6 ਮਈ 2025 (ਮੰਗਲਵਾਰ ) ਅੱਜ ਦੀਆਂ ਮੁੱਖ ਖਬਰਾਂ
 ਅੰਮ੍ਰਿਤਪਾਲ ਖਿਲਾਫ਼ ਐੱਨਐੱਸਏ &rsquoਚ ਵਾਧਾ: ਅਕਾਲੀ ਦਲ ਵਾਰਿਸ ਪੰਜਾਬ ਦੇ ਵੱਲੋਂ ਰੋਸ ਮਾਰਚ
ਅੰਮ੍ਰਿਤਸਰ- ਖਡੂਰ ਸਾਹਿਬ ਤੋਂ ਸੰਸਦ ਮੈਂਬਰ ਅੰਮ੍ਰਿਤ ਪਾਲ ਸਿੰਘ ਖਿਲਾਫ਼ ਤੀਜੀ ਵਾਰ ਕੌਮੀ ਸੁਰੱਖਿਆ ਐਕਟ (ਐੱਨਐੱਸਏ) ਲਾਏ ਜਾਣ ਦੇ ਰੋਸ ਵਜੋਂ ਅੱਜ ਅਕਾਲੀ ਦਲ ਵਾਰਸ ਪੰਜਾਬ ਦੇ ਜਥੇਬੰਦੀ ਵੱਲੋਂ ਡਿਪਟੀ ਕਮਿਸ਼ਨਰ ਦਫਤਰ ਤੱਕ ਰੋਸ ਮਾਰਚ ਕੀਤਾ ਗਿਆ। ਜਥੇਬੰਦੀ ਨੇ ਪੰਜਾਬ ਦੇ ਰਾਜਪਾਲ ਦੇ ਨਾਂ ਇੱਕ ਮੰਗ ਪੱਤਰ ਵੀ ਦਿੱਤਾ। 
ਰੋਸ ਮਾਰਚ ਦੀ ਅਗਵਾਈ ਜਥੇਬੰਦੀ ਦੇ ਸੀਨੀਅਰ ਆਗੂਆਂ ਨੇ ਕੀਤੀ। ਇਸ ਵਿੱਚ ਅੰਮ੍ਰਿਤ ਪਾਲ ਸਿੰਘ ਦੇ ਪਿਤਾ ਬਾਪੂ ਤਰਸੇਮ ਸਿੰਘ, ਸੰਸਦ ਮੈਂਬਰ ਸਰਬਜੀਤ ਸਿੰਘ, ਅਮਰਜੀਤ ਸਿੰਘ ਵਨ ਚਿੜੀ, ਹਰਭਜਨ ਸਿੰਘ, ਸੁਰਜੀਤ ਸਿੰਘ, ਚਰਨਜੀਤ ਸਿੰਘ ਭਿੰਡਰ, ਸੰਦੀਪ ਸਿੰਘ, ਹਰਪ੍ਰੀਤ ਸਿੰਘ, ਕਾਬਲ ਸਿੰਘ, ਬਲਜੀਤ ਸਿੰਘ ਖਾਲਸਾ, ਹਰਸਿਮਰਨ ਸਿੰਘ, ਬਾਬੂ ਸਿੰਘ ਬਰਾੜ, ਐਡਵੋਕੇਟ ਇਮਾਨ ਸਿੰਘ ਖਾਰਾ, ਪ੍ਰਗਟ ਸਿੰਘ, ਸੁਖਚੈਨ ਸਿੰਘ ਤੇ ਹੋਰ ਆਗੂ ਸ਼ਾਮਲ ਸਨ।
ਤਹਿਸੀਲਦਾਰਾਂ ਤੇ ਨਾਇਬ ਤਹਿਸੀਲਦਾਰਾਂ &lsquoਤੇ ਮਾਨ ਸਰਕਾਰ ਦਾ ਵੱਡਾ ਐਕਸ਼ਨ, ਜਾਰੀ ਕੀਤੇ ਸਖਤ ਹੁਕਮ 
ਪੰਜਾਬ ਸਰਕਾਰ ਨੇ ਤਹਿਸੀਲਦਾਰਾਂ ਤੇ ਨਾਇਬ ਤਹਿਸੀਲਦਾਰਾਂ ਲਈ ਨਵੇਂ ਹੁਕਮ ਜਾਰੀ ਕੀਤੇ ਹਨ ਜਿਸ ਤਹਿਤ ਕਿਹਾ ਗਿਆ ਹੈ ਕਿ ਤਹਿਸੀਲਦਾਰ ਤੇ ਨਾਇਬ ਤਹਿਸੀਲਦਾਰ ਸਵੇਰੇ 9 ਤੋਂ ਰਾਤ 9 ਵਜੇ ਤੱਕ ਸਰਕਾਰੀ ਦਫਤਰਾਂ ਵਿਚ ਹਾਜ਼ਰ ਰਹਿਣਗੇ। ਇਸ ਤਹਿਤ ਅਧਿਕਾਰੀਆਂ ਨੂੰ ਤਹਿਸੀਲ ਦਫਤਰਾਂ ਵਿਚ ਹਾਜ਼ਰ ਰਹਿਣ ਦੇ ਨਿਰਦੇਸ਼ ਦਿੱਤੇ ਗਏ ਹਨ। ਮਾਨ ਸਰਕਾਰ ਨੇ ਸਾਫ ਤੇ ਸਪੱਸ਼ਟ ਸ਼ਬਦਾਂ ਵਿਚ ਕਿਹਾ ਹੈ ਕਿ ਹੁਣ ਤਹਿਸੀਲ ਦਫ਼ਤਰਾਂ &lsquoਚ ਅਧਿਕਾਰੀਆਂ ਦੀ ਮਨਮਾਨੀ ਨਹੀਂ ਚੱਲੇਗੀ। ਇਸ ਤੋਂ ਇਲਾਵਾ ਇਹ ਵੀ ਕਿਹਾ ਗਿਆ ਹੈ ਕਿ ਖਾਲੀ ਸਟੇਸ਼ਨਾਂ &lsquoਤੇ ਬਦਲ ਦੀ ਸਹੀ ਵਿਵਸਥਾ ਕੀਤੀ ਜਾਵੇ ਤਾਂ ਜੋ ਰਜਿਸਟ੍ਰੇਸ਼ਨ ਦਾ ਕੰਮ ਪ੍ਰਭਾਵਿਤ ਨਾ ਹੋਵੇ।
CM ਮਾਨ ਨੇ ਇਹ ਵੀ ਨਿਰਦੇਸ਼ ਦਿੱਤਾ ਹੈ ਕਿ M ਸੇਵਾ ਐਪ ਰਾਹੀਂ ਅਧਿਕਾਰੀਆਂ ਦੀ ਹਾਜ਼ਰੀ ਲੱਗੇਗੀ । ਡਿਪਟੀ ਕਮਿਸ਼ਨਰਾਂ ਨੂੰ ਅਧਿਕਾਰੀਆਂ ਦੀ ਮੌਜੂਦਗੀ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ ਗਏ ਹਨ। ਨਾਲ ਹੀ ਇਹ ਵੀ ਯਕੀਨੀ ਹੋਣਾ ਚਾਹੀਦਾ ਹੈ ਕਿ ਆਨਲਾਈਨ ਅਪਾਇੰਟਮੈਂਟ ਲੈਣ ਵਾਲੇ ਲੋਕਾਂ ਦਾ ਉਸੇ ਦਿਨ ਰਜਿਸਟ੍ਰੇਸ਼ਨ ਹੋ ਜਾਵੇ। ਇਸ ਤੋਂ ਇਲਾਵਾ ਮਾਨ ਸਰਕਾਰ ਨੇ ਅਫਸਰਾਂ ਦੀ ਫਰਲੋ ਖਤਮ ਕਰਨ ਦਾ ਫੈਸਲਾ ਕੀਤਾ ਹੈ।
ਭਾਰਤ ਵਲੋਂ ਸਿੰਧੂ ਦਰਿਆ ਸੰਧੀ ਨੂੰ ਮੁਲਤਵੀ ਰੱਖਣ ਦੇ ਫ਼ੈਸਲੇ ਨੇ ਪਾਕਿਸਤਾਨ ਨੂੰ ਚਿੰਤਾ &rsquoਚ ਪਾਇਆ
ਭਾਰਤ ਵਲੋਂ ਸਿੰਧੂ ਦਰਿਆ ਸੰਧੀ ਨੂੰ ਮੁਲਤਵੀ ਰੱਖਣ ਦੇ ਫ਼ੈਸਲੇ ਨੇ ਪਾਕਿਸਤਾਨ &rsquoਚ ਚਿੰਤਾ ਪੈਦਾ ਕਰ ਦਿਤੀ ਹੈ। ਸਿੰਧੂ ਦਰਿਆ ਪ੍ਰਣਾਲੀ ਅਥਾਰਟੀ (ਆਈਆਰਐਸਏ) ਸਲਾਹਕਾਰ ਕਮੇਟੀ ਨੇ ਸੋਮਵਾਰ ਨੂੰ ਭਾਰਤ ਵਲੋਂ ਸਪਲਾਈ ਘੱਟ ਹੋਣ ਕਾਰਨ ਮਰਾਲਾ ਵਿਖੇ ਚਨਾਬ ਦਰਿਆ ਦੇ ਵਹਾਅ ਵਿਚ ਅਚਾਨਕ ਕਮੀ &rsquoਤੇ ਡੂੰਘੀ ਚਿੰਤਾ ਪ੍ਰਗਟ ਕੀਤੀ, ਜਿਸ ਦੇ ਨਤੀਜੇ ਵਜੋਂ ਖਰੀਫ਼ ਸੀਜ਼ਨ ਦੇ ਸ਼ੁਰੂ ਵਿਚ ਪਾਕਿਸਤਾਨ ਵਿਚ 21 ਫ਼ੀ ਸਦੀ ਪਾਣੀ ਦੀ ਕਮੀ ਹੋ ਸਕਦੀ ਹੈ।
ਆਈਆਰਐਸਏ ਸਲਾਹਕਾਰ ਕਮੇਟੀ ਦੀ ਮੀਟਿੰਗ ਆਈਆਰਐਸਏ ਹੈੱਡਕੁਆਰਟਰ ਇਸਲਾਮਾਬਾਦ ਵਿਖੇ ਆਈਆਰਐਸਏ ਦੇ ਚੇਅਰਮੈਨ ਸਾਹਿਬਜ਼ਾਦਾ ਮੁਹੰਮਦ ਸ਼ਬੀਰ ਦੀ ਪ੍ਰਧਾਨਗੀ ਹੇਠ ਮਈ ਤੋਂ ਸਤੰਬਰ 2025 ਤਕ ਖਰੀਫ਼ ਦੀ ਬਕਾਇਆ ਮਿਆਦ ਲਈ ਅਨੁਮਾਨਿਤ ਪਾਣੀ ਉਪਲਬਧਤਾ ਮਾਪਦੰਡਾਂ ਨੂੰ ਮਨਜ਼ੂਰੀ ਦੇਣ ਲਈ ਹੋਈ।
ਵੈਨਕੂਵਰ 'ਚ ਹੋਈ ਮੈਰਾਥਨ ਦੌੜ 'ਚ 25 ਹਜ਼ਾਰ ਦੌੜਾਕਾਂ ਨੇ ਲਿਆ ਭਾਗ
ਕੈਨੇਡਾ ਦੇ ਵੈਨਕੂਵਰ 'ਚ ਐਤਵਾਰ ਨੂੰ ਬੀ.ਐਮ.ਓ ਵੈਨਕੂਵਰ ਮੈਰਾਥਨ ਦੌੜ 'ਚ ਤਕਰੀਬਨ 25 ਹਜ਼ਾਰ ਦੇ ਕਰੀਬ ਦੌੜਾਕਾਂ ਨੇ ਭਾਗ ਲਿਆ। ਜ਼ਿਕਰਯੋਗ ਹੈ ਕਿ ਕੈਨੇਡਾ ਦੀ ਸਭ ਤੋਂ ਵੱਡੀ ਮੰਨੀ ਜਾਂਦੀ ਇਸ ਮੈਰਾਥਨ 'ਚ ਕੈਨੇਡਾ ਤੋਂ ਇਲਾਵਾ 65 ਦੇ ਕਰੀਬ ਦੂਸਰੇ ਮੁਲਕਾਂ ਦੇ ਦੌੜਾਕਾਂ ਨੇ ਬੜੇ ਹੀ ਉਤਸ਼ਾਹ ਅਤੇ ਦਿਲਚਸਪੀ ਨਾਲ ਸ਼ਮੂਲੀਅਤ ਕੀਤੀ।
ਇਸ ਮੈਰਾਥਨ 'ਚ ਸ਼ਿਰਕਤ ਕਰਨ ਵਾਲਿਆਂ 'ਚ ਬੱਚੇ, ਨੌਜਵਾਨ ਅਤੇ ਬਜ਼ੁਰਗ ਵੀ ਸ਼ਾਮਲ ਸਨ। 8 ਕਿਲੋਮੀਟਰ ਲੰਬੀ ਇਹ ਮੈਰਾਥਨ ਦੌੜ ਨੂੰ ਦੋ ਭਾਗਾਂ 'ਚ ਵੰਡਿਆ ਗਿਆ ਸੀ। ਇਹ ਦੌੜ ਕਵੀਨ ਐਲਜਾਬੈਥ ਪਾਰਕ ਤੋਂ ਸ਼ੁਰੂ ਹੋ ਕੇ ਸਟੈਨਲੀ ਪਾਰਕ ਰਾਹੀਂ ਹੁੰਦੀ ਹੋਈ ਪੈਡਰ ਸਟਰੀਟ ਨੇੜੇ ਖ਼ਤਮ ਹੋਈ।
ਪੁਰਤਗਾਲ ਵਿਚ ਰਹਿ ਰਹੇ 18 ਹਜ਼ਾਰ ਵਿਦੇਸ਼ੀਆਂ ਨੂੰ ਕੱਢਿਆ ਜਾਵੇਗਾ
ਪੁਰਤਗਾਲ ਵਿਚ ਰਹਿ ਰਹੇ ਵਿਦੇਸ਼ੀਆਂ &rsquoਤੇ ਵੱਡਾ ਸੰਕਟ ਛਾ ਗਿਆ ਹੈ। ਪੁਰਤਗਾਲ ਸਰਕਾਰ ਨੇ ਪੁਰਤਗਾਲ ਵਿਚ ਗੁਪਤ ਰੂਪ ਵਿਚ ਰਹਿ ਰਹੇ 18 ਹਜ਼ਾਰ ਤੋਂ ਵੱਧ ਵਿਦੇਸ਼ੀਆਂ ਨੂੰ ਬਾਹਰ ਕੱਢਣ ਦਾ ਫ਼ੈਸਲਾ ਕੀਤਾ ਹੈ। ਪੁਰਤਗਾਲ ਵਿਚ 18 ਮਈ ਨੂੰ ਮੱਧਕਾਲੀ ਚੋਣਾਂ ਹੋਣੀਆਂ ਹਨ। ਇਸ ਵਿਚ ਇਮੀਗ੍ਰੇਸ਼ਨ ਇਕ ਵੱਡਾ ਮੁੱਦਾ ਬਣ ਗਿਆ ਹੈ। ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਐਂਟੋਨੀਓ ਲੀਟੋ ਅਮਰੋ ਨੇ ਕਿਹਾ ਕਿ ਕਾਰਜਕਾਰੀ ਸਰਕਾਰ ਜਲਦੀ ਹੀ ਇਸ ਲਈ ਇਕ ਨੋਟੀਫ਼ਿਕੇਸ਼ਨ ਜਾਰੀ ਕਰੇਗੀ।
ਮਾਨਸਾ ਦੇ ਨੌਜਵਾਨ ਦਾ ਕੈਨੇਡਾ ਦੇ ਸਰੀ &rsquoਚ ਗੋਲੀਆਂ ਮਾਰ ਕੇ ਕਤਲ
ਕਰੀਬ ਸਾਢੇ ਸੱਤ ਸਾਲ ਪਹਿਲਾਂ ਰੁਜ਼ਗਾਰ ਲਈ ਕੈਨੇਡਾ ਗਏ ਮਾਨਸਾ ਦੇ ਗੱਭਰੂ ਨਵਦੀਪ ਸਿੰਘ (27) ਦਾ ਕੈਨੇਡਾ ਦੇ ਸਰੀ ਵਿੱਚ ਕੁਝ ਵਿਅਕਤੀਆਂ ਨੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਹੈ। ਇਹ ਘਟਨਾ 29 ਅਪਰੈਲ ਦੀ ਹੈ, ਪਰ ਮਾਨਸਾ ਬੈਠੇ ਉਸ ਦੇ ਪਰਿਵਾਰ ਨੂੰ ਇਸ ਦਾ ਪਤਾ 2 ਮਈ ਨੂੰ ਲੱਗਿਆ। ਪਰਿਵਾਰ ਮੁਤਾਬਕ ਨੌਜਵਾਨ ਦੀ ਨਾ ਕਿਸੇ ਨਾਲ ਕੋਈ ਰੰਜਿਸ਼ ਸੀ ਤੇ ਨਾ ਕੋਈ ਝਗੜਾ। ਉਸ ਦਾ ਕਤਲ ਕਿਉਂ ਕੀਤਾ ਗਿਆ, ਇਹ ਅਜੇ ਤੱਕ ਬੁਝਾਰਤ ਬਣਿਆ ਹੋਇਆ ਹੈ।
ਕਿਸਾਨਾਂ ਨੂੰ ਸ਼ੰਭੂ ਥਾਣੇ ਦੇ ਘਿਰਾਓ ਤੋਂ ਰੋਕਣ ਲਈ ਪੁਲੀਸ ਵੱਲੋਂ ਸਖ਼ਤ ਸੁਰੱਖਿਆ ਪ੍ਰਬੰਧ
ਪਟਿਆਲਾ- ਸੰਯੁਕਤ ਕਿਸਾਨ ਮੋਰਚਾ (ਗੈਰ ਸਿਆਸੀ) ਅਤੇ ਕਿਸਾਨ ਮਜ਼ਦੂਰ ਮੋਰਚਾ ਵੱਲੋਂ ਅੱਜ ਸ਼ੰਭੂ ਥਾਣੇ ਦਾ ਘਿਰਾਓ ਕਰਨ ਦੇ ਕੀਤੇ ਗਏ ਐਲਾਨ ਦੇ ਚਲਦਿਆਂ ਪਟਿਆਲਾ ਪੁਲੀਸ ਵੱਲੋਂ ਜ਼ਿਲ੍ਹੇ ਭਰ ਵਿੱਚ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ।
ਇਸ ਸਬੰਧੀ ਜਿੱਥੇ ਸ਼ੰਭੂ ਥਾਣੇ ਦੇ ਆਲੇ ਦੁਆਲੇ ਜ਼ਬਰਦਸਤ ਨਾਕੇਬੰਦੀ ਕੀਤੀ ਗਈ ਹੈ, ਉੱਥੇ ਹੀ ਪਟਿਆਲਾ ਜ਼ਿਲ੍ਹੇ ਵੱਲ ਨੂੰ ਆਉਂਦੀਆਂ ਅਨੇਕਾਂ ਹੋਰ ਸੜਕਾਂ &rsquoਤੇ ਵੀ ਪੁਲੀਸ ਦੀ ਤਾਇਨਾਤੀ ਹੈ। ਖਾਸ ਕਰਕੇ ਘਨੌਰ, ਸ਼ੰਭੂ ਤੇ ਰਾਜਪੁਰਾ ਵੱਲ ਨੂੰ ਜਾਣ ਵਾਲੇ ਵਾਹਨਾਂ ਦੀ ਪੁਲੀਸ ਵੱਲੋਂ ਬਰੀਕੀ ਨਾਲ ਤਲਾਸ਼ੀ ਲਈ ਜਾ ਰਹੀ ਹੈ।
ਇਸ ਦੌਰਾਨ ਕਿਸਾਨਾਂ ਦੇ ਵੱਡੇ ਸਮੂਹ ਮੋਗਾ ਅਤੇ ਜਗਰਾਉਂ ਵਿੱਚ ਇਕੱਠੇ ਹੋਣੇ ਸ਼ੁਰੂ ਹੋ ਗਏ ਹਨ। ਪ੍ਰਸ਼ਾਸਨ ਵੱਲੋਂ ਅਜਿਹੇ ਕਿਸੇ ਵੀ ਪ੍ਰਦਰਸ਼ਨ ਦੀ ਇਜਾਜ਼ਤ ਦੇਣ ਤੋਂ ਇਨਕਾਰ ਕਰਨ ਦੇ ਬਾਵਜੂਦ ਕਿਸਾਨ ਮਾਰਚ ਕਰਨ ਦੀ ਤਿਆਰੀ ਵਿਚ ਹਨ।
ਦਿਲਜੀਤ ਦੋਸਾਂਝ ਸ਼ਾਹੀ ਪੰਜਾਬੀ ਵਿਰਾਸਤੀ ਪੋਸ਼ਾਕ Met Gala ਪੁੱਜਿਆ
ਦਿਲ ਲੂਮਿਨਾਟੀ ਟੂਰ ਤੋਂ ਮਹੀਨਿਆਂ ਬਾਅਦ ਪੰਜਾਬੀ ਗਾਇਕ ਦਿਲਜੀਤ ਦੋਸਾਂਝ ਮੇਟ ਗਾਲਾ 2025 ਦੇ ਨੀਲੇ ਕਾਰਪੈਟ &rsquoਤੇ ਪਟਿਆਲਾ ਦੇ ਮਹਾਰਾਜਾ ਨੂੰ ਸ਼ਰਧਾਂਜਲੀ ਵਜੋਂ ਇਕ ਸ਼ਾਹੀ ਸਫੈਦ ਪਹਿਰਾਵੇ ਵਿਚ ਪੁੱਜਿਆ। ਇਹ ਪਹਿਰਾਵਾ ਅਮਰੀਕੀ-ਨੇਪਾਲੀ ਡਿਜ਼ਾਈਨਰ ਪ੍ਰਬਲ ਗੁਰੰਗ ਵੱਲੋਂ ਡਿਜ਼ਾਈਨ ਕੀਤਾ ਗਿਆ ਸੀ, ਜਿਸ ਨੇ ਪਹਿਲਾਂ ਨਿਊਯਾਰਕ ਵਿਚ ਮੈਟਰੋਪੋਲੀਟਨ ਮਿਊਜ਼ੀਅਮ ਆਫ਼ ਆਰਟ ਵਿਖੇ ਸਾਲਾਨਾ ਆਯੋਜਿਤ ਫੈਸ਼ਨ ਚੈਰਿਟੀ ਪ੍ਰੋਗਰਾਮ ਲਈ ਬਾਲੀਵੁੱਡ ਅਦਾਕਾਰਾ ਆਲੀਆ ਭੱਟ ਲਈ ਪਹਿਰਾਵਾ ਤਿਆਰ ਕੀਤਾ ਸੀ।
ਭਾਰਤ ਤੇ ਬਰਤਾਨੀਆ ਵਿਚਾਲੇ ਮੁਕਤ ਵਪਾਰ ਸਮਝੌਤਾ ਸਿਰੇ ਚੜ੍ਹਿਆ
ਭਾਰਤ ਤੇ ਯੂਕੇ ਵਿਚਾਲੇ ਲੰਮੇ ਸਮੇਂ ਤੋਂ ਉਡੀਕੇ ਜਾ ਰਹੇ ਮੁਕਤ ਵਪਾਰ ਸਮਝੌਤੇ (ਐੱਫਟੀਏ) ਦੇ ਨਾਲ ਹੀ ਅੱਜ ਦੋਹਰਾ ਯੋਗਦਾਨ ਕਰਾਰ ਵੀ ਨੇਪਰੇ ਚੜ੍ਹ ਗਿਆ ਹੈ। ਇਨ੍ਹਾਂ ਸਮਝੌਤਿਆਂ ਨਾਲ ਦੋਵਾਂ ਮੁਲਕਾਂ &rsquoਚ ਵਪਾਰ, ਨਿਵੇਸ਼, ਵਿਕਾਸ ਤੇ ਰੁਜ਼ਗਾਰ ਨੂੰ ਹੁਲਾਰਾ ਮਿਲਣ ਦੀ ਉਮੀਦ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਬਰਤਾਨਵੀ ਹਮਰੁਤਬਾ ਕੀਰ ਸਟਾਰਮਰ ਨਾਲ ਫੋਨ &rsquoਤੇ ਗੱਲਬਾਤ ਮਗਰੋਂ ਇਹ ਸਮਝੌਤੇ ਸਿਰੇ ਚੜ੍ਹਨ ਦਾ ਐਲਾਨ ਕੀਤਾ।
ਇਨ੍ਹਾਂ ਸਮਝੌਤਿਆਂ ਮਗਰੋਂ ਭਾਰਤ &rsquoਚ ਬਰਤਾਨਵੀ ਸਕੌਚ ਵਿਸਕੀ ਤੇ ਕਾਰਾਂ ਸਸਤੀਆਂ ਹੋ ਜਾਣਗੀਆਂ ਜਦਕਿ ਕੱਪੜਿਆਂ ਤੇ ਚਮੜੇ ਦੇ ਉਤਪਾਦਾਂ ਜਿਹੀਆਂ ਭਾਰਤੀ ਦਰਾਮਦਾਂ &rsquoਤੇ ਟੈਕਸ ਘਟੇਗਾ। ਯੂਰਪੀ ਯੂਨੀਅਨ ਨਾਲੋਂ ਵੱਖ ਹੋਣ ਮਗਰੋਂ ਇਹ ਬਰਤਾਨੀਆ ਦਾ ਸਭ ਤੋਂ ਵੱਡਾ ਵਪਾਰਕ ਸਮਝੌਤਾ ਹੈ।
ਗ਼ੈਰਕਾਨੂੰਨੀ ਪਰਵਾਸੀਆਂ ਨੂੰ ਦੇਸ਼ ਛੱਡਣ ਲਈ 1000 ਅਮਰੀਕੀ ਡਾਲਰ ਦੇਵੇਗਾ ਟਰੰਪ ਪ੍ਰਸ਼ਾਸਨ
ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੇ ਪ੍ਰਸ਼ਾਸਨ ਨੇ ਸੋਮਵਾਰ ਨੂੰ ਕਿਹਾ ਕਿ ਉਹ ਦੇਸ਼ ਵਿਚ ਗੈਰਕਾਨੂੰਨੀ ਢੰਗ ਨਾਲ ਰਹਿ ਰਹੇ ਉਨ੍ਹਾਂ ਪ੍ਰਵਾਸੀਆਂ ਨੂੰ 1,000 ਅਮਰੀਕੀ ਡਾਲਰ ਦਾ ਭੁਗਤਾਨ ਕਰੇਗਾ, ਜੋ ਸਵੈ-ਇੱਛਾ ਨਾਲ ਆਪਣੇ ਦੇਸ਼ ਪਰਤਣ ਦੀ ਵਿਉਂਤਾਂ ਘੜ ਰਹੇ ਹਨ।
ਗ੍ਰਹਿ ਸੁਰੱਖਿਆ ਵਿਭਾਗ ਨੇ ਇਕ ਪ੍ਰੈੱਸ ਬਿਆਨ ਵਿਚ ਕਿਹਾ ਕਿ ਉਹ ਯਾਤਰਾ ਸਹਾਇਤਾ ਲਈ ਭੁਗਤਾਨ ਕਰੇਗਾ ਤੇ ਜਿਹੜੇ ਲੋਕ ਸੀਬੀਪੀ ਹੋਮ ਨਾਂ ਦੇ ਐਪ ਦੀ ਵਰਤੋਂ ਕਰਕੇ ਸਰਕਾਰ ਨੂੰ ਦੱਸਣਗੇ ਕਿ ਉਹ ਘਰ ਵਾਪਸ ਜਾਣ ਦੀ ਯੋਜਨਾ ਬਣਾ ਰਹੇ ਹਨ ਤਾਂ ਅਜਿਹੇ ਵਿਅਕਤੀਆਂ ਨੂੰ ਉਨ੍ਹਾਂ ਦੇ ਮੁਲਕ ਵਾਪਸ ਭੇਜਣ ਦਾ ਪ੍ਰਬੰਧ ਕੀਤਾ ਜਾਵੇਗਾ।