰਦਰਪਾਲ ਸਿੰਘ ਦੇ 1-2 ਸਾਲ ਪਹਿਲਾਂ ਹੀ ਪੱਕੇ ਪੇਪਰ ਬਣੇ ਸਨ ਤੇ ਕੁਝ ਮਹੀਨਿਆਂ ਵਿੱਚ ਹੀ ਉਹ ਵਿਆਹ ਕਰਵਾਉਣ ਨੂੰ ਪੰਜਾਬ ਜਾਣ ਵਾਲਾ ਸੀ ।ੌਜਿਹੜੀ ਇਟਲੀ ਵਿੱਚ ਉਸ ਨੇ ਮਿਹਨਤ ਮਜ਼ਦੂਰ ਕਰ ਕਮਾਈ ਕੀਤੀ ਉਸ ਦੇ ਉਹ ਪਿੰਡ ਮਕਾਨ ਬਣਾ ਰਿਹਾ ਸੀ ਪਰ ਕੀ ਖਬ਼ਰ ਸੀ ਕਿ ਹੋਣੀ ਉਸ ਨੂੰ ਇਹਨਾਂ ਮਕਾਨਾਂ ਵਿੱਚ ਰਹਿਣ ਦਾ ਸਮਾਂ ਨਹੀਂ ਦੇਵੇਗੀ। ਮਰਹੂਮ ਸਤਵਿੰਦਰ ਪਾਲ ਸਿੰਘ ਦੀ ਮਾਂ ਦੇ ਸੁਪਨੇ ਜਿਹੜੇ ਉਸ ਨੇ ਪੁੱਤ ਨੂੰ ਵਿਆਹਣ ਦੇ ਦੇਖੇ ਸਨ ਉਹ ਹੁਣ ਸਾਰੇ ਖੇਰੂ-ਖੇਰੂ ਹੋ ਗਏ ਹਨ। ਜਿ਼ਕਰਯੋਗ ਹੈ ਕਿ ਪਿਛਲੇ ਸਾਲ ਜੂਨ ਵਿੱਚ ਪੰਜਾਬੀ ਨੌਜਵਾਨ ਸਤਨਾਮ ਸਿੰਘ ਦੀ ਕੰਮ ਦੌਰਾਨ ਜਖ਼ਮੀ ਹੋਕੇ ਮੌਤ ਹੋਈ ਸੀ ਜਿਸ ਨੂੰ ਇਨਸਾਫ਼ ਦੁਆਉਣ ਲਈ ਮਜ਼ਦੂਰ ਜੱਥੇਬੰਦੀਆਂ ਮੈਦਾਨ ਵਿੱਚ ਹਨ ਤੇ ਹੁਣ ਇਹ ਇੱਕ ਹੋਰ ਕੰਮ ਉੱਤੇ ਹੋਇਆ ਹਾਦਸਾ ਕਿਰਤੀ ਲੋਕਾਂ ਦੀ ਸੁੱਰਖਿਆ ਪ੍ਰਤੀ ਪ੍ਰਬੰਧਾਂ ਦੇ ਢਾਂਚੇ ਨੂੰ ਉਜਾਗਰ ਕਰਨ ਹੈ ਜਿਹੜਾ ਕਿ ਸਭ ਲਈ ਵਿਚਾਰਨ ਯੋਗ ਮੁੱਦਾ ਹੈ।ਇੱਕ ਸਰਵੇ ਅਨੁਸਾਰ ਇਟਲੀ ਵਿੱਚ ਕੰਮਾਂ ਦੌਰਾਨ ਹੋ ਰਹੇ ਹਾਦਸਿਆਂ ਦੀ ਗਿਣਤੀ ਵਿੱਚ ਮਰਨ ਵਾਲੇ ਕਿਰਤੀਆਂ ਦੀ ਗਿਣਤੀ ਵੱਧਦੀ ਜਾ ਰਹੀ ਹੈ ।ਸਮਾਜ ਸੇਵੀ ਨਛੱਤਰ ਸਿੰਘ ਨੇ ਦੱਸਿਆਂ ਕਿ ਮਰਹੂਮ ਸਤਵਿੰਦਰ ਸਿੰਘ ਦਾ ਅੰਤਿਮ ਸੰਸਕਾਰ ਇਟਲੀ ਵਿੱਚ ਹੀ ਹੋਵੇਗਾ ਜਿਸ ਲਈ ਉਸ ਦੀ ਬੁੱਢੀ ਮਾਂ ਤੇ ਛੋਟਾ ਭਰਾ ਇਟਲੀ ਆ ਰਹੇ ਹਨ।