image caption: ਵਧਾਵਾ ਸਿੰਘ ਮੁੱਖ ਸੇਵਾਦਾਰ ਬੱਬਰ ਖਾਲਸਾ ਇੰਟਰਨੈਸ਼ਨਲ

ਅਕਾਲ ਤਖ਼ਤ ਸਾਹਿਬ ਦੇ ਮੁੱਖ ਸੇਵਾਦਾਰ (ਜਥੇਦਾਰ) ਦੇ ਅਹੁਦੇ ਲਈ ਪ੍ਰਸਤਾਵਿਤ ਵਿਧੀ ਵਿਧਾਨ

ਸਿੱਖ ਧਰਮ ਵਿੱਚ, ਭਗਤੀ ਤੇ ਸ਼ਕਤੀ ਅਤੇ ਧਰਮ ਤੇ ਰਾਜਨੀਤੀ ਦੇ ਸੁਮੇਲ ਦਾ ਇੱਕ ਬੁਨਿਆਦੀ ਸਿਧਾਂਤ ਹੈ, ਜਿਸਨੂੰ ਸਾਹਿਬ ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਨੇ ਸਥਾਪਤ ਕੀਤਾ ਸੀ । ਗੁਰੂ ਸਾਹਿਬ ਨੇ ਜਿੱਥੇ ਧਾਰਮਿਕ ਅਤੇ ਸਮਾਜਿਕ ਖੇਤਰ ਵਿੱਚ ਆਏ ਨਿਘਾਰ ਪ੍ਰਤੀ ਲੋਕਾਈ ਨੂੰ ਜਾਗਰਿਤ ਕੀਤਾ ਉੱਥੇ ਜ਼ਾਲਮ ਬਾਬਰ ਨੂੰ &lsquoਜਾਬਰ&rsquo ਕਹਿ ਕੇ ਉਸ ਸਮੇਂ ਦੀ ਰਾਜਨੀਤਿਕ ਸੱਤਾ ਨੂੰ ਵੀ ਵੰਗਾਰਿਆ । ਬ੍ਰਾਹਮਣਵਾਦੀਆਂ ਦੀ ਸ਼ਹਿ ਤੇ ਜ਼ਾਲਮ ਮੁਗਲ ਸਾਮਰਾਜ ਨੇ ਜਦੋਂ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਤੱਤੀ ਤਵੀ ਤੇ ਬਿਠਾ ਕੇ ਸ਼ਹੀਦ ਕੀਤਾ ਤਾਂ ਇਹ ਸਪੱਸ਼ਟ ਹੋ ਗਿਆ ਸੀ ਕਿ ਧਰਮ ਨੂੰ ਰਾਜਨੀਤਕ ਹਮਲਿਆਂ ਤੋਂ ਬਚਾਉਣ ਲਈ ਸ਼ਕਤੀ ਜ਼ਰੂਰੀ ਹੈ। ਇਸੇ ਕਰਕੇ ਛੇਵੇਂ ਪਾਤਸ਼ਾਹ, ਸਾਹਿਬ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਥਾਪਨਾ ਕੀਤੀ ਅਤੇ ਮੀਰੀ ਤੇ ਪੀਰੀ ਦੀਆਂ ਦੋ ਕਿਰਪਾਨਾਂ ਧਾਰਨ ਕੀਤੀਆਂ। ਸ੍ਰੀ ਹਰਿਮੰਦਰ ਸਾਹਿਬ (ਪੀਰੀ) ਦੇ ਸਾਹਮਣੇ ਸ੍ਰੀ ਅਕਾਲ ਤਖ਼ਤ ਸਾਹਿਬ (ਮੀਰੀ) ਦੀ ਹੋਂਦ ਅਤੇ ਦੋ ਨਿਸ਼ਾਨ ਸਾਹਿਬ, ਜਿਨ੍ਹਾਂ ਵਿੱਚੋਂ ਪੀਰੀ ਦਾ ਨਿਸ਼ਾਨ ਉੱਚਾ ਹੈ, ਇਹ ਦਰਸਾਉਂਦੇ ਹਨ ਕਿ ਸਿੱਖੀ ਵਿੱਚ ਰਾਜਨੀਤੀ ਹਮੇਸ਼ਾ ਧਰਮ ਦੀ ਅਗਵਾਈ ਅਤੇ ਨੈਤਿਕ ਕੁੰਡੇ ਹੇਠ ਚੱਲਣੀ ਚਾਹੀਦੀ ਹੈ। ਇਹ ਸੁਮੇਲ ਇੱਕ ਆਦਰਸ਼ਕ ਸਮਾਜ ਅਤੇ ਪਰਮ ਮਨੁੱਖ ਸਿਰਜਣ ਦਾ ਮਾਰਗ ਹੈ।
ਸਿੱਖ ਕੌਮ ਦੀ ਅੱਡਰੀ ਹੋਂਦ ਹਸਤੀ ਅਤੇ ਚੜ੍ਹਦੀ ਕਲਾ ਦੀ ਪ੍ਰਤੀਕ ਅਤੇ ਖ਼ਾਲਸਾ ਪੰਥ ਦੀ ਸਰਵਉੱਚ ਸੰਸਥਾ ਸ੍ਰੀ ਅਕਾਲ ਤਖ਼ਤ ਸਾਹਿਬ 'ਮੀਰੀ' ਅਤੇ 'ਪੀਰੀ' ਦੇ ਸਿਧਾਂਤ ਦਾ ਜੀਵੰਤ ਸਰੂਪ ਹੈ। ਇਹ ਸਥਾਨ ਸਿਰਫ਼ ਇੱਟਾਂ ਅਤੇ ਗਾਰੇ ਦੀ ਇਮਾਰਤ ਨਹੀਂ ਹੈ ਸਗੋਂ ਇੱਕ ਅਜਿਹਾ ਕੇਂਦਰੀ ਧੁਰਾ ਹੈ ਜਿੱਥੋਂ ਸਿੱਖ ਕੌਮ ਦੀ ਕਿਸਮਤ ਦੇ ਫੈਸਲੇ ਹੁੰਦੇ ਰਹੇ ਹਨ, ਜਿੱਥੇ ਖਾਲਸਾ ਪੰਥ ਵੱਲੋਂ ਗੁਰਬਾਣੀ ਦੇ ਫੁਰਮਾਨ ਹੋਇ ਇਕਤ੍ਰ ਮਿਲਹੁ ਮੇਰੇ ਭਾਈ&rsquo ਅਨੁਸਾਰ, ਗੁਰਮਤਿ ਦੀ ਰੋਸ਼ਨੀ ਵਿੱਚ ਪੰਥਕ ਮਸਲਿਆਂ ਦਾ ਹੱਲ ਕੱਢਿਆ ਜਾਂਦਾ ਰਿਹਾ ਹੈ, ਅਤੇ ਜਿੱਥੋਂ ਜਾਰੀ ਹੋਏ ਹੁਕਮਨਾਮਿਆਂ ਨੇ ਕੌਮ ਨੂੰ ਔਖੇ ਸਮਿਆਂ ਵਿੱਚ ਸੇਧ ਦਿੱਤੀ ਹੈ।
ਇਤਿਹਾਸ ਗਵਾਹ ਹੈ ਕਿ ਜਦੋਂ ਵੀ ਖ਼ਾਲਸਾ ਪੰਥ ਨੇ ਅਕਾਲ ਤਖ਼ਤ ਸਾਹਿਬ ਦੀ ਅਗਵਾਈ ਹੇਠ, ਸਰਬੱਤ ਖ਼ਾਲਸਾ ਦੇ ਰੂਪ ਵਿੱਚ ਇਕੱਤਰ ਹੋ ਕੇ, ਗੁਰਮਤਿ ਦੀ ਕਸਵੱਟੀ ਤੇ ਪਰਖ ਕੇ ਗੁਰਮਤੇ ਕੀਤੇ ਅਤੇ ਉਹਨਾਂ ਤੇ ਅਧਾਰਿਤ ਹੁਕਮਨਾਮਿਆਂ ਤੇ ਪਹਿਰਾ ਦਿੱਤਾ, ਤਾਂ ਕੌਮ ਨੇ ਬੁਲੰਦੀਆਂ ਦੀ ਸਿਖਰ ਛੂਹੀ । ਮੁਗ਼ਲ ਅਤੇ ਅਫ਼ਗਾਨ ਹਕੂਮਤਾਂ ਦੇ ਜ਼ੁਲਮਾਂ ਦਾ ਟਾਕਰਾ ਕਰਨ ਤੋਂ ਲੈ ਕੇ ਸਿੱਖ ਮਿਸਲਾਂ ਦੇ ਦੌਰ ਵਿੱਚ ਪੰਥਕ ਏਕਤਾ ਕਾਇਮ ਰੱਖਣ ਤੱਕ, ਅਕਾਲ ਤਖ਼ਤ ਸਾਹਿਬ ਨੇ ਇੱਕ ਮਜ਼ਬੂਤ ਕੇਂਦਰੀ ਸੰਸਥਾ ਵਜੋਂ ਭੂਮਿਕਾ ਨਿਭਾਈ।
ਸ੍ਰੀ ਅਕਾਲ ਤਖਤ ਸਾਹਿਬ ਦੀ ਮੌਜੂਦਾ ਸਥਿਤੀ ਇਸ ਸੰਸਥਾ ਦੇ ਇਤਿਹਾਸਕ ਅਤੇ ਸਿਧਾਂਤਿਕ ਆਦਰਸ਼ਾਂ ਤੋਂ ਕੋਹਾਂ ਦੂਰ ਹੈ ਪਿਛਲੇ ਲੰਮੇਂ ਸਮੇਂ ਤੋਂ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਰਬਸਾਂਝੀ ਅਗਵਾਈ ਦੇ ਸਿਧਾਂਤ ਉੱਤੇ ਪਹਿਰਾ ਨਹੀਂ ਦੇ ਸਕੇ ।ਕਮਜ਼ੋਰ ਅਗਵਾਈ ਤੋਂ ਸ਼ੁਰੂ ਹੋਇਆ ਇਹ ਨਿਘਾਰ ਅਜੋਕੇ ਸਮੇਂ ਵਿੱਚ ਗੰਭੀਰ ਸੰਕਟ ਵਿੱਚ ਤਬਦੀਲ ਹੋ ਗਿਆ ਹੈ । ਜਥੇਦਾਰ ਸਾਹਿਬਾਨ ਦੇ ਹਾਲ ਹੀ ਦੇ ਫੈਸਲਿਆਂ ਅਤੇ ਕਰਮਾਂ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸੰਸਥਾ ਨੂੰ ਢਾਹ ਹੀ ਲਾਈ ਹੈ । ਸ੍ਰੀ ਅਕਾਲ ਤਖਤ ਸਾਹਿਬ ਦੇ ਸਬੰਧ ਵਿੱਚ ਮੌਜੂਦਾ ਸੰਕਟ ਸਿਰਫ਼ ਪ੍ਰਬੰਧਕੀ ਨਹੀਂ, ਸਗੋਂ ਸਿਧਾਂਤਕ ਵੀ ਹੈ ਅਤੇ ਰੂਹਾਨੀ ਵੀ ਹੈ। ਇਸਦੇ ਕੁਝ ਪ੍ਰਮੁੱਖ ਕਾਰਨ ਇਸ ਪ੍ਰਕਾਰ ਹਨ :   
ਰਾਜਨੀਤਿਕ ਦਖਲਅੰਦਾਜ਼ੀ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਭੂਮਿਕਾ: ਸਿੱਖ ਗੁਰਦੁਆਰਾ ਐਕਟ, 1925 ਦੇ ਹੋਂਦ ਵਿੱਚ ਆਉਣ ਤੋਂ ਬਾਅਦ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਜਿਸਦਾ ਮੁੱਖ ਕਾਰਜ ਗੁਰਦੁਆਰਿਆਂ ਦਾ ਪ੍ਰਬੰਧ ਕਰਨਾ ਸੀ, ਹੌਲੀ-ਹੌਲੀ ਪੰਥਕ ਮਾਮਲਿਆਂ ਵਿੱਚ ਕੇਂਦਰੀ ਭੂਮਿਕਾ ਨਿਭਾਉਣ ਲੱਗ ਪਈ । ਭਾਰਤੀ ਸੰਵਿਧਾਨ ਅਧੀਨ ਚੋਣ ਪ੍ਰਣਾਲੀ ਰਾਹੀਂ ਬਣਨ ਵਾਲੀ ਕਮੇਟੀ ਨੇ ਆਪਣੇ ਆਪ ਨੂੰ ਪੰਥ ਦੀ ਸਿਰਮੌਰ ਸੰਸਥਾ ਜਾਂ ਮਿੰਨੀ ਪਾਰਲੀਮੈਂਟ ਹੋਣ ਦਾ ਦਾਅਵਾ ਕਰਨਾ ਸ਼ੁਰੂ ਕਰ ਦਿੱਤਾ । ਸਮੇਂ ਦੇ ਨਾਲ ਇਸ ਕਮੇਟੀ ਉੱਤੇ ਰਾਜਨੀਤਿਕ ਪਾਰਟੀਆਂ, ਖਾਸ ਕਰਕੇ ਸ਼੍ਰੋਮਣੀ ਅਕਾਲੀ ਦਲ (ਬਾਦਲ) ਦਾ ਪ੍ਰਭਾਵ ਇੰਨਾ ਵੱਧ ਗਿਆ ਕਿ ਇਸਨੇ ਸ੍ਰੀ ਅਕਾਲ ਤਖਤ ਸਾਹਿਬ ਦੀ ਭਾਵਨਾ ਅਤੇ ਅਧਿਕਾਰ ਖੇਤਰ ਉਤੇ ਆਪਣੀ ਅਜਾਰੇਦਾਰੀ ਕਾਇਮ ਕਰ ਲਈ। ਕਪਟੀ ਅਕਾਲੀ ਸਿਆਸਤ ਜੋ ਕਿ 'ਬਾਬੇਕਿਆਂ' ਦੀ ਨਾ ਹੋ ਕੇ ਚੰਦੂਕਿਆਂ' ਦੇ ਹੱਕ ਵਿੱਚ ਭੁਗਤ ਰਹੀ ਸੀ, ਨੇ ਜਥੇਦਾਰ ਦੀ ਨਿਯੁਕਤੀ, ਜੋ ਕਿ ਇਤਿਹਾਸਕ ਤੌਰ ਤੇ ਸਰਬੱਤ ਖ਼ਾਲਸਾ ਦਾ ਅਧਿਕਾਰ ਸੀ, ਸ਼੍ਰੋਮਣੀ ਕਮੇਟੀ ਦੀ ਕਾਰਜਕਾਰਨੀ ਕਮੇਟੀ ਰਾਹੀਂ ਆਪਣੇ ਹੱਥਾਂ ਵਿੱਚ ਲੈ ਲਈ । ਜਿਸ ਨਾਲ ਇਹ ਪਵਿੱਤਰ ਅਹੁਦਾ ਸਿਆਸੀ ਵਫ਼ਾਦਾਰੀਆਂ ਅਤੇ ਗੈਰ ਸਿਧਾਂਤਕ ਸਮਝੌਤਿਆਂ ਦੀ ਭੇਂਟ ਚੜ੍ਹ ਗਿਆ।
ਸਰਬੱਤ ਖ਼ਾਲਸਾ ਅਤੇ ਗੁਰਮਤੇ ਦੀ ਅਣਹੋਂਦ: ਸਰਬੱਤ ਖ਼ਾਲਸਾ ਦੀ ਸੰਸਥਾ, ਜੋ ਪੰਥਕ ਮਸਲਿਆਂ ਤੇ ਸਮੂਹਿਕ ਵਿਚਾਰ-ਵਟਾਂਦਰੇ ਅਤੇ ਸਰਬਸੰਮਤੀ ਨਾਲ ਫੈਸਲੇ ਲੈਣ ਦਾ ਪਲੇਟਫਾਰਮ ਸੀ, ਨੂੰ ਯੋਜਨਾਬੱਧ ਤਰੀਕੇ ਨਾਲ ਖਤਮ ਕੀਤਾ ਗਿਆ। ਸ੍ਰੀ ਅਕਾਲ ਤਖਤ ਸਾਹਿਬ ਦੀ ਸੰਸਥਾ ਨਾਲ ਸਰਬੱਤ ਖ਼ਾਲਸਾ, ਗੁਰਮਤਾ, ਹੁਕਮਨਾਮਾ ਅਤੇ ਪੰਜ ਪ੍ਰਧਾਨੀ ਰਵਾਇਤ ਦੇ ਸੰਕਲਪ ਜੁੜੇ ਹੋਏ ਹਨ ਜਿਨ੍ਹਾਂ ਨੂੰ ਮੌਜੂਦਾ ਪ੍ਰਬੰਧ ਨੇ ਅੱਖੋਂ ਪਰੋਖੇ ਕੀਤਾ । ਵੋਟਾਂ 'ਤੇ ਅਧਾਰਿਤ ਬਹੁ-ਸੰਮਤੀ ਪ੍ਰਣਾਲੀ ਨੇ ਗੁਰਮਤਿ ਦੀ 'ਸਰਬ-ਸੰਮਤੀ' ਵਾਲੀ ਭਾਵਨਾ ਨੂੰ ਖਤਮ ਕਰ ਦਿੱਤਾ।
ਜਥੇਦਾਰ ਦੀ ਨਿਯੁਕਤੀ ਦੀ ਪ੍ਰਕਿਰਿਆ ਵਿੱਚ ਖਾਮੀਆਂ: ਦੁਨਿਆਵੀ ਅਹੁਦਿਆਂ ਦੀ ਭੁੱਖ ਰੱਖਣ ਵਾਲੇ ਸਿਧਾਂਤਹੀਣ ਰਾਜਨੀਤਿਕਾਂ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਲਈ ਵਿਧੀ ਵਿਧਾਨ ਨਾ ਬਨਣ ਦਿੱਤਾ। ਨਤੀਜੇ ਵਜੋਂ, ਅਕਸਰ ਰਾਜਨੀਤਿਕ ਅਤੇ ਨਿੱਜੀ ਮੁਫਾਦਾਂ ਨੂੰ ਮੁੱਖ ਰੱਖਦਿਆਂ ਜਥੇਦਾਰ ਜੀਅ ਹਜ਼ੂਰੀਏ ਜਾਂ ਦੁਬੇਲ ਬਿਰਤੀ&rsquo ਵਾਲੇ ਵਿਅਕਤੀਆਂ ਨੂੰ ਬਣਾਇਆ ਗਿਆ । ਪਿਛਲੇ ਕੁਝ ਸਮੇਂ ਤੋਂ ਇਸ ਅਤਿ ਸਤਿਕਾਰਤ ਪਦਵੀ ਤੇ ਬੈਠੇ ਜਥੇਦਾਰ ਕਮਜ਼ੋਰ, ਰੂਹਾਨੀ ਤੌਰ ਤੇ ਕੱਚੇ, ਸਿਧਾਂਤਕ ਤੌਰ ਤੇ ਅਸਪੱਸ਼ਟ ਅਤੇ ਫੈਸਲੇ ਲੈਣ ਸਮੇਂ ਨਿਰਪੱਖ ਨਹੀਂ ਸਨ।
ਹੁਕਮਨਾਮੇ ਦੀ ਦੁਰਵਰਤੋਂ: ਹੁਕਮਨਾਮਾ, ਜੋ ਕਿ ਅਕਾਲ ਤਖ਼ਤ ਸਾਹਿਬ ਤੋਂ ਸਰਬੱਤ ਖ਼ਾਲਸਾ ਦੁਆਰਾ ਕੀਤੇ ਗੁਰਮਤੇ ਦੇ ਅਧਾਰ ਤੇ, ਪੰਜ ਪ੍ਰਧਾਨੀ ਪੰਚਾਇਤ ਦੀ ਸਹਿਮਤੀ ਅਤੇ ਜਥੇਦਾਰ ਦੇ ਦਸਤਖ਼ਤਾਂ ਨਾਲ ਜਾਰੀ ਹੋਣ ਵਾਲਾ ਪੰਥਕ ਹੁਕਮ ਹੈ, ਦੀ ਪ੍ਰਕਿਰਿਆ ਅਤੇ ਪਵਿੱਤਰਤਾ ਨੂੰ ਬੁਰੀ ਤਰ੍ਹਾਂ ਢਾਹ ਲਾਈ ਗਈ। ਕਈ ਮੌਕਿਆਂ ਤੇ, ਜਥੇਦਾਰਾਂ ਦੁਆਰਾ ਨਿੱਜੀ ਤੌਰ 'ਤੇ, ਸਿਆਸੀ ਦਬਾਅ ਹੇਠ, ਲਾਲਚ ਵਸ ਅਤੇ ਬਿਨਾਂ ਸਹੀ ਪ੍ਰਕਿਰਿਆ (ਸਰਬੱਤ ਖ਼ਾਲਸਾ, ਗੁਰਮਤਾ, ਪੰਜ ਪਿਆਰਿਆਂ ਦੀ ਸ਼ਮੂਲੀਅਤ) ਦੇ ਜਾਰੀ ਕੀਤੇ ਗਏ ਬਿਆਨਾਂ ਜਾਂ ਫੈਸਲਿਆਂ ਨੂੰ ਹੁਕਮਨਾਮਾ ਕਹਿ ਕੇ ਪੰਥ ਤੇ ਥੋਪਣ ਦੀ ਕੋਸ਼ਿਸ਼ ਕੀਤੀ ਗਈ। ਨਾਨਕਸ਼ਾਹੀ ਕੈਲੰਡਰ ਦਾ ਮਸਲਾ, ਡੇਰਾ ਸਿਰਸਾ ਮੁਖੀ ਨੂੰ ਬਿਨ ਮੰਗੀ ਮੁਆਫ਼ੀ, ਅਤੇ ਕਈ ਵਿਅਕਤੀਆਂ ਨੂੰ ਤਨਖਾਹੀਆ ਕਰਾਰ ਦੇਣ ਜਾਂ ਛੇਕਣ ਦੇ ਵਿਵਾਦਗ੍ਰਸਤ ਫੈਸਲਿਆਂ ਨੇ ਅਕਾਲ ਤਖ਼ਤ ਸਾਹਿਬ ਦੀ ਸ਼ਾਨ ਅਤੇ ਹੁਕਮਨਾਮੇ ਦੀ ਤਾਕਤ ਨੂੰ ਕਮਜ਼ੋਰ ਕੀਤਾ ਹੈ ਅਤੇ ਕੌਮ ਵਿੱਚ ਵੰਡੀਆਂ ਪਾਈਆਂ ਹਨ।
ਅਨਮਤੀ ਵਿਚਾਰਧਾਰਾਵਾਂ ਦਾ ਪ੍ਰਭਾਵ: ਸਿੱਖ ਪੰਥ ਮੌਜੂਦਾ ਸਮੇਂ ਵਿੱਚ ਬ੍ਰਾਹਮਣਵਾਦ ਦੇ ਸਿਧਾਂਤਕ ਅਤੇ ਵਿਚਾਰਧਾਰਕ ਹਮਲੇ ਦੀ ਮਾਰ ਹੇਠ ਹੈ । ਆਰ.ਐਸ.ਐਸ. ਵਰਗੀਆਂ ਸਿੱਖ ਵਿਰੋਧੀ ਹਿੰਦੂਤਵੀ ਸੰਸਥਾਵਾਂ ਸਿੱਖੀ ਦੇ ਨਿਆਰੇਪਣ ਨੂੰ ਖਤਮ ਕਰਨ ਦੇ ਨਾਪਾਕ ਨਿਸ਼ਾਨੇ ਉੱਤੇ ਕੰਮ ਕਰ ਰਹੀਆਂ ਹਨ । ਇਨ੍ਹਾਂ ਸੰਸਥਾਵਾਂ ਨੂੰ ਮੌਜੂਦਾ ਭਾਰਤ ਦੀ ਬ੍ਰਾਹਮਣਵਾਦੀ ਸਰਕਾਰ ਦੀ ਪੂਰੀ ਪੁਸ਼ਤਪਨਾਹੀ ਹੈ । ਸਿੱਖਾਂ ਦੇ ਬਹੁਤਾਤ ਮੌਜੂਦਾ ਸਿਆਸੀ ਅਤੇ ਧਾਰਮਿਕ ਆਗੂ ਇਸ ਵਿਚਾਰਧਾਰਾ ਦੇ ਪ੍ਰਭਾਵ ਹੇਠ ਕੰਮ ਕਰ ਰਹੇ ਹਨ, ਜਿਸ ਨਾਲ ਸਿੱਖ ਸਿਧਾਂਤਾਂ, ਮਰਯਾਦਾ ਅਤੇ ਸੰਸਥਾਵਾਂ ਨੂੰ ਨੁਕਸਾਨ ਪਹੁੰਚ ਰਿਹਾ ਹੈ।
2 ਦਸੰਬਰ ਨੂੰ ਸ੍ਰੀ ਅਕਾਲ ਤਖਤ ਸਾਹਿਬ ਉੱਤੋਂ ਹੋਏ ਫੈਸਲਿਆ ਤੋਂ ਬਾਅਦ ਜਿਸ ਤਰ੍ਹਾਂ ਸਿੱਖ ਵਿਰੋਧੀ ਅਕਾਲੀ ਦਲ ਬਾਦਲ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਆਦੇਸ਼ਾਂ ਨੂੰ ਨਕਾਰਿਆ ਹੈ ਤੇ ਜਥੇਦਾਰਾਂ ਦੀ ਗੈਰ ਸਿਧਾਂਤਿਕ ਤਬਦੀਲੀ ਕੀਤੀ ਹੈ ਉਸ ਤੋਂ ਸਿੱਖ ਪੰਥ ਦੇ ਮੌਜੂਦਾ ਸੰਕਟ ਦੀ ਗੰਭੀਰਤਾ ਦਾ ਸਹਿਜੇ ਹੀ ਅੰਦਾਜ਼ਾ ਲੱਗ ਸਕਦਾ ਹੈ । ਇਸ ਸਥਿਤੀ ਨੇ ਸਿੱਖ ਸੰਗਤ ਵਿੱਚ ਭਾਰੀ ਨਿਰਾਸ਼ਾ, ਰੋਸ ਅਤੇ ਭੰਬਲਭੂਸਾ ਪੈਦਾ ਕੀਤਾ ਹੈ। ਅੱਜ ਸ੍ਰੀ ਅਕਾਲ ਤਖ਼ਤ ਸਾਹਿਬ, ਜੋ ਕੌਮ ਦੀ ਏਕਤਾ ਅਤੇ ਸ਼ਕਤੀ ਦਾ ਸੋਮਾ ਹੋਣਾ ਚਾਹੀਦਾ ਸੀ, ਖੁਦ ਵਿਵਾਦਾਂ ਅਤੇ ਸਿਆਸੀ ਖਿੱਚੋਤਾਣ ਦਾ ਕੇਂਦਰ ਬਣ ਗਿਆ ਹੈ। 
ਸਾਡੀ ਜਾਚੇ ਪੰਥ ਦੇ ਮੌਜੂਦਾ ਮਸਲਿਆਂ ਦਾ ਹੱਲ ਸਿਧਾਂਤਕ ਪ੍ਰਪੱਕਤਾ ਅਤੇ ਪੰਥਕ ਏਕਤਾ ਵਿੱਚ ਹੈ ਜੋ ਕਿ ਸ੍ਰੀ ਅਕਾਲ ਤਖਤ ਸਾਹਿਬ ਦੀ ਛਤਰ ਛਾਇਆ ਹੇਠ ਹੀ ਹੋ ਸਕਦੀ ਹੈ । ਅਕਾਲ ਤਖ਼ਤ ਸਾਹਿਬ ਦੀ ਸਰਬਉੱਚਤਾ, ਪਵਿੱਤਰਤਾ ਅਤੇ ਪ੍ਰਭੁਸਤਾ ਨੂੰ ਬਹਾਲ ਕਰਨ ਲਈ, ਅਤੇ ਜਥੇਦਾਰ ਦੇ ਅਹੁਦੇ ਨੂੰ ਸਿਆਸੀ ਦਖਲਅੰਦਾਜ਼ੀ ਤੋਂ ਮੁਕਤ ਕਰਕੇ ਇਸਦੀ ਸ਼ਾਨ ਨੂੰ ਮੁੜ ਸੁਰਜੀਤ ਕਰਨ ਲਈ, ਇੱਕ ਵਿਆਪਕ, ਸਿਧਾਂਤਕ ਅਤੇ ਪਾਰਦਰਸ਼ੀ ਨਿਯਮਾਂਵਲੀ ਹੋਣੀ ਅਤਿ ਜ਼ਰੂਰੀ ਹੈ। ਇਹ ਨਿਯਮਾਂਵਲੀ ਅਕਾਲ ਤਖ਼ਤ ਸਾਹਿਬ ਦੀ ਸਰਵਉੱਚਤਾ ਅਤੇ ਜਥੇਦਾਰ ਦੇ ਅਹੁਦੇ ਦੀ ਆਭਾ ਨੂੰ ਬੁਲੰਦ ਰੱਖਣ ਲਈ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਰਹਿਨੁਮਾਈ ਅਤੇ ਸਰਬੱਤ ਖ਼ਾਲਸਾ ਦੀ ਭਾਵਨਾ ਅਨੁਸਾਰ ਤਿਆਰ ਕੀਤੀ ਜਾਵੇ, ਤਾਂ ਜੋ ਇਹ ਸੰਸਥਾ ਪੰਥ ਦੀ ਚੜ੍ਹਦੀ ਕਲਾ ਲਈ ਨਿਰਪੱਖ ਅਤੇ ਪ੍ਰਭਾਵਸ਼ਾਲੀ ਢੰਗ ਨਾਲ ਕਾਰਜ ਕਰ ਸਕੇ।
ਸਿੱਖ ਕੌਮ ਦੀ ਅਜ਼ਾਦੀ ਦੀ ਲਈ ਕੁਰਬਾਨੀਆਂ ਕਰਦਿਆਂ ਸਿੱਖ ਪੰਥ ਦਾ ਮਾਣਮੱਤਾ ਹਿੱਸਾ ਹੁੰਦਿਆਂ ਅਤੇ ਅਸੀਂ ਮੌਜੂਦਾ ਸਥਿਤੀ ਤੋਂ ਚਿੰਤਤ ਹਾਂ ਅਤੇ ਦੀਰਘ ਵਿਚਾਰਾਂ ਉਪਰੰਤ ਜਥੇਦਾਰਾਂ ਦੇ ਵਿਧੀ ਵਿਧਾਨ ਲਈ ਪ੍ਰਸਤਾਵ ਪੰਥ ਸਾਹਮਣੇ ਰੱਖ ਰਹੇ ਹਾਂ । ਆਸ ਹੈ ਕਿ ਮਿਲ ਬੈਠ ਕੇ ਪੰਥ ਇਕ ਸਰਬ ਪ੍ਰਵਾਨਿਤ ਵਿਧੀ ਵਿਧਾਨ ਉੱਤੇ ਸਹਿਮਤੀ ਬਣਾਵੇਗਾ ਅਤੇ ਪੰਥ ਚੜ੍ਹਦੀ ਕਲਾ ਦੇ ਰਾਹ ਤੇ ਗਾਮਜ਼ਨ ਹੋਵੇਗਾ ।  
ਪ੍ਰਸਤਾਵਨਾ
ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਗੁਰਿਆਈ ਗੁਰੂ ਗ੍ਰੰਥ ਅਤੇ ਗੁਰੂ ਪੰਥ ਨੂੰ ਬਖਸ਼ੀ ਹੈ । ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਸਿਖਿਆਵਾਂ ਦੀ ਰੋਸ਼ਨੀ ਵਿੱਚ ਹੀ ਪੰਥ ਨੇ ਵਿਚਰਨਾ ਹੈ । ਸਿੱਖ ਸਿਧਾਂਤਾਂ ਅਨੁਸਾਰ ਪੰਜ ਹੀ ਪ੍ਰਵਾਨ ਅਤੇ ਪ੍ਰਧਾਨ ਹਨ । ਸੋ ਪੰਜ ਪ੍ਰਧਾਨੀ ਵਿਧਾਨ ਅਨੁਸਾਰ ਸ੍ਰੀ ਅਕਾਲ ਤਖਤ ਸਾਹਿਬ ਉੱਤੇ, ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਪੰਜ ਗੁਰਮੁਖ ਜਨਾਂ ਵੱਲੋਂ ਗੁਰੂ ਦੀ ਬਖਸ਼ੀ ਮਤ ਅਨੁਸਾਰ ਲਏ ਗਏ ਫੈਸਲੇ ਹੀ ਪੰਥ ਪ੍ਰਵਾਨਿਤ ਹੋ ਸਕਦੇ ਹਨ । ਇਨ੍ਹਾਂ ਪੰਜਾਂ ਸਿੰਘਾਂ ਦਾ ਮੁਖੀ ਹੀ ਪੰਥ ਦੀ ਅਗਵਾਈ ਕਰਦਾ ਹੈ ਅਤੇ ਉਹ ਮੁਖ ਸੇਵਾਦਾਰ ਕਹਲਾਉਂਦਾ ਹੈ । ਸ੍ਰੀ ਅਕਾਲ ਤਖਤ ਸਾਹਿਬ ਦੇ ਮੁਖ ਸੇਵਾਦਾਰ ਨੂੰ ਮੌਜੂਦਾ ਸਮਿਆਂ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਦਾ ਜਥੇਦਾਰ ਕਹਿ ਕੇ ਸੰਬੋਧਨ ਕੀਤਾ ਜਾਂਦਾ ਹੈ ।            
ਭਾਗ 1: ਸ੍ਰੀ ਅਕਾਲ ਤਖਤ ਸਾਹਿਬ ਦੇ ਮੁੱਖ ਸੇਵਾਦਾਰ (ਜਥੇਦਾਰ) ਦੀਆਂ ਯੋਗਤਾਵਾਂ
ਅਕਾਲ ਤਖ਼ਤ ਸਾਹਿਬ ਦੇ ਮੁੱਖ ਸੇਵਾਦਾਰ (ਜਥੇਦਾਰ) ਅੰਦਰ ਹੇਠ ਲਿਖੀਆਂ ਯੋਗਤਾਵਾਂ ਦਾ ਹੋਣਾ ਲਾਜ਼ਮੀ ਹੈ:
    &bull ਅੰਮ੍ਰਿਤਧਾਰੀ ਅਤੇ ਗੁਰਸਿੱਖੀ ਜੀਵਨ ਦਾ ਧਾਰਨੀ ਹੋਵੇ ਅਤੇ ਸਿੱਖੀ ਸਿਧਾਂਤਾਂ ਨੂੰ ਪ੍ਰਣਾਇਆ ਹੋਵੇ।
    &bull ਮੀਰੀ ਅਤੇ ਪੀਰੀ ਦੇ ਸਿਧਾਂਤ ਦੀ ਸਹੀ ਸਮਝ ਅਤੇ ਇਸਨੂੰ ਲਾਗੂ ਕਰਨ ਦੀ ਯੋਗਤਾ ਰੱਖਦਾ ਹੋਵੇ।
    &bull ਗੁਰਬਾਣੀ, ਸਿੱਖ ਇਤਿਹਾਸ, ਸਿੱਖ ਫਲਸਫੇ ਅਤੇ ਸਿੱਖ ਰਹਿਤ ਮਰਯਾਦਾ ਦਾ ਡੂੰਘਾ ਅਤੇ ਪ੍ਰਮਾਣਿਕ ਗਿਆਨ ਰੱਖਦਾ ਹੋਵੇ।
    &bull ਇਮਾਨਦਾਰ, ਨਿਡਰ, ਗ੍ਰਹਿਸਤੀ ਅਤੇ ਉੱਚੇ ਚਰਿੱਤਰ ਦਾ ਮਾਲਕ ਹੋਵੇ।
    &bull ਨਿਸ਼ਕਾਮ ਸੇਵਾ ਦੀ ਭਾਵਨਾ ਅਤੇ ਨਿੱਜੀ ਲਾਲਸਾਵਾਂ ਤੋਂ ਮੁਕਤ ਹੋਵੇ ।
    &bull ਸੰਜਮ, ਸਹਿਣਸ਼ੀਲਤਾ ਅਤੇ ਦੂਰਅੰਦੇਸ਼ੀ ਵਾਲਾ ਹੋਵੇ।
    &bull ਪੰਥ ਨੂੰ ਦਰਪੇਸ਼ ਸਮਕਾਲੀ ਧਾਰਮਿਕ, ਸਮਾਜਿਕ, ਆਰਥਿਕ, ਰਾਜਨੀਤਿਕ ਅਤੇ ਸਦਾਚਾਰਕ ਮਸਲਿਆਂ ਦੀ ਡੂੰਘੀ ਸਮਝ ਰੱਖਦਾ ਹੋਵੇ ।
    &bull ਗੁੰਝਲਦਾਰ ਮੁੱਦਿਆਂ ਦਾ ਵਿਸ਼ਲੇਸ਼ਣ ਕਰਨ ਅਤੇ ਗੁਰਮਤਿ ਅਨੁਸਾਰੀ ਹੱਲ ਕੱਢਣ ਦੀ ਯੋਗਤਾ ਰੱਖਦਾ ਹੋਵੇ।
    &bull ਵਿਸ਼ਵ ਭਰ ਵਿੱਚ ਵਸਦੇ ਸਿੱਖਾਂ ਦੀਆਂ ਭਾਵਨਾਵਾਂ ਅਤੇ ਉਨ੍ਹਾਂ ਨਾਲ ਸਬੰਧਤ ਮਸਲਿਆਂ ਦੀ ਸੂਝ ਰੱਖਦਾ ਹੋਵੇ।
    &bull ਪੰਥਕ ਸੇਵਾ ਦਾ ਲੰਮਾ ਤਜਰਬਾ ਹੋਵੇ ਅਤੇ ਸਿੱਖ ਪੰਥ ਦੀ ਅਜ਼ਾਦੀ ਦਾ ਮੁਦੱਈ ਹੋਵੇ।
    &bull ਸਮੁੱਚੇ ਖ਼ਾਲਸਾ ਪੰਥ ਵਿੱਚ ਸਤਿਕਾਰਤ ਅਤੇ ਸਰਬ-ਪ੍ਰਵਾਨਤ ਸ਼ਖਸੀਅਤ ਹੋਵੇ।
    &bull ਕਿਸੇ ਵੀ ਰਾਜਨੀਤਿਕ ਪਾਰਟੀ, ਧੜੇ ਜਾਂ ਡੇਰੇ ਨਾਲ ਸਿੱਧੀ ਜਾਂ ਅਸਿੱਧੀ ਬਾਵਸਤਗੀ ਨਾ ਹੋਵੇ।
    &bull ਪੰਥਕ ਹਿੱਤਾਂ ਨੂੰ ਨਿੱਜੀ ਜਾਂ ਧੜੇਬੰਦਕ ਹਿੱਤਾਂ ਤੋਂ ਉੱਪਰ ਰੱਖਣ ਲਈ ਪ੍ਰਤੀਬੱਧ ਹੋਵੇ।
    &bull ਸਰੀਰਕ ਅਤੇ ਮਾਨਸਿਕ ਤੌਰ 'ਤੇ ਸਿਹਤਮੰਦ ਹੋਵੇ ਤਾਂ ਜੋ ਅਹੁਦੇ ਦੀਆਂ ਜ਼ਿੰਮੇਵਾਰੀਆਂ ਸੁਚੱਜੇ ਰੂਪ ਵਿੱਚ ਨਿਭਾ ਸਕੇ। ਉਮਰ ਦੀ ਇੱਕ ਉਪਰਲੀ ਸੀਮਾ ਵਿਚਾਰੀ ਜਾ ਸਕਦੀ ਹੈ।
ਭਾਗ 2: ਸ੍ਰੀ ਅਕਾਲ ਤਖਤ ਸਾਹਿਬ ਦੇ ਮੁੱਖ ਸੇਵਾਦਾਰ (ਜਥੇਦਾਰ) ਥਾਪਣ ਦੀ ਪ੍ਰਕਿਰਿਆ
    &bull ਮੁੱਖ ਸੇਵਾਦਾਰ (ਜਥੇਦਾਰ) ਦੀ ਨਿਯੁਕਤੀ ਪ੍ਰਕਿਰਿਆ ਪਾਰਦਰਸ਼ੀ, ਗੁਰਮਤਿ ਅਨੁਸਾਰੀ ਅਤੇ ਸਿਆਸੀ ਪ੍ਰਭਾਵ ਤੋਂ ਮੁਕਤ ਹੋਣੀ ਚਾਹੀਦੀ ਹੈ ।
    &bull ਮੁੱਖ ਸੇਵਾਦਾਰ (ਜਥੇਦਾਰ) ਦੀ ਨਿਯੁਕਤੀ ਦਾ ਅੰਤਿਮ ਅਧਿਕਾਰ ਸਿਰਫ਼ ਅਤੇ ਸਿਰਫ਼ ਵਿਧੀਵਤ ਤਰੀਕੇ ਨਾਲ ਬੁਲਾਏ ਗਏ ਸਰਬੱਤ ਖ਼ਾਲਸਾ ਕੋਲ ਹੀ ਹੈ। 
    &bull ਮੁੱਖ ਸੇਵਾਦਾਰ (ਜਥੇਦਾਰ) ਦੀ ਨਿਯੁਕਤੀ ਦਾ ਅਧਿਕਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਾਂ ਕਿਸੇ ਹੋਰ ਇਕੱਲੀ ਸੰਸਥਾ, ਡੇਰੇ, ਟਕਸਾਲ ਜਾਂ ਪਾਰਟੀ ਕੋਲ ਨਹੀਂ ਹੋਣਾ ਚਾਹੀਦਾ। 
    &bull ਪੰਥ ਦੀਆਂ ਸਮੁੱਚੀਆਂ ਜਥੇਬੰਦੀਆਂ ਦਾ ਨੁੰਮਾਇਦਾ ਇਕੱਠ ਹੀ ਮੌਜੂਦਾ ਸਮੇਂ ਵਿੱਚ ਸਰਬੱਤ ਖਾਲਸਾ ਅਖਵਾ ਸਕਦਾ ਹੈ ਇਸ ਵਿੱਚ ਸਮੂਹ ਧਾਰਮਿਕ, ਸਿਆਸੀ, ਸਮਾਜਿਕ ਅਤੇ ਜੁਝਾਰੂ ਜਥੇਬੰਦੀਆਂ ਦੇ ਨੁੰਮਾਇੰਦੇ ਸ਼ਾਮਲ ਹੋਣੇ ਚਾਹੀਦੇ ਹਨ । 
    &bull ਜਥੇਦਾਰ ਦੀ ਨਿਯੁਕਤੀ ਦੀ ਲੋੜ ਪੈਣ ਤੇ ਸਰਬੱਤ ਖ਼ਾਲਸਾ ਦੁਆਰਾ ਇੱਕ ਨਿਰਪੱਖ ਅਤੇ ਗੈਰ-ਸਿਆਸੀ ਆਰਜ਼ੀ ਪੰਜ ਮੈਂਬਰੀ ਨਾਮਜ਼ਦਗੀ ਕਮੇਟੀ ਦਾ ਗਠਨ ਕੀਤਾ ਜਾਵੇ, ਜਿਸ ਵਿੱਚ ਪੰਥ ਦੀਆਂ ਸਰਬ ਪ੍ਰਵਾਨਤ ਪ੍ਰਮੁੱਖ ਸ਼ਖਸੀਅਤਾਂ ਸ਼ਾਮਲ ਹੋਣ।
    &bull ਇਹ ਕਮੇਟੀ ਨਿਰਧਾਰਤ ਯੋਗਤਾਵਾਂ ਦੇ ਅਧਾਰ ਤੇ ਸੰਭਾਵੀ ਉਮੀਦਵਾਰਾਂ ਦੀ ਦੇਸ਼ ਵਿਦੇਸ਼ ਵਿੱਚੋਂ ਪਛਾਣ ਕਰਕੇ ਉਹਨਾਂ ਦੀ ਪੜਤਾਲ ਕਰੇਗੀ ਅਤੇ ਉਹਨਾਂ ਦੇ ਨਾਵਾਂ ਦੀ ਸੂਚੀ ਸਰਬੱਤ ਖ਼ਾਲਸਾ ਅੱਗੇ ਵਿਚਾਰ ਕਰਨ ਲਈ ਪੇਸ਼ ਕਰੇਗੀ।
    &bull ਸਰਬੱਤ ਖ਼ਾਲਸਾ ਵਿੱਚ ਸ਼ਾਮਲ ਨੁਮਾਇੰਦੇ ਪੇਸ਼ ਕੀਤੇ ਗਏ ਨਾਵਾਂ ਤੇ ਗੁਰਮਤਿ ਦੀ ਰੋਸ਼ਨੀ ਵਿੱਚ ਵਿਚਾਰ-ਵਟਾਂਦਰਾ ਕਰਨਗੇ।
    &bull ਮੁੱਖ ਸੇਵਾਦਾਰ (ਜਥੇਦਾਰ) ਦੀ ਅੰਤਿਮ ਚੋਣ ਵੋਟਾਂ ਦੀ ਬਹੁ-ਸੰਮਤੀ ਨਾਲ ਨਹੀਂ, ਸਗੋਂ ਸਰਬ-ਸੰਮਤੀ ਨਾਲ ਕੀਤੀ ਜਾਵੇਗੀ। 
    &bull ਜੇਕਰ ਸਰਬ-ਸੰਮਤੀ ਨਹੀਂ ਬਣਦੀ ਤਾਂ ਪ੍ਰਕਿਰਿਆ ਨੂੰ ਮੁੜ ਦੁਹਰਾਇਆ ਜਾਵੇ ਜਦ ਤੱਕ ਕੋਈ ਸਰਬ ਸਾਂਝਾ ਨਾਮ ਨਾ ਚੁਣਿਆ ਜਾ ਸਕੇ । ਇਸ ਪ੍ਰਕਿਰਿਆ ਦੀ ਕੋਈ ਸਮਾਂ ਸੀਮਾਂ ਨਹੀਂ ਹੈ । ਯੋਗ ਸ਼ਖਸੀਅਤ ਦੀ ਚੋਣ ਹੋਣ ਤੱਕ ਇਹ ਪ੍ਰਕਿਰਿਆ ਜਾਰੀ ਰਵ੍ਹੇ । 
    &bull ਸਰਬ-ਸੰਮਤੀ ਨਾਲ ਚੁਣੇ ਗਏ ਮੁੱਖ ਸੇਵਾਦਾਰ (ਜਥੇਦਾਰ) ਦੀ ਨਿਯੁਕਤੀ ਦੀ ਰਸਮ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਸੰਗਤਾਂ ਦੇ ਭਰਵੇਂ ਇਕੱਠ ਵਿੱਚ ਪੂਰੀ ਮਰਯਾਦਾ ਅਤੇ ਸ਼ਾਨੋ-ਸ਼ੌਕਤ ਨਾਲ ਕੀਤੀ ਜਾਵੇ।
ਭਾਗ 3: ਸ੍ਰੀ ਅਕਾਲ ਤਖਤ ਸਾਹਿਬ ਦਾ ਅਧਿਕਾਰ ਖੇਤਰ
ਮੁੱਖ ਸੇਵਾਦਾਰ (ਜਥੇਦਾਰ), ਅਕਾਲ ਤਖ਼ਤ ਸਾਹਿਬ ਦੇ ਮੁਖੀ ਵਜੋਂ, ਹੇਠ ਲਿਖੇ ਅਧਿਕਾਰ ਖੇਤਰ ਵਿੱਚ ਕਾਰਜ ਕਰੇਗਾ:
    &bull ਮੁੱਖ ਸੇਵਾਦਾਰ (ਜਥੇਦਾਰ) ਸਿੱਖ ਪੰਥ ਨਾਲ ਸਬੰਧਤ ਸਾਰੇ ਧਾਰਮਿਕ, ਸਿਧਾਂਤਕ, ਰਾਜਨੀਤਿਕ ਅਤੇ ਮਹੱਤਵਪੂਰਨ ਸੰਸਾਰਕ ਮਾਮਲਿਆਂ ਵਿੱਚ ਪੰਥ ਦੀ ਅਗਵਾਈ ਕਰੇਗਾ ।
    &bull ਪੰਥਕ ਮਹੱਤਤਾ ਵਾਲੇ ਮੁੱਦਿਆਂ ਤੇ ਵਿਚਾਰ ਕਰਨ ਲਈ ਸਰਬੱਤ ਖ਼ਾਲਸਾ ਬੁਲਾਉਣਾ ਮੁੱਖ ਸੇਵਾਦਾਰ (ਜਥੇਦਾਰ) ਦਾ ਅਧਿਕਾਰ ਖੇਤਰ ਹੈ । (ਜੇ ਮੁੱਖ ਸੇਵਾਦਾਰ (ਜਥੇਦਾਰ),  ਕਿਸੇ ਡਰ ਜਾਂ ਨਿੱਜੀ ਸੁਆਰਥਾਂ ਅਧੀਨ ਸਰਬੱਤ ਖਾਲਸਾ ਬੁਲਾਉਣ ਤੋਂ ਮੁਨਕਰ ਹੋ ਜਾਵੇ, ਤਾਂ ਸਰਬੱਤ ਖ਼ਾਲਸਾ ਦੁਆਰਾ ਚੁਣੀ ਗਈ ਪੰਜ ਪ੍ਰਧਾਨੀ ਪੰਚਾਇਤ ਜਾਂ ਪੰਥ ਪ੍ਰਵਾਨਤ ਸ਼ਖਸੀਅਤਾਂ ਵਿਧੀ ਅਨੁਸਾਰ ਬੁਲਾ ਸਕਦੀਆਂ ਹਨ)।
    &bull ਮੁੱਖ ਸੇਵਾਦਾਰ (ਜਥੇਦਾਰ), ਸਰਬੱਤ ਖ਼ਾਲਸਾ ਵਿੱਚ ਹੋਏ ਗੁਰਮਤੇ ਅਨੁਸਾਰ, ਪੰਜ ਪ੍ਰਧਾਨੀ ਪੰਚਾਇਤ ਦੀ ਸਲਾਹ ਅਤੇ ਸਹਿਮਤੀ ਨਾਲ, ਅਕਾਲ ਤਖ਼ਤ ਸਾਹਿਬ ਦੀ ਮੋਹਰ ਹੇਠ ਹੁਕਮਨਾਮਾ ਜਾਰੀ ਕਰੇਗਾ।
    &bull ਸਿੱਖ ਸਿਧਾਂਤਾਂ, ਸੰਸਥਾਵਾਂ ਜਾਂ ਮਰਯਾਦਾ ਨਾਲ ਸਬੰਧਤ ਗੰਭੀਰ ਵਿਵਾਦਾਂ ਦਾ ਗੁਰਮਤਿ ਅਨੁਸਾਰ ਨਿਪਟਾਰਾ ਕਰੇਗਾ।
    &bull ਜਦੋਂ ਕੋਈ ਮਰਿਆਦਾ ਦੀ ਉਲੰਘਣਾ, ਸਿੱਖ ਧਰਮ ਜਾਂ ਪੰਥ ਵਿਰੋਧੀ ਕਾਰਵਾਈ ਜਾਂ ਜ਼ਰੂਰੀ ਮੁੱਦਾ ਉੱਠੇ, ਤਾਂ ਇਹ ਜਾਂ ਤਾਂ ਜਥੇਦਾਰ ਦੇ ਧਿਆਨ ਵਿੱਚ ਸਿੱਧਾ ਆਉਣਾ ਚਾਹੀਦਾ ਹੈ ਜਾਂ ਸੰਗਤ ਦੁਆਰਾ ਆਪਣਾ ਫਰਜ਼ ਸਮਝਦਿਆਂ ਸ੍ਰੀ ਅਕਾਲ ਤਖਤ ਸਾਹਿਬ ਦੇ ਧਿਆਨ ਵਿੱਚ ਲਿਆਇਆ ਜਾਣਾ ਚਾਹੀਦਾ ਹੈ।
    &bull ਸਿੱਖ ਰਹਿਤ ਮਰਯਾਦਾ ਜਾਂ ਅਕਾਲ ਤਖ਼ਤ ਸਾਹਿਬ ਦੇ ਹੁਕਮਾਂ ਦੀ ਗੰਭੀਰ ਉਲੰਘਣਾ ਕਰਨ ਵਾਲੇ ਅਤੇ ਅਕਾਲ ਤਖਤ ਸਾਹਿਬ ਦੀ ਹਸਤੀ ਨੂੰ ਚੁਣੌਤੀ ਦੇਣ ਵਾਲੇ ਵਿਅਕਤੀਆਂ ਨੂੰ ਤਲਬ ਕਰਨਾ, ਸਪੱਸ਼ਟੀਕਰਨ ਲੈਣਾ, ਦੋਸ਼ੀ ਪਾਏ ਜਾਣ 'ਤੇ ਤਨਖਾਹ ਲਗਾਉਣਾ ਜਾਂ ਅਤਿ ਗੰਭੀਰ ਮਾਮਲਿਆਂ ਵਿੱਚ ਪੰਥ 'ਚੋਂ ਛੇਕਣ ਦੀ ਕਾਰਵਾਈ ਕਰਨਾ (ਇਹ ਕਾਰਵਾਈ ਸਹੀ ਪ੍ਰਕਿਰਿਆ ਅਤੇ ਨਿਰਪੱਖ ਜਾਂਚ ਤੋਂ ਬਾਅਦ ਹੀ ਹੋਵੇਗੀ ਅਤੇ ਇਸ ਵਿੱਚ ਸਰਬੱਤ ਖਾਲਸਾ ਦੀ ਪ੍ਰਵਾਨਗੀ ਲਈ ਜਾਵੇਗੀ ।)। ਫੈਸਲੇ ਹਮੇਸ਼ਾ ਗੁਰਮਤਿ, ਪੰਥਕ ਰਵਾਇਤਾਂ ਅਤੇ ਸਰਬੱਤ ਖ਼ਾਲਸਾ ਦੀ ਭਾਵਨਾ ਅਨੁਸਾਰ ਹੋਣਗੇ। 
    &bull ਮੁੱਖ ਸੇਵਾਦਾਰ (ਜਥੇਦਾਰ) ਦਾ ਅਧਿਕਾਰ ਖੇਤਰ ਨਿੱਜੀ ਪਸੰਦ-ਨਾਪਸੰਦ ਜਾਂ ਸਿਆਸੀ ਦਬਾਅ ਤੋਂ ਉੱਪਰ ਹੋਵੇਗਾ ਅਤੇ ਉਹ ਆਪ ਵੀ ਰਾਜਨੀਤਿਕ ਅਤੇ ਦੁਨਿਆਵੀ ਤੌਰ ਤੇ ਗੈਰ ਜ਼ਰੂਰੀ ਸਬੰਧਾਂ ਤੋਂ ਗੁਰੇਜ਼ ਕਰੇ ।
    &bull ਮੁੱਖ ਸੇਵਾਦਾਰ (ਜਥੇਦਾਰ), ਫੈਸਲੇ ਲੈਣ ਸਮੇਂ ਪੰਚ ਪ੍ਰਧਾਨੀ ਰਵਾਇਤ ਅਨੁਸਰ ਪੰਜ ਸਿੰਘ ਦੇ ਨਾਲ ਹੀ ਸਾਰੇ ਫੇਸਲੇ ਕਰੇਗਾ ।  
    &bull ਮੁੱਖ ਸੇਵਾਦਾਰ (ਜਥੇਦਾਰ) ਬੰਦੀ ਛੋੜ ਦਿਵਸ ਅਤੇ ਖ਼ਾਲਸਾ ਸਾਜਨਾ ਦਿਵਸ ਉਤੇ ਨਿਯਮਤ ਤੌਰ ਤੇ ਸਰਬੱਤ ਖਾਲਸਾ ਬੁਲਾਵੇ । ਸਰਬੱਤ ਖਾਲਸਾ ਦੀ ਇਕੱਤਰਤਾ ਵਿੱਚ ਪਿਛਲੇ ਛੇ ਮਹੀਨਿਆਂ ਦੌਰਾਨ ਸ੍ਰੀ ਅਕਾਲ ਤਖਤ ਸਾਹਿਬ ਤੋਂ ਲਏ ਫੈਸਲਿਆ ਦਾ ਲੇਖਾ ਜੋਖਾ ਕਰਕੇ ਉਹਨਾਂ ਨੂੰ ਪ੍ਰਵਾਨਗੀ ਦੇਵੇਗਾ । ਜੇਕਰ ਕੋਈ ਫੈਸਲਾ ਸਰਬ ਪ੍ਰਵਾਨਿਤ ਨਾ ਹੋਵੇ ਤਾਂ ਉਸ ਉੱਤੇ ਸਰਬਤ ਖਾਲਸਾ ਮੁੜ ਵਿਚਾਰ ਕਰੇਗਾ ।    
    &bull ਮੁੱਖ ਸੇਵਾਦਾਰ (ਜਥੇਦਾਰ) ਆਪਣੇ ਸੇਵਾ ਕਾਲ ਦੌਰਾਨ ਨਿੱਜੀ ਪ੍ਰੈਸ ਬਿਆਨ ਜਾਰੀ ਕਰਨ ਜਾਂ ਬੇਲੋੜੀਆਂ ਇੰਟਰਵਿਊਆਂ ਦੇਣ ਤੋਂ ਗੁਰੇਜ਼ ਕਰਨ । ਸੰਦੇਸ਼ ਜਾਂ ਬਿਆਨ ਮੀਡੀਆ ਵਿਭਾਗ ਹੀ ਜਾਰੀ ਕਰੇ ।   
    &bull ਮੁੱਖ ਸੇਵਾਦਾਰ (ਜਥੇਦਾਰ) ਦੀ ਰੋਜ਼ਾਨਾ ਦੇ ਪ੍ਰਬੰਧਕੀ ਮਾਮਲਿਆਂ (ਜਿਵੇਂ ਸਥਾਨਕ ਗੁਰਦੁਆਰਾ ਪ੍ਰਬੰਧ) ਵਿੱਚ ਸਿੱਧੀ ਦਖਲਅੰਦਾਜ਼ੀ ਨਹੀਂ ਹੋਵੇਗੀ।
ਭਾਗ 4: ਸ੍ਰੀ ਅਕਾਲ ਤਖਤ ਸਾਹਿਬ ਦੇ ਮੁੱਖ ਸੇਵਾਦਾਰ (ਜਥੇਦਾਰ) ਦੀਆਂ ਜਿੰਮੇਵਾਰੀਆਂ
ਮੁੱਖ ਸੇਵਾਦਾਰ (ਜਥੇਦਾਰ) ਦੀਆਂ ਮੁੱਖ ਜ਼ਿੰਮੇਵਾਰੀਆਂ ਹੇਠ ਲਿਖੀਆਂ ਹੋਣਗੀਆਂ:
    &bull ਹਰ ਹਾਲਤ ਵਿੱਚ ਅਕਾਲ ਤਖ਼ਤ ਸਾਹਿਬ ਦੀ ਮਰਯਾਦਾ, ਸਿਧਾਂਤਾਂ ਅਤੇ ਸਰਵਉੱਚ ਹਸਤੀ ਨੂੰ ਬਰਕਰਾਰ ਰੱਖਣਾ।
    &bull ਖ਼ਾਲਸਾ ਪੰਥ ਵਿੱਚ ਏਕਤਾ, ਭਾਈਚਾਰਾ ਅਤੇ ਸਿਧਾਂਤਕ ਸਪੱਸ਼ਟਤਾ ਨੂੰ ਯਕੀਨੀ ਬਨਾਉਣਾ।
    &bull ਗੁਰਮਤਿ ਦੇ ਸਿਧਾਂਤਾਂ ਅਤੇ ਸਿੱਖ ਜੀਵਨ-ਜਾਚ ਦਾ ਵਿਸ਼ਵ ਭਰ ਵਿੱਚ ਪ੍ਰਚਾਰ-ਪ੍ਰਸਾਰ ਕਰਨਾ। 
    &bull ਸਿੱਖੀ ਦੇ ਸਰਬੱਤ ਦੇ ਭਲੇ ਦੇ ਸਿਧਾਂਤ ਅਨੁਸਾਰ ਕਾਰਜ ਕਰਨਾ ਅਤੇ ਮਨੁੱਖਤਾ ਦੀ ਸੇਵਾ ਲਈ ਪੰਥ ਨੂੰ ਪ੍ਰੇਰਿਤ ਕਰਨਾ।
    &bull ਪੰਥ ਵਿਰੋਧੀ ਤਾਕਤਾਂ ਅਤੇ ਗੁਰੂ ਡੰਮ ਵੱਲੋਂ ਜੇਕਰ ਗੁਰੂ ਸਾਹਿਬਾਨ ਅਤੇ ਗੁਰੂ ਸਿਧਾਂਤਾਂ ਦੀ ਆਨ ਸ਼ਾਨ ਉਤੇ ਹਮਲਾ ਕੀਤਾ ਜਾਂਦਾ ਹੈ ਤਾਂ ਸ੍ਰੀ ਅਕਾਲ ਤਖਤ ਸਾਹਿਬ ਦਾ ਮੁੱਖ ਸੇਵਾਦਾਰ (ਜਥੇਦਾਰ) ਨਕਲੀ ਨਿਰੰਕਾਰੀਆਂ ਖਿਲਾਫ ਜਾਰੀ ਹੋਏ ਹੁਕਮਨਾਮੇ ਦੀ ਤਰਜ਼ ਤੇ ਕੌਮ ਨੂੰ ਇਨ੍ਹਾਂ ਪੰਥ ਵਿਰੋਧੀ ਤਾਕਤਾਂ ਦੇ ਸਫਾਏ ਦਾ ਹੁਕਮ ਜਾਰੀ ਕਰੇ ।
    &bull ਪੰਥ ਦੀ ਹੋਂਦ ਹਸਤੀ ਉੱਤੇ ਕਿਸੇ ਵੀ ਹਕੂਮਤ ਵੱਲੋਂ ਸਿੱਧਾ ਹਮਲਾ ਕੀਤਾ ਜਾਂਦਾ ਹੈ ਤਾਂ ਸ੍ਰੀ ਅਕਾਲ ਤਖਤ ਸਾਹਿਬ ਦਾ ਮੁੱਖ ਸੇਵਾਦਾਰ (ਜਥੇਦਾਰ) ਪੰਥਕ ਰਵਾਇਤਾਂ ਅਨੁਸਾਰ, ਉਸ ਹਕੂਮਤ ਦੇ ਗਲਬੇ ਹੇਠੋਂ ਨਿਕਲ ਕੇ, ਪ੍ਰਭੁਸਤਾ ਸੰਪੰਨ ਦੇਸ਼ ਕਾਲ ਘੜਨ ਲਈ ਕੌਮ ਨੂੰ ਆਦੇਸ਼ ਜਾਰੀ ਕਰੇ।
    &bull ਮੁੱਖ ਸੇਵਾਦਾਰ (ਜਥੇਦਾਰ) ਸਾਰੇ ਫੈਸਲੇ ਬਿਨਾਂ ਕਿਸੇ ਡਰ, ਦਬਾਅ ਜਾਂ ਪੱਖਪਾਤ ਦੇ, ਨਿਆਂ ਅਤੇ ਗੁਰਮਤਿ ਦੇ ਸਿਧਾਂਤਾਂ ਅਨੁਸਾਰ ਕਰੇ।
    &bull ਪੰਥ ਦੀਆਂ ਹੋਰ ਪ੍ਰਮੁੱਖ ਸੰਸਥਾਵਾਂ ਨਾਲ ਗੁਰਮਤਿ ਦੇ ਦਾਇਰੇ ਵਿੱਚ ਰਹਿ ਕੇ ਤਾਲਮੇਲ ਰੱਖੇ, ਪਰ ਉਹਨਾਂ ਦੇ ਸਿਆਸੀ ਜਾਂ ਪ੍ਰਬੰਧਕੀ ਦਬਾਅ ਹੇਠ ਨਾ ਆਵੇ।
    &bull ਮੁੱਖ ਸੇਵਾਦਾਰ (ਜਥੇਦਾਰ) ਸਰਬੱਤ ਖ਼ਾਲਸਾ ਅੱਗੇ ਜਵਾਬਦੇਹ ਹੋਵੇਗਾ।
ਭਾਗ 5: ਕਾਰਜਕਾਲ, ਸੇਵਾਮੁਕਤੀ ਅਤੇ ਹਟਾਉਣ ਦੀ ਪ੍ਰਕਿਰਿਆ
ਕਾਰਜਕਾਲ: ਮੁੱਖ ਸੇਵਾਦਾਰ (ਜਥੇਦਾਰ) ਦਾ ਕਾਰਜਕਾਲ ਜੀਵਨ ਭਰ ਲਈ ਨਹੀਂ ਹੋਣਾ ਚਾਹੀਦਾ। ਇੱਕ ਨਿਸ਼ਚਿਤ ਕਾਰਜਕਾਲ (ਉਦਾਹਰਨ ਲਈ, 5 ਜਾਂ 7 ਸਾਲ) ਤੈਅ ਕੀਤਾ ਜਾ ਸਕਦਾ ਹੈ, ਜਿਸ ਨੂੰ ਸਰਬੱਤ ਖ਼ਾਲਸਾ ਦੁਆਰਾ ਕਾਰਗੁਜ਼ਾਰੀ ਦੇ ਅਧਾਰ ਤੇ ਇੱਕ ਵਾਰ ਨਵਿਆਇਆ ਜਾ ਸਕਦਾ ਹੈ, ਜਾਂ ਇੱਕ ਨਿਸ਼ਚਿਤ ਉਮਰ (ਜਿਵੇਂ 70 ਜਾਂ 75 ਸਾਲ) ਤੱਕ ਸੇਵਾ ਦਾ ਪ੍ਰਬੰਧ ਹੋ ਸਕਦਾ ਹੈ। 
ਸੇਵਾਮੁਕਤੀ: ਮੁੱਖ ਸੇਵਾਦਾਰ (ਜਥੇਦਾਰ) ਦਾ ਕਾਰਜਕਾਲ ਪੂਰਾ ਹੋਣ ਜਾਂ ਨਿਰਧਾਰਤ ਉਮਰ ਸੀਮਾ ਤੇ ਪਹੁੰਚਣ 'ਤੇ ਜਥੇਦਾਰ ਨੂੰ ਪੂਰੇ ਸਨਮਾਨ ਨਾਲ ਸੇਵਾਮੁਕਤ ਕੀਤਾ ਜਾਵੇ। ਉਹਨਾਂ ਦੇ ਤਜਰਬੇ ਦਾ ਲਾਭ ਲੈਣ ਲਈ ਉਹਨਾਂ ਨੂੰ ਇੱਕ ਸਲਾਹਕਾਰ ਦੀ ਭੂਮਿਕਾ ਦਿੱਤੀ ਜਾ ਸਕਦੀ ਹੈ। ਸੇਵਾਮੁਕਤੀ ਉਪਰੰਤ ਉਹਨਾਂ ਦੇ ਸਨਮਾਨਯੋਗ ਜੀਵਨ ਨਿਰਬਾਹ ਲਈ ਪੰਥ ਵੱਲੋਂ ਢੁਕਵਾਂ ਪ੍ਰਬੰਧ ਕੀਤਾ ਜਾਣਾ ਚਾਹੀਦਾ ਹੈ।
ਹਟਾਉਣ ਦੀ ਪ੍ਰਕਿਰਿਆ: ਜੇਕਰ ਮੁੱਖ ਸੇਵਾਦਾਰ (ਜਥੇਦਾਰ) ਗੁਰਮਤਿ ਸਿਧਾਂਤਾਂ ਦੀ ਗੰਭੀਰ ਉਲੰਘਣਾ ਕਰਦਾ ਹੈ, ਸਰੀਰਕ ਜਾਂ ਮਾਨਸਿਕ ਤੌਰ ਤੇ ਅਹੁਦੇ ਦੇ ਕਾਰਜ ਨਿਭਾਉਣ ਵਿੱਚ ਅਸਮਰੱਥ ਹੋ ਜਾਂਦਾ ਹੈ, ਪੰਥਕ ਹਿੱਤਾਂ ਵਿਰੁੱਧ ਕਾਰਜ ਕਰਦਾ ਹੈ, ਜਾਂ ਗੰਭੀਰ ਦੁਰਾਚਾਰ ਦਾ ਦੋਸ਼ੀ ਪਾਇਆ ਜਾਂਦਾ ਹੈ, ਤਾਂ ਉਸਨੂੰ ਅਹੁਦੇ ਤੋਂ ਹਟਾਉਣ ਦੀ ਪ੍ਰਕਿਰਿਆ ਸ਼ੁਰੂ ਕਰਨੀ ਚਾਹੀਦੀ ਹੈ । 
ਇਹ ਕਾਰਵਾਈ ਸਿਰਫ਼ ਸਰਬੱਤ ਖ਼ਾਲਸਾ ਦੁਆਰਾ ਹੀ, ਪੂਰੀ ਜਾਂਚ-ਪੜਤਾਲ ਅਤੇ ਸਪੱਸ਼ਟੀਕਰਨ ਦਾ ਮੌਕਾ ਦੇਣ ਤੋਂ ਬਾਅਦ, ਸਰਬ-ਸੰਮਤੀ ਨਾਲ ਕੀਤੀ ਜਾ ਸਕੇਗੀ, ਤਾਂ ਜੋ ਇਸ ਪ੍ਰਕਿਰਿਆ ਦੀ ਦੁਰਵਰਤੋਂ ਨਾ ਹੋ ਸਕੇ। 
ਸਮਕਾਲੀ ਮੁੱਖ ਸੇਵਾਦਾਰ (ਜਥੇਦਾਰ) ਦੀ ਕਾਰਵਾਈ ਜੇਕਰ ਪੰਥਕ ਹਿੱਤਾਂ ਨੂੰ ਨੁਕਸਾਨ ਪਹੁੰਚਾ ਰਹੀ ਹੈ ਤਾਂ ਪੰਚ ਪਰਧਾਨੀ ਪੰਚਾਇਤ ਫੌਰੀ ਤੌਰ ਤੇ ਵੀ ਕਾਰਵਾਈ ਕਰ ਸਕਦੀ ਹੈ ਤੇ ਅਗਲੇਰੀ ਕਾਰਵਾਈ ਲਈ ਸਰਬੱਤ ਖਾਲਸਾ ਬੁਲਾ ਸਕਦੀ ਹੈ । 
ਭਾਗ 6: ਸ੍ਰੀ ਅਕਾਲ ਤਖ਼ਤ ਸਾਹਿਬ ਦਾ ਖਜ਼ਾਨਾ
    &bull ਸ੍ਰੀ ਅਕਾਲ ਤਖ਼ਤ ਸਾਹਿਬ ਦੀਆਂ ਜ਼ਿੰਮੇਵਾਰੀਆਂ ਅਤੇ ਪੰਥਕ ਕਾਰਜਾਂ ਨੂੰ ਕੁਸ਼ਲ ਅਤੇ ਪ੍ਰਭਾਵਸ਼ਾਲੀ ਢੰਗ ਨਾਲ ਨਿਭਾਉਣ ਲਈ ਇੱਕ ਮਜ਼ਬੂਤ ਸਹਾਇਕ ਢਾਂਚੇ ਅਤੇ ਵਿੱਤੀ ਸੁਤੰਤਰਤਾ ਦੀ ਲੋੜ ਹੈ। 
    &bull ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਵਿੱਤੀ ਤੌਰ ਤੇ ਮਜ਼ਬੂਤ ਕਰਨ ਅਤੇ ਕਿਸੇ ਵੀ ਬਾਹਰੀ, ਵਿਅਕਤੀਗਤ ਜਾਂ ਸਰਕਾਰੀ ਸੰਸਥਾ ਦੇ ਪ੍ਰਭਾਵ ਤੋਂ ਮੁਕਤ ਹੋ ਕੇ ਸੁਤੰਤਰ ਕਾਰਜਸ਼ੈਲੀ ਨੂੰ ਯਕੀਨੀ ਬਣਾਉਣ ਲਈ ਇੱਕ ਸਮਰਪਿਤ ਫੰਡ ਸਥਾਪਤ ਕੀਤਾ ਜਾਣਾ ਚਾਹੀਦਾ ਹੈ।
    &bull ਸ੍ਰੀ ਅਕਾਲ ਤਖਤ ਸਾਹਿਬ ਦੇ ਮੁੱਖ ਸੇਵਾਦਾਰ (ਜਥੇਦਾਰ) ਦੀਆਂ ਨਿੱਜੀ ਜ਼ਰੂਰਤਾਂ ਵੀ ਇਸੇ ਫੰਡ ਵਿਚੋਂ ਪੂਰੀਆਂ ਕੀਤੀਆਂ ਜਾਣਗੀਆਂ ਨਾਂ ਕਿ ਕਿਸੇ ਸੰਸਥਾ ਤੋਂ ਤਨਖਾਹ ਜਾਂ ਭੱਤਾ ਲਿਆ ਜਾਵੇਗਾ।  
    &bull ਇਹ ਫੰਡ ਜਾਂ ਤਾਂ ਚਲਦੀ ਗੁਰੂ ਘਰ ਦੀ ਗੋਲਕ ਵਿੱਚੋਂ ਇੱਕ ਹਿੱਸਾ ਰਾਖਵਾਂ ਕਰਕੇ ਜਾਂ ਇੱਕ ਬਿਲਕੁਲ ਨਵਾਂ ਅਲੱਗ ਫੰਡ ਸਥਾਪਿਤ ਕਰਕੇ ਕੀਤਾ ਜਾ ਸਕਦਾ ਹੈ।
    &bull ਇਸ ਫੰਡ ਦਾ ਸੰਚਾਲਨ ਸਿੱਧੇ ਤੌਰ ਤੇ ਮੁੱਖ ਸੇਵਾਦਾਰ (ਜਥੇਦਾਰ) ਦੀ ਨਿਗਰਾਨੀ ਹੇਠ ਹੋਵੇਗਾ ਅਤੇ ਇਸਦੀ ਵਰਤੋਂ ਵਿੱਚ ਪੂਰਨ ਪਾਰਦਰਸ਼ਤਾ ਬਣਾਉਣ ਦੀ ਜਿੰਮੇਵਾਰੀ ਮੁੱਖ ਸੇਵਾਦਾਰ (ਜਥੇਦਾਰ) ਦੀ ਹੋਵੇਗੀ।
    &bull ਇਸ ਫੰਡ ਵਿੱਚ ਸੰਗਤਾਂ ਵੱਲੋਂ ਸ਼ੁਰੂਆਤੀ ਦਸਵੰਧ ਜਮ੍ਹਾਂ ਕੀਤਾ ਜਾਵੇਗਾ, ਜਿਸ ਤੋਂ ਬਾਅਦ ਵੱਖ-ਵੱਖ ਸਿੱਖ ਸੰਗਠਨਾਂ ਅਤੇ ਸੰਸਥਾਵਾਂ ਵੱਲੋਂ ਵੀ ਨਿਰੰਤਰ ਯੋਗਦਾਨ ਪਾਇਆ ਜਾਵੇਗਾ।
    &bull ਇਸ ਦਸਵੰਧ ਦੀ ਵਰਤੋਂ ਮੁੱਖ ਤੌਰ ਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਅਧਿਕਾਰ ਖੇਤਰ ਅਧੀਨ ਸਾਰੇ ਪ੍ਰਮਾਣਿਤ ਕਾਰਜਾਂ ਅਤੇ ਗਤੀਵਿਧੀਆਂ ਲਈ ਕੀਤੀ ਜਾਵੇਗੀ।
    &bull ਸੰਗਤਾਂ ਅਤੇ ਸਿੱਖ ਸੰਸਥਾਵਾਂ ਦੇ ਸਮੂਹਿਕ ਦਸਵੰਧ ਤੇ ਆਧਾਰਿਤ ਇਹ ਫੰਡ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਾਂ ਵਿੱਚ ਪਾਰਦਰਸ਼ਤਾ, ਮਾਣ-ਸਨਮਾਨ ਅਤੇ ਖੁਦਮੁਖਤਿਆਰੀ ਨੂੰ ਯਕੀਨੀ ਬਣਾਉਣ ਵਿੱਚ ਸਹਾਈ ਹੋਵੇਗਾ।
ਭਾਗ 7: ਸ੍ਰੀ ਅਕਾਲ ਤਖ਼ਤ ਸਾਹਿਬ ਦਾ ਸਹਾਇਕ ਪ੍ਰਬੰਧਕੀ ਢਾਂਚਾ
ਸ੍ਰੀ ਅਕਾਲ ਤਖਤ ਸਾਹਿਬ ਦੇ ਮੁੱਖ ਸੇਵਾਦਾਰ (ਜਥੇਦਾਰ) ਦੇ ਕੰਮ-ਕਾਜ ਦਾ ਘੇਰਾ ਬਹੁਤ ਵਿਸ਼ਾਲ ਹੈ, ਜਿਸ ਵਿੱਚ ਧਾਰਮਿਕ, ਸਮਾਜਿਕ, ਰਾਜਨੀਤਿਕ ਅਤੇ ਪ੍ਰਬੰਧਕੀ ਪਹਿਲੂ ਸ਼ਾਮਲ ਹਨ। ਇਨ੍ਹਾਂ ਜ਼ਿੰਮੇਵਾਰੀਆਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਨਿਭਾਉਣ ਲਈ, ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਸਮਰਪਿਤ ਇੱਕ ਪ੍ਰਬੰਧਕੀ ਢਾਂਚਾ (ਸਕੱਤਰੇਤ) ਸਥਾਪਿਤ ਕੀਤਾ ਜਾਣਾ ਚਾਹੀਦਾ ਹੈ ਜੋ ਮੁੱਖ ਸੇਵਾਦਾਰ (ਜਥੇਦਾਰ) ਸਾਹਿਬ ਦੇ ਸਹਿਯੋਗ ਲਈ ਕਾਰਜ ਕਰੇਗਾ।
ਇਸ ਪ੍ਰਬੰਧਕੀ ਢਾਂਚੇ ਅਧੀਨ ਹੇਠ ਲਿਖੇ ਸਲਾਹਕਾਰ ਵਿਭਾਗ ਸਥਾਪਤ ਕੀਤੇ ਜਾਣੇ ਚਾਹੀਦੇ ਹਨ ਜੋ ਜਥੇਦਾਰ ਸਾਹਿਬ ਨੂੰ ਉਨ੍ਹਾਂ ਦੇ ਸੰਬੰਧਿਤ ਖੇਤਰਾਂ ਵਿੱਚ ਸਲਾਹ ਅਤੇ ਸਹਾਇਤਾ ਪ੍ਰਦਾਨ ਕਰਨਗੇ:
    &bull ਧਾਰਮਿਕ ਵਿਭਾਗ
    &bull ਰਾਜਨੀਤਿਕ ਵਿਭਾਗ
    &bull ਸਮਾਜਿਕ ਵਿਭਾਗ
    &bull ਆਰਥਿਕ ਵਿਭਾਗ
    &bull ਇਤਿਹਾਸਕ ਵਿਭਾਗ
    &bull ਵਿਦਿਅਕ ਵਿਭਾਗ
    &bull ਸਿੱਖ ਸੱਭਿਆਚਾਰਕ ਵਿਭਾਗ
    &bull ਅੰਤਰ-ਧਰਮ ਸਬੰਧ ਵਿਭਾਗ
    &bull ਪ੍ਰਵਾਸੀ ਮਾਮਲੇ ਵਿਭਾਗ
    &bull ਅੰਤਰਰਾਸ਼ਟਰੀ ਮਾਮਲੇ ਵਿਭਾਗ
    &bull ਮੀਡੀਆ ਵਿਭਾਗ
ਇਹ ਸਾਰੇ ਵਿਭਾਗ ਮੁੱਖ ਸੇਵਾਦਾਰ (ਜਥੇਦਾਰ) ਦੀ ਸਿੱਧੀ ਨਿਗਰਾਨੀ ਹੇਠ ਕੰਮ ਕਰਨਗੇ। ਹਰੇਕ ਵਿਭਾਗ ਦੀ ਅਗਵਾਈ ਅਤੇ ਨਿਗਰਾਨੀ ਆਪਣੇ ਖੇਤਰ ਦੇ ਮਾਹਰ ਯੋਗ ਅੰਮ੍ਰਿਤਧਾਰੀ ਸਿੱਖਾਂ ਦੁਆਰਾ ਕੀਤੀ ਜਾਵੇਗੀ। ਵਿਭਾਗਾਂ ਦਾ ਸੰਚਾਲਨ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਾਂ ਲਈ ਸਥਾਪਤ ਕੀਤੇ ਗਏ ਫੰਡ ਰਾਹੀਂ ਹੋਵੇਗਾ।
ਸ੍ਰੀ ਅਕਾਲ ਤਖ਼ਤ ਸਾਹਿਬ ਖ਼ਾਲਸਾ ਪੰਥ ਦੀ ਅੱਡਰੀ ਹੋਂਦ ਹਸਤੀ ਅਤੇ ਪ੍ਰਭੁਸਤਾ ਦਾ ਪ੍ਰਤੀਕ ਹੈ। ਇਸਦੀ ਮੌਜੂਦਾ ਸਥਿਤੀ ਗੰਭੀਰ ਚਿੰਤਾ ਦਾ ਵਿਸ਼ਾ ਹੈ ਅਤੇ ਇਸਦੇ ਸੁਧਾਰ ਲਈ ਤੁਰੰਤ ਕਦਮ ਚੁੱਕੇ ਜਾਣ ਦੀ ਲੋੜ ਹੈ। ਜਥੇਦਾਰ ਦੇ ਅਹੁਦੇ ਲਈ ਯੋਗਤਾਵਾਂ, ਨਿਯੁਕਤੀ, ਅਧਿਕਾਰ ਖੇਤਰ, ਜ਼ਿੰਮੇਵਾਰੀਆਂ ਅਤੇ ਸੇਵਾਮੁਕਤੀ/ਹਟਾਉਣ ਲਈ ਇੱਕ ਸਪੱਸ਼ਟ, ਸਿਧਾਂਤਕ ਅਤੇ ਪਾਰਦਰਸ਼ੀ ਸਰਬ ਪ੍ਰਵਾਨਿਤ ਵਿਧੀ ਵਿਧਾਨ ਬਣਾਉਣ ਉਪਰੰਤ ਉਸ ਵਿਧੀ ਵਿਧਾਨ ਅਨੁਸਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਸਰਬੱਤ ਖਾਲਸਾ ਬੁਲਾਵੇ ਤਾਂ ਕਿ ਇੱਕ ਸਰਬ ਪ੍ਰਵਾਨਿਤ ਸ੍ਰੀ ਅਕਾਲ ਤਖਤ ਸਾਹਿਬ ਦਾ ਜਥੇਦਾਰ ਚੁਣਿਆ ਜਾ ਸਕੇ । ਇਹ ਸਿਰਫ ਇੱਕ ਵਾਰੀ ਆਰਜ਼ੀ ਤੌਰ ਤੇ ਕਰਨ ਦੀ ਜ਼ਰੂਰਤ ਹੈ ਬਾਅਦ ਵਿੱਚ ਪ੍ਰਵਾਨਤ ਵਿਧੀ ਵਿਧਾਨ ਅਨੁਸਾਰ ਸਰਬੱਤ ਖਾਲਸਾ ਬੁਲਾਉਣ ਦਾ ਅਧਿਕਾਰ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਕੋਲ ਹੀ ਹੋਵੇਗਾ । 
ਸਾਡੇ ਵੱਲੋਂ ਸੁਝਾਏ ਪ੍ਰਸਤਾਵਿਤ ਢਾਂਚੇ ਦਾ ਮੁੱਖ ਉਦੇਸ਼ ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਮੁੱਖ ਸੇਵਾਦਾਰ (ਜਥੇਦਾਰ) ਦੇ ਅਹੁਦੇ ਨੂੰ ਹਰ ਕਿਸਮ ਦੀ ਸਿਆਸੀ ਦਖਲਅੰਦਾਜ਼ੀ, ਧੜੇਬੰਦੀ ਅਤੇ ਨਿੱਜੀ ਸਵਾਰਥਾਂ ਤੋਂ ਮੁਕਤ ਕਰਨਾ ਹੈ। ਸਰਬੱਤ ਖ਼ਾਲਸਾ ਦੀ ਸਰਵਉੱਚਤਾ ਨੂੰ ਬਹਾਲ ਕਰਨਾ, ਗੁਰਮਤਿ ਦੀ ਸਰਬ-ਸੰਮਤੀ ਵਾਲੀ ਪ੍ਰਕਿਰਿਆ ਨੂੰ ਅਪਣਾਉਣਾ ਅਤੇ 'ਤਖਤਿ ਬਹੈ ਤਖਤੈ ਕੀ ਲਾਇਕ' ਦੇ ਸਿਧਾਂਤ ਨੂੰ ਲਾਗੂ ਕਰਨਾ ਹੈ। ਇਹ ਤਾਂ ਹੀ ਸੰਭਵ ਹੋਵੇਗਾ ਜੇਕਰ ਸਮੁੱਚਾ ਖ਼ਾਲਸਾ ਪੰਥ, ਖਾਸ ਕਰਕੇ ਬੁੱਧੀਜੀਵੀ, ਧਾਰਮਿਕ ਆਗੂ ਅਤੇ ਨੌਜਵਾਨ, ਇਸ ਮੁੱਦੇ 'ਤੇ ਗੰਭੀਰਤਾ ਨਾਲ ਵਿਚਾਰ ਕਰਨ, ਆਪਸੀ ਮਤਭੇਦ ਭੁਲਾ ਕੇ ਇੱਕਜੁੱਟ ਹੋਣ ਅਤੇ ਇਹਨਾਂ ਸੁਧਾਰਾਂ ਨੂੰ ਲਾਗੂ ਕਰਵਾਉਣ ਲਈ ਦ੍ਰਿੜ ਸੰਕਲਪ ਲੈਣ। ਅਜਿਹਾ ਕਰਨ ਨਾਲ ਹੀ ਸ੍ਰੀ ਅਕਾਲ ਤਖ਼ਤ ਸਾਹਿਬ ਮੁੜ ਆਪਣੀ ਪੂਰੀ ਸ਼ਾਨ ਅਤੇ ਪ੍ਰਭਾਵ ਨਾਲ ਖ਼ਾਲਸਾ ਪੰਥ ਦੀ ਅਗਵਾਈ ਕਰ ਸਕੇਗਾ ਅਤੇ 'ਰਾਜ ਕਰੇਗਾ ਖਾਲਸਾ' ਦੇ ਸੰਕਲਪ ਨੂੰ ਸਾਕਾਰ ਕਰਨ ਵੱਲ ਅੱਗੇ ਵਧ ਸਕੇਗਾ।
ਗੁਰੂ ਪੰਥ ਦਾ ਦਾਸ
ਵਧਾਵਾ ਸਿੰਘ 
ਮੁੱਖ ਸੇਵਾਦਾਰ
ਬੱਬਰ ਖਾਲਸਾ ਇੰਟਰਨੈਸ਼ਨਲ