ਗੁਣ ਹੀਣ ਹਮ ਅਪਰਾਧੀ ਭਾਈ ਪੂਰੇ ਸਤਿਗੁਰਿ ਲਏ ਰਲਾਇ ॥ ਅੰਮ੍ਰਿਤਧਾਰੀ ਸਿਦਕੀ ਸਿੱਖ ਲੀਡਰਾਂ ਨੇ ਦਲਿਤਾਂ ਨੂੰ ਸਿੱਖੀ ਵਿੱਚ ਸ਼ਾਮਲ ਕਰਕੇ ਮਹੰਤਾਂ ਨੂੰ ਗੁਰਦੁਆਰਿਆਂ ਚੋਂ ਭਜਾਇਆ
 ਮੰਨੂ ਸਿਮ੍ਰਤੀ ਦੀ ਹਿੰਦੂ ਵਿਚਾਰਧਾਰਾ ਅਤੇ ਖ਼ਾਲਸਾਈ ਵਿਚਾਰਧਾਰਾ ਦੇ ਟਕਰਾਅ ਵਜੋਂ 12 ਅਕਤੂਬਰ 1920 ਨੂੰ ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ ਵਿਖੇ ਇੱਕ ਇਤਿਹਾਸਕ ਘਟਨਾ ਵਾਪਰੀ ਜਿਸਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਸ਼੍ਰੋਮਣੀ ਅਕਾਲੀ ਦਲ ਨੂੰ ਜਨਮ ਦਿੱਤਾ ।
1849 ਤੋਂ ਬਾਅਦ ਜਿਨਾਂ ਡੋਗਰਿਆਂ ਤੇ ਬ੍ਰਾਹਮਣਾਂ ਨੇ ਸਿੱਖ ਰਾਜ ਵਿੱਚ ਉੱਚੇ ਅਹੁਦੇ ਲੈਣ ਲਈ ਅੰਮ੍ਰਿਤ ਛਕਿਆ ਸੀ, ਵਾਪਸ ਆਪਣੇ ਅਸਲੀ ਸਰੂਪ ਵਿੱਚ ਚਲੇ ਗਏ। ਅੰਗਰੇਜ਼ਾਂ ਅਤੇ ਸਿੱਖਾਂ ਦੇ ਦੋਵੇਂ ਯੁੱਧਾਂ ਵਿੱਚ ਇਹਨਾਂ ਬਹਰੂਪੀਏ ਭੇਖੀ ਸਿੱਖਾਂ ਨੇ, ਜਿਨ੍ਹਾਂ  ਵਿੱਚ ਲਾਲ ਸਿੰਘ, ਤੇਜਾ ਸਿੰਘ, ਪਹਾੜਾ ਸਿੰਘ, ਗੁਲਾਬ ਸਿੰਘ, ਧਿਆਨ ਸਿੰਘ ਤੇ ਹੀਰਾ ਵਰਗਿਆਂ ਨੇ ਸਿੱਖ ਰਾਜ ਦੀ ਪਿੱਠ ਵਿੱਚ ਛੁਰਾ ਮਾਰ ਕੇ ਸਿੱਖਾਂ ਨੂੰ ਰਾਜ ਵਿਹੂਣੇ ਕਰਕੇ ਗੁਲਾਮੀ ਵੱਲ ਧਕੇਲ ਦਿੱਤਾ। ਅਲੈਗਜੈਂਡਰ ਗਾਰਡਨਰ ਲਿਖਦਾ ਹੈ ਕਿ ਖ਼ਾਲਸਾ  ਫ਼ੌਜ ਦੇ ਇਹਨਾਂ ਦੋ ਨਿੰਦਨੀਯ ਬ੍ਰਾਹਮਣ ਜਰਨੈਲਾਂ ਤੇਜ ਸਿੰਘ ਤੇ ਲਾਲ ਸਿੰਘ ਵਰਗੇ ਘਟੀਆ ਇਨ੍ਹਾਂ ਤੋਂ ਪਹਿਲਾਂ ਸੰਸਾਰ ਵਿੱਚ ਕਦੇ ਪੈਦਾ ਨਹੀਂ ਹੋਏ। ਕਨਿੰਘਮ ਦੱਸਦਾ ਹੈ ਕਿ ਇਹਨਾਂ ਦੀ ਅੰਗਰੇਜ਼ਾਂ ਨਾਲ ਸਾਜਿਸ਼ ਕਰਨ ਦਾ ਮਤਲਬ ਇਹ ਸੀ ਕਿ ਜੇਤੂ ਸਰਕਾਰ ਅੰਗਰੇਜ਼ੀ ਇਹਨਾਂ ਨੂੰ ਆਪਣੇ ਅਧੀਨ ਰਾਜ ਵਿੱਚ ਵਜ਼ੀਰ ਬਣਾਈ ਰੱਖੇਗੀ, ਇਸ ਲਈ ਇਹਨਾਂ ਨੇ (ਡੋਗਰੇ ਬ੍ਰਾਹਮਣਾਂ ਨੇ) ਖੁਫੀਆ ਤੌਰ ਦੇ ਅੰਗਰੇਜ਼ ਕਰਮਚਾਰੀਆਂ ਨੂੰ ਆਪਣੀ ਮਿੱਤਰਤਾ ਦਾ ਭਰੋਸਾ ਦਿੱਤਾ ਸੀ ।
ਅੰਗਰੇਜ਼ਾਂ ਦੇ ਬਸਤੀਵਾਦੀ ਰਾਜ ਨੇ ਸਿੱਖਾਂ ਉੱਤੇ ਉਹ ਹਮਲੇ ਕੀਤੇ ਜਿਹੜੇ ਨਾ ਤਾਂ ਹਿੰਦੂਆਂ ਉੱਤੇ ਅਤੇ ਨਾ ਹੀ ਮੁਸਲਮਾਨਾਂ ਉੱਤੇ ਕੀਤੇ। ਬ੍ਰਾਹਮਣਾਂ ਤੇ ਡੋਗਰਿਆਂ ਦੀ ਮਿਲੀ ਭੁਗਤ ਨਾਲ ਅੰਗਰੇਜ਼ਾਂ ਨੇ ਬੇਈਮਾਨੀ ਨਾਲ ਸਿੱਖ ਰਾਜ ਨੂੰ ਨੇਸਤੋ-ਨਾਬੂਦ ਕਰਨ ਤੋਂ ਬਾਅਦ ਨਾਬਾਲਗ ਮਹਾਰਾਜਾ ਦਲੀਪ ਸਿੰਘ ਨੂੰ ਇਸਾਈ ਬਣਾ ਲਿਆ ਤੇ ਉਸਦੇ ਹੱਥ ਬਾਈਬਲ ਫੜਾ ਦਿੱਤੀ। ਸਿੱਖਾਂ ਦੇ 6 ਪ੍ਰਮੁੱਖ ਧਾਰਮਿਕ ਸਥਾਨ ਆਪਣੇ ਕਬਜ਼ੇ ਵਿੱਚ ਕਰਕੇ ਉਥੇ ਆਪਣੇ ਸਰਬਰਾਹ ਨਿਯੁਕਤ ਕਰ ਦਿੱਤੇ, ਦੂਜੇ ਬੰਨੇ ਸਿੱਖਾਂ ਦਾ ਧਰਮ ਪਰਿਵਰਤਨ ਵੀ ਕੀਤਾ ਜਾ ਰਿਹਾ ਸੀ। ਸਿੱਖ ਗੁਰਦੁਆਰਿਆਂ ਦਾ ਸਾਰਾ ਪ੍ਰਬੰਧ ਹਿੰਦੂ ਵਿਚਾਰਧਾਰਾ ਨੂੰ ਮੰਨਣ ਵਾਲੇ ਨਿਰਮਲੇ ਤੇ ਉਦਾਸੀ ਮਹੰਤਾਂ ਦੇ ਹਵਾਲੇ ਕਰ ਦਿੱਤਾ। 12 ਅਕਤੂਬਰ 1920 ਦੀ ਜਿਸ ਘਟਨਾ ਦਾ ਜ਼ਿਕਰ ਕੀਤਾ ਜਾ ਰਿਹਾ ਹੈ ਉਸ ਸਮੇਂ ਵੀ ਅੰਗਰੇਜ਼ ਰਾਜ ਦੀ ਸਰਕਾਰ ਦੀ ਸਰਪ੍ਰਸਤੀ ਹੇਠ ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ ਵਿਖੇ ਖ਼ਾਲਸਾਈ ਵਿਚਾਰਧਾਰਾ ਦੇ ਕੱਟੜ ਵਿਰੋਧੀ ਨਿਰਮਲੇ ਤੇ ਉਦਾਸੀ ਮਹੰਤਾਂ ਦਾ ਕਬਜ਼ਾ ਸੀ ।ਖ਼ਾਲਸਾ ਬਰਾਦਰੀ ਵਾਲੀ ਘਟਨਾ (ਅਕਤੂਬਰ 1920) ਤੋਂ ਪਹਿਲਾਂ ਸ. ਸੁੰਦਰ ਸਿੰਘ ਮਜੀਠੀਏ ਦੇ ਪੁੱਤਰ ਦਾ ਆਨੰਦ ਕਾਰਜ ਹੋਇਆ, ਉਹ ਵੀ ਆਪਣੇ ਪੁੱਤਰ ਦੇ ਵਿਆਹ ਦੀ ਖੁਸ਼ੀ ਵਿੱਚ ਦੇਗ ਅੰਮ੍ਰਿਤਸਰ ਦਰਬਾਰ ਵਿੱਚ ਜਦੋਂ ਲੈ ਕੇ ਗਿਆ ਤਾਂ ਅੰਗਰੇਜ਼ਾਂ ਦੇ ਪਿੱਠੂ ਹੰਕਾਰੇ ਹੋਏ ਮਹੰਤਾਂ ਨੇ ਉਸਦੀ ਦੇਗ ਦੀ ਅਰਦਾਸ ਕਰਨ ਤੋਂ ਨਾਹ ਕਰ ਦਿੱਤੀ ਤੇ ਬਹਾਨਾ ਲਾਇਆ ਕਿ ਗਿਆ ਕਿ ਸਿੱਖ ਰੀਤੀ (ਅਨੰਦ ਕਾਰਜ) ਅਨੁਸਾਰ ਕੀਤੇ ਵਿਆਹ ਦੀ ਦੇਗ ਦਰਬਾਰ ਵਿੱਚ ਪ੍ਰਵਾਨ ਨਹੀਂ ਹੈ ।ਅੰਗਰੇਜ਼ਾਂ ਨੇ ਆਪਣੇ ਕਾਨੂੰਨ ਅਧੀਨ ਗੁਰੂ ਦੀ ਸੰਪਤੀ ਨੂੰ ਮਹੰਤਾਂ ਤੇ ਪੁਜਾਰੀਆਂ ਦੀ ਮਲਕੀਅਤ ਕਰਾਰ ਦੇ ਕੇ ਬਲਦੀ ਉੱਤੇ ਤੇਲ ਪਾ ਦਿੱਤਾ । ਹਿੰਦੂ ਵਿਚਾਰਧਾਰਾ ਨੂੰ ਸਮਰਪਿਤ ਮਹੰਤਾ ਪੁਜਾਰੀਆਂ ਨੇ ਅੰਮ੍ਰਿਤਧਾਰੀ ਸਿੰਘਾਂ ਵੱਲੋਂ ਸ਼ਰਧਾ ਨਾਲ ਭੇਟਾ ਕੜਾਹ ਪ੍ਰਸ਼ਾਦ ਗੁਰੂ ਦਰਬਾਰ ਵਿੱਚ ਪ੍ਰਵਾਨ ਕਰਨ ਅਤੇ ਸੰਗਤਾਂ ਵਿੱਚ ਅਭੇਦ ਵਰਤਾਉਣ ਤੋਂ ਇਨਕਾਰ ਕਰ ਦਿੱਤਾ। ਇਨਾਂ ਹੀ ਦਿਨਾਂ ਵਿੱਚ ਜਲਿਆਂਵਾਲਾ ਬਾਗ ਅਸਥਾਨ ਤੇ ਇੱਕ ਦੀਵਾਨ ਦੀ ਸਮਾਪਤੀ ਤੋਂ ਬਾਅਦ ਅੰਮ੍ਰਿਤ ਛਕਾਇਆ ਗਿਆ ਜਿਸ ਵਿੱਚ ਕੁਝ ਦਲਿਤਾਂ (ਹਿੰਦੂ ਧਰਮ ਦੀ ਵਰਣ ਵੰਡ ਅਨੁਸਾਰ ਅਖੌਤੀ ਸ਼ੂਦਰਾਂ) ਨੇ ਅੰਮ੍ਰਿਤਪਾਨ (ਖੰਡੇ ਬਾਟੇ ਦੀ ਪਹੁਲ ਛਕੀ) ਕਰਕੇ ਸਿੱਖ ਧਰਮ ਧਾਰਨ ਕੀਤਾ। ਇਸ ਅੰਮ੍ਰਿਤ ਸੰਚਾਰ ਵਿੱਚ ਇੱਕ ਮੁਸਲਮਾਨ ਵੀ ਅੰਮ੍ਰਿਤ ਛੱਕ ਕੇ ਸਿੰਘ ਸੱਜ ਗਿਆ ਜਿਸ ਦਾ ਨਾਂ ਮਹਿਤਾਬ ਸਿੰਘ ਰੱਖਿਆ ਗਿਆ ਅਤੇ ਮਹਿਤਾਬ ਨੇ ਆਪਣਾ ਤਖ਼ੱਲਸ (ਬੀਰ) ਆਪਣੇ ਨਾਂ ਨਾਲ ਜੋੜ ਲਿਆ । ਮਹਿਤਾਬ ਸਿੰਘ ਦੇ ਨਾਲ ਅੰਮ੍ਰਿਤਪਾਨ ਕਰਨ ਵਾਲਾ ਪੂਰਾ ਜਥਾ ਖ਼ਾਲਸਾ ਬਰਾਦਰੀ ਦੇ ਨਾਂ ਨਾਲ ਪ੍ਰਸਿੱਧ ਹੋਇਆ ।
12 ਅਕਤੂਬਰ 1920 ਨੂੰ ਮਹਿਤਾਬ ਸਿੰਘ ਬੀਰ ਦੀ ਅਗਵਾਈ ਹੇਠ ਖ਼ਾਲਸਾ ਬਰਾਦਰੀ ਦਾ ਜੱਥਾ ਕੜਾਹ ਪ੍ਰਸ਼ਾਦ ਦੀ ਦੇਗ ਲੈ ਕੇ ਦਰਬਾਰ ਸਾਹਿਬ ਪੁੱਜਾ ਖ਼ਾਲਸਾ ਕਾਲਜ ਦੇ ਕਈ ਵਿਦਿਆਰਥੀ ਤੇ ਪ੍ਰੋਫੈਸਰ ਬਾਵਾ ਹਰਕਿਸ਼ਨ ਸਿੰਘ ਜੀ ਵੀ ਨਾਲ ਆਏ। ਸੁੰਦਰ ਸਿੰਘ ਮਜੀਠੀਏ ਦੀ ਘਟਨਾ ਤੋਂ ਬਾਅਦ ਕੇਸਾਧਾਰੀ ਨਿਰਮਲੇ ਤੇ ਉਦਾਸੀ ਹਿੰਦੂ ਮਹੰਤਾਂ ਨੇ ਇਸ ਵਾਰੀ ਵੀ ਦੇਗ ਦੀ ਅਰਦਾਸ ਕਰਨ ਤੋਂ ਨਾਹ ਇਸ ਕਰਕੇ ਕਰ ਦਿੱਤੀ ਕਿ ਖ਼ਾਲਸਾ ਬਰਾਦਰੀ ਦੇ ਨਵੇਂ ਸਜੇ ਸਿੰਘ ਨੀਵੀਆਂ ਜਾਤਾਂ ਵਿੱਚੋਂ ਹਨ ਭਾਵ ਦਲਿਤ ਹਨ ਤੇ ਦਲਿਤ ਸਿੱਖਾਂ ਦੀ ਕੜਾਹ ਪ੍ਰਸ਼ਾਦ ਦੀ ਦੇਗ ਦੀ ਦਰਬਾਰ ਸਾਹਿਬ ਵਿਖੇ ਅਰਦਾਸ ਨਹੀਂ ਹੋ ਸਕਦੀ । ਏਨੇ ਨੂੰ ਉੱਘੇ ਪੰਥਕ ਆਗੂ ਜਥੇਦਾਰ ਕਰਤਾਰ ਸਿੰਘ ਝੱਬਰ ਤੇ ਤੇਜਾ ਸਿੰਘ ਭੁੱਚਰ ਵੀ ਆ ਪਹੁੰਚੇ ਉਹਨਾਂ ਨੇ ਪੁਜਾਰੀ ਮਹੰਤਾਂ ਨੂੰ ਬਹੁਤ ਸਮਝਾਉਣ ਦੀ ਕੋਸ਼ਿਸ਼ ਕੀਤੀ ਕਿ ਹਰ ਦੇਸ਼ ਹਰ ਮਜ਼੍ਹਬ ਤੇ ਹਰ ਜਾਤੀ ਦੇ ਹਰ ਇਸਤਰੀ ਪੁਰਸ਼ ਨੂੰ ਅੰਮ੍ਰਿਤ ਛਕਣ ਦਾ ਅਧਿਕਾਰ ਹੈ ਅਤੇ ਜੋ ਸਿੱਖ ਧਰਮ ਗ੍ਰਹਿਣ ਕਰਨ ਤੇ ਉਸਦੇ ਅਸੂਲਾਂ ਉੱਪਰ ਚੱਲਣ ਦਾ ਪ੍ਰਣ ਕਰੇ । ਅੰਮ੍ਰਿਤਧਾਰੀ ਇਸਤਰੀ ਪੁਰਸ਼ ਦਾ ਧਾਰਮਿਕ ਪਿਤਾ ਗੁਰੂ ਗੋਬਿੰਦ ਸਿੰਘ ਜੀ ਤੇ ਧਾਰਮਿਕ ਮਾਤਾ ਸਾਹਿਬ ਕੌਰ ਜੀ ਹਨ । ਅੰਮ੍ਰਿਤ ਛਕਣ ਤੋਂ ਬਾਅਦ ਹਰ ਪ੍ਰਾਣੀ ਦੀ ਪਿਛਲੀ ਕੁੱਲ ਕਿਰਤ ਕਰਮ ਧਰਮ ਦਾ ਨਾਸ ਹੋ ਜਾਂਦਾ ਹੈ ਤੇ ਉਹ ਕੇਵਲ ਖ਼ਾਲਸਾ ਹੈ । ਜਦੋਂ ਕੋਈ ਦਲਿਤ ਹਿੰਦੂ ਮੱਤ ਦੀ ਵਰਣ ਵੰਡ ਦਾ ਤਿਆਗ ਕਰਕੇ ਪੰਜਾਂ ਪਿਆਰਿਆਂ ਪਾਸੋਂ ਖੰਡੇ ਦੀ ਪਹੁਲ ਛੱਕ ਕੇ ਸਿੱਖ ਧਰਮ ਗ੍ਰਹਿਣ ਕਰ ਲੈਂਦਾ ਹੈ ਤਾਂ ਉਹ ਫਿਰ ਦਲਿਤ ਨਹੀਂ ਰਹਿ ਜਾਂਦਾ ਗੁਰੂ ਦਾ ਸਿੱਖ ਹੋ ਜਾਂਦਾ ਹੈ ਤੇ ਹੁਣ ਖ਼ਾਲਸਾ ਬਰਾਦਰੀ ਵਾਲੇ ਸਾਰੇ ਸਿੱਖ ਹਨ। ਸਿੱਖਾਂ ਦੇ ਕੜਾਹ ਪ੍ਰਸ਼ਾਦ ਦੀ ਦੇਗ ਦੀ ਅਰਦਾਸ ਗੁਰੂ ਦਰਬਾਰ ਵਿੱਚ ਕੋਈ ਨਹੀਂ ਰੋਕ ਸਕਦਾ । ਜਦੋਂ ਕਰਤਾਰ ਸਿੰਘ ਝੱਬਰ ਤੇ ਤੇਜਾ ਸਿੰਘ ਬੁੱਚਰ ਦੀਆਂ ਗੱਲਾਂ ਦਾ ਪੁਜਾਰੀ ਮਹੰਤਾਂ ਤੇ ਕੋਈ ਅਸਰ ਨਾ ਹੋਇਆ ਤਾਂ ਕਰਤਾਰ ਸਿੰਘ ਝੱਬਰ ਨੇ ਖ਼ਾਲਸਾਈ ਰੋਹਬ ਨਾਲ ਆਖਿਆ ਅਸੀਂ ਗੁਰੂ ਗ੍ਰੰਥ ਸਾਹਿਬ ਵਿੱਚੋਂ ਹੁਕਮਨਾਮਾ ਲਵਾਂਗੇ, ਜੋ ਗੁਰੂ ਦਾ ਹੁਕਮ ਹੋਵੇਗਾ ਉਹੀ ਸਾਰਿਆਂ ਨੂੰ ਪ੍ਰਵਾਨ ਹੋਵੇਗਾ । ਸ. ਕਰਤਾਰ ਸਿੰਘ ਝੱਬਰ ਦਾ ਖ਼ਾਲਸਾਈ ਅੰਦਾਜ਼ ਵੇਖ ਕੇ ਮਹੰਤ ਠਠੰਬਰ ਗਏ ਤੇ ਹੁਕਮਨਾਮਾ ਲੈਣ ਲਈ ਸਹਿਮਤ ਹੋ ਗਏ। ਵਿਧੀ ਪੂਰਵਕ ਹੁਕਮਨਾਮਾ ਲਿਆ ਗਿਆ। ਹੁਕਮਨਾਮਾ ਆਇਆ,
ਸੋਰਠਿ ਮਹਲਾ ੩ ਦੁਤੁਕੀ ॥
ਨਿਗੁਣਿਆ ਨੋ ਆਪੇ ਬਖਸਿ ਲਏ 
ਭਾਈ ਸਤਿਗੁਰ ਕੀ ਸੇਵਾ ਲਾਇ॥
ਸਤਿਗੁਰ ਕੀ ਸੇਵਾ ਉਤਮ ਹੈ 
ਭਾਈ ਰਾਮ ਨਾਮਿ ਚਿਤੁ ਲਾਇ॥
ਹਰਿ ਜੀਉ ਆਪੇ ਬਖਸਿ ਮਿਲਾਇ॥ 
ਗੁਣ ਹੀਣ ਹਮ ਅਪਰਾਧੀ 
ਭਾਈ ਪੂਰੇ ਸਤਿਗੁਰਿ ਲਏ ਰਲਾਇ॥ 
ਗੁਰੂ ਨੇ ਫ਼ੈਸਲਾ ਕਰ ਦਿੱਤਾ ਕੜਾ ਪ੍ਰਸ਼ਾਦ ਦੀ ਦੇਗ ਅਭੇਦ ਵਰਤਾਈ ਗਈ । ਹਾਜ਼ਰ ਸੰਗਤ ਅਤੇ ਸਿਦਕੀ ਮਨਾ ਲਈ ਗੁਰੂ ਗ੍ਰੰਥ ਸਾਹਿਬ ਦਾ ਇਹ ਫੁਰਮਾਨ ਅਤ ਭਾਵਪੂਰਤ ਸੀ । ਗੁਰੂ ਨੇ ਮੌਕੇ ਅਨੁਕੂਲ ਹੁਕਮ ਬਖਸ਼ਿਸ਼ ਕੀਤਾ ਸੀ ।ਖ਼ਾਲਸਾ ਪੰਥ ਦੀ ਚੜ੍ਹਤ ਵੇਖ ਕੇ ਪੁਜਾਰੀਆਂ ਨੇ ਉਥੋਂ ਖਿਸਕਣ ਦੀ ਕੀਤੀ ਅਤੇ ਵੇਖਦਿਆਂ ਵੇਖਦਿਆਂ ਹੀ ਇੱਕ ਇੱਕ ਕਰਕੇ ਖਿਸਕ ਗਏ । ਜਥੇਦਾਰ ਕਰਤਾਰ ਸਿੰਘ ਝੱਬਰ ਨੇ ਸਾਰੀ ਸੰਗਤ ਨੂੰ ਇਵੇਂ ਹੀ ਪ੍ਰਸ਼ਾਦ ਅਕਾਲ ਤਖ਼ਤ ਸਾਹਿਬ ਤੇ ਭੇਟ ਕਰਨ ਲਈ ਪ੍ਰੇਰਿਆ। ਜਦੋਂ ਸਾਰੀ ਸੰਗਤ ਅਕਾਲ ਤਖ਼ਤ ਸਾਹਿਬ ਤੇ ਪੁੱਜੀ ਤਾਂ ਕੀ ਵੇਖਿਆ ਕਿ ਪੁਜਾਰੀ ਇਥੋਂ ਵੀ ਪਤਰਾ ਵਾਚ ਚੁੱਕੇ ਸਨ, ਜਿਸ ਤੋਂ ਜਥੇਦਾਰ ਕਰਤਾਰ ਸਿੰਘ ਝੱਬਰ ਦੀ ਅਪੀਲ ਤੇ ਜਥੇਦਾਰ ਤੇਜਾ ਸਿੰਘ ਭੁੱਜਰ ਦੀ ਅਗਵਾਈ ਹੇਠ 17 ਸਿੰਘਾਂ ਦੀ ਇੱਕ ਕਮੇਟੀ ਨੇ ਅਕਾਲ ਤਖ਼ਤ ਸਾਹਿਬ ਦੀ ਸੇਵਾ ਸੰਭਾਲ ਲਈ ਤੇ ਇਸ ਤਰ੍ਹਾਂ ਅਕਾਲ ਤਖ਼ਤ ਸਾਹਿਬ ਦਾ ਪ੍ਰਬੰਧ ਸਿੱਖ ਵਿਚਾਰਧਾਰਾ ਨੂੰ ਸਮਰਪਿਤ ਸਿੰਘਾਂ ਦੇ ਹੱਥ ਆ ਗਿਆ। ਇਸ ਉਪਰੰਤ ਨਵੰਬਰ 1920 ਨੂੰ ਵਿਸ਼ੇਸ਼ ਇਕੱਤਰਤਾ ਬੁਲਾ ਕੇ 175 ਅੰਮ੍ਰਿਤਧਾਰੀ ਰਹਿਤਵਾਨ ਸਿੰਘਾਂ ਦੀ ਇੱਕ ਪ੍ਰਬੰਧਕ ਕਮੇਟੀ ਚੁਣ ਲਈ ਗਈ। ਨਾਲ ਹੀ ਸ਼੍ਰੋਮਣੀ ਅਕਾਲੀ ਦਲ ਦੀ ਜਥੇਬੰਦੀ ਹੋਂਦ ਵਿੱਚ ਆ ਗਈ। ਸੋ ਇਸ ਤਰ੍ਹਾਂ ਸਿੱਖੀ ਦੇ ਸੋਮੇ ਦਰਬਾਰ ਸਾਹਿਬ, ਅੰਮ੍ਰਿਤਸਰ ਦਾ ਪ੍ਰਬੰਧ ਬ੍ਰਾਹਮਣਵਾਦੀ ਭੇਖੀ ਮਹੰਤਾਂ ਦੇ ਹੱਥਾਂ ਵਿੱਚੋਂ ਨਿਕਲ ਕੇ ਪੰਥ ਦੇ ਹੱਥਾਂ ਵਿੱਚ ਆ ਗਿਆ। 
ਇਸ ਨਵੀਂ ਸਥਿਤੀ ਵਿੱਚ ਮਹੰਤਾਂ ਤੇ ਪੁਜਾਰੀਆਂ ਨੇ ਅੰਗਰੇਜ਼ ਸਰਕਾਰ ਤੋਂ ਮਦਦ ਮੰਗੀ। ਮਿਸਟਰ ਕਿੰਗ ਕਮਿਸ਼ਨਰ ਲਾਹੌਰ ਨੇ ਇੱਕ ਫਿਰਕੂ ਪੱਥਰ ਜਾਰੀ ਕਰਕੇ ਮਹੰਤਾਂ ਤੇ ਪੁਜਾਰੀਆਂ ਨੂੰ ਭਰੋਸਾ ਦਿਵਾਇਆ ਕਿ ਸਰਕਾਰ ਉਹਨਾਂ ਦੇ ਹੱਕ ਹਕੂਕ ਨੂੰ ਤਸਲੀਮ ਕਰਦੀ ਹੈ ਅਤੇ ਉਹਨਾਂ ਦੀ ਹਰ ਤਰ੍ਹਾਂ ਦੀ ਮਦਦ ਕਰੇਗੀ। ਇਸ ਤਰ੍ਹਾਂ ਮਹੰਤ ਪੁਜਾਰੀ ਤੇ ਅੰਗਰੇਜ਼ ਸਰਕਾਰ ਇੱਕ ਪਾਸੇ ਤੇ ਸ਼੍ਰੋਮਣੀ ਅਕਾਲੀ ਦਲ ਦੂਜੇ ਪਾਸੇ ਆਹਮੋ-ਸਾਹਮਣੇ ਖੜੇ ਹੋ ਗਏ । (ਨੋਟ: ਸਮੇਂ ਦੇ ਰੰਗ ਦੇਖੋ ਕਿ ਅੱਜ ਪੰਜਾਬੀ ਪਾਰਟੀ ਵਾਲਾ ਸ਼੍ਰੋਮਣੀ ਅਕਾਲੀ ਦਲ ਅਤੇ ਪੰਥ ਆਹਮੋ-ਸਾਹਮਣੇ ਖੜੇ ਹਨ।) ਦੋਵੇਂ ਧਿਰਾਂ ਖੂਨ ਡੋਲਵੇਂ ਸੰਘਰਸ਼ ਵਿੱਚ ਨਿਤਰ ਆਈਆਂ। ਮੋਰਚੇ ਲੱਗੇ, ਸਾਕੇ ਵਰਤੇ, ਛਵੀਆਂ ਡਾਂਗਾਂ ਵਰੀਆਂ ਗੋਲੀਆਂ ਚੱਲੀਆਂ ਤੇ ਸ਼ਹੀਦੀਆਂ ਹੋਈਆਂ। ਅਨੁਮਾਨ ਹੈ 500 ਸਿੰਘ ਸ਼ਹੀਦ ਹੋਏ ਹਜ਼ਾਰਾਂ ਅੰਗਹੀਣ ਹੋ ਕੇ ਨਕਾਰਾ ਹੋਏ, 30 ਹਜ਼ਾਰ ਸਿੱਖਾਂ ਨੇ ਕਾਲ ਕੋਠੜੀਆਂ ਦੀਆਂ ਮੁਸ਼ਕਲਾਂ ਝੱਲੀਆਂ 15 ਲੱਖ ਰੁਪਏ ਦੇ ਜੁਰਮਾਨੇ ਭਰੇ ਅਤੇ ਹਜ਼ਾਰਾਂ ਸਿੱਖਾਂ ਨੂੰ ਸਰਕਾਰੀ ਅਹੁਦਿਆਂ ਤੋਂ ਪ੍ਰਾਪਤ ਕੀਤੀਆਂ ਪੈਨਸ਼ਨਾਂ ਤੋਂ ਹੱਥ ਧੋਣੇ ਪਏ। ਸਿੱਖਾਂ ਦਾ ਸਿਦਕ ਰੰਗ ਲਿਆਇਆ ਅਤੇ ਅੰਗਰੇਜ਼ਾਂ ਨੂੰ ਵਾਰ ਵਾਰ ਪਿੱਛੇ ਪਰਤਣਾ ਪਿਆ। 21 ਫ਼ਰਵਰੀ 1921 ਨੂੰ ਮਿਸਟਰ ਕਿੰਗ ਕਮਿਸ਼ਨਰ ਲਾਹੌਰ ਨੂੰ ਸ੍ਰੀ ਨਨਕਾਣਾ ਸਾਹਿਬ ਦੇ ਸਾਕੇ ਉਪਰੰਤ ਗੁਰਦੁਆਰਾ ਜਨਮ ਅਸਥਾਨ ਦੀਆਂ ਚਾਬੀਆਂ ਜਥੇਦਾਰ ਕਰਤਾਰ ਸਿੰਘ ਝੱਬਰ ਨੂੰ ਰੜੇ ਮੈਦਾਨ ਫੜਾਉਣੀਆਂ ਪਈਆਂ। ਦੂਜੀ ਵਾਰ ਸ੍ਰੀ ਦਰਬਾਰ ਸਾਹਿਬ ਦੀਆਂ ਚਾਬੀਆਂ ਜੋ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਨੇ ਆਪਣੇ ਕਬਜ਼ੇ ਵਿੱਚ ਕੀਤੀਆਂ ਹੋਈਆਂ ਸਨ ਸਿੱਖਾਂ ਦੇ ਘੋਰ ਸੰਘਰਸ਼ ਵਿੱਚੋਂ ਸਾਰੇ ਸਿੱਖ ਕੈਦੀਆਂ ਨੂੰ ਰਿਹਾ ਕਰਕੇ 19 ਜਨਵਰੀ 1922 ਈ. ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਜੇ ਦੀਵਾਨ ਵਿੱਚ ਉਸ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬਾਬਾ ਖੜਕ ਸਿੰਘ ਜੀ ਨੂੰ ਸੌਂਪਣੀਆਂ ਪਈਆਂ। ਤੀਜੀ ਵਾਰ ਗੁਰੂ ਕੇ ਬਾਗ ਤੇ ਗੰਗਸਰ ਜੈਤੋਂ ਪ੍ਰਸਿੱਧ ਮੋਰਚਿਆਂ ਵਿੱਚੋਂ ਹਾਰ ਖਾ ਕੇ ਗਵਰਨਰ ਪੰਜਾਬ ਨੇ 21 ਜਨਵਰੀ 1925 ਈ. ਨੂੰ ਗੁਰਦੁਆਰਾ ਬਿੱਲ ਦਾ ਖਰੜਾ ਪ੍ਰਕਾਸ਼ਿਤ ਕਰਕੇ ਤਸਲੀਮ ਕੀਤਾ ਕਿ ਪੰਜਾਬ ਦੇ ਇਤਿਹਾਸਕ ਗੁਰਦੁਆਰਿਆਂ ਦੇ ਪ੍ਰਬੰਧ ਦੇ ਅਧਿਕਾਰੀ ਪੰਜਾਬ ਵਿੱਚ ਵਸਦੇ ਸਿੱਖ ਹਨ। ਇਉਂ ਪੰਜਾਬ ਸਰਕਾਰ ਜਿਸ ਕਾਨੂੰਨ ਦੀ ਆੜ ਲੈ ਕੇ ਸਨਾਤਨੀ ਵਿਚਾਰਧਾਰਾ( ਬ੍ਰਾਹਮਣੀ ਵਿਚਾਰਧਾਰਾ) ਵਾਲੇ ਮਹੰਤਾਂ ਤੇ ਪੁਜਾਰੀਆਂ ਦੀ ਪਿੱਠ ਠੋਕਦੀ ਸੀ, ਉਸਨੂੰ ਆਪ ਹੀ ਨਵੇਂ ਐਕਟਰ ਰਾਹੀਂ ਉਹ ਕਾਨੂੰਨ ਬਦਲਣ ਲਈ ਮਜਬੂਰ ਹੋਣਾ ਪਿਆ। ਸਿੱਖਾਂ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਉੱਤੇ ਸਿਰਜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਇਕੱਤਰਤਾ ਇਸ ਬਿੱਲ ਨੂੰ ਵਿਚਾਰਨ ਲਈ 27 ਅਪ੍ਰੈਲ 1925 ਨੂੰ ਬੁਲਾਈ। ਆਪਸੀ ਵਿਚਾਰਾਂ ਕਰਨ ਪਿੱਛੋਂ ਤਿੰਨ ਤਰਮੀਮਾਂ ਪੇਸ਼ ਕਰਕੇ ਇਸ ਬਿੱਲ ਦੀ ਵਿਰੋਧਤਾ ਨਾ ਕਰਨ ਦਾ ਫ਼ੈਸਲਾ ਕੀਤਾ। 
੧. ਸ੍ਰੀ ਅਕਾਲ ਤਖ਼ਤ ਸਾਹਿਬ ਤੇ ਸ੍ਰੀ ਕੇਸਗੜ੍ਹ ਸਾਹਿਬ ਸ਼੍ਰੋਮਣੀ ਕਮੇਟੀ ਕੋਲ ਰਹਿਣ। 
੨. ਸਿੱਖ ਬੀਬੀਆਂ ਨੂੰ ਵੇਟ ਪਾਉਣ ਦਾ ਅਧਿਕਾਰ ਹੋਵੇ। 
੩. ਗੁਰਦੁਆਰਿਆਂ ਦੀ ਆਮਦਨ ਧਰਮ ਵਿੱਦਿਆ ਤੇ ਦਾਨ ਵਿੱਚ ਖਰਚ ਹੋਵੇ। 
ਇਸ ਤਰ੍ਹਾਂ ਇਹ ਬਿੱਲ 9 ਜੁਲਾਈ 1925 ਨੂੰ ਪੰਜਾਬ ਕੌਂਸਲ ਵਿੱਚ ਪੇਸ਼ ਹੋ ਕੇ ਪਾਸ ਹੋਇਆ। ਪੰਜਾਬ ਦੇ ਗਵਰਨਰ ਨੇ 29 ਜੁਲਾਈ 1925 ਨੂੰ ਇਸ ਦੀ ਪ੍ਰਵਾਨਗੀ ਦਿੱਤੀ ਅਤੇ ਇਹ ਐਕਟ 1 ਨਵੰਬਰ 1925 ਤੋਂ ਲਾਗੂ ਹੋਇਆ ਅਤੇ ਇਹ ਗੁਰਦੁਆਰਾ ਐਕਟ 1925 ਦੇ ਨਾਮ ਨਾਲ ਜਾਣਿਆ ਗਿਆ।
ਨੋਟ: ਇੰਨੀਆਂ ਸ਼ਹਾਦਤਾਂ ਦੇ ਕੇ ਬਣੇ ਅਕਾਲੀ ਦਲ ਨੂੰ 1996 ਦੀ ਮੋਗਾ ਕਾਨਫਰੰਸ ਵਿੱਚ ਪੰਜਾਬੀ ਪਾਰਟੀ ਬਣਾ ਦਿੱਤਾ ਗਿਆ। ਸਿੱਖ ਸੰਸਥਾਵਾਂ ਦੇ ਘਾਣ ਦੀ ਸ਼ੁਰੂਆਤ ਇੱਥੋਂ ਹੀ ਹੁੰਦੀ ਹੈ। ਕਦੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਦੀ ਦਹਾੜ ਤੇ ਕੇਂਦਰ ਦੀਆਂ ਸਰਕਾਰਾਂ ਨੂੰ ਹੱਥਾਂ-ਪੈਰਾਂ ਦੀ ਪੈ ਜਾਂਦੀ ਸੀ ਤੇ ਅੱਜ ਬੰਦੀ ਸਿੰਘਾਂ ਦੀ ਰਿਹਾਈ ਲਈ ਗੱਲਬਾਤ ਦਾ ਸਮਾਂ ਵੀ ਨਹੀਂ ਮਿਲਦਾ, ਇੱਥੋਂ ਤਕ ਕਿ ਇਕ ਸਟੇਟ ਦਾ ਮੁੱਖ ਮੰਤਰੀ ਵੀ ਸ਼੍ਰੋਮਣੀ ਕਮੇਟੀ ਦੇ ਵਫ਼ਦ ਨੂੰ ਮਿਲਣ ਲਈ ਬਾਹਰ ਨਹੀਂ ਆਉਂਦਾ। ਅਜੋਕੇ ਸਮੇਂ ਵਿੱਚ ਜਿਨ੍ਹਾਂ ਨੇ ਅਕਾਲ ਤਖ਼ਤ ਸਾਹਿਬ ਦੀ ਸਰਵਉੱਚਤਾ 'ਤੇ ਪਹਿਰਾ ਦੇਣਾ ਸੀ ਉਨ੍ਹਾਂ ਵੱਲੋਂ ਹੀ ਅਕਾਲ ਤਖ਼ਤ ਸਾਹਿਬ ਨੂੰ ਚੁਣੌਤੀ ਦਿੰਦੇ ਹੋਏ 2 ਦਸੰਬਰ 2024 ਦੇ ਹੁਕਮਨਾਮੇ ਨਹੀਂ ਮੰਨੇ ਜਾਂਦੇ, ਸਗੋਂ ਅਕਾਲ ਤਖ਼ਤ ਸਾਹਿਬ ਅਤੇ ਬਾਕੀ ਤਖ਼ਤਾਂ ਦੇ ਜਥੇਦਾਰਾਂ ਨੂੰ ਜਲੀਲ ਕਰਕੇ ਘਰਾਂ ਨੂੰ ਤੋਰ ਦਿੱਤਾ ਜਾਂਦਾ ਹੈ। ਹੁਣ ਫੈਸਲਾ ਕੌਮ ਨੇ ਕਰਨਾ ਹੈ ਕਿ ਅਗਲੇ ਸੰਘਰਸ਼ ਦੀ ਰੂਪ ਰੇਖਾ ਕਿਵੇਂ ਵਿਢਣੀ ਹੈ ?