ਸਿੱਖ ਧਰਮ ਦੇ ਪ੍ਰਚਾਰ ਪਸਾਰ ਲਈ ਨਵੀਂ ਸੋਚ ਤੇ ਆਗੂਆਂ ਦੀ ਲੋੜ
ਕੌਮ ਦੀ ਤਰੱਕੀ ਤੇ ਖੁਸ਼ਹਾਲੀ ਲਈ ਦੂਰ ਅੰਦੇਸ਼ ਤੇ ਸਮਰਪਿਤ ਆਗੂ ਹੋਣਾ ਜ਼ਰੂਰੀ ਹੈ| ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਨੰਦੇੜ ਤੋਂ ਬਾਬਾ ਬੰਦਾ ਸਿੰਘ ਬਹਾਦਰ ਨੂੰ ਥਾਪੜਾ ਦੇ ਕੇ ਪੰਜਾਬ ਵੱਲ ਭੇਜਿਆ ਅਤੇ ਉਸ ਨਾਲ ਜ਼ਿੰਮੇਵਾਰ ਸਿੰਘ ਵੀ ਸਹਾਇਕ ਤੇ ਸਲਾਹਕਾਰ ਵਜੋਂ ਭੇਜੋ| ਪਰ ਬਾਬਾ ਬੰਦਾ ਸਿੰਘ ਬਹਾਦਰ ਦੀ ਚੜ੍ਹਤ ਸਮੇਂ ਹੀ, ਮੁਗਲ ਸਰਕਾਰ ਸਰਕਾਰ ਫੁੱਟ ਪਾਉਣ ਵਿੱਚ ਸਫ਼ਲ ਰਹੀ, ਨਤੀਜਾ ਬਾਬਾ ਬੰਦਾ ਸਿੰਘ ਬਹਾਦਰ ਗੁਰਦਾਸ ਨੰਗਲ ਦੀ ਗੜ੍ਹੀ ਵਿੱਚੋਂ, ਅੱਠ ਮਹੀਨੇ ਬਾਹਰੋਂ ਸਹਾਇਤਾ ਦੀ ਆਸ ਕਰਦਾ ਹੀ ਗ੍ਰਿਫਤਾਰ ਹੋ 1716 ਈ ਵਿਚ ਤਸੀਹੇ ਦੇ ਕੇ ਸਤ ਸੌ ਸਾਥੀਆਂ ਸਮੇਤ ਦਿੱਲੀ ਵਿਖੇ ਸ਼ਹੀਦ ਹੋ ਗਿਆ| ਜਿਸ ਸਿੰਘ ਨੇ, ਗੁਰੂ ਦੇ ਭਾਣੇ ਵਿੱਚ ਜ਼ਾਲਮਾ ਤੇ ਗੁਰੂ ਦੋਖੀਆਂ ਨੂੰ ਸਜ਼ਾ ਦਿੱਤੀ ਅਤੇ ਹਲੇਮੀ ਰਾਜ ਦਾ ਸੰਕਲਪ ਪ੍ਰਗਟ ਕਰਕੇ ਸ਼ਹੀਦੀ ਦਿਤੀ, ਨੂੰ ਸਿੱਖਾਂ ਦੇ ਇਕ ਧੜੇ ਨੇ ਕੌਮੀ ਗਦਾਰ ਵਝੋ ਪ੍ਰਚਾਰ ਦਿੱਤਾ| ਬੰਦਈ ਸਿੱਖਾਂ ਤੇ ਤੱਤ ਖਾਲਸਾ ਦੋ ਧੜੇ ਬਣਾ ਦਿੱਤੇ ਗਏ| ਪੱਲੇ ਤੱਤ ਖਾਲਸਾ ਦੇ ਵੀ ਕੁੱਝ ਨਹੀਂ ਪਿਆ| 
ਹੁਣ ਵਾਰੀ ਭਾਈ ਮਨੀ ਸਿੰਘ ਸਰਦਾਰ ਦਰਬਾਰਾ ਸਿੰਘ ਦੀ ਸੀ| ਭਾਈ ਮਨੀ ਸਿੰਘ ਨੂੰ ਵੀ ਸ਼ਹਾਦਤ ਦੇਣੀ ਪਈ| ਗੱਲ ਖਾਲਸਾ ਦੇ ਜੱਥੇ ਬਣ ਅੱਗੇ ਤੁਰੀ, ਜਿਨ੍ਹਾਂ ਦੇ ਕੁਲ ਮੈਬਰਾਂ ਦੀ ਗਿਣਤੀ ਪੰਜ ਹਜ਼ਾਰ ਤੋਂ ਵੀ ਘੱਟ ਸੀ| ਪਰ ਨਿਸ਼ਾਨਾ ਸਪਸ਼ਟ ਸੀ, ਖਾਲਸਾ ਇਕੱਠੇ ਬੈਠ ਕੇ, ਗੁਰਮਤਾ ਜਾਂ ਫੈਸਲਾ ਕਰ, ਗੁਰੂ ਚਰਨਾਂ ਵਿੱਚ ਉਸਦੀ ਪੂਰਤੀ ਲਈ ਅਰਦਾਸ ਕਰਕੇ ਅੱਗੇ ਵਧਦਾ ਸੀ ਕਿ ਨਿਆਂ ਦਾ ਰਾਜ ਕਾਇਮ ਕਰਨਾ ਤੇ ਮੁਗਲ ਰਾਜ ਦੀ ਜੜ੍ਹ ਪੁਟਨੀ| ਨਵਾਬ ਕਪੂਰ ਸਿੰਘ ਦੀ ਨਿਯੁਕਤੀ ਤੋਂ ਬਾਅਦ,ਇਕ ਆਗੂ ਹੇਠ, ਸਾਂਝੇ ਫੈਸਲੇ ਨੂੰ ਅੱਗੇ ਵਧਦਾ ਸੀ, ਇਸ ਲਈ ਕੁਰਬਾਨੀਆਂ ਦੇਣ ਸਮੇਂ, ਕੋਈ ਵੀ ਪਿੱਛੇ ਨਹੀਂ ਰਿਹਾ| ਫੈਸਲੇ ਗੁਰੂ ਦੀ ਹਾਜ਼ਰੀ ਵਿੱਚ ਸਰਬਸੰਮਤੀ ਨਾਲ ਹੁੰਦੇ ਸਨ, ਪਰ ਆਗੂ ਇਕ ਹੀ ਹੁੰਦਾ ਸੀ| ਗਿਆਰਾਂ ਮਿਸਲਾਂ ਨੇ ਵੀ ਬਾਬਾ ਜੱਸਾ ਸਿੰਘ ਆਹਲੂਵਾਲੀਆ ਨੂੰ ਸੁਲਤਾਨ ਉਲ ਕੌਮ ਥਾਪ ਉਨ੍ਹਾਂ ਦੀ ਅਗਵਾਈ ਹੇਠ ਲਾਹੌਰ, ਸਰਹਿੰਦ ਤੇ ਦਿੱਲੀ ਦੇ ਤਖ਼ਤ ਤੇ ਕਬਜ਼ਾ ਕੀਤਾ| 
ਆਪਸੀ ਫੁੱਟ ਤੋਂ ਬਚਣ ਲਈ ਬਾਬਾ ਜੱਸਾ ਸਿੰਘ ਆਹਲੂਵਾਲੀਆ ਨੇ 1783 ਈ ਵਿੱਚ ਦਿੱਲੀ ਦਾ ਤਖ਼ਤ ਜਿੱਤ ਕੇ ਵੀ, ਟੈਕਸ ਲਾ ਕੇ ਬਾਦਸ਼ਾਹ ਸ਼ਾਹ ਆਲਮ ਨੂੰ ਵਾਪਸ ਕਰ ਦਿੱਤਾ| 
ਬਾਬਾ ਜੱਸਾ ਸਿੰਘ ਆਹਲੂਵਾਲੀਆ ਤੋਂ ਬਾਅਦ ਮਿਸਲਾਂ ਵੀ ਆਪਸ ਵਿੱਚ ਟਕਰਾਉਣ ਲੱਗ ਪਈਆਂ, ਸਾਂਝਾਂ ਤੇ ਸਰਬ ਪਰਵਾਨਿਤ ਆਗੂ ਕੋਈ ਨਾ ਬਣ ਸਕਿਆ| ਕਾਨਪੁਰ, ਤਰਾਈ ਤੇ ਰਾਜਸ਼ਥਾਨ ਤੱਕ ਸਰਦਾਰੀ ਕਰਦਾ, ਖਾਲਸਾ ਇਕ ਆਗੂ ਨਾ ਹੋਣ ਕਾਰਨ ਪੰਜਾਬ ਤੱਕ ਹੀ ਸੀਮਤ ਹੋ ਗਿਆ| ਹੁਣ ਵਾਰੀ ਸ਼ੁਕਰਚਕੀਆ ਸਰਦਾਰ ਚੜਤ ਸਿੰਘ ਦੇ ਪੋਤਰੇ ਰਣਜੀਤ ਸਿੰਘ ਦੀ ਸੀ, ਜਿਸ ਨੇ ਸਰਦਾਰਨੀ ਸਦਾ ਕੌਰ ਨਾਲ ਮਿਲਕੇ,ਮੁੜ ਖਾਲਸਾ ਸ਼ਕਤੀ ਇਕੱਠੀ ਕਰਨ ਦੀ ਕੋਸ਼ਿਸ਼ ਕੀਤੀ, ਪਰ ਆਪੇ ਬਣੀ ਬਾਹਰਵੀਂ ਮਿਸਲ ਤੇ ਕੁਝ ਹੋਰ ਸਿੱਖ ਅੰਗਰੇਜ਼ਾਂ ਦੇ ਸ਼ਾਥੀ ਬਣ ਗਏ| 
ਮਹਾਰਾਜਾ ਰਣਜੀਤ ਸਿੰਘ ਜੀ ਨੇ ਉਸ ਸਮੇਂ ਦਰਾ ਖੈਬਰ ਤੋਂ ਰੋਪੜ ਤੱਕ ਵੱਡਾ ਰਾਜ ਕਾਇਮ ਕਰ ਲਿਆ, ਜਿਸਦੀਆਂ ਸਰਹੱਦਾਂ ਚੀਨ ਤੇ ਸਿੰਧ ਨਾਲ ਲੱਗਦੀਆਂ ਸਨ, ਪਰ ਕੌਮ ਵਿੱਚ, ਇਕ ਅੰਗਰੇਜ਼ ਸਰਕਾਰ ਦਾ ਵਫ਼ਾਦਾਰ ਧੜਾ ਵੀ ਪੈਦਾ ਹੋ ਗਿਆ| ਮਹਾਰਾਜਾ ਨੂੰ ਦਿੱਲੀ ਵੱਲ ਵਧਣ ਦੀ ਮਨਾਹੀ ਹੀ ਨਹੀਂ ਹੋਈ, ਬਲਕਿ ਜਿੱਤੇ ਹੋਏ ਕੁਝ ਇਲਾਕੇ ਵੀ ਖਾਲੀ ਕਰਨੇ ਪਏ| ਜੇਕਰ ਕੌਮ ਵਿੱਚ ਏਕਤਾ ਹੁੰਦੀ ਤਾਂ 1783 ਈ ਵਾਂਗ ਦਿੱਲੀ ਦੇ ਤਖ਼ਤ ਤੇ ਦੁਬਾਰਾ ਕਬਜ਼ਾ ਕਰਨਾ ਮਾਮੂਲੀ ਗੱਲ ਸੀ| 1839 ਈ ਵਿੱਚ ਮਹਾਰਾਜਾ ਰਣਜੀਤ ਸਿੰਘ ਦੇ ਅਕਾਲ ਚਲਾਣੇ ਨਾਲ ਹੀ, ਲਾਹੌਰ ਦਰਬਾਰ ਅੰਦਿਰ, ਅੰਗਰੇਜ਼ਾਂ ਦੇ ਸੂਹੀਏ ਤੇ ਸਾਥੀਆਂ ਨੇ ਸਾਜ਼ਿਸ਼ਾਂ ਸ਼ੁਰੂ ਕਰ ਦਿੱਤੀਆਂ| ਅਗਲੇ ਛੇ ਸਾਲਾਂ ਵਿੱਚ ਤਿੰਨ ਬਾਦਸ਼ਾਹ ਮਾਰੇ ਗਏ ਤੇ 1945- 1946 ਈ ਦੀ ਪਹਿਲੀ ਅੰਗਰੇਜ਼- ਖਾਲਸਾ ਜੰਗ ਤੋਂ ਬਾਅਦ, ਅੰਗਰੇਜ਼ੀ ਹਕੂਮਤ ਲਾਹੌਰ ਤੇ ਕਾਬਜ ਹੋ ਗਈ| ਫੇਰੂਸ਼ਹਿਰ ਦੀ ਜੰਗ ਸਮੇਂ , ਖਾਲਸਾ ਦੀ ਹਾਰ ਦਾ ਕਾਰਨ ਬਿਆਨ ਕਰਦਾ, ਸ਼ਾਹ ਮੁਹੰਮਦ ਲਿਖਦਾ ਹੈ ?-
ਪਹਾੜਾ ਸਿੰਘ ਸੀ ਯਾਰ ਫਰੰਗੀਆ ਦਾ
ਸਿੰਘਾ ਨਾਲ ਸੀ ਉਸ ਸੀ ਗੈਰਸਾਲੀ
ਉਸ ਨੇ ਜਾ ਫਰੰਗੀ ਨੂੰ ਖਬਰ ਦਿੱਤੀ
ਗੱਲ ਦੱਸ ਦਿੱਤੀ ਸਾਰੀ ਭੇਦ ਵਾਲੀ
ਏਥੋ ਹੋ ਗਿਆ ਹਰਨ ਹੈ ਖਾਲਸਾ ਜੀ
ਚੌਦਾ ਹੱਥ ਦੀ ਮਾਰ ਕੇ ਮਿਰਗਛਾਲੀ
ਸਾਹ ਮੁਹੰਮਦਾ ਸਾਂਭ ਲਓ ਤੋਪਖਾਨੇ
ਛੱਡ ਗਏ ਨੇ ਸਿੰਘ ਮੈਦਾਨ ਖਾਲੀ
ਪਹਾੜਾ ਸਿੰਘ ਖਾਲਸਾ ਫੌਜ ਦਾ ਸਾਥੀ ਤੇ ਰਹਿਬਰ ਨਹੀਂ ਬਣਿਆ| ਗੱਲ ਆਪਸੀ ਫੁੱਟ, ਕੌਮੀ ਰੂਪ ਵਿੱਚ ਇਕੱਠੇ ਹੋਣ ਦੀ ਥਾਂ, ਵਿਰੋਧੀਆਂ ਤੋਂ ਰਾਜਾ ਦਾ ਖਿਤਾਬ ਤੇ ਕੁਝ ਜ਼ਮੀਨ ਲੈ ਕੇ ਕੌਮੀ ਗਦਾਰੀ ਤੱਕ ਹੀ ਸੀਮਤ ਹੋ ਗਈ| 1849 ਈ ਵਿੱਚ ਲਾਹੌਰ ਦਰਬਾਰ ਤੇ ਕਬਜ਼ਾ ਤਾਂ ਇਕ ਛਲਾਵਾ ਸੀ ਅਸਲ ਕਬਜ਼ਾ ਤਾਂ ਪਹਿਲਾਂ ਹੀ ਹੋ ਗਿਆ ਸੀ, ਜਦੋਂ ਮਹਾਰਾਣੀ ਜਿੰਦਾਂ ਨੂੰ ਆਪਣੇ ਰਾਜ ਵਿੱਚ ਕੈਦ ਕਰ ਲਿਆ ਗਿਆ ਸੀ|
1849 ਈ ਤੋਂ ਬਾਅਦ ਅੰਗਰੇਜ਼ੀ ਹਕੂਮਤ ਨੇ, ਖਾਲਸਾ ਦੀ ਧਾਰਮਿਕ ਤੇ ਰਾਜਨੀਤਕ ਸ਼ਕਤੀ ਨੂੰ, ਸਿੱਖ ਸਰਦਾਰਾਂ ਰਾਹੀਂ ਹੀ ਬਰਬਾਦ ਕਰਵਾ ਦਿੱਤਾ| ਧਾਰਮਿਕ ਰੂਪ ਵਿੱਚ ਗੁਰੂ ਘਰਾਂ ਦਾ ਪ੍ਰਬੰਧ ਆਪਣੇ ਹੱਥਾਂ ਵਿੱਚ ਲੈ ਲਿਆ| ਸਰਬਰਾਹ ਜਾਂ ਮੈਨੇਜਰ ਸਰਕਾਰ ਨਿਯੁਕਤ ਕਰਨ ਲੱਗ ਪਈ| ਕੁੱਝ ਰਾਜੇ ਤੇ ਰਾਜ ਪਰਿਵਾਰ ਇਸਾਈ ਬਣ ਗਏ| ਬਾਕੀਆਂ ਨੇ ਅੰਗਰੇਜ਼ੀ ਜੀਵਨ ਸ਼ੈਲੀ ਅਪਣਾ ਲਈ| ਨਿਰਮਲ ਪੰਥ ਦਾ ਪ੍ਰਚਾਰ ਪ੍ਰਸਾਰ ਬੰਦ ਕਰਵਾ ਦਿੱਤਾ, ਕੁਝ ਫੌਜੀ ਬਾਬੇ ਬਣ ਵੱਖਰੇ ਡੇਰੇ ਦਾਰ ਤੇ ਟਕਸਾਲੀ ਬਣ ਗਏ| 
ਦੂਜੇ ਧਰਮਾਂ ਵਿਚੋਂ ਸਿੱਖ ਧਰਮ ਵਿੱਚ ਆਏ ਪਰਿਵਾਰਾਂ ਨੂੰ ਮੁੜ ਪਿਛਲੇ ਧਰਮ ਵੱਲ ਮੋੜਨ ਲਈ ਮੁਹਿੰਮਾਂ ਚੱਲ ਪਈਆਂ| 
ਪੰਜਾਬੀ ਸਮਾਜ ਜਿਸ ਵਿੱਚ ਸਿੱਖ ਪੈਦਾ ਹੁੰਦੇ ਸਨ ਨੂੰ ਵੰਡਣ ਦਾ ਕੰਮ ਵੀ ਨੀਤੀ ਨਾਲ ਹੋਇਆ| ਅੰਗਰੇਜ਼ ਹਕੂਮਤ ਨੇ ਲੇਖਕਾਂ ਨੂੰ ਵੀ ਫੁੱਟ ਪਾਉਣ ਦਾ ਕੰਮ ਸੌਂਪਿਆ ਤੇ ਉਸ ਵਿੱਚ ਉਹ ਕਾਮਯਾਬ ਵੀ ਹੋਏ| ਕੰਨਿਘਮ ਕੇ ਮੈਕਾਲਿਫ, ਲੈਪਲ ਅੱਜ ਵੀ ਪ੍ਰਵਾਨਿਤ ਇਤਿਹਾਸਕਾਰ ਮੰਨੇ ਜਾਂਦੇ ਹਨ| ਗੁਰੂ ਕਾਲ ਤੋਂ ਬਾਅਦ ਕੋਈ ਉਪਰਾਲਾ ਸੰਸਥਾ ਦੇ ਰੂਪ ਵਿੱਚ ਸਿੱਖ ਧਰਮ ਤੇ ਇਤਿਹਾਸ ਵਾਰੇ ਖੋਜ ਕਰਨ ਤੇ ਆਮ ਆਦਮੀ ਤੱਕ ਪਹੁੰਚਾਉਣ ਦਾ ਨਹੀਂ ਹੋਇਆ| ਸੋਹਨ ਲਾਲ ਸੂਰੀ ਵੱਲੋਂ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਸਮੇਂ ਲਿਖਿਆ ਇਤਿਹਾਸ ਵੀ ਹੋਰ ਖੋਜ ਲਈ ਨਾ ਤਾਂ ਪੜ੍ਹਾਇਆ ਜਾ ਰਿਹਾ ਹੈ ਅਤੇ ਨਾ ਹੀ ਆਮ ਆਦਮੀ ਤੱਕ ਪੁੱਜਿਆ ਹੀ ਹੈ| 
 ਸ਼੍ਰੀ ਦਰਬਾਰ ਸਾਹਿਬ ਨੇੜੇ, ਸ਼੍ਰੀ ਅਕਾਲ ਤਖਤ ਸਾਹਿਬ ਦੇ ਸਾਹਮਣੇ, ਖਾਲਸਾ ਸਰਦਾਰ ਇਕੱਠੇ ਹੋ, ਅਗਲੀਆਂ ਕਾਰਵਾਈਆਂ ਲਈ, ਅਠਾਰਵੀਂ ਸਦੀ ਵਿੱਚ ਗੁਰਮਤੇ ਕਰਕੇ ਉਨ੍ਹਾਂ ਦੀ ਸਫਲਤਾ ਲਈ ਅਰਦਾਸ ਕਰਕੇ ਕਾਰਜ ਆਰੰਭ ਕਰਦੇ ਸਨ| ਵੱਡੀਆਂ ਸਫਲਤਾਵਾਂ ਤੇ ਕੌਮੀ ਫੈਸਲੇ ਇਸ ਤਰ੍ਹਾਂ ਹੀ ਹੁੰਦੇ ਸਨ|  ਕੋਈ ਵੀ ਹੁਕਮਨਾਮਾ ਗੁਰੂ ਘਰਾਂ ਦੇ ਪੁਜਾਰੀ ਜਾਂ ਪ੍ਰਬੰਧਕ ਜਾਰੀ ਨਹੀਂ ਕਰਦੇ ਸਨ|
ਇਤਿਹਾਸਕਾਰਾਂ ਅਨੁਸਾਰ 1864 ਤੋਂ ਬਾਅਦ ਹੁਕਮਨਾਮੇ ਪੁਜਾਰੀਆਂ ਵੱਲੋਂ ਜਾਰੀ ਕੀਤੇ ਜਾਣੇ ਆਰੰਭ ਹੋਏ, ਪਰ ਕੌਮੀ ਏਕਤਾ, ਧਰਮ ਦਾ ਪ੍ਰਚਾਰ ਪ੍ਰਸਾਰ, ਵਿੱਦਿਆ ਜਾਂ ਰਾਜਨੀਤਕ ਸ਼ਕਤੀ ਮੁੜ ਪ੍ਰਪਾਤ ਕਰਨਾ ਕਦੇ ਵੀ ਇਨ੍ਹਾਂ ਆਦੇਸ਼ਾਂ ਦਾ ਵਿਸ਼ਾ ਨਹੀਂ ਰਿਹਾ| 1849 ਈ ਤੇ ਬਾਅਦ ਕੋਈ ਮਜ਼ਬੂਤ ਸਿੱਖ ਆਗੂ ਜਾਂ ਜਥੇਬੰਦੀ, ਅੰਗਰੇਜ਼ ਵਿਰੁੱਧ ਸਿੱਖ ਭਾਈਚਾਰੇ ਵਿਚੋ, ਖੜੀ ਨਹੀਂ ਹੋ ਸਕੀ| ਕੂਕਾ ਲਹਿਰ, ਸਿੰਘ ਸਭਾ ਲਹਿਰ ਅੰਗਰੇਜ਼ ਨੇ, ਫੁੱਟ ਪਾ ਕੇ ਜਾ ਸਖ਼ਤੀ ਨਾਲ ਦਬਾ ਦਿਤੀ| ਸਿੱਖ ਹਮਾਇਤੀ ਬਨਣ ਲਈ, ਚੀਫ ਖਾਲਸਾ ਦੀਵਾਨ ਬਣਾ ਕੇ, ਅੰਗਰੇਜ਼ ਪ੍ਰਸਤ ਸਿੱਖਾਂ ਲੀਡਰਾਂ ਨੇ, ਵਿੱਦਿਆ ਲਈ ਕੰਮ ਆਰੰਭ ਕੀਤਾ, ਪਰ ਇਹ ਵੱਡੇ ਸਰਦਾਰ ਆਮ ਆਦਮੀ ਤੋਂ ਦੂਰ ਸਨ|
1920 ਈ ਵਿੱਚ ਕੌਮ ਨੂੰ ਦੁਬਾਰਾ ਗੁਰਦੁਆਰਾ ਸੁਧਾਰ ਲਹਿਰ ਨੇ ਜਾਗ੍ਰਿਤ ਕੀਤਾ, ਕੁਰਬਾਨੀਆਂ ਦੇ ਕੇ ਇਤਿਹਾਸਕ ਗੁਰਦੁਆਰਿਆਂ ਦਾ ਪ੍ਰਬੰਧ , ਸਿੱਖ ਗੁਰਦੁਆਰਾ ਪ੍ਰਬੰਧਕ ਐਕਟ 1925 ਈ ਰਾਹੀਂ ਪ੍ਰਾਪਤ ਕਰ ਲਿਆ| ਇਹ ਸਮਾਂ ਸਿੱਖ ਧਰਮ ਦੇ ਪ੍ਰਚਾਰ ਪ੍ਰਸਾਰ ਲਈ ਕੰਮ ਕਰਨ ਦਾ ਸੀ| ਪਰ ਮਹਾਤਮਾ ਗਾਂਧੀ ਜੀ ਦੀ ਤਾਰ, ਕਿ ਸਿੱਖਾਂ ਨੇ ਅਜ਼ਾਦੀ ਦੀ ਪਹਿਲੀ ਜੰਗ ਜਿੱਤ ਲਈ ਹੈ, ਗੁਰਦੁਆਰਾ ਪ੍ਰਬੰਧ ਵਿੱਚ ਸੁਧਾਰ ਲਈ, ਅੱਗੇ ਹੋਏ ਆਗੂਆਂ ਨੂੰ, ਸਰਗਰਮ ਰਾਜਨੀਤੀ ਵੱਲ ਲੈ ਗਈ| ਸਿੱਖ ਧਰਮ ਅਤੇ ਰਾਜਨੀਤੀ ਦੇ ਸੁਮੇਲ ਦੇ ਚਰਚੇ, ਇਥੋਂ ਹੀ ਸ਼ੁਰੂ ਹੋਏ| ਇਸ ਤੋਂ ਪਹਿਲਾਂ ਬਾਬਾ ਬੰਦਾ ਸਿੰਘ ਬਹਾਦਰ, ਨਵਾਬ ਕਪੂਰ ਸਿੰਘ, ਸਰਦਾਰ ਜੱਸਾ ਸਿੰਘ ਆਹਲੂਵਾਲੀਆ, ਮਹਾਰਾਜਾ ਰਣਜੀਤ ਸਿੰਘ ਨੇ ਰਾਜ ਸ਼ਕਤੀ ਹੋਣ ਤੇ ਵੀ, ਦੂਜੇ ਭਰਾਵਾਂ ਵਿਰੁੱਧ ਕੋਈ ਹੁਕਮ ਨਾਮਾ ਜਾਰੀ ਨਹੀਂ ਕੀਤਾ ਅਤੇ ਨਾ ਹੀ ਗੁਰੂ ਘਰਾਂ ਰਾਹੀਂ ਰਾਜ ਨੀਤੀ ਕੀਤੀ|
ਰਾਜਨੀਤੀ ਵਿੱਚ ਲੱਗੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਆਗੂਆਂ ਨੂੰ, 1936 ਵਿੱਚ ਧਰਮ ਦੇ ਪਸਾਰ ਤੇ ਪ੍ਰਚਾਰ ਦੀ ਵਿਉਂਤਵੰਦੀ ਕਰਨ ਦਾ ਮੌਕਾ ਮਿਲਿਆ, ਜਦੋਂ ਡਾਕਟਰ ਅੰਬੇਦਕਰ ਦਾ ਰੁਝਾਨ ਸਿੱਖ ਧਰਮ ਅਪਨਾਉਣ ਵੱਲ ਹੋਇਆ, ਅਤੇ ਦੱਖਣ, ਪੱਛਮ ਤੇ ਮੱਧ ਭਾਰਤ ਵਿੱਚ ਪ੍ਰਚਾਰ ਕੇਂਦਰ ਸਥਾਪਤ ਕਰਨ ਦਾ ਫੈਸਲਾ ਕੀਤਾ ਗਿਆ| ਚੀਫ ਖਾਲਸਾ ਦੀਵਾਨ ਵਾਲੇ ਵੀ ਨਾਲ ਜੁੜੇ, ਪਰ ਇਸ ਵਾਰ ਵੀ ਅੰਬੇਦਕਰ ਦੇ ਪਿੱਛੇ ਹਟਣ ਦੇ ਨਾਲ ਹੀ, ਸਿੱਖ ਆਗੂ ਮੁੜ ਘਰ ਬੈਠ ਗਏ| 
ਆਜ਼ਾਦੀ ਤੋਂ ਬਾਅਦ,ਪਹਿਲਾਂ ਗੁਰਦੁਆਰਾ ਧਨ ਨਾਲ ਵਿਦੇਸ਼ਾਂ ਤੇ ਹੋਰ ਜਗ੍ਹਾ, ਵਿੱਦਿਆ ਲੈ ਕੇ ਬਣੇ ਅਕਾਲੀ ਰਾਜਸੀ ਆਗੂਆਂ ਨੂੰ, ਬਾਦ ਵਿੱਚ ਕਾਂਗਰਸ ਪਾਰਟੀ ਨਾਲ ਮਿਲਕੇ, ਪੰਜਾਬੀ ਭਾਸ਼ਾ ਤੇ ਸੂਬੇ ਦਾ ਵਿਰੋਧ ਕਰਨਾ , ਲਾਹੇਵੰਦ ਲੱਗਾ ਤੇ ਉਹ ਪੱਕੇ ਕਾਂਗਰਸੀ ਬਣ ਗਏ| ਦੂਜਿਆਂ ਨੇ ਲੋਕਤੰਤਰ ਵਿੱਚ ਕੁਰਸੀ ਹਾਸਲ ਕਰਨ ਲਈ ਗੁਰੂ ਘਰਾਂ ਤੋਂ ਮੋਰਚੇ ਆਰੰਭ ਕਰ ਦਿੱਤੇ| ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪਹਿਲਾਂ ਤੋਂ ਹੀ ਸਰਗਰਮ ਰਾਜਸੀ ਆਗੂ ਬਣਦੇ ਰਹੇ ਸਨ| ਹੁਣ ਪੱਕੇ ਤੌਰ ਤੇ ਧਰਮ ਤੇ ਸਿੱਖ ਰਾਜਨੀਤੀ ਭਾਰੀ ਹੋ ਗਈ| 
ਅੰਗਰੇਜ਼ ਰਾਜ ਵੇਲੇ ਸਰਬੱਤ ਖਾਲਸਾ ਜਾਂ ਪੰਜ ਪਿਆਰਿਆਂ ਦੀ ਥਾਂ, ਕੌਮ ਨੂੰ ਆਦੇਸ਼, ਉਪਦੇਸ਼ ਕਰਨ ਦੀ ਸ਼ਕਤੀ ਤਖ਼ਤ ਸਾਹਿਬਾਨ ਦੇ ਪੁਜਾਰੀਆਂ ਕੋਲ ਆ ਗਈ ਸੀ ਜੋ  ਇਹ ਪ੍ਰਥਾ ਅੱਜ ਵੀ ਚਾਲੂ ਹੈ  ਫਰਕ ਕੇਵਲ ਇਹ ਹੈ ਕਿ ਐਕਟ ਵਿੱਚ ਪੁਜਾਰੀ ਵਝੋਂ ਦਰਜ ਸੰਸਥਾ, ਜਥੇਦਾਰ ਅਖਵਾਉਣ ਲੱਗ ਪਈ ਹੈ| ਕਰਮਚਾਰੀ ਹੋਣ ਕਾਰਨ, ਜੇਕਰ ਹੁਕਮ ਨਾਮਾ ਹਾਕਮ ਦੀ ਮਰਜ਼ੀ ਦਾ ਹੋਵੇ ਤਾਂ ਠੀਕ ਹੈ, ਨਹੀਂ ਤਾਂ ਨੌਕਰੀ ਜਾਣ ਦਾ ਡਰ ਬਣਿਆ ਰਹਿੰਦਾ ਹੈ|
ਅਜਿਹੀ ਸਥਿਤੀ ਵਿੱਚ ਧਰਮ ਦਾ ਪ੍ਰਚਾਰ ਕਦੇ ਏਜੰਡੇ ਤੇ ਨਹੀਂ ਰਿਹਾ, ਇਹ ਨਵਾਂ ਵਿਸ਼ਵ ਧਰਮ ਗ੍ਰੰਥ, ਸ੍ਰੀ ਗੁਰੂ ਗ੍ਰੰਥ ਸਾਹਿਬ ਹੋਣਾ ਚਾਹੀਦਾ ਸੀ| ਭਾਰਤ ਤੇ ਵਿਦੇਸ਼ਾਂ ਦੀ ਹਰ ਭਾਸ਼ਾ ਵਿੱਚ, ਸਿੱਖ ਫ਼ਲਸਫ਼ਾ ਤੇ ਇਤਿਹਾਸ ਦੁਨਿਆ ਦੇ ਸਾਹਮਣੇ ਹੋਣਾ ਚਾਹੀਦਾ ਸੀ| 
ਅਠਾਰ੍ਹਵੀਂ ਸਦੀ ਵਿੱਚ ਸਿੰਘ ਆਪਣੇ ਬਚਾਅ ਲਈ, ਫੇਰ ਰਾਜ ਕਾਇਮ ਕਰਨ ਲਈ ਅਤੇ ਪਿਛਲੇ ਦੋ ਸੋ ਸਾਲ ਤੋਂ ਇੱਕ ਦੂਜੇ ਨੂੰ ਨੀਵਾਂ ਵਿਖਾਉਣ ਲਈ ਲੱਗੇ ਰਹੇ ਹਨ| 
ਇੱਕ ਸੋ ਪੰਜ ਸਾਲ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕੇਵਲ, ਇੱਕ ਸੋ ਹੀ ਸਿੱਖਿਆ ਸੰਸਥਾਵਾਂ ਬਣਾਈਆਂ ਹਨ| ਚੀਫ ਖਾਲਸਾ ਦੀਵਾਨ ਨੇ 123 ਸਾਲ ਵਿੱਚ ਪੰਜਾਹ ਤੋਂ ਵੀ ਘੱਟ ਵਿੱਦਿਅਕ ਸੰਸਥਾਵਾਂ ਖੋਲ੍ਹੀਆਂ ਹਨ| ਸਾਧਨਾਂ ਦੀ ਕੰਮੀ ਨਹੀਂ ਸਿੱਖ ਦਾਨ ਦੇਣ ਵਾਲੇ ਹਨ, ਨੀਅਤ ਤੇ ਨੀਤੀ ਦੀ ਘਾਟ ਹੈ|
ਇਸ ਤਰ੍ਹਾਂ ਰਾਜ ਨੀਤੀ ਤੇ ਸਿੱਖ ਧਰਮ ਵਿੱਚ ਕੀਤੇ ਗਏ ਮਿਲ ਗੋਬੇ ਨੇ, 1849 ਈ ਤੋਂ ਬਾਅਦ ਸਿੱਖ ਧਰਮ ਦੇ ਪ੍ਰਚਾਰ, ਪ੍ਰਸਾਰ ਤੇ ਰਾਜਨੀਤੀ ਨੂੰ ਗ੍ਰਹਿਣ ਲਾ ਦਿੱਤਾ ਹੈ| ਗੱਲ ਵਿਚਾਰ ਦੀ ਹੈ ਕਿ, ਗੁਰੂ ਸਾਹਿਬਾਨ ਨੇ ਰਾਜ ਨੀਤੀ ਸਿਖਾਈ ਸੀ, ਕੀਤੀ ਨਹੀਂ ਸੀ| ਬਾਬਾ ਬੰਦਾ ਸਿੰਘ ਬਹਾਦਰ ਸਮੇਤ ਸਿੰਘਾਂ ਨੇ, ਗੁਰੂ ਸਾਹਿਬ ਦੇ ਦੱਸੇ ਹੋਏ ਰਾਹ ਤੇ ਚਲਕੇ, ਰਾਜ ਕਾਇਮ ਕੀਤਾ ਸੀ ਪਰ ਧਰਮ ਸਥਾਨਾਂ ਤੇ ਕਬਜ਼ਾ ਨਹੀਂ ਸੀ ਕੀਤਾ| 
ਕਿਸੇ ਵੀ ਧਰਮ, ਸੰਸਥਾ ਤੇ ਸਮਾਜ ਦੀ ਅਗਵਾਈ ਲਈ ਇਕ ਨਾਇਕ ਜਾਂ ਹੀਰੋ ਹੋਣਾ ਲਾਜ਼ਮੀ ਹੈ| ਨਾਇਕ ਉਹ ਜਿਸ ਦੀਆਂ ਪ੍ਰਾਪਤੀਆਂ ਸ਼ਾਨਦਾਰ ਰਹੀਆਂ ਹੋਣ| ਪੂਜਾ ਅਕਾਲ ਕੀ, ਪਰਚਾ ਸ਼ਬਦ ਕਾ ਤੇ ਦਿਦਾਰ ਖਾਲਸਾ ਕਾ, ਅਕਾਲ ਦੀ ਪੂਜਾ, ਗਿਆਨ ਪ੍ਰਾਪਤੀ ਲਈ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵੱਲ ਹੁਕਮ ਸਪੱਸ਼ਟ ਹੈ| ਪਰ ਦਿਦਾਰ ਖਾਲਸਾ ਲਈ, ਇਕ ਉੱਤਮ ਗੁਣ ਤੇ ਪ੍ਰਾਪਤੀਆਂ ਵਾਲੇ ਵਿਅਕਤੀਆਂ ਨੂੰ ਆਦਰਸ਼ ਮੰਨਿਆ ਜਾ ਸਕਦਾ ਹੈ| ਬਾਬਾ ਬੰਦਾ ਸਿੰਘ ਬਹਾਦੁਰ, ਨਵਾਬ ਉਲ ਕੌਮ ਜੱਸਾ ਸਿੰਘ ਆਹਲੂਵਾਲੀਆ, ਸਰਦਾਰ ਚੜਤ ਸਿੰਘ, ਸਰਦਾਰ ਜੱਸਾ ਸਿੰਘ ਰਾਮਗੜ੍ਹੀਆ, ਮਹਾਰਾਜਾ ਰਣਜੀਤ ਸਿੰਘ, ਸਰਦਾਰ ਹਰੀ ਸਿੰਘ ਨਲਵਾ ਆਦਿ ਦਾ ਆਦਰਸ਼ ਜੀਵਨ ਮਾਰਗ ਦਰਸ਼ਕ ਹੋ ਸਕਦਾ ਹੈ, ਜਿਨ੍ਹਾਂ ਨੇ ਗੁਰੂ ਸਾਹਿਬਾਨ ਦੇ ਫ਼ਲਸਫ਼ੇ ਨੂੰ ਪ੍ਰਗਟ ਕਰ, ਨਿਆਂ ਦਾ ਰਾਜ ਹਲੇਮੀ ਰਾਜ ਕਾਇਮ ਕਰਨ ਤੇ ਬਚਾਉਣ ਲਈ ਕੰਮ ਕੀਤਾੀ
ਅੱਗੇ ਵਧਣ ਲਈ ਗੁਰੂ ਸਾਹਿਬਾਨ ਦੇ ਆਦੇਸ਼, ਉਪਦੇਸ਼ ਦੀ ਪਾਲਣਾ ਕਰਦਿਆਂ, ਪੁਰਾਣੇ ਨਾਇਕਾਂ ਦੇ ਜੀਵਨ ਤੋਂ ਸੇਧ ਲੈ ਰਾਜਨੀਤੀ ਚੱਲੇ, ਪਰ ਧਰਮ ਦੇ ਆਗੂਆਂ ਨੂੰ, ਗੁਰਮਤਿ ਵਿਚ, ਸਮਾਜ ਨੂੰ, ਵਰਜਿਤ ਕਰਮ ਕਾਂਡਾਂ ਤੋਂ ਬਾਹਰ ਕਡਕੇ, ਕੇਵਲ ਗੁਰਮਤਿ ਦੇ ਪ੍ਰਚਾਰ ਪ੍ਰਸਾਰ ਲਈ, ਸਮਾਜ ਵਿੱਚ ਵਿਚਰਨ ਦੀ ਲੋੜ ਹੈ| ਪਰ ਗੁਰੂ ਘਰ ਦਾ ਸ਼ਰਮਾਇਆ ਕੌਮ ਲਈ ਵਿੱਦਿਆ ਤੇ ਰੋਜ਼ਗਾਰ ਦੇ ਸਾਧਨ ਬਣਾਉਣ ਲਈ ਅਤੇ ਧਰਮ ਦੇ ਪ੍ਰਚਾਰ ਤੇ ਖੋਜ ਲਈ ਖਰਚ ਕੀਤਾ ਜਾਣਾ ਲਾਹੇਵੰਦ ਸਿੱਧ ਹੋਵੇਗਾ|
ਇਕਬਾਲ ਸਿੰਘ ਲਾਲਪੁਰਾ
ਚੇਅਰਮੈਨ ਨੈਸ਼ਨਲ ਮੈਨੋਰਿਟੀ ਕਮਿਸ਼ਨ