29 ਅਪ੍ਰੈਲ 2025 (ਮੰਗਲਵਾਰ) ਅੱਜ ਦੀਆਂ ਮੁੱਖ ਖਬਰਾਂ
 ਹਾਰਨ ਤੋਂ ਬਾਅਦ ਜਗਮੀਤ ਸਿੰਘ ਨੇ ਐੱਨਡੀਪੀ ਲੀਡਰ ਦੇ ਅਹੁਦੇ ਤੋਂ ਦਿੱਤਾ ਅਸਤੀਫ਼ਾ
ਕੈਨੇਡਾ ਦੀਆਂ ਸੰਸਦੀ ਚੋਣਾਂ 'ਤੇ ਕੈਨੇਡਾ ਹੀ ਨਹੀਂ ਪੂਰੀ ਦੁਨੀਆਂ ਦੀਆਂ ਨਿਗ੍ਹਾਹਾਂ ਟਿਕੀਆਂ ਹੋਈਆਂ ਸਨ ਤੇ ਇਸ ਦੇ ਨਤੀਜਿਆਂ ਦਾ ਵੀ ਬੇਸਬਰੀ ਦੇ ਨਾਲ ਇੰਤਜ਼ਾਰ ਕੀਤਾ ਜਾ ਰਿਹਾ ਸੀ।ਜਦੋਂ ਇਹਨਾਂ ਨਤੀਜਿਆਂ ਲਈ ਵੋਟਾਂ ਦੀ ਗਿਣਤੀ ਸ਼ੁਰੂ ਹੋਈ ਤਾਂ ਸ਼ੁਰੂਆਤੀ ਰੁਝਾਨਾਂ ਵਿੱਚ ਹੀ ਲਿਬਰਲ ਪਾਰਟੀ ਦੇ ਵਲੋਂ ਆਪਣਾ ਝੰਡਾ ਬੁਲੰਦ ਕਰ ਦਿੱਤਾ ਗਿਆ ਸੀ ਹਾਲਾਂਕਿ ਕੰਜ਼ਰਵੇਟਿਵ ਪਾਰਟੀ ਦੇ ਵਲੋਂ ਵੀ ਸਖ਼ਤ ਮੁਕਾਬਲਾ ਬਹੁਤ ਸਾਰੀਆਂ ਸੀਟਾਂ ਤੋਂ ਦਿੱਤਾ ਗਿਆ ਪਰ ਇਹਨਾਂ ਦੋਹਾਂ ਪਾਰਟੀਆਂ ਤੋਂ ਸਿਵਾਏ ਜਗਮੀਤ ਸਿੰਘ ਦੀ ਪਾਰਟੀ ਐੱਨਡੀਪੀ ਵੀ ਵੱਡਾ ਮੁਕਾਬਲਾ ਦੇਵੇਗੀ ਅਜਿਹੀਆਂ ਕਿਆਸਰਾਈਆਂ ਲਗਾਈਆਂ ਜਾ ਰਹੀਆਂ ਸਨ ਪਰ ਮੁਕਾਬਲਾ ਤਾਂ ਕੀ ਦੇਣਾ ਸੀ ਜਗਮੀਤ ਸਿੰਘ ਆਪਣੀ ਹੀ ਸੀਟ ਬਚਾ ਨਹੀਂ ਪਾਏ ਤੇ ਉਹਨਾਂ ਦੇ ਵਲੋਂ ਹੁਣ ਆਪਣੇ ਪਾਰਟੀ ਪ੍ਰਧਾਨ ਦੇ ਅਹੁਦੇ ਤੋਂ ਅਸਤੀਫ਼ਾ ਦਿੱਤੇ ਜਾਣ ਦਾ ਸਮਾਚਾਰ ਪ੍ਰਾਪਤ ਹੋ ਰਿਹਾ ਹੈ।
ਕੈਨੇਡਾ ਸੰਸਦੀ ਚੋਣਾਂ ਵਿਚ 22 ਪੰਜਾਬੀਆਂ ਨੇ ਗੱਡਿਆ ਜਿੱਤ ਦਾ ਝੰਡਾ
ਕੈਨੇਡਾ ਦੀਆਂ ਸੰਸਦੀ ਚੋਣਾਂ ਵਿਚ ਐਤਕੀਂ ਹਾਊਸ ਆਫ਼ ਕਾਮਨਜ਼ ਲਈ ਰਿਕਾਰਡ 22 ਪੰਜਾਬੀ ਚੁਣੇ ਗਏ ਹਨ। ਇਸ ਤੋਂ ਪਹਿਲਾਂ 2021 ਵਿਚ 18 ਪੰਜਾਬੀਆਂ ਨੇ ਜਿੱਤ ਪ੍ਰਾਪਤ ਕੀਤੀ, ਜਦੋਂ ਕਿ 2019 ਦੀਆਂ ਚੋਣਾਂ ਵਿੱਚ 20 ਪੰਜਾਬੀ ਚੁਣੇ ਗਏ ਸਨ। 
ਇਸ ਦੌਰਾਨ ਬਰੈਂਪਟਨ ਵਿੱਚ ਵੱਖ-ਵੱਖ ਪਾਰਟੀਆਂ ਤੋਂ ਪੰਜਾਬੀਆਂ ਨੇ ਪੰਜ ਸੀਟਾਂ ਜਿੱਤੀਆਂ ਹਨ। ਲਿਬਰਲ ਪਾਰਟੀ ਦੀ ਰੂਬੀ ਸਹੋਤਾ ਨੇ ਬਰੈਂਪਟਨ ਨੌਰਥ ਤੋਂ ਕੰਜ਼ਰਵੇਟਿਵ ਅਮਨਦੀਪ ਜੱਜ ਨੂੰ ਹਰਾਇਆ ਹੈ। ਲਿਬਰਲ ਉਮੀਦਵਾਰ ਮਨਿੰਦਰ ਸਿੱਧੂ ਨੇ ਬਰੈਂਪਟਨ ਈਸਟ ਤੋਂ ਕੰਜ਼ਰਵੇਟਿਵ ਉਮੀਦਵਾਰ ਬੌਬ ਦੋਸਾਂਝ ਨੂੰ ਹਰਾਇਆ ਹੈ। ਇਸ ਤੋਂ ਇਲਾਵਾ ਲਿਬਰਲ ਉਮੀਦਵਾਰ ਅਮਨਦੀਪ ਸੋਹੀ ਨੇ ਬਰੈਂਪਟਨ ਸੈਂਟਰ ਤੋਂ ਤਰਨ ਚਾਹਲ ਨੂੰ ਹਰਾਇਆ ਹੈ। ਉਧਰ ਇੱਥੋਂ 2 ਕੰਜ਼ਵੇਟਿਵ ਉਮੀਦਵਾਰਾਂ ਨੇ ਜਿੱਤ ਹਾਸਲ ਕੀਤੀ ਹੈ, ਜਿਨ੍ਹਾਂ ਵਿਚ ਕੰਜ਼ਰਵੇਟਿਵ ਉਮੀਦਵਾਰ ਸੁਖਦੀਪ ਕੰਗ ਨੇ ਬਰੈਂਪਟਨ ਸਾਊਥ ਤੋਂ ਲਿਬਰਲ ਉਮੀਦਵਾਰ ਸੋਨੀਆ ਸਿੱਧੂ ਨੂੰ ਅਤੇ ਅਮਰਜੀਤ ਗਿੱਲ ਨੇ ਬਰੈਂਪਟਨ ਵੈਸਟ ਤੋਂ ਮੌਜੂਦਾ ਮੰਤਰੀ ਕਮਲ ਖੇੜਾ ਨੂੰ ਹਰਾਇਆ ਹੈ।
ਨਵੰਬਰ 84 ਸਿੱਖ ਕਤਲੇਆਮ ਮਾਮਲੇ 'ਚ ਜਗਦੀਸ਼ ਟਾਈਟਲਰ ਅਦਾਲਤ ਅੰਦਰ ਹੋਏ ਪੇਸ਼
ਨਵੀਂ ਦਿੱਲੀ   (ਮਨਪ੍ਰੀਤ ਸਿੰਘ ਖਾਲਸਾ):- ਦਿੱਲੀ ਦੇ ਪੁਲਬੰਗਸ਼ ਇਲਾਕੇ ਵਿਚ 1 ਨਵੰਬਰ 1984 ਨੂੰ ਤਿੰਨ ਸਿੱਖਾਂ ਸਰਦਾਰ ਠਾਕੁਰ ਸਿੰਘ, ਬਾਦਲ ਸਿੰਘ ਅਤੇ ਗੁਰਚਰਨ ਸਿੰਘ ਜਿਨ੍ਹਾਂ ਨੂੰ ਗੁਰਦੁਆਰੇ ਵਿੱਚ ਮਾਰ ਦਿੱਤਾ ਗਿਆ ਸੀ, ਜਿਸ ਵਿੱਚ ਟਾਈਟਲਰ ਮੁੱਖ ਦੋਸ਼ੀ ਹੈ, ਦੇ ਕਤਲ ਮਾਮਲੇ ਵਿੱਚ ਬੀਤੇ ਕੁਝ ਦਿਨ ਪਹਿਲਾਂ ਦਿੱਲੀ ਕਮੇਟੀ ਦੇ ਸਾਬਕਾ ਪ੍ਰਧਾਨ ਸਰਦਾਰ ਮਨਜੀਤ ਸਿੰਘ ਜੀ.ਕੇ. ਦਾ ਬਿਆਨ ਦਰਜ ਕੀਤਾ ਗਿਆ ਸੀ । ਇਸ ਮਾਮਲੇ ਦੀ ਅਦਾਲਤ ਅੰਦਰ ਸੁਣਵਾਈ ਹੋਣੀ ਸੀ ਪਰ ਜੱਜ ਸਾਹਿਬ ਛੁੱਟੀ ਤੇ ਹੋਣ ਕਰਕੇ ਮਾਮਲੇ ਵਿਚ ਕਿਸੇ ਕਿਸਮ ਦੀ ਕਾਰਵਾਈ ਨਹੀਂ ਹੋ ਸਕੀ । ਇਸ ਮਾਮਲੇ ਵਿਚ ਨਾਮਜਦ ਕਾਂਗਰਸ ਨੇਤਾ ਜਗਦੀਸ਼ ਟਾਈਟਲਰ ਅਦਾਲਤ ਅੰਦਰ ਨਿੱਜੀ ਤੌਰ ਤੇ ਪੇਸ਼ ਹੋਏ ਸਨ। ਜਿਕਰਯੋਗ ਹੈ ਕਿ ਸਰਦਾਰ ਮਨਜੀਤ ਸਿੰਘ ਜੀਕੇ ਨੇ ਦਿੱਲੀ ਦੀ ਇੱਕ ਅਦਾਲਤ ਸਾਹਮਣੇ ਗਵਾਹੀ ਦਿੱਤੀ ਸੀ ਕਿ ਉਸਨੂੰ 2018 ਵਿੱਚ ਇੱਕ ਪੈੱਨ ਡਰਾਈਵ ਮਿਲੀ ਸੀ ਜਿਸ ਵਿੱਚ ਕਥਿਤ ਤੌਰ 'ਤੇ ਕਾਂਗਰਸੀ ਨੇਤਾ ਜਗਦੀਸ਼ ਟਾਈਟਲਰ ਦਾ 1984 ਦੇ ਸਿੱਖ ਵਿਰੋਧੀ ਦੰਗਿਆਂ ਦੌਰਾਨ 100 ਸਿੱਖਾਂ ਦੇ ਕਤਲੇਆਮ ਵਿੱਚ ਉਸਦੀ ਭੂਮਿਕਾ ਦਾ ਇਕਬਾਲੀਆ ਬਿਆਨ ਸੀ, ਜਿਸ ਵਿੱਚ ਨਿਆਂਇਕ ਨਿਯੁਕਤੀਆਂ ਅਤੇ ਵਿੱਤੀ ਲੈਣ-ਦੇਣ ਦੇ ਦਾਅਵੇ ਵੀ ਸ਼ਾਮਲ ਸਨ। ਅਦਾਲਤ ਅੰਦਰ ਚਲ ਰਹੇ ਮਾਮਲੇ ਦੀ ਅਗਲੀ ਸੁਣਵਾਈ 16 ਮਈ ਨੂੰ ਹੋਵੇਗੀ ।
ਨਵੰਬਰ 1984 ਕਾਨਪੁਰ ਸਿੱਖ ਕਤਲੇਆਮ ਦੇ ਮਾਮਲੇ ਦੀ ਸੁਪਰੀਮ ਕੋਰਟ ਵਿੱਚ ਕੀਤੀ ਗਈ ਸੁਣਵਾਈ: ਭੋਗਲ
ਨਵੀਂ ਦਿੱਲੀ   (ਮਨਪ੍ਰੀਤ ਸਿੰਘ ਖਾਲਸਾ):- ਜਥੇਦਾਰ ਕੁਲਦੀਪ ਸਿੰਘ ਭੋਗਲ ਆਲ ਇੰਡੀਆ ਦੰਗਾ ਪੀੜਤ ਰਾਹਤ ਕਮੇਟੀ 1984 ਦੇ ਪ੍ਰਧਾਨ ਨੇ ਪ੍ਰੈਸ ਨੂੰ ਦਿੱਤੇ ਬਿਆਨ ਵਿੱਚ ਕਿਹਾ ਕਿ ਅੱਜ ਨਵੰਬਰ 1984 ਦੇ ਕਾਨਪੁਰ ਸਿੱਖ ਕਤਲੇਆਮ ਮਾਮਲੇ ਦੀ ਸੁਪਰੀਮ ਕੋਰਟ ਅੰਦਰ ਜਨਹਿੱਤ ਪਟੀਸ਼ਨ ਰਿੱਟ ਨੰ. 45/47 ਉਪਰ ਜਸਟਿਸ ਸੂਰਿਆਕਾਂਤ ਦੀ ਅਗਵਾਈ ਵਾਲੇ ਡਿਵੀਜ਼ਨ ਬੈਂਚ ਦੁਆਰਾ ਸੁਣਵਾਈ ਕੀਤੀ ਗਈ। ਜਿਸ ਵਿੱਚ ਉੱਤਰ ਪ੍ਰਦੇਸ਼ ਸਰਕਾਰ ਨੇ ਮਾਣਯੋਗ ਅਦਾਲਤ ਨੂੰ ਦੱਸਿਆ ਕਿ ਇਸ ਮਾਮਲੇ ਵਿੱਚ ਅਪੀਲਾਂ ਦੀ ਸੁਣਵਾਈ ਇਲਾਹਾਬਾਦ ਹਾਈ ਕੋਰਟ ਵਿੱਚ ਸ਼ੁਰੂ ਹੋ ਗਈ ਹੈ ਅਤੇ ਇਨ੍ਹਾਂ ਮਾਮਲਿਆਂ ਦੀ ਸੁਣਵਾਈ ਕਾਨਪੁਰ ਵਿੱਚ ਹੋ ਰਹੀ ਹੈ। ਅਦਾਲਤ ਵਲੋਂ ਕੀਤੀ ਗਈ ਸੁਣਵਾਈ ਉਪਰੰਤ ਇੰਨ੍ਹਾ ਮਾਮਲਿਆਂ ਨੂੰ ਤੇਜ਼ੀ ਨਾਲ ਨਿਪਟਾਉਣ ਲਈ ਜਰੂਰੀ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਗਏ ਹਨ । ਇਸ ਕੇਸ ਦੇ ਪਟੀਸ਼ਨਰ ਕੁਲਦੀਪ ਸਿੰਘ ਭੋਗਲ, ਪ੍ਰਸੂਨ ਕੁਮਾਰ ਐਡਵੋਕੇਟ ਸੁਪਰੀਮ ਕੋਰਟ ਅਤੇ ਐਡਵੋਕੇਟ ਗੁਰਬਖਸ਼ ਸਿੰਘ ਕਾਨਪੁਰ ਅਦਾਲਤ ਵਿੱਚ ਅਗਲੀ ਸੁਣਵਾਈ ਦੌਰਾਨ ਪੇਸ਼ ਹੋ ਕੇ ਕੇਸ ਦੀ ਸਫ਼ਾਈ ਲਈ ਆਪਣਾ ਪੱਖ ਰੱਖਣਗੇ ।
ਗੁਰਸਿੱਖੀ ਨੂੰ ਫ਼ਿਲਮਾਂ ਦਾ ਵਿਸ਼ਾ ਬਣਾਉਣ ਦੀ ਇਜਾਜ਼ਤ ਮਿਲਦੀ ਰਹੀ ਤਾਂ ਇਹ ਗੁਰਸਿੱਖੀ ਦੀ ਮਹਾਨਤਾ ਤੇ ਬਹੁਤ ਵੱਡੇ ਸੰਕਟ ਨੂੰ ਆਪ ਸੱਦਣ ਜਿਹਾ ਹੋਵੇਗਾ: ਅਖੰਡ ਕੀਰਤਨੀ ਜੱਥਾ (ਵਿਸ਼ਵਵਿਆਪੀ)
👉 ਅਖੰਡ ਕੀਰਤਨੀ ਜੱਥੇ ਨੇ ਐਸਜੀਪੀਸੀ ਪ੍ਰਧਾਨ ਨੂੰ ਪੱਤਰ ਲਿਖ ਸਖ਼ਤ ਕਾਰਵਾਈ ਦੀ ਕੀਤੀ ਮੰਗ
ਨਵੀਂ ਦਿੱਲੀ  ਮਨਪ੍ਰੀਤ ਸਿੰਘ ਖਾਲਸਾ):- ਅਖੰਡ ਕੀਰਤਨੀ ਜੱਥਾ ਵਿਸ਼ਵਵਿਆਪੀ 31 ਮੈਂਬਰੀ ਕਮੇਟੀ ਅਤੇ ਅਖੰਡ ਕੀਰਤਨੀ ਜੱਥਾ (ਰਜਿ) ਨੇ ਐਸਜੀਪੀਸੀ ਪ੍ਰਧਾਨ ਸਰਦਾਰ ਹਰਜਿੰਦਰ ਸਿੰਘ ਧਾਮੀ ਨੂੰ ਸਿੱਖਾਂ ਦੇ ਅਕਸ ਨੂੰ ਵਿਗਾੜਦੀਆਂ ਫ਼ਿਲਮਾਂ, ਗੁਰੂ ਸਾਹਿਬਾਨ ਦੀਆਂ ਐਨੀਮੇਸ਼ਨ ਫ਼ਿਲਮਾਂ ਉਪਰ ਤੁਰੰਤ ਰੋਕ ਲਗਾਉਣ ਲਈ ਸਖ਼ਤ ਕਾਰਵਾਈ ਕਰਣ ਲਈ ਪੱਤਰ ਲਿਖਿਆ ਹੈ। ਅਖੰਡ ਕੀਰਤਨੀ ਜੱਥੇ ਦੇ ਬੁਲਾਰੇ ਭਾਈ ਆਰਪੀ ਸਿੰਘ ਅਤੇ 31 ਮੈਂਬਰੀ ਕਮੇਟੀ ਦੇ ਮੈਂਬਰ ਭਾਈ ਅਰਵਿੰਦਰ ਸਿੰਘ ਰਾਜਾ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਦਸਿਆ ਕਿ ਬੀਤੇ ਕੁਝ ਸਮੇਂ ਤੋਂ ਸਿੱਖ ਪੰਥ ਦਾ ਅਕਸ ਵਿਗਾੜ ਰਹੀਆਂ ਫ਼ਿਲਮਾਂ ਦਾ ਚਲਣ ਬਹੁਤ ਵੱਧ ਗਿਆ ਹੈ ਤੇ ਹੱਦ ਇਥੋਂ ਤਕ ਹੋ ਗਈ ਹੈ ਕਿ ਗੁਰੂ ਸਾਹਿਬਾਨ ਦੀਆਂ ਕਲਪਿਤ ਫੋਟੋਆਂ ਦੀ ਵੀ ਐਨੀਮੇਸ਼ਨ ਬਣ ਕੇ ਸਾਨੂੰ ਵੰਗਾਰ ਪਾ ਰਹੀਆਂ ਹਨ। ਗੁਰਸਿੱਖੀ ਸਦਾ ਹੀ ਸੰਸਾਰ ਦੀ ਪ੍ਰਚੱਲਤ ਧਾਰਾ ਤੋਂ ਵਖਰੀ ਤੇ ਰੌਸ਼ਨ ਹੋਂਦ ਵਾਲੀ ਰਹੀ ਹੈ। ਇਸ ਦਾ ਕਾਰਨ ਗੁਰੂ ਸਾਹਿਬਾਨ ਤੇ ਗੁਰਬਾਣੀ ਲਈ ਗੁਰਸਿੱਖਾਂ ਦਾ ਸਮਰਪਣ ਤੇ ਪ੍ਰੀਤ ਹੈ। ਇਹ ਅੰਤਰ ਅਵੱਸਥਾ ਤੋਂ ਬਣਦੀ ਹੈ ਕਿਸੇ ਬਾਹਰਲੀ ਪ੍ਰੇਰਣਾ ਤੋਂ ਨਹੀਂ। ਗੁਰਮਤਿ ਦਾ ਮਾਰਗ ਬਾਹਰਲੇ ਭੇਖ, ਤਮਾਸ਼ੇ, ਰਸ ਕਸ ਦਾ ਨਹੀਂ ਹੈ। ਇਸ ਨੇ ਹੀ ਧਰਮ ਦਾ ਘਾਣ ਕੀਤਾ ਸੀ ਤੇ ਇਸ ਤੋਂ ਬਾਹਰ ਕੱਢਣ ਲਈ ਹੀ ਬਾਬਾ ਨਾਨਕ ਜੀ ਨੇ ਅਵਤਾਰ ਧਾਰਿਆ। ਗੁਰਮਤਿ ਨੂੰ ਸਮਝਣ ਤੇ ਪ੍ਰੇਰਣਾ ਲਈ ਉਸ ਅਵਸਥਾ ਦੀ ਲੋੜ ਹੁੰਦੀ ਹੈ ਜਿਸ ਅੰਦਰ ਬਿਨਾ ਅੱਖਾਂ ਵੇਖਣ ਤੇ ਬਿਨਾ ਕੰਨਾਂ ਸੁਣਨ ਦਾ ਅਭਿਆਸ ਹੋ ਜਾਵੇ ''ਅਖੀ ਬਾਝਹੁ ਵੇਖਣਾ ਵਿਣੁ ਕੰਨਾ ਸੁਨਣਾ'' ਇਸ ਅਵਸਥਾ ਅੰਦਰ ਮਨੁੱਖ ਦੀਆਂ ਸਾਰੀਆਂ ਇੰਦਰੀਆਂ ਤੇ ਅੰਗਾਂ ਦਾ ਬਲ ਨਿੱਤਰ ਕੇ ਆਤਮਕ ਤਲ ਵਿਚ ਸਮੋਇਆ ਜਾਂਦਾ ਹੈ। ਸ੍ਰੀਰਕ ਅੰਗਾਂ ਤੇ ਇੰਦ੍ਰਿਆਂ ਦੀ ਜੁਗਤ ਨਾਲ ਆਤਮਕ ਪ੍ਰਾਪਤੀ ਨਹੀਂ ਹੁੰਦੀ ''ਦਿਸੈ ਸੁਣੀਐ ਜਾਣੀਐ ਸਾਉ ਨ ਪਾਇਆ ਜਾਇ'' ਗੁਰਮਤਿ ਤੇ ਗੁਰਸਿੱਖੀ ਅੰਤਰ ਅਵਸਥਾ ਦਾ ਵਿਸ਼ਾ ਹੈ, ਫ਼ਿਲਮਾਂ, ਨਾਟਕਾਂ ਚੇਟਕਾਂ ਦਾ ਨਹੀਂ। ਜੇ ਗੁਰਸਿੱਖੀ ਨੂੰ ਫ਼ਿਲਮਾਂ ਦਾ ਵਿਸ਼ਾ ਬਣਾਉਣ ਦੀ ਇਜਾਜ਼ਤ ਮਿਲਦੀ ਰਹੀ ਤਾਂ ਇਹ ਗੁਰਸਿੱਖੀ ਦੀ ਮਹਾਨਤਾ ਤੇ ਬਹੁਤ ਵੱਡੇ ਸੰਕਟ ਨੂੰ ਆਪ ਸੱਦਣ ਜਿਹਾ ਹੋਵੇਗਾ।
ਢੱਡਰੀਆਂਵਾਲੇ ਪ੍ਰਤੀ ਅਕਾਲ ਤਖ਼ਤ ਸਾਹਿਬ ਦੇ ਰੁਖ਼ ਵਿਚ ਨਰਮੀ ਕਿਉਂ
ਪਟਿਆਲਾ/ਅੰਮ੍ਰਿਤਸਰ- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਵੱਲੋਂ ਤਖ਼ਤ ਦੇ ਹੁਕਮਾਂ ਦੀ ਉਲੰਘਣਾ ਉਤੇ ਆਪਣੀ ਸਫ਼ਾਈ ਦੇਣ ਲਈ ਉੱਘੇ ਸਿੱਖ ਪ੍ਰਚਾਰਕ ਰਣਜੀਤ ਸਿੰਘ ਢੱਡਰੀਆਂਵਾਲੇ ਨੂੰ ਦਿੱਤੇ ਗਏ ਸੰਦੇਸ਼ ਨੂੰ ਉਨ੍ਹਾਂ ਨੂੰ ਪੰਜਾਬ ਵਿੱਚ ਧਰਮ-ਤਿਆਗ ਦੇ ਰੁਝਾਨ ਦਾ ਟਾਕਰਾ ਕਰਨ ਵਾਲੀਆਂ ਤਾਕਤਾਂ ਵਿੱਚ ਸ਼ਾਮਲ ਹੋਣ ਲਈ ਇੱਕ ਸੁਲ੍ਹਾ-ਸਫਾਈ ਵਾਲੇ ਕਦਮ ਵਜੋਂ ਦੇਖਿਆ ਜਾ ਰਿਹਾ ਹੈ। ਇਸ ਦੇ ਜਵਾਬ ਵਿੱਚ, ਢੱਡਰੀਆਂਵਾਲੇ ਨੇ ਗਿਆਨੀ ਗੜਗੱਜ ਵੱਲੋਂ ਸ਼ੁਰੂ ਕੀਤੀ ਗਈ ਸਿੱਖ ਧਰਮ ਪ੍ਰਚਾਰ ਮੁਹਿੰਮ ਵਿੱਚ ਸ਼ਾਮਲ ਹੋਣ ਦੀ ਆਪਣੀ ਇੱਛਾ ਪ੍ਰਗਟ ਕੀਤੀ ਹੈ।
ਰਣਜੀਤ ਸਿੰਘ ਢੱਡਰੀਆਂਵਾਲੇ, ਜੋ ਸਿੱਖ ਧਰਮ ਪ੍ਰਤੀ ਆਪਣੇ &lsquoਆਧੁਨਿਕ ਅਤੇ ਤਰਕਸ਼ੀਲ&rsquo ਨਜ਼ਰੀਏ ਲਈ ਜਾਣੇ ਜਾਂਦੇ ਹਨ, ਪਟਿਆਲਾ-ਸੰਗਰੂਰ ਹਾਈਵੇਅ &lsquoਤੇ ਸਥਿਤ ਗੁਰਦੁਆਰਾ ਪਰਮੇਸ਼ਰ ਦੁਆਰ ਦੀ ਅਗਵਾਈ ਕਰਦੇ ਹਨ, ਜੋ ਕਿ 33 ਏਕੜ ਵਿੱਚ ਫੈਲਿਆ ਹੋਇਆ ਹੈ। ਵਿਵਾਦਾਂ ਵਿਚ ਹੋਣ ਦੇ ਬਾਵਜੂਦ ਭਾਰਤ ਅਤੇ ਵਿਦੇਸ਼ਾਂ ਵਿੱਚ ਉਨ੍ਹਾਂ ਦੇ ਪੈਰੋਕਾਰਾਂ ਦੀ ਵੱਡੀ ਗਿਣਤੀ ਹੈ।
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਹਰਿਆਣਾ ਨੂੰ ਝਟਕਾ
 ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਹਰਿਆਣਾ ਨੂੰ ਭਾਖੜਾ ਨਹਿਰ ਰਾਹੀਂ ਦਿੱਤੇ ਜਾਣ ਵਾਲੇ ਪਾਣੀ ਵਿੱਚ ਵੱਡੀ ਕਟੌਤੀ ਕੀਤੀ ਗਈ ਹੈ। ਹੁਣ ਤੱਕ ਹਰਿਆਣਾ ਨੂੰ ਲਗਭਗ 9,500 ਕਿਊਸਿਕ ਜਾਂ 5,500 ਕਿਊਸਿਕ ਪਾਣੀ ਮਿਲਦਾ ਸੀ, ਪਰ ਹੁਣ ਇਹ ਘਟਾ ਕੇ ਕੇਵਲ 4,000 ਕਿਊਸਿਕ ਕਰ ਦਿੱਤਾ ਗਿਆ ਹੈ। ਇਹ ਫੈਸਲਾ ਲਗਭਗ 15 ਦਿਨ ਪਹਿਲਾਂ ਲਾਗੂ ਹੋਇਆ, ਜਿਸ ਕਾਰਨ ਹਰਿਆਣਾ ਦੇ ਕਈ ਜ਼ਿਲ੍ਹਿਆਂ, ਖ਼ਾਸ ਕਰਕੇ ਹਿਸਾਰ, ਫਤਿਹਾਬਾਦ, ਸਿਰਸਾ, ਰੋਹਤਕ ਅਤੇ ਮਹਿੰਦਰਗੜ੍ਹ ਵਿੱਚ ਪੀਣ ਅਤੇ ਸਿੰਚਾਈ ਵਾਲੇ ਪਾਣੀ ਦੀ ਕਮੀ ਆਉਣ ਦੀ ਸੰਭਾਵਨਾ ਹੈ। Also Read - ਕੈਨੇਡਾ ਵਿਚ 20 ਪੰਜਾਬੀਆਂ ਨੇ ਝੁਲਾਇਆ ਜਿੱਤ ਦਾ ਝੰਡਾ ਹਰਿਆਣਾ ਸਰਕਾਰ ਨੇ ਇਸ ਕਟੌਤੀ ਉੱਤੇ ਸਖ਼ਤ ਇਤਰਾਜ਼ ਜਤਾਇਆ ਹੈ। ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨਾਲ ਸੰਪਰਕ ਕਰਕੇ ਵਾਧੂ ਪਾਣੀ ਦੀ ਮੰਗ ਕੀਤੀ ਅਤੇ ਕਿਹਾ ਕਿ ਮਈ-ਜੂਨ ਵਿੱਚ ਹਰਿਆਣਾ ਨੂੰ ਪਿਛਲੇ ਸਾਲਾਂ ਵਾਂਗ 9,500 ਕਿਊਸਿਕ ਪਾਣੀ ਮਿਲਣਾ ਚਾਹੀਦਾ ਹੈ। ਉਨ੍ਹਾਂ ਨੇ ਮਨੁੱਖਤਾ ਦੇ ਆਧਾਰ 'ਤੇ ਘੱਟੋ-ਘੱਟ 8,500 ਕਿਊਸਿਕ ਪਾਣੀ ਦੀ ਮੰਗ ਵੀ ਰੱਖੀ।
ਪੰਜਾਬ ਸਰਕਾਰ ਨਸ਼ਾ ਮੁਕਤੀ ਯਾਤਰਾ ਸ਼ੁਰੂ ਕਰੇਗੀ
ਚੰਡੀਗੜ੍ਹ : ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਦੀ ਚੱਲ ਰਹੀ ਮੁਹਿੰਮ ਦੇ ਹਿੱਸੇ ਵਜੋਂ, ਸਰਕਾਰ ਹੁਣ ਨਸ਼ਾ ਛੁਡਾਊ ਯਾਤਰਾ ਸ਼ੁਰੂ ਕਰੇਗੀ। ਇਸ ਸਮੇਂ ਦੌਰਾਨ ਹਰ ਪਿੰਡ ਅਤੇ ਵਾਰਡ ਨੂੰ ਕਵਰ ਕੀਤਾ ਜਾਵੇਗਾ। 2 ਤੋਂ 4 ਮਈ ਤੱਕ ਸਾਰੇ ਜ਼ਿਲ੍ਹਿਆਂ ਵਿੱਚ ਮੀਟਿੰਗਾਂ ਕੀਤੀਆਂ ਜਾਣਗੀਆਂ। ਜਦੋਂ ਕਿ 7 ਮਈ ਤੋਂ ਹਰ ਪਿੰਡ ਅਤੇ ਵਾਰਡ ਵਿੱਚ ਇੱਕ ਜਨਤਕ ਮੀਟਿੰਗ ਹੋਵੇਗੀ। ਇਹ ਮੁਹਿੰਮ ਸਰਪੰਚ, ਪੁਲਿਸ ਅਤੇ ਪ੍ਰਸ਼ਾਸਨ ਵੱਲੋਂ ਸਾਂਝੇ ਤੌਰ 'ਤੇ ਚਲਾਈ ਜਾਵੇਗੀ। ਇਸ ਵਿੱਚ ਪਿੰਡ ਰੱਖਿਆ ਕਮੇਟੀਆਂ ਦਾ ਵੀ ਮਹੱਤਵਪੂਰਨ ਯੋਗਦਾਨ ਹੋਵੇਗਾ।
ਡੇਰਾ ਪ੍ਰੇਮੀਆਂ ਨੂੰ ਪਨੀਰ ਦੀ ਥਾਂ ਖਵਾਇਆ ਚਿਕਨ
 ਸ੍ਰੀ ਮੁਕਤਸਰ ਸਾਹਿਬ, ਕਵਿਤਾ : ਸ਼੍ਰੀ ਮੁਕਤਸਰ ਸਾਹਿਬ ਦੇ ਨਾਮੀ ਹੋਟਲ ਕਿੰਗ ਕਲਿਫ ਤੇ ਡੇਰਾ ਪ੍ਰੇਮੀਆਂ ਨੇ ਦੇਰ ਰਾਤ ਦੋਸ਼ ਲਗਾਉਂਦੇ ਹੋਏ ਕਿਹਾ ਕਿ ਅਸੀਂ ਪੈਰੀ ਪੈਰੀ ਪਨੀਰ ਦਾ ਆਰਡਰ ਦਿੱਤਾ ਸੀ ਤੇ ਸਟਾਫ ਨੇ ਸਾਨੂੰ ਪੈਰੀ ਪੈਰੀ ਚਿਕਨ ਲਿਆ ਦਿੱਤਾ ਜੋ ਕਿ ਅਸੀਂ ਡੇਰਾ ਸੱਚਾ ਸੌਦਾ ਦੇ ਪ੍ਰੇਮੀ ਹਾਂ ਸਾਡਾ ਹੋਟਲ ਵਾਲਿਆਂ ਨੇ ਧਰਮ ਭ੍ਰਿਸ਼ਟ ਕਰ ਦਿੱਤਾ ਜਦੋਂ ਅਸੀਂ ਇਹਨਾਂ ਨੂੰ ਸ਼ਿਕਾਇਤ ਕੀਤੀ ਤਾਂ ਇਹਨਾਂ ਦਾ ਕਹਿਣਾ ਸੀ ਕਿ ਅਸੀਂ ਤੁਹਾਨੂੰ ਬਿੱਲ ਮਾਫ ਕਰ ਦਿੰਦੇ ਹਾਂ। ਹਾਲਾਂਕਿ ਹੁਣ ਡੇਰਾ ਪ੍ਰੇਮੀਆਂ ਨੇ ਮੰਗ ਕੀਤੀ ਕਿ ਇਸ ਨਾਮੀ ਹੋਟਲ ਦੇ ਖਿਲਾਫ ਕਾਰਵਾਈ ਹੋਣੀ ਚਾਹੀਦੀ ਹਾ।
ਕੈਨੇਡਾ ਵਿਚ 20 ਪੰਜਾਬੀਆਂ ਨੇ ਝੁਲਾਇਆ ਜਿੱਤ ਦਾ ਝੰਡਾ
 ਔਟਵਾ : ਕੈਨੇਡਾ ਦੇ ਇਤਿਹਾਸਕ ਚੋਣ ਨਤੀਜਿਆਂ ਮਗਰੋਂ ਲਿਬਰਲ ਪਾਰਟੀ ਲਗਾਤਾਰ ਚੌਥੀ ਵਾਰ ਸੱਤਾ ਸੰਭਾਲਣ ਲਈ ਤਿਆਰ ਬਰ ਤਿਆਰ ਹੈ ਅਤੇ ਮਾਰਕ ਕਾਰਨੀ ਵੱਲੋਂ ਸਭਨਾਂ ਨੂੰ ਨਾਲ ਲੈ ਕੇ ਤੁਰਨ ਦਾ ਐਲਾਨ ਕੀਤਾ ਗਿਆ ਹੈ। ਕੈਨੇਡੀਅਨ ਚੋਣਾਂ ਵਿਚ ਪਹਿਲੀ ਵਾਰ ਹੋਇਆ ਹੈ ਜਦੋਂ ਵਿਰੋਧੀ ਧਿਰ ਵਜੋਂ ਚੋਣ ਲੜ ਰਹੀਆਂ ਦੋ ਪ੍ਰਮੁੱਖ ਪਾਰਟੀਆਂ ਦੇ ਆਗੂ ਚੋਣ ਹਾਰ ਗਏ। ਦੂਜੇ ਪਾਸੇ 45ਵੀਆਂ ਫੈਡਰਲ ਚੋਣਾਂ ਦੌਰਾਨ 20 ਪੰਜਾਬੀ ਜੇਤੂ ਰਹੇ ਅਤੇ ਬਰੈਂਪਟਨ ਸਣੇ ਕਈ ਰਾਈਡਿੰਗਜ਼ ਵਿਚ ਜਿੱਤ-ਹਾਰ ਦਾ ਫ਼ਰਕ ਬੇਹੱਦ ਮਾਮੂਲੀ ਰਿਹਾ। 343 ਸੀਟਾਂ ਵਾਲੇ ਹਾਊਸ ਆਫ਼ ਕਾਮਨਜ਼ ਵਿਚ ਲਿਬਰਲ ਪਾਰਟੀ ਨੂੰ 168 ਸੀਟਾਂ ਮਿਲੀਆਂ ਜਦਕਿ ਸਾਧਾਰਣ ਬਹੁਮਤ ਵਾਸਤੇ 172 ਸੀਟਾਂ ਲੋੜੀਂਦੀਆਂ ਸਨ। ਘੱਟ ਗਿਣਤੀ ਸਰਕਾਰ ਨੂੰ ਆਪਣਾ ਗੱਡਾ ਰੁੜਦਾ ਰੱਖਣ ਲਈ ਬਲੌਕ ਕਿਊਬੈਕਵਾ ਜਾਂ ਐਨ.ਡੀ.ਪੀ. ਦੇ ਸਾਥ ਦੀ ਜ਼ਰੂਰਤ ਹੋਵੇਗੀ। ਉਧਰ ਪਿਅਰੇ ਪੌਇਲੀਐਵ ਜਿਥੇ ਆਪਣੀ ਸੀਟ ਬਚਾਉਣ ਵਿਚ ਨਾਕਾਮ ਰਹੇ, ਉਥੇ ਹੀ ਪਾਰਟੀ ਨੂੰ ਵੀ ਜਿੱਤ ਦੇ ਕੰਢੇ ਤੱਕ ਨਾ ਪਹੰਚਾ ਸਕੇ। ਕੰਜ਼ਰਵੇਟਿਵ ਪਾਰਟੀ ਨੂੰ 144 ਸੀਟਾਂ ਨਾਲ ਵਿਰੋਧੀ ਧਿਰ ਦੇ ਬੈਂਚਾਂ &rsquoਤੇ ਬੈਠਣਾ ਹੋਵੇਗਾ।
ਮੇਹੁਲ ਚੋਕਸੀ ਨੇ ਦਾਇਰ ਕੀਤੀ ਨਵੀਂ ਪਟੀਸ਼ਨ
 ਬੈਲਜੀਅਮ ਦੇ ਅਧਿਕਾਰੀਆਂ 'ਤੇ ਕੁਦਰਤੀ ਨਿਆਂ ਦੀ ਉਲੰਘਣਾ ਦਾ ਦੋਸ਼ ਲਗਾਇਆ ਭਗੌੜੇ ਭਾਰਤੀ ਹੀਰਾ ਵਪਾਰੀ ਮੇਹੁਲ ਚੋਕਸੀ ਨੇ ਬੈਲਜੀਅਮ ਅਪੀਲ ਅਦਾਲਤ ਵਿੱਚ ਨਵੀਂ ਪਟੀਸ਼ਨ ਦਾਇਰ ਕਰਕੇ ਬੈਲਜੀਅਮ ਦੇ ਅਧਿਕਾਰੀਆਂ 'ਤੇ ਕੁਦਰਤੀ ਨਿਆਂ ਦੇ ਸਿਧਾਂਤਾਂ ਦੀ ਉਲੰਘਣਾ ਕਰਨ ਦੇ ਗੰਭੀਰ ਦੋਸ਼ ਲਗਾਏ ਹਨ। ਚੋਕਸੀ ਨੇ ਆਪਣੀ ਨਵੀਂ ਪਟੀਸ਼ਨ, ਜੋ ਕਿ ਉਸ ਦੀ ਬੈਲਜੀਅਨ ਕਾਨੂੰਨੀ ਟੀਮ ਵੱਲੋਂ ਐਡਵੋਕੇਟ ਵਿਜੇ ਅਗਰਵਾਲ ਦੀ ਮਦਦ ਨਾਲ ਤਿਆਰ ਕੀਤੀ ਗਈ, ਵਿੱਚ ਦਾਅਵਾ ਕੀਤਾ ਕਿ ਉਸਦੀ ਗ੍ਰਿਫ਼ਤਾਰੀ ਦੌਰਾਨ ਬੈਲਜੀਅਮ ਅਧਿਕਾਰੀਆਂ ਨੇ ਨਿਰਧਾਰਤ ਕਾਨੂੰਨੀ ਪ੍ਰਕਿਰਿਆਵਾਂ ਦੀ ਪਾਲਣਾ ਨਹੀਂ ਕੀਤੀ ਅਤੇ ਉਸਦੇ ਮੌਲਿਕ ਅਧਿਕਾਰਾਂ ਦੀ ਉਲੰਘਣਾ ਕੀਤੀ। ਚੋਕਸੀ ਨੇ ਗ੍ਰਿਫ਼ਤਾਰੀ ਪ੍ਰਕਿਰਿਆਵਾਂ ਵਿੱਚ ਬੇਨਿਯਮੀਆਂ ਅਤੇ ਮਨਮਾਨੀ ਦਾ ਹਵਾਲਾ ਦਿੰਦਿਆਂ ਆਪਣੀ ਤੁਰੰਤ ਰਿਹਾਈ ਦੀ ਮੰਗ ਕੀਤੀ ਹੈ। ਉਸਨੇ ਦਲੀਲ ਦਿੱਤੀ ਕਿ ਅਧਿਕਾਰੀਆਂ ਨੇ ਨਾ ਸਿਰਫ਼ ਬਣਦੀ ਪ੍ਰਕਿਰਿਆ ਦੀ ਅਣਦੇਖੀ ਕੀਤੀ, ਬਲਕਿ ਕੁਦਰਤੀ ਨਿਆਂ ਦੇ ਸਿਧਾਂਤਾਂ ਦੀ ਵੀ ਉਲੰਘਣਾ ਕੀਤੀ। ਹਾਲਾਂਕਿ, ਅਦਾਲਤ ਨੇ ਉਸਦੀ ਪਟੀਸ਼ਨ 'ਤੇ ਸੁਣਵਾਈ ਅਜੇ ਮੁਲਤਵੀ ਕਰ ਦਿੱਤੀ ਹੈ ਅਤੇ ਅਗਲੀ ਮਿਤੀ ਨਿਰਧਾਰਤ ਨਹੀਂ ਹੋਈ।