ਫਲੋਰਿਡਾ ਵਿਚ ਵੱਡੇ ਆਪਰੇਸ਼ਨ ਦੌਰਾਨ 4 ਦਿਨਾਂ ਵਿੱਚ 800 ਪ੍ਰਵਾਸੀਆਂ ਨੂੰ ਕੀਤਾ ਗ੍ਰਿਫਤਾਰ
* ਰਾਜ ਤੇ ਕੇਂਦਰੀ ਏਜੰਸੀਆਂ ਨੇ ਆਪਸੀ ਸਹਿਯੋਗ ਲਈ ਸਮਝੌਤੇ ਉਪਰ ਕੀਤੇ ਦਸਤਖਤ
ਸੈਕਰਾਮੈਂਟੋ,ਕੈਲੀਫੋਰਨੀਆ (ਹੁਸਨ ਲੜੋਆ ਬੰਗਾ)-ਯੂ ਐਸ ਇਮੀਗ੍ਰੇਸ਼ਨ ਐਂਡ ਕਸਟਮਜ ਇਨਫੋਰਸਮੈਂਟ ਨੇ ਜਾਰੀ ਇਕ ਬਿਆਨ ਵਿਚ ਕਿਹਾ ਹੈ ਕਿ ਫਲੋਰਿਡਾ ਵਿਚ ਸਟੇਟ ਲਾਅ ਇਨਫੋਰਸਮੈਂਟ ਅਫਸਰਾਂ ਦੇ ਸਹਿਯੋਗ ਨਾਲ ਇਕ ਵੱਡੀ ਕਾਰਵਾਈ ਦੌਰਾਨ 4
ਦਿਨਾਂ ਵਿੱਚ ਤਕਰੀਬਨ 800 ਪ੍ਰਵਾਸੀਆਂ ਨੂੰ ਗ੍ਰਿਫਤਾਰ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ। ਮਿਆਮੀ ਵਿਚਲੇ ਆਈ ਸੀ ਈ ਦਫਤਰ ਨੇ ਆਪਰੇਸ਼ਨ ਨੂੰ ਇਕ ਵੱਡੀ ਸਫਲਤਾ ਕਰਾਰ ਦਿੱਤਾ ਹੈ ਤੇ ਕਿਹਾ ਹੈ ਕਿ ਰਾਜ ਤੇ ਸੰਘ ਦੇ ਸਹਿਯੋਗ ਨਾਲ ਕੀਤੀ ਇਹ
ਕਾਰਵਾਈ ਆਪਣੀ ਕਿਸਮ ਦੀ ਹੈ। ਫਲੋਰਿਡਾ ਦੇ ਗਵਰਨਰ ਰੌਨ ਡੀਸੈਨਟਿਸ ਨੇ ਕਾਰਵਾਈ ਦੀ ਪ੍ਰਸੰਸਾ ਕੀਤੀ ਹੈ। ਉਨਾਂ ਨੇ ਐਕਸ ਉਪਰ ਪਾਏ ਇਕ ਬਿਆਨ ਵਿਚ ਕਿਹਾ ਹੈ ਕਿ ਫਲੋਰਿਡਾ ਤੇ ਡਿਪਾਰਟਮੈਂਟ ਆਫ ਹੋਮ ਲੈਂਡ ਸਕਿਉਰਿਟੀ ਵੱਲੋਂ ਸਾਂਝੇ ਤੌਰ &#39ਤੇ ਕੀਤੀ
ਕਾਰਵਾਈ ਸਫਲਤਾ ਦੀ ਇਕ ਵੱਡੀ ਉਦਾਹਰਣ ਹੈ। ਰਾਜ ਤੇ ਸੰਘ ਵਿਚਾਲੇ ਸਹਿਯੋਗ ਨਾਲ ਗੈਰ ਕਾਨੂੰਨੀ ਪ੍ਰਵਾਸੀਆਂ ਵਿਰੁੱਧ ਕਾਰਵਾਈ ਦੇ ਚੰਗੇ ਨਤੀਜੇ ਨਿਕਲਣਗੇ। ਉਨਾਂ ਇਕ ਵੱਖਰੀ ਪੋਸਟ ਵਿਚ ਲਿਖਿਆ ਹੈ ਕਿ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਦੇਸ਼ ਨਿਕਾਲਾ ਦੇਣ ਵਿੱਚ ਟਰੰਪ ਪ੍ਰਸ਼ਾਸਨ ਦੇ ਯਤਨ ਵਿੱਚ ਫਲੋਰਿਡਾ ਅਗਵਾਈ ਕਰ ਰਿਹਾ ਹੈ। ਫਲੋਰਿਡਾ ਦੇ ਰਿਪਬਲੀਕਨ ਆਗੂਆਂ ਨੇ ਚਿਤਾਵਨੀ ਦਿੱਤੀ ਹੈ ਕਿ ਜੋ ਅਫਸਰ ਸੰਘੀ ਸਰਕਾਰ ਦੀਆਂ ਇਮੀਗ੍ਰੇਸ਼ਨ ਕੋਸ਼ਿਸ਼ਾਂ ਵਿਚ ਸਹਿਯੋਗ ਕਰਨ ਤੋਂ ਨਾਂਹ ਕਰਨਗੇ ਉਨਾਂ ਵਿਰੁੱਧ ਕਾਰਵਾਈ ਹੋਵੇਗੀ ਤੇ ਰਾਜ ਦਾ ਕਾਨੂੰਨ ਅਜਿਹੇ ਅਫਸਰਾਂ ਨੂੰ ਅਹੁੱਦੇ ਤੋਂ ਹਟਾਉਣ ਦੀ ਇਜ਼ਾਜਤ ਦਿੰਦਾ ਹੈ। ਗਵਰਨਰ ਅਨੁਸਾਰ ਫਲੋਰਿਡ ਹਾਈਵੇਅ ਪਟਰੋਲ, ਦ ਫਲੋਰਿਡਾ ਡਿਪਾਰਟਮੈਂਟ ਆਫ ਲਾਅ ਇਨਫੋਰਸਮੈਂਟ, ਦ ਫਲੋਰਿਡਾ ਸਟੇਟ ਗਾਰਡ, ਦ ਫਲੋਰਿਡਾ ਡਿਪਾਰਟਮੈਂਟ ਆਫ ਐਗਰੀਕਲਚਰਲ ਲਾਅ ਇਨਫੋਰਮੈਂਟ ਤੇ ਫਲੋਰਿਡਾ ਫਿਸ਼ ਐਂਡ ਵਾਈਲਡ ਲਾਈਫ ਕੰਜਰਵੇਸ਼ਨ ਕਮਿਸ਼ਨ ਸਮੇਤ ਰਾਜ ਦੀਆਂ ਸਮੁੱਚੀਆਂ ਏਜੰਸੀਆਂ ਨੇ ਆਈ ਸੀ ਈ ਨਾਲ ਸਹਿਯੋਗ ਕਰਨ ਲਈ ਇਕ ਸਮਝੌਤੇ ਉਪਰ ਦਸਤਖਤ ਕੀਤੇ ਹਨ।