image caption: ਜਥੇਦਾਰ ਮਹਿੰਦਰ ਸਿੰਘ ਖਹਿਰਾ

ਗੈਰ ਹਿੰਦੂਆਂ ਦਾ ਭਾਰਤ ਦੀਆਂ ਵਿਸ਼ੇਸ਼ ਫ਼ੋਰਸਾਂ ਦੇ ਅਹਿਮ ਅਹੁਦਿਆਂ ਤਕ ਪਹੁੰਚਣਾ ਅਸੰਭਵ ਕਿਉਂ? ਕੀ ਭਾਰਤ ਇੱਕ ਲੋਕਤੰਤਰੀ ਰਾਜ ਹੈ?

ਇਹ ਲੇਖ ਪੰਜਾਬ ਟਾਈਮਜ਼ 16 ਨਵੰਬਰ 2017 ਵਿੱਚ ਛਾਪਿਆ ਸੀ, ਮੌਜੂਦਾ ਹਾਲਾਤਾਂ ਵਿੱਚ ਇਸ ਤੇ ਪੰਛੀ ਝਾਤ ਮਾਰ ਰਹੇ ਹਾਂ ।
ਹਿੰਦੂਵਾਦ ਨੂੰ ਸਮਰਪਿਤ ਜਥੇਬੰਦੀ ਆਰ.ਐੱਸ.ਐੱਸ. ਭਾਰਤ ਅੰਦਰ ਰਹਿੰਦੇ ਮੁਸਲਮਾਨਾਂ, ਸਿੱਖਾਂ, ਈਸਾਈਆਂ ਤੇ ਬੋਧੀਆਂ ਤੋਂ ਇਲਾਵਾ ਡਾ: ਅੰਬੇਡਕਰ ਦੇ ਮਿਸ਼ਨ ਨੂੰ ਸਮਰਪਿਤ ਦਲਿਤਾਂ ਵਿਰੁੱਧ ਵੀ ਬਹੁਤ ਹੀ ਘਿਨਾਉਣੀਆਂ ਸਾਜ਼ਿਸ਼ਾਂ ਵਿੱਚ ਸਰਗਰਮ ਹੈ। ਇਸ ਜਥੇਬੰਦੀ ਦਾ ਮੱਕੜੀ ਜਾਲ਼ ਹਿੰਦੋਸਤਾਨ ਦੇ ਹਰ ਖੇਤਰ ਵਿੱਚ ਹੈ, ਇੱਥੋਂ ਤਕ ਕਿ ਸਰਕਾਰੀ ਮਹਿਕਮਿਆਂ ਤੇ ਫ਼ੋਰਸਾਂ ਵਿੱਚ ਵੀ ਇਸ ਦੇ ਸੈੱਲ ਹਨ। ਇੱਥੇ ਇਹ ਵੀ ਦੱਸਣਯੋਗ ਹੈ ਕਿ:
ਖ਼ੁਫ਼ੀਆ ਏਜੰਸੀਆਂ ਅਤੇ ਕੁਝ ਵਿਸ਼ੇਸ਼ ਫ਼ੋਰਸਾਂ ਦੇ ਅੰਦਰ ਹਿੰਦੂਆਂ ਤੋਂ ਇਲਾਵਾ ਭਾਰਤ ਵਿੱਚ ਵੱਸਦੀਆਂ ਹੋਰ ਸਾਰੀਆਂ ਕੌਮਾਂ ਦਾ ਦਾਖ਼ਲਾ ਬੰਦ ਹੈ। ਇਹ ਦਾਖ਼ਲਾ ਏਨੇ ਪੱਕੇ ਢੰਗ ਨਾਲ਼ ਬੰਦ ਹੈ ਕਿ ਆਪਣੇ 10 ਸਾਲ ਦੇ ਕਾਰਜਕਾਲ ਦੌਰਾਨ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਇਸ ਨੂੰ ਖੁੱਲ੍ਹਵਾਉਣ ਲਈ ਜ਼ੋਰ ਲਾਉਂਦਾ ਰਿਹਾ, ਪਰ ਸਫਲ ਨਹੀਂ ਹੋ ਸਕਿਆ। ਫਿਰ ਕਿਹੜਾ ਕਹਿੰਦਾ ਹੈ ਕਿ ਭਾਰਤ ਵਿੱਚ ਲੋਕਤੰਤਰੀ ਰਾਜ ਹੈ..।  -(ਬਲਜੀਤ ਸਿੰਘ ਖ਼ਾਲਸਾ)
ਜਦੋਂ ਤੋਂ ਦੇਸ਼ ਵਿੱਚ ਆਰ.ਐੱਸ.ਐੱਸ., ਬੀ.ਜੇ.ਪੀ. ਦੀ ਸਰਕਾਰ ਮੋਦੀ ਦੀ ਅਗਵਾਈ ਹੇਠ ਹੋਂਦ ਵਿੱਚ ਆਈ ਹੈ, ਉਸ ਸਮੇਂ ਤੋਂ ਹੀ ਬੀ.ਜੇ.ਪੀ. ਦੇ ਨੇਤਾ ਬੜੇ ਹੈਂਕੜ ਭਰੇ ਬਿਆਨ ਭਾਰਤ ਦੇ ਮੁੱਖ ਧਾਰਾ ਮੀਡੀਏ ਵਿੱਚ ਦਿੰਦੇ ਆ ਰਹੇ ਹਨ। ਵਿਸ਼ਵ ਹਿੰਦੂ ਪ਼੍ਰੀਸ਼ਦ ਦੇ ਦਿੱਲੀ ਦੇ ਸੂਬਾ ਪ਼੍ਰਧਾਨ ਰਿਖਬਰ ਚੰਦ ਜੈਨ ਇੱਕ ਮੈਗਜ਼ੀਨ ਨੂੰ ਦਿੱਤੀ ਇੰਟਰਵਿਊ ਚ ਸਪੱਸ਼ਟ ਸ਼ਬਦਾਂ ਵਿੱਚ ਕਿਹਾ ਸੀ ਕਿ ਸੰਵਿਧਾਨ ਵਿੱਚ 'ਹਿੰਦੂ ਰਾਸ਼ਟਰ' ਲਿਖਿਆ ਹੋਵੇ ਜਾਂ ਨਾ, ਹਿੰਦੂ ਰਾਸ਼ਟਰ ਤਾਂ ਹੈ ਹੀ। ਹਿੰਦੂ ਬਹੁ-ਗਿਣਤੀ ਹਨ, ਇਸ ਲਈ ਹਿੰਦੂ ਰਾਸ਼ਟਰ ਹੈ। ਇਹ ਸਾਡੀ ਪੁਰਾਤਨ ਪਛਾਣ ਹੈ। ਸਾਡੇ ਧਰਮ ਵਿੱਚ ਸਹਿਣਸ਼ੀਲਤਾ ਅਤੇ ਸਾਰਿਆਂ ਨੂੰ ਸਵੀਕਾਰ ਕਰਨ ਦੀ ਸਿੱਖਿਆ ਦਿੱਤੀ ਜਾਂਦੀ ਹੈ, ਅਸੀਂ ਇਹ ਕਰ ਵੀ ਰਹੇ ਹਾਂ। ਵਰ੍ਹਿਆਂ ਤੋਂ ਇਹੀ ਕਰਦੇ ਆਏ ਹਾਂ ਤਾਂ ਹੀ ਇਹ ਲੋਕ (ਗ਼ੈਰ ਹਿੰਦੂ) ਇੱਥੇ ਹਨ।
ਆਰ.ਐੱਸ.ਐੱਸ. ਦਾ ਮੁਖੀ ਮੋਹਨ ਭਾਗਵਤ ਵੀ ਬਾਰ-ਬਾਰ ਇਹ ਬਿਆਨ ਦੇ ਰਿਹਾ ਹੈ ਕਿ ਹਿੰਦੋਸਤਾਨ ਹਿੰਦੂਆਂ ਦਾ ਦੇਸ਼ ਹੈ ਅਤੇ ਮੋਹਨ ਭਾਗਵਤ ਇਹ ਵੀ ਦਾਅਵਾ ਕਰ ਰਿਹਾ ਹੈ ਕਿ ਹਿੰਦੂ ਧਰਮ ਦੇ ਵਿੱਚ ਹੋਰ ਪੰਥਾਂ (ਜਿਵੇਂ ਕਿ ਖ਼ਾਲਸਾ ਪੰਥ) ਨੂੰ ਹਜ਼ਮ ਕਰਨ ਦੀ ਤਾਕਤ ਹੈ। ਇਹ ਹਾਜ਼ਮਾ ਥੋੜਾ ਵਿਗੜ ਗਿਆ ਸੀ, ਹੁਣ ਇਹ ਹਾਜ਼ਮਾ ਰਾਸ਼ਟਰੀ ਸਿੱਖ ਸੰਗਤ ਰੂਪੀ ਦਵਾਈ ਨਾਲ਼ ਠੀਕ ਕੀਤਾ ਜਾਵੇਗਾ। ਅਰਥਾਤ ਜਿਸ ਹੀ ਕੀ ਸਿਰਕਾਰ ਹੈ ਤਿਸਹੀ ਕਾ ਸਭ ਕੋਇ॥ (ਸ੍ਰੀ ਗੁਰੂ ਗ੍ਰੰਥ ਸਾਹਿਬ ਅੰਗ 27) ਇਸ ਕਰਕੇ ਹੀ ਸਿੱਖ ਧਰਮ ਦੇ ਨਿਆਰੇਪਣ ਅਤੇ ਖ਼ਾਲਸਾ ਪੰਥ (ਸਿੱਖ ਕੌਮ) ਦੀ ਸੁਤੰਤਰ ਅਤੇ ਅੱਡਰੀ ਅਜ਼ਾਦ ਹੋਂਦ ਹਸਤੀ ਦਾ ਮਲੀਆਮੇਟ ਕਰ ਕੇ ਸਿੱਖ ਧਰਮ ਦਾ ਹਿੰਦੂ ਧਰਮ ਨਾਲ਼ ਮਿਲ਼ਗੋਭਾ ਕਰਨ ਲਈ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਕਲਪਿਤ ਤਸਵੀਰ ਨੂੰ ਦਸ਼ਮੇਸ਼ ਪਿਤਾ ਦੀ ਆਤਮਿਕ ਚਿੰਨ੍ਹ ਵਜੋਂ ਸਥਾਪਤ ਕਰਕੇ ਭੋਲੇ-ਭਾਲ਼ੇ ਸਿੱਖਾਂ ਨੂੰ ਮੂਰਤੀ-ਪੂਜਾ ਵੱਲ ਨੂੰ ਤੋਰਿਆ ਜਾ ਰਿਹਾ ਹੈ। ਆਰ.ਐੱਸ.ਐੱਸ. ਵੱਲੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 350ਵੇਂ ਪ਼੍ਰਕਾਸ਼ ਦਿਹਾੜਾ ਮਨਾਉਣ ਦੀ ਆੜ ਹੇਠ ਇਹ ਪ਼੍ਰਚਾਰ, ਕਰਦੀ ਰਹੀ ਅਤੇ ਕਰਵਾ ਰਹੀ ਹੈ ਕਿ :
(1) ਸਿੱਖ ਗੁਰੂ ਸਾਹਿਬਾਨ ਹਿੰਦੋਸਤਾਨ ਦੇ ਰਾਸ਼ਟਰੀ ਆਗੂ ਹਨ। 
(2) ਗੁਰਬਾਣੀ ਐਸੀ ਗਿਆਨ ਗੰਗਾ ਹੈ ਜੋ ਵੇਦਾਂ ਦੀ ਗੰਗੋਤਰੀ ਵਿੱਚੋਂ ਫੁੱਟਦੀ ਹੈ ਅਤੇ ਜਪੁਜੀ ਗੀਤਾ ਦਾ ਛੋਟਾ ਰੂਪ ਹੈ। 
(3) ਦਸਮ ਗ਼੍ਰੰਥ ਵਿੱਚ ਸਿੱਖਾਂ ਦੀ ਵੱਖਰੀ ਹੋਂਦ ਨਹੀਂ ਮੰਨੀ ਗਈ। 
(4) ਜਿਹੜੇ ਸਿੱਖ, ਸਿੱਖਾਂ ਨੂੰ ਵੱਖਰੀ ਕੌਮ ਦੱਸਦੇ ਹਨ, ਉਹ ਅੱਤਵਾਦੀ ਤੇ ਵੱਖਵਾਦੀ ਹਨ। 
ਪਰ ਵਿਚਾਰਨਯੋਗ ਤੱਥ ਇਹ ਹੈ ਕਿ ਸ਼੍ਰੀ ਗੁਰੂ ਗ਼੍ਰੰਥ ਸਾਹਿਬ ਦੀ ਵਿਚਾਰਧਾਰਾ ਸਿਰਫ਼ ਇੱਕ ਅਕਾਲ ਪੁਰਖ ਦੀ ਮਹਾਨਤਾ ਦਾ ਵਰਨਣ ਕਰਦੀ ਹੈ। ਗੁਰੂ ਫੁਰਮਾਨ ਹੈ, ਦੂਜਾ ਕਾਹਿ ਸਿਮਰੀਐ ਜੋ ਜੰਮਿਹ ਤੇ ਮਰਿ ਜਾਹਿ॥ ਭਾਵ ਇੱਕ ਅਕਾਲ ਪੁਰਖ ਤੋਂ ਬਿਨਾਂ ਬਾਕੀ ਸਭ ਨਾਸ਼ਵਾਨ ਹਨ...। (ਦਿੱਤ ਸਿੰਘ ਪੱਤ਼੍ਰਿਕਾ ਅਕਤੂਬਰ 2017 ਸਫ਼ਾ 38)। 
ਆਰ.ਐੱਸ.ਐੱਸ. ਤੇ ਭਾਜਪਾ ਸਰਕਾਰ ਵੱਲੋਂ ਗੁਰੂ ਗੋਬਿੰਦ ਸਿੰਘ ਜੀ ਦਾ 350ਵਾਂ ਪ਼੍ਰਕਾਸ਼ ਪੁਰਬ ਮਨਾਉਣ ਲਈ ਸੌ ਕਰੋੜ ਦੀ ਲਾਗਤ ਵਾਲ਼ੇ ਪ਼੍ਰੋਗਰਾਮ ਦਾ ਅਸਲ ਨਿਸ਼ਾਨਾ ਹੈ ਦਸ਼ਮੇਸ਼ ਦੇ ਅੰਮ਼੍ਰਿਤ, ਸਿੱਖੀ ਦੀ ਰਹਿਤ, ਗੁਰੂ ਗ਼੍ਰੰਥ, ਗੁਰੂ ਖ਼ਾਲਸਾ ਪੰਥ ਦੀ ਗੁਰਿਆਈ, ਸਿੱਖ ਇਤਿਹਾਸ ਦੇ ਜੁਝਾਰੂ ਖ਼ਾਲਸੇ ਨੂੰ ਖ਼ਤਮ ਕਰ ਕੇ ਸਥਾਈ ਬਹੁ-ਗਿਣਤੀ ਸੱਭਿਆਚਾਰ ਵਿੱਚ ਇਸ ਤਰ੍ਹਾਂ ਰੰਗ ਦੇਣਾ ਕਿ ਸਿੱਖ ਕੌਮ ਦੀ ਵੱਖਰੀ ਪਛਾਣ ਹੀ ਮਿਟ ਜਾਵੇ ਅਤੇ ਸਿੱਖ ਹਮੇਸ਼ਾ ਲਈ ਭਾਰਤ ਵਿੱਚ ਦੂਜੇ ਦਰਜੇ ਦੇ ਸ਼ਹਿਰੀ ਬਣ ਕੇ ਰਹਿਣ, ਅਰਥਾਤ ਬਹੁ-ਗਿਣਤੀ ਦੀ ਗ਼ੁਲਾਮੀ ਖਿੜ੍ਹੇ ਮੱਥੇ ਪ਼੍ਰਵਾਨ ਕਰ ਲੈਣ। 1978 ਦੇ ਨਿਰੰਕਾਰੀ ਕਾਂਡ ਤੋਂ ਬਾਅਦ ਸਿੱਖ ਕੌਮ ਨੂੰ ਯੋਜਨਾਬੱਧ ਤਰੀਕੇ ਨਾਲ਼ ਬਦਨਾਮ ਅਤੇ ਰੁਸਵਾ ਕਰਨ ਦੀਆਂ ਭਰਪੂਰ ਕੋਸ਼ਿਸ਼ਾਂ ਕੀਤੀਆਂ ਗਈਆਂ ਹਨ। ਇਸੇ ਹੀ ਸੰਬੰਧ ਵਿੱਚ 'ਇੰਡੀਅਨ ਐਕਸਪ਼੍ਰੈੱਸ' ਨੇ ਆਪਣੇ 12-13 ਅਤੇ 14 ਮਈ 1982 ਦੇ ਪਰਚਿਆਂ ਵਿੱਚ ਅਰੁਣ ਸ਼ੋਰੀ ਨਾਂ ਦੇ ਆਪਣੇ ਹੀ ਇੱਕ ਕਾਲਮ ਨਵੀਸ ਦੇ ਤਿੰਨ ਲੇਖ ਛਾਪੇ ਸਨ। ਇਹਨਾਂ ਲੇਖਾਂ ਦੁਆਰਾ ਇਸ ਕਾਲਮ ਨਵੀਸ ਨੇ ਸਿੱਖ ਕੌਮ ਦੇ ਪਰਮ-ਪਵਿੱਤਰ ਸਿਧਾਂਤਾਂ ਅਤੇ ਰਵਾਇਤਾਂ ਦਾ ਮੂੰਹ ਮੁਹਾਂਦਰਾ ਹੀ ਨਹੀਂ ਵਿਗਾੜਿਆ, ਸਗੋਂ ਉਹਨਾਂ ਦੀ ਖਿੱਲੀ ਉਡਾਉਣ ਦੀ ਅਤਿ ਨਿੰਦਾਜਨਕ ਕੋਸ਼ਿਸ਼ ਵੀ ਕੀਤੀ ਤਾਂ ਜੋ ਸਮੁੱਚੀ ਸਿੱਖ ਕੌਮ ਨੂੰ ਨਸ਼ਰ ਅਤੇ ਨਿਰ-ਉਤਸ਼ਾਹ ਕੀਤਾ ਜਾ ਸਕੇ। ਇਹਨਾਂ ਲੇਖਾਂ ਦਾ ਸਾਰ-ਅੰਸ਼ ਸੀ ਕਿ ਸਿੱਖ ਕੌਮ ਹਮੇਸ਼ਾ ਤੋਂ ਹੀ ਦੇਸ਼ ਧ਼੍ਰੋਹੀ ਰਹੀ ਹੈ। ਸਿੱਖ ਕੌਮ ਦੇ ਆਗੂ ਹਮੇਸ਼ਾ ਬੇ-ਸਮਝ ਅਤੇ ਬੇ-ਮਕਸਦ ਹੀ ਰਹੇ ਹਨ, ਜਿਸ ਕਾਰਨ ਉਹ ਇਤਿਹਾਸ ਵਿੱਚ ਕਦੇ ਵੀ ਕੋਈ ਉਸਾਰੂ ਭੂਮਿਕਾ ਨਹੀਂ ਨਿਭਾ ਸਕੇ। (ਹਾਲਾਂਕਿ ਸੱਚ ਇਹ ਹੈ ਕਿ ਜੇ ਸਿੱਖ ਨਾ ਹੁੰਦੇ ਤਾਂ ਭਾਰਤ ਨਾਂਅ ਦਾ ਕੋਈ ਦੇਸ਼ ਵਜੂਦ ਵਿੱਚ ਹੀ ਨਹੀਂ ਸੀ ਆਉਣਾ ਅਤੇ ਅਰੁਣ ਸ਼ੋਰੀ ਵਰਗਿਆਂ ਦੀ ਸੁੰਨਤ ਹੋਈ ਹੋਣੀ ਸੀ) ਅਤੇ ਸਿੱਖ ਕੌਮ ਨਾਲ਼ ਭਾਰਤ ਵਿੱਚ ਕਿਸੇ ਕਿਸਮ ਦਾ ਕੋਈ ਵਿਤਕਰਾ ਨਹੀਂ ਹੋ ਰਿਹਾ, ਪੰਥ ਨੂੰ ਖ਼ਤਰੇ' ਦਾ ਨਾਹਰਾ ਐਵੇਂ ਸ਼ੋਸ਼ਾ ਹੀ ਹੈ-ਸਿੱਖ ਤਾਂ ਹਿੰਦੂ ਮਤ ਦਾ ਹਿੱਸਾ ਹੀ ਹਨ, ਇਹਨਾਂ ਦੀ ਆਪਣੀ ਨਾਂ ਤਾਂ ਕੋਈ ਅੱਡਰੀ ਹਸਤੀ ਅਤੇ ਨਾ ਕੋਈ ਅਡੱਰਾ ਮਜ਼੍ਹਬ। ਖ਼ਾਲਸਾ ਦਾ ਮਤਲਬ ਕੇਵਲ ਖ਼ਾਲਸ (ਫੂ੍ਰਓ) ਹੈ ਅਤੇ ਇਸ ਦੇ ਕਕਾਰ ਅਤੇ ਰਹਿਤ ਮਰਿਯਾਦਾ ਵਕਤੀ ਹੀ ਸੀ, ਜਿਸ ਦੀ ਅਜੋਕੀ ਦੁਨੀਆਂ ਵਿੱਚ ਕੋਈ ਤੁੱਕ ਨਹੀਂ ਹੈ।...
ਇੱਥੇ ਵੀ ਦੱਸਣਯੋਗ ਹੈ ਕਿ ਸ: ਦਵਿੰਦਰ ਸਿੰਘ ਦੁੱਗਲ ਨੇ ਅਰੁਣ ਸ਼ੋਰੀ ਦੇ ਉਕਤ ਲੇਖਾਂ ਦਾ ਮੂੰਹ ਤੋੜਵਾਂ ਜਵਾਬ ਦਿੱਤਾ ਸੀ। ਸ: ਦਵਿੰਦਰ ਸਿੰਘ ਦੇ ਜੁਆਬੀ ਲੇਖਾਂ ਨੂੰ ਧਰਮ ਪ਼੍ਰਚਾਰ ਕਮੇਟੀ ਅੰਮ਼੍ਰਿਤਸਰ ਨੇ ਕਿਤਾਬਚੇ ਦੇ ਰੂਪ ਵਿੱਚ ਛਪਵਾਇਆ ਸੀ, ਜਿਸ ਦਾ ਨਾਂ ਸੀ 'ਸਿੱਖ ਕੌਮ ਦਾ ਸ਼ਾਨਦਾਰ ਵਿਰਸਾ'। 
ਆਪਣੇ ਲੇਖਾਂ ਦੇ ਅੰਤ ਵਿੱਚ ਅਰੁਣ ਸ਼ੋਰੀ ਨੇ ਭਾਰਤ ਸਰਕਾਰ ਨੂੰ ਸਲਾਹਾਂ ਦਿੱਤੀਆਂ: ਜੇ ਮੁਲਕ ਵਿੱਚ ਅਮਨ ਚੈਨ ਨਾਲ਼ ਰਹਿਣਾ ਚਾਹੁੰਦੇ ਹੋ ਤਾਂ ਸਿੱਖ ਕੌਮ ਨੂੰ ਪੂਰੀ ਸਖ਼ਤੀ ਨਾਲ਼ ਦਬਾਉ ਅਤੇ ਇਸ ਨੂੰ ਓਨੀ ਦੇਰ ਤਕ ਸੁੱਖ ਦਾ ਸਾਹ ਨਾ ਲੈਣ ਦਿਓ, ਜਦ ਤਕ ਇਹ ਆਪਣੀ ਅੱਡਰੀ ਹਸਤੀ ਮਿਟਾ ਕੇ ਹਿੰਦੂ ਧਰਮ ਵਿੱਚ ਸ਼ਾਮਿਲ ਨਹੀਂ ਹੋ ਜਾਂਦੀ। ਇਸੇ ਹੀ ਉਦੇਸ਼ ਲਈ ਕੌਮਪ਼੍ਰਸਤੀ ਦੇ ਇਸ ਠੇਕੇਦਾਰ ਨੇ ਭਾਰਤੀ ਸੰਵਿਧਾਨ ਦੀਆਂ ਕੁਝ ਕੁ ਧਾਰਾਵਾਂ ਨੂੰ ਅੱਖੋਂ ਉਹਲੇ ਕਰਕੇ ਭਾਰਤ ਸਰਕਾਰ ਨੂੰ ਇਹ ਸਲਾਹ ਵੀ ਦਿੱਤੀ ਸੀ ਕਿ ਭਾਰਤ ਵਰਸ਼ ਵਿੱਚ ਵੱਸਣ ਵਾਲ਼ੀਆਂ ਸਾਰੀਆਂ ਕੌਮਾਂ 'ਤੇ ਇੱਕੋ ਜਿਹਾ ਹੀ ਸਿਵਲ ਕੋਡ ਅਰਥਾਤ ਹਿੰਦੂ ਕੋਡ ਬਿੱਲ ਸਖ਼ਤੀ ਨਾਲ਼ ਲਾਗੂ ਕੀਤਾ ਜਾਵੇ, ਭਾਵੇਂ ਕਿਸੇ ਕੌਮ ਦੀਆਂ ਵਿਸ਼ੇਸ਼ ਧਾਰਮਿਕ ਜਾਂ ਸੱਭਿਆਚਾਰਕ ਰਵਾਇਤਾਂ ਅਤੇ ਰੀਤਾਂ ਕੁਝ ਵੀ ਹੋਣ...।
ਆਰ.ਐੱਸ.ਐੱਸ. ਤੇ ਭਾਜਪਾ ਸਰਕਾਰ ਸਿੱਖ ਕੌਮ ਦੀ ਅੱਡਰੀ ਤੇ ਸੁਤੰਤਰ ਹਸਤੀ ਖ਼ਤਮ ਕਰਨ ਲਈ ਅਰੁਣ ਸ਼ੋਰੀ ਦੀਆਂ ਸਲਾਹਾਂ 'ਤੇ ਹੀ ਅਮਲ ਕਰਦੀ ਨਜ਼ਰ ਆ ਰਹੀ ਹੈ। ਅਰੁਣ ਸ਼ੋਰੀ ਨੂੰ ਸ: ਦਵਿੰਦਰ ਸਿੰਘ ਵੱਲੋਂ ਦਿੱਤੇ ਹੋਏ ਮੂੰਹ ਤੋੜਵੇਂ ਜੁਆਬੀ ਲੇਖਾਂ ਨੂੰ ਜਿਵੇਂ ਧਰਮ ਪ਼੍ਰਚਾਰ ਕਮੇਟੀ ਨੇ ਕਿਤਾਬਚੇ ਦੇ ਰੂਪ ਵਿੱਚ ਛਪਵਾ ਕੇ ਵੰਡਿਆ ਸੀ, ਪਰ ਅੱਜ ਸੰਤ ਜਰਨੈਲ ਸਿੰਘ ਭਿੰਡਰਾਂਵਾਲ਼ਾ ਜਿਸ ਨੇ ਸਟੇਟ ਨਾਲ਼ ਇਸ ਕਰਕੇ ਮੱਥਾ ਲਾਇਆ ਸੀ ਕਿ ਸਿੱਖ ਇੱਕ ਵੱਖਰੀ ਕੌਮ ਹੈ ਤੇ ਅਸੀਂ ਭਾਰਤ ਵਿੱਚ ਪਹਿਲੇ ਦਰਜੇ ਦੇ ਸ਼ਹਿਰੀ ਬਣ ਕੇ ਰਹਿਣਾ ਹੈ, ਗ਼ੁਲਾਮ ਬਣ ਕੇ ਨਹੀਂ ਰਹਿਣਾ, ਦੇ ਪ਼੍ਰਵਚਨਾਂ ਨੂੰ ਕਿਤਾਬਚਿਆਂ ਦੀ ਸ਼ਕਲ ਵਿੱਚ ਛਪਵਾ ਕੇ ਵੰਡਣ ਅਤੇ ਪ਼੍ਰਚਾਰਨ ਵੱਲੋਂ ਸੰਤ ਜਰਨੈਲ ਸਿੰਘ ਭਿੰਡਰਾਂਵਾਲ਼ੇ ਦੇ ਵਾਰਸ ਕਹਾਉਣ ਵਾਲ਼ੇ ਅਤੇ ਧਰਮ ਪ਼੍ਰਚਾਰ ਕਮੇਟੀ ਅੰਮ਼੍ਰਿਤਸਰ ਵਾਲ਼ੇ ਕੰਨੀਂ ਕਿਉਂ ਕਤਰਾ ਰਹੇ ਹਨ। ਇਸ ਉਕਤ ਸੁਆਲ ਦਾ ਜੁਆਬ ਲੱਭਣਾ ਸਮੇਂ ਦੀ ਮੁੱਖ ਲੋੜ ਹੈ। ਆਰ.ਐੱਸ.ਐੱਸ. ਤੇ ਰਾਸ਼ਟਰੀ ਸਿੱਖ ਸੰਗਤ ਦਾ ਵਿਰੋਧ ਕਰਨ ਲਈ ਕੇਵਲ ਬਿਆਨ ਦੇਣੇ ਹੀ ਕਾਫ਼ੀ ਨਹੀਂ ਹਨ, ਅਮਲੀ ਤੌਰ 'ਤੇ ਗੁਰੂ ਗ਼੍ਰੰਥ, ਗੁਰੂ ਖ਼ਾਲਸਾ ਪੰਥ ਦੇ ਸਿੱਖੀ ਸਿਧਾਂਤਾਂ ਦਾ ਪ਼੍ਰਚਾਰ ਕਰਨ ਵਾਸਤੇ ਸਿੱਖ ਸੰਸਥਾਵਾਂ ਨੂੰ ਸ਼ਿੱਦਤ ਨਾਲ਼ ਉਪਰਾਲੇ ਕਰਨੇ ਚਾਹੀਦੇ ਹਨ। 
  ਜਦੋਂ ਮੌਜੂਦਾ ਹਾਲਾਤਾਂ ਵਿੱਚ ਇਸ ਤੇ ਵਿਚਾਰ ਕਰਦੇ ਹਾਂ ਤਾਂ ਇਹ ਸਵਾਲ ਹੋਰ ਖੜ੍ਹਾ ਹੁੰਦਾ ਹੈ ਕਿ, ਕੀ ਘੱਟ-ਗਿਣਤੀਆਂ ਭਾਰਤ ਵਿੱਚ ਮਹਿਫੂਜ਼ ਹਨ? ਪਿਛਲੇ ਕੁਝ ਸਾਲਾਂ ਵਿੱਚ ਵਾਪਰੇ ਘਟਨਾਕ੍ਰਮ ਤੇ ਨਜ਼ਰ ਮਾਰੀਏ ਤਾਂ ਇਹ ਸਵਾਲ ਹੋਰ ਡੂੰਘਾ ਹੋ ਜਾਂਦਾ ਹੈ। ਭਾਵੇਂ ਮਣੀਪੁਰ ਵਾਲਾ ਘਟਨਾਕ੍ਰਮ ਹੋਵੇ, ਜਿਸ ਵਿੱਚ ਇੱਕ ਬੰਨੇ ਘੱਟ-ਗਿਣਤੀ ਈਸਾਈ ਭਾਈਚਾਰਾ ਤੇ ਦੂਜੇ ਬੰਨੇ ਬਹੁ-ਗਿਣਤੀ, ਜਾਂ ਫਿਰ ਹਰਿਆਣਾ ਦੇ ਨੂੰਹ ਵਿੱਚ ਮੁਸਲਮਾਨਾਂ ਦੇ ਖਿਲਾਫ ਕੀਤੀਆਂ ਕਾਰਵਾਈਆਂ, ਜਿਸ ਵਿੱਚ ਇੱਕ ਠਾਣੇ 'ਤੇ ਹਮਲਾ ਹੁੰਦਾ ਹੈ ਤੇ 2 ਪੁਲਿਸ ਕਰਮੀਆਂ ਨੂੰ ਜਾਨਾਂ ਗਵਾਉਣੀਆਂ ਪੈਂਦੀਆਂ ਹਨ, ਪਰ ਹਮਲਾ ਕਰਨ ਵਾਲੇ ਬਹੁ-ਗਿਣਤੀ ਨਾਲ ਸਬੰਧ ਰੱਖਦੇ ਸਨ, ਸ਼ਾਇਦ ਇਸੇ ਕਰਕੇ ਹੀ ਂਸ਼ਅ ਨਹੀਂ ਲੱਗੀ। ਪੰਜਾਬ ਵਿੱਚ ਅੰਮ੍ਰਿਤਸੰਚਾਰ ਦੀ ਲਹਿਰ ਅਤੇ ਨੌਜਵਾਨਾਂ ਵਿੱਚ ਆਪਣੀ ਕੌਮ, ਧਰਮ ਪ੍ਰਤੀ ਜਾਗਰੂਕ ਹੋਣ ਤੇ ਅਜਨਾਲੇ ਵਾਲੀ ਘਟਨਾ (ਜਿਸ ਵਿੱਚ ਸਿਰਫ ਠਾਣੇ ਤੇ ਅੰਦਰ ਜਬਰੀ ਜਾ ਕੇ ਪੁਲਿਸ ਕਰਮੀਆਂ ਨਾਲ ਗੱਲਬਾਤ ਕਰਨ) ਨੂੰ ਠਾਣੇ 'ਤੇ ਹਮਲਾ ਕਰਾਰ ਦੇ ਕੇ ਅਮ੍ਰਿਤਪਾਲ ਸਿੰਘ ਤੇ ਉਸ ਦੇ ਸਾਥੀਆਂ ਤੇ ਐਨ ਅੇਸ ਏ ਲਗਾ ਦਿੱਤੀ ਗਈ। ਹਾਈ ਕੋਰਟ ਦੇ ਸੀਨੀਅਰ ਵਕੀਲ ਸ. ਨਵਕਿਰਨ ਸਿੰਘ ਨੇ ਇਹ ਵੀ ਖੁਲਾਸਾ ਕੀਤਾ ਕਿ, ਖਾੜਕੂ ਲਹਿਰ ਦੇ ਸਮੇਂ ਦੌਰਾਨ ਐਨ ਅੇਸ ਏ ਵਰਗੇ ਕਾਨੂੰਨਾਂ 'ਤੇ ਸੁਣਵਾਈ 2 ਜਾਂ 3 ਮਹੀਨਿਆਂ ਦੇ ਅੰਦਰ ਹੋ ਜਾਂਦੀ ਸੀ, ਇਹ ਪਹਿਲੀ ਵਾਰ ਹੈ ਕਿ ਡਿਬਰੂਗੜ੍ਹ ਵਾਲੇ ਕੇਸਾਂ ਵਿੱਚ ਅਦਾਲਤ ਨੇ ਸਾਲ ਤੋਂ ਵੱਧ ਸਮੇਂ ਸੁਣਵਾਈ ਹੀ ਨਹੀਂ ਕੀਤੀ ਤੇ ਹੁਣ ਤੀਜੀ ਵਾਰ  ਅਮ੍ਰਿਤਪਾਲ ਸਿੰਘ 'ਤੇ ਐਨ ਐਸ ਏ ਦੁਬਾਰਾ ਲਗਾ ਦਿੱਤੀ ਗਈ। ਘਟਨਾਵਾਂ 'ਤੇ ਬਹੁਤ ਹਨ ਪਰ ਇਹ 3 ਘਟਨਾਵਾਂ ਤਿੰਨੋਂ ਹੀ ਵੱਖ-ਵੱਖ ਘੱਟ-ਗਿਣਤੀਆਂ ਨਾਲ ਸਬੰਧਤ ਹਨ, ਤਾਂ ਹੀ ਇਨ੍ਹਾਂ ਦਾ ਜ਼ਿਕਰ ਕੀਤਾ ਗਿਆ ਹੈ। 
ਅਜੋਕੇ ਸਮੇਂ ਵਿੱਚ ਪਹਿਲਗਾਮ ਘਟਨਾ ਨੇ ਸਾਰਿਆਂ ਨੂੰ ਝੰਜੋੜ ਕੇ ਰੱਖ ਦਿੱਤਾ, ਲੋਕਾਂ ਦਾ ਧਰਮ ਪੁੱਛ ਕੇ ਉਨ੍ਹਾਂ ਨੂੰ ਮਾਰਿਆ ਗਿਆ। ਜਿਹੜੀਆਂ ਸਰਕਾਰਾਂ ਨੇ ਧਾਰਾ 370 ਖਤਮ ਕਰਨ ਵੇਲੇ ਕਿਹਾ ਸੀ ਕਿ ਅੱਤਵਾਦ ਖਤਮ ਹੋ ਗਿਆ, ਉਹ ਇਥੇ ਫੇਲ ਹੋਈਆਂ ਨਜ਼ਰ ਆਈਆਂ। ਕੁਝ ਹਿੰਦੀ ਬੋਲਣ ਵਾਲੇ ਸੋਸ਼ਲ ਮੀਡੀਆ ਅਦਾਰਿਆਂ ਨੇ ਜਦੋਂ ਇਹ ਸਵਾਲ ਸਰਕਾਰ ਤੋਂ ਕੀਤਾ ਤਾਂ ਕਈਆਂ ਤੇ ਪਰਚੇ ਹੋਏ ਤੇ ਕਈਆਂ ਦੇ ਚੈਨਲ ਹੀ ਬੰਦ ਕਰ ਦਿੱਤੇ ਗਏ। ਕੀ ਇਹ ਲੋਕਤੰਤਰ ਦੇ ਤੀਜੇ ਥੰਮ ਤੇ ਹਮਲਾ ਨਹੀਂ? ਸਿੱਖਾਂ ਨੂੰ ਇਸ ਹਮਲੇ ਨੇ ਸੰਨ 2000 ਵਿੱਚ ਚਟੀਸਿੰਘਪੁਰਾ ਦੀ ਘਟਨਾ ਦੀਆਂ ਯਾਦਾਂ ਤਾਜ਼ੀਆਂ ਕਰਵਾ ਦਿੱਤੀਆਂ, ਜਿਸ ਵਿੱਚ 35 ਦੇ ਕਰੀਬ ਸਿੱਖਾਂ ਨੂੰ ਚੁਣ ਕੇ ਮਾਰਿਆ ਗਿਆ ਸੀ ਤੇ ਇਲਜ਼ਾਮ ਪਾਕਿਸਤਾਨ ਤੇ ਲਗਾਇਆ ਗਿਆ ਸੀ। ਪਰ ਬਾਅਦ ਚ ਇਸ ਵਿੱਚ ਵੱਡੇ ਖੁਲਾਸੇ ਹੋਏ ਕਿ ਇਹ ਕਾਰਵਾਈ ਖੁਫੀਆ ਏਜੰਸੀਆਂ ਦੀ ਸੀ, ਜਿਨ੍ਹਾਂ ਨੇ ਅਮਰੀਕੀ ਰਾਸ਼ਟਰਪਤੀ ਨੂੰ ਸਰਹੱਦ ਪਾਰ ਅੱਤਵਾਦ ਦੀ ਹਮਾਇਤ ਦਿਖਾਉਣ ਲਈ ਬੇਗੁਨਾਹ ਸਿੱਖਾਂ ਦੀਆਂ ਜਾਨਾਂ ਲਈਆਂ। ਅਮਰੀਕੀ ਰਾਸ਼ਟਰਪਤੀ ਬਿਲ ਕਲੰਿਟਨ ਨੇ ਆਪਣੀ ਕਿਤਾਬ 'ਚ ਜ਼ਿਕਰ ਕੀਤਾ ਸੀ ਕਿ ਜੇ ਉਹ ਭਾਰਤ ਨਾ ਜਾਂਦੇ ਤਾਂ ਇਹ ਸਿੱਖ ਜਿਉਂਦੇ ਹੁੰਦੇ। 
ਇਹ ਵਿਸ਼ਾ ਆਪਣੇ ਆਪ 'ਚ ਵਧੇਰੇ ਖੋਜ ਮੰਗਦਾ ਹੈ, ਹਰ ਕੌਮ ਦੇ ਬੁੱਧੀਜੀਵੀਆਂ ਤੇ ਪੱਤਰਕਾਰਾਂ ਨੂੰ ਹੋਰ ਘੋਖਣ ਦੀ ਲੋੜ ਹੈ। 
ਜਥੇਦਾਰ ਮਹਿੰਦਰ ਸਿੰਘ ਖਹਿਰਾ